ਬਠਿੰਡਾ ਵਿੱਚ ਮੋਦੀ ਨੇ ਰਾਹੁਲ 'ਤੇ ਹਮਲਾ ਕਰਦਿਆਂ ਕਿਹਾ, 'ਨਾਮਦਾਰ ਦੇ ਪਰਿਵਾਰ 'ਚ ਹੁੰਦੀ ਚਰਚਾ ਉਨ੍ਹਾਂ ਦੇ ਗੁਰੂ ਨੇ ਜ਼ਾਹਿਰ ਕਰ ਦਿੱਤੀ'

    • ਲੇਖਕ, ਸੁਰਿੰਦਰ ਮਾਨ
    • ਰੋਲ, ਬਠਿੰਡਾ ਤੋਂ ਬੀਬੀਸੀ ਪੰਜਾਬੀ ਲਈ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਬਠਿੰਡਾ ਦੌਰੇ ਦੌਰਾਨ 1984 ਸਿੱਖ ਕਤਲਿਆਮ ਦਾ 'ਪੱਤਾ' ਖੇਡਦਿਆਂ ਕਿਹਾ ਕਿ ਇਹ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਹੈ, ਜਿਸ ਨੇ ਦੰਗਿਆਂ ਦੇ ਦੋਸ਼ੀਆਂ ਨੂੰ ਸਜ਼ਾ-ਏ-ਮੌਤ ਤੇ ਉਮਰ ਕੈਦ ਦੀ ਸਜ਼ਾ ਦਿਵਾਈ ਹੈ।

ਮੌਸਮ ਦੀ ਖ਼ਰਾਬੀ ਕਾਰਨ ਪ੍ਰਧਾਨ ਮੰਤਰੀ ਸਿਰਫ਼ 21 ਮਿੰਟ ਹੀ ਮੰਚ ਤੋਂ ਇਕੱਤਰ ਹੋਏ ਲੋਕਾਂ ਨੂੰ ਸੰਬੋਧਨ ਕਰ ਸਕੇ।

ਤੇਜ਼ ਹਨੇਰੀ ਤੇ ਮੀਂਹ ਕਾਰਨ ਦੁਪਹਿਰ ਤੋਂ ਉਡੀਕ ਰਹੇ ਅਕਾਲੀ-ਭਾਜਪਾ ਵਰਕਰਾਂ 'ਚ ਹਲਚਲ ਪੈਦਾ ਹੋ ਗਈ।

ਇਸ ਸਥਿਤੀ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੇ ਆਪਣਾ ਭਾਸ਼ਣ ਜਲਦੀ ਨਿਬੇੜਣ ਦਾ ਯਤਨ ਕੀਤਾ।

ਪ੍ਰਧਾਨ ਮੰਤਰੀ ਨੇ ਕਿਹਾ, "ਮੈਂ ਦੇਖਿਆ ਕਿ ਨਾਮਦਾਰ ਨੇ ਆਪਣੇ ਗੁਰੂ ਨੂੰ ਕਿਹਾ ਉਨ੍ਹਾਂ ਨੂੰ ਆਪਣੀ ਕਹੀ ਗੱਲ 'ਤੇ ਸ਼ਰਮ ਆਉਣੀ ਚਾਹੀਦੀ ਹੈ।"

"ਮੈਂ ਨਾਮਦਾਰ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਗੁਰੂ ਨੂੰ ਝਿੜਕਣ ਦਾ ਨਾਟਕ ਕਿਉਂ ਕਰ ਰਹੇ ਹੋ? ਕਿਉਂਕਿ ਉਨ੍ਹਾਂ ਨੇ ਉਹ ਜ਼ਾਹਿਰ ਕੀਤਾ ਜੋ ਕਾਂਗਰਸ ਦੇ ਦਿਲ ਵਿੱਚ ਅਤੇ ਨਾਮਦਾਰ ਦੇ ਪਰਿਵਾਰ ਦੀ ਚਰਚਾ 'ਚ ਸ਼ੁਰੂ ਤੋਂ ਸੀ? ਕਿਉਂਕਿ ਉਨ੍ਹਾਂ ਨੇ ਪਰਿਵਾਰਕ ਰਹੱਸ ਨੂੰ ਜਗ-ਜ਼ਾਹਿਰ ਕੀਤਾ? ਅਰੇ, ਨਾਮਦਾਰ, ਸ਼ਰਮ ਤਾਂ ਤੁਹਾਨੂੰ ਆਉਣੀ ਚਾਹੀਦੀ ਹੈ।"

ਇਹ ਵੀ ਪੜ੍ਹੋ-

ਬਠਿੰਡਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਦੀ ਉਮੀਦਵਾਰ ਕੇਂਦਰੀ ਮੰਤਰੀ ਹਰਸਿਮਰਤ ਕੌਰ ਚੋਣ ਮੈਦਾਨ 'ਚ ਹਨ।

ਉਨਾਂ ਕਿਹਾ ਕਿ ਕਾਂਗਰਸ ਪਾਰਟੀ ਦੀ ਦੇਸ ਨੂੰ ਕੋਈ ਦੇਣ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਅੱਜ ਦੇਸ ਦੇ ਸਿਆਸੀ ਨਕਸ਼ੇ ਤੋਂ ਕਾਂਗਰਸ ਮਨਫ਼ੀ ਹੋ ਗਈ ਹੈ।

ਇਸ ਚੋਣ ਰੈਲੀ ਦੌਰਾਨ ਇਕੱਲੇ ਮੋਦੀ ਹੀ ਨਹੀਂ ਸਗੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹਰਸਿਮਰਤ ਕੌਰ ਬਾਦਲ ਨੇ ਵੀ 1984 'ਚ ਅੰਮ੍ਰਿਤਸਰ ਦੇ ਬਲੂ ਸਟਾਰ ਆਪ੍ਰੇਸ਼ਨ ਦਾ ਜ਼ਿਕਰ ਕਰਦੇ ਹੋਏ ਕੁੱਲ ਹਿੰਦ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਿਰੁੱਧ ਵੱਡੇ ਸਿਆਸੀ ਹਮਲੇ ਕੀਤੇ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਾਰੀਫ਼ ਕਰਦਿਆਂ ਮੋਦੀ ਨੇ ਆਖਿਆ ਕਿ ਉਨ੍ਹਾਂ ਨੇ ਉਨ੍ਹਾਂ ਕੋਲੋਂ ਬਹੁਤ ਕੁੱਝ ਸਿੱਖਿਆ ਹੈ।

ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਘੇਰਿਆ।

ਆਪਣੇ ਭਾਸ਼ਣ ਦੌਰਾਨ ਨਰਿੰਦਰ ਮੋਦੀ ਨੇ ਕਿਹਾ, "ਕਾਂਗਰਸ ਪਾਰਟੀ ਵਿਧਾਨ ਸਭਾ ਚੋਣਾਂ ਦੌਰਾਨ ਕਈ ਤਰ੍ਹਾਂ ਦੇ ਵਾਅਦੇ ਕਰਕੇ ਗੱਦੀ-ਨਸ਼ੀਨ ਹੋਈ ਪਰ ਇਹ ਵਾਅਦੇ ਵਫ਼ਾ ਨਹੀਂ ਹੋਏ ਹਨ। ਸਰਕਾਰ ਦੀ ਕਰਜ਼ਾ ਮੁਆਫ਼ੀ ਸਕੀਮ ਕਿਸਾਨਾਂ ਨਾਲ ਇੱਕ ਵੱਡਾ ਧੋਖਾ ਹੈ, ਜਿਸ ਬਾਰੇ ਸਥਾਨਕ ਕਿਸਾਨ ਚੰਗੀ ਤਰ੍ਹਾਂ ਨਾਲ ਜਾਣੂ ਹਨ।"

ਜਿੱਥੇ ਹਰਸਿਮਰਤ ਕੌਰ ਬਾਦਲ ਨੇ ਪ੍ਰਿਅੰਕਾ ਗਾਂਧੀ ਵੱਲੋਂ ਪੰਜਾਬ 'ਚ ਕਾਂਗਰਸੀ ਉਮੀਦਵਾਰਾਂ ਦੇ ਹੱਕ 'ਚ ਕੀਤੀਆਂ ਜਾਣ ਵਾਲੀਆਂ ਚੋਣ ਰੈਲੀਆਂ 'ਤੇ ਨਾਰਾਜ਼ਗੀ ਪ੍ਰਗਟ ਕੀਤੀ।

ਇਹ ਵੀ ਪੜ੍ਹੋ

ਇਸ ਦੇ ਨਾਲ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ 15 ਮਈ ਨੂੰ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਬਰਗਾੜੀ ਵਿਖੇ ਕੀਤੀ ਜਾਣ ਵਾਲੀ ਚੋਣ ਰੈਲੀ 'ਤੇ ਰੱਜ ਕੇ ਤੰਜ ਕਸਿਆ।

ਸੁਖਬੀਰ ਸਿੰਘ ਬਾਦਲ ਨੇ ਕਿਹਾ, "ਜਿਹੜੀ ਕਾਂਗਰਸ ਪਾਰਟੀ ਨੇ 1984 'ਚ ਦਰਬਾਰ ਸਾਹਿਬ 'ਤੇ ਹਮਲਾ ਕਰਕੇ ਸਿੱਖ ਸਿਧਾਂਤਾਂ ਨੂੰ ਕੁਚਲਿਆ ਹੋਵੇ ਤੇ ਫਿਰ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ੍ਹ ਕੇ ਚਾਰ ਹਫ਼ਤਿਆਂ 'ਚ ਨਸ਼ਾ ਮੁਕਤ ਪੰਜਾਬ ਬਨਾਉਣ ਦੀ ਝੂਠੀ ਸਹੁੰ ਖਾਧੀ ਹੋਵੇ, ਉਹ ਪਾਰਟੀ ਕਿਵੇਂ ਸਿੱਖ ਹਿਤੈਸ਼ੀ ਹੋ ਸਕਦੀ ਹੈ।"

ਉਹ ਕਹਿੰਦੇ ਹਨ ਕਿ ਕਾਂਗਰਸ ਪਾਰਟੀ ਦੇ ਰਾਜ ਦੌਰਾਨ 80 ਥਾਵਾਂ 'ਤੇ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ।

ਸਰਬੱਤ ਖਾਲਸਾ ਵੱਲੋਂ ਥਾਪੇ ਗਏ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਦੀ ਨੁਕਤਾਚੀਨੀ ਕਰਦਿਆਂ ਕਿਹਾ, "ਅੱਜ ਮੰਡ 'ਤੇ ਬਰਗਾੜੀ ਮੋਰਚਾ ਲਾਉਣ ਵਾਲੇ ਲੋਕ ਕਿੱਥੇ ਹਨ। ਇਸ ਦਾ ਕਾਰਨ ਇਹ ਹੈ ਕਿ ਬਰਗਾੜੀ ਮੋਰਚੇ ਵਾਲੇ ਅਸਲ ਵਿੱਚ ਕਾਂਗਰਸ ਦੇ ਹੀ ਏਜੰਟ ਹਨ।"

ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ 'ਚ ਕਿਹਾ, "ਦਿੱਲੀ ਦੰਗਿਆਂ ਦੇ ਪੀੜਤਾਂ ਨੂੰ ਮਿਲਣ ਲਈ ਰਾਹੁਲ ਗਾਂਧੀ ਕੋਲ ਕੋਈ ਸਮਾਂ ਨਹੀਂ ਸੀ ਪਰ ਅੱਜ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਲਈ ਉਨ੍ਹਾਂ ਕੋਲ ਸਮਾਂ ਕਿੱਥੋਂ ਆ ਗਿਆ?"

ਹਾਲ ਹੀ ਵਿੱਚ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ ਨੇ ਪ੍ਰਧਾਨ ਮੰਤਰੀ ਦੀ ਇਸ ਰੈਲੀ ਵਿੱਚ ਕਾਂਗਰਸ ਦੇ ਸਿਖ਼ਰ ਦੇ ਨੇਤਾਵਾਂ ਤੋਂ ਲੈ ਕੇ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਜ਼ੋਰਦਾਰ ਤਕਰੀਰ ਕੀਤੀ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)