ਅਕਾਲੀਆਂ, ਕਾਂਗਰਸੀਆਂ ਨੇ ਜੇ ਤੁਹਾਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਲੈ ਲਿਓ ਤੇ ਵੋਟ ਆਪ ਨੂੰ ਪਾਇਓ - ਕੇਜਰੀਵਾਲ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਸੰਗਰੂਰ ਤੋਂ ਬੀਬੀਸੀ ਪੰਜਾਬੀ ਲਈ

"ਭਗਵੰਤ ਮਾਨ ਨੂੰ ਪਿਛਲੀ ਵਾਰ ਨਾਲੋਂ ਵੀ ਵੱਧ ਵੋਟਾਂ ਨਾਲ ਜਿਤਾਓ। ਅਕਾਲੀਆਂ, ਕਾਂਗਰਸੀਆਂ ਨੇ ਜੇ ਤੁਹਾਨੂੰ ਪੈਸੇ ਦੇਣ ਦੀ ਕੋਸ਼ਿਸ਼ ਕੀਤੀ ਤਾਂ ਲੈ ਲਿਓ, ਪਰ ਵੋਟ ਆਮ ਆਦਮੀ ਪਾਰਟੀ ਨੂੰ ਹੀ ਪਾਇਓ।"

ਇਨ੍ਹਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਪਣੇ ਪੰਜਾਬ ਦੇ ਪੰਜ ਰੋਜ਼ਾ ਦੌਰੇ 'ਤੇ ਦੌਰਾਨ ਹਲਕਾ ਸੰਗਰੂਰ ਵਿੱਚ ਕੀਤਾ।

ਲੋਕ ਸਭਾ ਹਲਕਾ ਸੰਗਰੂਰ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦਾ ਹਲਕਾ ਹੈ।

ਸੰਗਰੂਰ ਦੇ ਖਨੌਰੀ ਤੋਂ ਅਰਵਿੰਦ ਕੇਜਰੀਵਾਲ ਨੇ ਮਾਰਚ ਦੇ ਰੂਪ ਵਿੱਚ ਆਪਣਾ ਦੌਰਾ ਸ਼ੁਰੂ ਕੀਤਾ।

ਹਾਲਾਂਕਿ, ਇਸ ਦੌਰਾਨ ਕੁਝ ਨੌਜਵਾਨਾਂ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ।

ਪਿੰਡਾਂ ਸ਼ਹਿਰਾਂ ਦੀਆਂ ਸਾਂਝੀਆਂ ਥਾਵਾਂ ਉੱਤੇ ਕਾਫ਼ਲਾ ਇੱਕ ਦੋ ਮਿੰਟ ਲਈ ਰੁਕਦਾ ਰਿਹਾ।

ਮੂਨਕ-ਲਹਿਰਾ ਰੋਡ ਉੱਤੇ ਪਿੰਡ ਲੇਹਲ ਕਲਾਂ ਵਿੱਚ ਕੇਜਰੀਵਾਲ ਨੇ ਇਹ ਵੀ ਪੁੱਛਿਆ, "ਇੱਥੇ ਸਾਰੇ ਝਾੜੂ ਵਾਲੇ ਹੀ ਹਨ, ਕੋਈ ਅਕਾਲੀ ਦਲ ਜਾਂ ਕਾਂਗਰਸ ਵਾਲਾ ਤਾਂ ਨਹੀਂ ਹੈ।"

ਇਹ ਵੀ ਪੜ੍ਹੋ-

ਅਰਵਿੰਦ ਕੇਜਰੀਵਾਲ ਦੇ ਮਾਰਚ ਦੀ ਉਡੀਕ ਵਿੱਚ ਲਗਭਗ ਹਰ ਪਿੰਡ ਸ਼ਹਿਰ ਵਿੱਚ ਲੋਕ ਘੱਟ ਜਾਂ ਵੱਧ ਇਕੱਠੇ ਹੋਏ ਹੋਏ ਸਨ।

ਇਨ੍ਹਾਂ ਵਿੱਚੋਂ ਜ਼ਿਆਦਾ ਗਿਣਤੀ ਨੌਜਵਾਨਾਂ ਦੀ ਸੀ ਪਰ ਇਕੱਠ ਅਤੇ ਜੋਸ਼ ਪਿਛਲੀ ਲੋਕ ਸਭਾ ਚੋਣਾਂ ਸਮੇਂ ਦੀ ਅਰਵਿੰਦ ਕੇਜਰੀਵਾਲ ਦੀ ਫੇਰੀ ਜਿਹਾ ਨਹੀਂ ਸੀ।

ਮੂਨਕ ਤੋਂ ਲਹਿਰਾ ਜਾਂਦਿਆਂ ਲੋਕ ਕਾਫ਼ਲੇ ਨਾਲ ਜੁੜਦੇ ਰਹੇ ਪਰ ਕਾਫ਼ਲੇ ਦੀ ਲੰਬਾਈ ਪਹਿਲਾਂ ਜਿੰਨੀ ਹੀ ਰਹੀ।

ਲਹਿਰਾ ਤੋਂ ਸੁਨਾਮ ਨੂੰ ਜਾਂਦਿਆਂ ਇਕੱਠ ਕਿਤੇ ਵਧ ਜਾਂਦਾ ਰਿਹਾ ਅਤੇ ਕਿਤੇ ਘਟਦਾ ਰਿਹਾ।

ਸੁਨਾਮ ਵਿਖੇ ਭਾਗ ਸਿੰਘ ਨਾਂ ਦੇ ਇੱਕ ਵਿਅਕਤੀ ਨੇ ਗੱਲ ਕਰਦਿਆਂ ਕਿਹਾ, "ਵਰਕਰਾਂ ਵਿੱਚ ਉਤਸ਼ਾਹ ਬਹੁਤ ਹੈ ਪਰ ਪਿਛਲੀਆਂ ਚੋਣਾਂ ਵਰਗਾ ਕਾਫ਼ਲਾ ਨਹੀਂ ਹੈ। ਪਿਛਲੀ ਵਾਰ ਜਦੋਂ ਕੇਜਰੀਵਾਲ ਆਇਆ ਸੀ ਮੈਂ ਉਹ ਕਾਫ਼ਲਾ ਵੀ ਦੇਖਿਆ ਹੈ। ਦੂਰ ਤੱਕ ਬੰਦਾ ਨਹੀਂ ਸੀ ਦਿਸਦਾ।"

ਸੁਨਾਮ ਵਿੱਚ ਵੀ 30 ਦੇ ਕਰੀਬ ਲੋਕ ਕਾਲੀਆਂ ਝੰਡੀਆਂ ਲੈ ਕੇ ਅਰਵਿੰਦ ਕੇਜਰੀਵਾਲ ਦਾ ਵਿਰੋਧ ਕਰ ਰਹੇ ਸਨ।

ਇਨ੍ਹਾਂ ਵਿੱਚ ਜ਼ਿਆਦਾ ਗਿਣਤੀ ਔਰਤਾਂ ਦੀ ਸੀ। ਸੱਤ ਅੱਠ ਮਰਦ ਵੀ ਸਨ।

ਔਰਤਾਂ, ਮਰਦਾਂ ਦੇ ਮਗਰ ਹੀ ਕੇਜਰੀਵਾਲ ਅਤੇ 'ਭਗਵੰਤ ਮਾਨ ਮੁਰਦਾਬਾਦ' ਦੇ ਨਾਅਰੇ ਮਾਰ ਰਹੀਆਂ ਸਨ।

ਇਕੱਠ ਵਿੱਚ ਮੌਜੂਦ ਰਾਜੂ ਨਾਂ ਦੇ ਇੱਕ ਵਿਅਕਤੀ ਦਾ ਕਹਿਣਾ ਸੀ, "ਅਸੀਂ ਪਿਛਲੀ ਵਾਰ ਆਮ ਆਦਮੀ ਪਾਰਟੀ ਨੂੰ ਹੀ ਵੋਟਾਂ ਪਾਈਆਂ ਸਨ। ਭਗਵੰਤ ਮਾਨ ਨੇ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ ਵਿੱਚੋਂ ਕੋਈ ਪੂਰਾ ਤਾਂ ਕੀ ਕਰਨਾ ਸੀ ਸਗੋਂ ਸਾਨੂੰ ਮਿਲਣ ਵੀ ਨਹੀਂ ਆਇਆ।"

ਇੱਕ ਹੋਰ ਵਿਅਕਤੀ ਗੁਬਿੰਦਰ ਸਿੰਘ ਨੇ ਕਿਹਾ, "ਮੈਂ ਧੂਰੀ ਹਲਕੇ ਤੋਂ ਆਇਆ ਹਾਂ। ਸਾਰੇ ਰਸਤੇ ਦੇਖਦਾ ਆਇਆ ਹਾਂ। ਮੈਂ ਇਨ੍ਹਾਂ ਨੂੰ ਪੁੱਛਣਾਂ ਚਾਹੁੰਦਾ ਹਾਂ ਕਿ ਸ਼ਹੀਦਾਂ ਦੇ ਨਾਂ ਉੱਤੇ ਇਨ੍ਹਾਂ ਨੇ ਵੋਟਾਂ ਲਈਆਂ ਲੋਕਾਂ ਤੋਂ, ਪਰ 25 ਕਰੋੜ ਦੀ ਗਰਾਂਟ ਵਿੱਚੋਂ ਊਧਮ ਸਿੰਘ ਦੇ ਸ਼ਹਿਰ ਸੁਨਾਮ ਲਈ ਕੀ ਦਿੱਤਾ।"

ਇਹ ਵੀ ਪੜ੍ਹੋ-

"ਇਹ ਪਹਿਲਾਂ ਵੀ ਸ਼ਹੀਦਾਂ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ, ਹੁਣ ਵੀ ਲੈ ਜਾਣਗੇ। ਜਦੋਂ ਵੀ ਕੰਮ ਲਈ ਜਾਂਦੇ ਹਾਂ ਤਾਂ ਅੱਗੋਂ ਕਹਿੰਦੇ ਹਨ ਕਿ ਸਾਡੀ ਕੇਂਦਰ ਵਿੱਚ ਸਰਕਾਰ ਨਹੀਂ ਹੈ। ਮੇਰਾ ਸਵਾਲ ਹੈ ਕਿ ਸਰਕਾਰ ਤਾਂ ਹੁਣ ਵੀ ਸੈਂਟਰ ਵਿੱਚ ਨਹੀਂ ਬਣਨੀ ਫਿਰ ਲੋਕ ਸਭਾ ਚੋਣਾਂ ਕਿਉਂ ਲੜ ਰਹੇ ਹਨ। ਮੇਰਾ ਇਨ੍ਹਾਂ ਨੂੰ ਇੱਕ ਸਵਾਲ ਇਹ ਵੀ ਹੈ ਕਿ ਕੀ ਪੰਜਾਬ ਦੇ ਪਾਣੀਆਂ ਉੱਤੇ ਪੰਜਾਬ ਦਾ ਕੋਈ ਹੱਕ ਨਹੀਂ ਹੈ।"

ਸੁਨਾਮ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕੇਜਰੀਵਾਲ ਨੇ ਕਿਹਾ, "ਲੋਕਾਂ ਵਿੱਚ ਬਹੁਤ ਉਤਸ਼ਾਹ ਹੈ। ਭਗਵੰਤ ਮਾਨ ਪਹਿਲਾਂ ਤੋਂ ਵੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਬਾਕੀ ਸੀਟਾਂ ਉੱਤੇ ਵੀ ਆਮ ਆਦਮੀ ਪਾਰਟੀ ਚੰਗਾ ਕਰੇਗੀ।"

ਇਸ ਮੌਕੇ ਉਨ੍ਹਾਂ ਕਾਂਗਰਸੀ ਆਗੂ ਸੈਮ ਪਿਤਰੋਦਾ ਵੱਲੋਂ 84 ਦੰਗਿਆਂ ਲਈ ਦਿੱਤੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਸੈਮ ਨੇ ਜੋ ਕਿਹਾ ਗ਼ਲਤ ਕਿਹਾ ਹੈ।

ਸੁਨਾਮ ਤੋਂ ਬਰਨਾਲਾ ਜਾਂਦਿਆਂ ਬਡਬਰ ਕੋਲ ਵੱਡੀ ਗਿਣਤੀ ਵਿੱਚ 'ਆਪ' ਸਮਰਥਕ ਕੇਜਰੀਵਾਲ ਨੂੰ ਉਡੀਕ ਰਹੇ ਸਨ।

ਬਡਬਰ ਬਰਨਾਲਾ ਜ਼ਿਲ੍ਹੇ ਵਿੱਚ ਹੈ। ਮੀਂਹ ਅਤੇ ਹਨੇਰੀ ਇਸ ਇਲਾਕੇ ਵਿੱਚ ਇਸ ਸਮੇਂ ਪੂਰੀ ਤੇਜ਼ ਸੀ।

ਇਹ ਇਕੱਠ ਸੰਗਰੂਰ ਦੇ ਪਿੰਡਾਂ ਨਾਲੋਂ ਜ਼ਿਆਦਾ ਸੀ, ਸ਼ਾਇਦ ਕਈ ਪਿੰਡਾਂ ਦੇ ਲੋਕ ਸਨ।

ਕੇਜਰੀਵਾਲ ਦਾ ਕਾਫ਼ਲਾ ਸ਼ਾਮ 7:45 ਉੱਤੇ ਧਨੌਲਾ ਹੁੰਦਾ ਹੋਇਆ ਬਰਨਾਲਾ ਲਈ ਚੱਲ ਪਿਆ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)