ਸਿੱਖਿਆ ਸਿਰਫ਼ ਰੱਟਾ ਬਣ ਕੇ ਰਹਿ ਗਈ ਹੈ - ਨਜ਼ਰੀਆ

    • ਲੇਖਕ, ਕੁਲਦੀਪ ਪੁਰੀ
    • ਰੋਲ, ਬੀਬੀਸੀ ਪੰਜਾਬੀ ਲਈ

ਸਿੱਖਿਆ ਜੀਵਨ ਨਾਲ ਜੁੜੀ ਹੁੰਦੀ ਹੈ ਅਤੇ ਵਿਦਿਅਰਥੀਆਂ ਨੂੰ ਜੀਵਨ ਵਿੱਚ ਪੇਸ਼ ਹੋਣ ਵਾਲੇ ਸੰਘਰਸ਼ਾਂ ਦਾ ਮੁਕਾਬਲਾ ਕਰਨ ਲਈ ਤਿਆਰ ਕਰਦੀ ਹੈ ਤਾਂ ਜੋ ਉਹ ਆਪਣੀ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਅਤੇ ਖ਼ੂਬਸੂਰਤ ਬਣਾਉਣ ਵਿੱਚ ਹਿੱਸਾ ਪਾਉਣ ਦੇ ਕਾਬਿਲ ਹੋ ਸਕਣ।

ਗੁਣਵਾਨ ਸਿੱਖਿਆ ਪ੍ਰਕਿਰਿਆ ਬੱਚਿਆਂ ਵਿੱਚ ਕੁਦਰਤੀ ਵਰਤਾਰਿਆਂ ਅਤੇ ਸਮਾਜਿਕ ਯਥਾਰਥ ਬਾਰੇ ਸਮਝ ਪੈਦਾ ਕਰਦੀ ਹੈ।

ਇਹ ਵੱਖ-ਵੱਖ ਵਿਸ਼ਿਆਂ ਨਾਲ ਸੰਬਧਿਤ ਗਿਆਨ ਗ੍ਰਹਿਣ ਕਰਨ ਦੇ ਮੌਕੇ ਮੁਹੱਈਆ ਕਰਾਉਂਦੀ ਹੈ ਅਤੇ ਨਾਲ-ਨਾਲ ਉਨ੍ਹਾ ਵਿੱਚ ਵਿਭਿੰਨ ਮਸਲਿਆਂ ਅਤੇ ਸਥਿਤੀਆਂ ਬਾਰੇ ਤਰਕ ਦੇ ਸਹਾਰੇ ਨਿਰਪੱਖਤਾ ਨਾਲ ਸੋਚਣ ਦੀ ਤਾਕਤ ਵੀ ਪੈਦਾ ਕਰਦੀ ਹੈ।

ਉਂਜ ਪ੍ਰੀਖਿਆ ਤੰਤਰ ਸਾਡੀ ਸਿੱਖਿਆ ਪ੍ਰਣਾਲੀ ਨਾਲ ਜੁੜੇ ਹੋਏ ਹਰ ਫੈ਼ਸਲੇ ਉੱਪਰ ਹਮੇਸ਼ਾ ਹੀ ਅਸਰ-ਅੰਦਾਜ਼ ਤਾਂ ਰਿਹਾ ਹੈ ਪਰ ਪਿਛਲੇ ਕੁਝ ਦਹਾਕਿਆਂ ਤੋਂ ਪੜ੍ਹਾਈ ਅਤੇ ਪ੍ਰੀਖਿਆ ਦੇ ਆਪਸੀ ਰਿਸ਼ਤੇ ਦਾ ਸਰੂਪ ਅਤੇ ਮਿਜ਼ਾਜ ਬਦਲ ਗਿਆ ਹੈ।

ਇਹ ਵੀ ਪੜ੍ਹੋ-

ਸਿੱਖਿਆ ਪ੍ਰਕਿਰਿਆ ਵਿੱਚ ਲਗਾਤਾਰ ਮੁਲਾਂਕਣ ਦਾ ਮੰਤਵ ਪੜ੍ਹਾਈ ਵਿੱਚ ਵਿਦਿਆਰਥੀ ਦੇ ਮਜ਼ਬੂਤ ਅਤੇ ਕਮਜ਼ੋਰ ਪੱਖਾਂ ਦੀ ਨਿਸ਼ਾਨਦੇਹੀ ਕਰਨਾ ਹੁੰਦਾ ਹੈ ਤਾਂ ਜੋ ਕਮਜ਼ੋਰ ਕੋਨਿਆਂ ਨੂੰ ਤਕੜੇ ਕਰਨ ਲਈ ਵਧੇਰੇ ਧਿਆਨ ਦਿੱਤਾ ਜਾ ਸਕੇ।

ਸਾਲ ਦੇ ਅੰਤ ਵਿੱਚ ਲਈ ਗਈ ਪ੍ਰੀਖਿਆ ਅਗਲੀ ਜਮਾਤ ਵਿੱਚ ਪ੍ਰਵੇਸ਼ ਦਾ ਅਧਾਰ ਬਣਦੀ ਹੈ। ਸਕੂਲ ਸਿੱਖਿਆ ਪੂਰਨ ਹੋਣ ਤੋ ਬਾਅਦ ਉਚੇਰੀ ਸਿੱਖਿਆ ਲਈ ਕਾਲਜਾਂ ਵਿੱਚ ਦਾਖ਼ਲੇ ਦਾ ਅਧਾਰ ਸੀਬੀਐੱਸਸੀ, ਆਈਸੀਐਸਸੀ ਅਤੇ ਸੂਬਿਆਂ ਦੇ ਪ੍ਰੀਖਿਆ ਬੋਰਡਾਂ ਵੱਲੋਂ ਲਈ ਗਈ ਪ੍ਰੀਖਿਆ ਹੁੰਦੀ ਹੈ।

ਸਿੱਖਿਆ ਦੇ ਬੁਨਿਆਦੀ ਅਮਲ ਪ੍ਰਤੀ ਸਮਝ ਧੁੰਦਲੀ

ਇਸ ਤੋਂ ਇਲਾਵਾ ਮੈਡੀਕਲ, ਇੰਜੀਨੀਅਰਿੰਗ ਅਤੇ ਹੋਰ ਪ੍ਰੋਫ਼ੇਸ਼ਨਲ ਕੋਰਸਾਂ ਵਿੱਚ ਦਾਖ਼ਲਾ ਲੈਣ ਲਈ ਵਿਦਿਅਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਤੋਂ ਇਲਾਵਾ ਕਈ ਦਾਖ਼ਲਾ ਇਮਤਿਹਾਨਾਂ ਵਿੱਚ ਵੀ ਬੈਠਣਾ ਪੈਂਦਾ ਹੈ।

ਨਤੀਜਿਆਂ ਦੇ ਐਲਾਨ ਵਾਲੇ ਦਿਨ ਸੌ ਫੀਸਦ ਜਾਂ ਉਸ ਦੇ ਨੇੜੇ-ਤੇੜੇ ਅੰਕ ਪ੍ਰਾਪਤ ਕਰਨ ਵਾਲੇ ਚਕਾਚੌੰਧ ਕਰ ਦੇਣ ਵਾਲੇ ਮੰਜ਼ਰ ਤੱਕ ਪੁੱਜਣ ਦੀ ਲਾਲਸਾ ਨੇ ਸਿੱਖਿਆ ਦੇ ਬੁਨਿਆਦੀ ਅਮਲ ਪ੍ਰਤੀ ਸਮਝ ਨੂੰ ਧੁੰਦਲਾ ਬਣਾ ਦਿੱਤਾ ਹੈ।

ਅੰਕ ਗਿਆਨ ਅਤੇ ਵਿਗਿਆਨ ਦੇ ਵਿਸ਼ਿਆਂ ਵਿੱਚ ਤਾਂ ਸੌ ਫੀਸਦ ਅੰਕ ਪ੍ਰਾਪਤ ਕਰ ਲੈਣ ਦੀਆਂ ਸੰਭਾਵਨਾਵਾਂ ਮੌਜੂਦ ਰਹਿੰਦੀਆਂ ਹਨ ਪਰ ਇਹ ਤੱਥ ਹੈਰਾਨ ਕਰਦਾ ਹੈ ਕਿ ਸਮਾਜ-ਵਿਗਿਆਨ ਅਤੇ ਭਾਸ਼ਾਵਾਂ ਨਾਲ ਜੁੜੇ ਵਿਸ਼ਿਆਂ ਵਿੱਚ ਪੂਰੇ ਵਿੱਚੋਂ ਪੂਰੇ ਅੰਕ ਹਾਸਿਲ ਕਰ ਲੈਣੇ ਕਿਵੇਂ ਸੰਭਵ ਹੋ ਜਾਂਦੇ ਹਨ ਜਾਂ ਕਰ ਦਿੱਤੇ ਜਾਂਦੇ ਹਨ?

ਇਸ ਸਵਾਲ ਦਾ ਜਵਾਬ ਸਕੂਲ ਵਿੱਚ ਜਮਾਤਾਂ ਦੇ ਕਮਰਿਆਂ ਵਿੱਚ ਚਲਾਈ ਜਾ ਰਹੀ ਸਮੁੱਚੀ ਸਿੱਖਿਆ ਪ੍ਰਕਿਰਿਆ ਅਤੇ ਪ੍ਰੀਖਿਆ ਵਿੱਚ ਵਰਤੇ ਜਾਂਦੇ ਪ੍ਰਸ਼ਨ ਪੱਤਰਾਂ ਦੀ ਪ੍ਰਕਿਰਤੀ ਵਿੱਚੋਂ ਲੱਭਣਾ ਪਵੇਗਾ।

ਵਿਦਿਅਕ ਸੰਸਥਾਵਾਂ ਦੇ ਸਾਰੇ ਕਾਰਜਾਂ ਦਾ ਰੁਖ਼ ਵਿਦਿਆਰਥੀਆਂ ਨੂੰ ਇਮਤਿਹਾਨ ਵਿੱਚ ਚੰਗੇ ਅੰਕ ਦੁਆਉਣ ਵੱਲ ਹੋ ਗਿਆ ਹੈ।

ਅਧਿਆਪਕ ਆਪਣੇ ਅਧਿਆਪਨ ਕਾਰਜ ਨੂੰ ਪ੍ਰੀਖਿਆ-ਕੇਂਦ੍ਰਿਤ ਕਰਨ ਲਈ ਮਜਬੂਰ ਹੋ ਗਿਆ ਹੈ।

ਇਮਤਿਹਾਨ ਵਿੱਚ ਸਫ਼ਲ ਹੋਣ ਦੇ ਇੱਕੋ-ਇੱਕ ਉਦੇਸ਼ ਦੀ ਪ੍ਰਾਪਤੀ ਲਈ ਬਾਲ-ਮਨੋਵਿਗਿਆਨ, ਵਿਦਿਆਰਥੀਆਂ ਦੀ ਸਮਰਥਾ ਅਤੇ ਉਨ੍ਹਾਂ ਲਈ ਸਿੱਖਿਆ ਨੂੰ ਇੱਕ ਅਨੰਦਮਈ ਅਨੁਭਵ ਬਣਾਉਣ ਦੀਆਂ ਕੋਸ਼ਿਸ਼ਾਂ ਉੱਤੇ ਟਿਕੀਆਂ ਤਮਾਮ ਅਧਿਅਨ-ਅਧਿਆਪਨ ਦੀਆਂ ਵਿਗਿਆਨਕ ਵਿਧੀਆਂ ਨੂੰ ਬਿਲਕੁਲ ਗ਼ੈਰ-ਜ਼ਰੂਰੀ ਮੰਨ ਲਿਆ ਗਿਆ ਹੈ।

ਇਹ ਵੀ ਪੜ੍ਹੋ-

ਨੈਸ਼ਨਲ ਕਰਿਕੁਲਮ ਫਰੇਮਵਰਕ -2005 ਨੇ ਵਿਵੇਚਨਾ ਅਤੇ ਵਿਸ਼ਲੇਸ਼ਣ 'ਤੇ ਅਧਾਰਤ ਸਿੱਖਿਆ ਦੀ ਸਿਫਾਰਿਸ਼ ਕੀਤੀ ਸੀ।

ਇਸ ਅਨੁਸਾਰ ਇਹ ਜ਼ਰੂਰੀ ਸੀ ਕਿ ਵਿਦਿਆਰਥੀਆਂ ਨੂੰ ਆਪਣੇ ਦ੍ਰਿਸ਼ਟੀਕੋਣ ਤੋਂ ਚੀਜ਼ਾਂ ਨੂੰ ਦੇਖਣ-ਪਰਖਣ ਅਤੇ ਬਿਆਨ ਕਰਨ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਅਜਿਹੇ ਵਾਤਾਵਰਨ ਦਾ ਨਿਰਮਾਣ ਕੀਤਾ ਜਾਏ ਜਿਸ ਵਿੱਚ ਉਹ ਬਿਨਾ ਝਿਝਕ ਸਵਾਲ ਉਠਾ ਸਕਣ।

ਵਿਦਿਆਰਥੀਆਂ ਵੱਲੋਂ ਵੱਖ-ਵੱਖ ਵਿਸ਼ਿਆਂ ਉੱਤੇ ਕੀਤੀਆਂ ਵਿਆਖਿਆਵਾਂ ਦੀ ਵਿਭਿੰਨਤਾ ਨੂੰ ਅਧਿਆਪਕ ਵੱਲੋਂ ਮਾਨਤਾ ਦਿੱਤੀ ਜਾਏ, ਜਿਸ ਨਾਲ ਉਨ੍ਹਾਂ ਵਿੱਚ ਆਜ਼ਾਦੀ ਨਾਲ ਸੋਚਣ ਦਾ ਭਰੋਸਾ ਪੈਦਾ ਹੋ ਸਕੇ।

ਸਵਾਲ-ਜਵਾਬ ਪਹਿਲਾਂ ਹੀ ਨਿਰਧਾਰਿਤ

ਅਜਿਹਾ ਹੋਣ 'ਤੇ ਵਿਦਿਆਰਥੀਆਂ ਨੇ ਵਿਸ਼ੇ-ਵਸਤੂ ਨੂੰ ਸਮਝ ਕੇ ਤੁਰਨਾ ਸੀ ਅਤੇ ਰੱਟਾ ਲਾ ਕੇ ਇਮਤਿਹਾਨ ਵਿੱਚ ਪ੍ਰਸ਼ਨਾਂ ਦੇ ਉੱਤਰ ਲਿਖ ਆਉਣ ਦੀ ਆਦਤ ਤੋਂ ਬਚ ਜਾਣਾ ਸੀ ਲੇਕਿਨ ਪ੍ਰੀਖਿਆ ਦੇ ਡਰ ਅਧੀਨ ਅਜਿਹਾ ਨਹੀਂ ਹੋ ਰਿਹਾ।

ਪ੍ਰੀਖਿਆ ਵਿੱਚ ਸੰਬੰਧਤ ਵਿਸ਼ਿਆਂ ਦੀਆਂ ਪਾਠ ਪੁਸਤਕਾਂ 'ਤੇ ਅਧਾਰਤ ਸੀਮਤ ਜਿਹੀ ਤਰਜ਼ ਦੇ ਪ੍ਰਸ਼ਨ ਪੁੱਛੇ ਜਾਂਦੇ ਹਨ।

ਸਵਾਲ ਵੀ ਅਤੇ ਜੁਆਬ ਵੀ, ਦੋਵੇਂ ਪਹਿਲਾਂ ਹੀ ਨਿਰਧਾਰਿਤ ਕਰ ਦਿੱਤੇ ਜਾਂਦੇ ਹਨ।

ਵਿਦਿਆਰਥੀ ਉਨ੍ਹਾਂ ਉੱਤਰਾਂ ਨੂੰ ਯਾਦ ਕਰ ਕੇ ਪ੍ਰੀਖਿਆ ਵਿੱਚ ਲਿਖ ਆਉਂਦੇ ਹਨ ਅਤੇ ਚੰਗੇ ਅੰਕ ਪ੍ਰਾਪਤ ਕਰਨੇ ਨਿਸ਼ਚਿਤ ਕਰ ਲੈਂਦੇ ਹਨ।

ਪ੍ਰੀਖਿਆ ਦਾ ਇਹ ਵਰਤਾਰਾ ਵਿਦਿਆਰਥੀਆਂ ਦੀ ਯਾਦ ਸ਼ਕਤੀ ਦੀ ਪਰਖ ਕਰਦਾ ਹੈ, ਉਨ੍ਹਾਂ ਦੀ ਸਮਝ ਦੇ ਪੱਧਰ ਦਾ ਮੁਲਾਂਕਣ ਨਹੀਂ।

ਇਹ ਤੱਥ ਵੀ ਜਿਕਰਯੋਗ ਹੈ ਕਿ ਅੰਕ ਦੌੜ ਵਿੱਚ ਸਿਖ਼ਰ 'ਤੇ ਪਹੁੰਚੇ ਕਈ ਵਿਦਿਆਰਥੀ ਕਈ ਵਾਰ ਵੱਖ-ਵੱਖ ਦਾਖ਼ਲਾ ਇਮਤਿਹਾਨਾਂ ਵਿੱਚ ਅਸਫ਼ਲ ਵੀ ਹੋ ਜਾਂਦੇ ਹਨ।

ਬੋਰਡਾਂ ਦੀ ਮੁਲਾਂਕਣ ਵਿਵਸਥਾ ਦੁਆਲੇ ਵੀ ਰਹੱਸ ਦਾ ਘੇਰਾ ਬਰਕਰਾਰ ਹੈ। ਕਿਸੇ ਕਿਸਮ ਦੇ ਸ਼ੱਕ ਦੀ ਸਥਿਤੀ ਵਿੱਚ ਵਿਦਿਆਰਥੀ ਲਈ ਆਪਣੀ ਉੱਤਰ ਪੱਤਰੀ ਤੱਕ ਪਹੁੰਚ ਕਰਨੀ ਬਹੁਤ ਹੀ ਔਖੀ ਹੈ।

ਦੇਸ ਦਾ ਬਚਪਨ ਅਤੇ ਜਵਾਨੀ ਇਸ ਅੰਕ ਦੌੜ ਦਾ ਸ਼ਿਕਾਰ ਹੋ ਗਏ ਹਨ। ਅਧਿਆਪਕ ਕਿਤੇ ਖੁਸ਼ੀ-ਖੁਸ਼ੀ ਅਤੇ ਕਿਤੇ ਬੇਬਸੀ ਵਿੱਚ ਇਸ ਵਰਤਾਰੇ ਦੇ ਭਾਗੀਦਾਰ ਹਨ।

ਮਾਪੇ ਬੱਚਿਆਂ ਦੇ ਸੁਨਹਿਰੇ ਭਵਿੱਖ ਦੀ ਉਮੀਦ ਵਿੱਚ ਇਸ ਵਿਵਸਥਾ ਨਾਲ ਉਲਝਣ ਦੀ ਸੋਚ ਨੂੰ ਆਪਣੇ ਕੋਲੋਂ ਦੂਰ ਰੱਖਣ ਦੇ ਯਤਨਾਂ ਵਿੱਚ ਹਨ।

ਇਸ ਦਾ ਹੱਲ ਸਿੱਖਿਆ ਪ੍ਰਕਿਰਿਆ ਨੂੰ ਮੁੜ ਲੀਹ 'ਤੇ ਲਿਆਉਣ ਪ੍ਰੀਖਿਆ ਤੰਤਰ ਵਿੱਚ ਬੁਨਿਆਦੀ ਸੁਧਾਰ ਕਰਨ ਵਿੱਚ ਹੈ। ਜਿੰਨਾ ਛੇਤੀ ਹੋ ਜਾਵੇ ਓਨਾਂ ਹੀ ਚੰਗਾ ਹੈ।

(ਲੇਖਕ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸਿੱਖਿਆ ਦੇ ਪ੍ਰੋਫੈਸਰ ਹਨ।)

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)