You’re viewing a text-only version of this website that uses less data. View the main version of the website including all images and videos.
ਆਮ ਆਦਮੀ ਪਾਰਟੀ: ਪੰਜਾਬ 'ਚ ਸਿਆਸੀ ਗੁੱਡੀ ਚੜ੍ਹਨ ਤੋਂ ਪੇਚਾ ਫਸਣ ਤੱਕ
- ਲੇਖਕ, ਖ਼ੁਸ਼ਹਾਲ ਲਾਲੀ
- ਰੋਲ, ਬੀਬੀਸੀ ਪੱਤਰਕਾਰ
ਆਮ ਆਦਮੀ ਪਾਰਟੀ ਦੀ ਉਮਰ 7 ਸਾਲ ਦੇ ਕਰੀਬ ਹੈ। ਇਤਿਹਾਸ ਵਿਚ ਸੱਤ ਸਾਲ ਬਹੁਤ ਥੋੜਾ ਸਮਾਂ ਹੁੰਦਾ ਹੈ, ਪਰ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਵਿਚੋਂ ਪੈਦਾ ਇਹ ਪਾਰਟੀ ਜਿੰਨੀ ਤੇਜ਼ੀ ਨਾਲ ਉੱਤੇ ਚੜ੍ਹੀ ਓਨੀ ਦੀ ਤੇਜ਼ੀ ਨਾਲ ਡਿੱਗਦੀ ਦਿਖ ਰਹੀ ਹੈ।
ਆਮ ਆਦਮੀ ਪਾਰਟੀ ਦੇ ਗਠਨ ਦਾ ਰਸਮੀ ਐਲਾਨ 26 ਨਵੰਬਰ 2012 ਨੂੰ ਕੀਤਾ ਗਿਆ। ਅਰਵਿੰਦ ਕੇਜਰੀਵਾਲ ਕਨਵੀਨਰ ਬਣੇ ਅਤੇ ਇਸ ਪਾਰਟੀ ਦੇ ਬਾਨੀਆਂ ਵਿੱਚ ਜੋਗਿੰਦਰ ਯਾਦਵ, ਸੀਨੀਅਰ ਕਾਨੂੰਨਦਾਨ ਪ੍ਰਸ਼ਾਤ ਭੂਸ਼ਣ, ਐੱਚ ਐੱਸ ਫੂਲਕਾ ਤੇ ਮਨੀਸ਼ ਸਿਸੋਦੀਆ ਵਰਗੇ ਸਾਮਜਿਕ ਕਾਰਕੁਨ ਸਨ।
ਅੰਨਾ ਹਜ਼ਾਰੇ ਦੀ ਲਹਿਰ ਵਿੱਚੋਂ ਉਭਾਰ
ਇਸ ਪਾਰਟੀ ਦਾ ਉਭਾਰ ਮਹਾਰਾਸ਼ਟਰ ਦੇ ਸਮਾਜਿਕ ਕਾਰਕੁਨ ਅੰਨਾ ਹਜ਼ਾਰੇ ਦੀ 2011 ਵਿੱਚ ਸ਼ੁਰੂ ਹੋਈ 'ਇੰਡੀਆ ਅਗੇਂਸਟ ਕੁਰੱਪਸ਼ਨ' ਲਹਿਰ ਵਿੱਚੋਂ ਹੋਇਆ।
ਜਨ ਲੋਕ ਪਾਲ ਕਾਨੂੰਨ ਪਾਸ ਕਰਵਾਉਣ ਲਈ ਇਸ ਮੁਹਿੰਮ ਵਿੱਚ ਦੇਸ ਭਰ ਤੋਂ ਵੱਖ-ਵੱਖ ਵਿਚਾਰਧਾਰਾਵਾਂ ਦੇ ਲੋਕ ਸ਼ਾਮਲ ਹੋਏ।
ਇਹ ਮੁਹਿੰਮ ਕਾਂਗਰਸ ਦੀ ਤਤਕਾਲੀ ਡਾਕਟਰ ਮਨਮੋਹਨ ਸਿੰਘ ਸਰਕਾਰ ਦੇ ਲਗਾਤਾਰ ਦੂਜੇ ਕਾਰਜਕਾਲ ਦੌਰਾਨ ਮੁਲਕ ਵਿੱਚ ਸਿਆਸੀ ਬਦਲਾਅ ਦੀ ਝੰਡਾ ਬਰਦਾਰ ਬਣ ਗਈ।
ਇਸ ਮੁਹਿੰਮ ਦਾ ਸਿਆਸੀ ਫ਼ਾਇਦਾ ਕਾਂਗਰਸ ਵਿਰੋਧੀ ਉਸ ਵਰਗੀਆਂ ਹੀ ਸਿਆਸੀ ਪਾਰਟੀਆਂ ਨਾ ਲੈ ਜਾਣ ਇਸ ਲਈ 'ਸਵਰਾਜ' ਦਾ ਨਾਅਰਾ ਦਿੱਤਾ ਗਿਆ।
ਜਿਸ ਦੀ ਪੂਰਤੀ ਲਈ ਸਿਆਸੀ ਪਾਰਟੀ ਦੇ ਗਠਨ ਦਾ ਵਿਚਾਰ ਸਾਹਮਣੇ ਆਇਆ। ਇਸ ਵਿਚਾਰ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਅਤੇ ਅੰਨਾ ਹਜ਼ਾਰੇ ਵਿਚਾਲੇ ਮਤਭੇਦ ਪੈਦਾ ਹੋ ਗਏ।
ਇਹ ਵੀ ਪੜ੍ਹੋ:
ਤਿੰਨ ਧਿਰਾਂ 'ਚ ਵੰਡਿਆ ਗਿਆ ਅੰਦੋਲਨ
ਅਰਵਿੰਦ ਕੇਜਰੀਵਾਲ ਵੱਲੋਂ ਸਿਆਸੀ ਪਾਰਟੀ ਦੇ ਗਠਨ ਦਾ ਐਲਾਨ ਕਰਨ ਤੋਂ ਬਾਅਦ ਅੰਨਾ ਅੰਦੋਲਨ ਨਾਲ ਜੁੜੇ ਲੋਕ ਤਿੰਨ ਧਿਰਾਂ ਵਿੱਚ ਵੰਡੇ ਗਏ।
ਕੁਝ ਅੰਨਾ ਦੇ ਗੈਰ-ਸਿਆਸੀ ਅੰਦੋਲਨ ਨਾਲ ਜੁੜੇ ਰਹੇ, ਜੋ ਘੱਟ ਗਿਣਤੀ ਹੋ ਗਿਆ ਸੀ। ਕਿਰਨ ਬੇਦੀ ਵਰਗੇ ਕੁਝ ਭਾਰਤੀ ਜਨਤਾ ਪਾਰਟੀ ਦੇ ਖ਼ੇਮੇ ਵਿੱਚ ਚਲੇ ਗਏ ਅਤੇ ਬਹੁਗਿਣਤੀ ਅਰਵਿੰਦ ਕੇਜਰੀਵਾਲ ਨਾਲ ਚਲੇ ਗਏ ਅਤੇ ਬਣੀ ਆਮ ਆਦਮੀ ਪਾਰਟੀ।
ਦਿੱਲੀ ਦੀ ਸੱਤਾ 'ਤੇ ਕਬਜ਼ਾ
ਸਰਕਾਰ ਬਣਨ ਤੋਂ ਬਾਅਦ ਇੱਕ ਸਾਲ ਦੇ ਅੰਦਰ ਹੀ ਆਮ ਆਦਮੀ ਪਾਰਟੀ ਨੇ ਦਿੱਲੀ ਵਿੱਚ ਜੜ੍ਹਾਂ ਲਾ ਲਈਆਂ ਅਤੇ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ 28 ਸੀਟਾਂ ਹਾਸਲ ਕਰਕੇ ਦੂਜੀ ਸਭ ਤੋਂ ਵੱਡੀ ਪਾਰਟੀ ਬਣ ਗਈ।
ਜਿਸ ਕਾਂਗਰਸ ਦਾ ਵਿਰੋਧ ਕਰ ਰਹੀ ਸੀ ਉਸੇ ਨਾਲ ਗਠਜੋੜ ਕਰਕੇ ਸਰਕਾਰ ਬਣਾ ਲਈ ਤੇ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਬਣੇ। ਸਰਕਾਰ ਸਿਰਫ਼ 49 ਦਿਨ ਚੱਲੀ।
ਪਰ ਦੂਜੀ ਵਾਰ 2015 ਵਿੱਚ ਹੋਈਆਂ ਚੋਣਾਂ ਦੌਰਾਨ 'ਆਪ' 70 ਵਿੱਚੋਂ 67 ਸੀਟਾਂ ਜਿੱਤ ਗਈ ਅਤੇ ਸਰਕਾਰ ਬਣਾਈ ਜੋ ਅਜੇ ਵੀ ਚੱਲ ਰਹੀ ਹੈ।
ਇਸ ਸਰਕਾਰ ਦੇ ਬਿਜਲੀ-ਪਾਣੀ, ਸਿਹਤ ਅਤੇ ਸਿੱਖਿਆ ਸਹੂਲਤਾਂ ਦੇ ਖੇਤਰ ਵਿੱਚ ਕੀਤੇ ਕੰਮਾਂ ਦੀ ਕਾਫ਼ੀ ਤਾਰੀਫ਼ ਵੀ ਹੋਈ ਹੈ। ਪਰ ਇਸ ਦੇ ਨਾਲ-ਨਾਲ ਕੇਜਰੀਵਾਲ ਨੇ ਆਪਣਾ ਅੰਦੋਲਕਾਰੀ ਤਰੀਕਾ ਤਿਆਗਿਆ ਨਹੀਂ ਹੈ।
ਪੰਜਾਬ ਨੇ ਰੱਖੀ ਲਾਜ
ਦਿੱਲੀ ਵਿੱਚ ਮਿਲੇ ਚੰਗੇ ਹੁੰਗਾਰੇ ਤੋਂ ਬਾਅਦ ਆਮ ਆਦਮੀ ਪਾਰਟੀ ਨੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਪੂਰੇ ਭਾਰਤ ਵਿਚ 432 ਸੀਟਾਂ ਉੱਤੇ ਚੋਣ ਲੜੀ।
ਇਨ੍ਹਾਂ ਵਿਚੋਂ ਪਾਰਟੀ ਨੂੰ ਸਿਰਫ਼ 4 ਸੀਟਾਂ ਇਕੱਲੇ ਪੰਜਾਬ ਤੋਂ ਹੀ ਮਿਲੀਆਂ। ਦਿੱਲੀ ਅਤੇ ਪੰਜਾਬ ਦੀਆਂ 20 ਵਿੱਚੋਂ 12 ਸੀਟਾਂ ਉੱਤੇ ਪਾਰਟੀ ਪਹਿਲੇ ਤੇ ਦੂਜੇ ਸਥਾਨ ਉੱਤੇ ਰਹੀ।
ਅਰਵਿੰਦ ਕੇਜਰੀਵਾਲ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਵਾਰਾਣਸੀ ਤੋਂ ਚੋਣ ਲੜੇ ਅਤੇ ਹਾਰ ਗਏ।
'ਆਪ' ਨੂੰ 432 ਸੀਟਾਂ ਉੱਤੇ ਕੁੱਲ 11,629,767 ਵੋਟਾਂ ਪਈਆਂ ,ਜਿਨ੍ਹਾਂ ਵਿੱਚੋਂ 53 ਫ਼ੀਸਦ ਵੋਟਾਂ ਪੰਜਾਬ, ਦਿੱਲੀ ਤੇ ਚੰਡੀਗੜ੍ਹ ਦੀਆਂ 21 ਸੀਟਾਂ ਉੱਤੇ ਮਿਲੀਆਂ, ਬਾਕੀ 411 ਸੀਟਾਂ ਹਿੱਸੇ 46.3 ਫੀਸਦ ਵੋਟਾਂ ਬਣਦੀਆਂ ਹਨ ਜਿਨ੍ਹਾਂ ਦਾ ਪ੍ਰਤੀ ਸੀਟ ਅਨੁਪਾਤ 14 ਹਜ਼ਾਰ ਦੇ ਕਰੀਬ ਵੋਟਾਂ ਦਾ ਬਣਦਾ ਹੈ, ਜੋ ਕੁੱਲ ਵੋਟਾਂ ਦਾ 1.2 ਫੀਸਦ ਹੈ।
ਇਹ ਵੀ ਪੜ੍ਹੋ:
'ਆਪ' ਦਾ ਹਮਲਾਵਰ ਰੁਖ਼
ਆਮ ਆਦਮੀ ਪਾਰਟੀ ਦਾ ਭਾਰਤੀ ਸਿਆਸਤ ਵਿੱਚ ਦਖਲ ਕਿਉਂਕਿ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ ਤੋਂ ਹੋਇਆ ,ਇਸ ਲਈ ਇਸ ਪਾਰਟੀ ਦੇ ਆਗੂਆਂ ਦਾ ਰੁਖ਼ ਕਾਫ਼ੀ ਹਮਲਾਵਰ ਰਹਿੰਦਾ ਹੈ। ਪਾਰਟੀ ਲੀਡਰਸ਼ਿਪ ਸੱਤਾ ਲਈ ਨਹੀਂ ਬਲਕਿ ਸਿਸਟਮ ਬਦਲਣ ਲਈ ਸਿਆਸਤ ਕਰਨ ਦਾ ਦਾਅਵਾ ਕਰਦੀ ਹੈ।
ਪੰਜਾਬ ਵਿੱਚ ਪਾਰਟੀ ਨੇ 2014 ਲੋਕ ਸਭਾ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਨਿਸ਼ਾਨਾਂ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਨੂੰ ਬਣਾਇਆ। ਪੰਜਾਬ ਵਿੱਚ ਅਕਾਲੀਆਂ ਦੀ ਸੱਤਾ ਹੋਣ ਕਾਰਨ ਬਾਦਲ ਪਰਿਵਾਰ ਦਾ ਪਰਿਵਾਰਵਾਦ ਅਤੇ ਕਾਰੋਬਾਰ ਚੋਣ ਮੁੱਦਾ ਬਣੇ।
ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਬਕਾਇਦਾ ਪੋਸਟਰ ਤੇ ਹੋਰਡਿੰਗ ਲਗਾ ਕੇ ਉਨ੍ਹਾਂ ਨੂੰ 'ਨਸ਼ਾ ਤਸਕਰਾਂ ਦਾ ਸਰਗਨਾ' ਅਤੇ ਰੇਤ ਬਜਰੀ ਮਾਫ਼ੀਆ ਦਾ ਸਰਪ੍ਰਸਤ ਤੱਕ ਕਿਹਾ। ਜਿਸ ਕਰਕੇ ਉਨ੍ਹਾਂ ਕੇਜ਼ਰੀਵਾਲ ਖ਼ਿਲਾਫ਼ ਮਾਣਹਾਨੀ ਦਾ ਕੇਸ ਕੀਤਾ ਅਤੇ ਕੇਜਰੀਵਾਲ ਨੇ ਮਾਫ਼ੀ ਮੰਗ ਕੇ ਅਦਾਲਤੀ ਕੇਸ ਤੋਂ ਖ਼ਹਿੜਾ ਛੁਡਾਇਆ।
ਅਕਾਲੀ ਦਲ ਉੱਤੇ ਟਰਾਂਸਪੋਰਟ, ਸ਼ਰਾਬ ਅਤੇ ਕੇਬਲ ਮਾਫ਼ੀਆ ਨੂੰ ਸਰਪ੍ਰਸਤੀ ਦੇਣ ਦਾ ਦੋਸ਼ ਲਗਾਉਣਾ ਆਮ ਆਦਮੀ ਪਾਰਟੀ ਦੇ ਪ੍ਰਚਾਰ ਦਾ ਅਧਾਰ ਸੀ।
'ਆਪ' ਨੇ ਭਾਵੇਂ ਸਾਰੀਆਂ ਧਿਰਾਂ ਨੂੰ ਨਾਲ ਜੋੜਿਆ ਪਰ ਪਰਵਾਸੀ ਪੰਜਾਬੀਆਂ ਦਾ ਵੱਧ ਸਮਰਥਨ ਮਿਲਣਾ ਖ਼ਾਸਕਰ ਗਰਮ ਸੁਰ ਰੱਖਣ ਵਾਲੀਆਂ ਧਿਰਾਂ ਨਾਲ ਇਕਸੁਰਤਾ ਨੂੰ ਵਿਰੋਧੀ ਧਿਰਾਂ ਨੇ ਅੱਤਵਾਦ ਨਾਲ ਵੀ ਜੋੜਿਆ।
ਪੰਜਾਬ 'ਚ ਆਮ ਆਦਮੀ ਪਾਰਟੀ
ਪੰਜਾਬ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਇੱਕ ਅੰਦੋਲਨ ਵਾਂਗ ਸਾਹਮਣੇ ਆਈ। ਇਸ ਦਾ ਪਹਿਲਾ ਕਨਵੀਨਰ ਨੌਜਵਾਨ ਆਗੂ ਹਰਜੋਤ ਸਿੰਘ ਬੈਂਸ ਨੂੰ ਬਣਾਇਆ ਗਿਆ, ਜਦਕਿ ਸਮਾਜਿਕ ਤੇ ਸਿਆਸੀ ਕਾਰਕੁਨ ਸੁਮੇਲ ਸਿੰਘ ਸਿੱਧੂ ਨੂੰ ਪ੍ਰਚਾਰ ਕਮੇਟੀ ਦਾ ਮੁਖੀ ਬਣਾਇਆ ਗਿਆ ਅਤੇ ਇਸ ਦੇ ਚਿਹਰੇ ਮੋਹਰੇ ਬਣੇ ਸੀਨੀਅਰ ਪੰਥਕ ਆਗੂ ਸੁੱਚਾ ਸਿੰਘ ਛੋਟੇਪੁਰ, ਖੱਬੇ ਪੱਖੀ ਵਿਚਾਰਾਂ ਦੇ ਧਾਰਨੀ ਸਮਾਜਿਕ ਕਾਰਕੁਨ ਧਰਮਵੀਰ ਗਾਂਧੀ ਅਤੇ ਗਲੈਮਰ ਜਗਤ ਛੱਡ ਕੇ ਸਿਆਸਤ ਵਿੱਚ ਆਉਣ ਵਾਲੇ ਭਗਵੰਤ ਮਾਨ ।
ਲੋਕ ਸਭਾ ਚੋਣਾਂ ਪੰਜਾਬ ਵਿੱਚ ਗੈਰ-ਜਥੇਬੰਦਕ ਤੌਰ ਉੱਤੇ ਹੀ ਲੜੀਆਂ ਗਈਆਂ ਅਤੇ ਕਾਂਗਰਸ ਤੇ ਅਕਾਲੀ-ਭਾਜਪਾ ਖ਼ਿਲਾਫ਼ ਲੋਕਾਂ ਨੇ ਲਾਮਬੰਦ ਹੋ ਕੇ ਆਮ ਆਦਮੀ ਪਾਰਟੀ ਨੂੰ 4 ਸੀਟਾਂ ਜਿਤਾ ਦਿੱਤੀਆਂ। ਜਿਸ ਨੇ ਪੰਜਾਬ ਵਿੱਚ ਪਾਰਟੀ ਦੀਆਂ ਜੜ੍ਹਾਂ ਲਾ ਦਿੱਤੀਆਂ।
5 ਸੂਬਾ ਪ੍ਰਧਾਨ, 3 ਵਿਰੋਧੀ ਧਿਰ ਆਗੂ
ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਪੰਜਾਬ ਵਿਚੋਂ ਮਿਲੇ ਹੁੰਗਾਰੇ ਤੋਂ ਬਾਅਦ ਦੂਜੀਆਂ ਪਾਰਟੀਆਂ ਦੇ ਬਾਗੀ ਜਾਂ ਆਪਣੀਆਂ ਪਾਰਟੀਆਂ ਵਿੱਚ ਇੱਛਾਵਾਂ ਪੂਰੀਆਂ ਨਾ ਕਰ ਪਾਉਣ ਵਾਲੇ ਵੱਡੀ ਗਿਣਤੀ 'ਚ ਆਗੂ ਵੀ ਪਾਰਟੀ ਵਿੱਚ ਆਏ।
2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਪਹੁੰਚਦੇ-ਪਹੁੰਚਦੇ ਕਾਫੀ ਹਲਚਲ ਵੀ ਮਚੀ। ਚੋਣਾਂ ਤੋਂ ਪਹਿਲਾਂ ਪਾਰਟੀ ਦੀ ਕਮਾਂਡ ਸੁੱਚਾ ਸਿੰਘ ਛੋਟੇਪੁਰ ਨੂੰ ਦਿੱਤੀ ਗਈ। ਚੋਣਾਂ ਦੇ ਆਖ਼ਰੀ ਮੌਕੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲਗਾ ਕੇ ਛੋਟੇਪੁਰ ਨੂੰ ਮੁਅੱਤਲ ਕਰਕੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਪ੍ਰਧਾਨ ਬਣਾ ਦਿੱਤਾ ਗਿਆ।
ਗੁਰਪ੍ਰੀਤ ਸਿੰਘ ਘੁੱਗੀ ਦੇ ਪਾਰਟੀ ਛੱਡਣ ਤੋਂ ਬਾਅਦ ਕਮਾਂਡ ਭਗਵੰਤ ਮਾਨ ਹੱਥ ਆ ਗਈ। ਜਿਨ੍ਹਾਂ ਬਿਕਰਮ ਮਜੀਠੀਆ ਤੋਂ ਮਾਣਹਾਨੀ ਮਾਮਲੇ ਵਿੱਚ ਕੇਜਰੀਵਾਲ ਵਲੋਂ ਮਾਫ਼ੀ ਮੰਗਣ ਕਾਰਨ ਪ੍ਰਧਾਨਗੀ ਛੱਡੀ ਅਤੇ ਹੁਣ 2019 ਦੀਆਂ ਚੋਣਾਂ ਤੋਂ ਪਹਿਲਾਂ ਮੁੜ ਸੰਭਾਲ ਲਈ ਹੈ।
ਇਹੀ ਹਾਲ ਪਾਰਟੀ ਦੇ ਦੂਜੇ ਅਹਿਮ ਅਹੁਦੇ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਦਾ ਹੈ। ਫਰਵਰੀ 2017 ਦੀਆਂ ਚੋਣਾਂ ਵਿੱਚ ਪਾਰਟੀ ਨੂੰ 20 ਸੀਟਾਂ ਮਿਲੀਆਂ ਅਤੇ ਵਿਰੋਧੀ ਧਿਰ ਦੇ ਆਗੂ ਬਣਾਏ ਗਏ ਐਚਐੱਸ ਫੂਲਕਾ। ਦਿੱਲੀ ਵਿੱਚ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਪੀੜਤਾਂ ਦੇ ਵਕੀਲ ਹੋਣ ਕਾਰਨ ਕੈਬਨਿਟ ਮੰਤਰੀ ਰੈਂਕ ਦਾ ਅਹੁਦਾ ਰੱਖਣ ਕਾਰਨ ਬਾਰ ਕੌਂਸਲ ਨੇ ਇਤਰਾਜ਼ ਕੀਤਾ ਤਾਂ ਫ਼ੂਲਕਾ ਨੇ ਅਹੁਦਾ ਛੱਡ ਦਿੱਤਾ।
ਇਸ ਤੋਂ ਬਾਅਦ ਸੁਖਪਾਲ ਸਿੰਘ ਖਹਿਰਾ ਵਿਰੋਧੀ ਧਿਰ ਦੇ ਆਗੂ ਬਣ ਗਏ। ਪਰ ਖਹਿਰਾ ਤੇ ਪਾਰਟੀ ਦੇ ਮਤਭੇਦ ਹੋਣ ਕਾਰਨ ਪਾਰਟੀ ਨੇ ਖਹਿਰਾ ਦੀ ਛੁੱਟੀ ਕਰ ਕੇ ਇਹ ਅਹੁਦਾ ਹਰਪਾਲ ਸਿੰਘ ਚੀਮਾ ਨੂੰ ਦੇ ਦਿੱਤਾ। ਭਾਵੇਂ ਕਿ ਪਾਰਟੀ ਨੇ ਦਲੀਲ ਦਿੱਤੀ ਕਿ ਦਲਿਤਾਂ ਨੂੰ ਨੁਮਾਇੰਦਗੀ ਦੇਣ ਲਈ ਦਲਿਤ ਚਿਹਰੇ ਨੂੰ ਅੱਗੇ ਲਿਆਂਦਾ ਗਿਆ।
ਇਹ ਵੀ ਪੜ੍ਹੋ:
'ਆਪ' 'ਚ ਪਈਆਂ ਵੰਡੀਆਂ
ਆਮ ਆਦਮੀ ਪਾਰਟੀ ਵਿੱਚ ਖ਼ਾਸ ਗੱਲ ਇਸ ਦੇ ਲਗਾਤਾਰ ਪਾਟੋਧਾੜ ਹੋਣ ਦੀ ਵੀ ਹੈ। ਕੇਂਦਰੀ ਪੱਧਰ ਉੱਤੇ ਜਿਵੇਂ ਪ੍ਰਸ਼ਾਂਤ ਭੂਸ਼ਣ, ਯੋਗਿੰਦਰ ਯਾਦਵ, ਆਸ਼ੂਤੋਸ਼, ਅਸ਼ੀਸ਼ ਖੇਤਾਨ, ਮਿਅੰਕ ਗਾਂਧੀ ਤੇ ਕਪਿਲ ਮਿਸ਼ਰਾ ਵਰਗੇ ਆਗੂਆਂ ਨੇ ਪਾਰਟੀ ਛੱਡੀ ਉੱਥੇ ਪੰਜਾਬ ਵਿੱਚ ਸੁੱਚਾ ਸਿੰਘ ਛੋਟੇਪੁਰ ਤੇ ਸੁਮੇਲ ਸਿੱਧੂ, ਗੁਰਪ੍ਰੀਤ ਘੁੱਗੀ ਤੇ ਜੱਸੀ ਜਸਰਾਜ ਵਰਗੇ ਆਗੂਆਂ ਨੇ ਪਾਰਟੀ ਛੱਡੀ।
ਕੁੱਲ ਚਾਰ ਲੋਕ ਸਭਾ ਮੈਂਬਰਾਂ ਵਿੱਚੋਂ ਪਟਿਆਲਾ ਤੋਂ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ, ਫਤਿਹਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਹਰਿੰਦਰ ਖ਼ਾਲਸਾ ਨੂੰ ਪਾਰਟੀ ਨੇ ਮੁਅੱਤਲ ਕੀਤਾ ਹੋਇਆ ਹੈ।
ਕੁੱਲ 20 ਵਿਧਾਇਕਾਂ ਵਿੱਚੋਂ ਚਾਰ ਵਿਧਾਇਕ ਪਾਰਟੀ ਤੋਂ ਬਾਹਰ ਜਾ ਚੁੱਕੇ ਹਨ। ਐੱਚਐੱਸ ਫੂਲਕਾ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਚੁੱਕੇ ਹਨ।
ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਜੈਤੋਂ ਨੇ ਤਾਂ ਪੰਜਾਬ ਏਕਤਾ ਪਾਰਟੀ ਵੀ ਬਣਾ ਲਈ ਹੈ ਅਤੇ ਕੰਵਰ ਸੰਧੂ ਮੁਅੱਤਲ ਚੱਲ ਰਹੇ ਹਨ। ਇਸ ਤੋਂ ਇਲਾਵਾ ਜਗਦੇਵ ਸਿੰਘ ਕਮਾਲੂ (ਮੌੜ), ਪਿਰਮਲ ਸਿੰਘ ਖ਼ਾਲਸਾ (ਭਦੌੜ) ਅਜੇ ਵੀ ਪਾਰਟੀ ਤੋਂ ਵੱਖ ਰਾਹ ਅਖ਼ਤਿਆਰ ਕਰ ਰਹੇ ਹਨ। ਭਾਵੇਂ ਕਿ ਇਹ ਅਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਹੀ ਅਖਵਾਉਂਦੇ ਹਨ।
ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆਂ (ਮਾਨਸਾ) ਨੇ ਤਾਂ ਸੁਖਪਾਲ ਖਹਿਰਾ ਤੋਂ ਵੀ ਪਾਸਾ ਪਲਟ ਕੇ ਕਾਂਗਰਸ ਦਾ ਹੱਥ ਫੜ੍ਹ ਲਿਆ ਇਸ ਤੋਂ ਕੁਝ ਦਿਨ ਬਾਅਦ ਰੋਪੜ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਕਾਂਗਰਸ ਪਾਰਟੀ ਵਿਚ ਸ਼ਾਮਲ ਹੋ ਗਏ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ