ਦਿੱਲੀ ਦੇ ਮੁੱਖ ਸਕੱਤਰ ਦਾ 'ਆਪ' ਵਿਧਾਇਕਾਂ ਉੱਤੇ ਕੁੱਟਮਾਰ ਦਾ ਇਲਜ਼ਾਮ

ਦਿੱਲੀ ਵਿੱਚ 'ਆਪ' ਸਰਕਾਰ ਦਾ ਆਪਣੇ ਹੀ ਮੁੱਖ ਸਕੱਤਰ ਨਾਲ ਵਿਵਾਦ ਤੂਲ ਫੜ ਰਿਹਾ ਹੈ।

ਪਹਿਲਾਂ ਅਧਿਕਾਰੀ ਨੇ ਕਿਹਾ ਕਿ ਆਪ ਦੇ ਦੋ ਵਿਧਾਇਕਾਂ ਨੇ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਦੀ ਹਾਜ਼ਰੀ ਵਿੱਚ ਉਸਨੂੰ ਕੁੱਟਿਆ।

ਫੇਰ ਆਪ ਨੇ ਇਲਜ਼ਾਮਾਂ ਨੂੰ ਨਕਾਰਦਿਆਂ ਕਿਹਾ, "ਉਹ ਹਾਸੋਹੀਣੇ ਇਲਜ਼ਾਮ ਲਾ ਰਹੇ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਅਜਿਹਾ ਭਾਜਪਾ ਦੀ ਸ਼ਹਿ ਤੇ ਕਰ ਰਹੇ ਹਨ। ਗਵਰਨਰ ਤੇ ਅਫਸਰਾਂ ਜ਼ਰੀਏ ਦਿੱਲੀ ਸਰਕਾਰ ਦੇ ਕੰਮ-ਕਾਜ ਵਿੱਚ ਵਿਘਨ ਪਾਉਣ ਲਈ ਭਾਜਪਾ ਬਹੁਤ ਹੇਠਾਂ ਡਿੱਗ ਗਈ ਹੈ।"

ਇਸੇ ਦੌਰਾਨ ਮੁੱਖ ਸਕੱਤਰ ਦੀ ਹਮਾਇਤ ਵਿੱਚ ਦਿੱਲੀ ਸੁਬਾਰਡੀਨੇਟ ਸਰਵਿਸਿਜ਼ (ਦਾਸ ਕੇਡਰ) ਐਸੋਸੀਏਸ਼ਨ ਅਤੇ ਆਈਏਐਸ ਐਸੋਸੀਏਸ਼ਨ ਨੇ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ।

ਆਪ ਦਾ ਪੱਖ

ਮੀਡੀਆ ਰਿਪੋਰਟਾਂ ਮੁਤਾਬਕ ਇਹ ਘਟਨਾ ਸੋਮਵਾਰ ਰਾਤ ਦੀ ਹੈ ਤੇ ਅੰਸ਼ੂ ਪ੍ਰਕਾਸ਼ ਨੇ ਉਪ ਰਾਜਪਾਲ ਦੇ ਘਰ ਜਾ ਕੇ ਇਸ ਦੀ ਸ਼ਿਕਾਇਤ ਕੀਤੀ।

ਅੰਸ਼ੂ ਪ੍ਰਕਾਸ਼ ਦਾ ਦਾਅਵਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨੁਤੁਲਾਹ ਖਾਨ ਨੇ ਉਹਨਾਂ ਦਾ ਕਾਲਰ ਫੜਿਆ ਤੇ ਕੁੱਟਿਆ।

ਉਸ ਵੇਲੇ ਸੀਐਮ ਤੇ ਡਿਪਟੀ ਸੀਐਮ ਉੱਥੇ ਮੌਜੂਦ ਸਨ। ਲੰਘੇ ਕਈ ਸਾਲਾਂ ਤੋਂ ਅਫ਼ਸਰਾਂ ਨਾਲ ਅਜਿਹਾ ਵਰਤਾਅ ਕੀਤਾ ਜਾ ਰਿਹਾ ਹੈ।

ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨੁਤੁਲਾਹ ਖਾਨ ਉੱਪਰ ਪਹਿਲਾਂ ਵੀ ਅਜਿਹੇ ਇਲਜ਼ਾਮ ਲਗਦੇ ਰਹੇ ਹਨ।

ਆਪ ਦੇ ਵਿਧਾਇਕ ਸੌਰਭ ਭਾਰਦਵਾਜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਸੱਚ ਝੂਠ ਦਾ ਨਿਬੇੜਾ ਤਾਂ ਅਦਾਲਤ ਵਿੱਚ ਹੋਵੇਗਾ।

ਉਨ੍ਹਾਂ ਅੱਗੇ ਕਿਹਾ, "ਜੇ ਦਿੱਲੀ ਵਿੱਚ ਰਾਸ਼ਨ ਪ੍ਰਣਾਲੀ ਨੂੰ ਖਰਾਬ ਕਰਨ ਦੀ ਸੁਪਾਰੀ ਕਿਸੇ ਨੇ ਲਈ ਹੈ ਤਾਂ ਇਹ ਕਿਉਂ ਨਾ ਮੰਨਿਆ ਜਾਵੇ ਕਿ ਉਹ ਆਪਣੇ ਆਪ ਨੂੰ ਬਚਾਉਣ ਲਈ ਝੂਠਾ ਡਰਾਮਾ ਕਰ ਰਹੇ ਹਨ।"

ਅਧਿਕਾਰੀਆਂ ਦੀ ਏਕਤਾ

ਦਿੱਲੀ ਸੁਬਾਰਡੀਨੇਟ ਸਰਵਿਸਿਜ਼ ਐਸੋਸੀਏਸ਼ਨ ਦੇ ਪ੍ਰਧਾਨ ਦਇਆਨੰਦ ਸਿੰਘ ਨੇ ਦੱਸਿਆ, "ਅਸੀਂ ਆਪਣੇ ਮੁੱਖ ਸਕੱਤਰ ਦੇ ਨਾਲ ਹਾਂ। ਅਸੀਂ ਤੁਰੰਤ ਪ੍ਰਭਾਵ ਨਾਲ ਹੜਤਾਲ 'ਤੇ ਜਾ ਰਹੇ ਹਾਂ। ਜਦੋਂ ਤੱਕ ਗਲਤੀ ਕਰਨ ਵਾਲਿਆਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਅਸੀਂ ਕੰਮ ਨਹੀਂ ਕਰਾਂਗੇ।"

ਉਨ੍ਹਾਂ ਨੇ ਕਿਹਾ, "ਅਸੀਂ ਜ਼ਿੰਮੇਵਾਰ ਲੋਕਾਂ ਖਿਲਾਫ਼ ਕਾਰਵਾਈ ਕਰਨ ਲਈ ਲੈਫਟੀਨੈਂਟ ਗਵਰਨਰ ਨੂੰ ਅਪੀਲ ਕੀਤੀ ਹੈ। ਇਹ ਇੱਕ ਸੰਵਿਧਾਨਕ ਸੰਕਟ ਵਾਂਗ ਹੈ। ਲੰਘੇ ਕਈ ਸਾਲਾਂ ਤੋਂ ਅਸੀਂ ਅਜਿਹੇ ਹਾਲਾਤ ਨਹੀਂ ਦੇਖੇ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)