ਲੋਕ ਸਭਾ ਚੋਣਾਂ 2019: ਬਰਗਰ ਬਾਬਾ ਤੋਂ ਕਫਨ ਬਾਬਾ ਤੇ ਚਾਚਾ ਮੈਗੀ ਵਾਲਾ, ਜਾਣੋ ਪੰਜਾਬ ਦੇ 7 ਵਿਲੱਖਣ ਉਮੀਦਵਾਰਾਂ ਬਾਰੇ

ਭਾਰਤ ਵਿਚ ਚੱਲ ਰਹੀਆਂ ਆਮ ਲੋਕ ਸਭਾ ਚੋਣਾਂ 2019 ਦੇ ਸੱਤਵੇਂ ਗੇੜ ਦੌਰਾਨ ਪੰਜਾਬ ਵਿੱਚ 19 ਨੂੰ ਵੋਟਾਂ ਪੈਣਗੀਆਂ।

ਸੂਬੇ ਦੇ 13 ਲੋਕ ਸਭਾ ਹਲਕਿਆਂ ਵਿਚ 278 ਉਮੀਦਵਾਰ ਚੋਣ ਮੈਦਾਨ ਵਿੱਚ ਡਟੇ ਹੋਏ ਹਨ। ਮੀਡੀਆ ਤੇ ਸਿਆਸੀ ਹਲਕਿਆਂ ਵਿੱਚ ਪ੍ਰਮੁੱਖ ਸਿਆਸੀ ਧਿਰਾਂ ਦੇ ਉਮੀਦਵਾਰਾਂ ਦੀ ਚਰਚਾ ਜਿੱਤ ਹਾਰ ਦੇ ਨੁਕਤੇ ਤੋਂ ਹੋ ਰਹੀ ਹੈ।

ਪੰਜਾਬ ਵਿੱਚ ਕੁਝ ਉਮੀਦਵਾਰ ਅਜਿਹੇ ਵੀ ਹਨ, ਜਿਹੜੇ ਜਿੱਤ-ਹਾਰ ਦੇ ਨਤੀਜੇ ਉੱਤੇ ਬਹੁਤੇ ਅਸਰਦਾਰ ਭਾਵੇਂ ਨਾ ਹੋਣ ਪਰ ਆਪਣੀ ਨਿੱਜੀ ਜ਼ਿੰਦਗੀ, ਕੰਮਕਾਜ, ਜਾਇਦਾਦ ਅਤੇ ਵਿਲੱਖਣ ਸਰਗਰਮੀਆਂ ਕਾਰਨ ਚਰਚਾ ਵਿੱਚ ਹਨ।

ਬਾਬਾ ਜੀ ਬਰਗਰ ਵਾਲੇ

30 ਸਾਲਾ ਰਵਿੰਦਰਪਾਲ ਸਿੰਘ ਲੁਧਿਆਣਾ ਹਲਕੇ ਤੋਂ ਪਹਿਲੀ ਵਾਰ ਆਪਣੀ ਕਿਸਮਤ ਅਜਮਾ ਰਹੇ ਹਨ।

ਦਸਵੀਂ ਪਾਸ ਰਵਿੰਦਰ ਲੁਧਿਆਣਾ ਦੇ ਮਾਡਲ ਟਾਊਨ ਐਕਸਟੈਂਸ਼ਨ ਵਿੱਚ ਪਿਛਲੇ ਸੱਤ ਸਾਲ ਤੋਂ ਇਕ ਬਰਗਰ ਦੀ ਰੇਹੜੀ ਲਗਾਉਂਦੇ ਹਨ ਅਤੇ 'ਬਾਬਾ ਜੀ ਬਰਗਰ ਵਾਲੇ' ਦੇ ਨਾਮ ਨਾਲ ਮਸ਼ਹੂਰ ਹਨ।

ਇਹ ਵੀ ਪੜ੍ਹੋ-

ਰਵਿੰਦਰਪਾਲ ਸਿੰਘ ਅਜੇ ਕੁਆਰੇ ਹਨ ਅਤੇ ਆਪਣੀ ਮਾਂ ਨਾਲ ਰਹਿੰਦੇ ਹਨ। ਉਹ ਗੁਰਬਾਣੀ ਦੇ ਸ਼ਬਦ ਸੁਣਾਉਣ ਵਾਲੇ ਬੱਚਿਆਂ ਨੂੰ ਮੁਫ਼ਤ ਬਰਗਰ ਖੁਆਉਣ ਲਈ ਇਲਾਕੇ ਵਿੱਚ ਮਸ਼ਹੂਰ ਹਨ।

ਰਵਿੰਦਰਪਾਲ ਸਿੰਘ ਦਾ ਮੁਕਾਬਲਾ ਕਾਂਗਰਸ ਦੇ ਮੌਜੂਦਾ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਅਕਾਲੀ ਦਲ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ, ਅਤੇ ਲੋਕ ਇਨਸਾਫ਼ ਪਾਰਟੀ ਦੇ ਸਿਮਰਜੀਤ ਸਿੰਘ ਬੈਂਸ ਨਾਲ ਹੈ।

ਸ਼ਹਿਰ ਦੇ ਪੁਰਾਣੇ ਬੁੱਢੇ ਨਾਲੇ ਕਾਰਨ ਵੱਧ ਰਹੇ ਕੈਂਸਰ ਦੇ ਕੇਸਾਂ ਤੋਂ ਲੈ ਕੇ ਸ਼ਹਿਰ ਵਿੱਚ ਵਿਕਾਸ ਦੀ ਘਾਟ ਬਰਗਰ ਬਾਬਾ ਦੇ ਚੋਣ ਮੁੱਦੇ ਹਨ।

ਉਹ ਸਭ ਨੂੰ ਚੰਗੀਆਂ ਸਿਹਤ ਸਹੂਲਤਾਂ ਅਤੇ ਪੜ੍ਹਾਈ ਦੇ ਬਰਾਬਰ ਦੇ ਮੌਕੇ ਉਪਲੱਬਧ ਕਰਵਾਉਣਾ ਚਾਹੁੰਦੇ ਹਨ।

ਰਵਿੰਦਰਪਾਲ ਸਿੰਘ, ਕੰਮਕਾਜੀ ਮਜਬੂਰੀਆਂ ਅਤੇ ਸਰੋਤਾਂ ਦੀ ਘਾਟ ਕਾਰਨ ਵੱਡੀਆਂ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਵਾਂਗ ਤਾਂ ਪ੍ਰਚਾਰ ਨਹੀਂ ਕਰ ਰਹੇ ਪਰ ਰੇਹੜੀ 'ਤੇ ਆਉਣ ਵਾਲੇ ਹਰ ਗਾਹਕ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਲਈ ਅਪੀਲ ਕਰਦੇ ਹਨ।

ਇਸ ਤੋਂ ਇਲਾਵਾ ਉਹ ਆਪਣੀ ਸਕੂਟਰੀ ਉੱਤੇ ਘੁੰਮ ਫਿਰ ਕੇ ਹੀ ਚੋਣ ਪ੍ਰਚਾਰ ਕਰ ਰਹੇ ਹਨ।

ਚਾਚਾ ਮੈਗੀ ਵਾਲਾ

ਪਟਿਆਲਾ ਦੇ ਜਸਬੀਰ ਸਿੰਘ ਕਾਲਾ 'ਚਾਚਾ ਮੈਗੀ ਵਾਲਾ' ਦੇ ਨਾਂ ਨਾਲ ਜਾਣੇ ਜਾਂਦੇ ਹਨ।

ਲੋਕ ਸਭਾ ਹਲਕਾ ਪਟਿਆਲਾ ਤੋਂ ਜਸਬੀਰ ਸਿੰਘ ਆਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਹਨ, ਭਾਵੇਂ ਕਿ ਉਨ੍ਹਾਂ ਆਪਣੀ ਆਸਤਿਕ ਨੈਸ਼ਨਲ ਪਾਰਟੀ, ਪੰਜਾਬ ਦੇ ਬੋਰਡ ਲਗਾਏ ਹੋਏ ਹਨ।

ਪਟਿਆਲਾ ਦੇ ਸ਼ਾਹੀ ਪਰਿਵਾਰ ਦੀ ਨੂੰਹ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ, ਧਨਾਡ ਅਕਾਲੀ ਸੁਰਜੀਤ ਰੱਖੜਾ ਅਤੇ ਮੌਜੂਦਾ ਲੋਕ ਸਭਾ ਮੈਂਬਰ ਧਰਮਵੀਰ ਗਾਂਧੀ ਖ਼ਿਲਾਫ ਚੋਣ ਲੜ ਰਹੇ ਜਸਬੀਰ ਸਿੰਘ ਲਈ ਭ੍ਰਿਸ਼ਟਾਚਾਰ ਮੁੱਖ ਮੁੱਦਾ ਹੈ।

ਜਸਬੀਰ ਇਕ ਕਤਲ ਦੇ ਮਾਮਲੇ ਵਿੱਚ 14 ਸਾਲ ਦੀ ਜੇਲ੍ਹ ਵੀ ਕੱਟ ਚੁੱਕੇ ਹਨ ਅਤੇ 2017 ਵਿੱਚ ਵੀ ਵਿਧਾਨ ਸਭਾ ਦੀ ਚੋਣਾਂ 'ਚ ਆਪਣੀ ਕਿਸਮਤ ਅਜ਼ਮਾ ਚੁਕੇ ਹਨ, ਜਿਸ ਵਿੱਚ ਉਹ ਅਸਫ਼ਲ ਰਹੇ।

ਜਸਬੀਰ ਸਿੰਘ ਕਾਲਾ ਧਾਰਮਿਕ ਬਿਰਤੀ ਦੇ ਵਿਅਕਤੀ ਹਨ ਅਤੇ ਪ੍ਰਚਾਰ ਦੌਰਾਨ ਧਾਰਮਿਕ ਗ੍ਰੰਥਾਂ ਵਿੱਚੋਂ ਹਵਾਲੇ ਦਿੰਦੇ ਹਨ।

ਉਹ ਕਹਿੰਦੇ ਹਨ, "ਅਸੀਂ ਸੱਚ ਦੇ ਰਾਹ ਤੁਰਨ ਵਾਲੇ ਫ਼ਕੀਰ ਹਾਂ ਅਤੇ ਹਰ ਥਾਂ ਹੋ ਰਹੇ ਜੁਲਮ ਤੇ ਅੱਤਿਆਚਾਰ ਨੂੰ ਖ਼ਤਮ ਕਰਨ ਲਈ ਚੋਣ ਮੈਦਾਨ ਵਿੱਚ ਉਤਰੇ ਹਾਂ।"

ਕਾਲਾ ਕੋਲ ਸਰੋਤਾਂ ਦੀ ਕਮੀ ਹੈ ਅਤੇ ਉਹ ਆਪਣੇ ਕੁਝ ਕੁ ਸਾਥੀਆਂ ਨਾਲ ਘੁੰਮ ਕੇ ਹੀ ਪ੍ਰਚਾਰ ਕਰ ਰਹੇ ਹਨ।

ਕਫ਼ਨ ਬਾਬਾ ਵੀ ਮੈਦਾਨ 'ਚ

ਮਾਝੇ ਦੇ ਹਲਕਾ ਅੰਮ੍ਰਿਤਸਰ ਤੋਂ ਮਹਿੰਦਰ ਸਿੰਘ ਉਰਫ਼ 'ਕਫ਼ਨ ਬਾਬਾ' ਚੋਣ ਮੈਦਾਨ ਵਿੱਚ ਹਨ। ਸਾਲ 2012 ਵਿਚ ਨਸ਼ਿਆ ਕਾਰਨ ਉਹ ਆਪਣੇ ਦੋ ਭਰਾ ਅਤੇ ਪਿਓ ਨੂੰ ਗੁਆ ਚੁੱਕੇ ਹਨ।

77 ਸਾਲਾ ਮਹਿੰਦਰ ਸਿੰਘ ਪੇਸ਼ੇ ਵਜੋਂ ਆਟੋ-ਰਿਕਸ਼ਾ ਚਾਲਕ ਹਨ ਅਤੇ ਸਥਾਨਕ ਲੋਕਾਂ ਵਿੱਚ ਕਫ਼ਨ ਬਾਬਾ ਵਜੋਂ ਜਾਣੇ ਜਾਂਦੇ ਹਨ।

ਪੰਜਾਬ ਵਿਚ ਨਸ਼ੇ ਦੀ ਸਮੱਸਿਆ ਮਹਿੰਦਰ ਸਿੰਘ ਲਈ ਮੁੱਖ ਚੋਣ ਮੁੱਦਾ ਹੈ। 1992 ਵਿੱਚ ਆਪਣੀ ਕਿਸਮਤ ਅਜ਼ਮਾ ਚੁੱਕੇ ਮਹਿੰਦਰ ਸਿੰਘ ਇਸ ਵਾਰ ਆਜ਼ਾਦ ਉਮੀਦਵਾਰ ਵਜੋਂ ਨਸ਼ਿਆਂ ਵਿਰੁੱਧ ਆਵਾਜ਼ ਉਠਾਉਣ ਲਈ ਲੜ ਰਹੇ ਹਨ।

ਅੰਮ੍ਰਿਤਸਰ ਵਾਲੇ ਗਾਂਧੀ ਜੀ

ਸ਼ਾਮ ਲਾਲ ਗਾਂਧੀ ਅੰਮ੍ਰਿਤਸਰ ਤੋਂ ਚੋਣਾਂ ਲੜਨ ਲਈ ਮਸ਼ਹੂਰ ਹਨ। ਉਹ ਲਗਭਗ ਹਰ ਕਿਸਮ ਦੀ ਚੋਣਾਂ 'ਚ ਹਿੱਸਾਂ ਲੈਂਦੇ ਹਨ। ਭਾਵੇਂ ਉਹ ਨਗਰ ਨਿਗਮ ਦੀਆਂ ਚੋਣਾਂ ਹੋਣ, ਵਿਧਾਨ ਸਭਾ ਦੀਆਂ ਜਾਂ ਫਿਰ ਲੋਕ ਸਭਾ ਦੀਆਂ।

ਇਹ ਵੀ ਪੜ੍ਹੋ

8ਵੀਂ ਵਾਰ ਚੋਣਾਂ ਲੜ ਰਹੇ ਸ਼ਾਮ ਲਾਲ ਗਾਂਧੀ ਸਾਈਕਲ ਤੇ ਆਪਣੀ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਨਾਲ ਘਰ-ਘਰ ਜਾ ਕੇ ਪ੍ਰਚਾਰ ਕਰ ਰਹੇ ਹਨ।

ਗਾਂਧੀ ਟੋਪੀ ਅਤੇ ਚਿੱਟੇ ਰੰਗ ਦਾ ਕੁੜਤਾ ਪਜਾਮਾ ਪਾ ਕੇ ਚੋਣ ਪ੍ਰਚਾਰ ਕਰਨ ਵਾਲੇ ਸ਼ਾਮ ਲਾਲ ਗਾਂਧੀ ਨੂੰ ਕਦੇ ਜਿੱਤ ਨਸੀਬ ਨਹੀਂ ਹੋਈ ਪਰ ਉਹ ਵਾਰ-ਵਾਰ ਚੋਣ ਕਿਉਂ ਲੜਦੇ ਹਨ।

ਇਸ ਸਵਾਲ ਦੇ ਜਵਾਬ ਵਿੱਚ ਸ਼ਾਮ ਲਾਲ ਕਹਿੰਦੇ ਹਨ, 'ਮੈਨੂੰ ਇਹ ਪੱਕਾ ਭਰੋਸਾ ਹੈ ਕਿ ਇੱਕ ਦਿਨ ਮੈਂ ਜਰੂਰ ਜਿੱਤਾਂਗਾ, ਅਜ਼ਾਦ ਉਮੀਦਵਾਰ ਨੂੰ ਹਮੇਸ਼ਾ ਡਰ ਤਾਂ ਰਹਿੰਦਾ ਹੈ, ਅਜ਼ਾਦ ਉਮੀਦਵਾਰ ਭੈਅ-ਭੀਤ ਰਹਿੰਦੇ ਹਨ।'

ਸ਼ਾਮ ਲਾਲ ਸਾਇਕਲ ਉੱਤੇ ਹੀ ਪ੍ਰਚਾਰ ਕਰਦੇ ਹਨ, ਪਰ ਇਸ ਵਾਰ ਪ੍ਰਚਾਰ ਲਈ ਕਿਸੇ ਗੱਡੀ ਦਾ ਜੁਗਾੜ ਕਰਨ ਦਾ ਵੀ ਸੋਚ ਰਹੇ ਹਨ।

ਖੁਦਕੁਸ਼ੀ ਕਰਨ ਵਾਲੇ ਕਿਸਾਨ ਦੀ ਵਿਧਵਾ

ਲੋਕ ਸਭਾ ਹਲਕਾ ਬਠਿੰਡਾ ਵਿੱਚ ਚੋਣ ਲੜ ਰਹੀ ਵੀਰਪਾਲ ਕੌਰ ਕਰਜ਼ ਕਾਰਨ ਖੁਦਕੁਸ਼ੀ ਕਰ ਚੁੱਕੇ ਕਿਸਾਨ ਦੀ ਵਿਧਵਾ ਹੈ।

ਬਠਿੰਡਾ ਦੇ ਪਿੰਡ ਰੱਲਾ ਦੀ ਰਹਿਣ ਵਾਲੀ ਵੀਰਪਾਲ ਕੌਰ ਦੇ ਪਤੀ, ਸਹੁਰੇ ਅਤੇ ਪਿਤਾ ਨੇ ਕਰਜ਼ ਕਾਰਨ ਖ਼ੁਦਕੁਸ਼ੀ ਕਰ ਲਈ ਸੀ।

ਵੀਰਪਾਲ ਕੌਰ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਉਸ ਦੇ ਪਤੀ ਨੇ ਫ਼ਾਹਾ ਲਿਆ ਸੀ ਅਤੇ ਪਤੀ ਨੇ ਆਤਮਦਾਹ ਕਰ ਲਿਆ ਸੀ।

ਉਸ ਦੇ ਪਿਤਾ ਨੇ ਕਰਜ਼ ਕਾਰਨ ਆਰਥਿਕ ਤੰਗੀ ਕਾਰਨ ਸਲਫ਼ਾਸ ਖਾ ਕੇ ਆਪਣੀ ਲੀਲਾ ਖ਼ਤਮ ਕਰ ਲਈ ਸੀ।

ਸਿਆਸੀ ਪਾਰਟੀਆਂ ਕਿਸਾਨਾਂ ਦਾ ਹੱਥ ਫੜਨਗੀਆਂ, ਵੀਰਪਾਲ ਕੌਰ ਦੀ ਇਹ ਆਸ ਟੁੱਟ ਚੁੱਕੀ ਹੈ।

ਇਸ ਲਈ ਕਿਸਾਨ ਮਸਲੇ ਨੂੰ ਕੇਂਦਰ ਵਿਚ ਲਿਆਉਣ ਲਈ ਵੀਰਪਾਲ ਕੌਰ ਨੇ ਚੋਣ ਮੈਦਾਨ ਵਿਚ ਉਤਰਨ ਦਾ ਫੈਸਲਾ ਲਿਆ ਹੈ।

ਬੱਸ ਦਾ ਕਿਰਾਇਆ ਗੁਆਂਢੀਆਂ ਤੋਂ ਮੰਗ ਕੇ ਚੋਣ ਪੱਤਰ ਦਾਖ਼ਲ ਕਰਨ ਆਈ ਵੀਰਪਾਲ ਕੌਰ ਕਹਿੰਦੀ ਹੈ ਕਿ ਸੱਤਾਧਾਰੀਆਂ ਤੇ ਅਮੀਰਾਂ ਖ਼ਿਲਾਫ਼ ਮੈਦਾਨ ਵਿੱਚ ਡਟਣਾ ਹੀ ਸਾਡੇ ਲਈ ਅਹਿਮ ਹੈ।

ਸੰਗਰੂਰ ਵਾਲਾ ਪੱਪੂ

ਸੰਗਰੂਰ ਹਲਕੇ ਵਿੱਚੋ 51 ਸਾਲਾ ਪੱਪੂ ਕੁਮਾਰ ਮਜਦੂਰਾਂ ਦੀ ਅਵਾਜ਼ ਬਣਨ ਲਈ ਚੋਣ ਮੈਦਾਨ ਵਿਚ ਆਏ ਹਨ।

ਪੱਪੂ ਕੁਮਾਰ ਅਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੰਜਾਬ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਮੌਜੂਦਾ ਐੱਮਪੀ ਭਗਵੰਤ ਮਾਨ ਅਤੇ ਕਾਂਗਰਸ ਦੇ ਸਾਬਕਾ ਐੱਮਐੱਲਏ ਕੇਵਲ ਸਿੰਘ ਢਿੱਲੋਂ ਵਰਗੇ ਆਗੂ ਮੈਦਾਨ ਵਿੱਚ ਹਨ।

ਪੱਪੂ ਕੁਮਾਰ ਮਜ਼ਦੂਰੀ ਦਾ ਕੰਮ ਕਰਦਾ ਹੈ। ਪੱਪੂ ਕੁਮਾਰ ਕੋਲ ਨਾ ਆਪਣਾ ਘਰ ਹੈ ਨਾ ਕੋਈ ਹੋਰ ਜ਼ਮੀਨ ਜਾਇਦਾਦ ਅਤੇ ਨਾ ਹੀ ਬੈਂਕ ਖਾਤਾ ਹੈ।

ਕਿਸੇ ਵੀ ਸਰਕਾਰੀ ਅਦਾਰੇ ਦੀ ਬੱਚ ਸਕੀਮ ਜਾਂ ਫਿਕਸਡ ਡਿਪਾਜ਼ਟ ਵੀ ਉਸੇ ਨਾਮ ਤੇ ਨਹੀਂ ਹੈ।

ਪੱਪੂ ਕੁਮਾਰ ਕੋਲ ਦੋ ਪਹੀਆ ਜਾਂ ਚਾਰ ਪਹੀਆ ਵਾਹਨ ਵੀ ਨਹੀਂ ਹੈ। ਪੱਪੂ ਕੁਮਾਰ ਦੀ ਮਹੀਨਾਵਾਰ ਆਮਦਨ 9000 ਰੁਪਏ ਅਤੇ ਪਤਨੀ ਦੀ 7500 ਰੁਪਏ ਹੈ।

ਸੋਸ਼ਲ ਮੀਡੀਆ ਅੱਜ ਕੱਲ੍ਹ ਚੋਣ ਪ੍ਰਚਾਰ ਦਾ ਵੱਡਾ ਜ਼ਰੀਆਂ ਮੰਨਿਆ ਜਾਂਦਾ ਹੈ। ਪੱਪੂ ਕੁਮਾਰ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਵੀ ਨਹੀਂ ਹੈ।

ਫਰੀਦਕੋਟ ਵਾਲਾ ਭੋਲਾ ਸਿੰਘ

ਫਰੀਦਕੋਟ ਦੇ ਭੋਲਾ ਸਿੰਘ ਇਕ ਚਿੱਟ ਫੰਡ ਸਕੀਮ ਦੇ ਸ਼ਿਕਾਰ ਹਨ, ਜਿਸ ਵਿੱਚ ਉਨ੍ਹਾਂ ਨੇ 4.5 ਲੱਖ ਰੁਪਏ ਗੁਆਏ ਹਨ।

43 ਸਾਲਾ ਗ੍ਰੰਥੀ ਇਨ੍ਹਾਂ ਚੋਣਾਂ 'ਚ ਇਹੋ ਜਿਹੀਆਂ ਫ਼ਰਜ਼ੀ ਕੰਪਨੀਆਂ ਨੂੰ ਨੱਥ ਪਾਉਣ ਲਈ ਭਾਰਤੀ ਲੋਕ ਸੇਵਾ ਦਲ ਦੇ ਉਮੀਦਵਾਰ ਵਜੋਂ ਲੜ ਰਹੇ ਹਨ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)