ਲੋਕ ਸਭਾ ਚੋਣਾਂ 2019: ਨਾ ਬੈਂਕ ਖਾਤਾ, ਨਾ ਜ਼ਮੀਨ ਤੇ ਨਾ ਗੱਡੀਆਂ ਦਾ ਕਾਫਿਲਾ ਹੈ ਇਸ ਉਮੀਦਵਾਰ ਕੋਲ

    • ਲੇਖਕ, ਸੁਖਚਰਨ ਪ੍ਰੀਤ
    • ਰੋਲ, ਬੀਬੀਸੀ ਪੰਜਾਬੀ ਦੇ ਲਈ

ਲੋਕ ਸਭਾ ਚੋਣਾਂ ਵਿੱਚ ਜਿੱਥੇ ਮੁੱਖ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ ਉੱਥੇ ਕਈ ਨਵੇਂ ਚਿਹਰੇ ਵੀ ਇਨ੍ਹਾਂ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਲੋਕ ਸਭਾ ਹਲਕਾ ਸੰਗਰੂਰ ਤੋਂ ਚੋਣ ਲੜ ਰਹੇ ਪੱਪੂ ਕੁਮਾਰ ਵੀ ਅਜਿਹੇ ਹੀ ਉਮੀਦਵਾਰ ਹਨ। ਪੱਪੂ ਕੁਮਾਰ ਆਜ਼ਾਦ ਉਮੀਦਵਾਰ ਵਜੋਂ ਆਪਣੀ ਕਿਸਮਤ ਅਜ਼ਮਾ ਰਹੇ ਹਨ।

ਸੰਗਰੂਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂ ਅਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਵਰਗੇ ਆਗੂ ਮੈਦਾਨ ਵਿੱਚ ਹਨ।

ਇਨ੍ਹਾਂ ਸਮੇਤ ਕੁੱਲ 31 ਉਮੀਦਵਾਰ ਸੰਗਰੂਰ ਤੋਂ ਚੋਣ ਮੈਦਾਨ ਵਿੱਚ ਹਨ।

ਇਹ ਵੀ ਪੜ੍ਹੋ:

ਪੱਪੂ ਕੁਮਾਰ ਦੀ ਪ੍ਰੋਫਾਈਲ

ਪੱਪੂ ਕੁਮਾਰ ਦੀ ਪ੍ਰੋਫਾਈਲ ਇਨ੍ਹਾਂ ਉਮੀਦਵਾਰਾਂ ਵਿੱਚੋਂ ਉਸ ਨੂੰ ਖ਼ਾਸ ਬਣਾਉਂਦੀ ਹੈ। ਉਸ ਵੱਲੋਂ ਦਾਖ਼ਲ ਕੀਤੇ ਨਾਮਜ਼ਦਗੀ ਪੱਤਰ ਮੁਤਾਬਕ ਪੱਪੂ ਕੁਮਾਰ ਮਜ਼ਦੂਰੀ ਦਾ ਕੰਮ ਕਰਦਾ ਹੈ।

ਪੱਪੂ ਕੁਮਾਰ ਕੋਲ ਨਾ ਆਪਣਾ ਘਰ ਹੈ,ਨਾ ਕੋਈ ਜ਼ਮੀਨ ਜਾਇਦਾਦ ਅਤੇ ਨਾ ਹੀ ਬੈਂਕ ਖਾਤਾ ਹੈ। ਕਿਸੇ ਵੀ ਸਰਕਾਰੀ ਅਦਾਰੇ ਦੀ ਬਚਤ ਸਕੀਮ ਜਾਂ ਫਿਕਸ ਡਿਪਾਜ਼ਟ ਵੀ ਉਸਦੇ ਨਾਂ 'ਤੇ ਨਹੀਂ ਹੈ।

ਪੱਪੂ ਕੁਮਾਰ ਕੋਲ ਨਾ ਕੋਈ ਸਕੂਟਰ ਜਾਂ ਬਾਈਕ ਹੈ ਤੇ ਨਾ ਹੀ ਕੋਈ ਕਾਰ। ਪੱਪੂ ਕੁਮਾਰ ਦੀ ਮਹੀਨੇ ਦੀ ਆਮਦਨ ਨੌਂ ਹਜ਼ਾਰ ਰੁਪਏ ਅਤੇ ਪਤਨੀ ਦੀ ਆਮਦਨ 7500 ਰੁਪਏ ਹੈ।

ਸੋਸ਼ਲ ਮੀਡੀਆ ਅੱਜ ਕੱਲ੍ਹ ਚੋਣ ਪ੍ਰਚਾਰ ਦਾ ਵੱਡਾ ਜ਼ਰੀਆ ਮੰਨਿਆ ਜਾਂਦਾ ਹੈ। ਪੱਪੂ ਕੁਮਾਰ ਦਾ ਕੋਈ ਸੋਸ਼ਲ ਮੀਡੀਆ ਅਕਾਊਂਟ ਵੀ ਨਹੀਂ ਹੈ।

ਪੱਪੂ ਕੁਮਾਰ ਬਰਨਾਲਾ ਦੀ ਰਾਹੀ ਬਸਤੀ ਦਾ ਵਸਨੀਕ ਹੈ। ਸਾਡੀ ਟੀਮ ਜਦੋਂ ਉਨ੍ਹਾਂ ਦੇ ਘਰ ਗਈ ਤਾਂ ਘਰ ਵਿੱਚ ਉਨ੍ਹਾਂ ਦੇ ਪਰਿਵਾਰ ਤੋਂ ਇਲਾਵਾ ਤਿੰਨ ਚਾਰ ਸਮਰਥਕ ਵੀ ਮੌਜੂਦ ਸਨ।

ਪੱਪੂ ਕੁਮਾਰ ਮੁਤਾਬਕ ਉਹ ਫਲਾਂ ਦੇ ਬਾਗ਼ਾਂ ਵਿੱਚ,ਸਬਜ਼ੀਆਂ ਦੀ ਢੋਆ-ਢੁਆਈ ਅਤੇ ਟਰੱਕ ਲੋਡਿੰਗ ਸਮੇਤ ਹਰ ਤਰ੍ਹਾਂ ਦੀ ਮਜ਼ਦੂਰੀ ਕਰ ਲੈਂਦੇ ਹਨ।

ਇਹ ਵੀ ਪੜ੍ਹੋ:

ਜਿੱਤ ਦਾ ਪੂਰਾ ਭਰੋਸਾ

ਉਨ੍ਹਾਂ ਦੇ ਦੋ ਪੁੱਤਰ ਹਨ ਅਤੇ ਉਹ ਵੀ ਉਸਦੇ ਵਾਂਗ ਹੀ ਮਜ਼ਦੂਰੀ ਕਰਦੇ ਹਨ। ਜਿਸ ਘਰ ਵਿੱਚ ਪੱਪੂ ਕੁਮਾਰ ਆਪਣੇ ਪਰਿਵਾਰ ਸਮੇਤ ਰਹਿ ਰਹੇ ਹਨ ਉਹ ਪੱਪੂ ਕੁਮਾਰ ਦੇ ਪਿਤਾ ਦਾ ਘਰ ਹੈ ਜਿਹੜਾ ਕਿ ਉਨ੍ਹਾਂ ਦੇ ਨਾਂ ਨਹੀਂ ਹੈ।

ਪੱਪੂ ਕੁਮਾਰ ਦੱਸਦਾ ਹੈ, "ਮੇਰਾ ਚੋਣ ਪ੍ਰਚਾਰ ਦਾ ਕੋਈ ਬਹੁਤਾ ਖਰਚਾ ਨਹੀਂ ਹੈ। ਗੱਡੀ ਦੇ ਤੇਲ ਅਤੇ ਹੋਰ ਥੋੜ੍ਹੇ ਬਹੁਤ ਖ਼ਰਚੇ ਸਮਰਥਕਾਂ ਦੀ ਸਹਾਇਤਾ ਨਾਲ ਚੱਲ ਰਹੇ ਹਨ। ਮੇਰਾ ਕਿਸੇ ਨਾਲ ਮੁਕਾਬਲਾ ਨਹੀਂ ਹੈ। ਲੋਕਾਂ ਵੱਲੋਂ ਮੈਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ। ਮੈਨੂੰ ਪੁਰੀ ਉਮੀਦ ਹੈ ਕਿ ਮੈਂ ਜਿੱਤ ਹਾਸਲ ਕਰਾਂਗਾ।"

ਤੁਹਾਨੂੰ ਇਹ ਵੀਡੀਓਜ਼ ਵੀ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)