ਲੋਕ ਸਭਾ ਚੋਣਾਂ 2019: ਅਨੰਦਪੁਰ ਸਾਹਿਬ ਤੋਂ 'ਆਪ' ਉਮੀਦਵਾਰ ਨਰਿੰਦਰ ਸ਼ੇਰਗਿੱਲ ਦੀ ਉਮੀਦਵਾਰੀ ਉੱਤੇ ਸੰਕਟ ਦੇ ਬੱਦਲ

ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਰਿੰਦਰ ਸ਼ੇਰਗਿੱਲ ਦੀ ਉਮੀਦਵਾਰੀ ਉੱਤੇ ਤਲਵਾਰ ਲਟਕ ਗਈ ਹੈ। ਚੋਣ ਕਮਿਸ਼ਨ ਵਲੋਂ ਜਾਰੀ ਅਯੋਗ ਉਮੀਦਵਾਰਾਂ ਦੀ ਸੂਚੀ ਵਿਚ ਜਦੋਂ ਮੰਗਲਵਾਰ ਨੂੰ ਉਨ੍ਹਾਂ ਦਾ ਨਾਂ ਆਇਆ ਤਾਂ ਪਾਰਟੀ ਨੂੰ ਭਾਜੜ ਪੈ ਗਈ।

ਚੋਣ ਕਮਿਸ਼ਨ ਨੇ ਉਨ੍ਹਾਂ ਉੱਤੇ ਇਹ ਇਤਰਾਜ਼ ਲਾਇਆ ਸੀ ਕਿ ਉਨ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੀਤੇ ਖਰਚੇ ਦਾ ਬਿਓਰਾ ਰਿਟਰਨਿੰਗ ਅਫ਼ਸਰ ਨੂੰ ਨਹੀਂ ਦਿੱਤਾ। ਪਰ ਆਮ ਆਦਮੀ ਪਾਰਟੀ ਦੇ ਸੂਤਰਾਂ ਨੇ ਦਾਅਵਾ ਕੀਤਾ ਇਹ ਕਾਗਜ਼ ਰੋਪੜ ਦਫ਼ਤਰ ਵਿਚ ਦਿੱਤੇ ਗਏ ਸਨ।

ਇਸ ਲਈ ਨਰਿੰਦਰ ਸ਼ੇਰਗਿੱਲ ਹਾਈਕੋਰਟ ਪਹੁੰਚੇ ਅਤੇ ਉਨ੍ਹਾਂ ਅਦਾਲਤ ਵਿਚ ਆਪਣਾ ਪੱਖ ਰੱਖਿਆ ਪਰ ਸਰਕਾਰੀ ਵਕੀਲ ਨੇ ਇਸ ਲ਼ਈ 2 ਮਈ ਤੱਕ ਸਮਾਂ ਮੰਗਿਆਂ

ਅਨੰਦਪੁਰ ਸਾਹਿਬ ਹਲਕੇ ਦਾ ਘੇਰਾ

ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ 2008 ਦੌਰਾਨ ਹੋਈ ਡੀ-ਲਿਮੀਟੇਸ਼ਨ ਸਮੇਂ ਹੋਂਦ ਵਿੱਚ ਆਇਆ ਸੀ। ਇਤਿਹਾਸਕ ਸ਼ਹਿਰਾਂ ਨੂੰ ਮਾਨਤਾ ਦੇਣ ਲਈ ਇਹ ਹਲਕਾ ਤਤਕਾਲੀ ਲੋਕ ਸਭਾ ਹਲਕਾ ਰੋਪੜ, ਹੁਸ਼ਿਆਰਪੁਰ ਅਤੇ ਫਿਲੌਰ ਲੋਕ ਸਭਾ ਹਲਕਿਆਂ ਵਿੱਚ ਫੇਰਬਦਲ ਕਰਕੇ ਬਣਾਇਆ ਗਿਆ।

ਚੋਣ ਕਮਿਸ਼ਨ ਦੇ ਰਿਕਾਰਡ ਮੁਤਾਬਕ ਅਨੰਦਪੁਰ ਸਾਹਿਬ ਹਲਕੇ ਵਿੱਚ ਰੋਪੜ ਹਲਕੇ ਦੇ ਮੁਹਾਲੀ ਤੇ ਚਮਕੌਰ ਸਾਹਿਬ, ਫਿਲੌਰ ਦੇ ਨਵਾਂ ਸ਼ਹਿਰ ਤੇ ਬੰਗਾ ਅਤੇ ਹੁਸ਼ਿਆਰਪੁਰ ਦੇ ਗੜਸ਼ੰਕਰ, ਅਨੰਦਪੁਰ ਸਾਹਿਬ ਤੇ ਬਲਾਚੌਰ ਵਿਧਾਨ ਸਭਾ ਹਲਕਿਆਂ ਨੂੰ ਮਿਲਾ ਕੇ ਬਣਾਇਆ ਗਿਆ।

ਸਾਲ 2008 ਤੋਂ ਬਾਅਦ ਹੋਈਆਂ ਦੋ ਲੋਕ ਸਭਾ ਚੋਣਾਂ 2009 ਵਿੱਚ ਕਾਂਗਰਸ ਦੇ ਰਵਨੀਤ ਸਿੰਘ ਬਿਟੂ ਅਤੇ 2014 ਵਿੱਚ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਜੇਤੂ ਰਹੇ।

ਇਹ ਵੀ ਪੜ੍ਹੋ:

ਇਸ ਵਾਰ ਦੇ ਉਮੀਦਵਾਰ

  • ਸ਼੍ਰੋਮਣੀ ਅਕਾਲੀ ਦਲ- ਪ੍ਰੇਮ ਸਿੰਘ ਚੰਦੂਮਾਜਰਾ
  • ਕਾਂਗਰਸ- ਮਨੀਸ਼ ਤਿਵਾਰੀ
  • ਆਮ ਆਦਮੀ ਪਾਰਟੀ-ਨਰਿੰਦਰ ਸਿੰਘ ਸ਼ੇਰਗਿੱਲ
  • ਪੰਜਾਬ ਡੈਮੋਕ੍ਰੈਟਿਕਸ ਗਠਜੋੜ- ਵਿਕਰਮ ਸਿੰਘ ਸੋਢੀ

ਚੋਣ ਮੁਦੇ

  • ਲੋਕ ਸਭਾ ਹਲਕਾ ਆਨੰਦਪੁਰ ਦੇ ਵਿਧਾਨ ਸਭਾ ਹਲਕੇ ਅਨੰਦਪੁਰ ਸਾਹਿਬ , ਰੋਪੜ, ਗੜਸ਼ੰਕਰ, ਬਲਾਚੌਰ ਦਾ ਵੱਡਾ ਖੇਤਰ ਨੀਮ ਪਹਾੜੀ ਹੋਣ ਕਰਕੇ ਇਸ ਖੇਤਰ ਵਿੱਚ ਪੀਣ ਵਾਲੇ ਪਾਣੀ ਅਤੇ ਖੇਤੀ ਲਈ ਸਿੰਚਾਈ ਵਾਲੇ ਪਾਣੀ ਦੀ ਘਾਟ ਵਡਾ ਚੋਣ ਮੁਦਾ ਰਿਹਾ ਹੈ।
  • ਵਿਧਾਨ ਸਭਾ ਹਲਕਾ ਰੋਪੜ, ਮੁਹਾਲੀ ਤੇ ਅਨੰਦਪੁਰ ਸਾਹਿਬ ਵਿੱਚ ਸਨਅਤਾਂ ਦਾ ਉਜਾੜਾ, ਨਵੇਂ ਉਦਯੋਗਾਂ ਦਾ ਨਾ ਲੱਗਣਾ ਤੇ ਨੌਕਰੀਆਂ ਦੇ ਮੌਕੇ ਘਟਣਾ ਵੀ ਅਹਿਮ ਚੋਣ ਮੁਦਾ ਹੈ।
  • ਸਤਲੁਜ ਦਰਿਆ ਇਸ ਹਲਕੇ ਦੇ ਆਨੰਦਪੁਰ ਸਾਹਿਬ, ਰੋਪੜ, ਚਮਕੌਰ ਸਾਹਿਬ ਹਲਕਿਆਂ ਵਿੱਚੋਂ ਲੰਘਦਾ ਹੈ, ਦਰਿਆਈ ਖੇਤਰ ਵਿੱਚ ਮਾਈਨਿੰਗ ਮਾਫੀਆ ਦੀ ਸਰਗਰਮੀ ਤੇ ਸਥਾਨਕ ਲੋਕਾਂ ਦਾ ਟਕਰਾਅ ਵੀ ਸਿਆਸਤ ਨੂੰ ਗਰਮਾਈ ਰਖਦਾ ਹੈ।

ਇਹ ਵੀ ਪੜ੍ਹੋ:

  • ਦਰਿਆਈ ਤੇ ਨੀਮ ਪਹਾੜੀ ਖੇਤਰਾਂ ਵਿੱਚ ਪੇਸ਼ੇਵਰ ਸਿੱਖਿਆ, ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਰਹੀ ਹੈ।
  • ਇਸ ਇਲਾਕੇ ਵਿੱਚ ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦਾ ਉਜਾੜਾ ਅਹਿਮ ਮੁੱਦਾ ਹੈ।
  • ਨਸ਼ਾਖੋਰੀ , ਗੈਂਗਵਾਰ, ਬੇਰੁਜ਼ਗਾਰੀ ਅਤੇ ਖੇਤੀ ਸੰਕਟ ਦੀਆਂ ਸਮੱਸਿਆਵਾਂ ਦਾ ਹਲਕੇ ਦੇ ਲੋਕ ਆਪਣੇ ਚੁਣੇ ਹੋਏ ਨੁੰਮਾਇਦਿਆਂ ਤੋਂ ਹੱਲ ਚਾਹੁੰਦੇ ਹਨ।
  • ਨਵਾਂ ਸ਼ਹਿਰ , ਬੰਗਾ, ਗੜ੍ਹਸ਼ੰਕਰ ਤੇ ਬਲਾਚੌਰ ਐੱਨਆਰਆਈ ਖੇਤਰ ਹੋਣ ਕਾਰਨ ਪਰਵਾਸੀਆਂ ਦੀਆਂ ਸਮੱਸਿਆਵਾਂ ਵੀ ਇੱਥੇ ਚੋਣ ਮੁੱਦਾ ਹੈ।

ਮੌਜੂਦਾ ਲੋਕ ਸਭਾ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ

ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਲੋਕ ਸਭਾ ਹਲਕਾ ਆਨੰਦਪੁਰ ਤੋਂ ਮੌਜੂਦਾ ਸੰਸਦ ਮੈਬਰ ਹਨ। ਵਿਦਿਆਰਥੀ ਸਿਆਸਤ ਤੋਂ ਰਾਜਨੀਤੀ ਵਿੱਚ ਆਏ ਪ੍ਰੇਮ ਸਿੰਘ ਚੰਦੂਮਾਜਰਾ ਅਕਾਲੀ ਦਲ ਦੇ ਯੂਥ ਵਿੰਗ ਦੇ ਪ੍ਰਧਾਨ ਰਹੇ ਹਨ ਅਤੇ 1985 ਵਿੱਚ ਵਿਧਾਨ ਸਭਾ ਹਲਕਾ ਡਕਾਲਾ ਤੋ ਪਹਿਲੀ ਵਾਰ ਵਿਧਾਇਕ ਬਣੇ।

ਉਹ 11ਵੀਂ ਤੇ 12ਵੀਂ ਲੋਕ ਸਭਾ ਲਈ ਹਲਕਾ ਪਟਿਆਲਾ ਤੋਂ ਚੁਣੇ ਗਏ ਸਨ। ਪੰਥਕ ਸਿਆਸਤ ਦੇ ਬਾਬਾ ਬੋਹੜ ਕਹੇ ਜਾਂਦੇ ਮਰਹੂਮ ਆਗੂ ਗੁਰਚਰਨ ਸਿੰਘ ਟੋਹੜਾ ਦੇ ਨਜ਼ਦੀਕੀ ਰਹੇ ਚੰਦੂਮਾਜਰਾ ਨੇ 1999 ਵਿੱਚ ਅਕਾਲੀ ਦਲ ਦੇ ਦੋਫਾੜ ਹੋਣ ਸਮੇਂ ਜਥੇਦਾਰ ਟੌਹੜਾ ਦਾ ਸਾਥ ਦਿੰਦਿਆਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪਾਰਟੀ ਤੋਂ ਵੱਖ ਹੋ ਗਏ, ਬਾਅਦ ਵਿੱਚ ਉਹ ਅਕਾਲੀ ਦਲ ਵਿੱਚ ਮੁੜ ਸ਼ਾਮਲ ਹੋ ਗਏ ਅਤੇ 2014 'ਚ ਉਹ ਅਕਾਲੀ ਦਲ ਦੀ ਟਿਕਟ ਉੱਤੇ ਚੋਣ ਜਿੱਤ ਕੇ 16 ਵੀ ਲੋਕ ਸਭਾ ਪਹੁੰਚੇ।

ਇਹ ਵੀ ਪੜ੍ਹੋ:

16ਵੀ ਲੋਕ ਸਭਾ ਦਾ ਨਤੀਜਾ

ਪ੍ਰੇਮ ਸਿੰਘ ਚੰਦੂਮਾਜਰਾ ਨੇ ਕਾਂਗਰਸ ਦੀ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ 23697 ਵੋਟਾਂ ਦੇ ਫਰਕ ਨਾਲ ਹਰਾਇਆ। ਚੰਦੂਮਾਜਰਾ ਨੂੰ 3,47,394 ਵੋਟਾਂ ਪਈਆਂ ਜਦਕਿ ਅੰਬਿਕਾ ਸੋਨੀ ਨੂੰ 2,23,697 ਵੋਟਾਂ ਮਿਲੀਆਂ। ਪਹਿਲੀ ਵਾਰ ਚੋਣ ਮੈਦਾਨ 'ਚ ਉਤਰੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਿੰਮਤ ਸਿੰਘ ਸ਼ੇਰਗਿਲ ਨੇ ਵੀ ਦੋਵਾਂ ਨੂੰ ਸਖ਼ਤ ਟੱਕਰ ਦਿਤੀ , ਸ਼ੇਰਗਿੱਲ ਨੂੰ 3,06,008 ਵੋਟਾਂ ਮਿਲੀਆਂ।

ਵੋਟਾਂ ਦਾ ਹਿਸਾਬ

ਆਨੰਦਪੁਰ ਸਾਹਿਬ ਹਲਕੇ ਵਿੱਚ ਕੁੱਲ 15,64,721 ਵੋਟਰ ਹਨ। ਔਰਤ ਵੋਟਰ 7,47,512 ਅਤੇ 8,17,186 ਮਰਦ ਵੋਟਰ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)