ਆਮ ਆਦਮੀ ਪਾਰਟੀ ਦੇ ਬਾਗੀ ਸੁਖਪਾਲ ਖਹਿਰਾ ਹੁਣ ਕੀ ਕਰਨ ਜਾ ਰਹੇ ਨੇ

ਆਮ ਆਦਮੀ ਪਾਰਟੀ ਵਿਚੋਂ ਆਪਣੀ ਮੁੱਅਤਲੀ ਉੱਤੇ ਸੁਖਪਾਲ ਖਹਿਰਾ ਨੇ ਆਪਣੇ ਸਮਰਥਕਾਂ ਨੂੰ ਕਿਹਾ, 'ਇਸ ਮੁਅੱਤਲੀ ਤੋਂ ਘਬਰਾਉਣਾ ਨਹੀਂ ਹੈ, ਜਦੋਂ ਨਿਭ ਕੇ ਸਿਆਸਤ ਨਹੀਂ ਕਰਨੀ ਹੈ ਅਤੇ ਨਾ ਗੁਲਾਮੀ ਕਰਨੀ ਹੈ ਤਾਂ ਭਾਰਤ ਦੀ ਸਿਆਸਤ ਵਿਚ ਇਹ ਸਹਿਣਾ ਪੈ ਰਿਹਾ ਹੈ'।

ਖਹਿਰਾ ਨੇ ਕਿਹਾ, 'ਆਮ ਆਦਮੀ ਪਾਰਟੀ ਨੇ ਆਗੂ ਅਰਵਿੰਦ ਕੇਜਰੀਵਾਲ ਉੱਤੇ ਭਰੋਸਾ ਕੀਤਾ ਸੀ ,ਪਰ ਉਨ੍ਹਾਂ ਕਿਸੇ ਦਾ ਮਾਣ ਸਤਿਕਾਰ ਨਹੀਂ ਕੀਤਾ'।

ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਆਗੂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੁਖਪਾਲ ਖਹਿਰਾ ਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਲੱਗੇ ਹੋਏ ਸਨ।

ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਪੱਧਰ ਉੱਤੇ ਉਨ੍ਹਾਂ ਨਾਲ ਤਾਲਮੇਲ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਪਾਰਟੀ ਨੂੰ ਤੋੜਣ ਵਿਚ ਲੱਗੇ ਹੋਏ ਸਨ। ਇਸ ਲਈ ਪਾਰਟੀ ਨੂੰ ਇਹ ਕਦਮ ਚੁੱਕਣਾ ਪਿਆ ਹੈ।

ਇਹ ਵੀ ਪੜ੍ਹੋ

ਕੇਜਰੀਵਾਲ ਦੀਆਂ ਦੋ ਗੱਲਾਂ ਤੋਂ ਹੋਇਆ ਸੀ ਪ੍ਰਭਾਵਿਤ

ਖਹਿਰਾ ਮੁਤਾਬਕ, 'ਕੇਜਰੀਵਾਲ ਨੇ ਆਪਣੇ ਸਹੁੰ ਚੁੱਕ ਸਮਾਗਮ ਵਿਚ ਕਿਹਾ ਸੀ ਹੰਕਾਰ ਨਹੀਂ ਕਰਨਾ ਹੈ ਅਤੇ ਸਵਰਾਜ ਦੇ ਸਿਧਾਂਤ ਉੱਤੇ ਚੱਲਣਾ ਹੈ। ਪਰ ਇਹ ਦੋਵੇਂ ਗੱਲਾਂ ਗਲਤ ਸਾਬਤ ਹੋਈਆਂ'। ਇਨ੍ਹਾਂ ਦੋਵਾਂ ਗੱਲਾਂ ਤੋਂ ਹੀ ਉਹ ਕੇਜਰੀਵਾਲ ਤੋਂ ਪ੍ਰਭਾਵਿਤ ਹੋਏ ਸਨ।

ਖਹਿਰਾ ਦਾ ਕਹਿਣਾ ਹੈ, 'ਕੇਜਰੀਵਾਲ ਨੇ ਜੋ ਕਰਨਾ ਸੀ ਉਹ ਕਰ ਲਿਆ। ਮੇਰੇ ਖ਼ਿਲਾਫ਼ ਬਾਦਲ ਤੇ ਕੈਪਟਨ ਕਾਫ਼ੀ ਦੇਰ ਤੋਂ ਲੱਗੇ ਹੋਏ ਹਨ। ਕੇਜਰੀਵਾਲ ਵੀ ਅਸਲ ਬਾਦਲ ਤੇ ਕੈਪਟਨ ਵਾਂਗ ਮੇਰੀ ਅਵਾਜ਼ ਬੰਦ ਕਰਨੀ ਚਾਹੁੰਦਾ ਸੀ। ਏਕਤਾ ਦੀਆਂ ਕੋਸ਼ਿਸ਼ਾਂ ਵੀ ਡਰਾਮਾ ਹੀ ਸੀ'।

'ਇਹ ਸਾਰਾ ਕੁਝ ਤੈਅ ਸੀ ਅਤੇ ਲੋਕ ਸਭ ਜਾਣਦੇ ਹਨ। ਪੰਜਾਬ ਦੇ ਲੋਕ ਉਨ੍ਹਾਂ ਨੂੰ ਪਛਾਣ ਲਿਆ ਹੈ। ਤੁਸੀਂ ਦੱਸੋ ਅੱਗੇ ਕੀ ਕਰਨਾ ਚਾਹੀਦਾ ਹੈ'

ਹੁਣ ਅੱਗੇ ਕੀ ਕਰਨਗੇ

ਪੰਜਾਬ ਵਿਚ ਮਹਾ ਗਠਜੋੜ ਦੀ ਲੋੜ ਉੱਤੇ ਜ਼ੋਰ ਦਿੰਦਿਆ ਖਹਿਰਾ ਨੇ ਕਿਹਾ, 'ਬੈਂਸ ਭਰਾ , ਧਰਮਵੀਰ ਗਾਂਧੀ , ਬਹੁਜਨ ਸਮਾਜ ਪਾਰਟੀ , ਬਰਗਾੜੀ ਦੇ ਪੰਥਕ ਮੋਰਚੇ ਆਗੂਆਂ ਨਾਲ ਇਹ ਤਾਲਮੇਲ ਹੋਵੇਗਾ'। ਇਸ ਬਾਰੇ ਗੈਰ ਰਸਮੀ ਗੱਲਬਾਤ ਹੋ ਚੁੱਕੀ ਹੈ

ਇਹ ਵੀ ਪੜ੍ਹੋ

ਖਹਿਰਾ ਨੇ ਕਿਹਾ, 'ਮੇਰੀ ਰਾਏ ਹੈ ਕਿ 2019 ਦੀਆਂ ਚੋਣਾਂ ਤੋਂ ਪਹਿਲਾਂ ਸਾਂਝਾ ਮੋਰਚਾ ਖੜ੍ਹਾ ਕਰਦੇ। ਜੇਕਰ ਆਦਮੀ ਪਾਰਟੀ ਇਕੱਠੀ ਹੋਕੇ ਸਾਂਝੇ ਮੋਰਚੇ ਨਾਲ ਲੜਦੇ ਤਾਂ 13 ਦੀਆਂ 13 ਸੀਟਾਂ ਜਿੱਤ ਸਕਦੇ ਹੈ। ਸਵਾਲ ਇਹ ਹੈ ਕਿ ਪੰਜਾਬ ਨੂੰ ਗੰਦਗੀ ਵਿੱਚੋਂ ਬਾਹਰ ਕਿਵੇਂ ਕੱਢਣਾ ਹੈ। ਇਸ ਲਈ ਸਾਰੇ ਪੰਜਾਬੀ ਆਪਣੀ ਰਾਏ ਦਿਓ'।

ਕੋਰ ਕਮੇਟੀ ਕੀਤਾ ਸੀ ਮੁਅੱਤਲ

ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਸੀ। ਖਹਿਰਾ ਭੁਲੱਥ ਤੋਂ ਅਤੇ ਸੰਧੂ ਹਲਕਾ ਖਰੜ ਤੋਂ ਵਿਧਾਇਕ ਹਨ।

ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕੋਰ ਕਮੇਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਕਿਹਾ ਸੀ, ''ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ ਤੇ ਲਗਾਤਾਰ ਕੇਂਦਰੀ ਅਤੇ ਸੂਬਾ ਲੀਡਰਸ਼ਿਪ 'ਤੇ ਸ਼ਬਦੀ ਹਮਲੇ ਕਰਦੇ ਰਹੇ ਹਨ।''

''ਕਿਸੇ ਵੀ ਪੱਧਰ 'ਤੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਆਗੂਆਂ ਅਤੇ ਵਲੰਟੀਅਰਾਂ ਨੂੰ ਪਾਰਟੀ ਦੁਆਰਾ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।''

ਕੋਰ ਕਮੇਟੀ ਵੱਲੋਂ ਜਾਰੀ ਬਿਆਨ 'ਚ ਅੱਗੇ ਇਹ ਕਿਹਾ ਗਿਆ ਕਿ ਪਾਰਟੀ ਵੱਲੋਂ ਆਪਣੇ ਪੱਧਰ 'ਤੇ ਹਰ ਸੰਭਵ ਯਤਨ ਕਰ ਕੇ ਦੋਵਾਂ ਆਗੂਆਂ ਨੂੰ ਸਮਝਾਉਣ ਵਿਚ ਅਸਫਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਫ਼ੌਰੀ ਤੌਰ 'ਤੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)