ਸੁਖਪਾਲ ਸਿੰਘ ਖਹਿਰਾ ਤੇ ਕੰਵਰ ਸੰਧੂ ਆਮ ਆਦਮੀ ਪਾਰਟੀ 'ਚੋਂ ਸਸਪੈਂਡ

ਆਮ ਆਦਮੀ ਪਾਰਟੀ ਨੇ ਸ਼ਨੀਵਾਰ ਨੂੰ ਬਾਗੀ ਨੇਤਾ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਖਹਿਰਾ ਭੁਲੱਥ ਤੋਂ ਅਤੇ ਸੰਧੂ ਹਲਕਾ ਖਰੜ ਤੋਂ ਵਿਧਾਇਕ ਹਨ।

ਆਮ ਆਦਮੀ ਪਾਰਟੀ ਦੀ ਪੰਜਾਬ ਦੀ ਕੋਰ ਕਮੇਟੀ ਵੱਲੋਂ ਜਾਰੀ ਪ੍ਰੈੱਸ ਬਿਆਨ ਵਿਚ ਇਹ ਕਿਹਾ ਗਿਆ, ''ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਲਗਾਤਾਰ ਪਾਰਟੀ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਰਹੇ ਹਨ ਤੇ ਲਗਾਤਾਰ ਕੇਂਦਰੀ ਅਤੇ ਸੂਬਾ ਲੀਡਰਸ਼ਿਪ 'ਤੇ ਸ਼ਬਦੀ ਹਮਲੇ ਕਰਦੇ ਰਹੇ ਹਨ।''

''ਕਿਸੇ ਵੀ ਪੱਧਰ 'ਤੇ ਅਨੁਸ਼ਾਸਨਹੀਣਤਾ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ ਅਤੇ ਆਗੂਆਂ ਅਤੇ ਵਲੰਟੀਅਰਾਂ ਨੂੰ ਪਾਰਟੀ ਦੁਆਰਾ ਨਿਰਧਾਰਿਤ ਨਿਯਮਾਂ ਦੀ ਪਾਲਣਾ ਕਰਨੀ ਪਵੇਗੀ।''

ਕੋਰ ਕਮੇਟੀ ਵੱਲੋਂ ਜਾਰੀ ਬਿਆਨ 'ਚ ਅੱਗੇ ਇਹ ਕਿਹਾ ਗਿਆ ਕਿ ਪਾਰਟੀ ਵੱਲੋਂ ਆਪਣੇ ਪੱਧਰ 'ਤੇ ਹਰ ਸੰਭਵ ਯਤਨ ਕਰ ਕੇ ਦੋਵਾਂ ਆਗੂਆਂ ਨੂੰ ਸਮਝਾਉਣ ਵਿਚ ਅਸਫਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਫ਼ੌਰੀ ਤੌਰ 'ਤੇ ਮੁਅੱਤਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ।

ਸਾਡੇ ਖਿਲਾਫ਼ ਸਾਜਿਸ਼- ਖਹਿਰਾ

ਪਾਰਟੀ ਤੋਂ ਸਸਪੈਂਡ ਕੀਤੇ ਜਾਣ ਮਗਰੋਂ ਸੁਖਪਾਲ ਸਿੰਘ ਖਹਿਰਾ ਵੀ ਸਾਹਮਣੇ ਆਏ।

ਉਨ੍ਹਾਂ ਕਿਹਾ, ''ਇਹ ਸਾਡੇ ਖਿਲਾਫ ਵੱਡੇ ਪੱਧਰ 'ਤੇ ਸਾਜਿਸ਼ ਹੈ। ਦਿੱਲੀ ਦੇ ਲੀਡਰਾਂ ਨੂੰ ਆਜਾਦ ਆਵਾਜ਼ ਪਸੰਦ ਨਹੀਂ ਸੀ। ਮੈਂ ਪੰਜਾਬ ਦੇ ਮੁੱਦੇ ਚੁੱਕੇ ਜੋ ਦਿੱਲੀ ਦੇ ਆਗੂਆਂ ਨੂੰ ਪਸੰਦ ਹੀ ਨਹੀਂ ਸਨ।''

ਖਹਿਰਾ ਧੜ੍ਹੇ ਦੀਆਂ ਸ਼ਰਤਾਂ ਕੀ ਸਨ

  • ਸੂਬੇ ਦੀ ਇਕਾਈ ਨੂੰ ਮੁਕੰਮਲ ਖੁਦਮੁਖਤਿਆਰੀ ਮਿਲੇ , ਮਾਨ ਧੜ੍ਹੇ ਦਾ ਦਾਅਵਾ ਹੈ ਕਿ ਕੋਰ ਕਮੇਟੀ ਦੇ ਗਠਨ ਇਸੇ ਲਈ ਕੀਤਾ ਗਿਆ
  • ਸਾਰਾ ਜਥੇਬੰਦਕ ਢਾਂਚਾ ਭੰਗ ਕੀਤਾ ਜਾਵੇ ਅਤੇ ਇਹ ਨਵੇਂ ਸਿਰਿਓ ਗਠਿਤ ਹੋਵੇ
  • ਸੁਖਪਾਲ ਸਿੰਘ ਖਹਿਰਾ ਦਾ ਕਦ ਹੁਣ ਵਧ ਗਿਆ ਹੈ, ਉਨ੍ਹਾਂ ਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਇਆ ਜਾਵੇ
  • ਹਰਪਾਲ ਚੀਮਾ ਨੂੰ ਵਿਰੋਧੀ ਧਿਰ ਆਗੂ ਦੇ ਅਹੁਦੇ ਤੋਂ ਹਟਾਇਆ ਜਾਵੇ ਤੇ ਦੁਬਾਰਾ ਚੋਣ ਕਰਵਾਈ ਜਾਵੇ
  • ਕੰਵਰ ਸੰਧੂ ਨੂੰ ਐਨਆਰਆਈ ਸੈੱਲ ਦਾ ਪ੍ਰਧਾਨ ਬਣਾਇਆ ਜਾਵੇ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)