ਬਾਘਾਪੁਰਾਣਾ ਵਾਸੀ ਕਹਿੰਦੇ, ‘ਕਾਲੇ ਪੀਲੀਏ ਨੇ ਵੋਟਾਂ ਦਾ ਚਾਅ ਮੁਕਾਇਆ’

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

''ਵੋਟਾਂ ਦਾ ਚਾਅ ਬਿਮਾਰੀ ਦੇ ਸੰਤਾਪ ਨੇ ਖ਼ਤਮ ਕਰ ਦਿੱਤਾ ਹੈ। ਪਿਛਲੇ 10 ਸਾਲਾਂ ਤੋਂ ਮੈਂ ਤੇ ਮੇਰੀ ਪਤਨੀ ਹੈਪੇਟਾਈਟਸ-ਸੀ ਦੇ ਮਰੀਜ਼ ਹਾਂ। ਤਿੰਨ ਸਾਲ ਦਾ ਬੱਚਾ ਹੈ, ਜਨਮ ਸਮੇਂ ਉਸ ਦੀ ਮਾਂ ਨੂੰ ਕਾਲਾ ਪੀਲੀਆ ਹੋਣ ਕਾਰਨ ਉਹ ਵੀ ਪੀੜਤ ਹੈ।"

"ਵੋਟਾਂ ਮੰਗਣ ਵਾਲੇ ਤਾਂ ਹਰ ਵਾਰ ਹੀ ਆਉਂਦੇ ਹਨ। ਅਸੀਂ ਤਰਲੇ-ਮਿੰਨਤਾਂ ਕਰਦੇ ਹਾਂ ਪਰ ਕੋਈ ਸੁਣਵਾਈ ਨਹੀਂ। ਹੁਣ ਵੋਟਾਂ ਪਾਉਣ ਨੂੰ ਦਿਲ ਨਹੀਂ ਕਰਦਾ''

ਇਸ ਸ਼ਬਦ ਹਨ ਲੋਕ ਸਭਾ ਹਲਕਾ ਫਰੀਦਕੋਟ ਅਧੀਨ ਪੈਂਦੇ ਪਿੰਡ ਮਾੜੀ ਮੁਸਤਫ਼ਾ ਦੇ ਵਸਨੀਕ ਡਾ. ਗੁਰਤੇਜ ਸਿੰਘ ਦੇ।

ਇਹ ਵੀ ਪੜ੍ਹੋ:

ਉਸ ਵੇਲੇ ਜਦੋਂ ਸਮੁੱਚੀਆਂ ਸਿਆਸੀ ਪਾਰਟੀਆਂ ਆਪੋ-ਆਪਣੇ ਚੋਣ ਪ੍ਰਚਾਰ 'ਚ ਰੁੱਝੀਆਂ ਹੋਈਆਂ ਹਨ ਤਾਂ ਠੀਕ ਉਸ ਵੇਲੇ ਹੈਪੇਟਾਈਟਸ-ਸੀ (ਕਾਲਾ ਪੀਲੀਆ) ਤੋਂ ਪੀੜਤ ਮਰੀਜ਼ ਆਪਣੇ ਇਲਾਜ ਲਈ ਚੇਨੱਈ ਜਾਣ ਦੀ ਤਿਆਰੀ ਕਰ ਰਹੇ ਹਨ।

ਪੀੜਤਾਂ ਨੂੰ ਇਸ ਗੱਲ ਦਾ ਮਲਾਲ ਹੈ ਕਿ ਉਨਾਂ ਕੋਲੋਂ ਵੋਟਾਂ ਮੰਗਣ ਆਉਂਦੇ ਨੇਤਾਵਾਂ ਦੇ ਭਾਸ਼ਣਾਂ ਵਿੱਚੋਂ ਹੈਪੇਟਾਈਟਸ-ਸੀ ਦਾ ਗੰਭੀਰ ਮੁੱਦਾ ਮਨਫ਼ੀ ਹੈ।

ਡਾ. ਗੁਰਤੇਜ ਸਿੰਘ ਕਹਿੰਦੇ ਹਨ, ''ਹਰ ਚੋਣ ਵਿੱਚ ਸਮੁੱਚੀਆਂ ਸਿਆਸੀ ਪਾਰਟੀਆਂ ਦੇ ਆਗੂ ਵੋਟਾਂ ਮੰਗਣ ਲਈ ਤਾਂ ਆਉਂਦੇ ਹਨ ਪਰ ਕਦੇ ਵੀ ਲੋਕਾਂ ਦੀ ਸਿਹਤ ਦਾ ਮੁੱਦਾ ਉਨਾਂ ਦੇ ਪ੍ਰਚਾਰ ਦਾ ਹਿੱਸਾ ਨਹੀਂ ਰਿਹਾ। ਲੀਡਰਾਂ ਦਾ ਅਜਿਹਾ ਵਰਤਾਰਾ ਸਾਨੂੰ ਨੋਟਾ ਦਾ ਬਟਨ ਦਬਾਉਣ ਲਈ ਮਜ਼ਬੂਰ ਕਰ ਰਿਹਾ ਹੈ।''

ਬਾਘਾਪੁਰਾਣਾ ਸ਼ਹਿਰ ਦੇ ਵੀ ਬਹੁਤ ਸਾਰੇ ਵਸਨੀਕ ਇਸ ਬਿਮਾਰੀ ਤੋਂ ਪੀੜਤ ਹਨ।

‘ਵੋਟਾਂ ਵੇਲੇ ਤਾਂ ਮੈਂ ਚੇਨੱਈ ਹੋਵਾਂਗਾ’

ਸ਼ਹਿਰ ਦੇ ਵਸਨੀਕ ਫੂਲ ਚੰਦ ਮਿੱਤਲ ਕਹਿੰਦੇ ਹਨ, ''19 ਮਈ ਨੂੰ ਜਦੋਂ ਮੇਰੇ ਹਲਕੇ ਫਰੀਦਕੋਟ ਵਿੱਚ ਵੋਟਾਂ ਪੈ ਰਹੀਆਂ ਹੋਣਗੀਆਂ ਤਾਂ ਉਸ ਵੇਲੇ ਮੈਂ ਆਪਣੇ ਇਲਾਜ ਲਈ ਆਪਣੀ ਪਤਨੀ ਨਾਲ ਚੇਨੱਈ ਪਹੁੰਚ ਚੁੱਕਾ ਹੋਵਾਂਗਾ।"

"ਮੈਂ ਆਪਣੇ ਤੇ ਪਤਨੀ ਦੇ ਇਲਾਜ 'ਤੇ ਹੁਣ ਤੱਕ 7 ਲੱਖ ਰੁਪਏ ਖ਼ਰਚ ਚੁੱਕਾ ਹਾਂ। ਚੇਨੱਈ ਵਿੱਚ ਇਲਾਜ ਸਸਤਾ ਦੱਸਿਆ ਗਿਆ ਹੈ। ਅਜ਼ਮਾਉਣ 'ਚ ਕੀ ਹਰਜ਼ ਹੈ।''

ਪੰਜਾਬ ਦਾ ਸਿਹਤ ਵਿਭਾਗ ਖੁਦ ਮੰਨਦਾ ਹੈ ਕਿ ਇਕੱਲੀ ਬਾਘਾਪੁਰਾਣਾ ਤਹਿਸੀਲ ਦੇ ਪਿੰਡਾਂ 'ਚ 4,065 ਲੋਕ ਕਾਲੇ ਪੀਲੀਏ ਦੇ ਮਰੀਜ਼ ਹਨ।

ਇਸੇ ਹਲਕੇ ਦੇ ਪਿੰਡ ਲੰਗੇਆਣਾ ਨਵਾਂ ਦੇ ਵਸਨੀਕ 42 ਸਾਲਾਂ ਦੇ ਗੁਰਤੇਜ ਸਿੰਘ ਬਰਾੜ ਕਹਿੰਦੇ ਹਨ, ''ਮੈਂ ਪਿਛਲੇ 12 ਸਾਲਾਂ ਤੋਂ ਕਾਲੇ ਪੀਲੀਏ ਤੋਂ ਪੀੜਤ ਹਾਂ।"

"ਪਹਿਲਾਂ ਤਾਂ ਨਿੱਜੀ ਹਸਪਤਾਲਾਂ ਤੋਂ ਮਹਿੰਗੇ ਭਾਅ ਦੀ ਦਵਾਈ ਖਾਧੀ ਪਰ ਜਦੋਂ ਪੰਜਾਬ ਸਰਕਾਰ ਨੇ ਇਸ ਬਿਮਾਰੀ ਦੀ ਦਵਾਈ ਸਰਕਾਰੀ ਹਸਪਤਾਲਾਂ 'ਚ ਮੁਫ਼ਤ ਦੇਣੀ ਸ਼ੁਰੂ ਕੀਤੀ ਤਾਂ ਸਰਕਾਰੀ ਦਵਾਈ ਖਾਣੀ ਸ਼ੁਰੂ ਕਰ ਦਿੱਤੀ।"

"ਹੁਣ ਤੱਕ ਦਵਾਈਆਂ ਤੇ ਟੈਸਟਾਂ 'ਤੇ ਸਾਢੇ 4 ਲੱਖ ਦੇ ਕਰੀਬ ਖਰਚ ਚੁੱਕਾ ਹਾਂ ਪਰ ਬਿਮਾਰੀ ਸਰੀਰ ਵਿੱਚ ਘਰ ਹੀ ਕਰ ਗਈ ਹੈ।''

ਗੁਰਤੇਜ ਸਿੰਘ ਬਰਾੜ ਇੱਕ ਚੋਣ ਜਲਸੇ ਤੋਂ ਵਾਪਸ ਮੁੜਦੇ ਹੋਏ ਕਹਿੰਦੇ ਹਨ, ''ਸਾਡੇ ਪਿੰਡ ਵੋਟਾਂ ਮੰਗਣ ਲਈ ਆਉਣ ਵਾਲੇ ਹਰੇਕ ਰਾਜਨੀਤਕ ਪਾਰਟੀ ਦੇ ਆਗੂਆਂ ਮੂਹਰੇ ਅਸੀਂ ਇਸ ਇਲਾਕੇ 'ਚ ਫੈਲੇ ਕਾਲੇ ਪੀਲੀਏ ਬਾਬਾਤ ਅਰਜੋਈਆਂ ਕਰਦੇ ਹਾਂ।”

“ਹੱਲ ਤਾਂ ਕੀ ਹੋਣਾ ਹੈ, ਸਾਡੀ ਬਿਮਾਰੀ ਦੇ ਇਲਾਜ ਦਾ ਵਾਅਦਾ ਤਾਂ ਕੀ ਕਰਨਾ ਹੈ ਸਗੋਂ ਇਸ ਵਿਸ਼ੇ 'ਤੇ ਕੋਈ ਲੀਡਰ ਇਸ ਬਾਬਤ ਗੱਲ ਕਰਨ ਨੂੰ ਵੀ ਤਿਆਰ ਨਹੀਂ ਹੈ।''

ਸਿਆਸਤਦਾਨਾਂ ਨੂੰ ਪਰਵਾਹ ਵੀ ਨਹੀਂ

ਵੋਟਰਾਂ ਲਈ ਤ੍ਰਾਸਦੀ ਇਹ ਹੈ ਕਿ ਨਾ ਕਾਂਗਰਸ ਅਤੇ ਅਕਾਲੀ ਦਲ ਤੇ ਨਾ ਹੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਇਸ ਖਿੱਤੇ ਵਿੱਚ ਫੈਲੇ ਹੈਪੇਟਾਈਟਸ-ਸੀ ਬਾਰੇ ਕੁਝ ਵੀ ਨਹੀਂ ਪਤਾ।

ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ ਕਹਿੰਦੇ ਹਨ, ''ਮੇਰੇ ਕੋਲ ਕਿਸੇ ਨੇ ਵੀ ਹਾਲੇ ਤੱਕ ਇਸ ਬਿਮਾਰੀ ਦੇ ਇੰਨੇ ਵੱਡੇ ਪੱਧਰ 'ਤੇ ਫੈਲਣ ਬਾਰੇ ਖੁੱਲ ਕੇ ਜ਼ਿਕਰ ਨਹੀਂ ਕੀਤਾ ਹੈ। ਮੈਨੂੰ ਇਸ ਬਾਰੇ ਇਲਮ ਨਹੀਂ ਸੀ ਕਿਉਂਕਿ ਮੈਂ ਬਾਘਾਪੁਰਾਣਾ ਹਲਕੇ 'ਚ ਬਤੌਰ ਸਿਆਸਤਦਾਨ ਪਹਿਲੀ ਵਾਰ ਵਿਚਰ ਰਿਹਾ ਹਾਂ।"

ਇਹ ਵੀ ਪੜ੍ਹੋ:

"ਹਾਂ, ਗਾਉਣ-ਵਜਾਉਣ ਦੇ ਦੌਰ ਵਿੱਚ ਮੇਰੇ ਇਸ ਹਲਕੇ ਨਾਲ ਪਿਆਰ ਭਰੇ ਸਬੰਧ ਰਹੇ ਹਨ। ਫਿਰ ਵੀ, ਜੇਕਰ ਮੈਂ ਜਿੱਤਦਾ ਹਾਂ ਤਾਂ ਪਹਿਲ ਦੇ ਅਧਾਰ 'ਤੇ ਇਹ ਮੁੱਦਾ ਲੋਕ ਸਭਾ 'ਚ ਚੁੱਕ ਕੇ ਪੀੜਤਾਂ ਦੇ ਇਲਾਜ ਲਈ ਤੱਤਪਰ ਰਹਾਂਗਾ।''

ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਲਜਾਰ ਸਿੰਘ ਰਣੀਕੇ ਦਾ ਕਹਿਣਾ ਹੈ ਕਿ ਕਾਲੇ ਪੀਲੀਏ ਦੀ ਬਿਮਾਰੀ ਦਾ ਇਲਾਜ ਤਾਂ ਮਹਿੰਗਾ ਹੈ।

ਉਹ ਦਾਅਵਾ ਕਰਦੇ ਹਨ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੇਲੇ ਸਰਕਾਰੀ ਹਸਪਤਾਲਾਂ 'ਚ ਕਾਲੇ ਪੀਲੀਏ ਦੀ ਦਵਾਈ ਮੁਫ਼ਤ ਦੇਣ ਦਾ ਬੰਦੋਬਸਤ ਕੀਤਾ ਗਿਆ ਸੀ।

ਉਹ ਕਹਿੰਦੇ ਹਨ, ''ਇਸ ਬਾਰੇ ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਇਸ ਹਲਕੇ ਵਿੱਚ ਹੈਪੇਟਾਈਟਸ-ਸੀ ਦੀ ਇਨੀ ਮਾਰ ਹੈ, ।''

ਆਮ ਆਦਮੀ ਪਾਰਟੀ ਦੇ ਫਰੀਦਕੋਟ ਤੋਂ ਲੋਕ ਸਭਾ ਮੈਂਬਰ ਤੇ ਪਾਰਟੀ ਉਮੀਦਵਾਰ ਪ੍ਰੋ. ਸਾਧੂ ਸਿੰਘ ਦਾ ਕਹਿਣਾ ਹੈ ਕਿ ਉਨਾਂ ਨੇ ਇਲਾਕੇ 'ਚ ਫੈਲੇ ਕੈਂਸਰ ਤੇ ਕਾਲੇ ਪੀਲੀਏ ਬਾਰੇ ਕੇਂਦਰ ਤੇ ਸੂਬਾ ਸਰਕਾਰ ਨੂੰ ਲਿਖਿਆ ਸੀ।

ਉਨ੍ਹਾਂ ਕਿਹਾ,''ਇਸ ਬਿਮਾਰੀ ਦੇ ਮਹਿੰਗੇ ਇਲਾਜ ਨੂੰ ਸਰਕਾਰੀ ਪੱਧਰ 'ਤੇ ਸਸਤੇ ਭਾਅ 'ਚ ਜਾਂ ਮੁਫ਼ਤ ਮੁਹੱਈਆ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਨੀਤੀ ਬਨਾਉਣੀ ਚਾਹੀਦੀ ਹੈ। ਜੇਕਰ ਮੈਂ ਦੁਬਾਰਾ ਜਿੱਤਿਆ ਤਾਂ ਸੰਸਦ ਵਿੱਚ ਮੁੱਦਾ ਜ਼ਰੂਰ ਚੁੱਕਾਂਗਾ।''

ਸਿਹਤ ਵਿਭਾਗ ਦੀ ਗੰਭੀਰਤਾ

ਇਸ ਸਬੰਧ 'ਚ ਜ਼ਿਲਾ ਮੋਗਾ ਦੇ ਐਪਿਡੀਮਿਆਲੋਜਿਸਟ ਮੁਨੀਸ਼ ਅਰੋੜਾ ਨਾਲ ਸੰਪਰਕ ਕੀਤਾ ਗਿਆ ਤਾਂ ਉਨਾਂ ਕਿਹਾ ਕਿ ਇਸ ਖੇਤਰ ਵਿੱਚ ਕਾਲੇ ਪੀਲੀਏ ਦੇ ਮਰੀਜਾਂ ਦੀ ਗਿਣਤੀ ਜ਼ਰੂਰ ਵੱਧ ਹੈ ਪਰ ਸਿਹਤ ਵਿਭਾਗ ਇਸ ਪ੍ਰਤੀ ਬਹੁਤ ਜ਼ਿਆਦਾ ਗੰਭੀਰ ਹੈ।

ਡਾ. ਜਸਪ੍ਰੀਤ ਕੌਰ ਸੇਖੋਂ, ਸਿਵਲ ਸਰਜਨ ਮੋਗਾ ਨੇ ਕਿਹਾ, '' ਹੈਪੇਟਾਈਟਸ-ਸੀ ਦੇ ਜਿਹੜੇ ਮਰੀਜ਼ ਸਰਕਾਰੀ ਹਸਪਤਾਲਾਂ ਵਿੱਚ ਰਜਿਸਟਰਡ ਹਨ, ਉਨਾਂ ਨੂੰ ਮੁਫ਼ਤ ਦਵਾਈ ਦਿੱਤੀ ਜਾ ਰਹੀ ਹੈ। ਇਸ ਸਬੰਧੀ ਜਾਗਰੂਕਤਾ ਮੁਹਿੰਮ ਅਲਹਿਦਾ ਤੌਰ 'ਤੇ ਚੱਲ ਰਹੀ ਹੈ।''

ਮਾਹਿਰਾਂ ਦੀ ਰਾਇ

ਗੋਲਡ ਮੈਡਲਿਸਟ ਡਾ. ਸੁਰਜੀਤ ਸਿੰਘ ਗਿੱਲ ਐੱਮਡੀ (ਮੈਡੀਸਨ) ਦਾ ਕਹਿਣਾ ਹੈ ਕਿ ਹੈਪੇਟਾਈਟਸ-ਸੀ ਦੀ ਬਿਮਾਰੀ ਵਿੱਚ ਵਾਧਾ ਦਰਜ ਹੋਣਾ ਚਿੰਤਾ ਦਾ ਵਿਸ਼ਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਹਰ ਰੋਗੀ ਨੂੰ ਹੀ ਮਹਿੰਗੇ ਭਾਅ ਦੇ ਇਲਾਜ ਦੀ ਜ਼ਰੂਰਤ ਹੁੰਦੀ ਹੈ।

ਉਨ੍ਹਾਂ ਦੱਸਿਆ, ''ਅਸਲ ਵਿੱਚ ਇਹ ਖ਼ੂਨ ਵਿੱਚ ਫੈਲੇ ਹੈਪੇਟਾਈਟਸ-ਸੀ ਦੇ ਵਾਇਰਸ ਦੀ ਗਿਣਤੀ 'ਤੇ ਨਿਰਭਰ ਕਰਦਾ ਹੈ। ਜੇਕਰ ਵਾਇਰਲ ਵਾਇਰਸ ਦਾ ਲੋਡ 7 ਤੋਂ 10 ਦੇ ਵਿਚਕਾਰ ਹੈ ਤਾਂ ਕਿਸੇ ਤਰ੍ਹਾਂ ਦੇ ਇਲਾਜ ਦੀ ਲੋੜ ਨਹੀਂ ਹੁੰਦੀ। ਹਾਂ, ਜੇਕਰ ਵਾਇਰਸ ਦੀ ਸਥਿਤੀ ਗੰਭੀਰ ਹੈ ਤਾਂ ਫਿਰ ਮਰੀਜ਼ ਨੂੰ 24 ਟੀਕੇ ਲਵਾਉਣ ਦੀ ਲੋੜ ਹੁੰਦੀ ਹੈ। ਇਕ ਟੀਕੇ ਦੀ ਕੀਮਤ 5500 ਰੁਪਏ ਹੈ।''

ਪ੍ਰਸਿੱਧ ਕੈਂਸਰ ਦੀਆਂ ਬਿਮਾਰੀਆਂ ਦੇ ਮਾਹਿਰ ਡਾ. ਦਵਿੰਦਰ ਸਿੰਘ ਸੰਧੂ ਦਾ ਕਹਿਣਾ ਹੈ ਕਿ, ''ਹੈਪੇਟਾਈਟਸ-ਸੀ ਨੂੰ ਜਿਗਰ ਦਾ ਕੈਂਸਰ ਵਿਕਸਤ ਕਰਨ ਵਿੱਚ 15 ਤੋਂ 20 ਸਾਲ ਲੱਗ ਜਾਂਦੇ ਹਨ ਅਤੇ ਖੋਜ ਦੌਰਾਨ ਇਹ ਸਿਰਫ 20 ਫੀਸਦੀ ਕੇਸਾਂ ਵਿੱਚ ਹੀ ਦੇਖਣ ਨੂੰ ਮਿਲਿਆ ਹੈ।”

“ਕਾਲੇ ਪੀਲੀਏ ਦੇ ਜਿਹੜੇ ਮਰੀਜ਼ ਨਿਯਮਤ ਰੂਪ 'ਚ ਆਪਣਾ ਨਿਰੀਖਣ ਕਰਵਾਉਂਦੇ ਹਨ ਤੇ ਖਾਧ-ਖੁਰਾਕ ਵੱਲ ਸੰਜੀਦਗੀ ਨਾਲ ਧਿਆਨ ਦਿੰਦੇ ਹਨ, ਉਨਾਂ ਨੂੰ ਬੁਢਾਪੇ ਵਿੱਚ ਵੀ ਮਹਿੰਗੇ ਭਾਅ ਦੇ ਇਲਾਜ ਦੀ ਲੋੜ ਨਹੀਂ ਪੈਂਦੀ।''

ਇਹ ਵੀ ਪੜ੍ਹੋ:

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)