ਬੇਅਦਬੀ ਮੁੱਦੇ 'ਤੇ ਬਰਗਾੜੀ ਤੋਂ ਬਜੀਦਪੁਰ, 'ਲੱਖਾਂ' ਤੋਂ ਸੈਂਕੜਿਆਂ ਤੱਕ ਸੁੰਗੜਿਆ ਇਕੱਠ

    • ਲੇਖਕ, ਸੁਰਿੰਦਰ ਮਾਨ
    • ਰੋਲ, ਬੀਬੀਸੀ ਪੰਜਾਬੀ ਲਈ

ਬੇਅਦਬੀ ਮੁੱਦੇ ਨੂੰ ਲੈ ਕੇ ਸੰਘਰਸ਼ਸ਼ੀਲ ਬਰਗਾੜੀ ਮੋਰਚੇ ਵਿੱਚ ਸ਼ਾਮਲ ਪੰਥਕ ਧਿਰਾਂ ਦਾ ਜਲਵਾ 'ਫਿੱਕਾ' ਪੈਂਦਾ ਨਜ਼ਰ ਆ ਰਿਹਾ ਹੈ। ਲੱਖਾਂ ਦਾ ਇਕੱਠ ਚੰਦ ਕੁ ਲੋਕਾਂ ਤੱਕ ਸੁੰਗੜ ਗਿਆ ਹੈ।

ਲੋਕ ਸਭਾ ਹਲਕਾ ਫਿਰੋਜ਼ਪੁਰ ਦੇ ਪਿੰਡ ਬਜੀਦਪੁਰ ਦੇ ਗੁਰਦੁਆਰਾ ਸਾਹਿਬ ਤੋਂ ਜਲਾਲਾਬਾਦ ਤੱਕ ਕੱਢੇ ਗਏ ਰੋਸ ਮਾਰਚ 'ਚ ਲੋਕਾਂ ਦੀ ਘੱਟ ਹਾਜ਼ਰੀ ਦਾ 'ਦਰਦ' ਪ੍ਰਬੰਧਕਾਂ ਦੇ ਚਿਹਰਿਆਂ 'ਤੇ ਸਾਫ਼ ਦੇਖਣ ਨੂੰ ਮਿਲਿਆ।

ਫਿਰੋਜ਼ਪੁਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਚੋਣ ਲੜ ਰਹੇ ਹਨ।

ਪੰਥਕ ਧਿਰਾਂ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਾਦਲ ਪਰਿਵਾਰ ਨੂੰ ਹਰਾਉਣ ਦਾ ਸੱਦਾ ਦੇਣ ਲਈ ਰੋਸ ਮਾਰਚ ਕੱਢ ਰਹੀਆਂ ਹਨ।

ਇਹ ਵੀ ਪੜ੍ਹੋ:

ਇਸ ਤੋਂ ਪਹਿਲਾਂ 9 ਮਈ ਨੂੰ ਬਰਗਾੜੀ ਤੋਂ ਲੰਬੀ ਤੱਕ ਕੱਢੇ ਗਏ ਰੋਸ ਮਾਰਚ ਦੀ ਸਮਾਪਤੀ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦੀ ਰਿਹਾਇਸ਼ ਮੂਹਰੇ ਪੰਥਕ ਧਿਰਾਂ ਦੇ ਹਮਾਇਤੀ ਆਪਸ ਵਿੱਚ ਭਿੜ ਗਏ ਸਨ।

ਇਸ ਘਟਨਾ ਨੇ ਪੰਥਕ ਧਿਰਾਂ ਦੀ ਏਕਤਾ 'ਤੇ ਸਵਾਲ ਖੜੇ ਕਰ ਦਿੱਤੇ ਸਨ।

ਬਜੀਦਪੁਰ ਤੋਂ ਸ਼ੁਰੂ ਕੀਤੇ ਗਏ ਰੋਸ ਮਾਰਚ ਦੀ ਸ਼ੁਰੂਆਤ ਸਮੇਂ ਬਲਜੀਤ ਸਿੰਘ ਦਾਦੂਵਾਲ ਦੀ ਗੈਰ-ਹਾਜ਼ਰੀ ਵੀ ਗੁਰਦੁਆਰਾ ਸਾਹਿਬ 'ਚ ਜੁੜੇ ਲੋਕਾਂ 'ਚ ਚਰਚਾ ਦਾ ਵਿਸ਼ਾ ਰਹੀ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਇੱਕ ਆਵਾਜ਼ ਨਾਲ 5 ਲੱਖ ਅਕਾਲੀ ਵਰਕਰਾਂ ਨੂੰ ਇਕੱਠੇ ਕਰਨ ਦੀ ਕਹੀ ਗਈ ਗੱਲ 'ਤੇ ਟਿੱਪਣੀ ਕਰਦਿਆਂ ਜਥੇਦਾਰ ਧਿਆਨ ਸਿੰਘ ਮੰਡ ਨੇ ਕਿਹਾ, ''ਪ੍ਰਕਾਸ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਦੀ ਆਦਤ ਹੈ ਕਿ ਉਨਾਂ ਨੇ ਹਮੇਸ਼ਾ ਹੀ ਪੰਥ 'ਤੇ ਹਮਲੇ ਕੀਤੇ ਹਨ।''

''ਅਸੀਂ ਸ਼ਾਂਤਮਈ ਢੰਗ ਨਾਲ ਬੇਅਦਬੀ ਲਈ ਜ਼ਿੰਮੇਵਾਰ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕਰ ਰਹੇ ਹਾਂ।''

''ਹੁਣ ਸਿਰ ਤੋਂ ਪਾਣੀ ਲੰਘ ਗਿਆ ਹੈ। ਸਿੱਖ ਸੰਗਤਾਂ ਜੰਗ-ਏ-ਮੈਦਾਨ ਵਿੱਚ ਹਨ। ਪੰਥ ਕਿਸੇ ਮੂਹਰੇ ਨਾ ਕਦੇ ਝੁਕਿਆ ਹੈ ਤੇ ਨਾ ਹੀ ਝੁਕੇਗਾ।''

ਤੁਸੀਂ ਇਹ ਵੀਡੀਓਜ਼ ਵੀ ਦੇਖ ਸਕਦੇ ਹੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)