ਲੋਕ ਸਭਾ ਚੋਣਾਂ 2019: ਬੇਅਦਬੀ ਦੇ ਮੁੱਦੇ 'ਤੇ ਕੌਣ ਕੀ ਬੋਲਿਆ

ਲੋਕ ਸਭਾ ਚੋਣਾਂ 2019 ਵਿੱਚ ਸਾਰੀਆਂ ਪਾਰਟੀਆਂ ਜਿੱਤ ਲਈ ਪੂਰੀ ਵਾਹ ਲਾਹ ਰਹੀਆਂ ਹਨ ਪਰ ਇਸ ਵਿਚਾਲੇ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਦੇ ਨੁਮਾਇੰਦਿਆਂ ਲਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਅਹਿਮ ਬਣਿਆ ਹੋਇਆ ਹੈ।

ਬੇਅਦਬੀ ਨੂੰ ਆਧਾਰ ਬਣਾ ਕੇ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਇੱਕ-ਦੂਜੇ 'ਤੇ ਦੂਸ਼ਣਬਾਜ਼ੀਆਂ ਕਰ ਰਹੀਆਂ ਹਨ। ਕੋਈ ਕਿਸੇ ਨੂੰ ਸਹੁੰ ਖਾਣ ਲਈ ਕਹਿੰਦਾ ਹੈ ਤੇ ਕੋਈ ਅਰਦਾਸ ਕਰਦਾ ਨਜ਼ਰ ਆ ਰਿਹਾ ਹੈ।

ਇੱਕ ਝਾਤ ਮਾਰਦੇ ਹਾਂ ਕਿ ਪੰਜਾਬ ਦਾ ਕਿਹੜਾ ਆਗੂ ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕੀ ਬੋਲਿਆ।

ਸੁਖਬੀਰ ਬਾਦਲ

"ਮੈਂ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਜਿਸ ਨੇ ਬੇਅਦਬੀ ਕੀਤੀ ਹੈ, ਜਿਸ ਨੇ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ , ਉਨ੍ਹਾਂ ਦੇ ਖ਼ਾਨਦਾਨ ਦਾ ਕੱਖ ਨਾ ਰਹੇ। ਮੈਂ ਇਹ ਵੀ ਅਰਦਾਸ ਕਰਦਾ ਹਾਂ ਕਿ ਜਿਹੜੇ ਬੇਅਦਬੀ ਉੱਤੇ ਸਿਆਸਤ ਕਰਦੇ ਨੇ, ਉਨ੍ਹਾਂ ਦੇ ਖ਼ਾਨਦਾਨ ਦਾ ਵੀ ਕੱਖ ਨਾ ਰਹੇ।"

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ 9 ਮਈ ਨੂੰ ਫਰੀਦਕੋਟ ਹਲਕੇ ਦੇ ਪ੍ਰਚਾਰ ਦੌਰਾਨ ਜਦੋਂ ਇਹ ਸ਼ਬਦ ਕਹੇ ਤਾਂ ਪੂਰਾ ਪੰਡਾਲ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ।

ਇਹ ਵੀ ਪੜ੍ਹੋ-

ਸਾਬਕਾ ਜਥੇਦਾਰ ਰਣਜੀਤ ਸਿੰਘ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਇਸ ਬਿਆਨ ਤੋਂ ਬਾਅਦ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਰਣਜੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹ ਕਹਿ ਹਨ, "ਹੁਣ ਇੱਕ ਹੋਰ ਕਸਮ ਖਾ ਲੈ, ਸਾਡੀ ਤਸੱਲੀ ਹੋ ਜਾਵੇ।"

"ਹੁਣ ਇਹ ਕਸਮ ਖਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੀ ਮਦਦ ਕਰਨ ਵਾਲੇ ਦਾ ਕੱਖ ਨਾ ਰਹੇ ਤੇ ਜਿੰਨ੍ਹਾਂ ਨੇ ਗੋਲੀ ਚਲਾਈ, ਦੋ ਸਿੱਖ ਬੱਚੇ ਮਾਰ ਦਿੱਤੇ ਉਨ੍ਹਾਂ ਪੁਲਿਸ ਅਫ਼ਸਰਾਂ ਦਾ ਕੱਖ ਨਾ ਰਹੇ, ਉਨ੍ਹਾਂ ਬਚਾਉਣ ਵਾਲਿਆਂ ਦਾ ਕੱਖ ਨਾ ਰਹੇ।"

ਨਵਜੋਤ ਸਿੰਘ ਸਿੱਧੂ

ਇਸ ਤੋਂ ਇਲਾਵਾ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਵੀ ਬਠਿੰਡਾ ਵਿਖੇ ਰਾਜਾ ਵੜਿੰਗ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, "ਜੇ ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਦਗੀ ਵਿੱਚ ਗੁਰੂ ਸਾਹਿਬ ਦੀ ਬਹੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾਲ ਦਿਵਾ ਸਕਿਆ ਤਾਂ ਉਸ ਦੀ ਰੂਹ ਸਦਾ ਲਈ ਭਟਕਦੀ ਰਹੇਗੀ।"

"ਮੈਂ ਨਵਜੋਤ ਸਿੰਘ ਸਿੱਧੂ ਪੁੱਤਰ ਸਰਦਾਰ ਭਗਵੰਤ ਸਿੰਘ ਅੱਜ ਇਸ ਬਠਿੰਡਾ ਦੀ ਧਰਤੀ 'ਤੇ ਪ੍ਰਣ ਲੈਂਦਾ ਹਾਂ ਕਿ ਜੇ ਆਪਣੇ ਗੁਰੂ ਦਾ ਸਨਮਾਨ ਨਾ ਰੱਖ ਸਕਿਆ ਤਾਂ ਰਾਜਨੀਤੀ ਸਦਾ ਲਈ ਛੱਡਾਂਗਾ।"

ਕੈਪਟਨ ਅਮਰਿੰਦਰ ਸਿੰਘ

ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਬੀਬੀਸੀ ਪੰਜਾਬੀ ਦੇ ਅਰਵਿੰਦ ਛਾਬੜਾ ਨਾਲ ਮੁਲਾਕਾਤ ਵਿੱਚ ਕਿਹਾ ਹੈ ਕਿ ਸਿੱਖ ਕਦੇ ਵੀ ਗੁਰੂ ਗ੍ਰੰਥ ਸਾਹਿਬ ਦੀ, ਹਿੰਦੂ ਕਦੇ ਵੀ ਗੀਤਾ-ਰਾਮਾਇਣ ਦੀ ਅਤੇ ਮੁਸਲਮਾਨ ਕਦੇ ਵੀ ਕੁਰਾਨ ਦੀ ਜਾਂ ਈਸਾਈ ਆਪਣੇ ਧਾਰਮਿਕ ਗ੍ਰੰਥ ਦੀ ਕਦੇ ਵੀ ਬੇਅਦਬੀ ਬਰਦਾਸ਼ਤ ਨਹੀਂ ਕਰ ਸਕਦੇ।

ਹਰਸਿਮਰਤ ਕੌਰ ਬਾਦਲ

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਨੂੰ ਇੱਕ ਮੁਲਾਕਤ ਦੌਰਾਨ ਇਸ ਬਾਰੇ ਕਿਹਾ, “ਜਿਹੜੇ ਗੁਰੂ ਸਾਹਿਬ ਉੱਤੇ ਹਮਲੇ ਹੋਏ, ਉਸ ਦਾ ਸਭ ਤੋਂ ਜ਼ਿਆਦਾ ਫਾਇਦਾ ਕਿਸ ਨੂੰ ਹੋਇਆ ਤੇ ਨੁਕਸਾਨ ਕਿਸ ਦਾ ਹੋਇਆ?”

“ਨੁਕਸਾਨ ਤਾਂ ਸਾਡਾ ਹੋਇਆ ਅਤੇ ਫਾਇਦਾ ਉਨ੍ਹਾਂ ਦਾ ਹੋਇਆ ਜਿਨ੍ਹਾਂ ਦੀਆਂ ਸਰਕਾਰਾਂ ਬਣ ਗਈਆਂ।”

“ਜਦੋਂ ਕਾਂਗਰਸ ਦੀ ਸਰਕਾਰ ਬਣੀ ਕਿੰਨੀ ਵਾਰ ਗੁਰੂ ਸਾਹਿਬ ਦੀ ਬੇਅਦਬੀ ਹੋਈ ਲੇਕਿਨ ਕਿਸੇ ਨੇ ਚੂੰ ਤੱਕ ਨਹੀਂ ਕੀਤੀ। ਅੱਜ ਵੀ ਕਾਂਗਰਸ ਆਪਣੀਆਂ ਅਸਫਲਤਾਵਾਂ ਤੋਂ ਧਿਆਨ ਹਟਾਉਣ ਲਈ ਅਕਾਲੀ ਦਲ ਨੂੰ ਹੀ ਭੰਡੀ ਜਾ ਰਹੀ ਹੈ।”

ਅਮਰਿੰਦਰ ਸਿੰਘ ਰਾਜਾ ਵੜਿੰਗ

ਬਠਿੰਡਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਕੁਝ ਅਜਿਹਾ ਹੀ ਕਰਦੇ ਨਜ਼ਰ ਆਏ।

ਉੱਧਰ ਜੇਕਰ ਬਠਿੰਡਾ ਤੋਂ ਕਾਂਗਰਸ ਦੇ ਉਮੀਦਵਾਰ ਰਾਜਾ ਵੜਿੰਗ ਨੇ ਤਾਂ ਆਪਣੇ ਚੋਣ ਪ੍ਰਚਾਰ ਦੌਰਾਨ ਅਰਦਾਸ ਕਰਕੇ ਧਰਮ ਦੇ ਨਾਂ 'ਤੇ ਲੋਕਾਂ ਨੂੰ ਇਹ ਅਪੀਲ ਕੀਤੀ, ''ਬੇਸ਼ੱਕ ਮੈਨੂੰ ਵੋਟ ਪਾਓ ਨਾ ਪਾਓ ਪਰ ਬਾਦਲ ਦੀ ਨੂੰਹ ਨੂੰ ਵੋਟ ਨਾ ਪਾਇਓ, ਨਹੀਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਗੁਨਾਹਗਾਰ ਅਸੀਂ ਵੀ ਹੋਵਾਂਗੇ।''

ਇਸ ਦੇ ਨਾਲ ਹੀ ਮੌਜੂਦਾ ਚੋਣਾਂ ਦੌਰਾਨ ਬਰਗਾੜੀ ਮੋਰਚੇ ਦੇ ਆਗੂ ਧਿਆਨ ਸਿੰਘ ਮੰਡ ਨੇ ਦੋ ਰੋਸ ਮਾਰਚ ਕੀਤੇ ਹਨ।

ਇੱਕ ਮਾਰਚ ਉਨ੍ਹਾਂ ਨੇ ਬਠਿੰਡਾ ਹਲਕੇ ਵਿੱਚ ਅਤੇ ਦੂਜਾ ਫਿਰੋਜ਼ਪੁਰ ਵਿੱਚ ਕੀਤਾ। ਇਨ੍ਹਾਂ ਰੋਸ ਮਾਰਚ ਨੇ ਆਪਣੇ-ਆਪ ਨੂੰ ਪੰਥ ਦੇ ਨੁਮਾਇੰਦੇ ਵਜੋਂ ਪੇਸ਼ ਕਰਦੇ ਹੋਏ ਸਿੱਖ ਭਾਵਨਾਵਾਂ ਨੂੰ ਲੱਗੀ ਠੇਸ ਦੀ ਗੱਲ ਕੀਤੀ ਪਰ ਨਾਅਰਾ 'ਬਾਦਲ ਭਜਾਓ, ਪੰਥ ਬਚਾਓ' ਦਾ ਦਿੱਤਾ।

ਇਹ ਵੀ ਪੜ੍ਹੋ-

ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)