ਗਾਂਧੀ ਦੇ ਬੁੱਤ ਨੂੰ ਅਫਰੀਕਾ ਦੇ ਘਾਨਾ ਵਿੱਚ ਇਸ ਲਈ ਹਟਾਇਆ ਗਿਆ

ਅਫਰੀਕੀ ਦੇਸ ਘਾਨਾ ਦੇ ਆਕ੍ਰਾ ਵਿੱਚ ਘਾਨਾ ਯੂਨੀਵਰਸਿਟੀ ਵਿੱਚ ਲੱਗਿਆ ਮਹਾਤਮਾ ਗਾਂਧੀ ਦਾ ਬੁੱਤ ਹਟਾ ਦਿੱਤਾ ਗਿਆ ਹੈ।

ਭਾਰਤ ਦੇ ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਇਸ ਬੁੱਤ ਦਾ ਉਦਘਾਟਨ ਸਾਲ 2016 ਵਿੱਚ ਕੀਤਾ ਸੀ। ਉਸ ਸਮੇਂ ਤੋਂ ਹੀ ਯੂਨੀਵਰਸਿਟੀ ਦੇ ਅਧਿਆਪਕ ਇਸ ਨੂੰ ਹਟਾਉਣ ਦੀ ਮੰਗ ਕਰ ਰਹੇ ਸਨ।

ਇਸ ਉਦੇਸ਼ ਲਈ ਤਿਆਰ ਅਰਜੀ ਵਿੱਚ ਕਿਹਾ ਗਿਆ ਸੀ ਕਿ ਗਾਂਧੀ ਨਸਲਵਾਦੀ ਸਨ ਅਤੇ ਉਨ੍ਹਾਂ ਦੀ ਥਾਂ ਅਫਰੀਕਾ ਦੇ ਆਪਣੇ ਮੂਲ ਨਾਇਕਾਂ ਨੂੰ ਪਹਿਲ ਮਿਲਣੀ ਚਾਹੀਦੀ ਹੈ।

ਵਿਵਾਦ ਤੋਂ ਬਾਅਦ ਸਰਕਾਰ ਨੇ ਬੁੱਤ ਨੂੰ ਕਿਸੇ ਹੋਰ ਥਾਂ ਲਿਜਾਣ ਦੀ ਗੱਲ ਕਹੀ ਸੀ।

ਇਹ ਵੀ ਪੜ੍ਹੋ:

ਬੁਲਾਰਿਆਂ ਅਤੇ ਵਿਦਿਆਰਥੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਬੁੱਧਵਾਰ ਨੂੰ ਇਹ ਬੁੱਤ ਹਟਾ ਦਿੱਤਾ ਗਿਆ ਸੀ।

ਯੂਨੀਵਰਸਿਟੀ ਨੇ ਇਸ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਲਈ ਵਿਦੇਸ਼ ਅਤੇ ਖੇਤਰੀ ਏਕੀਕਰਣ ਮੰਤਰਾਲਾ ਜ਼ਿੰਮੇਵਾਰ ਹੈ।

ਗਾਂਧੀ ਬਾਰੇ ਨਾਰਾਜ਼ਗੀ ਦਾ ਸਬੱਬ

ਕਾਨੂੰਨ ਦੇ ਵਿਦਿਆਰਥੀ ਅਮੋਦ ਅਸਾਰੇ ਨੇ ਬੀਬੀਸੀ ਨੂੰ ਦੱਸਿਆ, "ਉਨ੍ਹਾਂ ਦਾ ਬੁੱਤ ਇੱਥੇ ਹੋਣ ਦਾ ਮਤਲਬ ਸੀ ਕਿ ਜਿਨ੍ਹਾਂ ਗੱਲਾਂ ਦੇ ਉਹ ਪ੍ਰਤੀਕ ਹਨ, ਅਸੀਂ ਉਨ੍ਹਾਂ ਗੱਲਾਂ ਦੀ ਹਮਾਇਤ ਕਰਦੇ ਹਾਂ। ਜੇ ਉਹ ਇਨ੍ਹਾਂ ਗੱਲਾਂ (ਕਥਿਤ ਨਸਲੀ ਵਿਹਾਰ) ਦੀ ਹਮਾਇਤ ਕਰਦੇ ਸਨ ਤਾਂ ਉਨ੍ਹਾਂ ਦਾ ਬੁੱਤ ਕੈਂਪਸ ਵਿੱਚ ਨਹੀਂ ਹੋਣਾ ਚਾਹੀਦਾ।"

ਮਹਾਤਮਾ ਗਾਂਧੀ ਲਗਪਗ ਵੀਹ ਸਾਲ ਦੱਖਣੀ ਅਫਰੀਕਾ ਵਿੱਚ ਰਹੇ ਸਨ ਅਤੇ ਉੱਥੇ ਵਕਾਲਤ ਕਰਦੇ ਸਨ। ਉਨ੍ਹਾਂ ਵੱਲੋਂ ਦੱਖਣੀ ਅਫਰੀਕਾ ਵਿੱਚ ਹੀ ਬਰਤਾਨੀਆ ਦੀ ਬਸਤੀਵਾਦੀ ਰਾਜ ਖਿਲਾਫ ਸੰਘਰਸ਼ ਸ਼ੁਰੂ ਕੀਤਾ ਗਿਆ ਸੀ।

ਮਾਹਤਮਾ ਗਾਂਧੀ ਦੀਆਂ ਘੱਟ ਗਿਣਤੀਆਂ ਬਾਰੇ ਕੁਝ ਟਿੱਪਣੀਆਂ ਬਾਰੇ ਵਿਵਾਦ ਰਿਹਾ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਆਪਣੇ ਮੁਢਲੇ ਲੇਖਾਂ ਵਿੱਚ ਗਾਂਧੀ ਨੇ ਅਫਰੀਕੀਆਂ ਨੂੰ ਕਾਫਰ ਕਿਹਾ ਸੀ। ਇਹ ਸ਼ਬਦ ਇੱਕ ਬੇਇਜ਼ਤੀ ਭਰਪੂਰ ਨਸਲੀ ਟਿੱਪਣੀ ਹੈ। ਉਨ੍ਹਾਂ ਇਹ ਵੀ ਕਿਹਾ ਸੀ ਕਿ ਕਾਲਿਆਂ ਦੀ ਤੁਲਨਾ ਵਿੱਚ ਭਾਰਤੀ "ਬਹੁਤ ਜ਼ਿਆਦਾ ਸ਼੍ਰੇਸ਼ਠ" ਹਨ।

ਇਹ ਵੀ ਪੜ੍ਹੋ:

ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)