ਚੰਡੀਗੜ੍ਹ ’ਚ ਪਿੰਜਰਾ ਤੋੜ ਮੁਹਿੰਮ ਦੀ ਜਿੱਤ, ਪਟਿਆਲਾ ਦੀਆਂ ਕੁੜੀਆਂ ਨੇ ਸਾਂਝੀਆਂ ਕੀਤੀਆਂ ਅਸਲ ਔਕੜਾਂ

    • ਲੇਖਕ, ਆਰਿਸ਼ ਛਾਬੜਾ
    • ਰੋਲ, ਬੀਬੀਸੀ ਪੱਤਰਕਾਰ

"ਹੌਲੀ-ਹੌਲੀ ਸਭ ਨੂੰ ਸਮਝ ਆ ਹੀ ਜਾਵੇਗਾ — ਕੁੜੀਆਂ ਜਦੋਂ ਤਕ ਬਾਹਰ ਨਹੀਂ ਨਿਕਲਦੀਆਂ, ਉਦੋਂ ਤਕ ਘਰ ਦੇ ਅੰਦਰ ਵੀ ਉਹ ਸੁਰੱਖਿਅਤ ਨਹੀਂ ਹਨ।"

ਇਹ ਕਹਿਣਾ ਹੈ ਗਗਨਦੀਪ ਮੁਕਤਸਰ ਦਾ। ਗਗਨ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਕਾਨੂੰਨ ਦੀ ਪੜ੍ਹਾਈ ਕਰ ਰਹੀ ਹੈ ਤੇ ਉਹ ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ 'ਚ ਆਪਣੇ ਸਾਥੀਆਂ ਦੀ ਹੋਈ ਇੱਕ "ਵੱਡੀ ਜਿੱਤ" ਤੋਂ ਬਾਅਦ ਬੀਬੀਸੀ ਨਾਲ ਗੱਲ ਕਰ ਰਹੀ ਸੀ।

ਹੈ ਕੀ ਇਹ ਜਿੱਤ?

ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਨੂੰ ਵੀ ਹੋਸਟਲ 'ਚ 24 ਘੰਟੇ ਆਉਣ-ਜਾਣ ਦੀ ਆਜ਼ਾਦੀ ਦਾ ਹੱਕ ਅਖੀਰ ਮਿਲ ਗਿਆ ਹੈ।

ਸ਼ਨੀਵਾਰ ਸ਼ਾਮ ਨੂੰ ਮੰਨੀ ਗਈ ਇਸ ਮੰਗ ਲਈ ਯੂਨੀਵਰਸਿਟੀ ਦੇ ਸਟੂਡੈਂਟ ਕੌਂਸਲ ਦੀ ਇਸੇ ਸਾਲ ਪਹਿਲੀ ਮਹਿਲਾ ਪ੍ਰਧਾਨ ਬਣੀ ਕਨੂਪ੍ਰਿਆ ਦੀ ਅਗਵਾਈ 'ਚ ਲਗਾਏ ਗਏ ਧਰਨੇ ਦਾ ਵੀ ਇਸੇ ਨਾਲ ਅੰਤ ਹੋ ਗਿਆ।

ਇਹ ਵੀ ਜ਼ਰੂਰ ਪੜ੍ਹੋ

ਇੱਕ ਮਹੀਨੇ ਤੋਂ ਵੱਧ ਸਮੇਂ ਚੱਲੇ ਇਸ ਧਰਨੇ ਤੋਂ ਬਾਅਦ ਯੂਨੀਵਰਸਿਟੀ ਦੀ ਸੈਨੇਟ ਦੇ ਇਸ ਫੈਸਲੇ ਦੇ ਅਰਥ ਕੀ ਹਨ?

ਕਨੂਪ੍ਰਿਆ ਨੇ ਬੀਬੀਸੀ ਪੱਤਰਕਾਰ ਦਲਜੀਤ ਅਮੀ ਨੂੰ ਆਪਣੀ "ਪਹਿਲੀ ਪ੍ਰਤੀਕਿਰਿਆ" ਵਜੋਂ ਦੱਸਿਆ, "ਇਸ ਵੇਲੇ ਮੈਨੂੰ ਆਜ਼ਾਦੀ ਦੇ ਨਾਅਰੇ ਲਾਉਂਦੀਆਂ ਸਾਰੀਆਂ ਕੁੜੀਆਂ ਲਈ ਖੁਸ਼ੀ ਮਹਿਸੂਸ ਹੋ ਰਹੀ ਹੈ।"

ਮੁਸਕੁਰਾਉਂਦੇ ਹੋਏ ਉਨ੍ਹਾਂ ਇਹ ਵੀ ਆਖਿਆ, "ਹੁਣ ਪੰਜਾਬ ਯੂਨੀਵਰਸਿਟੀ ਦੀਆਂ ਕੁੜੀਆਂ ਨੂੰ ਇਹ ਡਰ ਨਹੀਂ ਲੱਗੇਗਾ ਕਿ ਜੇ ਉਹ ਹੋਸਟਲ ਦੀ ਰਾਤ ਵਾਲੀ ਹਾਜਰੀ ਵੇਲੇ ਸੁੱਤੀਆਂ ਰਹੀ ਗਈਆਂ ਤਾਂ ਕੋਈ ਜੁਰਮਾਨਾ ਲਗੇਗਾ!"

ਇਹ ਵੀ ਜ਼ਰੂਰ ਪੜ੍ਹੋ

ਕੁੜੀਆਂ ਦੇ ਹੋਸਟਲ 'ਚ ਰਾਤ 11 ਵਜੇ ਤੋਂ ਬਾਅਦ ਜਾਣ-ਆਉਣ ਉੱਪਰ ਪਾਬੰਦੀ ਅਤੇ ਜੁਰਮਾਨੇ ਦੇ ਸਾਰੇ ਨਿਯਮਾਂ ਦੇ ਹਟਣ ਨੂੰ ਉਨ੍ਹਾਂ ਨੇ ਇੱਕ ਪਹਿਲਾ ਕਦਮ ਮੰਨਿਆ।

ਉਨ੍ਹਾਂ ਕਿਹਾ, "ਅਸੀਂ ਜਿਹੜੀ ਸਮਾਨਤਾ ਲਿਆਉਣਾ ਚਾਹੁੰਦੇ ਹਾਂ, ਉਹ ਇਨ੍ਹਾਂ ਨਿਯਮਾਂ ਨੂੰ ਤੋੜ ਕੇ, ਹਟਾ ਕੇ ਹੀ ਆਵੇਗੀ। ਹੁਣ ਪੰਜਾਬ ਯੂਨੀਵਰਸਿਟੀ 'ਚ ਕੁੜੀਆਂ ਨੂੰ ਵੀ ਮੁੰਡਿਆਂ ਦੇ ਬਰਾਬਰ ਸ਼ਮੂਲੀਅਤ ਕਰਨ ਦਾ ਮੌਕਾ ਮਿਲੇਗਾ।"

ਯੂਨੀਵਰਸਿਟੀ ਦੀ ਸੂਚਨਾ ਅਧਿਕਾਰੀ ਰੇਣੁਕਾ ਸਲਵਾਨ ਨੇ ਦੱਸਿਆ ਕਿ ਕੁੜੀਆਂ 11 ਵਜੇ ਤੋਂ ਬਾਅਦ ਰਜਿਸਟਰ 'ਤੇ ਐਂਟਰੀ ਕਰ ਕੇ ਬਾਹਰ ਆ-ਜਾ ਸਕਦੀਆਂ ਹਨ।

ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਅਜਿਹਾ ਰਜਿਸਟਰ ਮੁੰਡਿਆਂ ਦੇ ਹੋਸਟਲਾਂ 'ਚ ਵੀ ਰੱਖਿਆ ਜਾਵੇਗਾ।

ਕਨੂਪ੍ਰਿਆ ਨੇ ਆਪਣੀ ਚੋਣ ਜਿੱਤ ਤੋਂ ਬਾਅਦ ਇਸ ਨੂੰ ਦੂਜੀ ਵੱਡੀ ਇਤਿਹਾਸਕ ਜਿੱਤ ਮੰਨਿਆ।

ਕਨੂਪ੍ਰਿਆ ਦੀ ਹੀ ਪਾਰਟੀ, ਸਟੂਡੈਂਟਸ ਫਾਰ ਸੋਸਾਇਟੀ ਦੀ ਆਗੂ ਹਸਨ ਪ੍ਰੀਤ ਨੇ ਕਿਹਾ, "ਅੱਜ ਪੰਜਾਬ ਯੂਨੀਵਰਸਿਟੀ ਨੂੰ ਅਸਲ ਤੌਰ 'ਤੇ ਇੱਕ ਲਿੰਗਕ ਬਰਾਬਰਤਾ ਦੀ ਇੱਕ ਅਗਾਂਹਵਧੂ ਮਿਸਾਲ ਬਣਾਇਆ ਗਿਆ ਹੈ।"

ਪਟਿਆਲਾ ਦੀ ਮੁਹਿੰਮ

'ਪਿੰਜਰਾ ਤੋੜ' ਵਜੋਂ ਜਾਣਿਆ ਜਾਂਦਾ ਇਹ ਅਭਿਆਨ ਰਾਜਸਥਾਨ ਅਤੇ ਦਿੱਲੀ 'ਚ ਵੀ ਹੋਸਟਲ ਟਾਈਮਿੰਗ 'ਚ ਬਰਾਬਰੀ ਲਈ ਚਲਾਇਆ ਗਿਆ ਸੀ ਅਤੇ ਪੰਜਾਬ 'ਚ ਇਸ ਦਾ ਪਹਿਲਾ ਉਦਾਹਰਣ 2016 'ਚ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ 'ਚ ਮਿਲਿਆ ਸੀ ਜਦੋਂ ਐਂਟਰੀ ਨੂੰ 6-7 ਵਜੇ ਤੋਂ ਇੱਕ ਘੰਟਾ ਵਧਾਇਆ ਗਿਆ ਸੀ।

ਇਹ ਵੀ ਜ਼ਰੂਰ ਪੜ੍ਹੋ

ਇਸੇ ਸਾਲ ਸਤੰਬਰ-ਅਕਤੂਬਰ 'ਚ ਵੀ ਇਹ ਮੁਹਿੰਮ ਉੱਥੇ ਮੁੜ ਉੱਠੀ ਅਤੇ ਕੁਝ ਵਿਦਿਆਰਥੀਆਂ ਅਤੇ ਹੋਰ ਨੌਜਵਾਨਾਂ ਨੇ ਧਰਨੇ ਉੱਪਰ ਬੈਠੇ ਵਿਦਿਆਰਥੀਆਂ ਉੱਪਰ ਹਮਲਾ ਵੀ ਕੀਤਾ।

ਹਿੰਸਾ ਦੇ ਵਿਚਕਾਰ ਇੱਥੇ ਵੀ ਟਾਈਮਿੰਗ ਨੂੰ 9 ਵਜੇ ਤੱਕ ਵਧਾ ਦਿੱਤਾ ਗਿਆ ਅਤੇ 11 ਵਜੇ ਤਕ ਲਾਇਬ੍ਰੇਰੀ ਜਾਣ ਦੇਣ ਦਾ ਵੀ ਨਿਯਮ ਬਣਾ ਦਿੱਤਾ ਗਿਆ।

ਡੇਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੀ ਗਗਨ ਕੌਰ ਮੁਤਾਬਕ ਉੱਥੇ ਪਹਿਲਾਂ ਤਾਂ ਕੁੜੀਆਂ ਹੀ ਤਿਆਰ ਨਹੀਂ ਸਨ ਕਿ 24 ਘੰਟੇ ਆਉਣ-ਜਾਣ ਦੀ ਮੰਗ ਕੀਤੀ ਜਾਵੇ।

ਉਨ੍ਹਾਂ ਦੱਸਿਆ, "ਅਸੀਂ 2014 ਤੋਂ ਮੰਗ ਕਰ ਰਹੇ ਹਾਂ। ਉਸ ਵੇਲੇ ਹੋਸਟਲ ਡੈੱਡਲਾਈਨ ਸਰਦੀਆਂ 'ਚ 6 ਵਜੇ ਤੇ ਗਰਮੀਆਂ 'ਚ 7 ਵਜੇ ਸੀ। ਉਸ ਤੋਂ ਲੇਟ ਆਉਣ 'ਤੇ ਹਰ 15 ਮਿੰਟ ਦਾ 25 ਰੁਪਏ ਜੁਰਮਾਨਾ ਵੀ ਸੀ।"

ਗਗਨ ਮੁਤਾਬਕ ਪਹਿਲਾ ਕਦਮ ਤਾਂ ਕੁੜੀਆਂ ਨੂੰ ਤਿਆਰ ਕਰਨ ਦਾ ਸੀ। "ਕੁੜੀਆਂ 24 ਘੰਟੇ ਐਂਟਰੀ ਦੀ ਆਜ਼ਾਦੀ ਮੰਗਦੀਆਂ ਹੀ ਨਹੀਂ ਸਨ ਕਿਉਂਕਿ ਕੈਂਪਸ ਦੇ ਅੰਦਰ ਕੁਝ ਮੁੰਡੇ ਗੱਡੀਆਂ 'ਚ ਦਾਰੂ ਪੀ ਕੇ ਹੋਸਟਲ ਸਾਹਮਣੇ ਕਮੈਂਟ ਮਾਰਦੇ ਫਿਰਦੇ ਹੁੰਦੇ ਸਨ। ਅਸੀਂ ਪਹਿਲਾਂ ਮਾਹੌਲ ਠੀਕ ਕਰਨ ਲਈ ਇਸ ਨੂੰ ਬੰਦ ਕਰਵਾਇਆ।"

"ਜਦੋਂ ਮੰਗ ਚੁੱਕੀ ਗਈ ਤਾਂ 100 ਕੁ ਕੁੜੀਆਂ ਹੀ ਸ਼ੁਰੂ ਵਿੱਚ ਆਈਆਂ। ਅਸੀਂ ਵੀ ਸਮਝਦੇ ਹਾਂ ਕਿ ਸਮਾਜਕ ਬਦਲਾਅ ਹੌਲੀ-ਹੌਲੀ ਆਉਂਦਾ ਹੈ। ਕੁੜੀਆਂ ਵੀ ਉਸੇ ਸਮਾਜ ਦਾ ਹਿੱਸਾ ਹਨ ਜਿਹੜਾ ਮਰਦ-ਪ੍ਰਧਾਨ ਹੈ, ਕੁੜੀਆਂ ਅਤੇ ਔਰਤਾਂ ਨੂੰ ਡਰਾਉਂਦਾ ਹੈ।"

ਸਹਿਜੇ-ਸਹਿਜੇ ਬਦਲਾਅ

ਕੁੜੀਆਂ ਦੀ ਮਾਨਸਿਕਤਾ 'ਚ ਵੀ ਬਦਲਾਅ ਆ ਰਿਹਾ ਹੈ। ਗਗਨ ਮੁਤਾਬਕ 24 ਘੰਟੇ ਹੋਸਟਲ ਖੋਲ੍ਹਣ ਲਈ ਹੁਣ "ਕਰੀਬ 40 ਫ਼ੀਸਦ ਕੁੜੀਆਂ ਤਿਆਰ ਹਨ। ਮੁੰਡਿਆਂ ਲਈ ਕੋਈ ਟਾਈਮਿੰਗ ਨਹੀਂ, ਜਦਕਿ 70 ਫ਼ੀਸਦ ਵਿਦਿਆਰਥੀ ਤਾਂ ਕੁੜੀਆਂ ਹਨ।”

ਅਗਲਾ ਕਦਮ ਕੀ ਹੋਵੇਗਾ? ਗਗਨ ਦੱਸਦੇ ਹਨ ਕਿ ਅਗਲੇ ਸਾਲ ਮੁਹਿੰਮ ਅਗਲਾ ਕਦਮ ਚੁੱਕੇਗੀ।

"ਸਾਨੂੰ ਅਕਸਰ ਕਿਹਾ ਜਾਂਦਾ ਹੈ ਕਿ ਪਹਿਲਾਂ ਮਾਹੌਲ ਬਣੇਗਾ ਤੇ ਫਿਰ ਕੁੜੀਆਂ ਬਾਹਰ ਆਉਣਗੀਆਂ। ਮੁੰਡਿਆਂ ਨੂੰ ਵੀ ਤਾਂ ਇਹ ਮੰਨਣਾ ਪਵੇਗਾ ਕਿ ਕੁੜੀਆਂ ਦਾ ਵੀ ਪਬਲਿਕ ਸਪੇਸ ਉੱਤੇ ਹੱਕ ਹੈ।"

ਕੀ ਪੰਜਾਬ ਯੂਨੀਵਰਸਿਟੀ ਦੀ "ਜਿੱਤ" ਤੋਂ ਕੀ ਪ੍ਰੇਰਣਾ ਮਿਲੇਗੀ? ਗਗਨ ਮੁਤਾਬਕ ਲਿੰਗਕ ਸਮਾਨਤਾ ਵੱਲ ਅਜਿਹੀਆਂ ਪੁਲਾਂਘਾਂ ਪੁੱਟੀਆਂ ਜਾ ਰਹੀਆਂ ਹਨ ਤਾਂ ਯੂਨੀਵਰਸਿਟੀ ਆਪਣਾ ਅਸਲ ਕੰਮ ਕਰ ਰਹੀ ਹੈ।

"ਯੂਨੀਵਰਸਿਟੀ ਨੇ ਸਮਾਜ ਨੂੰ ਦਿਸ਼ਾ ਦੇਣੀ ਹੁੰਦੀ ਹੈ ਅਤੇ ਅੱਜ ਦੀ ਚੰਡੀਗੜ੍ਹ ਵਾਲੀ ਖਬਰ ਤੋਂ ਇੰਝ ਲਗਦਾ ਹੈ ਕਿ ਸਹੀ ਦਿਸ਼ਾ ਵੱਲ ਹੀ ਜਾ ਰਹੇ ਹਾਂ।"

ਇਹ ਵੀ ਜ਼ਰੂਰ ਪੜ੍ਹੋ

ਕੀ ਕੁੜੀਆਂ ਦੇ ਇਸ ਮਸਲੇ 'ਚ ਮਾਪਿਆਂ ਦੀ ਵੀ ਕੋਈ ਭੂਮਿਕਾ ਹੈ?

"ਜਦੋਂ ਅਸੀਂ ਮੁਹਿੰਮ ਚਲਾ ਰਹੇ ਸੀ ਤਾਂ ਯੂਨੀਵਰਸਿਟੀ ਵੱਲੋਂ ਮੇਰੇ ਘਰ ਵੀ ਫੋਨ ਗਿਆ ਸੀ। ਜੇ ਅਸੀਂ ਮਾਪਿਆਂ ਦੇ ਹਿਸਾਬ ਨਾਲ ਚੱਲਾਂਗੇ ਤਾਂ ਸਮੇਂ ਨਾਲ ਬਦਲਾਅ ਕਿਵੇਂ ਆਵੇਗਾ?"

'ਜੈਨਰੇਸ਼ਨ ਗੈਪ' ਨੂੰ ਸਮਝ ਕੇ ਚੱਲਣ ਦੀ ਲੋੜ ਦੱਸਦਿਆਂ ਉਨ੍ਹਾਂ ਕਿਹਾ, "ਕਈਆਂ ਦੇ ਮਾਪੇ ਘੱਟ ਪੜ੍ਹੇ ਹਨ, ਕਈਆਂ ਦੀ ਉਹੀ ਸਾਮੰਤਵਾਦੀ, ਮਰਦ-ਪ੍ਰਧਾਨ ਮਾਨਸਿਕਤਾ ਹੈ ਜਿਸ ਨਾਲ ਅਸੀਂ ਲੜ ਰਹੇ ਹਾਂ।"

"ਸੁਰੱਖਿਆ ਦੀ ਫਿਕਰ" ਦੀ ਦਲੀਲ ਬਾਰੇ ਜੁਆਬ ਦਿੰਦਿਆਂ ਉਨ੍ਹਾਂ ਕਿਹਾ, "ਕਿੰਨੀ ਕੁ ਦੇਰ ਸਾਨੂੰ ਅੰਦਰ ਰੱਖ ਕੇ 'ਸੇਫਟੀ' ਦਿੱਤੀ ਜਾਵੇਗੀ? ਪਰ ਜ਼ਿਆਦਾਤਰ ਰੇਪ ਤਾਂ ਰਿਸ਼ਤੇਦਾਰਾਂ (ਜਾਂ ਜਾਣਕਾਰਾਂ) ਵੱਲੋਂ ਹੀ ਕੀਤੇ ਜਾਂਦੇ ਹਨ।"

ਅੰਮ੍ਰਿਤਸਰ ਅਜੇ 'ਪਿੱਛੇ'

ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, 'ਚ ਅਜੇ ਅਜਿਹੀ ਕੋਈ ਮੁਹਿੰਮ ਜਾਂ ਮੰਗ ਨਹੀਂ ਉੱਠੀ ਹੈ।

ਉੱਥੇ ਅੰਗਰੇਜ਼ੀ ਦੀ ਅਧਿਆਪਕਾ ਅਮਨ ਦੀਪ ਮੁਤਾਬਕ, "ਇੱਥੇ ਸਟੂਡੈਂਟ ਪਾਰਟੀਆਂ ਹੀ ਨਹੀਂ ਹਨ। ਜਦੋਂ ਮੀ-ਟੂ (#MeToo, ਔਰਤਾਂ ਦੀ ਜਿਨਸੀ ਸ਼ੋਸ਼ਣ ਖਿਲਾਫ ਸੋਸ਼ਲ ਮੀਡੀਆ ਰਾਹੀਂ ਚੱਲੀ) ਮੁਹਿੰਮ ਭਾਰਤ 'ਚ ਕੁਝ ਮਹੀਨੇ ਪਹਿਲਾਂ ਵਧੀ ਸੀ ਤਾਂ ਇੱਕ ਵਿਦਿਆਰਥੀ ਸਮੂਹ ਨੇ ਸੈਮੀਨਾਰ ਜ਼ਰੂਰ ਕਰਾਇਆ ਸੀ ਜਿਸ ਵਿੱਚ ਖਾਲਸਾ ਕਾਲਜ ਦੇ ਕੁਝ ਵਿਦਿਆਰਥੀ ਆਏ ਸਨ। ਆਗੂ ਨਹੀਂ, ਚਿਹਰੇ ਜ਼ਰੂਰ ਨਜ਼ਰ ਆਏ ਸਨ।"

ਇਹ ਵੀਡੀਓ ਵੀ ਜ਼ਰੂਰ ਦੇਖੋ

ਪੰਜਾਬ ਯੂਨੀਵਰਸਿਟੀ 'ਚ ਪੜ੍ਹਨ ਵੇਲੇ ਵਿਦਿਆਰਥੀ ਆਗੂ ਰਹੀ ਅਮਨ ਦੀਪ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਇਸ ਵੇਲੇ 6.30 ਦੀ ਗਰਲਜ਼ ਹੋਸਟਲ ਡੈੱਡਲਾਈਨ ਹੈ।

ਕੀ ਗੁਰੂ ਨਾਨਕ ਦੇਵ ਯੂਨੀਵਰਸਿਟੀ 'ਚ ਪੰਜਾਬ ਯੂਨੀਵਰਸਿਟੀ 'ਚ ਹੋਏ ਫੈਸਲੇ ਦਾ ਅਸਰ ਪਵੇਗਾ? "ਮੈਨੂੰ ਕੁਝ ਸਥਾਨਕ ਵਿਦਿਆਰਥੀਆਂ ਤੋਂ ਹੀ ਪਤਾ ਲੱਗਾ ਸੀ ਕਿ ਚੰਡੀਗੜ੍ਹ 'ਚ ਚੱਲ ਰਿਹਾ ਪ੍ਰਦਰਸ਼ਨ ਕਾਮਯਾਬ ਹੋ ਗਿਆ ਹੈ। ਉਨ੍ਹਾਂ ਤੋਂ ਮੈਨੂੰ ਪਤਾ ਲੱਗਣਾ ਵੀ ਚੰਗਾ ਲਗਦਾ ਹੈ।"

ਉਨ੍ਹਾਂ ਮੁਤਾਬਕ ਜੇ ਕੋਈ ਮੁਹਿੰਮ ਸ਼ੁਰੂ ਹੁੰਦੀ ਵੀ ਹੈ ਤਾਂ ਅਜੇ ਪਰਿਪੱਕਤਾ ਦੀ ਲੋੜ ਹੈ।

"ਮੇਰੇ ਵੀ ਵਿਦਿਆਰਥੀ ਟਾਈਮਿੰਗ ਬਦਲਾਉਣ ਚਾਹੁੰਦੇ ਹਨ ਪਰ ਕੋਈ ਰੋਡ-ਮੈਪ ਨਹੀਂ ਹੈ। ਇਸੇ ਕਰਕੇ ਕੁੜੀਆਂ ਹੋਸਟਲ ਨਹੀਂ ਸਗੋਂ ਬਾਹਰ ਕਿਰਾਏ 'ਤੇ ਰਹਿੰਦੀਆਂ ਹਨ। ਪਰ ਉੱਥੇ ਵੀ ਟਾਈਮਿੰਗ ਹੁੰਦੀ ਹੈ। ਸ਼ਹਿਰ ਦਾ ਵਰਤਾਰਾ ਵੀ ਕਿਤੇ ਨਾ ਕਿਤੇ ਯੂਨੀਵਰਸਿਟੀ 'ਚ ਨਜ਼ਰ ਆਉਂਦਾ ਹੈ।"

ਇਹ ਵੀਡੀਓ ਵੀ ਜ਼ਰੂਰ ਦੇਖੋ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)