#INDVsAUS: ਭਾਰਤ-ਆਸਟਰੇਲੀਆ ਦੂਜਾ ਟੈਸਟ - ਕ੍ਰਿਕਟ ਦੇ ਮੈਦਾਨ ਤੋਂ ਬਾਹਰ ਇੰਝ ਤਿਆਰ ਹੁੰਦੀ ਹੈ ਪਿਚ

    • ਲੇਖਕ, ਭਰਤ ਸ਼ਰਮਾ
    • ਰੋਲ, ਬੀਬੀਸੀ ਪੱਤਰਕਾਰ

ਜੋ ਲੋਕ ਟੈਸਟ ਕ੍ਰਿਕਟ ਪਸੰਦ ਕਰਦੇ ਹਨ, ਉਹ ਜਾਣਦੇ ਹਨ ਕਿ ਆਸਟਰੇਲੀਆ 'ਚ ਮੁਕਾਬਲਾ ਹੋਵੇ ਅਤੇ ਮੈਚ WACA ਪਰਥ 'ਚ ਖੇਡਿਆ ਜਾ ਰਿਹਾ ਹੋਵੇ ਤਾਂ ਇਸ ਦਾ ਕੀ ਮਤਲਬ ਹੈ।

ਇੱਥੇ ਮੈਚ ਹੋਣ ਦਾ ਮਤਲਬ ਹੈ ਤੇਜ਼ ਗੇਂਦਬਾਜ਼ਾਂ ਦੀ ਚਾਂਦੀ ਅਤੇ ਬੱਲੇਬਾਜ਼ਾਂ ਲਈ ਤੇਜ਼ ਰਫ਼ਤਾਰ ਲਾਲ ਗੇਂਦ ਦੀ ਆਫ਼ਤ।

ਐਡੀਲੇਡ ਟੈਸਟ 'ਚ ਜਿੱਤਣ ਵਾਲੀ ਭਾਰਤੀ ਟੀਮ ਨੇ ਦੂਜਾ ਮੈਚ ਪਰਥ 'ਚ ਖੇਡਣਾ ਹੈ ਪਰ ਇਸ ਵਾਰ ਮੈਦਾਨ ਨਵਾਂ ਹੈ।

14 ਦਸੰਬਰ ਤੋਂ ਸ਼ੁਰੂ ਹੋ ਰਿਹਾ ਦੂਜਾ ਮੁਕਾਬਲਾ ਪਰਥ ਸ਼ਹਿਰ ਦੇ ਆਪਟਸ ਸਟੇਡੀਅਮ 'ਚ ਖੇਡਿਆ ਜਾਵੇਗਾ।

ਸ਼ਹਿਰ ਦੀ ਸਵਾਨ ਨਦੀ ਦੇ ਇੱਕ ਪਾਸੇ WACA ਪਰਥ ਮੈਦਾਨ ਹੈ ਅਤੇ ਦੂਜੇ ਪਾਸੇ ਆਪਟਸ।

ਇਹ ਵੀ ਪੜ੍ਹੋ:

ਪਹਿਲਾ ਟੈਸਟ ਹੋਣ ਕਾਰਨ ਮੇਜ਼ਬਾਨ ਜਾਂ ਮਹਿਮਾਨ, ਦੋਵੇਂ ਹੀ ਟੀਮਾਂ ਨੂੰ ਨਹੀਂ ਪਤਾ ਕਿ ਪਿਚ ਕੀ ਰੰਗ ਦਿਖਾਏਗੀ ਪਰ ਸਾਰਿਆਂ ਦਾ ਅੰਦਾਜ਼ਾ ਹੈ ਕਿ ਮੌਸਮ ਅਤੇ ਮਾਹੌਲ ਦੇ ਹਿਸਾਬ ਨਾਲ ਅਤੀਤ 'ਚ ਜਿਸ ਤਰ੍ਹਾਂ ਦੀ ਪਰਥ ਦੀ ਪਿਚ ਗੇਂਦਬਾਜ਼ਾਂ ਦੀ ਮਦਦ ਕਰਦੀ ਰਹੀ ਹੈ, ਇਸ ਨਾਲ ਉਹੀ ਹੋਵੇਗਾ।

ਤੇਜ਼ ਗੇਂਦਬਾਜ਼ਾਂ ਦੀ ਚਾਂਦੀ?

ਆਸਟਰੇਲੀਆ ਦੇ ਕਪਤਾਨ ਟਿਮ ਪੈਨ ਦਾ ਕਹਿਣਾ ਹੈ ਕਿ ਨਵੇਂ ਮੈਦਾਨ 'ਚ ਭਾਰਤੀ ਟੀਮ ਦਾ ਸਾਹਮਣਾ ਬੇਹੱਦ ਤੇਜ਼ ਪਿਚ ਨਾਲ ਹੋਵੇਗਾ। ਸਾਬਕਾ ਆਸਟਰੇਲੀਆਈ ਕਪਤਾਨ ਰਿਕੀ ਪੌਂਟਿੰਗ ਵੀ ਪੈਨ ਨਾਲ ਸਹਿਮਤ ਨਜ਼ਰ ਰਹੇ ਹਨ।

ਉਨ੍ਹਾਂ ਨੇ ਕਿਹਾ, "ਮੈਨੂੰ ਲਗਦਾ ਹੈ ਕਿ ਪਰਥ ਟੀਮ ਇੰਡੀਆ ਦੇ ਮੁਕਾਬਲੇ ਸਾਡੇ ਖਿਡਾਰੀਆਂ ਦੀ ਵਧੇਰੇ ਮਦਦ ਕਰੇਗੀ।"

ਕੰਗਾਰੂ ਟੀਮ ਵੱਲੋਂ ਤੇਜ਼ ਗੇਂਦਬਾਜ਼ੀ ਦੀ ਜ਼ਿੰਮੇਵਾਰੀ ਮਿਸ਼ੇਲ ਸਟਾਰਕ, ਜੋਸ਼ ਹੈਜ਼ਲਵੁੱਡ, ਪੈਟ ਕਮਿਨਸ ਸੰਭਾਲਣਗੇ।

ਪਰ ਭਾਰਤੀ ਟੀਮ ਵੀ ਖਾਲੀ ਹੱਥ ਨਹੀਂ ਹੈ। ਟੀਮ ਦੇ ਕੋਲ ਹੁਣ ਇਸ਼ਾਂਤ, ਬੁਮਰਾਹ, ਮੁਹੰਮਦ ਸ਼ਮੀ, ਉਮੇਸ਼ ਯਾਦਵ ਤੇ ਭੁਵਨੇਸ਼ਵਰ ਕੁਮਾਰ ਵਰਗੇ ਗੇਂਦਬਾਜ਼ ਹਨ। ਅਜਿਹੇ 'ਚ ਮੁਕਾਬਲਾ ਦਿਲਚਸਪ ਹੋਵੇਗਾ।

ਇਹ ਮੈਚ ਇਸ ਲਈ ਵੀ ਖ਼ਾਸ ਹੈ ਕਿਉਂਕਿ ਆਪਟਸ ਮੈਦਾਨ 'ਚ ਡਰਾਪ-ਇਨ ਪਿਚ ਹੈ ਪਰ ਇਹ ਕਿਹੜੀ ਪਿਚ ਹੁੰਦੀ ਹੈ ਅਤੇ ਡਰਾਪ-ਇਨ ਦਾ ਮਤਲਬ ਕੀ ਹੁੰਦਾ ਹੈ?

ਡਰਾਪ-ਇਨ ਕੀ ਹੁੰਦੀ ਹੈ?

ਇਹ ਅਜਿਹੀ ਪਿਚ ਹੁੰਦੀ ਹੈ, ਜਿਸ ਨੂੰ ਮੈਦਾਨ ਜਾਂ ਵੈਨਿਊ ਤੋਂ ਦੂਰ ਕਿਤੇ ਬਣਾਇਆ ਜਾਂਦਾ ਹੈ ਅਤੇ ਬਾਅਦ 'ਚ ਸਟੇਡੀਅਮ 'ਚ ਲਿਆ ਕੇ ਵਿਛਾ ਦਿੱਤੀ ਜਾਂਦੀ ਹੈ।

ਇਸ ਨਾਲ ਇੱਕ ਹੀ ਮੈਦਾਨ ਨੂੰ ਕਈ ਵੱਖ-ਵੱਖ ਖੇਡਾਂ ਲਈ ਵਰਤਿਆ ਜਾ ਸਕਦਾ ਹੈ।

ਸਭ ਤੋਂ ਪਹਿਲਾਂ ਪਰਥ WACA ਦੇ ਕਯੂਰੇਟਰ ਜਾਨ ਮੈਲੇ ਨੇ ਵਰਲਡ ਸੀਰੀਜ਼ ਦੇ ਮੈਚਾਂ ਲਈ ਡਰਾਪ-ਇਨ ਪਿਚਾਂ ਬਣਾਈਆਂ ਸਨ, ਜੋ ਸਾਲ 1970 ਦੇ ਦਹਾਕੇ 'ਚ ਆਸਟਰੇਲਈਆਈ ਕਾਰੋਬਾਰੀ ਕੇਰੀ ਪੈਕਰ ਨੇ ਪ੍ਰਬੰਧਿਤ ਕਰਵਾਈਆਂ ਸਨ।

ਇਸ ਸੀਰੀਜ਼ 'ਚ ਇਹ ਪਿਚ ਇਸ ਲਈ ਅਹਿਮ ਸੀ ਕਿਉਂਕਿ ਉਸ ਦਾ ਵਧੇਰੇ ਕ੍ਰਿਕਟ ਡੂਅਲ ਪਰਪਜ਼ ਵੈਨਿਊ ਯਾਨਿ ਅਜਿਹੀ ਥਾਂ ਖੇਡਿਆ ਗਿਆ, ਜਿੱਥੇ ਇੱਕ ਤੋਂ ਵੱਧ ਖੇਡ ਖੇਡੇ ਜਾ ਸਕਦੇ ਸਨ।

ਇਸ ਦਾ ਕਾਰਨ ਇਹ ਸੀ ਕਿ ਟੂਰਨਾਮੈਂਟ ਦੇ ਮੈਚ ਕ੍ਰਿਕਟ ਦੇ ਪ੍ਰਭਾਵ ਵਾਲੇ ਇਲਾਕਿਆਂ ਤੋਂ ਬਾਹਰ ਹੋਏ ਸਨ।

ਕਿਹੋ-ਜਿਹਾ ਹੁੰਦਾ ਹੈ ਪਿਚ ਦਾ ਮਿਜਾਜ਼?

ਚਿੱਟੀ ਗੇਂਦ, ਫਲੱਡ ਲਾਈਟ, ਹੈਲਮਟ ਅਤੇ ਰੰਗੀਨ ਜਰਸੀਆਂ ਤੋਂ ਇਲਾਵਾ ਡਰਾਪ-ਇਨ ਪਿਚ ਨੂੰ ਕ੍ਰਿਕਟ ਮੈਚਾਂ ਨੂੰ ਹੋਰ ਦਿਲਚਸਪ ਬਣਾਉਣ ਲਈ ਇਸਤੇਮਾਲ ਕੀਤਾ ਗਿਆ ਸੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਪਿਚਾਂ 'ਤੇ ਜਦੋਂ ਪੰਜ-ਦਿਨ ਵਾਲਾ ਮੈਚ ਖੇਡਿਆ ਜਾਂਦਾ ਹੈ ਤਾਂ ਸ਼ੁਰੂ ਦੇ ਦੋ ਦਿਨ ਅਸਾਧਾਰਨ ਉਛਾਲ ਕਾਰਨ ਤੇਜ਼ ਗੇਂਦਬਾਜ਼ ਅਤੇ ਫਿਰਕੀ, ਦੋਵਾਂ ਨੂੰ ਮਦਦ ਮਿਲਦੀ ਹੈ, ਜਦੋਂਕਿ ਉਸ ਦੇ ਬੱਲੇਬਾਜ਼ਾਂ ਨੂੰ ਵੀ ਕਾਫੀ ਮੌਕਾ ਮਿਲਦਾ ਹੈ।

ਇਹ ਵੀ ਪੜ੍ਹੋ:

ਐਸਏ ਕ੍ਰਿਕਟ ਮੁਤਾਬਕ ਡਰਾਪ-ਇਨ ਪਿਚਾਂ ਦੀ ਖਾ਼ਸ ਗੱਲ ਇਹ ਹੈ ਕਿ ਚਾਹੁਣ 'ਤੇ ਇਹ ਮੈਚ ਸ਼ੁਰੂ ਹੋਣ ਤੋਂ ਮਹਿਜ਼ 24 ਘੰਟੇ ਪਹਿਲਾਂ ਫਿਟ ਕੀਤਾ ਜਾ ਸਕਦਾ ਹੈ ਅਤੇ ਮੈਚ ਖ਼ਤਮ ਹੋਣ ਤੋਂ ਕੁਝ ਹੀ ਦੇਰ ਬਾਅਦ ਹਟਾਇਆ ਜਾ ਸਕਦਾ ਹੈ।

ਹਾਲਾਂਕਿ, ਮੈਲਬਰਨ ਕ੍ਰਿਕਟ ਗਰਾਊਂਡ ਦੇ ਕਯੂਰੇਟਰ ਆਫ-ਸੀਜ਼ਨ ਹੋਣ 'ਤੇ ਇਨ੍ਹਾਂ ਪਿਚਾਂ ਨੂੰ ਹਟਾ ਕੇ ਰੱਖਣਾ ਵਧੇਰੇ ਪਸੰਦ ਕਰਦੇ ਹਨ।

ਕਿੰਨਾ ਭਾਰ ਹੁੰਦਾ ਹੈ ਇਸ ਵਿੱਚ?

ਇੱਕ ਸਟੀਲ ਫਰੇਮ 'ਚ ਬੰਦ ਅਤੇ ਸਿੰਗਲ ਸਲੈਬ ਵਾਂਗ ਟਰਾਂਸਪੋਰਟ ਕੀਤੀ ਜਾਣ ਵਾਲੀ ਡਰਾਪ-ਇਨ ਪਿਚਾਂ ਕਰੀਬ 24 ਮੀਟਰ ਲੰਬੀਆਂ ਹੁੰਦੀਆਂ ਹਨ। ਇਨ੍ਹਾਂ ਦੀ ਚੌੜਾਈ ਤਿੰਨ ਮੀਟਰ, ਗਹਿਰਾਈ 20 ਸੈਂਟੀਮੀਟਰ ਅਤੇ ਭਾਰ ਕਰੀਬ 30 ਟਨ ਹੁੰਦਾ ਹੈ।

ਇਸ ਮਸ਼ੀਨਰੀ ਦੇ ਮਾਮਲੇ 'ਚ StrathAyr Drop-In Portable Cricket Wicket ਤਕਨੀਕ ਦੀ ਵਰਤੋਂ ਹੁੰਦੀ ਹੈ, ਜੋ ਇੰਨੀ ਲੰਬੀ, ਭਾਰੀ ਅਤੇ ਚੌੜੀ ਹੁੰਦੀ ਹੈ ਕਿ ਪਿਚ ਨੂੰ ਕਿਤੇ ਤੋਂ ਕਿਤੇ ਲਿਜਾਇਆ ਜਾ ਸਕੇ।

ਇਸੇ ਉਦੇਸ਼ ਲਈ ਬਣਾਈ ਗਈ ਘੱਟ ਫਲੋਟੇਸ਼ਨ ਵਾਲੀ StrathAyr TransportAyr ਆਊਟਫੀਲਡ ਨੂੰ ਨੁਕਸਾਨ ਨਹੀਂ ਪਹੁੰਚਾਉਂਦੀ ਹੈ ਅਤੇ ਜਿੱਥੇ ਇਹ ਉਪਲਬਧ ਨਹੀਂ, ਉੱਥੇ ਕਰੇਨ ਅਤੇ ਲਿਫਟਿੰਗ ਫਰੇਮ ਦੀ ਵਰਤੋਂ ਕੀਤੀ ਜਾਂਦੀ ਹੈ।

strathayr.com ਮੁਤਾਬਕ StrathAyr "Drop In" Portable Cricket Wicket ਨਿਊਜ਼ੀਲੈਂਡ ਦੇ ਈਡਨ ਪਾਰਕ, ਆਸਟਰੇਲੀਆ ਦੇ ਸਿਡਨੀ 'ਚ ਏਐਨਜ਼ੈਡ ਸਟੇਡੀਅਮ, ਮੈਲਬਰਨ ਦੇ ਕੋਲੋਨੀਅਲ ਸਟੇਡੀਅਮ, ਲਾਰਡ ਅਤੇ ਐਮਐਸਜੀ 'ਚ ਵਰਤੋਂ ਕੀਤੀ ਜਾ ਰਹੀ ਹੈ ਜਾਂ ਕੀਤੀ ਜਾਵੇਗੀ।

ਪਿਚ ਕਯੂਰੇਟਰ ਨੇ ਕੀ ਕਿਹਾ?

ਸੀਨੀਅਰ ਖੇਡ ਪੱਤਰਕਾਰ ਧਰਮਿੰਦਰ ਪੰਤ ਨੇ ਦੱਸਿਆ ਕਿ ਡਰਾਪ-ਇਨ ਪਿਚਾਂ ਦੀ ਵਰਤੋਂ ਦਾ ਆਈਡੀਆ ਦਰਅਸਲ ਨਿਊਜ਼ੀਲੈਂਡ 'ਚ ਆਇਆ ਸੀ, ਜਿੱਥੇ ਰਗਬੀ ਬਹੁਤ ਖੇਡੀ ਜਾਂਦੀ ਹੈ।

ਅਜਿਹੇ 'ਚ ਇੱਕ ਹੀ ਮੈਦਾਨ ਨੂੰ ਰਗਬੀ ਅਤੇ ਕ੍ਰਿਕਟ ਦੋਵਾਂ ਲਈ ਇਸਤੇਮਾਲ ਕਰਨ ਲਈ ਡਰਾਪ-ਇਨ ਪਿਚਾਂ 'ਤੇ ਦਾਅ ਖੇਡਿਆ ਗਿਆ।

ਉਨ੍ਹਾਂ ਨੇ ਕਿਹਾ, "ਇਹ ਅਜਿਹੀ ਪਿਚ ਹੁੰਦੀ ਹੈ, ਜਿਸ ਨੂੰ ਕਿਤੇ ਹੋਰ ਬਣਾਇਆ ਜਾਂਦਾ ਹੈ ਪਰ ਕ੍ਰਿਕਟ ਮੈਚ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਪਿਚ ਨੂੰ ਮੈਦਾਨ 'ਚ ਲਿਆ ਕੇ ਫਿਟ ਕਰ ਦਿੱਤਾ ਜਾਂਦਾ ਹੈ ਤਾਂ ਜੋ ਇਕਸਾਰ ਕੀਤੀ ਜਾ ਸਕੇ।"

ਪੰਤ ਨੇ ਦੱਸਿਆ, "ਪਰਥ ਦੇ ਆਪਟਸ ਮੈਦਾਨ ਦੀ ਡਰਾਪ-ਇਨ ਪਿਚ ਪਹਿਲਾਂ ਵਨਡੇਅ ਖੇਡਿਆ ਗਿਆ ਅਤੇ ਭਾਰਤੀ ਟੀਮ ਵੀ ਆਕਲੈਂਡ 'ਚ ਅਜਿਹੀ ਪਿਚ 'ਤੇ ਖੇਡ ਚੁੱਕੀ ਹੈ।"

ਆਪਟਸ ਮੈਦਾਨ ਦੇ ਨਵੇਂ ਪਿਚ ਕਯੂਰੇਟਰ ਬ੍ਰੈਟ ਸਿਪਥੋਰਪ ਦਾ ਕਹਿਣਾ ਹੈ ਕਿ ਇਹ ਟੈਸਟ ਮੈਚ ਸ਼ਾਇਦ ਪੰਜ ਦਿਨ ਨਹੀਂ ਚੱਲ ਸਕੇਗਾ।

ਮੈਦਾਨ 'ਚ ਕੀ ਖ਼ਾਸ?

ਉਨ੍ਹਾਂ ਨੇ ਪਰਥ ਨਾਊ ਨੂੰ ਕਿਹਾ, "ਇਸ ਟੈਸਟ ਸੀਰੀਜ਼ 'ਚ ਗਾਬਾ 'ਚ ਕੋਈ ਮੈਚ ਨਹੀਂ ਹੋਵੇਗਾ। ਇਸ ਲਈ ਇਹ ਇਕਲੌਤਾ ਰਗਾਊਂਡ ਹੈ, ਜਿੱਥੇ ਤੇਜ਼ ਅਤੇ ਬਾਊਂਸੀ ਪਿਚ ਹੋ ਸਕਦੀ ਹੈ।"

ਹਾਲਾਂਕਿ ਇਸ ਮੈਦਾਨ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਸਮੁੰਦਰ ਤੋਂ ਆਉਣ ਵਾਲੀ ਹਵਾ ਗੇਂਦਬਾਜ਼ਾਂ ਨੂੰ ਮਦਦ ਨਾ ਦੇਣ ਪਰ ਪਿਚ ਕਯੂਰੇਟਰ ਦਾ ਕਹਿਣਾ ਹੈ ਕਿ ਇਹ ਪਿਚ ਸਵਿੰਗ ਲਈ ਸਵਰਗ ਸਾਬਿਤ ਹੋ ਸਕਦੀ ਹੈ।

ਪਰ ਜੇਕਰ ਇਹ ਪਿਚ ਬਾਹਰਮਈ ਹੈ ਤਾਂ ਫਿਰ ਇਸ ਵਿੱਚ ਪਿਚ ਕਯੂਰੇਟਰ ਦੀ ਕੀ ਭੂਮਿਕਾ ਹੁੰਦੀ ਹੈ ਅਤੇ ਉਹ ਕਿਵੇਂ ਇਸ 'ਤੇ ਟਿੱਪਣੀ ਕਰ ਰਹੇ ਹਨ।

ਇਸ ਸਵਾਲ ਦੇ ਜਵਾਬ 'ਚ ਪੰਤ ਨੇ ਕਿਹਾ, "ਪਿਚ ਮੈਦਾਨ 'ਚ ਬਣਾਈ ਜਾਵੇ ਜਾਂ ਬਾਹਰ, ਉਹ ਹੁੰਦੀ ਕਯੂਰੇਟਰ ਦੀ ਦੇਖਭਾਲ 'ਚ ਹੈ। ਨਾਲ ਹੀ ਡਰਾਪ-ਇਨ ਪਿਚਾਂ ਦੇ ਮਾਮਲੇ 'ਚ ਵੀ ਮੌਸਮ ਖ਼ਾਸ ਤੌਰ 'ਤੇ ਬੱਦਲ ਆਉਣ ਅਤੇ ਹਵਾ ਦਾ ਫਰਕ ਪੈਂਦਾ ਹੈ।"

ਜਦੋਂ ਡਰਾਪ-ਇਨ ਪਿਚਾਂ ਦਾ ਵਿਰੋਧ ਹੋਇਆ

ਪਰ ਅਜਿਹਾ ਨਹੀਂ ਹੈ ਕਿ ਡਰਾਪ-ਇਨ ਪਿਚਾਂ ਨੂੰ ਹਮੇਸ਼ਾ ਹੱਥੋ-ਹੱਥ ਲਿਆ ਗਿਆ ਹੈ।

ਸਾਲ 2005 'ਤ ਬ੍ਰਿਸਬੈਨ ਕ੍ਰਿਕਟ ਗਰਾਊਂਡ, ਗਾਬਾ ਨੇ ਡਰਾਪ-ਇਨ ਪਿਚਾਂ ਦੀ ਵਰਤੋਂ ਕਰਨ ਤੋਂ ਮਨ੍ਹਾਂ ਕਰ ਦਿੱਤਾ ਸੀ। ਇੱਥੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਸ਼ਹਿਰ ਦਾ ਮੌਸਮ ਕੁਝ ਅਜਿਹਾ ਹੈ ਕਿ ਪਿਚ ਨੂੰ ਰਵਾਇਤੀ ਤਰੀਕੇ ਨਾਲ ਬਣਾਉਣਾ ਵਧੇਰੇ ਬਿਹਤਰ ਬਦਲ ਹੈ।

ਇਹ ਵੀ ਪੜ੍ਹੋ:

ਹਾਲਾਂਕਿ ਆਸਟਰੇਲੀਆ ਦੇ ਹੀ ਮੈਲਬਰਨ ਕ੍ਰਿਕਟ ਗਰਾਊਂਡ ਅਤੇ ਨਿਊਜ਼ੀਲੈਂਡ 'ਚ ਅਜਿਹੀਆਂ ਪਿਚਾਂ ਖ਼ੂਬ ਵਰਤੀਆਂ ਜਾਂਦੀਆਂ ਰਹੀਆਂ ਹਨ।

ਇਸ ਤੋਂ ਇਲਾਵਾ ਅਮਰੀਕਾ 'ਚ ਵੀ ਡਰਾਪ-ਇਨ ਪਿਚਾਂ ਦੇ ਇਸਤੇਮਾਲ ਨੂੰ ਲੈ ਕੇ ਚਰਚਾ ਹੁੰਦੀ ਰਹੀ ਹੈ।

ਅਮਰੀਕਾ 'ਚ ਇੱਕ ਸਟੇਟ ਤੋਂ ਦੂਜੀ ਸਟੇਟ 'ਚ ਮਿੱਟੀ ਲੈ ਕੇ ਜਾਣ ਦਾ ਸਖ਼ਤ ਨਿਯਮ ਹੈ ਅਤੇ ਇਸ ਕਾਰਨ ਮੈਦਾਨ ਤੋਂ ਦੂਰ ਕਿਤੇ ਹੋਰ ਥਾਂ ਮਿੱਟੀ ਦਾ ਇਸਤੇਮਾਲ ਕਰਕੇ ਪਿਚ ਬਣਾਉਣਾ ਸੌਖਾ ਨਹੀਂ ਹੈ।

ਕ੍ਰਿਕਟ ਪ੍ਰਬੰਧਕ ਨਿਊਯਾਰਕ, ਕੈਲੀਫੋਰਨੀਆ ਅਤੇ ਫਲੋਰੀਡਾ ਵਰਗੇ ਸ਼ਹਿਰਾਂ 'ਚ ਮੈਚ ਦਾ ਪ੍ਰਬੰਧ ਕਰਵਾਉਣਾ ਚਾਹੁੰਦੇ ਹਨ ਪਰ ਡਰਾਪ-ਇਨ ਪਿਚਾਂ ਬਣਾਉਣ ਲਈ ਇਨ੍ਹਾਂ ਸਟੇਟਾਂ 'ਚ ਸਹੀ ਮਿੱਟੀ ਨਹੀਂ ਮਿਲਦੀ।

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆਂ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)