You’re viewing a text-only version of this website that uses less data. View the main version of the website including all images and videos.
ਲੋਕ ਸਭਾ ਚੋਣਾਂ 2019: ਪੰਜਾਬ ਤੋਂ 1952 'ਚ ਵੀ ਇੱਕ ਮਹਿਲਾ ਐੱਮਪੀ ਤੇ 2014 'ਚ ਵੀ ਇੱਕੋ ਹੀ
- ਲੇਖਕ, ਵੰਦਨਾ
- ਰੋਲ, ਬੀਬੀਸੀ ਪੱਤਰਕਾਰ
1951-52 ਵਿੱਚ ਜਦੋਂ ਪਹਿਲੀਆਂ ਲੋਕ ਸਭਾ ਚੋਣਾਂ ਹੋਈਆਂ ਤਾਂ ਦੇਸ ਭਰ 'ਚੋਂ ਗਿਣੀਆਂ ਚੁਣੀਆਂ 24 ਔਰਤਾਂ ਸੰਸਦ ਮੈਂਬਰ ਬਣੀਆਂ ਸਨ।
ਉਨ੍ਹਾਂ ਵਿਚੋਂ ਸਾਂਝੇ ਪੰਜਾਬ ਦੀ ਸੁਭਦਰਾ ਜੋਸ਼ੀ (ਕਰਨਾਲ) ਵੀ ਸੀ ਜੋ ਕਾਂਗਰਸ ਤੋਂ ਜਿੱਤ ਕੇ ਆਈ ਸੀ।
ਹੈਰਾਨੀ ਵਾਲੀ ਗੱਲ ਹੈ ਕਿ ਸਾਲ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਪੰਜਾਬ ਤੋਂ ਸਿਰਫ਼ ਇੱਕੋਂ ਹੀ ਔਰਤ ਸੰਸਦ ਮੈਂਬਰ ਬਣੀ ਸੀ, ਉਹ ਅਕਾਲੀ ਦਲ ਹਰਸਿਮਰਤ ਕੌਰ ਬਾਦਲ ਯਾਨਿ ਆਜ਼ਾਦੀ ਤੋਂ ਬਾਅਦ ਨਤੀਜਾ ਉੱਥੇ ਦਾ ਉੱਥੇ, ਅਤੇ ਅਜਿਹਾ ਵੀ ਨਹੀਂ ਕਿ ਔਰਤਾਂ ਵੋਟ ਨਹੀਂ ਪਾਉਂਦੀਆਂ।
ਸਾਲ 2014 ਦੀਆਂ ਲੋਕ ਸਭਾ ਚੋਣਾਂ 'ਚ ਔਰਤਾਂ ਅਤੇ ਮਰਦਾਂ ਵੱਲੋਂ ਪਾਏ ਗਏ ਵੋਟਾਂ ਦਾ ਫੀਸਦ ਬਰਾਬਰ ਸੀ।
70.33 ਫੀਸਦ ਮਰਦਾਂ ਨੇ ਵੋਟ ਪਾਈ ਤਾਂ ਔਰਤਾਂ ਦਾ ਵੋਟ ਫੀਸਦ 0.6 ਫੀਸਦ ਤੋਂ ਵਧੇਰੇ ਹੀ ਸੀ, ਉਨ੍ਹਾਂ ਨੇ 70.93 ਫੀਸਦ ਪਾਏ ਸਨ।
ਇਸ ਵਾਰ ਪੰਜਾਬ 'ਚ ਕੁੱਲ 278 ਉਮੀਦਵਾਰਾਂ ਵਿਚੋਂ ਲੋਕ ਸਭਾ ਲਈ ਸਿਰਫ਼ 24 ਔਰਤਾਂ ਚੋਣ ਮੈਦਾਨ ਵਿੱਚ ਹਨ।
ਮਤਲਬ ਸਿਰਫ਼ 9 ਫੀਸਦ ਹਿੱਸੇਦਾਰੀ, ਜਦਕਿ ਪੰਜਾਬ 'ਚ ਕਰੀਬ 47 ਫੀਸਦ ਔਰਤਾਂ ਵੋਟਰ ਹਨ। ਟਿਕਟ ਦੀ ਵੰਡ ਨੂੰ ਲੈ ਕੇ ਪੰਜਾਬ ਦੀਆਂ ਤਿੰਨਾਂ ਵੱਡੀਆਂ ਪਾਰਟੀਆਂ ਨੇ ਕੰਜੂਸੀ ਵਰਤੀ ਹੈ।
ਇਹ ਵੀ ਪੜ੍ਹੋ-
ਤਿੰਨ ਮੁੱਖ ਪਾਰਟੀਆਂ, 5 ਔਰਤ ਉਮੀਦਵਾਰ
ਹਾਲਾਂਕਿ ਸੁਖਪਾਲ ਖਹਿਰਾ ਵਾਲੀ ਪੰਜਾਬ ਏਕਤਾ ਪਾਰਟੀ ਨੇ ਪਰਮਜੀਤ ਕੌਰ ਖਾਲੜਾ ਨੂੰ ਖਡੂਰ ਸਾਹਬਿ ਤੋਂ ਮੈਦਾਨ ਵਿੱਚ ਉਤਾਰਿਆ ਹੈ।
ਪੰਜਾਬ ਵਿੱਚ 2019 ਦੀਆਂ ਲੋਕ ਸਭਾ ਚੋਣਾਂ 'ਚ ਸੱਤਾ ਧਿਰ ਪਾਰਟੀ ਕਾਂਗਰਸ ਦਾ ਰਿਕਾਰਡ ਸਭ ਤੋਂ ਵੱਖ ਖ਼ਰਾਬ ਰਿਹਾ ਹੈ, ਜਿਸ ਨੇ ਸਿਰਫ਼ ਇੱਕ ਔਰਤ ਉਮੀਦਵਾਰ ਨੂੰ ਟਿਕਟ ਦਿੱਤਾ ਹੈ, ਪਟਿਆਲਾ ਤੋਂ ਪਰਨੀਤ ਕੌਰ ਜੋ ਸੂਬੇ ਦੇ ਮੁੱਖ ਮੰਤਰੀ ਦੀ ਪਤਨੀ ਵੀ ਹੈ।
ਤਿੰਨ ਵਾਰ ਸੰਸਦ ਮੈਂਬਰ ਰਹੀ ਪਰਨੀਤ ਕੌਰ ਪਿਛਲੀ ਵਾਰ ਘੱਟ ਅੰਕੜੇ ਨਾਲ 'ਆਪ' ਦੇ ਧਰਮਵੀਰ ਗਾਂਧੀ ਤੋਂ ਹਾਰ ਗਈ ਸੀ।
ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦਾ ਰਿਕਾਰਡ ਵੀ ਕੋਈ ਖ਼ਾਸਾ ਵਧੀਆ ਨਹੀਂ ਹੈ। ਅਕਾਲੀ ਦਲ ਨੇ ਇਸ ਵਾਰ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਖ਼ਡੂਰ ਸਾਹਿਬ ਤੋਂ ਟਿਕਟ ਦਿੱਤਾ ਹੈ ਤਾਂ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਜੋ ਪਿਛਲੀ ਵਾਰ ਵੀ ਇੱਥੋਂ ਜਿੱਤੀ ਸੀ, ਯਾਨਿ ਸਿਰਫ਼ ਦੋ ਟਿਕਟਾਂ।
ਆਮ ਆਦਮੀ ਪਾਰਟੀ ਨੇ ਵੀ ਅਕਾਲੀ ਦਲ ਦੀ ਬਰਾਬਰੀ ਕਰਦਿਆਂ ਹੋਇਆ ਦੋ ਹੀ ਔਰਤਾਂ ਨੂੰ ਟਿਕਟ ਦਿੱਤੀ ਹੈ, ਪਟਿਆਲਾ ਤੋਂ ਨੀਨਾ ਮਿੱਤਲ ਅਤੇ ਬਠਿੰਡਾ ਤੋਂ ਬਲਜਿੰਦਰ ਕੌਰ ਜੋ ਫਿਲਹਾਲ ਪਾਰਟੀ ਵਿਧਾਇਕਾ ਹਨ।
ਯਾਨਿ ਤਿੰਨ ਵੱਡੀਆਂ ਪਾਰਟੀਆਂ 'ਚ ਕੁੱਲ ਮਿਲਾ ਕੇ 5 ਔਰਤ ਉਮੀਦਵਾਰ। ਆਪ ਤੋਂ ਵੱਖ ਹੋ ਕੇ ਪੰਜਾਬ ਏਕਤਾ ਪਾਰਟੀ ਬਣਾਉਣ ਵਾਲੇ ਸੁਖਪਾਲ ਸਿੰਘ ਖਹਿਰਾ ਨੇ ਪਰਮਜੀਤ ਕੌਰ ਖਾਲੜਾ ਨੂੰ ਖ਼ਡੂਰ ਸਾਹਿਬ ਤੋਂ ਮੈਦਾਨ ਵਿੱਚ ਉਤਾਰਿਆ ਹੈ।
ਬਾਕੀ ਦੀਆਂ 19 ਔਰਤ ਉਮੀਦਵਾਰ ਜਾਂ ਤਾਂ ਆਜ਼ਾਦ ਉਮੀਦਵਾਰ ਵਜੋਂ ਲੜ ਰਹੀਆਂ ਹਨ ਜਾਂ ਛੋਟੀਆਂ ਪਾਰਟੀਆਂ ਤੋਂ ਜਿਨ੍ਹਾਂ ਦੀ ਵਾਧੂ ਸਿਆਸੀ ਹੋਂਦ ਨਹੀਂ ਹੈ।
2009 'ਚ ਚਾਰ ਔਰਤਾਂ ਸੰਸਦ ਮੈਂਬਰ
ਔਰਤ ਸੰਸਦ ਮੈਂਬਰਾਂ ਦੇ ਮਾਮਲੇ ਵਿੱਚ ਪੰਜਾਬ ਨੂੰ ਸਭ ਤੋਂ ਵੱਧ ਸਫ਼ਲਤਾ ਮਿਲੀ 2009 ਵਿੱਚ 15ਵੀਂ ਲੋਕ ਸਭਾ 'ਚ ਜਦੋਂ ਪੰਜਾਬ ਤੋਂ 4 ਔਰਤਾਂ ਸੰਸਦ ਮੈਂਬਰ ਚੁਣੀਆਂ ਗਈਆਂ ਸਨ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ, ਫਰੀਦਕੋਟ ਤੋਂ ਪਰਮਜੀਤ ਕੌਰ, ਪਟਿਆਲਾ ਤੋੰ ਪਰਨੀਤ ਕੌਰ ਅਤੇ ਬਠਿੰਡਾ ਤੋਂ ਹਰਸਿਮਰਤ ਬਾਦਲ।
ਹੁਣ ਤੱਕ ਕੁੱਲ 12 ਔਰਤਾਂ ਸੰਸਦ ਮੈਂਬਰ
ਪਰ ਆਮ ਤੌਰ 'ਤੇ ਪੰਜਾਬ ਦਾ ਰਿਕਾਰਡ ਕਦੇ ਵੀ ਬਹੁਤ ਵਧੀਆ ਨਹੀਂ ਰਿਹਾ ਹੈ।
ਪਹਿਲੀ ਲੋਕ ਸਭਾ ਤੋਂ ਲੈ ਕੇ 2014 ਤੱਕ ਇਨ੍ਹਾਂ 62 ਸਾਲਾਂ 'ਚ ਕੁਲ ਮਿਲਾ ਕੇ 12 ਔਰਤਾਂ ਹੀ ਸੰਸਦ ਮੈਂਬਰ ਵਜੋਂ ਲੋਕ ਸਭਾ ਤੱਕ ਪਹੁੰਚੀਆਂ ਹਨ, ਜਿਨ੍ਹਾਂ ਵਿਚੋਂ ਕਈ ਇੱਕ ਤੋਂ ਵੱਧ ਵਾਰ ਵੀ ਜਿੱਤੀਆਂ ਹਨ।
ਸੁਖਬੰਸ ਕੌਰ ਬਣੀ 5 ਵਾਰ ਸੰਸਦ ਮੈਂਬਰ
ਔਰਤ ਸੰਸਦ ਮੈਂਬਰਾਂ ਵਿੱਚ ਕਾਂਗਰਸ ਦੀ ਸੁਖਬੰਸ ਕੌਰ ਭਿੰਡਰ ਦਾ ਨਾਮ ਸਭ ਤੋਂ ਅੱਗੇ ਹੈ ਜੋ 1980 ਤੋਂ ਲੈ ਕੇ 1996 ਤੱਕ ਲਗਾਤਾਰ ਪੰਜ ਵਾਰ ਗੁਰਦਾਸਪੁਰ ਤੋਂ ਸੰਸਦ ਮੈਂਬਰ ਰਹੀ।
ਹਰਿਆਣਾ ਬਣਨ ਤੋਂ ਬਾਅਦ 1967 ਵਿੱਚ ਨਿਰਲੇਪ ਕੌਰ ਅਤੇ ਮੋਹਿੰਦਰ ਕੌਰ ਨਵੇਂ ਪੰਜਾਬ ਤੋਂ ਸੰਸਦ ਮੈਂਬਰ ਬਣੀਆਂ।
ਅਕਾਲੀ ਦਲ ਸੰਤ ਫਤਹਿ ਸਿੰਘ ਵੱਲੋਂ ਸੰਗਰੂਰ ਤੋਂ ਨਿਰਲੇਪ ਕੌਰ ਨੇ ਚੋਣਾਂ ਲੜੀਆਂ ਅਤੇ ਜਿੱਤੀਆਂ।
ਮੋਹਿੰਦਰ ਕੌਰ ਪਟਿਆਲਾ ਸ਼ਾਹੀ ਘਰਾਣੇ ਨਾਲ ਸਬੰਧਤ ਸਨ ਅਤੇ ਕਾਂਗਰਸ ਦੀ ਟਿਕਟ 'ਤੇ ਚੋਣਾਂ ਜਿੱਤੀਆਂ। ਬਾਅਦ ਵਿੱਚ ਐਮਰਜੈਂਸੀ ਦੌਰਾਨ ਉਨ੍ਹਾਂ ਨੇ ਜਨਤਾ ਪਾਰਟੀ ਜੁਆਇਨ ਕਰ ਲਈ।
1980 ਵਿੱਚ ਗੁਰਬਿੰਦਰ ਕੌਰ ਬਰਾੜ ਨੇ ਕਾਂਗਰਸ ਵੱਲੋਂ ਫਰੀਦਕੋਟ ਤੋਂ ਲੋਕ ਸਭਾ ਚੋਣਾਂ ਜਿੱਤੀਆਂ।
1989 ਵਿੱਚ ਅਕਾਲੀ ਦਲ (ਮਾਨ) ਵੱਲੋਂ ਦੋ ਔਰਤਾਂ ਰਾਜਿੰਦਰ ਕੌਰ (ਲੁਧਿਆਣਾ) ਅਤੇ ਬਿਮਲ ਕੌਰ (ਰੋਪੜ) ਸੰਸਦ ਮੈਂਬਰ ਚੁਣੀਆਂ ਗਈਆਂ।
ਕਾਂਗਰਸ ਦੀ ਸੰਤੋਸ਼ ਚੌਧਰੀ ਤਿੰਨ ਵਾਰ ਸੰਸਦ ਮੈਂਬਰ ਰਹੀ ਹੈ- 2009 'ਚ ਹੁਸ਼ਿਆਪੁਰ ਤੋਂ, 1992, 1999 'ਚ ਫਿਲੌਰ ਤੋਂ।
ਪਰਨੀਤ ਕੌਰ ਵੀ ਤਿੰਨ ਵਾਰ 1999, 2004 ਅਤੇ 2009 ਵਿੱਚ ਪਟਿਆਲਾ ਤੋਂ ਸੰਸਦ ਮੈਂਬਰ ਬਣੀ।
ਜਦੋਂ ਕੋਈ ਔਰਤ ਸੰਸਦ ਮੈਂਬਰ ਨਹੀਂ ਬਣੀ
2009 ਅਤੇ 2014 ਵਿੱਚ ਅਕਾਲੀ ਦਲ ਤੋਂ ਹਰਸਿਮਰਤ ਕੌਰ ਬਾਦਲ ਸੰਸਦ ਮੈਂਬਰ ਰਹੀ।
ਰੋਪੜ ਤੋਂ ਅਕਾਲੀ ਦਲ ਦੀ ਸਤਵਿੰਦਰ ਕੌਰ ਵੀ 1997 ਦੀਆਂ ਜ਼ਿਮਨੀ ਚੋਣਾਂ ਜਿੱਤੀ ਸੀ ਅਤੇ ਫਿਰ 1998 ਵਿੱਚ ਵੀ ਜਿੱਤ ਹਾਸਿਲ ਕੀਤੀ।
ਇਸ ਵਿਚਾਲੇ ਅਜਿਹਾ ਦੌਰ ਵੀ ਰਿਹਾ ਹੈ ਜਦੋਂ ਪੰਜਾਬ ਤੋਂ ਕੋਈ ਵੀ ਔਰਤ ਸੰਸਦ ਮੈਂਬਰ ਨਹੀਂ ਬਣੀ। 1962, 1971 ਅਤੇ 1977 ਦੀਆਂ ਲੋਕ ਸਭਾ ਚੋਣਾਂ 'ਚ ਪੰਜਾਬ ਦਾ ਸਕੋਰ ਜ਼ੀਰੋ ਸੀ।
ਹਾਲਾਂਕਿ ਇਕੱਲੇ ਪੰਜਾਬ ਦਾ ਹੀ ਇਹ ਹਾਲ ਨਹੀਂ ਹੈ ਹੋਰ ਵੀ ਕਈ ਅਜਿਹੇ ਸੂਬੇ ਹਨ।
2014 ਵਿੱਤ ਤਾਂ ਹਰਿਆਣਾ ਅਤੇ ਝਾਰਖੰਡ ਤੋਂ ਇੱਕ ਵੀ ਔਰਤ ਸੰਸਦ ਮੈਂਬਰ ਨਹੀਂ ਚੁਣੀ ਗਈ।
ਜਦ ਕਿ ਇਹ ਗੱਲ ਮਿੱਥ ਵਾਂਗ ਸਾਬਿਤ ਹੋ ਰਹੀ ਹੈ ਕਿ ਔਰਤਾਂ ਸਿਆਸਤ ਵਿੱਚ ਹਿੱਸੇਦਾਰੀ ਨਹੀੰ ਕਰਦੀਆਂ।
ਸਾਲ 2014 ਦੀਆਂ ਚੋਣਾਂ ਵਿੱਚ ਦੇਸ ਭਰ ਵਿੱਚ 67.09 ਫੀਸਦ ਪੁਰਸ਼ਾਂ ਨੇ ਵੋਟ ਪਾਈ ਸੀ ਅਤੇ ਤਾਂ ਔਰਤਾਂ ਨੇ 65.63 ਫੀਸਦ ਔਰਤਾਂ ਨੇ।
16 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਔਰਤਾਂ ਦਾ ਵੋਟ ਫੀਸਦ ਪੁਰਸ਼ਾਂ ਦੇ ਮੁਕਾਬਲੇ ਵੱਧ ਸੀ।
ਸਿਆਸਤ ਵਿੱਚ ਆਰਥਿਕ ਤਾਕਤ, ਸਿਆਸੀ ਰਸੂਖ਼, ਪਰਿਵਾਰਕ ਸਮਰਥਨ ਦੀ ਲੋੜ ਹੁੰਦੀ ਹੈ ਜੋ ਬਹੁਤ ਸਾਰੀਆਂ ਔਰਤ ਉਮੀਦਾਵਰਾਂ ਨੂੰ ਨਹੀਂ ਮਿਲਦਾ।
ਸਮਾਜ ਦੇ ਦੂਜੇ ਖੇਤਰਾਂ ਵਾਂਗ ਸਿਆਸਤ ਵਿੱਚ ਵੀ ਪੁਰਸ਼ ਪ੍ਰਧਾਨ ਸੋਚ ਹੀ ਹਾਵੀ ਰਹਿੰਦੀ ਹੈ।
ਭਾਰਤ ਵਿੱਚ ਕੁੱਲ ਔਰਤਾਂ ਸੰਸਦ ਮੈਂਬਰਾਂ ਵਜੋਂ
ਇਹ ਵੀ ਪੜ੍ਹੋ-
ਤੁਸੀਂ ਇਹ ਵੀਡੀਓ ਵੀ ਦੇਖ ਸਕਦੇ ਹੋ