ਈਰਾਨ ਮੁਜ਼ਾਹਰੇ: ਅਮਰੀਕਾ ਨੇ ਤਹਿਰਾਨ ਦੇ ਇਲਜ਼ਾਮਾਂ ਨੂੰ ਦੱਸਿਆ 'ਬੇਤੁਕੇ'

ਅਮਰੀਕਾ ਨੇ ਈਰਾਨ ਵੱਲੋਂ ਲਗਾਏ ਇਲਜ਼ਾਮ ਕਿ ਈਰਾਨ ਮੁਜ਼ਾਹਰਿਆਂ ਦੇ ਪਿੱਛੇ ਉਨ੍ਹਾਂ ਦੇ ਦੁਸ਼ਮਣਾਂ ਦਾ ਹੱਥ ਹੈ, ਨੂੰ ਨਕਾਰਦਿਆਂ ਇਸ ਨੂੰ 'ਬੇਤੁਕਾ' ਦੱਸਿਆ।

ਈਰਾਨ ਦੇ ਮੁੱਖ ਆਗੂ ਆਇਆਤੋਲਾਹ ਅਲੀ ਖਮੇਨੀ ਨੇ ਇਨ੍ਹਾਂ ਮੁਜ਼ਾਹਰਿਆਂ 'ਤੇ ਦਿੱਤੇ ਇੱਕ ਬਿਆਨ ਵਿੱਚ ਅਜਿਹੇ ਇਲਜ਼ਾਮ ਲਗਾਉਂਦਿਆਂ ਕਿਹਾ ਸੀ ਕਿ ਈਰਾਨ ਦੇ ਮੁਜ਼ਾਰਿਆਂ ਦੇ ਪਿੱਛੇ ਉਨ੍ਹਾਂ ਦੇ ਦੁਸ਼ਮਣ ਹਨ।

ਇਸ 'ਤੇ ਸੰਯੁਕਤ ਰਾਸ਼ਟਰ ਵਿੱਚ ਅਮਰੀਕਾ ਦੀ ਦੂਤ ਨਿੱਕੀ ਹੈਲੀ ਨੇ ਕਿਹਾ ਕਿ ਇਹ ਆਪਣੇ ਆਪ ਹੋਏ ਹਨ ਅਤੇ ਇਸ 'ਤੇ ਸੰਯੁਕਤ ਰਾਸ਼ਟਰ ਨੇ ਐਮਰਜੈਂਸੀ ਬੈਠਕ ਬੁਲਾਏ ਜਾਣ ਦੀ ਯੋਜਨਾ ਵੀ ਬਣਾਈ ਸੀ।

ਇਹ ਵਿਰੋਧ ਪ੍ਰਦਰਸ਼ਨ ਪਿਛਲੇ ਵੀਰਵਾਰ ਨੂੰ ਸ਼ੁਰੂ ਹੋਏ ਅਤੇ ਇਸ ਦੌਰਾਨ 22 ਲੋਕਾਂ ਦੇ ਮੌਤ ਹੋ ਗਈ।

ਮਸ਼ਹਾਦ ਸ਼ਹਿਰ ਵਿੱਚ ਮੁਜ਼ਾਹਰੇ ਪਹਿਲਾਂ ਚੌਲਾਂ ਦੇ ਵੱਧਦੇ ਮੁੱਲ ਤੇ ਭ੍ਰਿਸ਼ਟਾਚਾਰ ਖ਼ਿਲਾਫ਼ ਸ਼ੁਰੂ ਹੋਏ ਸਨ ਪਰ ਬਾਅਦ ਇਨ੍ਹਾਂ ਨੇ ਸਰਕਾਰ ਵਿਰੋਧੀ ਰੂਪ ਇਖ਼ਤਿਆਰ ਕਰ ਲਿਆ।

ਅਮਰੀਕਾ ਤੇ ਈਰਾਨ ਈਰਾਨ ਵਿਚਲਾ ਵਿਵਾਦ

ਈਰਾਨ ਦੇ ਮੁੱਖ ਆਗੂ ਨੇ ਆਪਣੀ ਅਧਿਕਾਰਕ ਸਾਈਟ ਉੱਤੇ ਲਿਖਿਆ, "ਅੱਜਕਲ, ਈਰਾਨ ਦੇ ਦੁਸ਼ਮਣ ਇਸਲਾਮਿਕ ਗਣਰਾਜ ਲਈ ਮੁਸ਼ਕਲਾਂ ਪੈਦਾ ਕਰਨ ਲਈ ਸੰਘਰਸ਼, ਹਥਿਆਰ, ਸਿਆਸਤ ਅਤੇ ਖ਼ੁਫ਼ੀਆਂ, ਸੇਵਾਵਾਂ ਸਣੇ ਵੱਖ ਵੱਖ ਤਰੀਕੇ ਅਪਣਾ ਰਹੇ ਹਨ।

ਅਲੋਚਕਾਂ ਦਾ ਕਹਿਣਾ ਹੈ ਕਿ ਆਇਆਤੋਲਾਹ ਦੇ 'ਦੁਸ਼ਮਣ' ਦਾ ਹਵਾਲਾ ਇਜ਼ਾਰਾਇਲ, ਅਮਰੀਕਾ ਅਤੇ ਸਾਊਦੀ ਅਰਬ ਦੇ ਪ੍ਰਤੀਦਵੰਦੀਆਂ ਲਈ ਕਰੜੀ ਚੋਟ ਹੈ।

ਹੈਲੀ ਨੇ ਕਿਹਾ ਇਲਜ਼ਾਮ ਬੇਹੱਦ "ਹਾਸੋਹੀਣਾ" ਹੈ।

ਉਨ੍ਹਾਂ ਨੇ ਕਿਹਾ, "ਈਰਾਨ ਦੇ ਲੋਕ ਅਜ਼ਾਦੀ ਲਈ ਰੋ ਰਹੇ ਹਨ। ਸਾਰੇ ਅਜ਼ਾਦੀ ਪਸੰਦ ਲੋਕਾਂ ਨੂੰ ਆਪਣੇ ਉਦੇਸ਼ ਲਈ ਖੜ੍ਹੇ ਹੋਣਾ ਚਾਹੀਦਾ ਹੈ।"

ਉਨ੍ਹਾਂ ਨੇ ਕਿਹਾ ਇਸ ਸਬੰਧੀ ਅਮਰੀਕਾ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਦੀ ਐਮਰਜੈਂਸੀ ਬੈਠਕ ਦੀ ਵੀ ਮੰਗ ਕਰੇਗਾ।

ਨਿਊਯਾਰਕ ਵਿੱਚ ਬੀਬੀਸੀ ਦੇ ਨਾਡਾ ਤੌਫੀਕ ਦਾ ਕਹਿਣਾ ਹੈ ਕਿ ਸੁਰਖਿਆ ਪਰਿਸ਼ਦ ਦੀ ਬੈਠਕ ਕੌਮਾਂਤਰੀ ਸ਼ਾਂਤੀ ਦੇ ਖਤਰੇ ਅਤੇ ਸੁਰਖਿਆ ਲਈ ਕੰਮ ਕਰਦੀ ਹੈ ਅਤੇ ਇਹ ਸਪੱਸ਼ਟ ਨਹੀਂ ਹੈ ਕਿ ਇਸ ਦੇ ਮੈਂਬਰ ਅਜਿਹੀ ਮੀਟਿੰਗ ਲਈ ਰਾਜ਼ੀ ਹੋਣਗੇ ਜਾਂ ਨਹੀਂ ।

ਨਿੱਕੀ ਹੈਲੀ ਦਾ ਕਹਿਣਾ ਹੈ, "ਸੰਯੁਕਤ ਰਾਸ਼ਟਰ ਚਾਰਟਰ ਤਹਿਤ ਸ਼ਾਮਿਲ ਕੀਤੀ ਗਈ ਅਜ਼ਾਦੀ ਦਾ ਅਸਤਿਤਵ ਈਰਾਨ ਵਿੱਚ ਖਤਰੇ 'ਚ ਹੈ। ਦਰਜਨਾਂ ਮਾਰੇ ਗਏ ਹਨ ਅਤੇ ਸੈਂਕੜੇ ਲੋਕ ਗ੍ਰਿਫ਼ਤਾਰ ਹਨ।"

"ਅਜਿਹੇ 'ਚ ਜੇਕਰ ਈਰਾਨੀ ਤਾਨਾਸ਼ਾਹ ਇਤਿਹਾਸ ਕਿਸੇ ਵੀ ਤਰ੍ਹਾਂ ਦਾ ਮਾਰਗਦਰਸ਼ਨ ਕਰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਬੱਦਤਰ ਹੋ ਸਕਦੇ ਹਨ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)