ਅਲਕਾਇਦਾ ਮੁਖੀ ਨੇ ਹਿਜਾਬ ਲਈ ਲੜਨ ਵਾਲੀ ਭਾਰਤੀ ਕੁੜੀ ਦੀ ਕੀਤੀ ਸ਼ਲਾਘਾ, ਉਸ ਦੇ ਪਿਤਾ ਨੇ ਕੀ ਕਿਹਾ - ਪ੍ਰੈੱਸ ਰਿਵੀਊ

ਅਲਕਾਇਦਾ ਦੇ ਮੁਖੀ ਅਯਮਨ ਅਲ-ਜ਼ਵਾਹਿਰੀ ਨੇ ਹਿਜਾਬ ਵਿਵਾਦ 'ਚ ਕਰਨਾਟਕ ਕਾਲਜ ਦੀ ਵਿਦਿਆਰਥਣ ਅਤੇ 'ਅੱਲ੍ਹਾ ਹੂ ਅਕਬਰ'' ਦੇ ਨਾਅਰੇ ਲਗਾਉਣ ਵਾਲੀ ਮੁਸਕਾਨ ਖਾਨ ਦੀ ਪ੍ਰਸ਼ੰਸਾ ਕੀਤੀ ਹੈ। ਲੰਘੇ ਮੰਗਲਵਾਰ ਨੂੰ 'ਭਾਰਤ ਦੀ ਨੋਬਲ ਵੂਮੈਨ' ਸਿਰਲੇਖ ਵਾਲਾ ਇੱਕ ਵੀਡੀਓ ਜਾਰੀ ਕਰ ਉਨ੍ਹਾਂ ਕਿਹਾ ਕਿ ਭਾਰਤੀ ਮੁਸਲਮਾਨਾਂ ਨੂੰ ਇਸ ''ਜ਼ੁਲਮ 'ਤੇ ਪ੍ਰਤੀਕਿਰਿਆ'' ਕਰਨੀ ਚਾਹੀਦੀ ਹੈ।
ਮੁਸਕਾਨ ਨੂੰ 'ਭੈਣ' ਕਹਿੰਦਿਆਂ ਉਨ੍ਹਾਂ ਕਿਹਾ ਕਿ ਉਹ ਮੁਸਕਾਨ ਦੀ ਵੀਡੀਓ ਤੋਂ ਇੰਨੇ ਪ੍ਰਭਾਵਿਤ ਹੋਏ ਹਨ ਕਿ ਉਨ੍ਹਾਂ ਨੇ ਉਸ ਲਈ ਇੱਕ ਕਵਿਤਾ ਲਿਖੀ ਹੈ। ਜ਼ਵਾਹਿਰੀ ਨੇ ਕਿਹਾ ਕਿ ਉਹ ਉਸ ਦੇ "ਤਕਬੀਰ ਦੇ ਨਾਅਰੇ" ਸੁਣ ਕੇ ਬਹੁਤ ਪ੍ਰਭਾਵਿਤ ਹੋਏ।
ਹਿੰਦੂਸਤਾਨ ਟਾਈਮਜ਼ ਦੀ ਖ਼ਬਰ ਮੁਤਾਬਕ, ਅਲਕਾਇਦਾ ਮੁਖੀ ਦੇ ਇਸ ਵੀਡੀਓ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਹੁਣ ਮੁਸਕਾਨ ਦੇ ਪਿਤਾ ਨੇ ਬੁੱਧਵਾਰ ਨੂੰ ਕਿਹਾ ਕਿ ਅੱਤਵਾਦੀ ਸਮੂਹ ਦੇ ਨੇਤਾ ਦੀਆਂ ਟਿੱਪਣੀਆਂ "ਗਲਤ" ਸਨ ਅਤੇ ਉਹ ਤੇ ਉਨ੍ਹਾਂ ਦਾ ਪਰਿਵਾਰ ਭਾਰਤ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਨ।
ਮੁਸਕਾਨ ਦੇ ਪਿਤਾ ਮੁਹੰਮਦ ਹੁਸੈਨ ਖਾਨ ਨੇ ਇਹ ਵੀ ਕਿਹਾ ਕਿ ਪੁਲਿਸ ਅਤੇ ਕਰਨਾਟਕ ਸਰਕਾਰ ਸੱਚਾਈ ਦਾ ਪਤਾ ਲਗਾਉਣ ਲਈ ਜਾਂਚ ਵੀ ਸ਼ੁਰੂ ਕਰ ਸਕਦੀ ਹੈ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਖਾਨ ਨੇ ਕਿਹਾ ਕਿ, "ਅਸੀਂ ਇਸ (ਵੀਡੀਓ) ਬਾਰੇ ਕੁਝ ਨਹੀਂ ਜਾਣਦੇ, ਅਸੀਂ ਨਹੀਂ ਜਾਣਦੇ ਕਿ ਉਹ ਕੌਣ ਹੈ। ਮੈਂ ਅੱਜ ਪਹਿਲੀ ਵਾਰ ਉਨ੍ਹਾਂ ਨੂੰ ਦੇਖਿਆ। ਉਨ੍ਹਾਂ ਨੇ ਅਰਬੀ ਵਿੱਚ ਕੁਝ ਕਿਹਾ ਹੈ..... ਅਸੀਂ ਸਾਰੇ ਇੱਥੇ ਪਿਆਰ ਨਾਲ ਰਹਿ ਰਹੇ ਹਾਂ ਅਤੇ ਭਰਾਵਾਂ ਵਾਂਗ ਭਰੋਸਾ ਕਰਦੇ ਹਾਂ।
ਉਨ੍ਹਾਂ ਕਿਹਾ, "ਲੋਕ ਜੋ ਚਾਹੁੰਦੇ ਹਨ ਉਹ ਕਹਿੰਦੇ ਹਨ... ਇਹ ਬਿਨਾਂ ਮਤਲਬ ਮੁਸ਼ਕਿਲ ਪੈਦਾ ਕਰ ਰਿਹਾ ਹੈ। ਅਸੀਂ ਆਪਣੇ ਦੇਸ਼ ਵਿੱਚ ਸ਼ਾਂਤੀ ਨਾਲ ਰਹਿ ਰਹੇ ਹਾਂ, ਅਸੀਂ ਨਹੀਂ ਚਾਹੁੰਦੇ ਕਿ ਉਹ ਸਾਡੇ ਬਾਰੇ ਗੱਲ ਕਰੇ, ਕਿਉਂਕਿ ਉਹ ਸਾਡੇ ਨਾਲ ਸਬੰਧਤ ਨਹੀਂ ਹੈ। ਇਹ ਗਲਤ ਹੈ, ਇਹ ਸਾਡੇ ਵਿਚਕਾਰ ਵੰਡ ਪੈਦਾ ਕਰਨ ਦੀ ਕੋਸ਼ਿਸ਼ ਹੈ।"
ਇਹ ਵੀ ਪੜ੍ਹੋ:
ਬਠਿੰਡਾ ਦੇ ਪਿੰਡ ਵਿੱਚ ਨਸ਼ਾਖੋਰੀ ਖਿਲਾਫ ਬਣੀ ਕਮੇਟੀ

ਤਸਵੀਰ ਸਰੋਤ, Ravinder singh robin/bbc
ਬਠਿੰਡਾ ਵਿੱਚ ਨਸ਼ਾਖੋਰੀ ਵਿਰੁੱਧ ਲੜਾਈ ਨੂੰ ਤੇਜ਼ ਕਰਦਿਆਂ ਲੋਕਾਂ ਦੁਆਰਾ 21 ਮੈਂਬਰੀ ਚਿੱਟਾ ਵਿਰੋਧੀ ਕਮੇਟੀ ਬਣਾਈ ਗਈ ਹੈ ਤਾਂ ਜੋ ਇਲਾਕੇ 'ਚ ਨਸ਼ੇ ਦੇ ਤਸਕਰਾਂ 'ਤੇ ਕਾਬੂ ਪਾਇਆ ਜਾ ਸਕੇ।
ਪਰ ਇਸਦੇ ਨਾਲ ਹੀ ਝੁੰਬਾ ਪਿੰਡ ਵਾਸੀਆਂ ਨੂੰ ਸ਼ਿਕਾਇਤ ਹੈ ਕਿ ਇਸ ਮਾਮਲੇ 'ਚ ਉਨ੍ਹਾਂ ਨੂੰ ਪੁਲਿਸ ਦੀ ਓਨੀ ਮਦਦ ਨਹੀਂ ਮਿਲ ਰਹੀ ਜਿਸ ਦੇ ਚੱਲਦਿਆਂ, ਕਮੇਟੀ ਦੇ ਮੈਂਬਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਸੋਮਵਾਰ ਨੂੰ ਨੰਦਗੜ੍ਹ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ।
ਦਿ ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ, ਬੀਕੇਯੂ (ਉਗਰਾਹਾਂ) ਦੇ ਮੈਂਬਰ ਅਤੇ ਇਸ ਪਿੰਡ ਦੇ ਵਸਨੀਕ ਜਗਸੀਰ ਸਿੰਘ ਝੂੰਬਾ ਨੇ ਕਿਹਾ, "ਅਸੀਂ ਸਪਲਾਇਰਾਂ ਬਾਰੇ ਜਾਣਕਾਰੀ ਦਿੰਦੇ ਹਾਂ ਅਤੇ ਵਿਅਕਤੀ ਨੂੰ ਪੁਲਿਸ ਹਵਾਲੇ ਵੀ ਕਰਦੇ ਹਾਂ। ਹਾਲਾਂਕਿ, ਸਾਡੇ ਪਿੰਡ ਪਹੁੰਚਣ ਤੋਂ ਬਹੁਤ ਪਹਿਲਾਂ, ਵਿਅਕਤੀ ਨੂੰ ਛੱਡ ਦਿੱਤਾ ਜਾਂਦਾ ਹੈ। ਇੰਨਾ ਹੀ ਨਹੀਂ ਇਸ ਤੋਂ ਬਾਅਦ ਸਾਨੂੰ ਧਮਕੀਆਂ ਵੀ ਮਿਲਣ ਲੱਗਦੀਆਂ ਹਨ''।
ਉਨ੍ਹਾਂ ਅੱਗੇ ਦੱਸਿਆ, ''11 ਮਾਰਚ ਨੂੰ ਪਿੰਡ ਦੇ 25 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਸੀ ਅਤੇ ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਪਿੰਡ ਵਾਸੀਆਂ ਨੇ ਪਿੰਡ ਵਿੱਚ ਧਰਨਾ ਦਿੱਤਾ ਸੀ। 15 ਮਾਰਚ ਨੂੰ, ਅਸੀਂ ਆਪਣੇ ਪਿੰਡ ਨੂੰ ਡਰੱਗ ਸਪਲਾਇਰਾਂ ਤੋਂ ਬਚਾਉਣ ਲਈ ਇਹ ਫਰੰਟ ਬਣਾਇਆ।"
"ਹਾਲਾਂਕਿ, ਉਸ ਤੋਂ ਬਾਅਦ ਸਾਡੇ ਦੋ ਮੈਂਬਰਾਂ ਨੂੰ ਧਮਕੀਆਂ ਮਿਲੀਆਂ, ਤਾਜ਼ਾ ਧਮਕੀਆਂ ਮਿਲਣ ਤੋਂ ਬਾਅਦ ਅਸੀਂ ਐਤਵਾਰ ਰਾਤ ਨੂੰ ਥਾਣੇ ਦਾ ਘਿਰਾਓ ਕੀਤਾ। ਇਹ ਚਿੱਟਾ ਵਿਰੋਧੀ ਫਰੰਟ 24×7 ਕੰਮ ਕਰ ਰਿਹਾ ਹੈ ਕਿਉਂਕਿ ਸਾਨੂੰ ਸਥਾਨਕ ਪੁਲਿਸ 'ਤੇ ਭਰੋਸਾ ਨਹੀਂ ਹੈ''।
ਹਾਲਾਂਕਿ ਪੁਲਿਸ ਦਾ ਦਾਅਵਾ ਹੈ ਕਿ ਕਮੇਟੀ ਜ਼ਿਆਦਾਤਰ ਨਸ਼ੇੜੀਆਂ ਨੂੰ ਫੜਦੀ ਰਹੀ ਹੈ, ਉਨ੍ਹਾਂ ਨੂੰ ਮੁੜ ਵਸੇਬੇ ਦੀ ਲੋੜ ਹੈ ਨਾ ਕਿ ਸਤਾਏ ਜਾਣ ਦੀ। ਪੁਲਿਸ ਦੇ ਅਨੁਸਾਰ, ਕਈ ਮਾਮਲਿਆਂ ਵਿੱਚ 5 ਗ੍ਰਾਮ ਤੋਂ ਘੱਟ ਦਾ ਨਸ਼ਾ ਬਰਾਮਦ ਹੋਇਆ ਜੋ ਐੱਨਡੀਪੀਐੱਸ ਕੇਸ ਦਰਜ ਕਰਨ ਲਈ ਕਾਫ਼ੀ ਨਹੀਂ ਹੈ।
ਭਾਰਤ ਨੇ ਰੂਸ-ਯੂਕਰੇਨ ਵਿਵਾਦ ਨੂੰ ਖਤਮ ਕਰਨ ਲਈ ਮਦਦ ਦੀ ਪੇਸ਼ਕਸ਼ ਕੀਤੀ
ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕਿਹਾ ਕਿ ਭਾਰਤ ਨੂੰ ''ਖੁਸ਼ੀ' ਹੋਵੇਗੀ ਜੇਕਰ ਉਹ ਯੂਕਰੇਨ ਸੰਕਟ ਦਾ ਹੱਲ ਲੱਭਣ 'ਚ ਮਦਦ ਕਰਨ। ਉਨ੍ਹਾਂ ਕਿਹਾ ਕਿ ਰੂਸ ਇੱਕ "ਬਹੁਤ ਮਹੱਤਵਪੂਰਨ ਭਾਈਵਾਲ" ਹੈ ਪਰ ਉਨ੍ਹਾਂ ਨਾਲ ਇਹ ਵੀ ਕਿਹਾ ਕਿ ਭਾਰਤ ਜੰਗ ਦੇ ਵਿਰੁੱਧ ਹੈ।
ਜੈਸ਼ੰਕਰ ਨੇ ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਨੂੰ ਕੱਢਣ ਲਈ ਆਪਰੇਸ਼ਨ ਗੰਗਾ ਦੌਰਾਨ ਰੂਸ, ਯੂਕਰੇਨ ਅਤੇ ਇੱਥੋਂ ਤੱਕ ਕਿ ਪੂਰਬੀ ਯੂਰਪ ਵਿੱਚ ਸਥਿਤ ਭਾਰਤੀ ਨਾਗਰਿਕਾਂ ਦੁਆਰਾ ਪ੍ਰਦਾਨ ਕੀਤੇ ਗਏ ਸਮਰਥਨ ਨੂੰ ਵੀ ਸਰਾਹਿਆ।

ਤਸਵੀਰ ਸਰੋਤ, Twitter/Dr. S. Jaishankar
ਦਿ ਹਿੰਦੂ ਦੀ ਖ਼ਬਰ ਮੁਤਾਬਕ ਉਨ੍ਹਾਂ ਕਿਹਾ, "ਕੂਟਨੀਤੀ ਦੇ ਸੰਦਰਭ ਵਿੱਚ, ਭਾਰਤ ਦੁਸ਼ਮਣੀ ਨੂੰ ਤੁਰੰਤ ਖਤਮ ਕਰਨ ਅਤੇ ਹਿੰਸਾ ਨੂੰ ਖਤਮ ਕਰਨ ਲਈ ਜ਼ੋਰਦਾਰ ਦਬਾਅ ਬਣਾਉਣਾ ਜਾਰੀ ਰੱਖਦਾ ਹੈ। ਅਸੀਂ ਯੂਕਰੇਨ ਅਤੇ ਰੂਸ ਵਿਚਕਾਰ, ਉਨ੍ਹਾਂ ਦੇ ਰਾਸ਼ਟਰਪਤੀਆਂ ਦੇ ਪੱਧਰ 'ਤੇ ਵੀ ਗੱਲਬਾਤ ਨੂੰ ਪ੍ਰੋਤਸਾਹਿਤ ਕਰਦੇ ਹਾਂ। ਪ੍ਰਧਾਨ ਮੰਤਰੀ ਨੇ ਇਸ ਸਬੰਧ ਵਿੱਚ ਦੋਵਾਂ ਨਾਲ ਗੱਲ ਕੀਤੀ ਹੈ''।
ਜੰਗ ਬਾਰੇ ਭਾਰਤ ਦਾ ਕੜਾ ਵਿਰੋਧ ਜਤਾਉਂਦਿਆਂ ਉਨ੍ਹਾਂ ਕਿਹਾ, "ਸਾਡਾ ਮੰਨਣਾ ਹੈ ਕਿ ਖੂਨ ਵਹਾਉਣ ਅਤੇ ਬੇਕਸੂਰ ਜਾਨਾਂ ਦੀ ਕੀਮਤ 'ਤੇ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਇਸ ਦਿਨ ਅਤੇ ਸਮੇਂ ਵਿੱਚ, ਗੱਲਬਾਤ ਅਤੇ ਕੂਟਨੀਤੀ ਹੀ ਕਿਸੇ ਵਿਵਾਦ ਦਾ ਸਹੀ ਜਵਾਬ ਹਨ ਅਤੇ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ। ਜੇਕਰ ਭਾਰਤ ਨੇ ਕੋਈ ਪੱਖ ਚੁਣਿਆ ਹੈ - ਤਾਂ ਇਹ ਸ਼ਾਂਤੀ ਦਾ ਪੱਖ ਹੈ ਅਤੇ ਇਹ ਹਿੰਸਾ ਤੁਰੰਤ ਖ਼ਤਮ ਕਰਨ ਲਈ ਹੈ।"
ਇਹ ਵੀ ਪੜ੍ਹੋ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post












