ਯੂਕਰੇਨ ਦੇ ਬੂਚਾ ਵਿੱਚ ਸੜਕਾਂ 'ਤੇ ਪਈਆਂ ਲਾਸ਼ਾਂ ਬਾਰੇ ਰੂਸੀ ਦਾਅਵਿਆਂ ਦਾ ਫੈਕਟ ਚੈੱਕ

ਬੂਚਾ

ਤਸਵੀਰ ਸਰੋਤ, Getty Images

    • ਲੇਖਕ, ਬੀਬੀਸੀ ਰਿਐਲਿਟੀ ਚੈੱਕ ਅਤੇ ਬੀਬੀਸੀ ਮੌਨਿਟਰਿੰਗ
    • ਰੋਲ, ਬੀਬੀਸੀ ਨਿਊਜ਼

ਚਿਤਾਵਨੀ- ਇਸ ਰਿਪੋਰਟ ਵਿੱਚ ਵਰਤੀਆਂ ਗਈਆਂ ਤਸਵੀਰਾਂ ਕੁਝ ਲੋਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ

ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼ ਨੇ ਯੂਕਰੇਨ ਦੇ ਬੂਚਾ ਸ਼ਹਿਰ ਵਿੱਚ ਲੋਕਾਂ ਦੇ ਕਤਲ ਦੀਆਂ ਤਸਵੀਰਾਂ 'ਤੇ ਇੱਕ ਸੁਤੰਤਰ ਜਾਂਚ ਦੀ ਮੰਗ ਕੀਤੀ ਹੈ।

ਯੂਕਰੇਨ ਨੇ ਰੂਸ 'ਤੇ ਜਾਣਬੁੱਝ ਕੇ ਕਤਲ ਕਰਨ ਦਾ ਇਲਜ਼ਾਮ ਲਗਾਇਆ ਹੈ ਤਾਂ ਰੂਸ ਨੇ ਇਸ ਨੂੰ 'ਯੂਕਰੇਨ ਦੀ ਹਕੂਮਤ ਦਾ ਉਕਸਾਉਣ ਲਈ ਕੀਤਾ ਗਿਆ ਨਾਟਕ' ਦੱਸਿਆ ਹੈ। ਇਸ ਦੇ ਨਾਲ ਹੀ ਰੂਸ ਨੇ ਬੂਚਾ ਤੋਂ ਸਾਹਮਣੇ ਆਈ ਫੁਟੇਜ 'ਤੇ ਵੀ ਕਈ ਦਾਅਵੇ ਕੀਤੇ ਹਨ।

ਕੀਵ ਦੇ ਬਾਹਰੀ ਇਲਾਕੇ ਵਿੱਚ ਸਥਿਤ ਬੂਚਾ ਤੋਂ ਰੂਸੀ ਫੌਜ ਦੇ ਪਿੱਛੇ ਹਟਣ ਤੋਂ ਬਾਅਦ, ਸ਼ਹਿਰ ਦੀਆਂ ਗਲੀਆਂ ਵਿੱਚ ਲਾਸ਼ਾਂ ਪਈਆਂ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਕੁਝ ਪੱਤਰਕਾਰਾਂ ਨੇ ਵੀ ਇਹ ਲਾਸ਼ਾਂ ਦੇਖੀਆਂ ਹਨ।

ਰੂਸ ਦਾ ਦਾਅਵਾ- 'ਫੇਕ ਲਾਸ਼ਾਂ'

ਬੂਚਾ ਤੋਂ ਰੂਸੀ ਫੌਜ ਦੇ ਹਟਣ ਤੋਂ ਬਾਅਦ, ਇੱਕ ਕਾਰ ਤੋਂ ਲਈ ਗਈ ਫੁਟੇਜ ਵਿੱਚ ਸੜਕ ਦੇ ਦੋਵਾਂ ਪਾਸੇ ਲਾਸ਼ਾਂ ਦੇਖੀਆਂ ਜਾ ਸਕਦੀਆਂ ਹਨ।

ਤਸਵੀਰਾਂ ਪਹਿਲੀ ਵਾਰ ਨਿਊਯਾਰਕ ਟਾਈਮਜ਼ ਦੁਆਰਾ ਰਿਪੋਰਟ ਕੀਤੀਆਂ ਗਈਆਂ ਅਤੇ ਬੀਬੀਸੀ ਵੱਲੋਂ ਤਸਦੀਕ ਕੀਤੀ ਗਿਆ ਅਤੇ ਦੇਖਿਆ ਗਿਆ ਕਿ ਲਾਸ਼ਾਂ ਉਸੇ ਗਲੀ ਵਿੱਚ ਉਸੇ ਸਥਿਤੀ ਵਿੱਚ ਹਨ, ਜਿਵੇਂ ਵੀਡੀਓ ਵਿੱਚ ਨਜ਼ਰ ਆ ਰਹੀਆਂ ਹਨ।

ਇਹ ਵੀ ਪੜ੍ਹੋ-

ਇਸ ਫੁਟੇਜ ਦੇ ਸਾਹਮਣੇ ਆਉਣ ਤੋਂ ਬਾਅਦ, ਰੂਸ ਦੀ ਹਮਾਇਤ ਕਰਨ ਵਾਲੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਨ੍ਹਾਂ ਦਾ ਇੱਕ 'ਸਲੋ-ਡਾਊਨ' (ਹੋਲੀ ਗਤੀ ਵਾਲਾ) ਵੀਡੀਓ ਸ਼ੇਅਰ ਕੀਤਾ ਹੈ ਅਤੇ ਦਾਅਵਾ ਕੀਤਾ ਹੈ ਕਿ ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਲਾਸ਼ ਦਾ ਹੱਥ ਹਿਲ ਰਿਹਾ ਹੈ।

ਕੈਨੇਡਾ ਵਿੱਚ ਰੂਸੀ ਦੂਤਾਵਾਸ ਨੇ ਇਸ ਨੂੰ ਟਵੀਟ ਕੀਤਾ ਹੈ ਅਤੇ ਲਿਖਿਆ, "ਕੀਵ ਕੋਲ ਬੂਚਾ ਸ਼ਹਿਰ ਵਿੱਚ ਫੇਕ ਲਾਸ਼ ਦਾ ਫਰਜ਼ੀ ਵੀਡੀਓ।"

ਵੀਡੀਓ ਥੋੜ੍ਹਾ ਧੁੰਧਲਾ ਹੈ ਪਰ ਨਜ਼ਦੀਕੀ ਵਿਸ਼ਲੇਸ਼ਣ ਤੋਂ ਪਤਾ ਲੱਗਦਾ ਹੈ ਕਿ ਜਿਸ ਨੂੰ ਰੂਸ ਹਿਲਦੀ ਹੋਈ ਬਾਂਹ ਦੱਸ ਰਿਹਾ ਹੈ ਉਹ ਦਰਅਸਲ ਕਾਰ ਦੀ ਵਿੰਡਸਕਰੀਨ ਦੇ ਸੱਜੇ ਕੋਨੇ 'ਤੇ ਇੱਕ ਨਿਸ਼ਾਨ ਹੈ। ਇਹ ਮਾਰਕ ਧੂਲ ਦਾ ਕਣ ਜਾਂ ਬਾਰਿਸ਼ ਦੀ ਬੂੰਦ ਵਰਗਾ ਲੱਗਦਾ ਹੈ।

ਇਸੇ ਫੁਟੇਜ ਬਾਰੇ ਰੂਸ ਨੇ ਇੱਕ ਹੋਰ ਦਾਅਵਾ ਕੀਤਾ ਹੈ। ਫੁਟੇਜ ਦੇ ਉਸ ਹਿੱਸੇ ਵਿੱਚ ਕਾਰ ਇੱਕ ਹੋਰ ਲਾਸ਼ ਕੋਲੋਂ ਲੰਘਦੀ ਹੈ।

ਇਹ ਲਾਸ਼ ਲਾਲ ਅਤੇ ਪੀਲੇ ਪੱਥਰਾਂ ਵਾਲੇ ਫੁੱਟਪਾਥ 'ਤੇ ਪਈ ਹੈ। ਲਾਸ਼ ਨੂੰ ਥੋੜ੍ਹੇ ਸਮੇਂ ਲਈ ਕਾਰ ਦੇ ਸੱਜੇ ਵਿੰਗ ਸ਼ੀਸ਼ੇ ਵਿੱਚ ਦੇਖਿਆ ਜਾ ਸਕਦਾ ਹੈ।

ਰੂਸ ਦੇ ਹਮਾਇਤੀ ਸੋਸ਼ਲ ਮੀਡੀਆ ਅਕਾਊਂਟਸ ਦਾ ਦਾਅਵਾ ਹੈ ਕਿ ਇਸ ਵਿੱਚ ਲਾਸ਼ ਬੈਠਦਿਆਂ ਹੋਇਆ ਨਜ਼ਰ ਆ ਰਹੀ ਹੈ।

ਬੂਚਾ

ਤਸਵੀਰ ਸਰੋਤ, UKRAIN DEFENCE MINISTRY

ਪਰ ਫੁਟੇਜ ਦੇ ਇਸ ਹਿੱਸੇ ਵੀਡੀਓ ਨੂੰ ਸਲੋ ਮੋਸ਼ਨ ਵਿੱਚ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਵਿੰਗ ਮਿਰਰ ਸਾਫ਼ ਤੌਰ 'ਤੇ ਲਾਸ਼ ਦੇ ਪ੍ਰਤੀਬਿੰਬ ਦੇ ਨਾਲ-ਨਾਲ, ਬੈਕਗਰਾਊਂਡ ਵਿੱਚ ਘਰਾਂ ਨੂੰ ਵੀ ਠੀਕ ਤਰ੍ਹਾਂ ਨਹੀਂ ਦਿਖਾ ਰਿਹਾ।

ਅਜਿਹਾ ਹੀ ਇੰਟਰਨੈੱਟ ਵਿੱਚ ਪਾਏ ਗਏ ਵਿੰਗ ਮਿਰਰਸ ਦੇ ਹੋਰਨਾਂ ਕਈ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ।

ਬੀਬੀਸੀ ਨੇ ਦੋ ਅਪ੍ਰੈਲ ਨੂੰ ਪੋਸਟ ਕੀਤੇ ਗਏ ਵੀਡੀਓ ਦੀ ਤਿੰਨ ਅਪ੍ਰੈਲ ਨੂੰ ਤਸਵੀਰ ਏਜੰਸੀ ਗੇਟੀ ਅਤੇ ਏਐੱਫਪੀ ਦੀਆਂ ਤਸਵੀਰਾਂ ਨਾਲ ਤੁਲਨਾ ਕੀਤੀ ਹੈ।

ਬੂਚਾ

ਤਸਵੀਰ ਸਰੋਤ, BBC/GETTY

ਵੀਡੀਓ ਵਿੱਚ ਪਹਿਲੀ ਲਾਸ਼ ਪਿੱਠ ਦੇ ਬਲ ਪਈ ਨਜ਼ਰ ਆ ਰਹੀ ਹੈ। ਲਾਸ਼ ਦੇ ਸੱਜੇ ਪਾਸੇ ਫੁੱਟਪਾਥ 'ਤੇ ਥੋੜ੍ਹੀ ਘਾਹ ਹੈ ਤਾਂ ਥੋੜ੍ਹਾ ਪੱਥਰ।

ਇਸ ਦੇ ਨਾਲ ਹੀ ਸੱਜੇ ਪਾਸੇ ਦਾ ਕੁਝ ਹਿੱਸਾ ਘਾਹ ਵਾਲਾ ਅਤੇ ਇੱਕ ਵਾੜ ਹੈ ਅਤੇ ਕੋਲ ਹੀ ਸਿਲਵਰ ਰੰਗ ਦੀ ਕਾਰ ਨਜ਼ਰ ਆ ਰਹੀ ਹੈ, ਜਿਸ ਦੀ ਡਿੱਗੀ ਖੁੱਲ੍ਹੀ ਹੋਈ ਹੈ।

ਇਹੀ ਕਾਰ, ਫੁੱਟਪਾਥ ਤੇ ਵਾੜ ਅਤੇ ਘਾਹ ਗੇਟੀ ਅਤੇ ਏਐੱਫਪੀ ਦੀ ਤਸਵੀਰ ਵਿੱਚ ਵੀ ਹੈ।

ਬੂਚਾ

ਤਸਵੀਰ ਸਰੋਤ, BBC/GETTY

ਦੂਜੀ ਲਾਸ਼ ਕਾਲੀ ਜੈਕੇਟ ਵਿੱਚ ਹੈ। ਲਾਸ਼ ਦੀ ਸੱਜੀ ਬਾਂਹ ਵਿੱਚ ਬੈਂਡੇਜ ਦੇਖੀ ਜਾ ਸਕਦੀ ਹੈ। ਇਹ ਲਾਸ਼ ਲਾਲ ਅਤੇ ਪੀਲੇ ਫੁੱਟਪਾਥ ਕੋਲ ਤੇ ਟੁੱਟੀ ਹੋਈ ਵਾੜ ਸਾਹਮਣੇ ਹੈ।

ਇਹ ਕਾਲੀ ਜੈਕੇਟ, ਬੈਂਡੇਜ, ਫੁੱਟਪਾਥ ਅਤੇ ਵਾੜ... ਸਾਰੇ ਗੇਟੀ ਅਤੇ ਏਐੱਫਪੀ ਦੀਆਂ ਤਸਵੀਰਾਂ ਨਾਲ ਮੇਲ ਖਾਂਦੇ ਹਨ।

ਦਾਅਵਾ- ਲਾਸ਼ਾਂ 'ਆਕੜੀਆਂ ਨਹੀਂ'

ਰੂਸ ਦੇ ਵਿਦੇਸ਼ ਮੰਤਰਾਲੇ ਨੇ ਇੱਕ ਟਵੀਟ ਵਿੱਚ ਲਿਖਿਆ, "ਇਹ ਖ਼ਾਸ ਕਰ ਕੇ ਚਿੰਤਾ ਦਾ ਵਿਸ਼ਾ ਹੈ ਕਿ ਕੀਵ ਦੀ ਹਕੂਮਤ ਨੇ ਜਿਨ੍ਹਾਂ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਹੈ ਉਹ ਚਾਰ ਦਿਨ ਬਾਅਦ ਵੀ 'ਆਕੜੀਆਂ' ਨਹੀਂ ਹਨ।"

ਯੂਕਰੇਨ ਦੀ ਫੌਜ ਮੁਤਾਬਕ ਰੂਸੀਆਂ ਨੇ ਬੂਚਾ ਨੂੰ 31 ਮਾਰਚ ਵਾਲੇ ਦਿਨ ਛੱਡਿਆ ਹੈ ਜਦ ਕਿ ਰੂਸ ਦਾ ਦਾਅਵਾ ਹੈ ਕਿ ਉਹ 30 ਮਾਰਚ ਨੂੰ ਬੂਚਾ ਤੋਂ ਨਿਕਲ ਗਏ ਸਨ।

ਮੌਤ ਤੋਂ ਬਾਅਦ ਲਾਸ਼ ਇੱਕ ਪ੍ਰਕਿਰਿਆ ਵਿੱਚੋਂ ਲੰਘਦੀ ਹੈ, ਜਿਸ ਨੂੰ ਲੇਟਿਨ ਭਾਸ਼ਾ ਵਿੱਚ ਰਿਗਰ ਮੋਰਟਿਸ ਕਹਿੰਦੇ ਹਨ। ਇਸ ਸਟੇਜ ਵਿੱਚ ਲਾਸ਼ ਦੀਆਂ ਮਾਸਪੇਸ਼ੀਆਂ ਸੁੰਗੜਦੀਆਂ ਹਨ ਅਤੇ ਮੁੜ ਫਿਰ ਆਕੜ ਜਾਂਦੀ ਹੈ।

ਅਸੀਂ ਇਸ ਬਾਰੇ ਫੌਰੈਂਸਿਕ ਪੈਥੋਲੌਜਿਸਟ ਕੋਲੋਂ ਰਾਏ ਲਈ ਅਤੇ ਪੁੱਛਿਆ ਕਿ ਮੌਤ ਦੇ ਚਾਰ ਦਿਨ ਬਾਅਦ ਲਾਸ਼ ਆਕੜ ਜਾਂਦੀ ਹੈ?

ਰਵਾਂਡਾ ਅਤੇ ਕੋਸੋਵੋ ਵਰਗੀਆਂ ਥਾਵਾਂ 'ਤੇ ਜੰਗੀ ਅਪਰਾਧਾਂ ਦੀ ਜਾਂਚ ਵਿੱਚ ਹਿੱਸਾ ਲੈ ਚੁੱਕੇ ਇਸ ਪੈਥੋਲੌਜਿਸਟ ਨੇ ਆਪਣਾ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਚਾਰ ਦਿਨ ਬਾਅਦ ਲਾਸ਼ ਵਿੱਚ ਇਹ ਅਕੜਨ ਘਟਣ ਲੱਗਦੀ ਹੈ।

ਬੂਚਾ

ਤਸਵੀਰ ਸਰੋਤ, Getty Images

ਰੂਸ ਨੇ ਆਪਣੇ ਟਵੀਟ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਲਾਸ਼ਾਂ 'ਤੇ ਕੋਈ ਦਾਗ਼ ਨਹੀਂ ਹੈ। ਇਹ ਤਾਂ ਸਾਫ਼ ਨਹੀਂ ਹੈ ਕਿ ਇਸ ਨਾਲ ਉਨ੍ਹਾਂ ਦਾ ਕੀ ਮਤਲਬ ਹੈ ਪਰ ਪੈਥੋਲੌਜਿਸਟ ਦਾ ਕਹਿਣਾ ਹੈ ਕਿ ਬੰਦੂਕ ਦੀ ਗੋਲੀ ਨਾਲ ਹੋਈਆਂ ਮੌਤਾਂ ਵਿੱਚ ਲਾਸ਼ 'ਤੇ ਅਸਰ, ਵਰਤੇ ਗਏ ਹਥਿਆਰਾਂ ਕਾਰਨ ਵੱਖ-ਵੱਖ ਹੁੰਦਾ ਹੈ।

ਕਈ ਵਾਰ ਅਜਿਹੀਆਂ ਮੌਤਾਂ ਵਿੱਚ ਖ਼ੂਨ ਦੇ ਦਾਗ਼ ਦਿਖਾਈ ਨਹੀਂ ਦਿੰਦੇ। ਇਹ ਵੀ ਸੰਭਵ ਹੈ ਕਿ ਖ਼ੂਨ ਦੇ ਧੱਬੇ ਕੱਪੜਿਆਂ ਦੇ ਅੰਦਰ ਹੋਣ ਅਤੇ ਬਾਹਰ ਨਾ ਨਜ਼ਰ ਆਉਣ।

ਸਰਦੀਆਂ ਦੇ ਕੱਪੜਿਆਂ ਵਿੱਚ ਦਾਗ਼ ਦਿਖਣੇ ਹੋਰ ਵੀ ਮੁਸ਼ਕਲ ਹੁੰਦੇ ਹਨ।

ਸ਼ਾਇਦ ਰੂਸੀ ਟਵੀਟ ਦਾ ਸੰਕੇਤ ਇਹ ਹੋਵੇ ਕਿ ਮੌਤ ਤੋਂ ਬਾਅਦ, ਤੁਹਾਡੇ ਸਰੀਰ ਦੇ ਅੰਦਰ ਖ਼ੂਨ ਹੇਠਾਂ ਵੱਲ ਜਮ੍ਹਾ ਹੋ ਜਾਂਦਾ ਹੈ ਕਿਉਂਕਿ ਉਹ ਰਗਾਂ ਵਿੱਚ ਦੌੜਨਾ ਬੰਦ ਕਰ ਦਿੰਦਾ ਹੈ ਅਤੇ ਇਸ ਕਾਰਨ ਲਾਲ ਜਾਂ ਬੈਂਗਨੀ ਰੰਗ ਦੀ ਹੋ ਜਾਂਦੀ ਹੈ।

ਪਰ ਜੇਕਰ ਕੋਈ ਪੇਟ ਦੇ ਭਾਰ ਡਿੱਗਿਆ ਹੈ ਤਾਂ ਖ਼ੂਨ ਦਾ ਜਮਾਵ ਮਹਿਜ ਇੱਕ ਤਸਵੀਰ ਵਿੱਚ ਨਜ਼ਰ ਆਉਣਾ ਮੁਸ਼ਕਲ ਹੈ।

ਦਾਅਵਾ- 'ਹਿੰਸਕ ਕਾਰਵਾਈ ਵਿੱਚ ਇੱਕ ਵੀ ਸਥਾਨਕਵਾਸੀ ਨੂੰ ਨੁਕਸਾਨ ਨਹੀਂ ਹੋਇਆ'

ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਬੂਚਾ ਰੂਸ ਦੇ ਕਬਜ਼ੇ ਵਿੱਚ ਸੀ ਉੱਥੇ 'ਇੱਕ ਵੀ ਸਥਾਨਕ ਨਿਵਾਸੀ ਨੂੰ ਕਿਸੇ ਹਿੰਸਕ ਕਾਰਵਾਈ ਦਾ ਸਾਹਮਣਾ ਨਹੀਂ ਕਰਨਾ ਪਿਆ ਹੈ।'

ਪਰ ਇਹ ਦਾਅਵਾ ਕਈ ਚਸ਼ਮਦੀਦਾਂ ਦੇ ਬਿਆਨਾਂ ਨਾਲ ਮੇਲ ਨਹੀਂ ਖਾਂਦਾ। ਇੱਕ ਸਥਾਨਕ ਅਧਿਆਪਕ ਨੇ ਹਿਊਮਨ ਰਾਈਟਸ ਵਾਚ ਨੂੰ ਦੱਸਿਆ ਕਿ ਰੂਸੀ ਫੌਜ ਨੇ ਪੰਜ ਲੋਕਾਂ ਨੂੰ ਇੱਕ ਥਾਂ ਜਮ੍ਹਾ ਕੀਤਾ ਅਤੇ ਉਨ੍ਹਾਂ ਵਿੱਚੋਂ ਇੱਕ ਨੂੰ ਗੋਲੀ ਮਾਰ ਦਿੱਤੀ।

ਰੂਸੀ ਵੈਬਸਾਈਟ ਦਿ ਇਨਸਾਈਡਰ ਨਾਲ ਗੱਲ ਕਰਨ ਵਾਲੇ ਸਥਾਨਕ ਲੋਕਾਂ ਨੇ ਵੀ ਕਰੀਬ ਅਜਿਹੀਆਂ ਗੱਲਾਂ ਦੱਸੀਆਂ ਹਨ।

ਕ੍ਰਿਸਟੀਨਾ ਨਾਮ ਦੀ ਇੱਕ ਸਥਾਨਕ ਔਰਤ ਨੇ ਦਿ ਇਨਸਾਈਡਰ ਨੂੰ ਦੱਸਿਆ, "ਇਹ ਡਰਾਉਣੇ ਦਿਨ ਹਨ। ਅਜਿਹੇ ਦਿਨ ਜਦੋਂ ਤੁਹਾਡਾ ਘਰਬਾਰ ਅਤੇ ਜਾਇਦਾਦ ਵੀ ਤੁਹਾਡੀ ਆਪਣੀ ਨਹੀਂ ਹੈ। ਤੁਹਾਡੀ ਜ਼ਿੰਦਗੀ ਵੀ ਆਪਣੀ ਨਹੀਂ ਹੈ।"

"ਨਾ ਪਾਣੀ, ਨਾ ਬਿਜਲੀ, ਨਾ ਗੈਸ। ਘਰ ਛੱਡਣ ਦੀ ਪਾਬੰਦੀ ਹੈ। ਜੇਕਰ ਤੁਸੀਂ ਨਿਕਲੇ ਤਾਂ ਗੋਲੀ ਮਾਰ ਦਿੱਤੀ ਜਾਵੇਗੀ।"

ਬੀਬੀਸੀ ਨੂੰ ਵੀ ਸਥਾਨਕ ਲੋਕਾਂ ਨੇ ਦੱਸਿਆ ਕਿ ਰੂਸੀਆਂ ਨੇ ਲੋਕਾਂ ਦੇ ਘਰਾਂ ਦੇ ਦਰਵਾਜ਼ੇ ਤੋੜੇ ਅਤੇ ਲੁੱਟ-ਖਸੁੱਟ ਕੀਤੀ। ਫੌਜੀਆਂ ਨੇ ਕੀਮਤੀ ਸਮਾਨ ਅਤੇ ਖਾਣਾ ਤੱਕ ਚੋਰੀ ਕੀਤਾ।

ਬੀਬੀਸੀ ਪੰਜਾਬੀ ਨੂੰ ਆਪਣੇ ਐਂਡਰਾਇਡ ਫ਼ੋਨ 'ਤੇ ਇੰਝ ਲੈ ਕੇ ਆਓ:

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਰੂਸੀ ਰੱਖਿਆ ਮੰਤਰਾਲੇ ਨੇ ਇਹ ਵੀ ਦਾਅਵਾ ਕੀਤਾ ਹੈ ਕਿ 'ਉਨ੍ਹਾਂ ਦੀ ਫੌਜ 30 ਮਾਰਚ ਨੂੰ ਬੂਚਾ ਤੋਂ ਨਿਕਲ ਗਈ ਸੀ ਅਤੇ ਇਹ ਫੁਟੇਜ ਚਾਰ ਦਿਨ ਬਾਅਦ ਸਾਹਮਣੇ ਆਈ ਹੈ, ਜਦੋਂ ਯੂਕਰੇਨੀ ਫੌਜ ਅਤੇ ਮੀਡੀਆ ਬੂਚਾ ਸ਼ਹਿਰ ਵਿੱਚ ਆ ਗਈ ਸੀ।'

ਪਰ ਏਐੱਫਪੀ ਵਰਗੀਆਂ ਮੀਡੀਆ ਸੰਸਥਾਵਾਂ ਨੇ ਦੋ ਅਪ੍ਰੈਲ ਨੂੰ ਲਾਸ਼ਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ।

ਬੀਬੀਸੀ ਨੇ ਵੀ ਦੇਖਿਆ ਹੈ ਕਿ ਇੱਕ ਅਪ੍ਰੈਲ ਤੱਕ ਸੋਸ਼ਲ ਮੀਡੀਆ 'ਤੇ ਸੜਕਾਂ 'ਤੇ ਪਈਆਂ ਲਾਸ਼ਾਂ ਦੇ ਵੀਡੀਓ ਤੇਜ਼ੀ ਨਾਲ ਫੈਲ ਰਹੇ ਸਨ।

(ਰਿਪੋਰਟ- ਜੈਕ ਹਾਰਟਨ, ਸ਼ਾਇਨ ਸਰਦਾਰੀਜ਼ਾਦੇਹ, ਰਸ਼ੇਲ ਸ਼੍ਰੇਅਰ, ਓਲਗਾ ਰੌਬਿਨਸਨ, ਅਲਿਸਟੇਅਰ ਕੋਲਮੈਨ ਅਤੇ ਡੈਨੀਅਲ ਪਾਲੁੰਬੋ)

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)