ਜਦੋਂ ਇੱਕ ਬੰਗਾਲੀ ਪਾਇਲਟ ਨੇ ਕੀਤਾ ਪਾਕਿਸਤਾਨੀ ਹਵਾਈ ਫ਼ੌਜ ਦਾ ਜਹਾਜ਼ ਅਗਵਾ ਕੀਤਾ - ਵਿਵੇਚਨਾ

ਰਸ਼ੀਦ ਮਿਨਹਾਸ

ਤਸਵੀਰ ਸਰੋਤ, Bangladesh/alcetron.com

ਤਸਵੀਰ ਕੈਪਸ਼ਨ, ਰਸ਼ੀਦ ਮਿਨਹਾਸ
    • ਲੇਖਕ, ਰੇਹਾਨ ਫ਼ਜ਼ਲ
    • ਰੋਲ, ਬੀਬੀਸੀ ਪੱਤਰਕਾਰ

ਗੱਲ 20 ਅਗਸਤ, 1971 ਦੀ ਹੈ।

ਕਰਾਚੀ ਵਿੱਚ ਮੌਰੀਪੁਰ ਹਵਾਈ ਟਿਕਾਣੇ 'ਤੇ ਦੁਪਹਿਰ ਤੋਂ ਕੁਝ ਪਹਿਲਾਂ ਨੌਜਵਾਨ ਪਾਕਿਸਤਾਨੀ ਪਾਇਲਟ ਅਫ਼ਸਰ ਰਸ਼ੀਦ ਮਿਨਹਾਸ ਆਪਣੀ ਦੂਜੀ ਉਡਾਣ 'ਤੇ ਆਪਣੇ ਟੀ-33 ਟਰੇਨਰ ਨੂੰ ਟੇਕ ਆਫ਼ ਲਈ ਲੈ ਕੇ ਜਾ ਰਹੇ ਸਨ।

ਜਦੋਂ ਉਹ ਟੇਕ ਆਫ਼ ਪੁਆਇੰਟ 'ਤੇ ਪਹੁੰਚੇ ਤਾਂ ਉੱਥੇ ਉਨ੍ਹਾਂ ਨੂੰ ਅਸਿਸਟੈਂਟ ਫਲਾਈਟ ਸੇਫਟੀ ਅਫ਼ਸਰ ਫਲਾਈਟ ਲੈਫਟੀਨੈਂਟ ਮਤਿਉਰ ਰਹਿਮਾਨ ਨੇ ਹੱਥ ਦੇ ਕੇ ਰੋਕ ਲਿਆ। ਨਵਾਂ ਨਵਾਂ ਜਹਾਜ਼ ਚਲਾਉਣਾ ਸਿੱਖ ਰਹੇ ਪਾਇਲਟਾਂ ਦੀ ਇਸ ਤਰ੍ਹਾਂ ਦੀ ਜਾਂਚ ਅਕਸਰ ਕੀਤੀ ਜਾਂਦੀ ਸੀ।

ਮਿਨਹਾਸ ਨੂੰ ਵੀ ਲੱਗਿਆ ਕਿ ਸ਼ਾਇਦ ਉਨ੍ਹਾਂ ਨੂੰ ਵੀ ਜਾਂਚ ਲਈ ਰੋਕਿਆ ਗਿਆ ਹੈ, ਪਰ ਮਤਿਉਰ ਰਹਿਮਾਨ ਦੇ ਇਰਾਦੇ ਕੁਝ ਹੋਰ ਸਨ।

ਮਤਿਉਰ ਬੰਗਾਲੀ ਅਫ਼ਸਰ ਸਨ ਅਤੇ ਉਹ ਢਾਕਾ ਵਿੱਚ ਪਾਕਿਤਸਤਾਨੀ ਸੈਨਾ ਦੀ ਕਾਰਵਾਈ ਤੋਂ ਖੁਸ਼ ਨਹੀਂ ਸਨ। ਉਨ੍ਹਾਂ ਨੇ ਆਪਣੇ ਮਿੱਤਰ ਸਦਰੂਦੀਨ ਨਾਲ ਮਿਲ ਕੇ ਜਹਾਜ਼ ਸਮੇਤ ਭਾਰਤ ਭੱਜਣ ਦੀ ਯੋਜਨਾ ਬਣਾਈ ਸੀ।

ਪਾਕਿਸਤਾਨੀ ਪ੍ਰਸ਼ਾਸਨ ਨੂੰ ਇਸ ਦੀ ਭਿਣਕ ਲੱਗ ਗਈ ਸੀ। ਜਦੋਂ ਭਾਰਤ ਨਾਲ ਯੁੱਧ ਦੇ ਬੱਦਲ ਮੰਡਰਾਉਣ ਲੱਗੇ ਤਾਂ ਉਨ੍ਹਾਂ ਨੇ ਦੂਜੇ ਬੰਗਾਲੀ ਅਫ਼ਸਰਾਂ ਨਾਲ ਮਤਿਉਰ ਨੂੰ ਵੀ ਗਰਾਊਂਡ ਡਿਊਟੀ ਦਿੰਦੇ ਹੋਏ, ਉਨ੍ਹਾਂ ਨੂੰ ਅਸਿਸਟੈਂਟ ਫਲਾਈਟ ਸੇਫਟੀ ਅਫ਼ਸਰ ਬਣਾ ਦਿੱਤਾ ਸੀ।

ਪਾਕਿਤਸਾਨ ਦੇ ਵਾਯੂ ਸੈਨਾ ਇਤਿਹਾਸਕਾਰ ਕੈਸਰ ਤੁਫ਼ੈਲ ਆਪਣੇ ਲੇਖ 'ਬਲੂਬਰਡ 166 ਇਜ਼ ਹਾਈਜੈਕਡ' ਵਿੱਚ ਲਿਖਦੇ ਹਨ,-

'ਕਰਾਚੀ ਵਿੱਚ ਤਾਇਨਾਤ ਬੰਗਾਲੀ ਅਫ਼ਸਰਾਂ ਨੂੰ ਇਹ ਪਤਾ ਲੱਗ ਗਿਆ ਸੀ ਕਿ ਪਾਕਿਤਸਾਨੀ ਇੰਟੈਲੀਜੈਂਸ ਉਨ੍ਹਾਂ 'ਤੇ ਨਜ਼ਰ ਰੱਖ ਰਹੀ ਹੈ।

ਉਨ੍ਹਾਂ ਨੇ ਤੈਅ ਕੀਤਾ ਕਿ ਉਹ ਬੇਸ ਦੇ ਅਫ਼ਸਰਾਂ ਨਾਲ ਦੋਸਤਾਨਾ ਸਬੰਧ ਜਾਰੀ ਰੱਖਣਗੇ ਅਤੇ ਆਪਸ ਵਿੱਚ ਕਦੇ ਇਕੱਠੇ ਨਹੀਂ ਮਿਲਣਗੇ। ਪਰ ਅੰਦਰ ਹੀ ਅੰਦਰ ਸਹਿਮਤੀ ਬਣੀ ਕਿ ਉਹ ਪਾਕਿਸਤਾਨੀ ਵਾਯੂ ਸੈਨਾ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਭਾਰਤ ਲੈ ਜਾਣਗੇ।

ਸ਼ੁਰੂ ਵਿੱਚ ਇੱਕ ਜਾਂ ਦੋ ਐੱਫ਼-86 ਸੇਬਰ ਜਹਾਜ਼ ਹਾਈਜੈਕ ਕਰਨ ਦੀ ਯੋਜਨਾ ਬਣੀ, ਪਰ ਫਿਰ ਲੱਗਿਆ ਕਿ ਬੇਸ ਦੇ ਟਾਰਮੈਕ 'ਤੇ ਬੰਗਾਲੀ ਅਫ਼ਸਰ ਦੀ ਮੌਜੂਦਗੀ ਉਨ੍ਹਾਂ ਨੂੰ ਸ਼ੱਕ ਦੇ ਘੇਰੇ ਵਿੱਚ ਲਿਆ ਦੇਵੇਗੀ।

ਦੂਜੇ ਜੈਟ ਜਹਾਜ਼ ਨੂੰ ਜ਼ਮੀਨੀ ਕਰਮਚਾਰੀਆਂ ਦੀ ਮਦਦ ਦੇ ਬਿਨਾਂ ਹਾਈਜੈਕ ਕਰਨਾ ਅਸੰਭਵ ਦੇ ਬਰਾਬਰ ਸੀ। ਉਦੋਂ ਇਹ ਤੈਅ ਕੀਤਾ ਗਿਆ ਕਿ ਸੋਲੋ ਮਿਸ਼ਨ 'ਤੇ ਜਾਣ ਵਾਲੇ ਟੀ-33 ਜਹਾਜ਼ ਨੂੰ ਹਾਈਜੈਕ ਕਰਨਾ ਕਿਧਰੇ ਜ਼ਿਆਦਾ ਆਸਾਨ ਹੋਵੇਗਾ।'

ਮਤਿਉਰ ਰਹਿਮਾਨ ਨੇ ਹੱਥ ਦੇ ਕੇ ਰਸ਼ੀਦ ਮਿਨਹਾਸ ਦਾ ਜਹਾਜ਼ ਰੋਕਿਆ। ਉਸ ਦਿਨ ਰਸ਼ੀਦ ਮਿਨਹਾਸ ਨੇ ਆਪਣੇ ਸਕਵਾਡਰਨ ਕਰੂ ਰੂਮ ਵਿੱਚ ਆਪਣਾ ਨਾਸ਼ਤਾ ਗਰਮ ਕਰਵਾਇਆ।

ਮਤਿਉਰ ਰਹਿਮਾਨ ਆਪਣੇ ਸਾਥੀਆਂ ਨਾਲ

ਤਸਵੀਰ ਸਰੋਤ, Bangladesh Defence

ਤਸਵੀਰ ਕੈਪਸ਼ਨ, ਮਤਿਉਰ ਰਹਿਮਾਨ ਆਪਣੇ ਸਾਥੀਆਂ ਨਾਲ

ਉਨ੍ਹਾਂ ਨੇ ਉਡਾਣ 'ਤੇ ਨਹੀਂ ਜਾਣਾ ਸੀ ਕਿਉਂਕਿ ਇਕੱਲੇ ਉੱਡਣ ਲਈ ਕਰਾਚੀ ਦੇ ਆਸਪਾਸ ਮੌਸਮ ਬਹੁਤ ਖਰਾਬ ਸੀ। ਪਰ ਅਚਾਨਕ ਮੌਸਮ ਵਿੱਚ ਸੁਧਾਰ ਹੋ ਗਿਆ ਅਤੇ ਮਿਨਹਾਸ ਨੂੰ ਕਿਹਾ ਗਿਆ ਕਿ ਉਹ ਉੱਡਣ ਦੀ ਤਿਆਰੀ ਕਰਨ।

ਕੈਸਰ ਤੁਫ਼ੈਲ ਲਿਖਦੇ ਹਨ, “ਰਸ਼ੀਦ ਮਿਨਹਾਸ ਆਪਣਾ ਨਾਸ਼ਤਾ ਵਿਚਕਾਰ ਹੀ ਛੱਡ ਕੇ ਫਲਾਈਟ ਲੈਫਟੀਨੈਂਟ ਹਸਨ ਅਖ਼ਤਰ ਤੋਂ ਉਡਾਣ ਦੀ ਬਰੀਫ ਲੈਣ ਪਹੁੰਚ ਗਏ। ਉਨ੍ਹਾਂ ਨੇ ਫਲਾਈਂਗ ਸੂਟ ਪਾਇਆ।”

“ਫਟਾ-ਫਟ ਦੋ ਗੁਲਾਬ ਜਾਮਣਾਂ ਖਾਧੀਆਂ ਅਤੇ ਕੋਕਾ ਕੋਲਾ ਦੇ ਦੋ-ਤਿੰਨ ਘੁੱਟ ਪੀਤੇ। ਠੀਕ ਸਾਢੇ 11 ਵਜੇ ਟੀ-33 ਜਹਾਜ਼ ਨੇ ਕਾਲ ਸਾਈਨ ਬਲੂਬਰਡ 166 ਨਾਲ ਮੁੱਖ ਟਾਰਮੈਕ ਦਾ ਰੁਖ਼ ਕੀਤਾ।”

”ਇਸੇ ਦੌਰਾਨ ਮਤਿਉਰ ਰਹਿਮਾਨ ਆਪਣੀ ਨਿੱਜੀ ਅੋਪੋਲੋ ਕੇਡਿਟ ਕਾਰ ਨਾਲ ਮੇਨ ਜਹਾਜ਼ ਪੱਟੀ ਦੇ ਉੱਤਰ ਪੂਰਬ ਵਾਲੇ ਟਰੈਕ 'ਤੇ ਪਹੁੰਚ ਗਏ। ਜਦੋਂ ਮਤਿਉਰ ਨੇ ਜਹਾਜ਼ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਮਿਨਹਾਸ ਸਮਝੇ ਕਿ ਸ਼ਾਇਦ ਮਤਿਉਰ ਕੋਈ ਜ਼ਰੂਰੀ ਸੰਦੇਸ਼ ਦੇਣਾ ਚਾਹੁੰਦੇ ਹਨ।'

ਏਅਰ ਟਰੈਫਿਕ ਕੰਟਰੋਲ ਨੂੰ ਜਹਾਜ਼ ਹਾਈਜੈਕਿੰਗ ਦੀ ਸੂਚਨਾ

ਰਸ਼ੀਦ ਮਿਨਹਾਸ ਨੂੰ ਰੁਕਣ ਦਾ ਇਸ਼ਾਰਾ ਕਰਨ ਤੋਂ ਬਾਅਦ ਜਿਵੇਂ ਹੀ ਜਹਾਜ਼ ਰੁਕਿਆ ਮਤਿ ਖੁੱਲ੍ਹੀ ਹੋਈ ਕਨੋਪੀ ਜ਼ਰੀਏ ਜਹਾਜ਼ ਦੇ ਪਿਛਲੇ ਕਾਕਪਿਟ ਵਿੱਚ ਚੜ੍ਹ ਗਏ। ਉਨ੍ਹਾਂ ਨੇ ਇੰਝ ਦਿਖਾਇਆ ਜਿਵੇਂ ਉਹ ਕਾਕਪਿਟ ਦੀ ਜਾਂਚ ਕਰ ਰਹੇ ਹਨ।

ਇਸ ਤੋਂ ਪਹਿਲਾਂ ਕਿ ਮਿਨਹਾਸ ਕੁਝ ਸਮਝ ਪਾਉਂਦੇ ਜਹਾਜ਼ ਰਨਵੇ 'ਤੇ ਦੌੜਨ ਲੱਗਿਆ।

ਰਸ਼ੀਦ ਮਿਨਹਾਸ

ਤਸਵੀਰ ਸਰੋਤ, alcetron.com

ਤਸਵੀਰ ਕੈਪਸ਼ਨ, ਰਸ਼ੀਦ ਮਿਨਹਾਸ

ਕੈਸਰ ਤੁਫ਼ੈਲ ਲਿਖਦੇ ਹਨ, 'ਮਿਨਹਾਸ ਸਿਰਫ਼ ਇੰਨਾ ਕਰ ਸਕੇ ਕਿ ਉਨ੍ਹਾਂ ਨੇ 11 ਵੱਜ ਕੇ 28 ਮਿੰਟ 'ਤੇ ਏਅਰ ਟਰੈਫਿਕ ਕੰਟਰੋਲ ਨੂੰ ਸੂਚਿਤ ਕਰ ਦਿੱਤਾ ਕਿ ਉਨ੍ਹਾਂ ਦੇ ਜਹਾਜ਼ ਨੂੰ ਹਾਈਜੇਕ ਕਰ ਲਿਆ ਗਿਆ ਹੈ।

ਮਿਨਹਾਸ ਨੂੰ ਆਪਣੇ ਨਿਰਦੇਸ਼ਾਂ ਦਾ ਪਾਲਣ ਕਰਾਉਣ ਲਈ ਰਹਿਮਾਨ ਨੇ ਨਿਸ਼ਚਤ ਤੌਰ 'ਤੇ ਪਿਸਤੌਲ ਦਾ ਸਹਾਰਾ ਲਿਆ ਹੋਵੇਗਾ, ਨਹੀਂ ਤਾਂ ਮਿਨਹਾਸ ਖ਼ਤਰਾ ਦੇਖਦੇ ਹੀ ਜਹਾਜ਼ ਦਾ ਇੰਜਣ ਆਫ਼ ਕਰ ਸਕਦੇ ਸਨ।'

ਉਸ ਸਮੇਂ ਏਟੀਸੀ ਵਿੱਚ ਤਾਇਨਾਤ ਇੱਕ ਬੰਗਾਲੀ ਅਫ਼ਸਰ ਕੈਪਟਨ ਫ਼ਰੀਦੂਜ਼ਮਾਂ ਨੇ ਜੋ ਬਾਅਦ ਵਿੱਚ ਸਾਊਦੀ ਏਅਰਲਾਈਨਜ਼ ਵਿੱਚ ਕੰਮ ਕਰਨ ਲੱਗੇ ਸਨ, ਉਨ੍ਹਾਂ ਨੇ ਬੰਗਲਾਦੇਸ਼ੀ ਦੈਨਿਕ 'ਦਿ ਡੇਲੀ ਸਟਾਰ' ਦੇ 6 ਜੁਲਾਈ 2006 ਦੇ ਅੰਕ ਵਿੱਚ ਲਿਖਿਆ, ''ਮੈਂ ਦੇਖ ਸਕਦਾ ਸੀ ਕਿ ਦੋਵਾਂ ਪਾਇਲਟਾਂ ਵਿੱਚ ਜਹਾਜ਼ ਦੇ ਕੰਟਰੋਲ ਲਈ ਸੰਘਰਸ਼ ਹੋ ਰਿਹਾ ਹੈ।''

''ਮੈਨੂੰ ਉਸੇ ਸਮੇਂ ਲੱਗ ਗਿਆ ਸੀ ਕਿ ਮਤਿਉਰ ਰਹਿਮਾਨ ਭਾਰਤ ਡਿਫੈਕਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਨਾ ਤਾਂ ਪੈਰਾਸ਼ੂਟ ਪਾਇਆ ਹੋਇਆ ਸੀ ਅਤੇ ਨਾਲ ਹੀ ਹੈਲਮਟ। ਜਿਵੇਂ ਹੀ ਜਹਾਜ਼ ਅੱਖਾਂ ਤੋਂ ਓਝਲ ਹੋਇਆ ਏਟੀਸੀ ਵਿੱਚ ਤਾਇਨਾਤ ਦੂਜੇ ਅਫ਼ਸਰਾਂ ਨੇ ਜਹਾਜ਼ ਦੇ ਗਾਇਬ ਹੋਣ ਦਾ ਅਲਰਟ ਜਾਰੀ ਕਰ ਦਿੱਤਾ। ਹਫੜਾ-ਤਫੜੀ ਵਿੱਚ ਦੋ ਸੇਬਰ ਜੈਟਸ ਨੂੰ ਟੀ-33 ਨੂੰ ਇੰਟਰਸੈਪਟ ਕਰਨ ਲਈ ਭੇਜਿਆ ਗਿਆ।''

ਰਸ਼ੀਦ ਮਿਨਹਾਸ ਹੋਏ 'ਕਾਕਪਿਟ ਵਿੱਚ ਫਰੀਜ਼'

ਪਾਕਿਸਤਾਨ ਦੇ ਇੱਕ ਹੋਰ ਮਸ਼ਹੂਰ ਪਾਇਲਟ ਅਤੇ 'ਸਿਤਾਰ-ਏ-ਜੁਰਰਤ' ਨਾਲ ਸਨਮਾਨਤ ਸੱਜਾਦ ਹੈਦਰ ਨੇ ਆਪਣੀ ਆਤਮਕਥਾ 'ਫਲਾਇਟ ਆਫ਼ ਦਿ ਫਾਲਕਨ' ਵਿੱਚ ਮਤਿਉਰ ਰਹਿਮਾਨ ਦਾ ਜ਼ਿਕਰ ਕੀਤਾ ਹੈ।

ਕੈਸਰ ਤੁਫ਼ੈਲ

ਤਸਵੀਰ ਸਰੋਤ, Kaisar Tufail/Fb

ਤਸਵੀਰ ਕੈਪਸ਼ਨ, ਕੈਸਰ ਤੁਫ਼ੈਲ

ਉਨ੍ਹਾਂ ਲਿਖਿਆ, “ਮਤਿ ਨੇ 1965-66 ਦੌਰਾਨ ਮੇਰੇ ਅੰਡਰ ਕੰਮ ਕੀਤਾ ਸੀ। ਮੇਰਾ ਮੰਨਣਾ ਹੈ ਕਿ ਰਸ਼ੀਦ ਨੇ ਹਾਈਜੈਕ ਰੋਕਣ ਦਾ ਗੰਭੀਰ ਯਤਨ ਨਹੀਂ ਕੀਤਾ। ਉਹ ਚਾਹੁੰਦਾ ਤਾਂ ਮੇਨ ਫਿਉਲ ਸਵਿੱਚ ਨੂੰ ਸ਼ਟ ਆਫ਼ ਕਰ ਸਕਦਾ ਸੀ ਜੋ ਕਿ ਫਰੰਟ ਕਾਕਪਿਟ ਵਿੱਚ ਹੁੰਦਾ ਹੈ।”

ਏਅਰ ਇਨਵੈਸਟੀਗੇਸ਼ਨ ਬੋਰਡ ਦੇ ਮੁਖੀ ਗਰੁੱਪ ਕੈਪਟਨ ਜ਼ਹੀਰ ਹੁਸੈਨ ਦਾ ਵੀ ਮੰਨਣਾ ਸੀ ਕਿ ਨੌਜਵਾਨ ਅਤੇ ਅਨੁਭਵਹੀਣ ਮਿਨਹਾਸ ਕਾਕਪਿਟ ਵਿੱਚ ਫਰੀਜ਼ ਹੋ ਗਏ।

“ਮਤਿਉਰ ਨੇ ਬਹੁਤ ਹੇਠ ਉੱਡਦੇ ਹੋਏ ਖੱਬੇ ਪਾਸੇ ਆਪਣੇ ਜਹਾਜ਼ ਨੂੰ ਮੋੜਿਆ। ਏਟੀਸੀ ਅਫ਼ਸਰ ਅਸਿਮ ਰਸ਼ੀਦ ਨੂੰ ਉਦੋਂ ਸਮਝ ਵਿੱਚ ਆਇਆ ਕਿ ਦਾਲ ਵਿੱਚ ਕੁਝ ਕਾਲਾ ਹੈ ਜਦੋਂ ਜਹਾਜ਼ ਬਹੁਤ ਹੇਠ ਉੱਡਣ ਲੱਗਿਆ। ਬੇਸ ਕਮਾਂਡਰ ਬਿਲ ਲਤੀਫ਼ ਨੂੰ ਫੌਰਨ ਇਸ ਦੀ ਸੂਚਨਾ ਦਿੱਤੀ ਗਈ।”

ਉਨ੍ਹਾਂ ਨੇ ਉਸ ਸਮੇਂ ਲੈਂਡ ਕੀਤੇ ਦੋ ਐੱਫ਼-86 ਸੇਬਰ ਜਹਾਜ਼ਾਂ ਨੂੰ ਉਨ੍ਹਾਂ ਨੂੰ ਰੋਕਣ ਲਈ ਭੇਜਿਆ। ਇਨ੍ਹਾਂ ਜਹਾਜ਼ਾਂ ਨੂੰ ਵਿੰਗ ਕਮਾਂਡਰ ਸ਼ੇਖ ਸਲੀਮ ਅਤੇ ਉਨ੍ਹਾਂ ਦੇ ਵਿੰਗਮੈਨ ਫਲਾਇਟ ਲੈਫਟੀਨੈਂਟ ਕਾਮਰਾਨ ਕੁਰੈਸ਼ੀ ਚਲਾ ਰਹੇ ਸਨ। ਪਰ ਰਡਾਰ ਤੋਂ ਉਸ ਜਹਾਜ਼ ਦਾ ਕੋਈ ਸੁਰਾਗ ਨਹੀਂ ਮਿਲ ਰਿਹਾ ਸੀ ਕਿਉਂਕਿ ਟੀ-33 ਦਰੱਖਤਾਂ ਦੀ ਉੱਚਾਈ 'ਤੇ ਉੱਡ ਰਿਹਾ ਸੀ।

ਉਂਜ ਵੀ ਉਸ ਨੂੰ ਅੱਠ ਮਿੰਟ ਬੀਤ ਚੁੱਕੇ ਸਨ ਅਤੇ ਜੇਕਰ ਇਹ ਆਪਣੀ ਪੂਰੀ ਗਤੀ ਨਾਲ ਉਸ ਦਾ ਪਿੱਛਾ ਕਰਦੇ ਤਾਂ ਸੀਮਾ ਤੋਂ ਪਹਿਲਾਂ ਉਸ ਤੱਕ ਨਹੀਂ ਪਹੁੰਚ ਸਕਦੇ ਸਨ। ਕੁਝ ਹੋਰ ਸਮਾਂ ਜਦੋਂ ਬਰਬਾਦ ਹੋਇਆ, ਉਦੋਂ ਰਡਾਰ ਦੀ ਗ਼ਲਤੀ ਨਾਲ ਐੱਫ-86 ਜਹਾਜ਼ਾਂ ਦਾ ਜੋੜਾ ਨਵਾਬਸ਼ਾਹ ਤੋਂ ਰੁਟੀਨ ਮਿਸ਼ਨ ਤੋਂ ਪਰਤ ਰਹੇ ਬੀ-57 ਜਹਾਜ਼ ਦੇ ਪਿੱਛੇ ਲੱਗ ਗਿਆ।

ਇਹ ਵੀ ਪੜ੍ਹੋ:

किताब

ਤਸਵੀਰ ਸਰੋਤ, vanguardbooks

ਪੁਲਿਸ ਸਟੇਸ਼ਨ ਤੋਂ ਮਿਲੀ ਜਹਾਜ਼ ਡਿੱਗਣ ਦੀ ਖ਼ਬਰ

ਥੋੜ੍ਹੀ ਦੇਰ ਬਾਅਦ ਐੱਫ਼-88 ਜਹਾਜ਼ ਦੇ ਇੱਕ ਹੋਰ ਜੋੜੇ ਨੂੰ ਟੀ-33 ਦਾ ਪਿੱਛਾ ਕਰਨ ਲਈ ਭੇਜਿਆ ਗਿਆ। ਇਨ੍ਹਾਂ ਨੂੰ ਫਲਾਈਟ ਲੈਫਟੀਨੈਂਟ ਅਬਦੁਲ ਵਹਾਬ ਅਤੇ ਫਲਾਈਟ ਲੈਫਟੀਨੈਂਟ ਖ਼ਾਲਿਦ ਮਹਿਮੂਦ ਉਡਾ ਰਹੇ ਸਨ।

ਬਾਅਦ ਵਿੱਚ ਅਬਦੁਲ ਵਹਾਬ ਨੇ ਯਾਦ ਕੀਤਾ, 'ਸਾਨੂੰ ਪਤਾ ਸੀ ਕਿ ਕੁਝ ਗੜਬੜ ਜ਼ਰੂਰ ਹੈ। ਜਦੋਂ ਅਸੀਂ ਹਵਾ ਵਿੱਚ ਗਏ ਤਾਂ ਬਹੁਤ ਕਨਫਿਊਜਨ ਸੀ। ਫਿਰ ਵੀ ਅਸੀਂ ਗਾਰਡ ਚੈਨਲ 'ਤੇ ਇੱਕ ਨਕਲੀ ਸੰਦੇਸ਼ ਭਿਜਵਾਇਆ ਕਿ ਐੱਫ਼-86 ਜਹਾਜ਼ ਟੀ-33 ਦੇ ਠੀਕ ਪਿੱਛੇ ਹੈ ਅਤੇ ਜੇਕਰ ਇਹ ਵਾਪਸ ਨਹੀਂ ਪਰਤਿਆ ਤਾਂ ਉਸ ਨੂੰ ਡੇਗ ਦਿੱਤਾ ਜਾਵੇਗਾ।''

''ਅਸੀਂ ਰੇਡੀਓ ਕਾਲ ਜ਼ਰੀਏ ਮਿਨਹਾਸ ਨੂੰ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ ਕਿ ਉਹ ਜਹਾਜ਼ ਤੋਂ ਇਜੈਕਟ ਕਰੇ, ਪਰ ਜਹਾਜ਼ ਤੋਂ ਸਾਨੂੰ ਕੋਈ ਜਵਾਬ ਨਹੀਂ ਮਿਲਿਆ।'

ਬਹੁਤ ਦੇਰ ਤੱਕ ਹਾਈਜੈਕ ਕੀਤੇ ਜਹਾਜ਼ ਦਾ ਪਤਾ ਨਹੀਂ ਚੱਲ ਸਕਿਆ। ਸਥਿਤੀ ਉਦੋਂ ਸਾਫ਼ ਹੋਈ ਜਦੋਂ ਦੁਪਹਿਰ ਬਾਅਦ ਸ਼ਾਹਬੰਦਰ ਪੁਲਿਸ ਸਟੇਸ਼ਨ ਤੋਂ ਇੱਕ ਫੋਨ ਆਇਆ ਕਿ ਇੱਕ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ ਅਤੇ ਦੋਵੇਂ ਸਵਾਰ ਮਾਰੇ ਗਏ ਹਨ।

ਤੁਰੰਤ ਇੱਕ ਹੈਲੀਕਾਪਟਰ ਨੂੰ ਇੱਕ ਰਾਹਤ ਮਿਸ਼ਨ 'ਤੇ ਭੇਜਿਆ ਗਿਆ। ਉਸ ਨੂੰ ਮਸਰੂਰ ਤੋਂ 64 ਨੌਟਿਕਲ ਮਾਈਲ ਦੂਰ ਇੱਕ ਟੋਭੇ ਦੇ ਨਜ਼ਦੀਕ ਧਸੇ ਹੋਏ ਟੀ-33 ਦੀ ਪੂਛ ਦਿਖਾਈ ਦੇ ਗਈ ਜਿਸ 'ਤੇ ਉਸ ਦਾ ਨੰਬਰ 56-1622 ਲਿਖਿਆ ਹੋਇਆ ਸੀ।

ਦੁਰਘਟਨਾ ਦਾ ਸੰਭਾਵਿਤ ਸਮਾਂ 11 ਵੱਜ ਕੇ 43 ਮਿੰਟ ਦੱਸਿਆ ਗਿਆ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਕੰਟਰੋਲ ਲੈਣ ਲਈ ਸੰਘਰਸ਼

ਰਹਿਮਾਨ ਦੀ ਜਹਾਜ਼ ਨੂੰ ਭਾਰਤ ਲੈ ਜਾਣ ਦੀ ਯੋਜਨਾ ਸਫਲ ਨਹੀਂ ਹੋ ਸਕੀ। ਭਾਰਤੀ ਸੀਮਾ ਤੋਂ 32 ਮੀਲ ਪਹਿਲਾਂ ਥੱਟਾ ਨਾਮਕ ਸਥਾਨ 'ਤੇ ਟੀ-33 ਜਹਾਜ਼ ਜ਼ਮੀਨ 'ਤੇ ਆ ਕੇ ਡਿੱਗ ਗਿਆ।

ਜ਼ਮੀਨ 'ਤੇ ਮੌਜੂਦ ਪ੍ਰਤੱਖ ਦਰਸ਼ੀਆਂ ਨੇ ਦੇਖਿਆ ਕਿ ਜਹਾਜ਼ ਡਾਵਾਂਡੋਲ ਤਰੀਕੇ ਨਾਲ ਉੱਡ ਰਿਹਾ ਹੈ ਜਿਸ ਦਾ ਮਤਲਬ ਸੀ ਕਿ ਜਹਾਜ਼ ਦੇ ਅੰਦਰ ਉਸ ਦੇ ਕੰਟਰੋਲ ਨੂੰ ਲੈ ਕੇ ਸੰਘਰਸ਼ ਹੋ ਰਿਹਾ ਸੀ।

ਬਾਅਦ ਵਿੱਚ ਇਸ ਮਾਮਲੇ ਦੀ ਜਾਂਚ ਲਈ ਬਣਾਏ ਗਏ ਏਅਰ ਇਨਵੈਸਟੀਗੇਸ਼ਨ ਬੋਰਡ ਨੇ ਆਪਣੀ ਰਿਪੋਰਟ ਵਿੱਚ ਕਿਹਾ ਕਿ 'ਫਲਾਈਟ ਦੌਰਾਨ ਕਨੋਪੀ ਨੂੰ ਲੌਕ ਨਹੀਂ ਕੀਤਾ ਗਿਆ ਸੀ।

ਉਹ ਬਾਹਰੀ ਹਵਾ ਦੇ ਦਬਾਅ ਵਿੱਚ ਕੁਝ ਦੇਰ ਤਾਂ ਆਪਣੀ ਜਗ੍ਹਾ 'ਤੇ ਰਹੀ, ਪਰ ਜਦੋਂ ਜਹਾਜ਼ ਨੇ ਗਲਤ ਢੰਗ ਨਾਲ ਉੱਡਣਾ ਸ਼ੁਰੂ ਕੀਤਾ ਤਾਂ ਉਹ ਉੱਡ ਗਈ।

ਉਸ ਨੇ ਜਹਾਜ਼ ਦੇ ਪਿਛਲੇ ਹਿੱਸੇ ਨੂੰ ਹਿਟ ਕੀਤਾ, ਜਿਸ ਨਾਲ ਉਹ ਜਹਾਜ਼ ਨੱਕ ਦੇ ਭਰਨੇ ਜ਼ਮੀਨ 'ਤੇ ਡਿੱਗਿਆ। ਸ਼ਾਇਦ ਇਸ ਦੀ ਵਜ੍ਹਾ ਨਾਲ ਹੀ ਮਤਿਉਰ ਰਹਿਮਾਨ ਕਾਕਪਿਟ ਤੋਂ ਬਾਹਰ ਉੱਡ ਗਏ ਕਿਉਂਕਿ ਉਨ੍ਹਾਂ ਨੂੰ ਸੇਫਟੀ ਬੈਲਟ ਬੰਨ੍ਹਣ ਦਾ ਸਮਾਂ ਹੀ ਨਹੀਂ ਮਿਲ ਸਕਿਆ ਸੀ।'

ਇਸ ਘਟਨਾ ਦੀ ਜਾਂਚ ਕਰਨ ਵਾਲੀ ਟੀਮ ਨੂੰ ਮਤਿਉਰ ਰਹਿਮਾਨ ਦੀ ਲਾਸ਼ ਦੇ ਕੋਲ ਤੋਂ ਇੱਕ ਖਿਡੌਣਾ ਪਿਸਤੌਲ ਮਿਲੀ। ਇਹ ਲਾਸ਼ ਦੁਰਘਟਨਾ ਸਥਾਨ ਤੋਂ ਕੁਝ ਦੂਰੀ 'ਤੇ ਮਿਲੀ ਸੀ। ਰਸ਼ੀਦ ਮਿਨਹਾਸ ਦੀ ਲਾਸ਼ ਦੁਰਘਟਨਾ ਜਹਾਜ਼ ਦੇ ਮਲਬੇ ਵਿੱਚੋਂ ਹੀ ਮਿਲੀ।

ਐੱਸ 86

ਤਸਵੀਰ ਸਰੋਤ, Gettyimages

ਤਸਵੀਰ ਕੈਪਸ਼ਨ, ਪਾਕਿਸਤਾਨ ਦਾ ਐੱਸ 86 ਜਹਾਜ਼

ਰਸ਼ੀਦ ਮਿਨਹਾਸ ਨੂੰ ਪਾਕਿਸਤਾਨ ਦਾ ਸਰਬਉੱਚ ਵੀਰਤਾ ਪੁਰਸਕਾਰ

ਰਸ਼ੀਦ ਮਿਨਹਾਸ ਨੂੰ ਪਾਕਿਸਤਾਨ ਵਿੱਚ ਹੀਰੋ ਐਲਾਨਿਆ ਗਿਆ ਅਤੇ ਉਨ੍ਹਾਂ ਨੂੰ ਸਰਬਉੱਚ ਵੀਰਤਾ ਸਨਮਾਨ 'ਨਿਸ਼ਾਨ-ਏ-ਹੈਦਰ' ਨਾਲ ਸਨਮਾਨਤ ਕੀਤਾ ਗਿਆ। ਉਹ ਇਹ ਸਨਮਾਨ ਪਾਉਣ ਵਾਲੇ ਪਾਕਿਸਤਾਨ ਦੇ ਸਭ ਤੋਂ ਨੌਜਵਾਨ ਵਾਯੂ ਸੈਨਾ ਪਾਇਲਟ ਬਣੇ।

ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 20 ਸਾਲ ਸੀ। ਉਨ੍ਹਾਂ ਦੇ ਸਨਮਾਨ ਪੱਤਰ ਵਿੱਚ ਲਿਖਿਆ ਗਿਆ, 'ਰਸ਼ੀਦ ਨੇ ਜਾਣ ਬੁੱਝ ਕੇ ਜਹਾਜ਼ ਹਾਈਜੈਕ ਹੋਣ ਤੋਂ ਬਚਾਉਣ ਲਈ ਉਸ ਨੂੰ ਜ਼ਮੀਨ 'ਤੇ ਡੇਗ ਦਿੱਤਾ।'

ਰਸ਼ੀਦ ਨੂੰ ਉਸੀ ਸਥਾਨ 'ਤੇ ਦਫ਼ਨਾਇਆ ਗਿਆ ਜਿੱਥੇ ਉਨ੍ਹਾਂ ਦੀ ਮੌਤ ਹੋਈ ਸੀ। ਸ਼ੁਰੂ ਵਿੱਚ ਮਿਨਹਾਸ ਨੂੰ ਸਿਤਾਰ-ਏ-ਜੁਰਰਤ' ਦੇਣ ਦੀ ਸਿਫਾਰਸ਼ ਕੀਤੀ ਗਈ ਸੀ।

ਹਾਲਾਂਕਿ ਜਦੋਂ ਪਾਕਿਸਤਾਨ ਦੇ ਰਾਸ਼ਟਰਪਤੀ ਯਹਯਾ ਖ਼ਾਨ ਨੂੰ ਪੂਰੀ ਕਹਾਣੀ ਦੱਸੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਲੜਕਾ 'ਨਿਸ਼ਾਨ-ਏ-ਹੈਦਰ' ਤੋਂ ਘੱਟ ਦਾ ਹੱਕਦਾਰ ਨਹੀਂ ਹੈ। ਉਸੀ ਦਿਨ ਇਸ ਦਾ ਐਲਾਨ ਕਰ ਦਿੱਤਾ ਗਿਆ।

ਯਹਯਾ ਖ਼ਾਨ

ਤਸਵੀਰ ਸਰੋਤ, Gettyimages

ਤਸਵੀਰ ਕੈਪਸ਼ਨ, ਪਾਕਿਸਤਾਨ ਦੇ ਰਾਸ਼ਟਰਪਤੀ ਯਹਯਾ ਖ਼ਾਨ ਦੀ ਸਿਫਾਰਿਸ਼ ਉੱਤੇ ਰਸ਼ੀਦ ਨੂੰ ਸਰਬਉੱਚ ਸਨਮਾਨ ਮਿਲਿਆ

ਮਤਿਉਰ ਰਹਿਮਾਨ ਕਿਤੇ ਖ਼ਲਨਾਇਕ ਕਿਤੇ ਹੀਰੋ

ਮਤਿਉਰ ਰਹਿਮਾਨ ਨੂੰ ਦੇਸ਼ਧ੍ਰੋਹੀ ਅਤੇ ਖ਼ਲਨਾਇਕ ਕਰਾਰ ਦਿੱਤਾ ਗਿਆ। ਮਤਿ ਦਾ ਅੰਤਿਮ ਸੰਸਕਾਰ ਮੌਰੀਪੁਰ ਏਅਰਬੇਸ 'ਤੇ ਕੀਤਾ ਗਿਆ। ਜਿੱਥੇ 35 ਸਾਲਾਂ ਤੱਕ ਉਨ੍ਹਾਂ ਦੀ ਲਾਸ਼ ਗੁਮਨਾਮੀ ਦੀ ਗਰਦ ਵਿੱਚ ਪਈ ਰਹੀ।

ਇਹੀ ਨਹੀਂ ਮਸ਼ਰੂਰ ਏਅਰਬੇਸ ਦੇ ਪ੍ਰਵੇਸ਼ ਦੁਆਰ 'ਤੇ ਉਸ ਦੀ ਤਸਵੀਰ ਲਾ ਕੇ ਉਸ ਦੇ ਹੇਠ ਲਿਖਿਆ ਗਿਆ 'ਗ਼ੱਦਾਰ'।

ਉਨ੍ਹਾਂ ਦੀ ਪਤਨੀ ਮਿਲੀ ਰਹਿਮਾਨ ਅਤੇ ਉਨ੍ਹਾਂ ਦੀਆਂ ਦੋ ਛੋਟੀਆਂ ਬੇਟੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ। ਦੂਜੇ ਪਾਸੇ ਮਤਿਉਰ ਰਹਿਮਾਨ ਨੂੰ ਉਨ੍ਹਾਂ ਦੀ ਇਸ ਬਹਾਦਰੀ ਲਈ ਬੰਗਲਾਦੇਸ਼ ਦਾ ਸਰਬਉੱਚ ਵੀਰਤਾ ਪੁਰਸਕਾਰ 'ਬੀਰ ਸ਼੍ਰੇਸ਼ਠੋ' ਦਿੱਤਾ ਗਿਆ।

ਹਾਈਜੈਕਿੰਗ ਦੀ ਇਸ ਘਟਨਾ ਨੇ ਪਾਕਿਤਸਾਨੀ ਸੈਨਾ ਵਿੱਚ ਬੰਗਾਲੀ ਅਫ਼ਸਰਾਂ ਦੀਆਂ ਮੁਸ਼ਕਿਲਾਂ ਹੋਰ ਵਧਾ ਦਿੱਤੀਆਂ।

ਪੀਵੀ ਐੱਸ ਜਗਨਮੋਹਨ ਅਤੇ ਸਮੀਰ ਚੋਪੜਾ ਨੇ ਆਪਣੀ ਕਿਤਾਬ 'ਈਗਲਜ਼ ਓਵਰ ਬੰਗਲਾਦੇਸ਼' ਵਿੱਚ ਲਿਖਿਆ, 'ਹਾਲਾਤ ਇੱਥੋਂ ਤੱਕ ਪਹੁੰਚੇ ਕਿ 1965 ਦੀ ਲੜਾਈ ਅਤੇ 1967 ਦੀ ਅਰਬ ਇਜ਼ਰਾਇਲ ਲੜਾਈ ਦੇ ਹੀਰੋ ਸੈਫ਼ ਉਲ ਆਜ਼ਮ ਤੱਕ ਨੂੰ ਚਾਰ ਦੂਜੇ ਬੰਗਾਲੀ ਅਫ਼ਸਰਾਂ ਗਰੁੱਪ ਕੈਪਟਨ ਐੱਮ. ਐੱਸ. ਇਸਲਾਮ, ਵਿੰਗ ਕਮਾਂਡਰ ਕਬਾਰ, ਸਕਵਾਡਰਨ ਲੀਡਰ ਜੀ. ਐੱਮ. ਚੌਧਰੀ ਅਤੇ ਫਲਾਇਟ ਲੈਫਟੀਨੈਂਟ ਮੀਜ਼ਾਨ ਨਾਲ ਹਿਰਾਸਤ ਵਿੱਚ ਲੈ ਲਿਆ ਗਿਆ।

ਉਨ੍ਹਾਂ ਤੋਂ ਭਾਰਤ ਜਾਂ ਪੂਰਬੀ ਪਾਕਿਸਤਾਨ ਭੱਜਣ ਦੀ ਯੋਜਨਾ ਬਾਰੇ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। 21 ਦਿਨਾਂ ਤੱਕ ਜੇਲ੍ਹ ਵਿੱਚ ਰਹਿਣ ਦੇ ਬਾਅਦ ਪਾਕਿਸਤਾਨੀ ਵਾਯੂ ਸੈਨਾ ਮੁਖੀ ਏਅਰ ਮਾਰਸ਼ਲ ਰਹੀਮ ਦੇ ਦਖਲ ਦੇ ਬਾਅਦ ਸੈਫ਼ ਉਲ ਆਜ਼ਮ ਨੂੰ ਰਿਹਾਅ ਕੀਤਾ ਗਿਆ।

ਰਹੀਮ ਖ਼ਾਨ ਨੇ ਆਜ਼ਮ ਨਾਲ ਕੀਤੇ ਗਏ ਵਿਵਹਾਰ 'ਤੇ ਆਪਣੀ ਹਮਦਰਦੀ ਪ੍ਰਗਟ ਕੀਤੀ, ਪਰ ਨਾਲ ਹੀ ਉਨ੍ਹਾਂ ਨੇ ਤਾਕੀਦ ਕੀਤੀ ਕਿ ਉਹ ਭਵਿੱਖ ਵਿੱਚ ਇਸ ਤਰ੍ਹਾਂ ਦੇ ਕਦਮ ਚੁੱਕ ਕੇ ਸੈਨਾ ਵਿੱਚ ਰਹੀਮ ਖ਼ਾਨ ਦੀ ਸਥਿਤੀ ਖਰਾਬ ਕਰਨ ਦੀ ਬੇਵਕੂਫ਼ੀ ਨਾ ਕਰਨ।'

ਕਿਤਾਬ

ਤਸਵੀਰ ਸਰੋਤ, Harpercollins

ਬੰਗਾਲੀ ਅਫ਼ਸਰਾਂ ਨੂੰ ਵਿਦੇਸ਼ ਵਿੱਚ ਵੱਸਣ ਦਾ ਪ੍ਰਸਤਾਵ

ਰਹੀਮ ਖ਼ਾਨ ਨੇ ਉਸ ਤੋਂ ਬਾਅਦ ਸੈਫ਼ ਉਲ ਆਜ਼ਮ ਦੇ ਸਾਹਮਣੇ ਪ੍ਰਸਤਾਵ ਰੱਖਿਆ ਕਿ ਉਹ ਪਾਕਿਸਤਾਨੀ ਵਾਯੂ ਸੈਨਾ ਤੋਂ ਸਮੇਂ ਤੋਂ ਪਹਿਲਾਂ ਸੇਵਾਮੁਕਤੀ ਲੈ ਕੇ ਕਿਸੇ ਤੀਜੇ ਦੇਸ਼ ਵਿੱਚ ਵੱਸ ਸਕਦੇ ਹਨ, ਪਰ ਆਜ਼ਮ ਨੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ।

ਇਸੀ ਤਰ੍ਹਾਂ ਦਾ ਪ੍ਰਸਤਾਵ ਦੂਜੇ ਬੰਗਾਲੀ ਅਫ਼ਸਰਾਂ ਨੂੰ ਵੀ ਦਿੱਤਾ ਗਿਆ। ਗਰੁੱਪ ਕੈਪਟਨ ਐੱਮ. ਜੀ. ਤਵਾਫ਼ ਨੇ ਇਸ ਪ੍ਰਤਸਾਵ ਨੂੰ ਸਵੀਕਾਰ ਕਰਦੇ ਹੋਏ ਪੱਛਮੀ ਜਰਮਨੀ ਦੀ ਨਾਗਰਿਕਤਾ ਲੈ ਲਈ।

ਉਨ੍ਹਾਂ ਲਈ ਇਹ ਆਸਾਨ ਵੀ ਸੀ ਕਿਉਂਕਿ ਉਨ੍ਹਾਂ ਦੀ ਪਤਨੀ ਜਰਮਨੀ ਦੀ ਨਾਗਰਿਕ ਸੀ। ਫਲਾਈਟ ਲੈਫਟੀਨੈਂਟ ਸ਼ੌਕਤ ਇਸਲਾਮ ਨੇ ਵੀ ਇਸ ਫ਼ੈਸਲੇ ਦਾ ਫਾਇਦਾ ਉਠਾਇਆ।

1965 ਦੀ ਲੜਾਈ ਵਿੱਚ ਯੁੱਧਬੰਦੀ ਬਣੇ ਇਸਲਾਮ ਉਸ ਸਮੇਂ ਇੱਕ ਐਕਸਚੇਂਜ ਪ੍ਰੋਗਰਾਮ ਤਹਿਤ ਤੁਰਕੀ ਦੀ ਵਾਯੂ ਸੈਨਾ ਵਿੱਚ ਕੰਮ ਕਰ ਰਹੇ ਸਨ। 1971 ਵਿੱਚ ਜਦੋਂ ਬੰਗਲਾਦੇਸ਼ ਆਜ਼ਾਦ ਹੋਇਆ ਤਾਂ ਉਹ ਤੁਰਕੀ ਤੋਂ ਪਾਕਿਸਤਾਨ ਜਾਣ ਦੀ ਬਜਾਏ ਸਿੱਧਾ ਬੰਗਲਾਦੇਸ਼ ਗਏ।

ਮਤਿਉਰ ਰਹਿਮਾਨ

ਤਸਵੀਰ ਸਰੋਤ, Bangladesh Defence

ਤਸਵੀਰ ਕੈਪਸ਼ਨ, ਮਤਿਉਰ ਰਹਿਮਾਨ

ਮਤਿਉਰ ਰਹਿਮਾਨ ਦੀ ਦੇਹ ਨੂੰ ਢਾਕਾ ਲਿਆਂਦਾ ਗਿਆ

30 ਸਾਲ ਦੀਆਂ ਕੋਸ਼ਿਸ਼ਾਂ ਤੋਂ ਬਾਅਦ 24 ਜੂਨ, 2006 ਨੂੰ ਮਤਿਉਰ ਰਹਿਮਾਨ ਦੀ ਦੇਹ ਨੂੰ ਕਰਾਚੀ ਵਿੱਚ ਉਨ੍ਹਾਂ ਦੀ ਕਬਰ ਵਿੱਚੋਂ ਕੱਢ ਕੇ ਬੰਗਲਾਦੇਸ਼ ਬਿਮਾਨ ਦੀ ਵਿਸ਼ੇਸ਼ ਉਡਾਣ ਰਾਹੀਂ ਢਾਕਾ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਨੂੰ ਮੀਰਪੁਰ ਵਿੱਚ ਸ਼ਹੀਦ ਕਬਰਿਸਤਾਨ ਵਿੱਚ ਪੂਰੇ ਸੈਨਿਕ ਸਨਮਾਨ ਨਾਲ ਦੁਬਾਰਾ ਦਫ਼ਨਾਇਆ ਗਿਆ।

ਬੰਗਲਾਦੇਸ਼ ਦੀ ਤਤਕਾਲੀ ਪ੍ਰਧਾਨ ਮੰਤਰੀ ਖ਼ਾਲਿਦਾ ਜ਼ਿਆ ਨੇ ਰਾਸ਼ਟਰੀ ਝੰਡੇ ਵਿੱਚ ਲਿਪਟੇ ਫਲਾਇਟ ਲੈਫਟੀਨੈਂਟ ਮਤਿਉਰ ਰਹਿਮਾਨ ਦੇ ਸਰੀਰ ਦੀ ਢਾਕਾ ਹਵਾਈ ਅੱਡੇ 'ਤੇ ਅਗਵਾਈ ਕੀਤੀ।

ਉਸ ਸਮੇਂ ਹਵਾਈ ਅੱਡੇ 'ਤੇ ਮਤਿਉਰ ਰਹਿਮਾਨ ਦੀ ਪਤਨੀ ਮਿਲੀ, ਉਨ੍ਹਾਂ ਦੀ ਬੇਟੀ ਤੁਹੀਨ ਮਤਿਉਰ ਹੈਦਰ, ਉਨ੍ਹਾਂ ਦੇ ਦੂਜੇ ਰਿਸ਼ਤੇਦਾਰ ਅਤੇ ਪੁਰਾਣੇ ਸਾਥੀ ਵੀ ਹਵਾਈ ਅੱਡੇ 'ਤੇ ਮੌਜੂਦ ਸਨ।

ਉੱਥੇ ਬੰਗਲਾਦੇਸ਼ ਦੀ ਸੈਨਾ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਵੀ ਦਿੱਤਾ।

ਬਾਅਦ ਵਿੱਚ ਜੇਸੋਰ ਸਥਿਤ ਬੰਗਲਾਦੇਸ਼ ਏਅਰਬੇਸ ਨੂੰ ਉਨ੍ਹਾਂ ਦੇ ਨਾਂ 'ਤੇ ਰੱਖਿਆ ਗਿਆ ਅਤੇ ਬੰਗਲਾਦੇਸ਼ ਦੀ ਸਰਕਾਰ ਨੇ ਉਨ੍ਹਾਂ ਦੇ ਸਨਮਾਨ ਵਿੱਚ ਡਾਕ ਟਿਕਟ ਵੀ ਜਾਰੀ ਕੀਤਾ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)