ਕਾਂਗਰਸ ਵਿੱਚ 100 ਤੋਂ ਵੱਧ ਅਸਤੀਫ਼ਿਆਂ ਦੀ ਝੜੀ ਪਿੱਛੇ ਕੀ ਹੈ ਕਾਰਨ

    • ਲੇਖਕ, ਮੁਹੰਮਦ ਸ਼ਾਹਿਦ
    • ਰੋਲ, ਬੀਬੀਸੀ ਪੱਤਰਕਾਰ

ਦੇਸ ਦਾ ਸਭ ਤੋਂ ਪੁਰਾਣਾ ਸਿਆਸੀ ਦਲ ਇੰਡੀਅਨ ਨੈਸ਼ਨਲ ਕਾਂਗਰਸ ਵਿੱਚ ਇਸ ਵੇਲੇ ਅਸਤੀਫ਼ਿਆਂ ਦੀ ਝੜੀ ਲਗੀ ਗਈ ਹੈ ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਅਸਤੀਫ਼ਾ ਦੇਣ ਵਾਲਿਆਂ ਵਿੱਚ ਅਣਜਾਣੇ ਨਾਮ ਨਹੀਂ ਹਨ।

ਕਾਂਗਰਸ ਦੀਆਂ ਸਿਆਸੀ ਇਕਾਈਆਂ ਨੂੰ ਮਿਲਾ ਕੇ ਹੁਣ ਤੱਕ 100 ਤੋਂ ਵੱਧ ਅਹੁਦੇਦਾਰਾਂ ਦੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ।

ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਨਾਮ ਰਾਜ ਸਭਾ ਸੰਸਦ ਮੈਂਬਰ ਵਿਵੇਕ ਤਨਖਾ ਦਾ ਹੈ ਜੋ ਪਾਰਟੀ ਦੇ ਕਾਨੂੰਨੀ ਅਤੇ ਮੁਨੱਖੀ ਅਧਿਕਾਰ ਸੈੱਲ ਦੇ ਚੇਅਰਮੈਨ ਵੀ ਹਨ।

ਵਿਵੇਕ ਤਨਖਾ ਨੇ ਟਵੀਟ ਕਰਕੇ ਸੁਝਾਅ ਦਿੱਤਾ ਹੈ ਕਿ ਸਾਰਿਆਂ ਨੂੰ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਤਾਂ ਜੋ ਰਾਹੁਲ ਗਾਂਧੀ ਨੂੰ ਆਪਣੀ ਟੀਮ ਚੁਣਨ ਲਈ ਪੂਰੀ ਛੋਟ ਮਿਲ ਸਕੇ।

ਇਸ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲ ਨਾਥ ਨੇ ਵੀ ਅਸਤੀਫ਼ਾ ਦੇਣ ਦੀ ਗੱਲ ਆਖੀ ਸੀ।

ਇਹ ਵੀ ਪੜ੍ਹੋ-

ਇਨ੍ਹਾਂ ਤੋਂ ਇਲਾਵਾ ਅਸਤੀਫ਼ਾ ਦੇਣ ਵਾਲਿਆਂ ਵਿੱਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਰਾਜੇਸ਼ ਲਿਲੋਠੀਆ ਅਤੇ ਤੇਲੰਗਾਨਾ ਪ੍ਰਦੇਸ਼ ਕਾਂਗਰਸ ਕਮੇਟੀ ਦੀ ਕਾਰਜਕਾਰੀ ਪ੍ਰਧਾਨ ਪੂਨਮ ਪ੍ਰਭਾਵਰ ਵੀ ਸ਼ਾਮਿਲ ਹਨ।

ਉੱਥੇ, ਸ਼ਨਿੱਚਰਵਾਰ ਨੂੰ ਉੱਤਰ ਪ੍ਰਦੇਸ਼ ਕਾਂਗਰਸ ਕਮੇਟੀ ਦੇ 35 ਅਹੁਦੇਦਾਰਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਉਨ੍ਹਾਂ ਨੇ ਲੋਕ ਸਭਾ ਚੋਣਾਂ ਵਿੱਚ ਸੂਬੇ 'ਚ ਪਾਰਟੀ ਦੀ ਹਾਰ ਲਈ ਖ਼ੁਦ ਨੂੰ ਜ਼ਿੰਮੇਵਾਰ ਦੱਸਦਿਆਂ ਅਸਤੀਫਾ ਦੇ ਦਿੱਤਾ।

ਕਿਥੋਂ ਸ਼ੁਰੂ ਹੋਇਆ ਅਸਤੀਫ਼ਿਆਂ ਦਾ ਸਿਲਸਿਲਾ

ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਮਿਲੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਕਾਰਜ ਕਮੇਟੀ ਦੀ ਬੈਠਕ ਵਿੱਚ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਹੋਇਆ ਆਪਣੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਨੂੰ ਸਵੀਕਾਰ ਨਹੀਂ ਕੀਤਾ ਗਿਆ ਸੀ।

ਇਸ ਤੋਂ ਬਾਅਦ ਕਥਿਤ ਤੌਰ 'ਤੇ ਵੀਰਵਾਰ ਨੂੰ ਹਰਿਆਣਾ ਦੇ ਕਾਂਗਰਸੀ ਨੇਤਾਵਾਂ ਦੇ ਨਾਲ ਹੋਈ ਬੈਠਕ ਵਿੱਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੇ ਹਾਰ ਦੀ ਜ਼ਿੰਮੇਵਾਰੀ ਲਈ ਪਰ ਸੂਬਾ ਇਕਾਈਆਂ 'ਚ ਕਿਸੇ ਨੇ ਹਾਰ ਦੀ ਜ਼ਿੰਮੇਵਾਰੀ ਲੈਂਦਿਆਂ ਅਸਤੀਫ਼ਾ ਨਹੀਂ ਦਿੱਤਾ, ਜਿਸ ਤੋਂ ਬਾਅਦ ਅਸਤੀਫ਼ਿਆਂ ਦੀ ਝੜੀ ਲਗ ਗਈ।

ਹਾਲਾਂਕਿ, ਕਾਂਗਰਸ 'ਤੇ ਕਰੀਬੀ ਨਜ਼ਰ ਰੱਖਣ ਵਾਲੇ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਨੇ ਅਜਿਹੀ ਕੋਈ ਗੱਲ ਨਹੀਂ ਕਹੀ ਸੀ ਅਤੇ ਮੀਡੀਆ ਵੱਲੋਂ ਇਹ 'ਅਫ਼ਵਾਹ' ਫੈਲੀ ਹੈ।

ਕੀ ਹੈ ਕਾਂਗਰਸ ਦੀ ਰਣਨੀਤੀ

ਇਨ੍ਹਾਂ ਅਸਤੀਫ਼ਿਆਂ ਨੂੰ ਕਿਸ ਤਰ੍ਹਾਂ ਦੇਖਣਾ ਚਾਹੀਦਾ ਹੈ? ਇਸ 'ਤੇ ਸੀਨੀਅਰ ਪੱਤਰਕਾਰ ਨੀਰਜਾ ਚੌਧਰੀ ਕਹਿੰਦੀ ਹੈ ਕਿ ਇਹ ਸਾਫ਼-ਸਾਫ਼ ਸਿਰਫ਼ ਕੁਝ ਨੇਤਾਵਾਂ ਦੀ ਨੌਟੰਕੀ ਲਗਦੀ ਹੈ।

ਉਹ ਕਹਿੰਦੀ ਹੈ, "ਇੰਨੀ ਪੁਰਾਣੀ ਕਾਂਗਰਸ ਪਾਰਟੀ 'ਚ ਹਾਰ ਦੇ ਇੱਕ ਮਹੀਨੇ ਬਾਅਦ ਇਹ ਹੰਗਾਮਾ ਹੋ ਰਿਹਾ ਹੈ ਅਤੇ ਉਸ ਨੂੰ ਕੋਈ ਦਿਸ਼ਾ ਨਹੀਂ ਨਜ਼ਰ ਆ ਰਹੀ। ਰਾਹੁਲ ਗਾਂਧੀ ਨੇ ਹਾਰ ਦੀ ਜ਼ਿੰਮੇਵਾਰੀ ਲੈ ਕੇ ਵੱਡੀ ਗੱਲ ਕਹੀ ਸੀ ਪਰ ਅਜੇ ਵੀ ਉਨ੍ਹਾਂ ਦਾ ਅਸਤੀਫ਼ਾ ਨਹੀਂ ਸਵੀਕਾਰ ਕੀਤਾ ਗਿਆ ਹੈ।"

"ਕਾਂਗਰਸ ਦੀ ਹਾਲਤ ਸਾਫ਼-ਸਾਫ਼ ਨਜ਼ਰ ਨਹੀਂ ਆ ਰਹੀ ਹੈ ਅਤੇ ਜੋ ਹਾਲੀਆ ਅਸਤੀਫ਼ੇ ਦਿੱਤੇ ਜਾ ਰਹੇ ਹਨ, ਉਸ ਤੋਂ ਲਗ ਰਿਹਾ ਹੈ ਕਿ ਇੱਕ ਨੌਟੰਕੀ ਜਿਹੀ ਹੋ ਰਹੀ ਹੈ।"

ਅਜਿਹਾ ਕਿਹਾ ਜਾ ਰਿਹਾ ਹੈ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦਾ ਅਹੁਦਾ ਛੱਡਣ ਦਾ ਪੂਰਾ ਮਨ ਬਣਾ ਲਿਆ ਸੀ। ਤਾਂ ਹੁਣ ਸਵਾਲ ਉੱਠਦਾ ਹੈ ਕਿ ਕੀ ਇਹ ਅਸਤੀਫ਼ੇ ਉਨ੍ਹਾਂ ਨੇ ਆਪਣੇ ਫ਼ੈਸਲੇ 'ਤੇ ਸੋਚਣ ਲਈ ਮਜਬੂਰ ਕਰਨ ਲਈ ਹਨ?

ਇਸ ਸਵਾਲ 'ਤੇ ਕਾਂਗਰਸ 'ਤੇ ਬਾਰੀਕੀ ਨਾਲ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਵਿਨੋਦ ਸ਼ਰਮਾ ਕਹਿੰਦੇ ਹਨ ਕਿ ਰਾਹੁਲ ਗਾਂਧੀ ਅਹੁਦਾ ਨਹੀਂ ਲੈਣਗੇ ਇਹ ਪੂਰੀ ਤਰ੍ਹਾਂ ਤੈਅ ਹੈ।

ਉਹ ਕਹਿੰਦੇ ਹਨ, "ਕੁਝ ਦਿਨ ਪਹਿਲਾਂ ਕਾਂਗਰਸ ਸੰਸਦੀ ਕਮੇਟੀ ਦੀ ਬੈਠਕ ਵਿੱਚ ਰਾਹੁਲ ਗਾਂਧੀ ਨੇ ਸਾਫ਼ ਕਰ ਦਿੱਤਾ ਸੀ ਕਿ ਉਹ ਹੁਣ ਪ੍ਰਧਾਨਗੀ ਦੇ ਅਹੁਦੇ 'ਤੇ ਨਹੀਂ ਰਹਿਣਗੇ ਪਰ ਉਹ ਸਿਆਸਤ ਵਿੱਚ ਸਰਗਰਮ ਰਹਿਣਗੇ।"

ਇਹ ਵੀ ਪੜ੍ਹੋ-

"ਅਸਤੀਫ਼ਾ ਦੇਣ ਵਾਲੇ ਕੋਈ ਵੱਡੇ ਨਾਮ ਨਹੀਂ ਹਨ ਅਤੇ ਜਨਤਾ ਉਨ੍ਹਾਂ ਦਾ ਨਾਮ ਤੱਕ ਨਹੀਂ ਜਾਣਦੀ ਹੈ ਤੇ ਉਹ ਸਿਰਫ ਨੇਤਾ ਬਣਨ ਦੀ ਕੋਸ਼ਿਸ਼ ਵਿੱਚ ਹਨ।"

ਕਾਂਗਰਸ ਦੇ ਅੱਗੇ ਹੁਣ ਕੀ ਹੈ ਰਸਤਾ

2014 ਵਿੱਚ ਪਾਰਟੀ ਦੀ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਨੇ ਵੀ ਪਾਰਟੀ ਦੇ ਅਹੁਦਿਆਂ ਤੋਂ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੂੰ ਨਹੀਂ ਮੰਨਿਆ ਗਿਆ।

ਇਸ ਤੋਂ ਪਹਿਲਾਂ ਸ਼ਰਦ ਪਵਾਰ ਵੱਲੋਂ ਪਾਰਟੀ ਛੱਡਣ 'ਤੇ ਸੋਨੀਆ ਗਾਂਧੀ ਨੇ ਅਸਤੀਫ਼ੇ ਦੀ ਪੇਸ਼ਕਸ਼ ਕੀਤੀ ਸੀ ਪਰ ਉਹ ਵੀ ਸਵੀਕਾਰ ਨਹੀਂ ਕੀਤਾ ਗਿਆ।

ਤਾਂ ਕੀ ਅਜੇ ਵੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਅਹੁਦੇ 'ਤੇ ਕਾਇਮ ਰਹਿਣਾ ਚਾਹੀਦਾ ਹੈ?

ਵਿਨੋਦ ਸ਼ਰਮਾ ਕਹਿੰਦੇ ਹਨ ਕਿ ਕਾਂਗਰਸ ਨੂੰ ਆਪਣਾ ਅੰਤਰਿਮ ਪ੍ਰਧਾਨ ਚੁਣਨਾ ਚਾਹੀਦਾ ਹੈ ਜੋ ਇੱਕ ਸਾਲ ਤੱਕ ਕੰਮਕਾਜ ਚਲਾਏ ਤੇ ਇਸ ਤੋਂ ਬਾਅਦ ਉਹ ਆਪਣਾ ਪ੍ਰਧਾਨ ਚੁਣੇ।

ਵਿਨੋਦ ਸ਼ਰਮਾ ਕਹਿੰਦੇ ਹਨ, "ਸਮੇਂ ਦੀ ਜੇਕਰ ਲੋੜ ਹੈ ਕਾਂਗਰਸ ਨੂੰ ਨਵਾਂ ਨੇਤਾ ਚੁਣਨ ਲਈ ਤਾਂ ਇੱਕ ਅਸਥਾਈ ਪ੍ਰਧਾਨ ਬਣਾ ਲੈਣ, ਤਾਂ ਜੋ ਪਾਰਟੀ ਦਾ ਕੰਮਕਾਜ ਚਲਦਾ ਰਹੇ ਅਤੇ ਪਾਰਟੀ ਦੇ ਜਨਰਲ ਸਕੱਤਰ ਦਾ ਅਹੁਦਾ ਪ੍ਰਿਅੰਕਾ ਨੂੰ ਦੇ ਦਿੱਤਾ ਜਾਵੇ ਤੇ ਇਸ ਨਾਲ ਉਨ੍ਹਾਂ ਦੀਆਂ ਮੁਸੀਬਤਾਂ ਸੁਲਝ ਜਾਣਗੀਆਂ।

ਪ੍ਰਿਅੰਕਾ ਗਾਂਧੀ ਦੇ ਸੰਗਠਨ ਵਿੱਚ ਅਹਿਮ ਅਹੁਦੇ 'ਤੇ ਬਣੇ ਰਹਿਣ ਨਾਲ ਕਾਂਗਰਸ ਦੀਆਂ ਮੁਸ਼ਕਿਲਾਂ ਕਿਵੇਂ ਹੱਲ ਹੋਣਗੀਆਂ?

ਇਸ ਦੇ ਵਿਨੋਦ ਸ਼ਰਮਾ ਕਹਿੰਦੇ ਹਨ, "ਕਾਂਗਰਸ ਦੇ ਸਾਹਮਣੇ ਵੱਡੀ ਸਮੱਸਿਆ ਇਹ ਹੈ ਕਿ ਉਸ ਦੇ ਨੇਤਾ ਇਹ ਸੋਚਦੇ ਹਨ ਕਿ ਗਾਂਧੀ ਪਰਿਵਾਰ ਦੇ ਬਿਨਾ ਪਾਰਟੀ ਇਕਜੁੱਟ ਨਹੀਂ ਰਹੇਗੀ ਅਤੇ ਇਸ ਗੱਲ ਵਿੱਚ ਕਾਫੀ ਹਦ ਤੱਕ ਸੱਚਾਈ ਹੈ।"

"ਇਸ ਸੱਚਾਈ ਕਾਰਨ ਹੀ ਉਨ੍ਹਾਂ 'ਤੇ ਵੰਸ਼ਵਾਦ ਦਾ ਇਲਜ਼ਾਮ ਵੀ ਲਗਦਾ ਹੈ। ਨਵਾਂ ਪ੍ਰਧਾਨ ਜੇਕਰ ਪ੍ਰਿਅੰਕਾ ਨੂੰ ਜਨਰਲ ਸਕੱਤਰ ਦੇ ਅਹੁਦੇ 'ਤੇ ਕਾਇਮ ਰੱਖਦਾ ਹੈ ਤਾਂ ਉਹ ਸੰਗਠਨ ਨੂੰ ਮਜ਼ਬੂਤੀ ਦੇ ਸਕਦੀ ਹੈ।"

ਉੱਥੇ ਹੀ, ਨੀਰਜਾ ਚੌਧਰੀ ਦਾ ਮੰਨਣਾ ਹੈ ਕਿ ਕਾਂਗਰਸ ਨੂੰ ਜੇਕਰ ਫਿਰ ਤੋਂ ਜ਼ਿੰਦਾ ਹੋਣਾ ਹੈ ਤਾਂ ਉਸ ਨੂੰ ਪ੍ਰਧਾਨ ਬਲਦਣ ਤੋਂ ਇਲਾਵਾ ਬਹੁਤ ਕੁਝ ਕਰਨਾ ਹੋਵੇਗਾ।

ਉਹ ਕਹਿੰਦੀ ਹੈ, "ਗਾਂਧੀ-ਨਹਿਰੂ ਪਰਿਵਾਰ ਦੇ ਕਿਸੇ ਮੈਂਬਰ ਦੇ ਪ੍ਰਧਾਨਗੀ ਅਹੁਦੇ 'ਤੇ ਨਾ ਬਣੇ ਰਹਿਣ ਕਾਰਨ ਵੀ ਪਾਰਟੀ ਕੁਝ ਚੰਗਾ ਕਰ ਸਕਦੀ ਹੈ। ਪਰ ਇਸ ਵਿੱਚ ਇਨ੍ਹਾਂ ਲੋਕਾਂ ਦਾ ਸਮਰਥਨ ਜ਼ਰੂਰੀ ਹੈ।"

"ਨਵੀਂ ਊਰਜਾ ਜੇਕਰ ਪਾਰਟੀ 'ਚ ਲੈ ਕੇ ਆਉਣੀ ਹੈ ਤਾਂ ਉਨ੍ਹਾਂ ਲੋਕਾਂ ਨੂੰ ਅੱਗੇ ਲੈ ਕੇ ਆਉਣਾ ਹੋਵੇਗਾ, ਜਿਨ੍ਹਾਂ ਨੂੰ ਲੋਕਾਂ ਦਾ ਸਮਰਥਨ ਹਾਸਿਲ ਹੈ। ਜ਼ਮੀਨੀ ਨੇਤਾਵਾਂ ਨੂੰ ਅੱਗੇ ਲੈ ਕੇ ਆਉਣਾ ਹੋਵੇਗਾ।"

ਵਿਨੋਦ ਸ਼ਰਮਾ ਕਾਂਗਰਸ ਪਾਰਟੀ 'ਚ ਪੁਰਾਣੀ ਜਾਨ ਪਾਉਣ ਲਈ ਕਾਡਰ ਨੂੰ ਮਹੱਤਵਪੂਰਨ ਦੱਸਦਿਆਂ ਕਹਿੰਦੇ ਹਨ ਕਿ ਪਾਰਟੀ ਵਿੱਚ ਇਸ ਵੇਲੇ ਨਵੇਂ ਕਾਡਰ ਦੀ ਭਰਤੀ ਦੀ ਲੋੜ ਹੈ।

ਉਹ ਕਹਿੰਦੇ ਹਨ, "ਇਸ ਪਾਰਟੀ ਵਿੱਚ ਜੇਕਰ ਨਵੇਂ ਖੂਨ ਦਾ ਸੰਚਾਰ ਹੈ ਤਾਂ ਇਸ ਨੂੰ ਵੱਡੇ ਪੱਧਰ 'ਤੇ ਮੈਂਬਰਸ਼ਿਪ ਅਭਇਆਨ ਸ਼ੁਰੂ ਕਰਨਾ ਹੋਵੇਗਾ। ਇਸ ਲਈ ਸਿਰਫ਼ ਕੇਂਦਰ ਅਤੇ ਸੂਬੇ 'ਚ ਨੇਤਾਵਾਂ ਨੂੰ ਬਦਲਣ ਨਾਲ ਕੰਮ ਨਹੀਂ ਬਣੇਗਾ।"

"ਉਸ ਦੇ ਨਾਲ-ਨਾਲ ਪਾਰਟੀ ਨੂੰ ਜਨਤਾ ਨਾਲ ਜੁੜੇ ਹੋਏ ਮੁੱਦਿਆਂ ਨੂੰ ਲੈ ਕੇ ਕੰਮ ਕਰਨਾ ਹੋਵੇਗਾ ਅਤੇ ਸੜਕਾਂ 'ਤੇ ਆਉਣਾ ਪਵੇਗਾ।"

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)