1984 ਸਿੱਖ ਕਤਲੇਆਮ 'ਚ ਕਾਂਗਰਸ ਦੇ ਲੋਕ ਸ਼ਾਮਲ ਨਹੀਂ ਸਨ ਅਸੀਂ ਕਿਵੇਂ ਮੰਨੀਏ- ਨੀਰਪ੍ਰੀਤ

    • ਲੇਖਕ, ਸਿੰਧੁਵਾਸਿਨੀ
    • ਰੋਲ, ਬੀਬੀਸੀ ਪੱਤਰਕਾਰ

''ਸਭ ਕੁਝ ਯਾਦ ਹੈ, ਮੇਰੇ ਪਿਤਾ ਨੂੰ ਸਾੜਿਆ ਗਿਆ ਸੀ, ਕਿਸ-ਕਿਸ ਨੇ ਸਾੜਿਆ...ਇਹ ਸਭ ਮੈਨੂੰ ਚੇਤੇ ਹੈ, ਕਿਵੇਂ ਸਾਡੇ ਘਰ 'ਤੇ ਹਮਲਾ ਕੀਤਾ ਗਿਆ, ਗੁਰਦੁਆਰਾ ਸਾਹਿਬ 'ਤੇ ਹਮਲਾ ਕੀਤਾ...ਇਹ ਸਭ ਮੈਨੂੰ ਪਤਾ ਹੈ।''

1984 ਦੇ ਸਿੱਖ ਕਤਲੇਆਮ 'ਚ ਆਪਣੇ ਪਿਤਾ ਨੂੰ ਗੁਆਉਣ ਵਾਲੀ 50 ਸਾਲ ਦੀ ਨਿਰਪ੍ਰੀਤ ਕੌਰ ਅਤੀਤ ਨੂੰ ਚੇਤੇ ਕਰਦਿਆਂ-ਕਰਦਿਆਂ ਚੁੱਪ ਹੋ ਜਾਂਦੀ ਹੈ।

ਥੋੜੀ ਦੇਰ ਰੁਕਣ ਤੋਂ ਬਾਅਦ ਉਹ ਫ਼ਿਰ ਆਪਣੀ ਗੱਲ ਸ਼ੁਰੂ ਕਰਦੀ ਹੈ, ''84 ਕਤਲੇਆਮ 'ਚ ਮੇਰੇ ਪਿਤਾ ਦੀ ਮੌਤ ਹੋਈ ਸੀ, ਸਾਡੇ ਘਰ-ਬਾਰ ਅਤੇ ਕਾਰੋਬਾਰ ਨੂੰ ਅੱਗ ਲਗਾ ਦਿੱਤੀ ਗਈ ਸੀ, ਇਹ ਗੱਲ ਤਾਂ 'ਉਹ' ਬਿਲਕੁਲ ਗ਼ਲਤ ਬੋਲ ਰਹੇ ਹਨ। ਕਾਂਗਰਸ ਪਾਰਟੀ ਨੇ ਹੀ ਕਰਵਾਇਆ, ਅਸੀਂ ਕਿਵੇ ਮੰਨੀਏ ਕਿ ਕਾਂਗਰਸ ਪਾਰਟੀ ਦੇ ਲੋਕ ਨਹੀਂ ਸਨ?''

'ਉਹ' ਤੋਂ ਨਿਰਪ੍ਰੀਤ ਦਾ ਮਤਲਬ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਹੈ।

ਰਾਹੁਲ ਨੇ ਲੰਡਨ 'ਚ ਇੰਡੀਅਨ ਜਰਨਲਿਸਟਸ ਐਸੋਸੀਏਸ਼ਨ ਵੱਲੋਂ ਹੋਏ ਇੱਕ ਪ੍ਰੋਗਰਾਮ 'ਚ ਸਿੱਖ ਕਤਲੇਆਮ ਨੂੰ ਇੱਕ 'ਬਹੁਤ ਦਰਦਨਾਕ ਤ੍ਰਾਸਦੀ' ਦੱਸਿਆ ਸੀ ਅਤੇ ਕਿਹਾ ਸੀ ਕਿ ਕਿਸੇ ਵੀ ਸ਼ਖ਼ਸ ਦੇ ਨਾਲ ਹਿੰਸਾ ਕਰਨ ਵਾਲੇ ਦੋਸ਼ੀ ਨੂੰ ਸਜ਼ਾ ਦਿਵਾਉਣ 'ਤੇ 100 ਫੀਸਦ ਸਹਿਮਤ ਹਨ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਗੱਲ ਤੋਂ ਸਹਿਮਤ ਨਹੀਂ ਹਨ ਕਿ ਇਸ ਕਤਲੇਆਮ 'ਚ ਕਾਂਗਰਸ ਦੀ ਕੋਈ ਭੂਮਿਕਾ ਸੀ।

ਨਿਰਪ੍ਰੀਤ ਰਾਹੁਲ ਗਾਂਧੀ ਦੇ ਇਸ ਬਿਆਨ ਤੋਂ ਕਾਫ਼ੀ ਨਾਰਾਜ਼ ਹਨ।

ਨਿਰਪ੍ਰੀਤ ਨੇ ਕਿਹਾ, ''ਉਨ੍ਹਾਂ ਨੂੰ ਕਹਿਣਾ ਚਾਹੀਦਾ ਸੀ ਕਿ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਮਿਲੇਗੀ ਭਾਵੇਂ ਉਹ ਕਿਸੇ ਵੀ ਪਾਰਟੀ ਦੇ ਹੋਣ, ਜੇ ਰਾਹੁਲ ਅਜਿਹਾ ਕਹਿੰਦੇ ਤਾਂ ਸਾਨੂੰ ਖ਼ੁਸ਼ੀ ਹੁੰਦੀ।''

ਇਹ ਵੀ ਪੜ੍ਹੋ:

ਰਾਹੁਲ ਗਾਂਧੀ ਨੇ ਜੋ ਕੁਝ ਕਿਹਾ, ਉਹ ਕਿੰਨਾ ਤੱਥਾਂ 'ਤੇ ਅਧਾਰਿਤ ਹੈ?

ਸੀਨੀਅਰ ਪੱਤਰਕਾਰ ਰਾਸ਼ਿਦ ਕਿਦਵਈ ਅਨੁਸਾਰ, ''ਉਸ ਸਮੇਂ, ਕਤਲੇਆਮ ਦੇ ਵੇਲੇ ਕਈ ਤਰ੍ਹਾਂ ਦੇ ਅਪਰਾਧਿਕ ਅਤੇ ਗ਼ੈਰ ਸਮਾਜਿਕ ਅਨਸਰ ਸਰਗਰਮ ਹੋ ਗਏ ਸਨ ਅਤੇ ਉਨ੍ਹਾਂ ਵੱਡੇ ਪੱਧਰ 'ਤੇ ਹਿੰਸਾ ਅਤੇ ਲੁੱਟ-ਖੋਹ ਨੂੰ ਅੰਜਾਮ ਦਿੱਤਾ ਸੀ। ਇਸ ਸਭ ਦੇ ਬਾਵਜੂਦ ਸਰਕਾਰ ਆਪਣੀਆਂ ਅੱਖਾਂ ਬੰਦ ਕਰੀ ਬੈਠੀ ਸੀ, ਇਸ ਲਈ ਕਾਂਗਰਸ ਦੋਸ਼ੀ ਹੈ, ਇਸ 'ਚ ਕੋਈ ਦੋ ਰਾਇ ਨਹੀਂ ਹੈ।''

ਹਾਲਾਂਕਿ ਕਿਦਵਈ ਕਤਲੇਆਮ 'ਚ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੂੰ 'ਬੇਨਿਫ਼ਿਟ ਆਫ਼ ਡਾਉਟ' ਦਿੰਦੇ ਹਨ।

ਉਹ ਕਹਿੰਦੇ ਹਨ, ''ਮੈਨੂੰ ਨਹੀਂ ਲਗਦਾ ਕਿ ਰਾਜੀਵ ਗਾਂਧੀ ਦਾ ਅਜਿਹਾ ਕੋਈ ਇਰਾਦਾ ਸੀ, ਇਸ ਲਈ ਜੇ ਰਾਹੁਲ ਆਪਣੀ ਪਾਰਟੀ ਦੀ ਥਾਂ ਆਪਣੇ ਪਿਤਾ ਨੂੰ ਕਲੀਨ ਚਿੱਟ ਦਿੰਦੇ ਤਾਂ ਵੱਧ ਕਾਮਯਾਬ ਰਹਿੰਦੇ।''

ਕਿਦਵਈ ਮੁਤਾਬਕ, ''ਰਾਹੁਲ ਗਾਂਧੀ ਦੇ ਸਿਰ ਸਿਰਫ਼ ਇੱਕੋ ਗੱਲ ਦਾ ਸਿਹਰਾ ਬੰਨ੍ਹਿਆ ਜਾ ਸਕਦਾ ਹੈ ਕਿ ਉਨ੍ਹਾਂ ਇਸ ਵਿਸ਼ੇ 'ਤੇ ਗੱਲਬਾਤ ਕੀਤੀ, ਹਾਲਾਂਕਿ ਉਨ੍ਹਾਂ ਨੇ ਸੰਤੋਸ਼ਜਨਕ ਗੱਲ ਕੀਤੀ, ਇਸ ਗੱਲ 'ਤੇ ਮੈਨੂੰ ਸ਼ੱਕ ਹੈ।''

ਕਿਦਵਈ ਦਾ ਮੰਨਣਾ ਹੈ ਕਿ ਰਾਹੁਲ ਗਾਂਧੀ ਦੇ ਇਸ ਬਿਆਨ ਨਾਲ ਨਾ ਤਾਂ ਉਨ੍ਹਾਂ ਨੂੰ ਕੋਈ ਲਾਭ ਹੋਵੇਗਾ ਅਤੇ ਨਾ ਹੀ ਕਾਂਗਰਸ ਨੂੰ।

ਇਹ ਵੀ ਪੜ੍ਹੋ:

ਭਾਜਪਾ ਦੇ ਬੁਲਾਰੇ ਨਲਿਨ ਕੋਹਲੀ ਨੇ ਕਾਂਗਰਸ ਪ੍ਰਧਾਨ ਦੇ ਇਸ ਬਿਆਨ 'ਤੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਬੀਬੀਸੀ ਨੂੰ ਕਿਹਾ, ''ਰਾਹੁਲ ਗਾਂਧੀ ਦਾ ਇਹ ਬਿਆਨ ਦੰਗਾ ਪੀੜਤਾਂ ਦੇ ਨਾਲ ਇੱਕ ਭੱਦਾ ਮਜ਼ਾਕ ਹੈ, ਉਨ੍ਹਾਂ ਦੇ ਬਿਆਨਾਂ 'ਚ ਸਿਆਣਪ ਕਿਤੇ ਨਜ਼ਰ ਨਹੀਂ ਆਉਂਦੀ, ਉਨ੍ਹਾਂ ਦੀਆਂ ਗੱਲਾਂ ਤੋਂ ਸਾਫ਼ ਪਤਾ ਚੱਲਦਾ ਹੈ ਕਿ ਉਹ ਬਿਨਾਂ ਤਿਆਰੀ ਅਤੇ ਤੱਥਾਂ ਨੂੰ ਨਜ਼ਰ ਅੰਦਾਜ਼ ਕਰਕੇ ਬੋਲ ਰਹੇ ਹਨ।''

ਪਰ ਕੀ ਭਾਜਪਾ ਨੂੰ ਇਸ ਗੱਲ ਦੀ ਸ਼ਲਾਘਾ ਨਹੀਂ ਕਰਨੀ ਚਾਹੀਦੀ ਕਿ ਰਾਹੁਲ ਗਾਂਧੀ ਨੇ ਇੱਕ ਵਿਸ਼ਵ ਪੱਧਰ ਦੇ ਮੰਚ 'ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਹੀ?

ਇਸਦੇ ਜਵਾਬ 'ਚ ਕੋਹਲੀ ਨੇ ਕਿਹਾ, ''ਇਹ ਤਾਂ ਕਾਨੂੰਨ ਦੀ ਪਹਿਲੀ ਤਜਵੀਜ਼ ਹੈ, ਇਸਦੀ ਕੀ ਸ਼ਲਾਘਾ ਕਰਨੀ? ਜੋ ਵੀ ਦੋਸ਼ੀ ਹਨ, ਉਨ੍ਹਾਂ 'ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ, ਪਰ ਇਸ਼ਦੇ ਲਈ ਉਨ੍ਹਾਂ ਦੀ ਪਾਰਟੀ ਨੇ ਕੀ ਕੀਤਾ?''

ਨਲਿਨ ਕੋਹਲੀ ਅੱਗੇ ਕਹਿੰਦੇ ਹਨ, ''ਇਹ ਸਿਰਫ਼ ਇੱਕ ਬਿਆਨ ਹੈ, ਇਸਦੇ ਪਿੱਛੇ ਨਾ ਤਾਂ ਕੋਈ ਸੋਚ ਹੈ ਅਤੇ ਨਾ ਹੀ ਕੋਈ ਇਰਾਦਾ ਕਿ ਦੋਸ਼ੀਆਂ ਨੂੰ ਸਜ਼ਾ ਮਿਲੇ, ਜੇ ਅਜਿਹਾ ਹੁੰਦਾ ਹੈ ਤਾਂ ਜਿਹੜੇ ਕਾਂਗਰਸੀ ਆਗੂਆਂ 'ਤੇ ਸਵਾਲ ਉੱਠਦੇ ਹਨ, ਉਨ੍ਹਾਂ 'ਤੇ ਉਨ੍ਹਾਂ ਨੇ ਇੱਕ ਸ਼ਬਦ ਕਿਉਂ ਨਹੀਂ ਬੋਲਿਆ?''

ਇਹ ਵੀ ਪੜ੍ਹੋ:

ਇੱਧਰ ਕਾਂਗਰਸ ਦੇ ਸੀਨੀਅਰ ਆਗੂ ਪੀ. ਚਿਦੰਬਰਮ ਰਾਹੁਲ ਗਾਂਧੀ ਦੇ ਬਚਾਅ 'ਚ ਆ ਗਏ ਹਨ।

ਉਨ੍ਹਾਂ ਕਿਹਾ, ''1984 'ਚ ਕਾਂਗਰਸ ਸਿਆਸਤ ਵਿੱਚ ਸੀ, ਉਸ ਸਮੇਂ ਬਹੁਤ ਭਿਆਨਕ ਘਟਨਾ ਹੋਈ ਸੀ, ਇਸਦੇ ਲਈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਸੰਸਦ 'ਚ ਮਾਫ਼ੀ ਮੰਗੀ ਸੀ...ਤੁਸੀਂ ਇਸ ਦੇ ਲਈ ਰਾਹੁਲ ਗਾਂਧੀ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ, ਉਸ ਸਮੇਂ ਉਹ ਸਿਰਫ਼ 13-14 ਸਾਲ ਦੇ ਸਨ।''

ਰਾਹੁਲ ਗਾਂਧੀ ਨੇ ਕੀ ਕਿਹਾ ਸੀ?

ਰਾਹੁਲ ਗਾਂਧੀ ਨੇ ਸਮਾਗਮ 'ਚ ਆਪਣੇ ਪਿਤਾ ਰਾਜੀਵ ਗਾਂਧੀ ਦੇ ਕਤਲ ਦਾ ਜ਼ਿਕਰ ਕਰਦਿਆਂ ਕਿਹਾ, ''ਮੈਂ ਖ਼ੁਦ ਹਿੰਸਾ ਦਾ ਪੀੜਤ ਹਾਂ, ਮੈਂ ਉਨ੍ਹਾਂ ਲੋਕਾਂ ਦਾ ਕਤਲ ਹੁੰਦੇ ਦੇਖਿਆ ਹੈ ਜੋ ਮੇਰੇ ਦਿਲ ਦੇ ਬਹੁਤ ਨੇੜੇ ਸਨ, ਮੈਂ ਆਪਣੇ ਪਿਤਾ ਦੇ ਕਤਲ ਕਰਨ ਵਾਲੇ ਪ੍ਰਭਾਕਰਨ ਨੂੰ ਦੇਖਿਆ ਹੈ।''

1984 ਦੇ ਸਿੱਖ ਕਤਲੇਆਮ ਬਾਰੇ ਪੁੱਛੇ ਜਾਣ 'ਤੇ ਰਾਹੁਲ ਦਾ ਕਹਿਣ ਸੀ ਉਸ ਦੌਰਾਨ ਹੋਈ ਹਿੰਸਾ ਲਈ ਜ਼ਿੰਮੇਵਾਰ ਕਿਸੇ ਵੀ ਸ਼ਖ਼ਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਨ੍ਹਾਂ ਨੇ ਇਸ ਗੱਲ 'ਤੇ ਸਹਿਮਤੀ ਨਹੀਂ ਜਤਾਈ ਕਿ ਇਸ 'ਚ ਕਾਂਗਰਸ ਪਾਰਟੀ ਦੀ ਕੋਈ ਭੂਮਿਕਾ ਸੀ।

ਸਾਲ 1984 'ਚ ਸਾਬਕਾ ਪ੍ਰਧਾਨ ਮੰਤਰੀ ਇੰਦੀਰਾ ਗਾਂਧੀ ਦੇ ਸਿੱਖ ਬਾਡੀਗਾਰਡ ਨੇ ਉਨ੍ਹਾਂ ਦਾ ਕਤਲ ਕਰ ਦਿੱਤਾ ਸੀ ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਸਿੱਖ ਕਤਲੇਆਮ ਹੋਇਆ ਸੀ।

ਇਸ ਕਤਲੇਆਮ 'ਚ ਤਕਰੀਬਨ 3,000 ਸਿੱਖਾਂ ਦਾ ਕਤਲ ਕੀਤਾ ਗਿਆ ਸੀ।

ਇਹ ਵੀਡੀਓਜ਼ ਵੀ ਸ਼ਾਇਦ ਤੁਹਾਨੂੰ ਪਸੰਦ ਆਉਣ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)