ਉੱਤਰੀ ਕੋਰੀਆ ਦੀ ਸਰਹੱਦ 'ਚ ਪੈਰ ਧਰਨ ਵਾਲੇ ਡੌਨਲਡ ਟਰੰਪ ਪਹਿਲੇ ਅਮਰੀਕੀ ਰਾਸ਼ਟਰਪਤੀ, ਕਿਮ ਜੋਂਗ ਨਾਲ ਇਹ ਤੀਜੀ ਮੁਲਾਕਾਤ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਉੱਤਰੀ ਕੋਰੀਆ ਦੇ ਮੁਖੀ ਕਿਮ ਜੋਂਗ ਉਨ ਨੇ ਤੀਜੀ ਮੁਲਾਕਾਤ ਕੀਤੀ ਹੈ।

ਡੌਨਲਡ ਟਰੰਪ ਨੇ ਕਿਹਾ ਸੀ ਕਿ ਉਹ ਜਲਦੀ ਹੀ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨਾਲ ਮੁਲਾਕਾਤ ਕਰਨਗੇ। ਇਹ ਮੁਲਾਕਾਤ ਉੱਤਰੀ ਅਤੇ ਦੱਖਣੀ ਕੋਰੀਆ ਦੇ ਵਿਚਾਲੇ ਗੈਰ-ਫੌਜੀ ਇਲਾਕੇ ਵਿੱਚ ਹੋਈ।

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਉੱਤਰੀ ਕੋਰੀਆ ਦੇ ਖੇਤਰ ਵਿੱਚ ਦਾਖਿਲ ਹੋਏ। ਉਹ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਹਨ ਜੋ ਕਿ ਉੱਤਰੀ ਕੋਰੀਆ ਵਿੱਚ ਦਾਖਲ ਹੋਏ ਹਨ।

ਡੀਐਮਜ਼ੈੱਡ (DMZ) ਯਾਨਿ ਡਿਮਿਲੀਟਰਾਈਜ਼ਡ ਖੇਤਰ ਵਿੱਚ ਦਾਖਿਲ ਹੋਏ ਅਤੇ ਦੋਹਾਂ ਨੇ ਹੱਥ ਮਿਲਾਇਆ।

ਦੋਹਾਂ ਨੇ ਇੱਕ ਦੂਜੇ ਨੂੰ ਮਿਲੇ ਕੇ ਕੀ ਕਿਹਾ?

ਕਿਮ ਜੋਂਗ ਉਨ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੇ ਉੱਤਰੀ ਕੋਰੀਆ ਵਿੱਚ ਦਾਖਲ ਹੋਣ ਨੂੰ ਕਿਹਾ, ''ਇਹ ਬਹੁਤ ਹੀ ਹਿੰਮਤ ਵਾਲਾ ਤੇ ਦ੍ਰਿੜ ਕੰਮ ਹੈ।''

ਟਰੰਪ ਨੇ ਹੱਥ ਮਿਲਾਉਣ ਤੋਂ ਬਾਅਦ ਕਿਹਾ , "ਇੱਥੇ ਆਉਣਾ ਮਾਣ ਵਾਲੀ ਗੱਲ ਹੈ। ਅਸੀਂ ਪਹਿਲੇ ਦਿਨ ਤੋਂ ਹੀ ਇੱਕ ਦੂਜੇ ਨੂੰ ਪਸੰਦ ਕਰਦੇ ਹਾਂ।"

ਇਹ ਵੀ ਪੜ੍ਹੋ:

ਟਰੰਪ-ਕਿਮ ਮੁਲਾਕਾਤ ਅਹਿਮ ਕਿਉਂ

ਟਰੰਮ ਅਤੇ ਕਿਮ ਜੋਂਗ ਵਿਚਾਲੇ ਇਹ ਮੁਲਾਕਾਤ ਕਾਫ਼ੀ ਅਹਿਮ ਹੈ।

ਜਦੋਂ ਟਰੰਪ ਤੇ ਕਿਮ ਵਿਚਾਲੇ ਸਿੰਗਾਪੁਰ ਵਿੱਚ ਮੁਲਾਕਾਤ ਹੋਈ ਸੀ ਤਾਂ ਉੱਤਰੀ ਕੋਰੀਆ ਦੇ ਵਿਵਾਦਤ ਪਰਮਾਣੂ ਪ੍ਰੋਗਰਾਮ ਨੂੰ ਰੋਕਣ ਲਈ ਸਮਝੌਤਿਆਂ ਦਾ ਦੌਰ ਸਿਖਰ 'ਤੇ ਪਹੁੰਚ ਗਿਆ ਸੀ।

ਦੋਹਾਂ ਨੇ ਕੋਰੀਆ ਵਿੱਚ ਪੂਰੀ ਤਰ੍ਹਾਂ ਪਰਮਾਣੂ ਰਹਿਤ ਹੋਣ ਦਾ ਵਾਅਦਾ ਕੀਤਾ ਸੀ ਪਰ ਇਸ ਬਾਰੇ ਪੂਰਾ ਸਪੱਸ਼ਟੀਕਰਨ ਨਹੀਂ ਦਿੱਤਾ।

ਟਰੰਪ ਅਤੇ ਕਿਮ ਵਿਚਾਲੇ ਇਸੇ ਸਾਲ ਫਰਵਰੀ ਵਿੱਚ ਹਨੋਈ ਵਿੱਚ ਮੁਲਾਕਾਤ ਬੇਨਤੀਜਾ ਰਹੀ ਸੀ। ਇਸ ਮੁਲਾਕਾਤ ਤੋਂ ਬਾਅਦ ਦੋਹਾਂ ਦੇਸਾਂ ਦੇ ਰਿਸ਼ਤਿਆਂ ਵਿੱਚ ਕੜਵਾਹਟ ਆਈ ।

ਇਹ ਵੀ ਪੜ੍ਹੋ

ਅਮਰੀਕਾ ਚਾਹੁੰਦਾ ਹੈ ਕਿ ਉੱਤਰੀ ਕੋਰੀਆ ਪਰਮਾਣੂ ਪ੍ਰੋਗਰਾਮ ਰੋਕ ਦੇਵੇ ਜਦੋਂਕਿ ਉੱਤਰੀ ਕੋਰੀਆ ਆਪਣੇ 'ਤੇ ਲੱਗੀਆਂ ਵਿੱਤੀ ਪਾਬੰਦੀਆਂ ਤੋਂ ਰਾਹਤ ਚਾਹੁੰਦਾ ਹੈ।

ਹਾਲਾਂਕਿ ਦੋਹਾਂ ਵਿਚਾਲੇ ਪਿਛਲੇ ਕੁਝ ਹਫ਼ਤਿਆਂ ਵਿੱਚ ਇੱਕ-ਦੂਜੇ ਨੂੰ ਚਿੱਠੀਆਂ ਭੇਜੀਆਂ ਗਈਆਂ ਹਨ।

ਖਾਸੀਅਤ DMZ ਦੀ ਜਿੱਥੇ ਹੋਈ ਮੁਲਾਕਾਤ

ਡੀਐਮਜ਼ੈੱਡ ਯਾਨਿ ਡਿਮਿਲੀਟਰਾਈਜ਼ਡ ਜ਼ੋਨ ਉਹ ਥਾਂ ਹੈ ਜਿੱਥੇ ਦੋਹਾਂ ਦੇਸਾਂ ਦੇ ਆਗੂਆਂ ਵਿਚਾਲੇ ਮੁਲਾਕਾਤ ਹੋਈ।

ਇਹ ਉੱਤਰੀ ਕੋਰੀਆ ਅਤੇ ਦੱਖਣੀ ਕੋਰੀਆ ਨੂੰ ਵੰਡਣ ਵਾਲਾ ਗੈਰ-ਫੌਜੀ ਇਲਾਕਾ ਹੈ ਜੋ ਕਿ 4 ਕਿਲੋਮੀਟਰ ਚੌੜਾ ਤੇ 250 ਕਿਲੋਮੀਟਰ ਲੰਬਾ ਹੈ

ਹਾਲਾਂਕਿ ਨਾਮ ਮੁਤਾਬਕ ਇੱਥੇ ਕੋਈ ਫੌਜੀ ਜਾਂ ਹਥਿਆਰਬੰਦ ਤਾਇਨਾਤੀ ਨਹੀਂ ਕੀਤੀ ਗਈ ਹੈ।

ਪਿੰਡ ਪਨਮੁਨਜੋਮ (ਟਰੂਸ ਜ਼ੋਨ) ਵਿੱਚ ਸਥਿਤ ਜੁਆਇੰਟ ਸਕਿਊਰਿਟੀ ਏਰੀਆ (ਜੇਐਸਏ) ਫੌਜੀ ਹੱਦਬੰਦੀ ਲਾਈਨ ਤੱਕ ਫੈਲਿਆ ਹੈ ਅਤੇ ਇੱਥੇ ਹੀ ਦੋਹਾਂ ਦੇਸਾਂ ਵਿਚਾਲੇ ਸਮਝੌਤਾ ਹੋਇਆ ਹੈ।

ਸੈਲਾਨੀ ਵੀ ਜੇਐਸਏ ਤੱਕ ਜਾ ਸਕਦੇ ਹਨ ਪਰ ਜਦੋਂ ਦੋਹਾਂ ਦੇਸਾਂ ਦੇ ਰਿਸ਼ਤੇ ਇਸ ਦੀ ਇਜਾਜ਼ਤ ਦੇਣ।

ਟਰੰਪ ਇਸ ਨੂੰ ਪਾਰ ਕਰਕੇ ਉੱਤਰੀ ਕੋਰੀਆ ਜਾਂਣ ਵਾਲੇ ਅਜਿਹਾ ਕਰਨ ਵਾਲੇ ਪਹਿਲੇ ਅਮਰੀਕੀ ਰਾਸ਼ਟਰਪਤੀ ਬਣ ਗਏ ਹਨ।

ਬਿਲ ਕਲਿੰਟਨ ਡੀਐਮਜ਼ੈੱਡ (DMZ) ਨੂੰ 'ਧਰਤੀ 'ਤੇ ਸਭ ਤੋਂ ਖ਼ਤਰਨਾਕ ਥਾਂ' ਕਰਾਰ ਦੇ ਚੁੱਕੇ ਹਨ।

ਪਨਮੁਨਜੋਮ ਖੇਤਰ ਕਿਉਂ ਹੈ ਖਾਸ

ਪਨਮੁਨਜੋਮ ਉੱਤਰੀ ਤੇ ਦੱਖਣੀ ਕੋਰੀਆ ਵਿਚਾਲੇ ਸ਼ਾਂਤੀ ਕਾਇਮ ਕਰਨ ਲਈ ਮਸ਼ਹੂਰ ਹੈ।

ਇਸ ਥਾਂ 'ਤੇ ਕੋਰੀਆਈ ਜੰਗ ਰੋਕਣ ਸਬੰਧੀ ਸਮਝੌਤਾ ਹੋਇਆ ਸੀ।

ਹਾਲਾਂਕਿ ਦੋਹਾਂ ਦੇਸਾਂ ਵਿਚਾਲੇ ਤਕਨੀਕੀ ਤੌਰ 'ਤੇ ਹਾਲੇ ਵੀ ਜੰਗੀ ਮਾਹੌਲ ਹੀ ਹੈ ਪਰ ਜੰਗ ਬੰਦੀ ਨੇ 1950-1953 ਵਿਚਾਲੇ ਕੋਰੀਆਈ ਵਿਵਾਦ ਨੂੰ ਖ਼ਤਮ ਕੀਤਾ। ਉਦੋਂ ਤੋਂ ਹੀ ਕੋਰੀਆਈ ਬੈਠਕਾਂ ਦੀ ਇਹ ਥਾਂ ਬਣ ਗਈ। ਇਸ ਥਾਂ ਉੱਤੇ ਕਿਸੇ ਦਾ ਅਧਿਕਾਰ ਨਹੀਂ ਹੈ।

ਪਨਮੁਨਜ਼ੋਮ ਉੱਤਰੀ ਤੇ ਦੱਖਣੀ ਕੋਰੀਆਂ ਨੂੰ ਵੰਡਣ ਵਾਲੇ ਡਿਮਿਲਟਰਾਈਜ਼ਡ ਜ਼ੋਨ ਵਿੱਚ ਪੈਂਦਾ ਹੈ।

ਇਹ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਤੇ ਦੋਹਾਂ ਦੇਸਾਂ ਵਲੋਂ ਪੈਟਰੋਲਿੰਗ ਹੁੰਦੀ ਹੈ।

ਇੱਥੇ ਹਮੇਸ਼ਾ ਸ਼ਾਂਤੀ ਨਹੀਂ ਰਹਿੰਦੀ। 1976 ਵਿੱਚ ਦੋ ਅਮਰੀਕੀ ਫੌਜੀਆਂ ਨੂੰ ਉੱਤਰੀ ਕੋਰੀਆ ਨੇ ਮਾਰ ਦਿੱਤਾ ਸੀ।

2017 ਵਿੱਚ ਉੱਤਰੀ ਕੋਰੀਆ ਦੇ ਇੱਕ ਭਗੌੜੇ ਨੂੰ ਦੱਖਣੀ ਕੋਰੀਆ ਵੱਲ ਭੱਜਦੇ ਹੋਏ ਗੋਲੀਆਂ ਨਾਲ ਭੁੰਨ ਦਿੱਤਾ ਗਿਆ।

ਇੱਥੇ ਦੁਨੀਆਂ ਭਰ ਦੇ ਵੱਡੇ ਆਗੂ ਪਹੁੰਚਦੇ ਹਨ। ਅਮਰੀਕੀ ਰਾਸ਼ਟਰਪਤੀ ਸਿਓਲ ਪ੍ਰਤੀ ਵਚਨਬੱਧਦਾ ਦਿਖਾਉਣ ਲਈ ਦੌਰਾ ਕਰਦੇ ਰਹੇ ਹਨ।

ਇਹ ਸੈਲਾਨੀਆਂ ਦੇ ਸੈਰ-ਸਪਾਟੇ ਲਈ ਮਸ਼ਹੂਰ ਥਾਂ ਹੈ। ਇੱਥੇ ਦੁਕਾਨਾਂ, ਮੈਸੇਜ ਬੋਰਡ ਅਤੇ ਤਸਵੀਰਾਂ ਖਿਚਵਾਉਣ ਲਈ ਬੁੱਤ ਲੱਗੇ ਹੋਏ ਹਨ।

ਇਹ ਵੀ ਦੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)