You’re viewing a text-only version of this website that uses less data. View the main version of the website including all images and videos.
ਤੁਹਾਡੀ ਜੇਬ 'ਚ ਪਿਆ ਸਮਾਰਟ ਫੋਨ ਖ਼ਤਰਨਾਕ ਹਥਿਆਰ ਵਾਂਗ ਹੈ, ਜਾਣੋ ਕਿਵੇਂ
- ਲੇਖਕ, ਪੌਲ ਕੇਨਯਾਨ ਅਤੇ ਜੋਏ ਕੈਂਟ
- ਰੋਲ, ਫਾਇਲ ਆਨ ਫੋਰ
ਵਧੇਰੇ ਲੋਕਾਂ ਲਈ ਉਨ੍ਹਾਂ ਦਾ ਸਮਾਰਟ ਫੋਨ ਦੁਨੀਆਂ ਨੂੰ ਦੇਖਣ ਦੇਖਣ ਵਾਲੀ ਖਿੜਕੀ ਵਾਂਗ ਹੈ ਪਰ ਕੀ ਹੋਵੇਗਾ, ਜੇਕਰ ਇਹ ਖਿੜਕੀ ਤੁਹਾਡੀ ਨਿਜੀ ਜ਼ਿੰਦਗੀ ਵਿੱਚ ਝਾਕਣ ਦਾ ਇੱਕ ਜ਼ਰੀਆ ਬਣ ਜਾਵੇ।
ਕੀ ਤੁਸੀਂ ਕਦੇ ਇਸ ਬਾਰੇ ਸੋਚਿਆ ਹੈ ਕਿ ਤੁਹਾਡੀ ਜੇਬ 'ਚ ਹੀ ਤੁਹਾਡੀ ਜਾਸੂਸੀ ਕਰਨ ਵਾਲਾ ਮੌਜੂਦ ਹੈ?
ਮੰਨ ਲਓ, ਜੇਕਰ ਹੈਕਰ ਦੂਰੋਂ ਹੀ ਤੁਹਾਡੇ ਫੋਨ ਵਿੱਚ ਸਪਾਈਵੇਅਰ ਇੰਸਟਾਲ ਕਰ ਦੇਵੇ। ਜਿਸ ਦੇ ਸਹਾਰੇ ਤੁਹਾਡੀਆਂ ਸਾਰੀਆਂ ਨਿਜੀ ਜਾਣਕਾਰੀਆਂ ਤੱਕ ਉਨ੍ਹਾਂ ਦੀ ਪਹੁੰਚ ਬਣ ਜਾਵੇ, ਇੰਨਾ ਹੀ ਨਹੀਂ ਸਪਾਈਵੇਅਰ ਤੁਹਾਡੇ ਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਤੱਕ 'ਤੇ ਵੀ ਕੰਟ੍ਰੋਲ ਕਰਨ ਦੀ ਸੁਵਿਧਾ ਹੈਕਰ ਨੂੰ ਦੇ ਦੇਣ, ਤਾਂ ਉਸ ਦਾ ਨਤੀਜਾ ਕੀ ਹੋਵੇਗਾ?
ਜਿੰਨਾ ਅਸੰਭਵ ਇਹ ਲਗਦਾ ਹੈ, ਓਨਾਂ ਹੈ ਨਹੀਂ ਅਤੇ ਅਸੀਂ ਕੁਝ ਅਜਿਹੇ ਸਬੂਤਾਂ ਦੀ ਜਾਂਚ-ਪੜਤਾਲ ਕੀਤੀ ਹੈ, ਜਿਸ ਵਿੱਚ ਪੂਰੀ ਦੁਨੀਆਂ ਵਿੱਚ ਪੱਤਰਕਾਰਾਂ, ਸਮਾਜਿਕ ਕਾਰਕੁਨਾਂ ਅਤੇ ਵਕੀਲਾਂ ਦੇ ਕੰਮਾਂ ਦੀ ਜਾਸੂਸੀ ਕਰਨ ਲਈ ਅਜਿਹੇ ਸਾਫਟਵੇਅਰ ਦੀ ਵਰਤੋਂ ਕੀਤੀ ਜਾ ਰਹੀ ਹੈ।
ਪਰ ਸਵਾਲ ਇਹ ਉਠਦਾ ਹੈ ਕਿ ਇਹ ਕੌਣ ਕਰ ਰਿਹਾ ਹੈ ਅਤੇ ਕਿਉਂ? ਅਤੇ ਆਪਣੀ ਜੇਬ 'ਚ ਮੌਜੂਦ ਇਨ੍ਹਾਂ ਖ਼ੁਫੀਆਂ ਸਾਫਟਵੇਅਰ ਤੋਂ ਬਚਣ ਲਈ ਕੀ ਕੀਤਾ ਜਾ ਸਕਦਾ ਹੈ?
ਇਹ ਵੀ ਪੜ੍ਹੋ-
ਹਥਿਆਰ ਜਿੰਨਾ ਤਾਕਤਵਰ ਸਾਫਟਵੇਅਰ
ਸੈਨ ਫਰੈਂਸਿਸਕੋ ਦੇ ਲੁਕਆਊਟ 'ਚ ਮਾਈਕ ਮਰੇ ਇੱਕ ਸੁਰੱਖਿਆ ਮਾਹਿਰ ਹਨ। ਇਹ ਕੰਪਨੀ ਸਰਕਾਰਾਂ, ਉਦਯੋਗਾਂ ਅਤੇ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਫੋਨ 'ਚ ਡਾਟਾ ਸੁਰੱਖਿਅਤ ਰੱਖਣ ਨੂੰ ਲੈ ਕੇ ਸਲਾਹ ਦਿੰਦੀ ਹੈ।
ਉਹ ਦੱਸਦੇ ਹਨ ਕਿ ਅਜੇ ਤੱਕ ਵਿਕਸਿਤ ਜਾਸੂਸੀ ਦੇ ਅਤਿ-ਆਧੁਨਿਕ ਸਾਫਟਵੇਅਰ ਕਿਵੇਂ ਕੰਮ ਕਰਦੇ ਹਨ ਅਤੇ ਇਹ ਸਾਫਟਵੇਅਰ ਇੰਨੇ ਤਾਕਤਵਾਰ ਹਨ ਕਿ ਇਨ੍ਹਾਂ ਨੂੰ ਇੱਕ ਹਥਿਆਰ ਵਜੋਂ ਕਲਾਸੀਫਾਈਡ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਸਖ਼ਤ ਸ਼ਰਤਾਂ 'ਤੇ ਹੀ ਵੇਚਿਆ ਜਾ ਸਕਦਾ ਹੈ।
ਮਾਈਕ ਕਹਿੰਦੇ ਹਨ, "ਆਪਰੇਟਰ ਤੁਹਾਡੇ ਜੀਪੀਐਸ ਦੇ ਸਹਾਰੇ ਤੁਹਾਨੂੰ ਟਰੈਕ ਕਰ ਸਕਦਾ ਹੈ।"
ਉਹ ਅੱਗੇ ਦੱਸਦੇ ਹਨ, "ਉਹ ਕਦੇ ਵੀ ਅਤੇ ਕਿਤੇ ਵੀ ਤੁਹਾਡੇ ਕੈਮਰੇ ਨੂੰ ਆਨ ਕਰ ਸਕਦੇ ਹਨ ਅਤੇ ਤੁਹਾਡੇ ਚਾਰੇ ਪਾਸੇ ਜੋ ਵਾਪਰ ਰਿਹਾ ਹੈ, ਉਸ ਨੂੰ ਰਿਕਾਰਡ ਕਰ ਸਕਦੇ ਹਨ। ਤੁਹਾਡੇ ਕੋਲ ਜਿੰਨੇ ਵੀ ਸੋਸ਼ਲ ਮੀਡੀਆ ਦੇ ਐਪ ਹਨ, ਉਨ੍ਹਾਂ ਦੇ ਅੰਦਰ ਤੱਕ ਪਹੁੰਚ ਬਣਾ ਲੈਂਦੇ ਹਨ।"
"ਇਸ ਦੇ ਮਾਰਫ਼ਤ ਉਹ ਤੁਹਾਡੀਆਂ ਸਾਰੀਆਂ ਤਸਵੀਰਾਂ, ਸਾਰੇ ਸੰਪਰਕ, ਤੁਹਾਡੀਆਂ ਕੈਲੰਡਰ ਸੂਚਨਾਵਾਂ, ਤੁਹਾਡੀਆਂ ਈਮੇਲਜ਼ ਦੀਆਂ ਸੂਚਨਾਵਾਂ ਅਤੇ ਤੁਹਾਡੇ ਹਰੇਕ ਦਸਤਾਵੇਜ਼ ਤੱਕ ਉਨ੍ਹਾਂ ਦੀ ਪਹੁੰਚ ਹੈ।"
"ਇਹ ਸਾਫਟਵੇਅਰ ਤੁਹਾਡੇ ਫੋਨ ਨੂੰ ਲਿਸਨਿੰਗ ਡਿਵਾਇਸ 'ਚ ਵੀ ਬਦਲ ਦਿੰਦੇ ਹਨ ਜੋ ਤੁਹਾਨੂੰ ਟਰੈਕ ਕਰਦਾ ਹੈ ਅਤੇ ਜੋ ਕੁਝ ਵੀ ਇਸ ਵਿੱਚ ਹੁੰਦਾ ਹੈ, ਉਹ ਚੋਰੀ ਕਰ ਲਿਆ ਜਾਂਦਾ ਹੈ।"
ਸਪਾਈਵੇਅਰ ਸਾਲਾਂ ਤੋਂ ਬਣਦੇ ਰਹੇ ਹਨ ਪਰ ਇਨ੍ਹਾਂ ਨਵੇਂ ਸਪਾਈਵੇਅਰ ਨਾਲ ਸਾਡੇ ਸਾਹਮਣੇ ਇੱਕ ਨਵੀਂ ਦੁਨੀਆਂ ਦਾ ਰਹੱਸ ਖੁਲ੍ਹਦਾ ਹੈ।
ਯਾਤਰਾ ਦੌਰਾਨ ਇਹ ਸਾਫਟਵੇਅਰ ਡਾਟਾ ਨਹੀਂ ਫੜ੍ਹਦਾ ਪਰ ਜਦੋਂ ਇਹ ਸਥਿਰ ਹੁੰਦਾ ਹੈ, ਤੁਹਾਡੇ ਫੋਨ ਦੇ ਸਾਰੇ ਫੰਕਸ਼ਨ 'ਤੇ ਉਸ ਦਾ ਕੰਟ੍ਰੋਲ ਹੋ ਜਾਂਦਾ ਹੈ ਅਤੇ ਤਕਨੀਕ ਇੰਨੀ ਅਤਿ-ਆਧੁਨਿਕ ਹੈ ਕਿ ਇਸ ਨੂੰ ਫੜਿਆ ਜਾਣਾ ਲਗਭਗ ਅਸੰਭਵ ਹੈ।
ਮੈਕਸੀਕੋ ਦੇ ਡਰੱਗ ਮਾਫੀਆ ਦੇ ਫੜੇ ਜਾਣ ਦੀ ਕਹਾਣੀ
ਮੈਕਸੀਕੋ ਦੇ ਡਰੱਗ ਮਾਫ਼ੀਆ ਐਲ ਚੈਪੋ ਦਾ ਸਾਮਰਾਜ ਅਰਬਾਂ-ਖਰਬਾਂ ਦਾ ਸੀ।
ਜੇਲ੍ਹ 'ਚੋਂ ਭੱਜਣ ਤੋਂ ਬਾਅਦ ਉਹ 6 ਮਹੀਨੇ ਤੱਕ ਫਰਾਰ ਰਿਹਾ। ਸਾਵਧਾਨੀ ਵਜੋਂ ਉਹ ਕੋਡ ਵਰਡ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਵਾਲਾ ਫੋਨ ਹੀ ਵਰਤਦਾ ਸੀ, ਜਿਸ ਨੂੰ ਹੈਕ ਕਰਨਾ ਸੰਭਵ ਨਹੀਂ ਸੀ ਮੰਨਿਆ ਜਾਂਦਾ।
ਪਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਮੈਕਸੀਕੋ ਦੇ ਅਧਿਕਾਰੀਆਂ ਨੇ ਇੱਕ ਨਵਾਂ ਜਾਸੂਸੀ ਸਾਫਟਵੇਅਰ ਖਰੀਦਿਆਂ ਅਤੇ ਐਲ ਚੈਪੋ ਦੇ ਕਰੀਬੀਆਂ ਦੇ ਫੋਨਾਂ 'ਚ ਉਸ ਨੂੰ ਇੰਸਟਾਲ ਕਰ ਦਿੱਤਾ, ਜਿਸ ਰਾਹੀਂ ਉਹ ਉਸ ਦੇ ਟਿਕਾਣੇ ਤੱਕ ਪਹੰਚਣ 'ਚ ਸਫ਼ਲ ਰਹੇ।
ਐਲ ਚੈਪੋ ਦੀ ਗ੍ਰਿਫ਼ਤਾਰੀ ਦਿਖਾਉਂਦੀ ਹੈ ਕਿ ਇਸ ਤਰ੍ਹਾਂ ਦੇ ਸਾਫਟਵੇਅਰ, ਕੱਟੜਪੰਥੀਆਂ ਅਤੇ ਸੰਗਠਿਤ ਅਪਰਾਧ ਦੇ ਖ਼ਿਲਾਫ਼ ਲੜਾਈ 'ਚ ਕੀਮਤੀ ਹਥਿਆਰ ਸਾਬਿਤ ਹੋ ਸਕਦੇ ਹਨ।
ਇਹ ਵੀ ਪੜ੍ਹੋ-
ਸੁਰੱਖਿਆ ਕੰਪਨੀਆਂ ਨੇ ਕੋਡ ਵਾਲੀ ਭਾਸ਼ਾ ਵਾਲੇ ਫੋਨ ਅਤੇ ਐਪ ਨਾਲ ਹੀ ਕਈ ਹਿੰਸਕ ਕੱਟੜਪੰਥੀਆਂ ਨੂੰ ਰੋਕਿਆ ਤੇ ਬਹੁਤਿਆਂ ਦੀਆਂ ਜਾਨਾਂ ਬਚਾਈਆਂ।
ਪਰ ਇਸ ਦੀ ਕੀ ਗਾਰੰਟੀ ਹੈ ਕਿ ਇਨ੍ਹਾਂ 'ਹਥਿਆਰਾਂ' ਦੇ ਖ਼ਰੀਦਦਾਰ ਆਪਣੀ ਮਰਜ਼ੀ ਨਾਲ ਜਾਸੂਸੀ ਨਾ ਕਰਨ ਲੱਗਣ।
ਕੀ ਇਸ ਨਾਲ ਆਪਣੀ ਸਰਕਾਰ ਲਈ ਸਿਰਦਰਦ ਬਣੇ ਕਿਸੇ ਇਨਸਾਨ ਨੂੰ ਹੈਕ ਹੋਣ ਦਾ ਖ਼ਤਰਾ ਹੈ?
ਬ੍ਰਿਟਿਸ਼ ਬਲਾਗਰ, ਜਿਸ ਨੂੰ ਨਿਸ਼ਾਨਾ ਬਣਾਇਆ ਗਿਆ
ਰੋਰੀ ਡੋਨਾਘੀ ਇੱਕ ਬਲਾਗ਼ਰ ਹਨ, ਜਿਨ੍ਹਾਂ ਨੇ ਮੱਧ-ਪੂਰਬ ਲਈ ਇੱਕ ਅਭਿਆਨ ਸ਼ੁਰੂ ਕੀਤਾ ਸੀ ਅਤੇ ਵੈਬਸਾਈਟ ਬਣਾਈ।
ਉਹ ਸੰਯੁਕਤ ਅਰਬ ਅਮੀਰਾਤ ਵਿੱਚ ਮਨੁੱਖੀ ਅਧਿਕਾਰ ਉਲੰਘਣਾ ਦੀਆਂ ਕਹਾਣੀਆਂ ਸਾਹਮਣੇ ਲਿਆ ਰਹੇ ਸਨ। ਇਨ੍ਹਾਂ ਵਿੱਚ ਗ਼ੈਰ-ਪਰਵਾਸੀ ਕਾਮਿਆਂ ਤੋਂ ਲੈ ਕੇ ਕਾਨੂੰਨ ਦੇ 'ਸ਼ਿਕਾਰ' ਹੋਣ ਵਾਲੇ ਸੈਲਾਨੀਆਂ ਤੱਕ ਦੀਆਂ ਕਹਾਣੀਆਂ ਸਨ।
ਉਨ੍ਹਾਂ ਨੂੰ ਪੜ੍ਹਣ ਵਾਲਿਆਂ ਦੀ ਗਿਣਤੀ ਬਹੁਤੀ ਨਹੀਂ ਸੀ, ਯਾਨਿ ਕੁਝ ਸੌ ਕੁ ਲੋਕ ਹੀ ਸਨ ਅਤੇ ਉਨ੍ਹਾਂ ਦੀਆਂ ਕਹਾਣੀਆਂ ਦੇ ਸਿਰਲੇਖ ਵੀ ਅਜੋਕੀਆਂ ਖ਼ਬਰਾਂ ਵਾਂਗ ਖੱਟੇ-ਮਿੱਠੇ ਜਾਂ ਸਨਸਨੀਖੇਜ ਨਹੀਂ ਹੁੰਦੇ ਸਨ।
ਜਦੋਂ ਉਨ੍ਹਾਂ ਨੇ ਇੱਕ ਨਵੀਂ ਵੈਬਸਾਈਟ 'ਮਿਡਲ ਈਸਟ ਆਈ' 'ਤੇ ਕੰਮ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਦੇ ਨਾਲ ਕੁਝ ਅਜੀਬ ਘਟਨਾ ਵਾਪਰੀ। ਉਨ੍ਹਾਂ ਨੂੰ ਅਜਨਬੀਆਂ ਵੱਲੋਂ ਅਜੀਬ-ਅਜੀਬ ਈਮੇਲਜ਼ ਆਉਣੀਆਂ ਸ਼ੁਰੂ ਹੋ ਗਈਆਂ, ਜਿਨ੍ਹਾਂ ਵਿੱਚ ਲਿੰਕ ਹੁੰਦੇ ਸਨ।
ਰੋਰੀ ਨੇ ਇਨ੍ਹਾਂ ਸ਼ੱਕੀ ਈਮੇਲਜ਼ ਨੂੰ ਯੂਨੀਵਰਸਿਟੀ ਆਫ ਟੋਰੰਟੋ ਵਿੱਚ ਇੱਕ ਖੋਜ ਰਿਸਰਚ ਗਰੁੱਪ ਸਿਟੀਜ਼ਨ ਲੈਬ ਨੂੰ ਭੇਜਿਆ।
ਇਹ ਗਰੁੱਪ ਪੱਤਰਕਾਰਾਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਦੇ ਖ਼ਿਲਾਫ਼ ਡਿਜੀਟਲ ਜਾਸੂਸੀ ਦੀਆਂ ਘਟਨਾਵਾਂ ਦੀ ਜਾਂਚ ਕਰਦਾ ਹੈ।
ਉਨ੍ਹਾਂ ਨੇ ਦੇਖਿਆ ਕਿ ਇਹ ਲਿੰਕ ਉਨ੍ਹਾਂ ਨੂੰ ਆਪਣੇ ਇਲੈਕਟ੍ਰੋਨਿਕ ਗੈਜਟ ਵਿੱਚ ਡਾਊਨਲੋਡ ਕਰਨ ਲਈ ਭੇਜੇ ਜਾ ਰਹੇ ਸਨ।
ਬਲਕਿ ਭੇਜਣ ਵਾਲੇ ਨੂੰ ਇਸ ਗੱਲ ਦੀ ਜਾਣਕਾਰੀ ਦੇਣ ਲਈ ਵੀ ਇਹ ਭੇਜੇ ਜਾ ਰਹੇ ਸਨ ਕਿ ਨਿਸ਼ਾਨੇ ਕੋਲ ਕਿਸ ਕਿਸਮ ਦੀ ਐਂਟੀਵਾਇਰਸ ਸੁਰੱਖਿਆ ਹੈ ਤਾਂ ਕਿ ਮਾਲਵੇਅਰ ਦੀ ਪਛਾਣ ਨਾ ਹੋ ਸਕੇ।
ਇਹ ਬੇਹੱਦ ਸੁਘੜ ਤਕਨੀਕ ਸੀ। ਪਤਾ ਲੱਗਿਆ ਕਿ ਰੋਰੀ ਨੂੰ ਮੇਲ ਭੇਜਣ ਵਾਲੀ ਕੰਪਨੀ ਆਬੂ-ਧਾਬੀ 'ਚ ਸੰਯੁਕਤ ਅਰਬ ਅਮੀਰਾਤ ਦੇ ਲਈ ਕੰਮ ਕਰਦੀ ਹੈ।
ਇਹ ਕੰਪਨੀ ਉਨ੍ਹਾਂ ਲੋਕਾਂ 'ਤੇ ਨਜ਼ਰ ਰੱਖਦੀ ਹੈ, ਜਿਨ੍ਹਾਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਜਾਂ ਉਨ੍ਹਾਂ ਨੂੰ ਕੱਟੜਪੰਥੀ ਮੰਨਿਆ ਜਾਂਦਾ ਹੈ।
ਕੰਪਨੀ ਨੇ ਬ੍ਰਿਟਿਸ਼ ਬਲਾਗਰ ਦਾ ਕੋਡ ਨਾਮ ਵੀ ਰੱਖਿਆ ਸੀ, 'ਗਿਰੋ', ਇਸ ਦੇ ਨਾਲ ਹੀ ਉਹ ਉਨ੍ਹਾਂ ਦੇ ਪੂਰੇ ਪਰਿਵਾਰ ਸਣੇ ਉਨ੍ਹਾਂ ਦੀ ਨਿਗਰਾਨੀ ਕਰਦਾ ਸੀ।
ਨਾਗਰਿਕ ਆਧਿਕਾਰ ਕਾਰਕੁਨ ਦੀ ਨਿਗਰਾਨੀ
ਪੁਰਸਕਾਰਾਂ ਨਾਲ ਸਨਮਾਨਿਤ ਨਾਗਰਿਕ ਅਧਿਕਾਰ ਕਾਰਕੁਨ ਅਹਿਮਦ ਮਨਸੂਰ ਸਾਲਾਂ ਤੋਂ ਯੂਏਈ ਸਰਕਾਰ ਦੇ ਨਿਸ਼ਾਨੇ 'ਤੇ ਰਹੇ ਹਨ।
ਸਾਲ 2016 ਵਿੱਚ ਉਨ੍ਹਾਂ ਨੂੰ ਸ਼ੱਕੀ ਟੈਕਸਟ ਮਿਲਿਆ, ਉਨ੍ਹਾਂ ਨੇ ਸਿਟੀਜ਼ਨ ਲੈਬ ਨੂੰ ਭੇਜਿਆ।
ਇੱਕ ਬਲੈਂਕ ਆਈਫੋਨ ਦਾ ਇਸਤੇਮਾਲ ਕਰਦਿਆਂ ਹੋਇਆਂ, ਰਿਸਰਚ ਟੀਮ ਨੇ ਉਸ ਲਿੰਕ 'ਤੇ ਕਲਿੱਕ ਕੀਤਾ ਅਤੇ ਜੋ ਦੇਖਿਆ ਉਹ ਹੈਰਾਨ ਕਰਨ ਵਾਲਾ ਸੀ।
ਸਮਾਰਟ ਫੋਨ ਦਾ ਕੰਟ੍ਰੋਲ ਕਿਸੇ ਹੋਰ ਕੋਲ ਚਲਾ ਗਿਆ ਸੀ ਅਤੇ ਡਾਟਾ ਟਰਾਂਸਫਰ ਹੋਣ ਲੱਗਾ।
ਆਈਫੋਨ ਨੂੰ ਸਭ ਤੋਂ ਸੁਰੱਖਿਅਤ ਮੰਨਿਆ ਜਾਂਦਾ ਹੈ ਪਰ ਸਪਾਈਵੇਅਰ ਨੇ ਇਸ ਵਿੱਚ ਵੀ ਸੰਨ ਲਾ ਲਈ ਸੀ।
ਇਸ ਤੋਂ ਬਾਅਦ ਐਪਲ ਨੂੰ ਆਪਣੇ ਹਰੇਕ ਗਾਹਕ ਨੂੰ ਨਿਯਮਿਤ ਤੌਰ 'ਤੇ ਅਪਡੇਟ ਭੇਜਣੇ ਸ਼ੁਰੂ ਕਰਨੇ ਪਏ।
ਇਹ ਤਾਂ ਪਤਾ ਨਹੀਂ ਲੱਗਾ ਕਿ ਮਨਸੂਰ ਦੇ ਫੋਨ 'ਚੋਂ ਕਿਹੜੀਆਂ ਸੂਚਨਾਵਾਂ ਇਕੱਠੀਆਂ ਹੋਈਆ, ਪਰ ਬਾਅਦ ਵਿੱਚ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ 10 ਸਾਲ ਲਈ ਜੇਲ੍ਹ ਭੇਜ ਦਿੱਤਾ ਗਿਆ।
ਲੰਡਨ ਵਿੱਚ ਸਥਿਤ ਯੂਏਈ ਦੇ ਦੂਤਾਵਾਸ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੀ ਸੁਰੱਖਿਆ ਸੰਸਥਾ ਘਰੇਲੂ ਅਤੇ ਕੌਮਾਂਤਰੀ ਮਾਨਕਾਂ ਦਾ ਪਾਲਣ ਕਰਦੀ ਹੈ ਪਰ ਖ਼ੁਫ਼ੀਆਂ ਮਾਮਲਿਆਂ ਵਿੱਚ ਟਿੱਪਣੀ ਕਰਨ ਤੋਂ ਉਸ ਨੇ ਮਨ੍ਹਾਂ ਕਰ ਦਿੱਤਾ।
ਪੱਤਰਕਾਰ ਜੋ ਸ਼ਿਕਾਰ ਹੋਏ
ਅਕਤੂਬਰ 2018 ਵਿੱਚ ਪੱਤਰਕਾਰ ਜਮਾਲ ਖਸ਼ੋਜੀ ਇਸਤਾਂਬੁਲ ਵਿੱਚ ਸਾਊਦੀ ਦੂਤਾਵਾਸ ਵਿੱਚ ਗਏ ਅਤੇ ਵਾਪਸ ਕਦੇ ਨਹੀਂ ਆਏ। ਸਾਊਦੀ ਸਰਕਾਰ ਦੇ ਏਜੰਟ ਦੇ ਹੱਥੋਂ ਉਹ ਮਾਰੇ ਗਏ।
ਖਸ਼ੋਜੀ ਦੇ ਮਿੱਤਰ ਉਮਰ ਅਬਦੁਲਅਜੀਜ਼ ਨੇ ਦੇਖਿਆ ਕਿ ਉਨ੍ਹਾਂ ਦਾ ਫੋਨ ਸਾਊਦੀ ਸਰਕਾਰ ਨੇ ਹੈਕ ਕਰ ਲਿਆ ਸੀ।
ਉਮਰ ਦਾ ਮੰਨਣਾ ਹੈ ਕਿ ਇਸ ਕਤਲ ਵਿੱਚ ਹੈਕਿੰਗ ਦੀ ਵੱਡੀ ਭੂਮਿਕਾ ਸੀ। ਹਾਲਾਂਕਿ ਸਾਊਦੀ ਸਰਕਾਰ ਨੇ ਹੈਕਿੰਗ ਦੇ ਪਿੱਛੇ ਆਪਣਾ ਹੱਥ ਹੋਣ ਤੋਂ ਇਨਕਾਰ ਕੀਤਾ ਹੈ।
ਜ਼ੀਰੋ ਕਲਿਕ ਤਕਨੀਕ
ਮਈ 2019 ਵਿੱਚ ਵਟਸਐਪ ਮੈਸੇਂਜਰ ਦੀ ਸੁਰੱਖਿਆ ਵਿੱਚ ਇੱਕ ਬਹੁਤ ਵੱਡੀ ਸੰਨ੍ਹ ਲੱਗੀ ਸੀ।
ਇਹ ਐਪ ਫੋਨ ਦੇ ਸਾਫਟਵੇਅਰ ਵਿੱਚ ਘੁਸਪੈਠ ਦਾ ਜ਼ਰੀਆ ਬਣ ਗਈ। ਇੱਕ ਵਾਰ ਓਪਨ ਹੁੰਦਿਆਂ ਹੀ ਹੈਕਰ ਆਪਣਾ ਸਪਾਈਵੇਅਰ ਫੋਨ ਵਿੱਚ ਡਾਊਨਲੋਡ ਕਰ ਸਕਦਾ ਸੀ।
ਇੱਥੋਂ ਤੱਕ ਕਿ ਉਪਭੋਗਤਾ ਨੂੰ ਕਲਿੱਕ ਕਰਨ ਦੀ ਵੀ ਲੋੜ ਨਹੀਂ ਸੀ। ਇੱਕ ਕਾਲ ਤੋਂ ਬਾਅਦ ਫੋਨ 'ਚ ਸੰਨ੍ਹ ਲਗ ਜਾਂਦੀ ਅਤੇ ਉਹ ਹੈਂਗ ਹੋ ਜਾਂਦਾ। ਇਸ ਨੂੰ ਜ਼ੀਰੋ ਕਲਿੱਕ ਟੈਕਨੋਲਾਜੀ ਕਹਿੰਦੇ ਹਨ।
ਇਸ ਤੋਂ ਬਾਅਦ ਵਟਸਐਪ ਨੇ ਆਪਣੇ ਡੇਢ ਅਰਬ ਉਪਭੋਗਤਾਵਾਂ ਲਈ ਸੁਰੱਖਿਆ ਅਪਡੇਟ ਜਾਰੀ ਕੀਤੇ।
ਕਿਵੇਂ ਨਜਿੱਠਿਆ ਜਾਵੇ
ਇਸ ਤਰ੍ਹਾਂ ਦੇ ਸਪਾਈਵੇਅਰ ਬਣਾਉਣ ਵਾਲੇ ਡੇਵਲਪਰਸ ਲਈ ਖ਼ਾਸ ਐਕਸਪਰਟ ਲਾਈਸੈਂਸ ਦੀ ਲੋੜ ਹੁੰਦੀ ਹੈ, ਜਿਵੇਂ ਡਿਫੈਂਸ ਦੇ ਹੋਰਨਾਂ ਮਾਮਲਿਆਂ ਵਿੱਚ ਹੁੰਦੀ ਹੈ।
ਇਸ ਦਾ ਇਕੋ-ਇੱਕ ਉਦੇਸ਼ ਹੁੰਦਾ ਹੈ ਗੰਭੀਰ ਅਪਰਾਧੀਆਂ ਨੂੰ ਫੜ੍ਹਣਾ।
ਪਰ ਸਿਟੀਜ਼ਨ ਲੈਬ ਨੇ ਇੱਕ ਪੂਰੀ ਸੂਚੀ ਤਿਆਰ ਕੀਤੀ ਹੈ, ਜਿਸ ਵਿੱਚ ਹੈ ਕਿ ਕਿਸ ਸਰਕਾਰ ਨੇ ਇਸ ਦਾ ਕਦੋਂ-ਕਦੋਂ ਗ਼ਲਤ ਇਸਤੇਮਾਲ ਕੀਤਾ।
ਹਥਿਆਰਾਂ ਵਾਂਗ ਹੀ ਸਾਫਟਵੇਅਰ ਵੇਚਣ ਤੋਂ ਬਾਅਦ ਵੀ ਇਸ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਡੇਵਲਪਰਸ ਦੀ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਵੀ ਜ਼ਿੰਮੇਵਾਰ ਠਹਿਰਾਏ ਜਾਣ ਦੀ ਸੰਭਾਵਨਾ ਬਣਦੀ ਹੈ।
ਡਿਜੀਟਲ ਜਾਸੂਸੀ ਦੇ ਮਾਮਲੇ ਵਿੱਚ ਇਸਰਾਈਲ ਦੀ ਕੰਪਨੀ ਏਐਸਓ ਗਰੁੱਪ ਮੋਹਰੀ ਰਹੀ ਹੈ।
ਅਬਦੁਲਅਜ਼ੀਜ਼ ਦੇ ਵਕੀਲ ਹੁਣ ਇਸ ਕੰਪਨੀ ਖਿਲਾਫ ਅਦਾਲਤ ਜਾ ਰਹੇ ਹਨ ਕਿਉਂਕਿ ਉਨ੍ਹਾਂ ਦੇ ਫੋਨ ਦੀ ਹੈਕਿੰਗ ਵਿੱਚ ਇਸ ਕੰਪਨੀ ਦਾ ਹੱਥ ਸੀ। ਪਰ ਉਦੋਂ ਤੋਂ ਹੀ ਇਸ ਵਕੀਲ ਕੋਲ ਰਹੱਸਮਈ ਫੋਨ ਆਉਣ ਲੱਗੇ।
ਐਨਐਸਓ ਨੇ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਹੈ ਪਰ ਇੱਕ ਬਿਆਨ ਜਾਰੀ ਕਰ ਕੇ ਕਿਹਾ ਹੈ ਕਿ ਉਹ ਵਧੇਰੇ ਸਰਕਾਰੀ ਏਜੰਸੀਆਂ ਨੂੰ ਟੈਕਨੋਲਾਜੀ ਮੁਹੱਈਆ ਕਰਵਾਉਂਦੇ ਹਨ ਅਤੇ ਇਸ ਨਾਲ ਕਈ ਲੋਕਾਂ ਦੀ ਜਾਨ ਬਚਾਈ ਗਈ ਹੈ।
ਪਹੁੰਚ ਤੋਂ ਦੂਰ ਸਪਾਈਵੇਅਰ
ਕਾਨੂੰਨੀ ਡਿਜੀਟਲ ਜਾਸੂਸੀ ਉਦਯੋਗ ਦਾ ਉਦੇਸ਼ ਹੈ ਅਜਿਹਾ ਸਪਾਈਵੇਅਰ ਬਣਾਉਣਾ ਜੋ 100 ਫੀਸਦ ਫੜਿਆ ਨਾ ਜਾ ਸਕੇ।
ਜੇਕਰ ਇਹ ਸੰਭਵ ਹੋਇਆ ਤਾਂ ਕੋਈ ਇਸ ਗੱਲ ਦੀ ਵੀ ਸ਼ਿਕਾਇਤ ਨਹੀਂ ਕਰ ਸਕੇਗਾ ਕਿ ਇਸ ਦਾ ਗ਼ਲਤ ਇਸਤੇਮਾਲ ਹੋਇਆ ਹੈ, ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਲੱਗੇਗਾ।
ਅਸੀਂ ਸਾਰੇ ਡੇਵਲਪਰਸ ਦੇ ਹੱਥਾਂ ਦੀ ਕਠਪੁਤਲੀ ਹੋਵਾਂਗੇ, ਭਾਵੇਂ ਉਹ ਕਾਨੂੰਨੀ ਹੋਣ ਜਾਂ ਨਹੀਂ। ਹੋ ਸਕਦਾ ਹੈ ਇਹ ਜੇਮਸ ਬੌਂਡ ਵਾਂਗ ਲੱਗੇ ਪਰ ਸਚਮੁੱਚ ਇਹ ਹਕੀਕਤ 'ਚ ਹੈ।
ਇਹ ਖ਼ਤਰਾ ਸੱਚਾਈ ਹੈ ਅਤੇ ਸਾਨੂੰ ਸਾਰਿਆਂ ਨੂੰ ਭਵਿੱਖ ਲਈ ਆਪਣੇ ਦਿਮਾਗ਼ ਵਿੱਚ ਇਸ ਨੂੰ ਰੱਖਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ-
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ