ਕੌਣ ਹੈ 'ਅਲੀ ਬਾਬਾ' ਜਿਸ ਦਾ ਸ਼ਰੀਕ ਨਿਤਿਨ ਗਡਕਰੀ ਭਾਰਤ 'ਚ ਖੜਾ ਕਰਨ ਜਾ ਰਹੇ ਨੇ

ਕੇਂਦਰੀ ਮੰਤਰੀ ਨਿਤਿਨ ਗਡਕਰੀ ਕਿਹਾ ਹੈ, 'ਭਾਰਤ ਸਰਕਾਰ ਵੀ ਅਲੀ ਬਾਬਾ ਵਰਗਾ ਪੋਰਟਲ ਬਣਾਏਗੀ, ਜਿੱਥੇ ਸੂਖ਼ਮ,ਛੋਟੇ ਤੇ ਦਰਮਿਆਨੇ ਕਾਰੋਬਾਰ ਨਾਲ ਜੁੜੇ ਸਾਰੇ ਭਾਗੀਦਾਰਾਂ ਨੂੰ ਮਾਰਕੀਟ ਸਹੂਲਤ ਮੁਹੱਈਆ ਹੋ ਸਕੇਗੀ। ਇਸ ਵਿਚ ਮੰਗ ਤੇ ਸਪਲਾਈ ਦੋਵੇਂ ਧਿਰਾਂ ਲਾਭ ਲੈ ਸਕਣਗੀਆਂ।

ਭਾਰਤ ਸਰਕਾਰ ਵਲੋਂ ਸੂਖਮ (ਮਾਈਕਰੋ), ਛੋਟੇ (ਸਮਾਲ) ਅਤੇ ਦਰਮਿਆਨੇ (ਮੀਡੀਅਮ) ਉਦਯੋਗਾਂ (ਐਮਐਸਐਮਈ) ਲਈ ਅਲੀਬਾਬਾ ਵਰਗੇ ਪੋਰਟਲ ਨੂੰ ਵਿਕਸਿਤ ਕਰਨ ਦੇ ਐਲਾਨ ਨਾਲ ਕਾਰੋਬਾਰੀ ਜਗਤ ਵਿੱਚ ਹਲਚਲ ਸ਼ੁਰੂ ਹੋ ਗਈ ਹੈ।

ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਇਹ ਬਿਆਨ ਦਿੱਲੀ ਵਿਚ ਵੀਰਵਾਰ ਨੂੰ ਇੰਟਰਨੈਸ਼ਨਲ ਐੱਸਐੱਮਈ ਕਨਵੈਨਸ਼ਨ 2019 ਦੌਰਾਨ ਦਿੱਤਾ।

ਹੁਣ ਆਮ ਲੋਕਾਂ ਦੀ ਰੋਚਕਚਤਾ ਦਾ ਮਾਮਲਾ ਇਹ ਹੈ ਕਿ ਆਖ਼ਰ ਅਲੀ ਬਾਬਾ ਹੈ ਕੀ ? ਭਾਰਤ ਵਿਚ ਲੋਕ ਤਾਂ ਅਲੀ ਬਾਬਾ ਨੂੰ 40 ਚੋਰਾਂ ਦੀ ਕਹਾਣੀ ਨਾਲ ਹੀ ਜਾਣਦੇ ਹਨ।

ਅਲੀਬਾਬਾ ਹੈ ਕੀ ?

ਅਲੀਬਾਬਾ ਚੀਨ ਦੇ ਜੈਕ ਮਾ ਦੁਆਰਾ 1999 'ਚ ਸ਼ੁਰੂ ਕੀਤੀ ਸਭ ਤੋਂ ਵੱਡੀ ਆਨਲਾਈਨ ਵੈੱਬਸਾਈਟ ਹੈ, ਜਿਸ 'ਤੇ ਥੋਕ ਵਿੱਚ ਸਮਾਨ ਖਰੀਦਿਆ ਤੇ ਵੇਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ-

ਦੁਨੀਆਂ ਭਰ ਵਿੱਚ ਅਣਗਿਣਤ ਬਰਾਂਡ ਅਲੀਬਾਬਾ ਤੋਂ ਖਰੀਦੇ ਸਮਾਨ ਨਾਲ ਆਨ-ਲਾਈਨ ਸਟੋਰਾਂ ਨੂੰ ਭਰਦੇ ਹਨ।

ਬੀਬੀਸੀ ਦੀ ਅਕਤੂਬਰ 2017 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਮੁਤਾਬਕ ਅਲੀਬਾਬਾ ਦੁਨੀਆਂ ਦੀ ਸਭ ਤੋਂ ਵੱਡੀ ਈ-ਕਾਮਰਸ ਫਰਮ ਹੈ, ਜਿਸ ਨੇ 2016 ਵਿਚ ਐਮੇਜ਼ਨ ਜਾਂ ਈਬੇ ਨਾਲੋਂ ਵੀ ਵੱਧ ਵਿਕਰੀ ਕੀਤੀ ਹੈ।

ਇਸ ਰਿਪੋਰਟ ਮੁਤਾਬਕ ਚੀਨ ਦੀ 80% ਤੋਂ ਵੱਧ ਆਨ-ਲਾਈਨ ਵਿਕਰੀ ਨਾਲ ਜੁੜੀ ਹੋਈ ਹੈ।

ਇਹ ਕੰਮ ਕਿਸ ਤਰ੍ਹਾਂ ਕਰਦੀ ਹੈ?

ਇਸ ਵਿੱਚ ਜਦੋਂ ਤੁਸੀਂ ਕੋਈ ਵੀ ਚੀਜ਼ ਜੋ ਖਰੀਦਣੀ ਹੋਵੇ, ਉਹ ਲੱਭ ਕੇ ਉਸ ਦੇ ਵੇਚਣ ਵਾਲੇ ਕਈ ਸਪਲਾਇਰਾਂ ਤੱਕ ਪਹੁੰਚ ਜਾਂਦੇ ਹੋ।

ਸਪਲਾਇਰਾਂ ਨਾਲ ਗੱਲਬਾਤ ਕਰਕੇ ਤੁਸੀਂ ਚੀਜ਼ ਦਾ ਮੁੱਲ-ਭਾਅ ਤੈਅ ਕਰਦੇ ਹੋ ਤੇ ਆਰਡਰ ਪਾ ਦਿੰਦੇ ਹੋ। ਜਦੋਂ ਚੀਜ਼ ਆ ਜਾਂਦੀ ਹੈ ਤਾਂ ਤੁਸੀਂ ਉਸ ਨੂੰ ਆਨਲਾਈਨ ਵੇਚਣ ਦੇ ਯੋਗ ਹੋ ਜਾਂਦੇ ਹੋ।

ਇਸ ਤੋਂ ਇਲਾਵਾ ਤੁਸੀਂ ਅਪਣੇ ਲਈ ਨਿੱਜੀ ਤੌਰ 'ਤੇ ਵੀ ਸਮਾਨ ਖਰੀਦ ਸਕਦੇ ਹੋ।

ਅਲੀਬਾਬਾ ਕੁਝ ਵੀ ਨਹੀਂ ਬਣਾਉਂਦੀ, ਉਹ ਉਨ੍ਹਾਂ ਉਤਪਾਦਕਾਂ ਨੂੰ ਪਲੇਟਫਾਰਮ ਦਿੰਦੀ ਹੈ, ਜੋ ਵਿਅਕਤੀਆਂ ਅਤੇ ਕੰਪਨੀਆਂ ਦੋਵਾਂ ਲਈ ਸਮਾਨ ਤਿਆਰ ਕਰਦੇ ਹਨ।

ਕੀ ਫਾਇਦੇ ਹਨ?

ਅਸਲ ਵਿੱਚ ਇਹ ਇੱਕ ਆਨਲਾਈਨ ਡਾਇਰੈਕਟਰੀ ਹੈ, ਜੋ ਉਤਪਾਦਕਾਂ ਤੱਕ ਪਹੁੰਚ ਸਕਦੇ ਹਾਂ।

ਅਲੀਬਾਬਾ ਵਰਗੀ ਸਾਈਟ ਖੋਲਣ ਨਾਲ ਦੇਸ ਦੇ ਉਤਪਾਦਕਾਂ ਨੂੰ ਥੋਕ ਵਿੱਚ ਸਮਾਨ ਵੇਚਣ ਵਿੱਚ ਆਸਾਨੀ ਹੋ ਜਾਂਦੀ ਹੈ।

ਨਿਰਪੱਖ ਮੁਕਾਬਲੇ ਦੇ ਨਾਲ-ਨਾਲ, ਇਸ ਵਿੱਚ ਵਿਚੋਲੇ ਦਾ ਕੰਮ ਖ਼ਤਮ ਹੋ ਜਾਂਦਾ ਹੈ, ਜਿਸ ਨਾਲ ਵੇਚਣ ਵਾਲੇ ਨੂੰ ਮੁਨਾਫ਼ਾ ਅਤੇ ਖਰੀਦਣ ਵਾਲੇ ਨੂੰ ਸਮਾਨ ਸਹੀ ਰੇਟਾਂ 'ਤੇ ਮਿਲ ਜਾਂਦਾ ਹੈ।

ਇਸ ਦੇ ਨਾਲ ਹੀ ਇਸ ਵਿੱਚ ਕੋਈ ਥਾਂ, ਮੰਡੀ ਜਾਂ ਦੁਕਾਨ ਦੀ ਵੀ ਕੋਈ ਜ਼ਰੂਰਤ ਨਹੀਂ ਕਿਉਂਕਿ ਸਭ ਆਨ-ਲਾਈਨ ਹੁੰਦਾ ਹੈ। ਆਸਾਨੀ ਨਾਲ ਇੱਕ ਥਾਂ 'ਤੇ ਹੀ ਬਹੁਤ ਕੁਝ ਘਟ ਸਮੇਂ ਵਿੱਚ ਮਿਲ ਜਾਂਦਾ ਹੈ।

ਭਾਵੇਂ ਕਿ ਅਲੀਬਾਬਾ ਨੂੰ ਇਸ ਤੋਂ ਕੋਈ ਮੁਨਾਫਾ ਨਹੀਂ ਹੁੰਦਾ, ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਭਾਰਤ ਵਿੱਚ ਵਿਕਸਿਤ ਕੀਤੀ ਇਹੋ ਜਿਹੀ ਸਾਈਟ ਵੀ ਬਿਨਾਂ ਮੁਨਾਫੇ ਤੋਂ ਕੰਮ ਕਰੇਗੀ ਜਾਂ ਨਹੀਂ।

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆ ਸਕਦੇ ਹਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)