ਅਲਵਰ ਕਾਂਡ: 'ਅੰਗਰੇਜ਼ਾਂ ਖਿਲਾਫ਼ ਲੜਨ ਵਾਲੇ ਹੁਣ ਦੇਸ਼ ਭਗਤੀ ਦਾ ਸਰਟੀਫਿਕੇਟ ਦਿਖਾਉਣ' – ਗਰਾਊਂਡ ਰਿਪੋਰਟ

- ਲੇਖਕ, ਸਲਮਾਨ ਰਾਵੀ
- ਰੋਲ, ਬੀਬੀਸੀ ਪੱਤਰਕਾਰ, ਮੇਵਾਤ (ਹਰਿਆਣਾ) ਤੋਂ
ਅਲਵਰ ਵਿੱਚ ਗਾਂ ਲਿਜਾ ਰਹੇ ਰਕਬਰ ਦੇ ਕਤਲ ਤੋਂ ਬਾਅਦ ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਇਸ ਮਾਮਲੇ ਵਿੱਚ ਪਟੀਸ਼ਨ ਦੀ ਸੁਣਵਾਈ ਅਗਸਤ 20 ਨੂੰ ਹੋਵੇਗੀ।
ਖ਼ਬਰ ਏਜੰਸੀਆਂ ਮੁਤਾਬਕ ਰਾਜਸਥਾਨ ਅਤੇ ਹਰਿਆਣਾ 'ਤੇ 'ਅਦਾਲਤ ਦਾ ਅਪਮਾਨ' ਕਰਨ ਲਈ ਕਾਨੂਨੀ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਅਲਵਰ ਦੇ ਰਕਬਰ ਕਤਲਕਾਂਡ ਵਿੱਚ ਰਾਜਸਥਾਨ ਸਰਕਾਰ ਨੇ ਸਬੰਧਿਤ ਥਾਣੇ ਦੇ ਸਹਾਇਕ ਪੁਲਿਸ ਅਫਸਰ ਨੂੰ ਮੁਅੱਤਲ ਕਰ ਦਿੱਤਾ ਹੈ।
ਜੈਪੁਰ ਦੇ ਸਥਾਨਕ ਪੱਤਰਕਾਰ ਨਾਰਾਇਣ ਬਾਰੇਠ ਮੁਤਾਬਕ ਇਸ ਦੇ ਨਾਲ ਹੀ ਥਾਣੇ ਦੇ ਚਾਰ ਹੋਰ ਕਾਂਸਟੇਬਲਾਂ ਨੂੰ ਲਾਈਨ ਹਾਜ਼ਿਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ:
ਇਲਜ਼ਾਮ ਹੈ ਕਿ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਥਾਣਾ ਖੇਤਰ ਵਿੱਚ ਸ਼ੁੱਕਰਵਾਰ ਰਾਤ ਗਊ ਰੱਖਿਅਕਾਂ ਨੇ ਰਕਬਰ ਨਾਲ ਕੁੱਟਮਾਰ ਕੀਤੀ ਸੀ। ਇਲਜ਼ਾਮ ਹੈ ਕਿ ਪੁਲਿਸ ਨੇ ਰਕਬਰ ਨੂੰ ਹਸਪਤਾਲ ਲਿਜਾਣ ਵਿੱਚ ਢਿੱਲ ਬਰਤੀ।
ਤਿੰਨ ਘੰਟਿਆਂ ਬਾਅਦ ਰਕਬਰ ਨੂੰ ਨੇੜਲੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰ ਉਸ ਨੂੰ ਬਚਾ ਨਾ ਸਕੇ।
"ਕੁਝ ਲੋਕ ਗਊ ਤਸਕਰੀ ਲਈ ਰਾਜਸਥਾਨ ਤੋਂ ਹਰਿਆਣਾ ਵੱਲ ਪੈਦਲ ਜਾ ਰਹੇ ਹਨ।" ਰਕਬਰ ਦੇ ਕਤਲ ਦੇ ਮਾਮਲੇ ਵਿੱਚ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਰਾਮਗੜ੍ਹ ਥਾਣੇ ਨੂੰ ਪਹਿਲੀ ਖ਼ਬਰ ਇਹੀ ਮਿਲੀ ਸੀ।
ਐਫਆਈਆਰ ਮੁਤਾਬਕ ਘਟਨਾ ਦੀ ਖ਼ਬਰ ਦੇਰ ਰਾਤ 12 ਵੱਜ ਕੇ 41 ਮਿੰਟ 'ਤੇ ਮਿਲੀ। ਖ਼ਬਰ ਕਿਸੇ ਨਵਲ ਕਿਸ਼ੋਰ ਸ਼ਰਮਾ ਨਾਮ ਦੇ ਸ਼ਖ਼ਸ ਨੇ ਦਿੱਤੀ ਸੀ।
ਪੁਲਿਸ ਦਾ ਕਹਿਣਾ ਹੈ ਕਿ ਰਕਬਰ ਨੂੰ ਇਸੇ ਇਲਾਕੇ ਦੇ ਰਹਿਣ ਵਾਲੇ ਕੁਝ ਲੋਕਾਂ ਨੇ ਇੰਨਾ ਕੁੱਟਿਆ ਕਿ ਸਰਕਾਰੀ ਹਸਪਤਾਲ ਤੱਕ ਪਹੁੰਚਦਿਆਂ ਉਸ ਦੀ ਮੌਤ ਹੋ ਗਈ।
ਘਟਨਾ ਲਾਲਾਵੰਡੀ ਦੇ ਜੰਗਲਾਂ ਦੇ ਨੇੜੇ ਦੀ ਹੈ ਜਿੱਥੇ ਪੁਲਿਸ ਨੇ ਦੋ ਲੋਕਾਂ ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਹੈ।

ਐਫਆਈਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਮਰਨ ਤੋਂ ਪਹਿਲਾਂ ਰਕਬਰ ਨੇ ਆਪਣੇ ਬਿਆਨ ਵਿੱਚ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰਨ ਦੀ ਗੱਲ ਕਹੀ ਸੀ।
ਇਸ ਬਿਆਨ ਨੂੰ ਐਫਆਈਆਰ ਵਿੱਚ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੂੰ ਸੂਚਨਾ ਦੇਣ ਵਾਲੇ ਨਵਲ ਕਿਸ਼ੌਰ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ।
ਘਟਨਾ ਵਾਲੀ ਥਾਂ 'ਤੇ ਗ੍ਰਿਫ਼ਤਾਰ ਕੀਤੇ ਗਏ ਹੋਰ ਲੋਕਾਂ ਦਾ ਸੰਬੰਧ ਦੂਜੇ ਹਿੰਦੂ ਸੰਗਠਨਾਂ ਨਾਲ ਦੱਸਿਆ ਜਾ ਰਿਹਾ ਹੈ। ਇਸ ਗੱਲ ਦਾ ਪਤਾ ਲੱਗਣ 'ਤੇ ਮਾਮਲਾ ਰਾਜਨੀਤਕ ਰੰਗ ਵਿੱਚ ਵੀ ਰੰਗਿਆ ਗਿਆ ਹੈ।
ਦੂਜੇ ਪਾਸੇ ਇਸ ਮਾਮਲੇ ਵਿੱਚ ਸੂਬੇ ਦੇ ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਆਪਣੇ ਬਿਆਨ ਨਾਲ ਪੁਲਿਸ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਹੋਇਆ ਆਹੂਜਾ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਵਰਕਰਾਂ ਨੇ ਰਕਬਰ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਸੀ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਜਿਸ ਵੇਲੇ ਵਰਕਰਾਂ ਨੇ ਰਕਬਰ ਨੂੰ ਫੜਿਆ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਵਿੱਚ ਉਹ ਜਖ਼ਮੀ ਵੀ ਹੋ ਗਿਆ।
ਆਹੂਜਾ ਦਾ ਇਲਜ਼ਾਮ ਹੈ ਕਿ ਰਕਬਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਸੀ।
ਉੱਥੇ, ਮਾਮਲੇ ਵਿੱਚ ਦੂਜਾ ਮੋੜ ਉਦੋਂ ਆਇਆ ਜਦੋਂ ਪੁਲਿਸ ਨੂੰ ਖ਼ਬਰ ਦੇਣ ਵਾਲੇ ਨਵਲ ਕਿਸ਼ੋਰ ਨੇ ਇੱਕ ਵੱਡੇ ਹਿੰਦੀ ਅਖ਼ਬਾਰ ਨੂੰ ਬਿਆਨ ਦਿੱਤਾ ਕਿ ਉਹ ਵੀ ਪੁਲਿਸ ਦੇ ਨਾਲ ਘਟਨਾ ਵਾਲੀ ਥਾਂ 'ਤੇ ਪੁਲਿਸ ਨਾਲ ਗਏ ਸੀ।

ਉਨ੍ਹਾਂ ਦੇ ਹਵਾਲੇ ਨਾਲ ਅਖ਼ਬਾਰ ਨੇ ਲਿਖਿਆ ਹੈ ਕਿ ਕਰੀਬ ਇੱਕ ਵਜੇ ਰਾਤ ਨੂੰ ਪੁਲਿਸ ਨੇ ਰਕਬਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ।
ਪਰ ਉਨ੍ਹਾਂ ਦਾ ਇਲਜ਼ਾਮ ਹੈ ਕਿ ਜਦੋਂ ਰਕਬਰ ਨੂੰ ਜ਼ਿਲ੍ਹੇ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਤਾਂ ਉਸ ਵੇਲੇ ਸਵੇਰ ਦੇ ਚਾਰ ਵਜ ਰਹੇ ਸਨ ਜਦਕਿ ਘਟਨਾ ਵਾਲੀ ਥਾਂ ਤੋਂ ਹਸਪਤਾਲ ਦੀ ਦੂਰੀ ਸਿਰਫ਼ 4-5 ਕਿਲੋਮੀਟਰ ਹੈ।
ਕੁਝ ਮੀਡੀਆ ਰਿਪੋਰਟਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਗਊਆਂ ਨੂੰ ਪਹਿਲਾਂ ਗਊਸ਼ਾਲਾ ਪਹੁੰਚਾਇਆ ਗਿਆ ਅਤੇ ਉਸ ਤੋਂ ਬਾਅਦ ਰਕਬਰ ਨੂੰ ਹਸਪਤਾਲ।
ਇਹ ਵੀ ਪੜ੍ਹੋ:

ਪੁਲਿਸ ਨੇ ਆਪਣੀ ਐਫਆਈਆਰ ਵਿੱਚ ਘਟਨਾ ਵਾਲੀ ਥਾਂ ਤੋਂ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਦੇ ਨਾਮ ਵੀ ਜਨਤਕ ਕੀਤੇ ਹਨ।
ਐਤਵਾਰ ਨੂੰ ਪੁਲਿਸ ਨੇ ਦਾਅਵਾ ਕੀਤਾ ਕਿ ਰਕਬਰ 'ਤੇ ਹਮਲਾ ਕਰਨ ਦੀ ਘਟਨਾ ਵਿੱਚ ਸ਼ਾਮਿਲ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਹੁਣ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਪੂਰੇ ਮਾਮਲੇ ਦੀ ਨਿਆਂਇਕ ਜਾਂਚ ਦੀ ਮੰਗ ਕਰ ਰਹੇ ਹਨ।
'ਕਿਸਨੇ ਮਾਰਿਆ, ਕਿਵੇਂ ਮਾਰਿਆ, ਸਾਨੂੰ ਕੁਝ ਪਤਾ ਨਹੀਂ'
ਉੱਥੇ ਹੀ ਰਕਬਰ ਦੇ ਨਾਲ ਦੁਧਾਰੂ ਗਊਆਂ ਲੈ ਕੇ ਜਾਣ ਵਾਲੇ ਅਸਲਮ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਹਮਲਾਵਰਾਂ ਦੇ ਚੁੰਗਲ 'ਚੋਂ ਛੁਡਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਅਤੇ ਉਹ ਰਾਤ ਦੇ ਹਨੇਰੇ ਵਿੱਚ ਖੇਤਾਂ ਅਤੇ ਜੰਗਲਾਂ ਵਿਚੋਂ ਭੱਜਦੇ ਹੋਏ ਆਪਣੀ ਜਾਨ ਬਚਾ ਸਕੇ।

ਬੀਬੀਸੀ ਨਾਲ ਗੱਲਬਾਤ ਕਰਦਿਆਂ ਹੋਇਆ ਉਨ੍ਹਾਂ ਨੇ ਕਿਹਾ ਕਿ ਰਕਬਰ ਦੀ ਮੌਤ ਦੀ ਖ਼ਬਰ ਉਨ੍ਹਾਂ ਨੂੰ ਸਵੇਰੇ ਪਿੰਡ ਆ ਕੇ ਮਿਲੀ।
ਪਰ ਇਸੇ ਦੌਰਾਨ ਮੇਵਾਤ ਦੀ ਪੁਲਿਸ ਕਮਿਸ਼ਨਰ ਨਾਜ਼ਨੀਨ ਭਸੀਨ ਨੇ ਅਲਵਰ ਦੇ ਐਸਪੀ ਨਾਲ ਨਿੱਜੀ ਤੌਰ 'ਤੇ ਗੱਲ ਕੀਤੀ ਅਤੇ ਕਿਹਾ ਕਿ ਅਸਲਮ ਦਾ ਰਾਮਗੜ੍ਹ ਜਾਣਾ ਸੰਭਵ ਨਹੀਂ ਹੈ ਕਿਉਂਕਿ ਉਸ ਦੀ ਜਾਨ ਨੂੰ ਖ਼ਤਰਾ ਹੋ ਸਕਦਾ ਹੈ।
ਇਸ ਲਈ ਮੇਵਾਤ ਪੁਲਿਸ ਕਮਿਸ਼ਨਰ ਦੀ ਪਹਿਲ 'ਤੇ ਐਤਵਾਰ ਨੂੰ ਦੁਪਹਿਰ ਰਾਜਸਥਾਨ ਦੀ ਪੁਲਿਸ ਮੇਵਾਤ ਦੇ ਫਿਰੋਜ਼ਪੁਰ ਝਿਰਕਾ ਥਾਣੇ ਪਹੁੰਚੀ ਜਿੱਥੇ ਅਸਲਮ ਦਾ ਬਿਆਨ ਦਰਜ ਕੀਤਾ ਗਿਆ।
ਅਲਵਰ ਦੇ ਅਡੀਸ਼ਨਲ ਪੁਲਿਸ ਸੁਪਰੀਡੈਂਟ ਅਨਿਲ ਬੇਨੀਵਾਲ ਦਾ ਵੀ ਕਹਿਣਾ ਹੈ ਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਰਕਬਰ ਅਤੇ ਅਸਲਮ ਸੱਚਮੁੱਚ ਤਸਕਰ ਹੀ ਸਨ।
ਫਿਲਹਾਲ ਦੋਵਾਂ ਗਊਆਂ ਨੂੰ ਰਾਮਗੜ੍ਹ ਦੀ ਹੀ ਇੱਕ ਗਊਸ਼ਾਲਾ ਵਿੱਚ ਰੱਖਿਆ ਗਿਆ ਹੈ।

ਇਸ ਦੌਰਾਨ ਪੁਲਿਸ ਨੇ ਰਕਬਰ ਦੇ ਖ਼ਿਲਾਫ਼ ਸਾਲ 2014 ਵਿੱਚ ਵੀ ਗਊ ਤਸਕਰੀ ਨਾਲ ਸੰਬੰਧਤ ਦਰਜ ਕੀਤੇ ਗਏ ਇੱਕ ਕੇਸ ਦਾ ਹਵਾਲਾ ਵੀ ਦਿੱਤਾ ਹੈ।
ਰਕਬਰ ਅਤੇ ਅਸਲਮ ਨੂੰਹ ਦੇ ਫਿਰੋਜ਼ਪੁਰ ਝਿਰਕਾ ਸਥਿਤ ਕੋਲਗਾਓਂ ਦੇ ਰਹਿਣ ਵਾਲੇ ਹਨ। ਰਕਬਰ ਦੇ ਭਰਾ ਇਰਸ਼ਾਦ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਨੂੰ ਵੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।
ਇਹ ਵੀ ਪੜ੍ਹੋ:

ਉਨ੍ਹਾਂ ਨੇ ਕਿਹਾ, "ਕੀ ਹੋਇਆ ਸੀ ਸਾਨੂੰ ਕੁਝ ਪਤਾ ਨਹੀਂ। ਸਾਨੂੰ ਤਾਂ ਸਿਰਫ਼ ਮੌਤ ਦੀ ਖ਼ਬਰ ਦਿੱਤੀ ਗਈ। ਕਿਸ ਨੇ ਮਾਰਿਆ, ਕਿਉਂ ਮਾਰਿਆ, ਕਿਵੇਂ ਮਾਰਿਆ, ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।"
ਪੋਸਟ ਮਾਰਟਮ ਦੀ ਰਿਪੋਰਟ ਵਿੱਚ ਡੂੰਘੀਆਂ ਸੱਟਾਂ ਦੀ ਗੱਲ ਕਹੀ ਗਈ ਹੈ। ਉਸ ਦੀਆਂ ਪਸਲੀਆਂ ਟੁੱਟ ਗਈਆਂ ਸਨ, ਜਿਸ ਨਾਲ ਫੇਫੜਿਆਂ ਵਿੱਚ ਪਾਣੀ ਭਰ ਗਿਆ ਸੀ। ਇਸ ਤੋਂ ਪੂਰੇ ਸਰੀਰ 'ਤੇ ਵੀ ਸੱਟਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ।
ਗਰਭਵਤੀ ਹੈ ਰਕਬਰ ਦੀ ਪਤਨੀ
ਕੋਲਗਾਓਂ ਵਿੱਚ ਇਸ ਤੋਂ ਪਹਿਲਾਂ ਇੰਨਾ ਮਾਤਮ ਵਾਲਾ ਮਾਹੌਲ ਪਹਿਲਾਂ ਕਦੇ ਨਹੀਂ ਦੇਖਿਆ ਸੀ। 500 ਘਰਾਂ ਦੇ ਇਸ ਇਲਾਕੇ ਵਿੱਚ ਸ਼ਾਇਦ ਹੀ ਕੋਈ ਘਰ ਹੋਵੇ ਜਿੱਥੇ ਐਤਵਾਰ ਨੂੰ ਰੋਟੀ ਪੱਕੀ ਹੋਵੇ।

ਤੇਜ਼ ਬਾਰਿਸ਼ ਦੇ ਬਾਵਜੂਦ ਰਕਬਰ ਦੇ ਘਰ ਲੋਕਾਂ ਦਾ ਆਉਣਾ-ਜਾਣਾ ਲੱਗਿਆ ਹੋਇਆ ਹੈ। ਰਕਬਰ ਦੀ ਉਮਰ 28 ਸਾਲ ਦੱਸੀ ਜਾ ਰਹੀ ਹੈ।
ਰਕਬਰ ਦੀ ਪਤਨੀ ਗਰਭਵਤੀ ਹੈ। ਉਹ ਰੋ-ਰੋ ਕੇ ਵਾਰ-ਵਾਰ ਬੇਹੋਸ਼ ਹੋ ਜਾਂਦੀ ਹੈ। ਅਸਮੀਨਾ ਦੀ ਮਾਂ ਉਨ੍ਹਾਂ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਹੈ ਪਰ ਉਨ੍ਹਾਂ ਦਾ ਬੁਰਾ ਹਾਲ ਹੈ।
ਰਕਬਰ ਦੇ ਪਿਤਾ ਸੁਲੇਮਾਨ ਕਹਿੰਦੇ ਹਨ ਕਿ ਉਨ੍ਹਾਂ ਦਾ ਦੁੱਧ ਵੇਚਣ ਦਾ ਕੰਮ ਹੈ।
'ਮਨ੍ਹਾਂ ਕੀਤਾ ਸੀ ਕਿ ਅਲਵਰ ਨਾ ਜਾ'
ਰਕਬਰ ਕੋਲ ਤਿੰਨ ਗਊਆਂ ਪਹਿਲਾਂ ਹੀ ਸਨ ਅਤੇ ਉਹ ਆਪਣੇ ਕੰਮ ਨੂੰ ਵਧਾਉਣ ਲਈ ਦੋ ਹੋਰ ਦੁਧਾਰੂ ਗਊਆਂ ਖਰੀਦਣ ਗਏ ਸਨ।
ਸੁਲੇਮਾਨ ਨੇ ਕਿਹਾ, "ਅਸੀਂ ਬਹੁਤ ਮਨ੍ਹਾਂ ਕੀਤਾ ਕਿ ਹਾਲਾਤ ਠੀਕ ਨਹੀਂ ਹਨ। ਅਲਵਰ ਨਾ ਜਾ ਪਰ ਉਹ ਕਹਿੰਦਾ ਰਿਹਾ ਕਿ ਕੁਝ ਨਹੀਂ ਹੋਵੇਗੀ। ਕਾਸ਼ ਉਹ ਮੇਰੀ ਗੱਲ ਮੰਨ ਲੈਂਦਾ।"
ਉਥੇ ਹੀ ਅਸਲਮ ਨੇ ਦੱਸਿਆ ਕਿ ਉਹ ਗਊਆਂ ਨੂੰ ਪਿਕਅਪ ਗੱਡੀ ਰਾਹੀਂ ਲੈ ਕੇ ਆਉਣਾ ਚਾਹੁੰਦੇ ਸਨ। ਪਰ ਉਹ ਘਬਰਾ ਰਹੇ ਸਨ ਇਸ ਲਈ ਉਹ ਪੈਦਲ ਹੀ ਗਊਆਂ ਲੈ ਕੇ ਵਾਪਸ ਆ ਰਹੇ ਸਨ।

ਉਨ੍ਹਾਂ ਦੇ ਪਿੰਡ ਤੋਂ ਰਾਮਗੜ੍ਹ ਦੀ ਦੂਰੀ ਜ਼ਿਆਦਾ ਨਹੀਂ ਹੈ, ਇਸ ਲਈ ਉਹ ਯਕੀਨੀ ਸਨ ਕਿ ਸਾਰੇ ਉਨ੍ਹਾਂ ਨੂੰ ਪਛਾਣਦੇ ਹਨ ਅਤੇ ਕੋਈ ਉਨ੍ਹਾਂ 'ਤੇ ਹਮਲਾ ਨਹੀਂ ਕਰੇਗਾ।
ਨੂੰਹ ਦੇ ਵਿਧਾਇਕ ਜ਼ਾਕਿਰ ਹੁਸੈਨ ਦੱਸਦੇ ਹਨ ਕਿ ਪੂਰੇ ਮੇਵਾਤ ਇਲਾਕੇ ਵਿੱਚ ਜ਼ਮੀਨੀ ਪਾਣੀ ਦਾ ਪੱਧਰ ਬਹੁਤ ਡੂੰਘਾ ਹੈ, ਇਸ ਲਈ ਸਦੀਆਂ ਤੋਂ ਇੱਥੋਂ ਦੇ ਲੋਕਾਂ ਦਾ ਰੋਜ਼ੀ-ਰੋਟੀ ਕਮਾਉਣ ਦਾ ਇੱਕ ਹੀ ਸਹਾਰਾ ਹੈ-ਗਊਪਾਲਣ ਅਤੇ ਦੁੱਧ ਦਾ ਵਪਾਰ।
ਉਹ ਦੱਸਦੇ ਹਨ ਕਿ ਹਿੰਦੂਆਂ ਨਾਲੋਂ ਜ਼ਿਆਦਾ ਮੇਵਾਤ ਦੇ ਮੁਸਲਮਾਨ ਗਊਆਂ ਪਾਲਣ ਦਾ ਕੰਮ ਕਰਦੇ ਹਨ ਅਤੇ ਗਊ ਧਨ ਦੀ ਸਾਂਭ-ਸੰਭਾਲ ਵੀ ਕਰਦੇ ਹਨ।
ਹਰਿਆਣਾ ਦੀ ਵਿਧਾਨ ਸਭਾ ਦੇ ਸਾਬਕਾ ਉੱਪ ਪ੍ਰਧਾਨ ਆਜ਼ਾਦ ਮੁਹੰਮਦ ਵੀ ਰਾਮਲੀਲਾ ਕਮੇਟੀ ਅਤੇ ਗਊਸ਼ਾਲਾ ਕਮੇਟੀ ਦੇ ਲਾਈਫ ਮੈਂਬਰ ਹਨ।

ਉਹ ਕਹਿੰਦੇ ਹਨ ਕਿ ਮੇਵਾਤ ਦੇ ਇਲਾਕੇ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਦੇ ਵਿਚਕਾਰ ਕਦੇ ਗਊ ਪਾਲਣ ਨੂੰ ਲੈ ਕੇ ਵਿਵਾਦ ਨਹੀਂ ਰਿਹਾ। ਗਊ ਰੱਖਿਆ ਦੇ ਨਾਮ 'ਤੇ ਹੋ ਰਹੀਆਂ ਹਿੰਸਕ ਘਟਨਾਵਾਂ ਦਾ ਕੇਂਦਰ ਰਾਜਸਥਾਨ ਜ਼ਿਆਦਾ ਹੈ।
ਕੋਲਗਾਓਂ ਵਿੱਚ ਮੇਰੀ ਮੁਲਾਕਾਤ ਭਾਰਤੀ ਕਮਿਊਨਿਸਟ ਪਾਰਟੀ ਦੇ ਪ੍ਰਦੇਸ਼ ਸਕੱਤਰ ਸੁਰੇਂਦਰ ਸਿੰਘ ਦੇ ਨਾਲ ਹੋਈ। ਉਹ ਕਹਿੰਦੇ ਹਨ ਕਿ ਜੋ ਕੁਝ ਰਾਜਸਥਾਨ ਅਤੇ ਹਰਿਆਣਾ ਵਿੱਚ ਗਊ ਰੱਖਿਆ ਦੇ ਨਾਮ 'ਤੇ ਹੋ ਰਿਹਾ ਹੈ ਉਹ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ ਨਹੀਂ ਹਨ। ਉਹ ਯੋਜਨਾਬੱਧ ਤਰੀਕਿਆਂ ਨਾਲ ਕੀਤੀਆਂ ਜਾ ਰਹੀਆਂ ਲੱਗ ਰਹੀਆਂ ਹਨ।
ਉਹ ਕਹਿੰਦੇ ਹਨ, "ਮੇਵਾਤ ਦੇ ਲੋਕਾਂ ਨੂੰ ਆਪਣਾ ਦੇਸ ਭਗਤੀ ਸਰਟੀਫਿਕੇਟ ਦੇਣਾ ਪੈ ਰਿਹਾ ਹੈ ਜਿਨ੍ਹਾਂ ਦੇ ਪੁਰਖਿਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਲੜਾਈ 'ਚ ਵੱਡੀ ਗਿਣਤੀ ਵਿੱਚ ਆਪਣੀਆਂ ਜਾਨਾਂ ਦਿੱਤੀਆਂ ਹਨ। ਇਹ ਕਦੇ ਬਾਬਰ ਦੀ ਫੌਜ ਨਾਲ ਲੜੇ ਤੇ ਕਦੇ ਅਕਬਰ ਦੀ ਅਤੇ ਅੱਜ ਇਨ੍ਹਾਂ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾ ਰਿਹਾ ਹੈ। ਇਹ ਬਦਕਿਸਮਤੀ ਵਾਲੀ ਗੱਲ ਹੈ।"

ਅਲਵਰ ਦੇ ਬਹਿਰੋਰ ਵਿੱਚ ਸਭ ਤੋਂ ਪਹਿਲਾਂ ਪਹਿਲੂ ਖ਼ਾਨ ਦੀ ਗਊ ਰੱਖਿਆ ਦਲਾਂ ਵੱਲੋਂ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ ਗਈ ਸੀ। ਇਹ ਘਟਨਾ 13 ਅਪ੍ਰੈਲ 2017 ਨੂੰ ਵਾਪਰੀ ਸੀ।
ਭੀੜ ਦੇ ਹੱਥੋਂ ਕਤਲ
ਸਰਕਾਰੀ ਅੰਕੜਿਆਂ ਮੁਤਾਬਕ ਪਹਿਲੂ ਖ਼ਾਨ ਤੋਂ ਲੈ ਕੇ ਰਕਬਰ ਦੇ ਕਤਲ ਦੇ ਵਿਚਕਾਰ ਭੜਕੀ ਹੋਈ ਭੀੜ ਨੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਕੁੱਲ ਮਿਲਾ ਕੇ 44 ਲੋਕਾਂ ਦੀ ਹੱਤਿਆ ਕੀਤੀ ਹੈ।
ਝਾਰਖੰਡ ਵਿੱਚ ਇਸ ਭੀੜ ਨੇ 13 ਲੋਕਾਂ ਨੂੰ ਮਾਰ ਦਿੱਤਾ ਹੈ, ਜਦਕਿ ਮਹਾਰਾਸ਼ਟਰ ਵਿੱਚ 8 ਲੋਕ ਮਾਰੇ ਗਏ ਹਨ।
ਤਮਿਲਨਾਡੂ ਅਤੇ ਤ੍ਰਿਪੁਰਾ ਵਿੱਚ 5-5 ਲੋਕ ਮਾਰੇ ਗਏ ਹਨ। ਤੇਲੰਗਾਨਾ, ਉੱਤਰ ਪ੍ਰਦੇਸ਼, ਰਾਜਸਥਾਨ, ਕਰਨਾਟਕ, ਗੁਜਰਾਤ ਅਤੇ ਅਸਾਮ ਵੀ ਇਸ ਤੋਂ ਸੱਖਣਾ ਨਹੀਂ ਰਿਹਾ।

ਹਾਲ ਹੀ ਵਿੱਚ ਵਿੱਚ ਮੰਤਰੀ ਜਯੰਤ ਸਿਨਹਾ ਉਦੋਂ ਵਿਵਾਦਾਂ ਵਿੱਚ ਘਿਰ ਗਏ ਜਦੋਂ ਉਨ੍ਹਾਂ ਨੇ ਗਊ ਰੱਖਿਆ ਦੇ ਨਾਮ 'ਤੇ ਹੱਤਿਆ ਕਰਨ ਵਾਲੇ ਮੁਲਜ਼ਮਾਂ ਦੀ ਜੇਲ੍ਹ ਤੋਂ ਰਿਹਾਈ ਬਾਅਦ ਉਨ੍ਹਾਂ ਦਾ ਹਾਰ ਪੁਆ ਕੇ ਅਤੇ ਮਿਠਾਈ ਖੁਆ ਕੇ ਸੁਆਗਤ ਕੀਤਾ ਸੀ।
ਹਾਲਾਂਕਿ ਅਲਵਰ ਵਿੱਚ ਸ਼ੁੱਕਰਵਾਰ ਦੇਰ ਰਾਤ ਵਾਪਰੀ ਘਟਨਾ ਥੋੜ੍ਹੀ ਵੱਖਰੀ ਸੀ। ਇਸ ਘਟਨਾ ਦੀ ਨਿੰਦਾ ਦੇ ਨਾਲ ਨਾਲ ਰਾਜਸਥਾਨ ਦੀ ਮੁੱਖ ਮੰਤਰੀ ਵਸੁੰਧਰਾ ਰਾਜੇ ਸਿੰਧੀਆ ਨੇ ਅਧਿਕਾਰੀਆਂ ਨੂੰ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ।
ਹਾਲਾਂਕਿ ਭਾਜਪਾ ਵਿਧਾਇਕ ਗਿਆਨ ਦੇਵ ਆਹੂਜਾ ਨੇ ਜਿਸ ਤਰ੍ਹਾਂ ਸਥਾਨਕ ਪੁਲਿਸ 'ਤੇ ਸਵਾਲ ਚੁੱਕੇ ਹਨ, ਉਸ ਨੂੰ ਦੇਖਦੇ ਹੋਏ ਮੁੱਖ ਮੰਤਰੀ ਨੇ ਜੈਪੁਰ ਰੇਂਜ ਦੇ ਕ੍ਰਾਈਮ ਐਂਡ ਵਿਜੀਲੈਂਸ ਵਿਭਾਗ ਦੇ ਐਸਪੀ ਪੱਧਰ ਦੇ ਅਧਿਕਾਰੀਆਂ ਨੂੰ ਜਾਂਚ ਦਾ ਜ਼ਿੰਮਾ ਸੌਂਪਿਆ ਹੈ।
ਇਹ ਵੀ ਪੜ੍ਹੋ:












