ਕਿਸੇ ਦੀ ਜਾਨ ਲੈਣ 'ਤੇ ਕਿਉਂ ਉਤਾਰੂ ਹੋ ਜਾਂਦੀ ਹੈ ਭੀੜ?

ਭੀੜ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਅਫ਼ਵਾਹਾਂ ਕਾਰਨ ਭੀੜ ਨੇ ਕਈ ਲੋਕਾਂ ਨੂੰ ਜਾਨੋ ਮਾਰ ਦਿੱਤਾ ਹੈ।
    • ਲੇਖਕ, ਸ਼ਿਵ ਵਿਸ਼ਵਨਾਥਨ
    • ਰੋਲ, ਸਮਾਜ ਸ਼ਾਸਤਰੀ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ 'ਚ ਭੀੜ ਦੀ ਹਿੰਸਾ ਵਿੱਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਗੰਭੀਰ ਰੂਪ 'ਚ ਜ਼ਖ਼ਮੀ ਹੈ।

ਸਥਾਨਕ ਪੱਤਰਕਾਰ ਸੁਮਿਤ ਸ਼ਰਮਾ ਮੁਤਾਬਕ ਹਿੰਦੂਵਾਦੀ ਸੰਗਠਨਾਂ ਦੇ ਕਾਰਕੁਨ ਗਊ-ਹੱਤਿਆ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਸਨ।

ਭੀੜ ਦਾ ਮਨੋਵਿਗਿਆਨ, ਸਮਾਜਿਕ ਵਿਗਿਆਨ ਦਾ ਇੱਕ ਛੋਟਾ ਜਿਹਾ ਹਿੱਸਾ ਰਿਹਾ ਹੈ। ਇਹ ਇੱਕ ਅਜੀਬ ਅਤੇ ਪੁਰਾਣਾ ਤਰੀਕਾ ਹੈ, ਜਿਸ ਦੀ ਪ੍ਰਸੰਗਿਕਤਾ ਸਮਾਜ ਵਿੱਚ ਸਥਿਰ ਲਿਆਉਣ ਅਤੇ ਕਾਨੂੰਨ-ਵਿਵਸਥਾ ਦੇ ਉਪਰ ਭਰੋਸੇ ਤੋਂ ਬਾਅਦ ਖ਼ਤਮ ਹੁੰਦੀ ਗਈ।

ਭੀੜ ਨੇ ਮਨੋਵਿਗਿਆਨ 'ਤੇ ਚਰਚਾ ਇੱਕ ਵੱਖਰੀ ਹੀ ਘਟਨਾ ਵਜੋਂ ਸ਼ੁਰੂ ਹੋਈ, ਜਦੋਂ ਅਸੀਂ ਫਰਾਂਸੀਸੀ ਕ੍ਰਾਂਤੀ ਦੀ ਭੀੜ ਜਾਂ ਫੇਰ ਕੂ-ਕਲਕਸ ਕਲਾਨ ਦੀ ਨਸਲੀ ਭੀੜ ਨੂੰ ਇਸ ਦੀ ਉਦਾਹਰਣ ਮੰਨਦੇ ਸੀ।

ਇਹ ਪੜ੍ਹੋ :

ਭੀੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭੀੜ ਸੱਭਿਆ ਸਮਾਜ ਲਈ ਸੋਚਣ ਸਮਝਣ ਦੀ ਸਮਰੱਥਾ ਅਤੇ ਗੱਲਬਾਤ ਨਾਲ ਮੁੱਦੇ ਸੁਲਝਾਉਣ ਦਾ ਰਸਤਾ ਖ਼ਤਮ ਕਰ ਦਿੰਦੀ ਹੈ।

ਉਦੋਂ ਭੀੜ ਦੇ ਮਨੋਵਿਗਿਆਨ ਵਿੱਚ ਇੱਕ ਕਾਲੇ ਵਿਅਕਤੀ ਨੂੰ ਗੋਰੇ ਲੋਕਾਂ ਦੀ ਭੀੜ ਵੱਲੋਂ ਮਾਰਨ ਦਾ ਮਸਲਾ ਹੀ ਚਰਚਾ ਦਾ ਵਿਸ਼ਾ ਹੁੰਦਾ ਸੀ। ਇੱਥੋਂ ਤੱਕ ਗਾਰਡਨ ਓਲਪੋਰਟ ਅਤੇ ਰੋਜਰ ਬ੍ਰਾਊਨ ਵਰਗੇ ਵੱਡੇ ਮਨੋਵਿਗਿਆਨੀ ਵੀ ਭੀੜ ਦੇ ਮਨੋਵਿਗਿਆਨ ਨੂੰ ਇੱਕ ਆਦਰਪੂਰਨ ਵਿਸ਼ਾ ਨਹੀਂ ਬਣਾ ਸਕੇ।

ਕੁਝ ਲੋਕ ਇਸ ਨੂੰ ਸਮਾਜ ਵਿਗਿਆਨ ਅਤੇ ਮਨੋਵਿਗਿਆਨ ਤੱਕ ਪੈਥੋਲੋਜੀ ਵਜੋਂ ਅਤੇ ਅਨਿਯਮਿਤ ਘਟਨਾਵਾਂ ਵਜੋਂ ਸੀਮਤ ਰੱਖਦੇ ਹਨ।

ਹੀਰੋ ਬਣਦੀ ਭੀੜ

ਅਜੋਕੇ ਸਮੇਂ ਵਿੱਚ ਮਾਰ ਸੁੱਟਣ ਵਾਲੀ ਇਹ ਭੀੜ ਹੀਰੋ ਬਣ ਕੇ ਉਭਰੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਨਾਇਕ ਦੇ ਰੂਪ ਵਿੱਚ ਭੀੜ ਦੋ ਅਵਤਾਰਾਂ ਵਿੱਚ ਦਿਖਾਈ ਦਿੰਦੀ ਹੈ।

ਪਹਿਲਾਂ, ਭੀੜ ਬਹੁ-ਗਿਣਤੀ ਲੋਕਤੰਤਰ ਦੇ ਇੱਕ ਹਿੱਸੇ ਵਜੋਂ ਨਜ਼ਰ ਆਉਂਦੀ ਹੈ, ਜਿੱਥੇ ਉਹ ਖ਼ੁਦ ਹੀ ਕਾਨੂੰਨ ਦਾ ਕੰਮ ਕਰਦੀ ਹੈ, ਖਾਣ ਤੋਂ ਲੈ ਕੇ ਪਹਿਨਣ ਤੱਕ ਸਭ 'ਤੇ ਉਸ ਦਾ ਕੰਟਰੋਲ ਹੁੰਦਾ ਹੈ।

ਭੀੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਜੋਕੇ ਸਮੇਂ ਵਿੱਚ ਮਾਰ ਸੁੱਟਣ ਵਾਲੀ ਇਹ ਭੀੜ ਹੀਰੋ ਬਣ ਕੇ ਉਭਰੀ ਹੈ।

ਤੁਸੀਂ ਦੇਖ ਸਕਦੇ ਹੋ ਕਿ ਭੀੜ ਖ਼ੁਦ ਨੂੰ ਸਹੀ ਮੰਨਦੀ ਹੈ ਅਤੇ ਆਪਣੀ ਹਿੰਸਾ ਨੂੰ ਵਿਹਾਰਕ ਅਤੇ ਜ਼ਰੂਰੀ ਦੱਸਦੀ ਹੈ। ਅਫ਼ਰਾਜੁਲ ਅਤੇ ਅਖ਼ਲਾਕ ਦੇ ਮਾਮਲਿਆਂ ਵਿੱਚ ਭੀੜ ਦੀ ਪ੍ਰਤੀਕਿਰਿਆ ਅਤੇ ਕਠੂਆ ਤੇ ਉਨਾਓ ਮਾਮਲੇ ਵਿੱਚ ਦੋਸ਼ੀਆਂ ਦਾ ਬਚਾਅ ਕਰਨਾ ਦਿਖਾਉਂਦਾ ਹੈ ਕਿ ਭੀੜ ਖ਼ੁਦ ਹੀ ਨਿਆਂ ਕਰਨਾ ਅਤੇ ਨੈਤਿਕਤਾ ਦੇ ਦਾਇਰੇ ਤੈਅ ਕਰਨਾ ਚਾਹੁੰਦੀ ਹੈ।

ਇੱਥੇ ਭੀੜ (ਇਸ ਵਿੱਚ ਜਾਨੋਂ ਮਾਰਨ ਵਾਲੀ ਭੀੜ ਵੀ ਸ਼ਾਮਿਲ ਹੈ) ਤਾਨਾਸ਼ਾਹੀ ਵਿਵਸਥਾ ਦਾ ਵਿਸਥਾਰ ਹੈ। ਭੀੜ ਸੱਭਿਅਕ ਸਮਾਜ ਲਈ ਸੋਚਣ ਸਮਝਣ ਦੀ ਸਮਰੱਥਾ ਅਤੇ ਗੱਲਬਾਤ ਨਾਲ ਮੁੱਦੇ ਸੁਲਝਾਉਣ ਦਾ ਰਸਤਾ ਖ਼ਤਮ ਕਰ ਦਿੰਦੀ ਹੈ।

ਭੀੜ ਦਾ ਦੂਜਾ ਰੂਪ

ਪਰ ਬੱਚੇ ਚੁੱਕਣ ਦੀ ਅਫ਼ਵਾਹ ਕਾਰਨ ਜੋ ਘਟਨਾਵਾਂ ਵਾਪਰੀਆਂ ਉਨ੍ਹਾਂ ਵਿੱਚ ਭੀੜ ਦਾ ਵੱਖਰਾ ਹੀ ਰੂਪ ਦੇਖਣ ਨੂੰ ਮਿਲਦਾ ਹੈ। ਇਸ ਵਿੱਚ ਭੀੜ ਦੇ ਗੁੱਸੇ ਦੇ ਪਿੱਛੇ ਇੱਕ ਡੂੰਘੀ ਚਿੰਤਾ ਵੀ ਦਿਖਾਈ ਦਿੰਦੀ ਹੈ।

ਭੀੜ

ਤਸਵੀਰ ਸਰੋਤ, AFP

ਤਸਵੀਰ ਕੈਪਸ਼ਨ, ਬੱਚੇ ਚੋਰੀ ਹੋਣਾ ਕਿਸੇ ਲਈ ਵੀ ਬਹੁਤ ਵੱਡਾ ਡਰ ਹੋ ਸਕਦਾ ਹੈ, ਅਜਿਹਾ ਸੋਚਣ ਨਾਲ ਹੀ ਲੋਕਾਂ ਦੀ ਘਬਰਾਹਟ ਵੱਧ ਜਾਂਦੀ ਹੈ।

ਬੱਚੇ ਚੋਰੀ ਹੋਣਾ ਕਿਸੇ ਲਈ ਵੀ ਬਹੁਤ ਵੱਡਾ ਡਰ ਹੋ ਸਕਦਾ ਹੈ। ਅਜਿਹਾ ਸੋਚਣ ਨਾਲ ਹੀ ਲੋਕਾਂ ਦੀ ਘਬਰਾਹਟ ਵੱਧ ਜਾਂਦੀ ਹੈ। ਇੱਥੇ ਭੀੜ ਦੀ ਪ੍ਰਤੀਕਿਰਿਆ ਪਿੱਛੇ ਵੱਖਰੇ ਕਾਰਨ ਹੁੰਦੇ ਹਨ। ਇੱਥੇ ਹਿੰਸਾ ਤਾਕਤ ਨਾਲ ਨਹੀਂ ਬਲਕਿ ਘਬਰਾਹਟ ਤੋਂ ਪੈਦਾ ਹੁੰਦੀ ਹੈ।

ਇਸ ਦਾ ਮਕਸਦ ਘੱਟ ਗਿਣਤੀਆਂ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਬਲਕਿ ਅਜਨਬੀਆਂ ਅਤੇ ਬਾਹਰੀ ਲੋਕਾਂ ਨੂੰ ਸਜ਼ਾ ਦੇਣਾ ਹੁੰਦਾ ਹੈ। ਜੋ ਉਨ੍ਹਾਂ ਦੇ ਸਮਾਜ ਵਿੱਚ ਫਿੱਟ ਨਹੀਂ ਬੈਠਦੇ। ਦੋਵਾਂ ਮਾਮਲਿਆਂ ਵਿੱਚ ਸ਼ੱਕ ਤਾਂ ਹੁੰਦਾ ਹੈ ਪਰ ਮਾਰਨ ਦਾ ਕਾਰਨ ਵੱਖ-ਵੱਖ ਹੁੰਦਾ ਹੈ।

ਇੱਕ ਮਾਮਲੇ ਵਿੱਚ ਘੱਟ-ਗਿਣਤੀ ਨਾਲ ਸੱਤਾ ਨੂੰ ਚੁਣੌਤੀ ਮਿਲਦੀ ਹੈ ਅਤੇ ਦੂਜੇ ਵਿੱਚ ਬਾਹਰੀ ਅਤੇ ਅਨਜਾਣ 'ਤੇ ਕਿਸੇ ਅਪਰਾਧ ਦਾ ਇਲਜ਼ਾਮ ਹੁੰਦਾ ਹੈ।

ਵਧਦੀਆਂ ਤਕਨੀਕਾਂ, ਵਧਦੀਆਂ ਮੁਸ਼ਕਿਲਾਂ

ਦੋਵੇਂ ਹੀ ਮਾਮਲਿਆਂ ਵਿੱਚ ਤਕਨੀਕ ਇਸ ਗੁੱਸੇ ਦੇ ਵਾਇਰਸ ਨੂੰ ਹੋਰ ਫੈਲਾਉਣ ਦਾ ਕੰਮ ਕਰਦੀ ਹੈ। ਤਕਨੀਕ ਦੀ ਵਰਤੋਂ ਨਾਲ ਅਫ਼ਵਾਹਾਂ ਤੇਜ਼ੀ ਨਾਲ ਫੈਲਦੀਆਂ ਹਨ ਅਤੇ ਇੱਕ-ਦੂਜੇ ਤੋਂ ਸੁਣ ਕੇ ਅਫ਼ਵਾਹ 'ਤੇ ਭਰੋਸਾ ਵਧ ਜਾਂਦਾ ਹੈ।

ਨੌਜਵਾਨ

ਤਸਵੀਰ ਸਰੋਤ, facebook

ਤਸਵੀਰ ਕੈਪਸ਼ਨ, ਅਸਨ ਦੇ ਕਾਰਬੀ-ਆਂਗਲੋਂਗ ਜ਼ਿਲੇ ਵਿੱਚ ਭੀੜ ਨੇ ਦੋ ਨੌਜਵਾਨਾਂ ਦੀ ਕਥਿਤ ਤੌਰ 'ਤੇ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ

ਪਹਿਲਾਂ ਤਕਨੀਕ ਦਾ ਵਿਕਾਸ ਬਹੁਤ ਜ਼ਿਆਦਾ ਨਾ ਹੋਣ ਕਰਕੇ ਅਫ਼ਵਾਹਾਂ ਜ਼ਿਆਦਾ ਖ਼ਤਰਨਾਕ ਰੂਪ ਅਖ਼ਤਿਆਰ ਨਹੀਂ ਕਰਦੀਆਂ ਸਨ।

ਇੱਥੋਂ ਤੱਕ ਕਿ ਇਹ ਡਿਜੀਟਲ ਹਿੰਸਾ ਛੋਟੇ ਸ਼ਹਿਰਾਂ ਅਤੇ ਦੂਰ-ਦੁਰਾਡੇ ਦੇ ਪਿੰਡਾਂ ਵਿੱਚ ਜ਼ਿਆਦਾ ਭਿਆਨਕ ਤਰੀਕੇ ਨਾਲ ਕੰਮ ਕਰਦੀ ਹੈ।

ਇਹ ਸਾਫ਼ ਹੈ ਕਿ ਹਿੰਸਾ ਦਾ ਇਹ ਤਰੀਕਾ ਇੱਕ ਮਹਾਂਮਾਰੀ ਵਰਗਾ ਹੈ। ਹਰ ਵਾਰ ਸ਼ੁਰੂਆਤ ਇਕੋ ਜਿਹੀ ਹੁੰਦੀ ਹੈ, ਹਿੰਸਾ ਦਾ ਤਰੀਕਾ ਇਕੋ ਜਿਹਾ ਹੁੰਦਾ ਹੈ। ਹਰ ਮਾਮਲੇ ਵਿੱਚ ਅਫ਼ਵਾਹਾਂ ਆਧਾਰਹੀਣ ਹੁੰਦੀਆਂ ਹਨ। ਫੇਰ ਇਹ ਤਰੀਕਾ ਇੱਕ ਥਾਂ ਤੋਂ ਦੂਜੀ ਥਾਂ ਪਹੁੰਚ ਜਾਂਦਾ ਹੈ।

ਇਹ ਪੜ੍ਹੋ :

ਤ੍ਰਿਪੁਰਾ ਵਿੱਚ ਬੱਚੇ ਚੁੱਕਣ ਦੇ ਸ਼ੱਕ ਵਿੱਚ ਤਿੰਨ ਲੋਕਾਂ ਨੂੰ ਭੀੜ ਨੇ ਮਾਰ ਦਿੱਤਾ। ਇੱਕ ਝੂਠੇ ਸੋਸ਼ਲ ਮੀਡੀਆ ਸੰਦੇਸ਼ ਕਾਰਨ ਕ੍ਰਿਕਟ ਦੇ ਬੱਲੇ ਅਤੇ ਲੱਤਾਂ ਨਾਲ ਮਾਰ-ਮਾਰ ਕੇ ਬੇਰਹਿਮੀ ਨਾਲ ਉਨ੍ਹਾਂ ਦੀ ਜਾਨ ਲੈ ਲਈ ਗਈ।

ਇੱਕ ਵੱਟਸਐਪ ਮੈਸੇਜ ਨੇ ਤਮਿਲਨਾਡੂ 'ਚ ਹਿੰਦੀ ਬੋਲਣ ਵਾਲੇ ਲੋਕਾਂ ਨੂੰ ਸੰਗਠਿਤ ਕਰ ਦਿੱਤਾ। ਅਗਰਤਲਾ ਵਿੱਚ ਬੱਚੇ ਚੁੱਕਣ ਦੀ ਅਫ਼ਵਾਹ ਵਿੱਚ ਦੋ ਲੋਕਾਂ ਨੂੰ ਮਾਰ ਦਿੱਤਾ ਗਿਆ। ਇਸ ਸਭ ਦੇ ਪਿੱਛੇ ਸੋਸ਼ਲ ਮੀਡੀਆ ਜ਼ਿੰਮੇਵਾਰ ਹੈ।

ਭੀੜ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਤ੍ਰਿਪੁਰਾ ਵਿੱਚ ਬੱਚੇ ਚੁੱਕਣ ਦੇ ਸ਼ੱਕ ਵਿੱਚ ਤਿੰਨ ਲੋਕਾਂ ਨੂੰ ਭੀੜ ਨੇ ਮਾਰ ਦਿੱਤਾ।

ਇੱਥੇ ਸਭ ਕੁਝ ਬਹੁਤ ਤੇਜ਼ੀ ਨਾਲ ਹੁੰਦਾ ਹੈ। ਕਿਸੇ ਨੂੰ ਸ਼ੱਕ ਹੋਇਆ, ਉਸ ਨੇ ਮੈਸੇਜ ਭੇਜਿਆ ਅਤੇ ਭੀੜ ਇਕੱਠੀ ਹੋ ਗਈ। ਅਜਿਹੇ ਵਿੱਚ ਨਿਆਂ ਹੋਣ ਦੀ ਸੰਭਾਵਨਾ ਨਾ ਦੇ ਬਰਾਬਰ ਰਹਿ ਜਾਂਦੀ ਹੈ।

ਪਰਵਾਸ ਇੱਕ ਵੱਡੀ ਸਮੱਸਿਆ

ਇਸ ਹਿੰਸਾ ਦੇ ਪਿੱਛੇ ਚਿੰਤਾ ਅਤੇ ਘਬਰਾਹਟ ਦੇ ਉਸ ਮਾਹੌਲ ਨੂੰ ਜ਼ਿੰਮੇਵਾਰ ਮੰਨਿਆ ਜਾ ਸਕਦਾ ਹੈ ਜੋ ਅਜਿਹੇ ਇਲਾਕਿਆਂ ਵਿੱਚ ਪੈਦਾ ਹੋਏ ਹਨ, ਜਿੱਥੇ ਟ੍ਰਾਂਸਫਰ ਬਹੁਤ ਜ਼ਿਆਦਾ ਹੁੰਦੀ ਹੈ।

ਇਨ੍ਹਾਂ ਇਲਾਕਿਆਂ ਵਿੱਚ ਦੂਜੇ ਸੂਬਿਆਂ ਤੋਂ ਰੁਜ਼ਗਾਰ ਜਾਂ ਹੋਰਨਾਂ ਕਾਰਨਾਂ ਕਰਕੇ ਲੋਕ ਆ ਕੇ ਵਸਣ ਲੱਗਦੇ ਹਨ।

ਉਨ੍ਹਾਂ ਨੂੰ ਰਹਿਣ ਦੀ ਥਾਂ ਤਾਂ ਮਿਲ ਜਾਂਦੀ ਹੈ ਪਰ ਲੋਕਾਂ ਨੂੰ ਉਨ੍ਹਾਂ 'ਤੇ ਵਿਸ਼ਵਾਸ਼ ਨਹੀਂ ਹੁੰਦਾ। ਉਨ੍ਹਾਂ 'ਤੇ ਭਰੋਸਾ ਕਰਨ 'ਚ ਸਮਾਂ ਲੱਗਦਾ ਹੈ।

ਭੀੜ

ਤਸਵੀਰ ਸਰੋਤ, RAVI PRAKASH/BBC

ਇਥੋਂ ਤੱਕ ਕਿ ਕੁਝ ਇਲਾਕਿਆਂ ਵਿੱਚ ਬਾਹਰ ਦੇ ਲੋਕ ਯਾਨਿ ਪਰਵਾਸੀਆਂ ਦੀ ਗਿਣਤੀ ਜੱਦੀ ਲੋਕਾਂ ਦੇ ਮੁਕਾਬਲੇ ਵਧੀ ਵੀ ਹੈ।

ਪ੍ਰਸ਼ਾਸਨ ਇਸ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਪਰ ਇਹ ਪੂਰੀ ਤਰ੍ਹਾਂ ਕਾਨੂੰਨ ਵਿਵਸਥਾ ਦਾ ਮਸਲਾ ਨਹੀਂ ਹੈ।

ਇਸ ਨੂੰ ਕਾਨੂੰਨ ਸਮੱਸਿਆ ਵਜੋਂ ਨਹੀਂ ਬਲਕਿ ਸਮਾਜ ਵਿੱਚ ਬਣੀ ਬੇਤਰਤੀਬੀ ਵਜੋਂ ਹੀ ਸੁਲਝਾਇਆ ਜਾ ਸਕਦਾ ਹੈ।

ਟ੍ਰਾਂਸਫਰ ਇਨ੍ਹਾਂ ਵਿਚੋਂ ਇੱਕ ਸਮੱਸਿਆ ਹੈ, ਇਸ ਕਾਰਨ ਕਿਸੇ ਇਲਾਕੇ ਵਿੱਚ ਬਾਹਰੀ ਲੋਕਾਂ ਦੀ ਗਿਣਤੀ ਵੱਧ ਜਾਂਦੀ ਹੈ। ਪਰ ਸੱਚ ਇਹ ਵੀ ਹੈ ਕਿ ਉਹ ਬਾਹਰੀ ਤਾਂ ਹੁੰਦਾ ਹੀ ਹੈ ਪਰ ਹਾਸ਼ੀਏ 'ਤੇ ਵੀ ਹੁੰਦਾ ਹੈ।

ਦੁੱਖ ਵਾਲੀ ਗੱਲ ਇਹ ਹੈ ਕਿ ਉਸ ਨੂੰ ਖ਼ਤਰਾ ਮੰਨ ਲਿਆ ਜਾਂਦਾ ਹੈ। ਫੇਰ ਸੋਸ਼ਲ ਮੀਡੀਆ 'ਤੇ ਫੈਲੀਆਂ ਅਫ਼ਵਾਹਾਂ ਉਸ ਦੇ ਖ਼ਿਲਾਫ਼ ਪਹਿਲਾਂ ਤੋਂ ਬਣੀ ਸੋਚ ਨੂੰ ਹੋਰ ਵੀ ਮਜ਼ਬੂਤ ਕਰ ਦਿੰਦੀਆਂ ਹਨ।

ਤਕਨੀਕ ਅਤੇ ਤਰਕਹੀਣਤਾ

ਸਭ ਤੋਂ ਬੁਰਾ ਤਾਂ ਇਹ ਸੀ ਕਿ ਅਗਰਤਲਾ ਵਿੱਚ ਭੀੜ ਨੇ ਉਸ 33 ਸਾਲਾ ਸ਼ਖ਼ਸ ਨੂੰ ਮਾਰ ਦਿੱਤਾ, ਜਿਸ ਨੂੰ ਲੋਕਾਂ ਨੂੰ ਜਾਗਰੂਕ ਕਰਨ ਦਾ ਜ਼ਿੰਮਾ ਸੌਂਪਿਆ ਗਿਆ ਸੀ। ਇੱਥੇ ਵੀ ਕਹਾਣੀ ਦਾ ਇੱਕ ਵੱਖਰਾ ਪਹਿਲੂ ਸਾਹਮਣੇ ਆਉਂਦਾ ਹੈ।

ਭੀੜ

ਤਸਵੀਰ ਸਰੋਤ, RAVI PRAKASH/BBC

ਤਸਵੀਰ ਕੈਪਸ਼ਨ, ਜਾਨ ਲੈਣ ਵਾਲੀ ਭੀੜ ਸ਼ੋਸ਼ਲ ਮੀਡੀਆ ਦੇ ਨੇਮਾਂ 'ਤੇ ਤੁਰਦੀ ਹੈ ਅਤੇ ਹਿੰਸਾ ਨੂੰ ਅੱਗੇ ਵਧਾਉਂਦੀ ਹੈ।

ਪੀੜਤ ਸੁਕਾਂਤ ਚੱਕਰਵਰਤੀ ਨੂੰ ਅਫ਼ਵਾਹਾਂ ਤੋਂ ਬਚਣ ਲਈ ਪਿੰਡ-ਪਿੰਡ ਵਿੱਚ ਘੁੰਮ ਕੇ ਲਾਊਡ ਸਪੀਕਰ ਨਾਲ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਦਿੱਤਾ ਗਿਆ ਸੀ।

ਉਨ੍ਹਾਂ ਨਾਲ ਘੁੰਮ ਰਹੇ ਦੋ ਹੋਰ ਲੋਕਾਂ 'ਤੇ ਵੀ ਭੀੜ ਨੇ ਹਮਲਾ ਕੀਤਾ।

ਲਾਊਡ ਸਪੀਕਰ ਨਾਲ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਐਸਐਮਐਸ ਅਤੇ ਸੋਸ਼ਲ ਮੀਡੀਆ ਦੀ ਤੇਜ਼ੀ ਅਤੇ ਤਾਕਤ ਦੇ ਸਾਹਮਣੇ ਪਿੱਛੇ ਰਹਿ ਗਈ ਹੈ।

ਜਾਨ ਲੈਣ ਵਾਲੀ ਭੀੜ ਸ਼ੋਸ਼ਲ ਮੀਡੀਆ ਦੇ ਨੇਮਾਂ 'ਤੇ ਤੁਰਦੀ ਹੈ ਅਤੇ ਹਿੰਸਾ ਨੂੰ ਅੱਗੇ ਵਧਾਉਂਦੀ ਹੈ। ਭੀੜ ਇਕੱਠੀ ਕਰਨ ਵਾਲੀ ਇਸ ਡਿਜੀਟਲ ਹਿੰਸਾ ਨੂੰ ਇੱਕ ਵੱਖਰੀ ਸਮਝ ਦੀ ਲੋੜ ਹੈ।

ਭਾਰਤ ਦੇ ਇਸ ਮੌਖਿਕ, ਲਿਖਤੀ ਅਤੇ ਡਿਜੀਟਲ ਦੌਰ ਵਿੱਚ ਇਨ੍ਹਾਂ ਤਿੰਨਾਂ ਨਾਲ ਹਿੰਸਾ ਦਾ ਖ਼ਤਰਾ ਹੋਰ ਵੀ ਵਧ ਸਕਦਾ ਹੈ। ਤਕਨੀਕ ਦੀ ਰਫ਼ਤਾਰ ਅਤੇ ਭੀੜ ਦੀ ਤਰਕਹੀਣਤਾ ਬਦਲਦੇ ਸਮਾਜ ਦਾ ਖ਼ਤਰਨਾਕ ਲੱਛਣ ਹੈ।

ਇਹ ਪੜ੍ਹੋ :

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)