ਚਿੱਟੇ ਤੋਂ ਬਾਅਦ ਪੰਜਾਬ ਵਿੱਚ 'ਕੱਟ' ਦੇ ਕਹਿਰ ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਅਰਵਿੰਦ ਛਾਬੜਾ
- ਰੋਲ, ਬੀਬੀਸੀ ਪੱਤਰਕਾਰ
ਪੰਜਾਬ ਵਿੱਚ ਪਿਛਲੇ ਦਿਨੀਂ ਇੱਕ ਅਜਿਹਾ ਵੀਡੀਓ ਵਾਇਰਲ ਹੋਇਆ ਸੀ, ਜਿਸ ਨੂੰ ਵੇਖ ਕੇ ਕਿਸੇ ਦੀਆਂ ਵੀ ਅੱਖਾਂ ਵਿੱਚ ਵੀ ਹੰਝੂ ਆ ਜਾਣ।
ਆਪਣੇ 22 ਸਾਲ ਦੇ ਪੁੱਤਰ ਦੀ ਪੱਥਰ ਵਰਗੀ ਸਖ਼ਤ ਹੋ ਚੁੱਕੀ ਲਾਸ਼ ਗੋਦ 'ਚ ਲੈ ਕੇ ਬੈਠੀ ਮਾਂ ਸਦਮੇ ਵਿੱਚ ਹੈ। ਜ਼ਿਲ੍ਹਾ ਫਰੀਦਕੋਟ ਦੇ ਕੋਟਕਪੂਰਾ ਸ਼ਹਿਰ ਵਿੱਚ ਹੋਈ ਇਸ ਮੌਤ ਦਾ ਕਾਰਨ ਸੀ ਨਸ਼ਾ।
ਜੂਨ ਮਹੀਨੇ ਸੂਬੇ ਵਿੱਚ ਲਗਭਗ 20 ਮੌਤਾਂ ਹੋਈਆਂ ਹਨ, ਜਿਨ੍ਹਾਂ ਵਿੱਚੋਂ ਬਹੁਤਿਆਂ ਦਾ ਕਾਰਨ ਇੱਕ ਨਵਾਂ ਨਸ਼ਾ ਦੱਸਿਆ ਜਾ ਰਿਹਾ ਹੈ। ਇਸ ਦਾ ਨਾਂ ਹੈ 'ਕੱਟ'।
ਇਹ ਵੀ ਪੜ੍ਹੋ:
ਪੁਲਿਸ ਦਾ ਕਹਿਣਾ ਹੈ ਕਿ ਚਿੱਟੇ ਦੇ ਮਿਲਣ ਵਿੱਚ ਮੁਸ਼ਕਿਲ ਆਉਣ ਕਰਕੇ ਇਸ ਨਵੇਂ ਨਸ਼ੇ ਦੀ ਵਰਤੋਂ ਦਾ ਮਾਮਲਾ ਸਾਹਮਣੇ ਆਇਆ ਹੈ, ਜਿਹੜਾ ਬਹੁਤ ਖ਼ਤਰਨਾਕ ਹੈ ਤੇ ਜਾਨਲੇਵਾ ਸਾਬਤ ਹੋ ਰਿਹਾ ਹੈ।
ਕੀ ਹੈ ਕੱਟ?
ਅੰਮ੍ਰਿਤਸਰ ਮੈਡੀਕਲ ਕਾਲਜ ਦੇ ਪ੍ਰੋਫੈਸਰ ਤੇ ਸਰਕਾਰੀ ਨਸ਼ਾ ਛੁਡਾਉ ਕੇਂਦਰ ਦੇ ਇੰਚਾਰਜ ਡਾ. ਪੀ ਡੀ ਗਰਗ ਦੱਸਦੇ ਹਨ ਕੱਟ ਦਾ ਮਤਲਬ ਹੈ ਹੈਰੋਇਨ ਦੀ ਮਾਤਰਾ ਨੂੰ ਘਟਾਉਣਾ।

ਤਸਵੀਰ ਸਰੋਤ, Getty Images
ਹੈਰੋਇਨ ਵਿੱਚ ਟੈਲਕਮ ਪਾਊਡਰ ਜਾਂ ਚੀਨੀ ਜਾਂ ਫੇਰ ਕੋਈ ਦਵਾਈ ਮਿਲਾ ਦਿੱਤੀ ਜਾਂਦੀ ਹੈ। ਇਹ ਨਸ਼ੇ ਦੀ ਕੀਮਤ ਘਟਾਉਣ ਲਈ ਵੀ ਕੀਤਾ ਜਾਂਦਾ ਹੈ।
ਕੱਟ ਕਿਵੇਂ ਖ਼ਤਰਨਾਕ ਹੈ?
ਹੈਰੋਇਨ ਵਿੱਚ ਮਿਲਾਏ ਗਏ ਪਦਾਰਥ ਸਰੀਰ ਵਿੱਚ ਇਕੱਠੇ ਹੋ ਜਾਂਦੇ ਹਨ, ਜਿਸ ਨੂੰ ਅੰਗਰੇਜ਼ੀ ਵਿੱਚ ਐਮਬਲੱਸ ਕਿਹਾ ਜਾਂਦਾ ਹੈ।
ਐਮਬੋਲਾਈਜੇਸ਼ਨ ਕਾਰਨ ਇਹ ਸਾਡੇ ਸਰੀਰ ਦੇ ਕਿਸੇ ਹਿੱਸੇ ਵਿੱਚ ਫਸ ਜਾਂਦੇ ਹਨ ਤੇ ਸਾਡੇ ਫੇਫੜੇ ਕੰਮ ਕਰਨਾ ਬੰਦ ਕਰ ਦਿੰਦੇ ਹਨ, ਜਿਸ ਨਾਲ ਵਿਅਕਤੀ ਦੀ ਮੌਤ ਹੋ ਜਾਂਦੀ ਹੈ।
ਕੀ ਕਹਿੰਦੇ ਹਨ ਸੂਬੇ ਦੇ ਮੁੱਖ ਮੰਤਰੀ?
ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਵੱਖ-ਵੱਖ ਵਸੀਲਿਆਂ ਤੋਂ ਪ੍ਰਾਪਤ ਹੋਈ ਸੂਚਨਾ ਦੇ ਅਨੁਸਾਰ ਹੈਰੋਇਨ ਅਤੇ ਚਿੱਟੇ ਦੀ ਸਪਲਾਈ ਬਾਜ਼ਾਰ ਵਿੱਚ ਨਾ ਦੇ ਬਰਾਬਰ ਰਹਿ ਗਈ ਹੈ।

ਤਸਵੀਰ ਸਰੋਤ, Getty Images
ਨਸ਼ਿਆਂ ਦੇ ਸਮੱਗਲਰ ਹੁਣ ਹੋਰਨਾਂ ਮਿਸ਼ਰਨਾਂ ਦੀ ਵਰਤੋਂ ਕਰ ਰਹੇ ਹਨ ਅਤੇ ਆਪਣੇ ਵਰਗ ਦੀ ਤਸੱਲੀ ਲਈ ਨਸ਼ੇ ਛਡਾਉਣ ਵਾਲੀ ਡਰੱਗ ਦੀ ਵੀ ਵਰਤੋਂ ਕਰਨ ਲੱਗ ਗਏ ਹਨ।
ਉਨ੍ਹਾਂ ਕਿਹਾ ਕਿ ਨਸ਼ੇੜੀਆਂ ਵੱਲੋਂ ਅਜਿਹੇ ਨਸ਼ੇ ਦੀ ਦੁਰਵਰਤੋਂ ਕੀਤੇ ਜਾਣ 'ਤੇ ਸਖ਼ਤੀ ਨਾਲ ਨਿਗਰਾਨੀ ਰੱਖਣ ਲਈ ਛੇਤੀ ਹੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ।
ਸਰਕਾਰ ਨੇ ਨਸ਼ੇ ਦੇ ਖ਼ਿਲਾਫ਼ ਕੀ ਕਾਰਵਾਈ ਕੀਤੀ ਹੈ?
- ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਅਨੁਸਾਰ ਮੌਜੂਦਾ ਸਰਕਾਰ ਵੱਲੋਂ ਮਾਰਚ, 2017 ਵਿੱਚ ਚਾਰਜ ਸੰਭਾਲਣ ਤੋਂ ਬਾਅਦ ਹੁਣ ਤੱਕ ਕੁੱਲ 18,800 ਨਸ਼ਾ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ।
- ਇਹ ਅੰਕੜੇ 16 ਮਾਰਚ, 2017 ਤੋਂ ਲੈ ਕੇ 24 ਜੂਨ, 2018 ਤੱਕ ਦੇ ਹਨ। ਇਸ ਸਮੇਂ ਦੌਰਾਨ 377 ਕਿੱਲੋਗ੍ਰਾਮ ਹੈਰੋਇਨ, 116 ਕਿੱਲੋਗ੍ਰਾਮ ਚਰਸ, 14 ਕਿੱਲੋਗ੍ਰਾਮ ਸਮੈਕ ਫੜੀ ਗਈ ਹੈ।
- ਬੁਲਾਰੇ ਅਨੁਸਾਰ 2014 ਤੋਂ ਲੈ ਕੇ 2018 ਤੱਕ ਕੁੱਲ ਗ੍ਰਿਫ਼ਤਾਰੀਆਂ 56,136 ਹੋਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕਿ ਨਸ਼ਿਆਂ ਦਾ ਇੱਕ ਸਰਗਨਾ ਹਾਂਗਕਾਂਗ ਜੇਲ੍ਹ ਵਿੱਚ ਹੈ ਅਤੇ ਉਸ ਦੀ ਹਵਾਲਗੀ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਨਸ਼ਿਆਂ ਦੇ ਤਿੰਨ ਮੁੱਖ ਸਪਲਾਇਰ ਭਾਰਤ ਤੋਂ ਫ਼ਰਾਰ ਹੋ ਚੁੱਕੇ ਹਨ।
'ਨਸ਼ੇ 'ਤੇ ਠੱਲ ਪਾਉਣ ਵਿੱਚ ਸਰਕਾਰ ਫੇਲ੍ਹ'
ਇਸ ਮਸਲੇ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਪੰਜਾਬ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ।
ਜਥੇਦਾਰ ਨੇ ਕਿਹਾ, ''ਪੰਜਾਬ ਸਰਕਾਰ ਨਸ਼ਿਆਂ 'ਤੇ ਠੱਲ ਪਾਉਣ 'ਚ ਪੂਰੀ ਤਰ੍ਹਾਂ ਨਾਲ ਫੇਲ੍ਹ ਹੋ ਗਈ ਹੈ। ਪੰਜਾਬ ਲਈ ਕਿਹਾ ਗਿਆ ਸੀ ਕਿ ਪੰਜਾਬ ਵਸਦਾ ਗੁਰਾਂ ਦੇ ਨਾਂ ਉਸ ਪੰਜਾਬ ਵਿੱਚ ਇਸ ਸਮੇਂ ਨਸ਼ਿਆਂ ਦੀ ਹਾਹਾਕਾਰ ਮਚੀ ਹੋਈ ਹੈ।''
ਉਨ੍ਹਾਂ ਕਿਹਾ ਰੋਜ਼ਾਨਾ ਹੀ ਨੌਜਵਾਨਾਂ ਦੀਆਂ ਕੀਮਤੀ ਜਾਨਾਂ ਨਸ਼ੇ ਦੀ ਭੇਟ ਚੜ੍ਹ ਰਹੀਆ ਹਨ ਅਤੇ ਸਰਕਾਰ ਇਸ ਮਸਲੇ 'ਤੇ ਅਜੇ ਤੱਕ ਪੂਰੀ ਤਰ੍ਹਾ ਫੇਲ੍ਹ ਹੋਈ ਹੈ ਕਿਉਂਕਿ ਜਿਨ੍ਹਾਂ ਨੇ ਨਸ਼ਾ ਰੋਕਣਾ ਸੀ, ਉਹ ਹੀ ਨਸ਼ੇ ਦੇ ਸੌਦਾਗਰ ਬਣੇ ਹੋਏ ਹਨ।












