ਜਦੋਂ ਆਈਵੀਐੱਫ ਦੌਰਾਨ ਹੋਈ ਗਲਤੀ ਕਰਕੇ ਇੱਕ ਸਿਆਹਫਾਮ ਪਰਿਵਾਰ 'ਚ ਪੈਦਾ ਹੋ ਗਈ ਗੋਰੀ ਬੱਚੀ

ਹਦੀਯਾ

ਤਸਵੀਰ ਸਰੋਤ, Hadeya Okeafor

ਤਸਵੀਰ ਕੈਪਸ਼ਨ, ਹਦੀਯਾ ਕਹਿੰਦੇ ਹਨ ਕਿ ਆਪਣੇ ਜਨਮ ਬਾਰੇ ਪਤਾ ਲੱਗਣ 'ਤੇ ਉਨ੍ਹਾਂ ਨੂੰ ਹੈਰਾਨੀ ਜ਼ਰੂਰ ਹੋਈ ਸੀ ਪਰ ਇਸ ਨਾਲ ਉਨ੍ਹਾਂ ਦੇ ਪਿਤਾ ਨਾਲ ਉਨ੍ਹਾਂ ਦੇ ਰਿਸ਼ਤੇ 'ਚ ਕੋਈ ਫਰਕ ਨਹੀਂ ਆਇਆ
    • ਲੇਖਕ, ਸੈਂਡ੍ਰੀਨ ਲੁੰਗੁੰਬੂ
    • ਰੋਲ, ਬੀਬੀਸੀ ਵਰਲਡ ਸਰਵਿਸ

ਹਦੀਯਾ ਉਸ ਵੇਲੇ 12 ਸਾਲ ਦੇ ਸਨ। ਉਹ ਆਪਣੀ ਮਾਂ ਨਾਲ ਸੋਫੇ 'ਤੇ ਬੈਠ ਕੇ ਫਿਲਮ ਦੇਖ ਰਹੇ ਸਨ, ਜਦੋਂ ਮਾਂ ਨੇ ਅਚਾਨਕ ਕਿਹਾ, "ਜੇ ਮੈਂ ਤੈਨੂੰ ਦੱਸਾਂ ਕਿ ਇਹੀ ਤੇਰੇ ਨਾਲ ਵੀ ਹੋਇਆ ਸੀ ਤਾਂ?" ਇਥੋਂ ਹੀ ਉਹ ਗੱਲਬਾਤ ਸ਼ੁਰੂ ਹੋਈ, ਜਿਸ ਨੇ ਹਦੀਯਾ ਦੀ ਜ਼ਿੰਦਗੀ ਬਦਲ ਦਿੱਤੀ।

ਪਹਿਲੀ ਵਾਰ ਹਦੀਯਾ ਨੂੰ ਦੱਸਿਆ ਗਿਆ ਕਿ ਉਨ੍ਹਾਂ ਦਾ ਜਨਮ ਇਨ ਵੀਟ੍ਰੋ ਫਰਟੀਲਾਈਜ਼ੇਸ਼ਨ (ਆਈਵੀਐਫ਼) ਰਾਹੀਂ ਹੋਇਆ ਸੀ, ਪਰ ਉਸ ਪ੍ਰਕਿਰਿਆ ਦੌਰਾਨ ਇੱਕ ਗਲਤੀ ਹੋ ਗਈ ਸੀ।

ਹਦੀਯਾ ਕਹਿੰਦੇ ਹਨ, "ਮੈਨੂੰ ਸਿਰਫ਼ ਇਹੀ ਯਾਦ ਹੈ ਕਿ ਮੈਂ ਸੋਚ ਰਹੀ ਸੀ ਕਿ ਇਹ ਤਾਂ ਬਹੁਤ ਹੀ ਅਜੀਬ ਤੇ ਹੈਰਾਨ ਕਰਨ ਵਾਲੀ ਕਹਾਣੀ ਹੈ। ਪਰ ਨਾਲ ਹੀ ਮੇਰੇ ਮਨ 'ਚ ਆਇਆ ਕਿ ਮੈਂ ਪਹਿਲਾਂ ਕਦੇ ਇਹ ਗੱਲ ਮਹਿਸੂਸ ਕਿਉਂ ਨਹੀਂ ਕੀਤੀ? ਪਰ ਫਿਰ ਸੋਚਿਆ ਮੈਂ ਤਾਂ ਬੱਚੀ ਸੀ, ਇਸ ਕਰਕੇ ਇਹ ਸਵਾਲ ਮੇਰੇ ਮਨ 'ਚ ਆਉਣਾ ਸੁਭਾਵਿਕ ਨਹੀਂ ਸੀ।"

ਹਦੀਯਾ ਕਹਿੰਦੇ ਹਨ ਕਿ, "ਮੇਰੇ ਲਈ ਉਹ ਪਲ ਇਕ ਹੈਰਾਨੀਜਨਕ ਖੁਲਾਸਾ ਸੀ।"

ਕੈਨੇਡਾ ਦੇ ਰਹਿਣ ਵਾਲੇ 26 ਸਾਲਾ ਪੁਰਾਤੱਤਵ ਵਿਗਿਆਨੀ ਹਦੀਯਾ ਯਾਦ ਕਰਦੇ ਹਨ, "ਦੇਖਣ 'ਚ ਸਾਫ ਸਮਝ ਆਉਂਦਾ ਸੀ ਕਿ ਕੁਝ ਤਾਂ ਗਲਤ ਹੈ, ਪਰ ਮੈਂ ਕਦੇ ਇਸ ਬਾਰੇ ਡੂੰਘਾਈ ਨਾਲ ਸੋਚਿਆ ਹੀ ਨਹੀਂ ਸੀ। ਮੈਨੂੰ ਬਾਇਓਲੋਜੀ ਦਾ ਖ਼ਾਸ ਸ਼ੌਂਕ ਨਹੀਂ ਸੀ, ਇਸ ਲਈ ਮੈਂ ਸਿਰਫ਼ ਇਹੀ ਸਮਝਦੀ ਰਹੀ ਕਿ ਕਿਉਂਕਿ ਮੇਰੀ ਮਾਂ ਗੋਰੀ ਹੈ, ਇਸ ਕਰਕੇ ਮੈਂ ਵੀ ਗੋਰੀ ਹਾਂ।"

ਉਨ੍ਹਾਂ ਕਿਹਾ, "ਮੈਂ ਘਾਨਾ ਦੇ ਇੱਕ ਮਿਲੇ-ਜੁਲੇ ਪਰਿਵਾਰ ਦਾ ਹਿੱਸਾ ਬਣੀ, ਪਰ ਇਹ ਸਭ ਅਣਜਾਣੇ 'ਚ ਹੋ ਗਿਆ।"

ਯੂਨੀਵਰਸਿਟੀ ਕਾਲਜ ਲੰਦਨ ਹਸਪਤਾਲ ਦੇ ਔਬਸਟੇਟ੍ਰਿਕਸ, ਗਾਇਨਾਕੋਲੋਜੀ ਤੇ ਪ੍ਰਜਨਨ ਚਿਕਿਤਸਾ ਵਿਭਾਗ ਦੇ ਮਾਹਰ ਡਾ. ਦਿਮਿਤਰੀਓਸ ਮਾਵਰੇਲੋਸ ਨੇ ਬੀਬੀਸੀ ਨੂੰ ਦੱਸਿਆ ਕਿ 1978 ਵਿੱਚ ਆਈਵੀਐਫ਼ ਸ਼ੁਰੂ ਹੋਣ ਤੋਂ ਲੈ ਕੇ ਅੱਜ ਤੱਕ ਦੁਨੀਆਂ ਭਰ ਵਿੱਚ 1 ਕਰੋੜ ਤੋਂ ਵੱਧ ਬੱਚੇ ਆਈਵੀਐਫ਼ ਰਾਹੀਂ ਜਨਮੇ ਹਨ।

ਅਜਿਹੀਆਂ ਗਲਤੀਆਂ ਬਹੁਤ ਹੀ ਘੱਟ ਹੁੰਦੀਆਂ ਹਨ, ਪਰ ਆਈਵੀਐਫ਼ ਦੇ ਸ਼ੁਰੂਆਤੀ ਦਿਨਾਂ ਵਿੱਚ, ਜਦੋਂ ਨਿਯਮ ਤੇ ਨਿਗਰਾਨੀ ਘੱਟ ਸੀ, ਉਸ ਵੇਲੇ ਇਹ ਮਾਮਲੇ ਕਾਫੀ ਜ਼ਿਆਦਾ ਹੁੰਦੇ ਸਨ।

"ਮੇਰਾ ਬਚਪਨ ਝੂਠ ਨਹੀਂ ਸੀ"

ਹਦੀਯਾ ਆਪਣੇ ਪਿਤਾ ਨਾਲ

ਤਸਵੀਰ ਸਰੋਤ, Hadeya Okeafor

ਤਸਵੀਰ ਕੈਪਸ਼ਨ, ਹਦੀਯਾ ਆਪਣੇ ਪਿਤਾ ਨਾਲ

ਹਦੀਯਾ ਕਹਿੰਦੇ ਹਨ, "ਉਹ ਹਮੇਸ਼ਾ ਮੇਰੇ ਪਿਤਾ ਹੀ ਰਹੇ, ਉਹੀ ਜਿਨ੍ਹਾਂ ਨੇ ਮੈਨੂੰ ਪਾਲਿਆ।"

ਕੈਨੇਡਾ ਦੇ ਪੂਰਬੀ ਤੱਟ 'ਤੇ ਸਥਿਤ ਪ੍ਰਿੰਸ ਐਡਵਰਡ ਆਇਲੈਂਡ ਦੇ ਇੱਕ ਛੋਟੇ ਸ਼ਹਿਰ ਵਿੱਚ ਪਲੇ ਹਦੀਯਾ ਕਹਿੰਦੇ ਹਨ ਕਿ ਉਨਾਂ ਦਾ ਪਰਿਵਾਰ ਉਸ ਸ਼ਹਿਰ ਵਿੱਚ ਹੋਰ ਲੋਕਾਂ ਤੋਂ ਕੁਝ ਵੱਖਰਾ ਲਗਦਾ ਸੀ।

ਉਹ ਦੱਸਦੇ ਹਨ ਕਿ ਹਾਈ ਸਕੂਲ ਵਿੱਚ ਉਨ੍ਹਾਂ ਨੂੰ ਕੁਝ ਨਸਲੀ ਟਿੱਪਣੀਆਂ ਤੇ ਤਾਅਨੇ ਸੁਣਨੇ ਪਏ, ਜੋ ਉਨਾਂ ਦੇ ਲਈ ਕਾਫੀ ਮੁਸ਼ਕਲ ਸਮਾਂ ਸੀ।

ਹਦੀਯਾ ਕਹਿੰਦੇ ਹਨ, "ਹੋਰ ਬੱਚੇ ਅਕਸਰ ਮੇਰੇ ਬਾਰੇ ਟਿੱਪਣੀਆਂ ਕਰਦੇ ਸਨ, ਜਿਵੇਂ 'ਤੈਨੂੰ ਤਾਂ ਕਾਲਾ ਹੋਣਾ ਚਾਹੀਦਾ ਸੀ' ਜਾਂ ਅਫਰੀਕਨ ਹੋਣ 'ਤੇ ਤੰਜ ਕੱਸਦੇ।''

ਉਹ ਦੱਸਦੇ ਹਨ ਕਿ ਉਨਾਂ ਨਾਲ ਹੋਇਆ ਨਸਲੀ ਵਿਤਕਰਾ ਇਨਾ ਕਰੂਰ ਨਹੀਂ ਸੀ, ਜਿੰਨਾ ਉਨਾਂ ਦੇ ਛੋਟੇ ਵੱਖਰੀ ਨਸਲ ਦੇ ਭੈਣ-ਭਰਾਵਾਂ ਨੂੰ ਸਹਿਣਾ ਪਿਆ। (ਉਨ੍ਹਾਂ ਦੇ ਮਾਪਿਆਂ ਨੇ ਹਦੀਯਾ ਨੂੰ ਆਈਵੀਐਫ਼ ਰਾਹੀਂ ਜਨਮ ਦੇਣ ਤੋਂ ਬਾਅਦ ਕੁਦਰਤੀ ਤੌਰ 'ਤੇ ਚਾਰ ਹੋਰ ਬੱਚੇ ਪੈਦਾ ਕੀਤੇ।)

ਉਹ ਦੱਸਦੇ ਹਨ, "ਅਸੀਂ ਇੱਕ ਛੋਟੇ ਸ਼ਹਿਰ ਵਿੱਚ ਰਹਿੰਦੇ ਸੀ, ਜਿੱਥੇ ਮੱਛੀਆਂ ਫੜ੍ਹਨ ਦਾ ਕੰਮ ਜ਼ਿਆਦਾ ਹੁੰਦਾ ਸੀ, ਇਸ ਕਰਕੇ ਮੇਰੇ ਭੈਣ-ਭਰਾਵਾਂ ਨੂੰ ਸਿੱਧਾ ਨਸਲੀ ਵਿਤਕਰਾ ਸਹਿਣਾ ਪੈਂਦਾ ਸੀ, ਚਾਹੇ ਉਹ ਮੇਰੇ ਨਾਲ ਸਬੰਧਿਤ ਸਨ ਜਾਂ ਨਹੀਂ।"

ਜਦੋਂ ਹਦੀਯਾ ਨੂੰ ਆਪਣੇ ਜਨਮ ਨਾਲ ਜੁੜੀ ਹੈਰਾਨ ਕਰਨ ਵਾਲੀ ਸੱਚਾਈ ਦਾ ਪਤਾ ਲੱਗਾ ਤਾਂ ਉਨ੍ਹਾਂ ਦਾ ਆਪਣੇ ਪਿਤਾ ਨਾਲ ਰਿਸ਼ਤੇ ਵਿੱਚ ਕੋਈ ਬਦਲਾਅ ਨਹੀਂ ਆਇਆ।

ਇਸ ਨਾਲ ਸਿਰਫ਼ ਉਨ੍ਹਾਂ ਦੀ ਜ਼ਿੰਦਗੀ ਬਾਰੇ ਇੱਕ ਸੱਚਾਈ ਸਾਹਮਣੇ ਆਈ ਸੀ।

ਉਹ ਕਹਿੰਦੇ ਹਨ, "ਇਸ ਨਾਲ ਮੇਰੇ ਮਨ ਦਾ ਇੱਕ ਸਵਾਲ ਤਾਂ ਜ਼ਰੂਰ ਹੱਲ ਹੋ ਗਿਆ, ਪਰ ਹਾਲੇ ਵੀ ਉਹ ਸੰਤੁਸ਼ਟੀ ਨਹੀਂ ਮਿਲੀ ਜਿਸ ਦੀ ਮੈਂ ਖੋਜ ਕਰ ਰਹੀ ਹਾਂ।"

ਹਦੀਯਾ ਅਤੇ ਉਨ੍ਹਾਂ ਦੇ ਮਾਤਾ-ਪਿਤਾ

ਤਸਵੀਰ ਸਰੋਤ, Hadeya Okeafor

ਤਸਵੀਰ ਕੈਪਸ਼ਨ, ਹਦੀਯਾ ਦੇ ਮਾਤਾ-ਪਿਤਾ ਨੇ ਪ੍ਰੇਮ ਵਿਆਹ ਕੀਤਾ ਸੀ

ਹਦੀਯਾ ਅੱਗੇ ਕਹਿੰਦੇ ਹਨ ਕਿ ਉਹ ਅਜੇ ਵੀ ਇਹ ਸਮਝਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਉਹ ਗਲਤੀ ਅਸਲ ਵਿੱਚ ਹੋਈ ਕਿਵੇਂ ਸੀ।

ਉਹ ਕਹਿੰਦੇ ਹਨ, "ਉਹ ਹਮੇਸ਼ਾਂ ਮੇਰੇ ਪਿਤਾ ਹੀ ਰਹੇ, ਉਹੀ ਜਿਨ੍ਹਾਂ ਨੇ ਮੈਨੂੰ ਪਾਲਿਆ, ਵੱਡਾ ਕੀਤਾ। ਉਹ ਮੇਰੇ ਜਨਮ ਦੇ ਦਿਨ ਵੀ ਮੌਜੂਦ ਸਨ ਤੇ ਉਸ ਤੋਂ ਪਹਿਲਾਂ ਦੇ ਸਫ਼ਰ ਵਿੱਚ ਵੀ ਸਾਥੀ ਰਹੇ। ਅਤੇ ਅੱਜ ਵੀ ਮੇਰੇ ਨਾਲ ਹਨ, ਇਸ ਲਈ ਮੈਂ ਕਦੇ ਵੀ ਉਨ੍ਹਾਂ ਨੂੰ ਲੈ ਕੇ ਅਲੱਗ ਜਿਹਾ ਮਹਿਸੂਸ ਨਹੀਂ ਕੀਤਾ।"

ਉਹ ਕਹਿੰਦੇ ਹਨ, "ਮੇਰਾ ਬਚਪਨ ਕੋਈ ਝੂਠ ਨਹੀਂ ਸੀ, ਮੈਂ ਹਮੇਸ਼ਾਂ ਪਰਿਵਾਰ ਦਾ ਹਿੱਸਾ ਰਹੀ ਹਾਂ। ਕੁਝ ਹੱਦ ਤੱਕ ਮੈਂ ਖੁਦ ਨੂੰ ਘਾਨਾ ਨਸਲ ਨਾਲ ਜੋੜਦੀ ਹਾਂ, ਕਿਉਂਕਿ ਮੈਂ ਉਹੀ ਖਾਣਾ ਖਾ ਕੇ ਵੱਡੀ ਹੋਈ, ਉਹੀ ਭਾਸ਼ਾ ਪਹਿਚਾਣਦੀ ਹਾਂ। ਮੈਂ ਉਹ ਭਾਸ਼ਾ ਬੋਲ ਨਹੀਂ ਸਕਦੀ, ਪਰ ਕਈ ਵਾਰ ਸੁਣ ਕੇ ਸਮਝ ਲੈਂਦੀ ਹਾਂ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਮਾਪੇ 1990 ਦੇ ਦਹਾਕੇ ਵਿੱਚ ਟੋਰਾਂਟੋ ਵਿੱਚ ਮਿਲੇ ਸਨ ਅਤੇ ਇੱਕ ਸਾਲ ਦੇ ਅੰਦਰ ਹੀ ਉਨ੍ਹਾਂ ਦਾ ਵਿਆਹ ਹੋ ਗਿਆ ਸੀ।

ਉਹ ਕਹਿੰਦੇ ਹਨ, "ਮੇਰੇ ਪਿਤਾ ਘਾਨਾ ਦੇ ਸਮੁੰਦਰੀ ਸ਼ਹਿਰ ਟੇਮਾ ਦੇ ਜੰਮ-ਪਲ ਹਨ ਅਤੇ ਜਦੋਂ ਉਹ ਆਪਣੇ 20ਵਿਆਂ ਵਿੱਚ ਸਨ, ਉਹ ਕੈਨੇਡਾ ਪਰਵਾਸ ਕਰ ਗਏ, ਜਿੱਥੇ ਉਹ ਟੋਰਾਂਟੋ ਵਿੱਚ ਰਹਿੰਦੇ ਸਨ। ਉੱਥੇ ਹੀ ਉਨ੍ਹਾਂ ਦੀ ਮੁਲਾਕਾਤ ਮੇਰੀ ਮਾਂ ਨਾਲ ਹੋਈ, ਜੋ ਕਿ ਪ੍ਰਿੰਸ ਐਡਵਰਡ ਆਇਲੈਂਡ ਦੇ ਨਾਰਥ ਰਸਟਿਕੋ ਤੋਂ ਸਨ।"

ਉਹ ਦੱਸਦੇ ਹਨ ਕਿ ਕਈ ਸਾਲਾਂ ਤੱਕ ਬੱਚਾ ਹੋਣ ਵਿੱਚ ਮੁਸ਼ਕਲਾਂ ਆਉਣ ਤੋਂ ਬਾਅਦ ਉਨ੍ਹਾਂ ਨੇ ਟੋਰਾਂਟੋ ਫਰਟੀਲਿਟੀ ਐਂਡ ਸਟੀਰਿਲਿਟੀ ਇੰਸਟੀਚਿਊਟ 'ਚ ਆਈਵੀਐਫ਼ ਇਲਾਜ ਲੈਣ ਦਾ ਫ਼ੈਸਲਾ ਕੀਤਾ, ਇਹ ਕਲੀਨਿਕ ਸਵਰਗੀ ਡਾਕਟਰ ਫਿਰੋਜ਼ ਖ਼ਾਮਸੀ ਵੱਲੋਂ ਚਲਾਇਆ ਜਾਂਦਾ ਸੀ।

ਇਹ ਵੀ ਪੜ੍ਹੋ-

ਆਈਵੀਐਫ਼ ਇਕ ਅਜਿਹੀ ਪ੍ਰਕਿਰਿਆ ਹੈ ਜਿਸ ਵਿੱਚ ਮਹਿਲਾ ਦੇ ਅੰਡੇ ਨੂੰ ਪੁਰਸ਼ ਦੇ ਸ਼ੁਕਰਾਣੂ ਨਾਲ ਲੈਬੋਰਟਰੀ ਵਿੱਚ ਮਿਲਾਇਆ ਜਾਂਦਾ ਹੈ ਅਤੇ ਫਿਰ ਤਿਆਰ ਹੋਏ ਭਰੂਣ ਨੂੰ ਔਰਤ ਦੇ ਗਰਭ ਵਿੱਚ ਰੱਖਿਆ ਜਾਂਦਾ ਹੈ।

ਉਹ ਕਹਿੰਦੇ ਹਨ, "ਮੇਰੇ ਮਾਪਿਆਂ ਨੇ ਲਗਭਗ ਸੱਤ ਸਾਲ ਤੱਕ ਕੋਸ਼ਿਸ਼ ਕੀਤੀ ਸੀ ਤਾਂ ਜਾ ਕੇ ਆਈਵੀਐਫ਼ ਰਾਹੀਂ ਸਫਲਤਾ ਮਿਲੀ। ਇਹ ਇੱਕ ਕਾਫ਼ੀ ਲੰਬੀ ਤੇ ਔਖੀ ਪ੍ਰਕਿਰਿਆ ਸੀ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਨੇ ਕਲੀਨਿਕ ਨੂੰ ਸਾਫ਼ ਹਦਾਇਤ ਦਿੱਤੀ ਸੀ ਕਿ ਉਨ੍ਹਾਂ ਨੂੰ ਇੱਕ ਬਲੈਕ ਸਪਰਮ ਡੋਨਰ ਚਾਹੀਦਾ ਸੀ ਤਾਂ ਜੋ ਬੱਚੇ ਵਿੱਚ ਦੋਹਾਂ ਮਾਪਿਆਂ ਦੀ ਝਲਕ ਰਹੇ।

ਉਹ ਕਹਿੰਦੇ ਹਨ, "ਜਦੋਂ ਮੇਰਾ ਜਨਮ ਹੋਇਆ, ਮੇਰੇ ਮਾਪੇ ਮੇਰੇ ਰੰਗ ਨੂੰ ਦੇਖ ਕੇ ਹੈਰਾਨ ਰਹਿ ਗਏ। ਜਦੋਂ ਉਨ੍ਹਾਂ ਨੇ ਆਈਵੀਐਫ਼ ਕਲੀਨਿਕ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ 'ਇੱਕ ਸਾਲ ਇੰਤਜ਼ਾਰ ਕਰੋ ਰੰਗ ਬਦਲ ਜਾਵੇਗਾ'।''

ਪਰ ਇੱਕ ਸਾਲ ਬਾਅਦ ਉਨ੍ਹਾਂ ਦੀ ਮਾਂ ਨੇ ਕਲੀਨਿਕ ਨੂੰ ਕਿਹਾ ਕਿ ਇਸ ਮਾਮਲੇ ਦੀ ਪੜਤਾਲ ਕੀਤੀ ਜਾਵੇ। ਜਾਂਚ ਵਿੱਚ ਪਤਾ ਲੱਗਾ ਕਿ ਸਪਰਮ ਡੋਨਰ ਕੌਕੇਸ਼ੀਅਨ (ਗੋਰਾ) ਸੀ ਅਤੇ ਜੋ ਕਿ ਇੱਕ ਲਾਲ ਵਾਲਾਂ ਵਾਲਾਂ ਵਾਲਾ ਆਦਮੀ ਦੱਸਿਆ ਗਿਆ।

ਉਹ ਕਹਿੰਦੇ ਹਨ, "ਜਦੋਂ ਇੱਕ ਸਾਲ ਪੂਰਾ ਹੋਇਆ ਤਾਂ ਕਲੀਨਿਕ ਨੇ ਇਹ ਮੰਨ ਲਿਆ ਕਿ ਡੋਨਰ ਸਿਰਿੰਜ ਦੇ ਨੰਬਰਾਂ ਵਿੱਚ ਗਲਤੀ ਹੋਈ ਸੀ… ਉਸੇ ਕਾਰਨ ਅਜਿਹਾ ਹੋਇਆ।"

ਹਦੀਯਾ

ਅੱਗੇ ਚੱਲ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ ਬਾਇਲੋਜੀਕਲ ਪਿਤਾ ਦੇ ਵਾਲ ਭੂਰੇ ਸਨ, ਉਹ ਲਾਲ ਵਾਲਾਂ ਵਾਲੇ ਬਿਲਕੁਲ ਨਹੀਂ ਸਨ, ਜਿਵੇਂ ਕਿ ਪਹਿਲਾਂ ਦੱਸਿਆ ਗਿਆ ਸੀ।

ਉਹ ਦੱਸਦੇ ਹਨ ਕਿ ਜਦੋਂ ਉਨ੍ਹਾਂ ਦੇ ਮਾਪਿਆਂ ਦੀ ਡਾਕਟਰ ਖ਼ਾਮਸੀ ਨਾਲ ਮੁਲਾਕਾਤ ਹੋਈ ਤਾਂ ਉਨ੍ਹਾਂ ਨੇ ਮਾਪਿਆਂ ਨੂੰ ਕਿਹਾ, "ਤੁਹਾਨੂੰ ਜੋ ਮਿਲਿਆ ਹੈ ਉਸ ਲਈ ਸ਼ੁਕਰਗੁਜ਼ਾਰ ਰਹੋ, ਤੁਹਾਡੇ ਸੋਹਣਾ ਪਰਿਵਾਰ ਹੈ, ਤੁਸੀਂ ਜੋ ਚਾਹੁੰਦੇ ਸੀ ਉਹ ਮਿਲ ਗਿਆ। ਜੇ ਚਾਹੋ ਤਾਂ ਮੈਨੂੰ ਅਦਾਲਤ ਵਿੱਚ ਲੈ ਜਾਓ, ਇਸੇ ਲਈ ਤਾਂ ਇਨਸ਼ੋਰੈਂਸ ਹੁੰਦਾ ਹੈ।"

ਉਹ ਕਹਿੰਦੇ ਹਨ ਕਿ 2003 ਵਿੱਚ ਉਨ੍ਹਾਂ ਦੇ ਮਾਪਿਆਂ ਨੇ ਕਲੀਨਿਕ ਖ਼ਿਲਾਫ਼ ਸਿਵਲ ਕੇਸ ਕੀਤਾ ਅਤੇ ਅਖੀਰ ਵਿੱਚ ਇਹ ਮਾਮਲਾ ਗੁਪਤ ਰਕਮ 'ਤੇ ਸਮਝੌਤੇ ਨਾਲ ਨਿਪਟਾਇਆ ਗਿਆ।

ਉਹ ਕਹਿੰਦੇ ਹਨ, "ਇਹ ਗੱਲ ਥੋੜੀ ਮਜ਼ਾਕੀਆ ਸੀ ਕਿਉਂਕਿ ਅਦਾਲਤ ਵਿੱਚ ਕਿਹਾ ਗਿਆ ਕਿ ਇਹ ਸਾਬਤ ਨਹੀਂ ਕੀਤਾ ਜਾ ਸਕਦਾ ਕਿ ਮੈਂ ਕੌਕੇਸ਼ੀਅਨ ਬੱਚੀ ਹਾਂ, ਅਤੇ ਇਸ ਦੇ ਲਈ ਡੀਐਨਏ ਟੈਸਟ ਦੀ ਲੋੜ ਹੈ। ਪਰ ਮੇਰੇ ਖਿਆਲ 'ਚ ਇਹ ਗੱਲ ਬਿਲਕੁਲ ਸਾਫ਼ ਸੀ। ਇਹ ਤਕਰੀਬਨ ਮੈਡੀਕਲ ਗੈਸਲਾਈਟਿੰਗ ਵਰਗੀ ਸਥਿਤੀ ਸੀ ਜੋ ਪੂਰੀ ਕਾਨੂੰਨੀ ਪ੍ਰਕਿਰਿਆ ਦੌਰਾਨ ਵਾਰ-ਵਾਰ ਮਹਿਸੂਸ ਹੋਈ।"

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਕੇਸ ਨਾਲ ਕੋਈ ਸਿੱਧਾ ਪ੍ਰਭਾਵ ਨਹੀਂ ਪਿਆ ਅਤੇ ਕਲੀਨਿਕ ਚੱਲਦਾ ਰਿਹਾ।

ਡਾਕਟਰ ਖ਼ਾਮਸੀ ਨੇ ਮਾਰਚ 2011 ਵਿੱਚ ਓਨਟਾਰੀਓ ਦੇ ਕਾਲਜ ਆਫ਼ ਫ਼ਿਜ਼ੀਸ਼ਅਨਜ਼ ਐਂਡ ਸਰਜਨਜ਼ (ਸੀਪੀਐਸਓ) ਤੋਂ ਅਸਤੀਫ਼ਾ ਦੇ ਦਿੱਤਾ ਸੀ।

ਸੀਪੀਐਸਓ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਅਸਤੀਫ਼ਾ ਉਸ ਸਮਝੌਤੇ ਤੋਂ ਬਾਅਦ ਦਿੱਤਾ ਗਿਆ ਜਿਸ ਦੇ ਤਹਿਤ ਮੈਡੀਕਲ ਨਿਯੰਤਰਕ ਨੇ 26 ਮਰੀਜ਼ਾਂ ਦੀ ਦੇਖਭਾਲ, ਇਲਾਜ ਅਤੇ ਰਿਕਾਰਡ ਰੱਖਣ ਨਾਲ ਜੁੜੀਆਂ ਚਿੰਤਾਵਾਂ 'ਤੇ ਹੋਣ ਵਾਲੀ ਸੁਣਵਾਈ ਰੱਦ ਕਰ ਦਿੱਤੀ ਸੀ।

ਉਨ੍ਹਾਂ ਨੇ ਇਹ ਵੀ ਸਹਿਮਤੀ ਦਿੱਤੀ ਕਿ ਉਹ ਓਨਟਾਰੀਓ ਜਾਂ ਕੈਨੇਡਾ ਦੇ ਕਿਸੇ ਹੋਰ ਸੂਬੇ ਵਿੱਚ ਡਾਕਟਰ ਵਜੋਂ ਰਜਿਸਟ੍ਰੇਸ਼ਨ ਲਈ ਅਰਜ਼ੀ ਜਾਨ ਦੁਬਾਰਾ ਅਰਜ਼ੀ ਨਹੀਂ ਦੇਣਗੇ।

ਪੰਦਰਾਂ ਡੋਨਰ ਭੈਣ-ਭਰਾ ਅਤੇ ਗਿਣਤੀ ਜਾਰੀ

ਹਦੀਯਾ ਆਪਣੇ ਪਿਤਾ ਨਾਲ

ਤਸਵੀਰ ਸਰੋਤ, Hadeya Okeafor

ਤਸਵੀਰ ਕੈਪਸ਼ਨ, ਕਈ ਸਾਲਾਂ ਤੱਕ ਕੋਸ਼ਿਸ਼ ਦੇ ਬਾਵਜੂਦ ਬੱਚਾ ਨਾ ਹੋਣ 'ਤੇ ਹਦੀਯਾ ਦੇ ਮਾਤਾ-ਪਿਤਾ ਨੇ ਆਈਵੀਐਫ ਦਾ ਸਹਾਰਾ ਲਿਆ ਸੀ ਪਰ ਉਸ 'ਚ ਗੜਬੜੀ ਹੋ ਗਈ

ਸਾਲ 2019 ਵਿੱਚ, ਉਨ੍ਹਾਂ ਨੇ ਡੀਐਨਏ ਟੈਸਟ ਕਰਵਾਇਆ ਤਾਂ ਜੋ ਉਨ੍ਹਾਂ ਨੂੰ ਆਪਣੇ ਬਾਇਲੋਜੀਕਲ ਪਿਤਾ ਦੇ ਪਰਿਵਾਰ ਬਾਰੇ ਹੋਰ ਜਾਣਕਾਰੀ ਮਿਲ ਸਕੇ। ਉਸ ਵੇਲੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲੀ।

ਪਰ ਪੰਜ ਸਾਲ ਬਾਅਦ, ਕਿਸੇ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਤੇ ਕਿਹਾ ਕਿ ਉਨ੍ਹਾਂ ਦਾ ਡੀਐਨਏ ਮੈਚ ਕਰਦਾ ਹੈ। ਇਸ ਖੁਲਾਸੇ ਰਾਹੀਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਨ੍ਹਾਂ ਦੇ 12 ਹਾਫ-ਸਿਬਲਿੰਗਜ਼ ਹਨ।

ਜ਼ਿਆਦਾਤਰ ਇਹ ਸਾਰੇ 1994 ਤੋਂ 1998 ਦੇ ਵਿਚਾਲੇ ਉਸੇ ਡੋਨਰ ਰਾਹੀਂ ਜਨਮੇ ਸਨ।

ਉਨ੍ਹਾਂ ਕਿਹਾ, "ਜਦੋਂ ਮੈਨੂੰ ਪਤਾ ਲੱਗਿਆ ਕਿ ਮੇਰੇ 12 ਭੈਣ-ਭਰਾ ਹਨ ਤਾਂ ਇਹ ਕਾਫ਼ੀ ਹੈਰਾਨੀਜਨਕ ਸੀ। ਉਸ ਤੋਂ ਬਾਅਦ ਮੈਂ ਤਿੰਨ ਹੋਰ ਭੈਣ-ਭਰਾ ਵੀ ਲੱਭੇ।"

ਉਨ੍ਹਾਂ ਅੱਗੇ ਕਿਹਾ, "ਇਸ ਨਾਲ ਤੁਹਾਨੂੰ ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਸਿਰਫ਼ ਇਕ ਮੈਡੀਕਲ ਅੰਕੜਾ ਹੋ, ਉਹ ਵੀ ਅਜਿਹਾ ਜਿਸ ਦਾ ਹਿੱਸਾ ਬਣਨ ਦੀ ਤੁਸੀਂ ਕਦੇ ਉਮੀਦ ਨਹੀਂ ਕੀਤੀ ਸੀ। ਇਹ ਬਿਲਕੁਲ ਉਹ ਅਹਿਸਾਸ ਸੀ ਜਿਵੇਂ ਤੁਸੀਂ ਉਸ 1% ਵਿੱਚ ਹੋ, ਪਰ ਇਹ ਜਾਣਨਾ ਬਹੁਤ ਬੋਝ ਵਾਲੀ ਗੱਲ ਸੀ।"

ਉਨ੍ਹਾਂ ਕਿਹਾ, "ਅਸੀਂ ਪਤਾ ਲਗਾਇਆ ਕਿ ਸ਼ਾਇਦ ਮੈਂ ਹੀ ਇਕੱਲੀ ਨਹੀਂ ਜਿਸ ਨਾਲ ਇਹ ਗੜਬੜੀ ਹੋਈ ਹੈ, ਮੇਰੇ ਹੋਰ ਭੈਣ-ਭਰਾਵਾਂ ਵਿੱਚ ਵੀ ਹੋ ਸਕਦੇ ਹਨ। ਇਸ ਗੱਲ ਨੇ ਹੋਰ ਸਵਾਲ ਖੜ੍ਹੇ ਕਰ ਦਿੱਤੇ ਅਤੇ ਮੈਨੂੰ ਆਪਣੀ ਕਹਾਣੀ ਦੀ ਹੋਰ ਜਾਂਚ ਕਰਨ ਲਈ ਪ੍ਰੇਰਿਤ ਕੀਤਾ।"

ਉਨ੍ਹਾਂ ਕਿਹਾ, "ਇਹ ਗੱਲ ਸਪਸ਼ਟ ਤੌਰ 'ਤੇ ਸਾਹਮਣੇ ਆਈ ਕਿ ਸਾਡੇ ਸਾਰਿਆਂ ਦੀਆਂ ਮਾਵਾਂ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੇ ਡੋਨਰ ਨਾਲ 6 ਜਾਂ 8 ਤੋਂ ਵੱਧ ਬੱਚਿਆਂ ਦੀ ਪੈਦਾਇਸ਼ ਨਹੀਂ ਹੋਵੇਗੀ।"

ਪਰ ਡੋਨਰ ਦਾ ਸਪਰਮ ਘੱਟੋ-ਘੱਟ 15 ਆਈਵੀਐਫ਼ ਇਲਾਜਾਂ ਵਿੱਚ ਵਰਤਿਆ ਗਿਆ। ਇਹ ਖ਼ਬਰ ਉਨ੍ਹਾਂ ਸਭ ਲਈ ਝਟਕਾ ਸੀ ਜੋ ਇਸ ਨਾਲ ਜੁੜੇ ਹੋਏ ਸਨ, ਖ਼ਾਸ ਕਰਕੇ ਉਨ੍ਹਾਂ ਭੈਣ-ਭਰਾਵਾਂ ਲਈ ਜਿਨ੍ਹਾਂ ਨੂੰ ਇਹ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੀ ਪੈਦਾਇਸ਼ ਡੋਨਰ ਰਾਹੀਂ ਹੋਈ ਸੀ।

ਹਦੀਯਾ ਦੱਸਦੇ ਹਨ ਕਿ ਉਨ੍ਹਾਂ ਦੇ ਬਾਇਓਲਾਜਿਕਲ ਪਿਤਾ ਦੀਆਂ ਕੁਦਰਤੀ ਧੀਆਂ ਨੇ ਉਨ੍ਹਾਂ ਨੂੰ ਇਹ ਜਾਣਕਾਰੀ ਦਿੱਤੀ ਕਿ ਡੋਨਰ ਨੇ 1994 ਵਿੱਚ ਕੈਲਗਰੀ ਯੂਨੀਵਰਸਿਟੀ ਨੂੰ ਮੈਡੀਕਲ ਖੋਜ ਲਈ ਸਪਰਮ ਦਾਨ ਕੀਤਾ ਸੀ, ਪਰ ਕਿਸੇ ਤਰੀਕੇ ਨਾਲ ਉਹ ਸਪਰਮ ਉਸ ਕਲੀਨਿਕ ਤੱਕ ਪਹੁੰਚ ਗਿਆ।

ਕੈਨੇਡਾ ਵਿੱਚ ਡੋਨੇਸ਼ਨਾਂ ਦੀ ਗਿਣਤੀ ਜਾਂ ਇੱਕ ਡੋਨਰ ਤੋਂ ਹੋਣ ਵਾਲੇ ਬੱਚਿਆਂ ਦੀ ਸੰਖਿਆ 'ਤੇ ਕੋਈ ਕਾਨੂੰਨੀ ਸੀਮਾ ਤੈਅ ਨਹੀਂ ਹੈ, ਪਰ ਕੁਝ ਕਲੀਨਿਕ ਆਪਣੇ ਪੇਸ਼ੇਵਰ ਵਿਵੇਕ ਅਨੁਸਾਰ ਆਪਣੀਆਂ ਸੀਮਾਵਾਂ ਤੈਅ ਕਰਦੇ ਹਨ।

'ਦੋਵੇਂ ਸੱਭਿਆਚਾਰ ਮਿਲਣ ਦੀ ਖੁਸ਼ਕਿਸਮਤੀ'

ਹਦੀਯਾ ਆਪਣੇ ਪਿਤਾ ਨਾਲ

ਤਸਵੀਰ ਸਰੋਤ, Hadeya Okeafor

ਤਸਵੀਰ ਕੈਪਸ਼ਨ, ਹਦੀਯਾ ਕਹਿੰਦੇ ਹਨ ਕਿ ਉਨ੍ਹਾਂ ਨੂੰ ਦੋ ਵੱਖਰੇ ਸਭਿਆਚਾਰਾਂ ਦੇ ਅਨੁਭਵ ਮਿਲੇ ਹਨ ਅਤੇ ਇਸ ਬਾਰੇ ਉਹ ਖੁਸ਼ਕਿਸਮਤ ਮਹਿਸੂਸ ਕਰਦੇ ਹਨ

ਇਸ ਸਭ ਮਗਰੋਂ, ਉਨ੍ਹਾਂ ਦੇ ਜ਼ਿਆਦਾਤਰ ਡੋਨਰ ਭੈਣ-ਭਰਾ ਇੱਕ ਗਰੁੱਪ ਚੈਟ ਵਿੱਚ ਜੁੜ ਗਏ, ਤਾਂ ਜੋ ਇੱਕ-ਦੂਜੇ ਨੂੰ ਜਾਣ ਸਕਣ ਅਤੇ ਸੰਪਰਕ ਵਿਚ ਰਹਿ ਸਕਣ।

ਉਨ੍ਹਾਂ ਕਿਹਾ, "ਮੇਰਾ ਇੱਕ ਬਾਇਓਲੋਜਿਕਲ ਭਰਾ ਪੂਰਬੀ ਤੱਟ 'ਤੇ ਰਹਿੰਦਾ ਹੈ ,ਸਮਝੋ ਕਿ ਅਸੀਂ ਇਕ-ਦੂਜੇ ਤੋਂ ਸਿਰਫ਼ ਦੋ ਗਲੀਆਂ ਦੇ ਫ਼ਾਸਲੇ 'ਤੇ ਰਹਿੰਦੇ ਸੀ, ਪਰ ਸਾਨੂੰ ਇਸ ਬਾਰੇ ਪਤਾ ਹੀ ਨਹੀਂ ਸੀ।"

ਕੁੱਲ ਮਿਲਾ ਕੇ, ਹਦੀਯਾ ਆਪਣੇ ਆਪ ਨੂੰ "ਖੁਸ਼ਕਿਸਮਤ" ਮੰਨਦੇ ਹਨ ਕਿ ਉਹ ਦੋ ਵੱਖ-ਵੱਖ ਵਿਰਾਸਤੀ ਸਭਿਆਚਾਰਾਂ ਵਾਲੇ ਪਰਿਵਾਰ ਵਿੱਚ ਜੰਮੇ-ਪਲੇ।

ਉਹ ਕਹਿੰਦੇ ਹਨ, "ਮੇਰੇ ਪਿਤਾ ਕੈਨੇਡਾ ਵਿੱਚ ਪਹਿਲੀ ਪੀੜ੍ਹੀ ਦੇ ਪਰਵਾਸੀ ਸਨ। ਉਹ ਆਪਣੇ ਘਾਨਾ ਦੇ ਸੱਭਿਆਚਾਰ 'ਤੇ ਬਹੁਤ ਮਾਣ ਕਰਦੇ ਸਨ ਤੇ ਖੁੱਲ੍ਹ ਕੇ ਉਸ ਨੂੰ ਮਾਣਦੇ ਸਨ। ਇਸ ਕਰਕੇ ਮੈਂ ਖੁਦ ਨੂੰ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਨੂੰ ਦੋ ਸਭਿਆਚਾਰਾਂ, ਘਾਨਾਈ ਤੇ ਪ੍ਰਿੰਸ ਐਡਵਰਡ ਆਈਲੈਂਡ ਦੀ ਫ੍ਰੈਂਚ ਐਕੇਡੀਆਈ ਸਭਿਆਚਾਰ ਦੋਹਾਂ ਦਾ ਤਜਰਬਾ ਪ੍ਰਾਪਤ ਹੋਇਆ।"

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)