'ਮੈਂ ਰਾਤ ਨੂੰ ਸਮੁੰਦਰ 'ਚ ਡਿੱਗ ਪਿਆ, 26 ਘੰਟੇ ਜਾਨ ਬਚਾਉਣ ਲਈ ਤੈਰਿਆ, ਜੈਲੀਫਿਸ਼ ਨੇ ਮੈਨੂੰ ਕੱਟਿਆ', ਇਹ ਸ਼ਖ਼ਸ ਅਥਾਹ ਸਮੁੰਦਰ 'ਚੋਂ ਕਿਵੇਂ ਬਚਿਆ

ਸ਼ਿਵਮੁਰੂਗਨ
ਤਸਵੀਰ ਕੈਪਸ਼ਨ, ਸ਼ਿਵਮੁਰੂਗਨ 26 ਘੰਟਿਆਂ ਤੱਕ ਸਮੁੰਦਰ ਵਿੱਚ ਜਾਨ ਬਚਾਉਣ ਲਈ ਤੈਰਦੇ ਰਹੇ
    • ਲੇਖਕ, ਸਿਰਾਜ
    • ਰੋਲ, ਬੀਬੀਸੀ ਪੱਤਰਕਾਰ

ਇਹ 20 ਸਤੰਬਰ 2025, ਸਵੇਰੇ 1.15 ਵਜੇ ਦਾ ਸਮਾਂ ਸੀ। ਸ਼ਿਵਮੁਰੂਗਨ ਸਮੁੰਦਰ ਵਿੱਚ ਵੱਡੀਆਂ ਲਹਿਰਾਂ 'ਤੇ ਤੈਰ ਰਿਹਾ ਸੀ। ਬੇਸ਼ੱਕ, ਉਹ ਕਿਨਾਰੇ ਦੇ ਨੇੜੇ ਨਹੀਂ ਸੀ, ਪਰ ਕੰਨਿਆਕੁਮਾਰੀ ਦੇ ਤੱਟ ਤੋਂ 16 ਸਮੁੰਦਰੀ ਮੀਲ (ਲਗਭਗ 29 ਕਿਲੋਮੀਟਰ) ਦੀ ਦੂਰੀ 'ਤੇ ਸਮੁੰਦਰ ਵਿੱਚ ਲਹਿਰਾਂ ਨਾਲ ਲੜ ਰਿਹਾ ਸੀ।

ਸ਼ਿਵਮੁਰੂਗਨ ਇੱਕ ਮਛੇਰਾ ਹੈ। ਉਹ ਆਪਣੇ ਦੋਸਤਾਂ ਅਤੇ ਭਰਾ ਨਾਲ ਖੁੱਲ੍ਹੇ ਸਮੁੰਦਰ ਵਿੱਚ ਮੱਛੀਆਂ ਫੜ ਰਿਹਾ ਸੀ ਜਦੋਂ ਉਹ ਕਿਸ਼ਤੀ ਤੋਂ ਡਿੱਗ ਪਿਆ। ਉਦੋਂ ਸਵੇਰ ਦੇ 5 ਵੱਜੇ ਸਨ।

ਉਸ ਘਟਨਾ ਬਾਰੇ ਸ਼ਿਵਮੁਰੂਗਨ ਨੇ ਬੀਬੀਸੀ ਨੂੰ ਦੱਸਿਆ, "ਮੈਂ ਆਪਣੀਆਂ ਅੱਖਾਂ ਦੇ ਸਾਹਮਣੇ ਸਿਰਫ਼ 1 ਸਮੁੰਦਰੀ ਮੀਲ (ਤਕਰੀਬਨ 1.8 ਕਿਲੋਮੀਟਰ) ਦੂਰ ਕਿਸ਼ਤੀਆਂ ਨੂੰ ਮੈਨੂੰ ਲੱਭਦੇ ਦੇਖਿਆ। ਸਮੁੰਦਰ ਦੇ ਖਾਰੇ ਪਾਣੀ ਕਾਰਨ ਮੇਰਾ ਗਲਾ ਸੁੱਜ ਗਿਆ ਸੀ।"

"ਮੈਂ ਮਦਦ ਲਈ ਚੀਕ ਵੀ ਨਾ ਸਕਿਆ। ਰਾਤ ਦਾ ਸਮਾਂ ਸੀ ਅਤੇ ਮੈਂ ਉਨ੍ਹਾਂ ਨੂੰ ਸਮੁੰਦਰ ਵਿੱਚ ਨਹੀਂ ਦੇਖ ਸਕਦਾ ਸੀ। ਕੁਝ ਘੰਟਿਆਂ ਦੇ ਅੰਦਰ ਕਿਸ਼ਤੀਆਂ ਕੰਢੇ 'ਤੇ ਵਾਪਸ ਚਲੀਆਂ ਗਈਆਂ। ਮੈਂ ਸਮੁੰਦਰ ਵਿੱਚ ਤੈਰ ਰਿਹਾ ਸੀ।"

35 ਸਾਲਾ ਸ਼ਿਵਮੁਰੂਗਨ ਤਾਮਿਲਨਾਡੂ ਦੇ ਤਿਰੂਨੇਲਵੇਲੀ ਜ਼ਿਲ੍ਹੇ ਦੇ ਕੁਡਨਕੁਲਮ ਦੇ ਨੇੜੇ, ਤੱਟਵਰਤੀ ਪਿੰਡ ਚੇਟੀਕੁਲਮ ਦੇ ਰਹਿਣ ਵਾਲੇ ਹਨ।

20 ਸਤੰਬਰ ਨੂੰ ਸ਼ਿਵਮੁਰੂਗਨ ਕੰਨਿਆਕੁਮਾਰੀ ਦੇ ਚਿੰਨਮੁੱਤਮ ਬੰਦਰਗਾਹ 'ਤੇ ਇੱਕ ਮੋਟਰਬੋਟ ਵਿੱਚ ਸਮੁੰਦਰ ਵਿੱਚ ਮੱਛੀਆਂ ਫੜਨ ਗਏ ਸਨ। ਉਨ੍ਹਾਂ ਦਾ ਭਰਾ ਅਤੇ ਹੋਰ ਮਛੇਰੇ ਵੀ ਨਾਲ ਸਨ।

ਜਦੋਂ ਕਿਸ਼ਤੀ ਸਮੁੰਦਰ ਵਿੱਚ ਸੀ ਤਾਂ ਸ਼ਿਵਮੁਰੂਗਨ ਕਿਸ਼ਤੀ ਤੋਂ ਤਿਲਕ ਗਿਆ ਅਤੇ ਸਮੁੰਦਰ ਵਿੱਚ ਡਿੱਗ ਪਏ। ਉਨ੍ਹਾਂ ਨੂੰ 26 ਘੰਟਿਆਂ ਬਾਅਦ ਬਚਾਇਆ ਗਿਆ।

ਸਮੁੰਦਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਿਵਮੁਰੂਗਨ ਦੱਸਦੇ ਹਨ ਕਿ ਜੈਲੀਫ਼ਿਸ਼ ਨੇ ਉਨ੍ਹਾਂ ਦੇ ਸਰੀਰ ਉੱਤੇ ਕਈ ਕੱਟ ਮਾਰੇ

ਕੰਨਿਆਕੁਮਾਰੀ ਦੀ ਇੱਕ ਮੱਛੀਆ ਫੜਨ ਵਾਲੀ ਅਤੇ ਲੇਖਕ ਪੌਲੀਨ ਨੇ ਕਿਹਾ, "ਸਮੁੰਦਰ ਵਿੱਚ ਸ਼ਿਵਮੁਰੂਗਨ ਦੇ ਲਾਪਤਾ ਹੋਣ ਦੀ ਖ਼ਬਰ ਕੰਢੇ ਤੱਕ ਪਹੁੰਚ ਗਈ ਸੀ। ਕਿਉਂਕਿ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਅਸਫਲ ਰਹੀਆਂ, ਇਸ ਲਈ ਅਸੀਂ ਸੋਚਿਆ ਕਿ ਉਸਦੇ ਬਚਣ ਦੀ ਕੋਈ ਸੰਭਾਵਨਾ ਨਹੀਂ ਹੈ।"

"ਕਿਉਂਕਿ ਜੇਕਰ ਉਹ ਤਾਮਿਲਨਾਡੂ ਦੇ ਦੱਖਣ ਵਿੱਚ ਸਮੁੰਦਰ ਵਿੱਚ ਗੁਆਚ ਜਾਂਦਾ, ਤਾਂ ਉਸਦੇ ਜ਼ਿੰਦਾ ਬੱਚ ਜਾਣ ਦੀ ਸੰਭਾਵਨਾ ਬਹੁਤ ਘੱਟ ਸੀ।"

ਕੁਲਾਚਲ ਮਰੀਨ ਪੁਲਿਸ ਦੇ ਅਧਿਕਾਰੀਆਂ ਨੇ ਕਿਹਾ, "ਜਿਵੇਂ ਹੀ ਸ਼ਿਵਮੁਰੂਗਨ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ, ਪੁਲਿਸ ਨੇ ਉਸਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ। ਪਰ ਉਹ ਨਹੀਂ ਮਿਲਿਆ।"

"ਜਦੋਂ ਕੂਟਨਕੁਲੀ ਪਿੰਡ ਦੇ ਕੁਝ ਮਛੇਰੇ ਮੱਛੀਆਂ ਫੜਨ ਲਈ ਸਮੁੰਦਰ ਵਿੱਚ ਗਏ, ਤਾਂ ਉਨ੍ਹਾਂ ਨੇ ਸ਼ਿਵਮੁਰੂਗਨ ਨੂੰ ਦੇਖਿਆ। ਉਨ੍ਹਾਂ ਨੇ 22 ਸਤੰਬਰ ਦੀ ਸਵੇਰ ਨੂੰ ਸ਼ਿਵਮੁਰੂਗਨ ਨੂੰ ਬਚਾਇਆ। ਉਹ ਸ਼ਿਵਮੁਰੂਗਨ ਨੂੰ ਕਿਨਾਰੇ ਉੱਤੇ ਲੈ ਆਏ। ਬਾਅਦ ਵਿੱਚ ਸ਼ਿਵਮੁਰੂਗਨ ਦਾ ਇਲਾਜ ਕੀਤਾ ਗਿਆ।"

ਸ਼ਿਵਮੁਰੂਗਨ ਨਾਲ ਅਸਲ ਵਿੱਚ ਕੀ ਹੋਇਆ ਸੀ?

ਪਾਣੀ ਵਿੱਚ ਡੁੱਬੇ ਹੋਏ ਇੱਕ ਸ਼ਖ਼ਸ ਦੀ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਿਵਮੁਰੂਗਨ ਆਪਣੇ ਭਰਾ ਨਾਲ ਮੱਛੀਆਂ ਫੜਨ ਸਮੁੰਦਰ ਵਿੱਚ ਗਏ ਸਨ ਜਦੋਂ ਉਹ ਕਿਸ਼ਤੀ ਤੋਂ ਡਿੱਗ ਗਏ

ਘਟਨਾ ਤੋਂ ਦੋ ਹਫ਼ਤੇ ਪਹਿਲਾਂ, ਸ਼ਿਵਮੁਰੂਗਨ ਨੇ ਸਮੁੰਦਰ ਵਿੱਚ ਮੱਛੀਆਂ ਫੜਨੀਆਂ ਸ਼ੁਰੂ ਕੀਤੀਆਂ ਸਨ।

ਸ਼ਿਵਮੁਰੂਗਨ ਨੇ ਦੱਸਿਆ, "ਅਸੀਂ ਆਮ ਤੌਰ 'ਤੇ ਦੁਪਹਿਰ 2 ਵਜੇ ਚੇਟੀਕੁਲਮ ਤੋਂ ਨਿਕਲਦੇ ਹਾਂ। ਚਿੰਨਮੁੱਤਮ ਪਹੁੰਚਣ ਤੋਂ ਬਾਅਦ ਅਸੀਂ ਸ਼ਾਮ 4.30 ਵਜੇ ਦੇ ਕਰੀਬ ਮੱਛੀਆਂ ਫੜਨ ਲਈ ਕਿਸ਼ਤੀ 'ਤੇ ਜਾਂਦੇ ਹਾਂ।"

"ਸ਼ਨੀਵਾਰ (20 ਸਤੰਬਰ) ਨੂੰ ਅਸੀਂ ਇਸੇ ਤਰ੍ਹਾਂ ਨਿਕਲੇ, ਜਾਲ ਵਿਛਾਇਆ ਅਤੇ ਮੱਛੀਆਂ ਫੜੀਆਂ। ਫਿਰ ਸ਼ਾਮ 6 ਵਜੇ ਦੇ ਕਰੀਬ ਅਸੀਂ ਕਿਨਾਰੇ ਵੱਲ ਵਾਪਸ ਆਉਣਾ ਸ਼ੁਰੂ ਕਰ ਦਿੱਤਾ।"

ਸ਼ਿਵਮੁਰੂਗਨ ਉਸ ਰਾਤ ਬਾਰੇ ਕਹਿੰਦੇ ਹਨ, "ਰਾਤ 8 ਵਜੇ ਮੈਂ ਪਿਸ਼ਾਬ ਕਰਨ ਲਈ ਕਿਸ਼ਤੀ ਦੇ ਇੱਕ ਪਾਸੇ ਗਿਆ। ਆਖਰੀ ਵਾਰ ਜਦੋਂ ਮੈਂ ਜੀਪੀਐੱਸ 'ਤੇ ਆਪਣੀ ਸਥਿਤੀ ਦੀ ਜਾਂਚ ਕੀਤੀ, ਤਾਂ ਅਸੀਂ ਕੰਨਿਆਕੁਮਾਰੀ ਦੇ ਤੱਟ ਤੋਂ 15 ਸਮੁੰਦਰੀ ਮੀਲ ਦੂਰ ਸੀ।"

"ਮੈਂ ਪਿਸ਼ਾਬ ਕਰਨ ਗਿਆ ਸੀ ਜਦੋਂ ਅਚਾਨਕ ਇੱਕ ਵੱਡੀ ਲਹਿਰ ਕਿਸ਼ਤੀ ਨਾਲ ਟਕਰਾ ਗਈ। ਕਿਸ਼ਤੀ ਅਚਾਨਕ ਹਿੱਲ ਗਈ ਅਤੇ ਮੈਂ ਤਿਲਕ ਕੇ ਸਮੁੰਦਰ ਵਿੱਚ ਡਿੱਗ ਪਿਆ। ਮੈਂ ਕਿਸ਼ਤੀ ਤੱਕ ਪਹੁੰਚਣ ਲਈ ਤੈਰਨਾ ਸ਼ੁਰੂ ਕੀਤਾ, ਮੈਂ ਬਹੁਤ ਚੀਕਿਆ। ਪਰ ਕਿਸ਼ਤੀ ਦੇ ਇੰਝਣ ਦੀ ਆਵਾਜ਼ ਨਾਲ ਮੇਰੀ ਆਵਾਜ਼ ਦੱਬ ਗਈ।"

ਪਾਣੀ ਵਿੱਚ ਡੁੱਬਣ ਉੱਤੇ ਬਚਾਅ

ਸ਼ਿਵਮੁਰੂਗਨ ਨੇ ਕਿਹਾ, "ਜਦੋਂ ਮੈਂ 10-15 ਮਿੰਟ ਬਾਅਦ ਵੀ ਵਾਪਸ ਨਹੀਂ ਆਇਆ, ਤਾਂ ਮੇਰਾ ਭਰਾ ਬਾਹਰ ਆਇਆ ਅਤੇ ਮੈਨੂੰ ਲੱਭਣ ਲੱਗਿਆ। ਜਦੋਂ ਉਸਨੂੰ ਅਹਿਸਾਸ ਹੋਇਆ ਕਿ ਕੀ ਹੋਇਆ ਹੈ, ਤਾਂ ਉਸਨੇ ਰੌਲਾ ਪਾਇਆ ਅਤੇ ਸਾਰਿਆਂ ਨੂੰ ਬੁਲਾਇਆ।"

"ਉਨ੍ਹਾਂ ਨੇ ਜੀਪੀਐੱਸ ਡਿਵਾਈਸ ਦੀ ਵਰਤੋਂ ਕਰਕੇ ਕਿਸ਼ਤੀ ਨੂੰ ਘੁੰਮਾਇਆ। ਉਨ੍ਹਾਂ ਨੇ ਮੈਨੂੰ ਸਮੁੰਦਰ ਵਿੱਚ ਲੱਭਣਾ ਸ਼ੁਰੂ ਕਰ ਦਿੱਤਾ। ਪਰ ਲਹਿਰਾਂ ਮੈਨੂੰ ਪਹਿਲਾਂ ਹੀ ਵਹਾ ਕੇ ਦੂਰ ਲੈ ਜਾ ਚੁੱਕੀਆਂ ਸਨ।"

ਉਨ੍ਹਾਂ ਨੇ ਅੱਗੇ ਕਿਹਾ, "ਡੂੰਘੇ ਸਮੁੰਦਰ ਅਤੇ ਰਾਤ ਦੇ ਸਮੇਂ ਕਾਰਨ, ਉਹ ਮੈਨੂੰ ਨਹੀਂ ਦੇਖ ਸਕਦੇ ਸਨ। ਮੈਂ ਆਪਣੇ ਹੱਥ ਉੱਪਰ ਕਰਕੇ ਚੀਕ ਰਿਹਾ ਸੀ। ਪਰ ਕਿਉਂਕਿ ਕਿਸ਼ਤੀ ਵਿੱਚ ਡੀਜ਼ਲ ਸੀਮਤ ਸੀ, ਉਹ ਕਿਨਾਰੇ ਵੱਲ ਵਾਪਸ ਜਾਣ ਲੱਗੇ।"

"ਫਿਰ ਉਹ ਮੈਨੂੰ ਲੱਭਣ ਲਈ ਆਪਣੇ ਨਾਲ ਕੁਝ ਹੋਰ ਕਿਸ਼ਤੀਆਂ ਲੈ ਕੇ ਆਏ। ਮੈਂ ਕਿਸ਼ਤੀਆਂ 'ਤੇ ਲਾਈਟਾਂ ਦੇਖੀਆਂ। ਮੈਂ ਚੀਕਿਆ, ਆਪਣੀਆਂ ਬਾਹਾਂ ਹਿਲਾਈਆਂ। ਮੈਂ ਕੁਝ ਘੰਟਿਆਂ ਤੱਕ ਅਜਿਹਾ ਕਰਦਾ ਰਿਹਾ ਜਦੋਂ ਤੱਕ ਉਹ ਵਾਪਸ ਨਹੀਂ ਆਏ।"

'ਮੈਂ ਸਾਰੀ ਰਾਤ ਤੈਰਦਾ ਰਿਹਾ'

ਸ਼ਿਵਮੁਰੂਗਨ ਨੇ ਕਿਹਾ ਕਿ ਸਮੁੰਦਰ ਦੀਆਂ ਲਹਿਰਾਂ ਲਗਾਤਾਰ ਉਨ੍ਹਾਂ ਦੇ ਚਿਹਰੇ ਨਾਲ ਟਕਰਾ ਰਹੀਆਂ ਸਨ। ਇਸ ਕਾਰਨ ਉਨ੍ਹਾਂ ਦੀ ਚਮੜੀ ਛਿੱਲੀ ਗਈ ਸੀ।

ਸਮੁੰਦਰ ਦਾ ਖਾਰਾ ਪਾਣੀ ਉਨ੍ਹਾਂ ਦੀਆਂ ਅੱਖਾਂ ਵਿੱਚ ਜਾ ਰਿਹਾ ਸੀ। ਸਮੁੰਦਰ ਦਾ ਪਾਣੀ ਉਨ੍ਹਾਂ ਦੇ ਮੂੰਹ ਵਿੱਚ ਵੀ ਜਾ ਰਿਹਾ ਸੀ। ਇਸ ਕਾਰਨ ਉਨ੍ਹਾਂ ਦਾ ਗਲਾ ਸੁੱਜ ਗਿਆ ਸੀ।

ਸ਼ਿਵਮੁਰੂਗਨ ਉਸ ਘਟਨਾ ਬਾਰੇ ਅੱਗੇ ਕਹਿੰਦੇ ਹਨ, "ਚਾਰੇ ਪਾਸੇ ਹਨੇਰਾ ਸੀ। ਮੈਂ ਸਮੁੰਦਰ ਦੇ ਵਿਚਕਾਰ ਤੈਰ ਰਿਹਾ ਸੀ।"

"ਉਸ ਸਮੇਂ ਮੇਰੇ ਮਨ ਵਿੱਚ ਇੱਕੋ ਇੱਕ ਵਿਚਾਰ ਸੀ ਕਿ ਮੈਨੂੰ ਕਿਸੇ ਤਰ੍ਹਾਂ ਕਿਨਾਰੇ ਤੱਕ ਪਹੁੰਚਣਾ ਚਾਹੀਦਾ ਹੈ। ਜੇ ਮੈਂ ਇੱਥੇ ਮਰ ਗਿਆ, ਤਾਂ ਮੈਂ ਚਿੰਤਤ ਸੀ ਕਿ ਮੇਰੇ ਪਰਿਵਾਰ ਦਾ ਕੀ ਹੋਵੇਗਾ।"

"ਮੈਂ ਭਾਰ ਘਟਾਉਣ ਲਈ ਆਪਣੀ ਟੀ-ਸ਼ਰਟ ਉਤਾਰ ਦਿੱਤੀ। ਇਸ ਨਾਲ ਮੈਂ ਸਮੁੰਦਰ ਦੇ ਪਾਣੀ ਵਿੱਚ ਥੋੜ੍ਹਾ ਸੌਖਾ ਤੈਰ ਸਕਦਾ ਸੀ। ਫਿਰ ਕਿਸੇ ਚੀਜ਼ ਨੇ ਮੇਰੇ ਸਾਰੇ ਸਰੀਰ ਨੂੰ ਕੱਟਣਾ ਸ਼ੁਰੂ ਕਰ ਦਿੱਤਾ।"

ਸ਼ਿਵਮੁਰੂਗਨ ਨੇ ਅੱਗੇ ਕਿਹਾ, "ਜੈਲੀਫਿਸ਼ ਮੈਨੂੰ ਕੱਟ ਰਹੀ ਸੀ। ਉਸ ਸਮੇਂ ਮੈਨੂੰ ਯਾਦ ਆਇਆ ਕਿ ਪਿੰਡ ਵਾਸੀਆਂ ਨੇ ਮੈਨੂੰ ਜੈਲੀਫਿਸ਼ ਬਾਰੇ ਦੱਸਿਆ ਸੀ।"

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੌਲੀਨ ਦਾ ਮੰਨਣਾ ਹੈ ਕਿ ਦੱਖਣੀ ਸਾਗਰ ਦੂਜੇ ਸਮੁੰਦਰਾਂ ਨਾਲੋਂ ਜ਼ਿਆਦਾ ਖ਼ਤਰਨਾਕ ਹੈ

"ਉਨ੍ਹਾਂ ਨੇ ਕਿਹਾ ਸੀ ਕਿ ਜੇਕਰ ਜੈਲੀਫਿਸ਼ ਸਰੀਰ ਨਾਲ ਚਿਪਕ ਜਾਂਦੀ ਹੈ ਅਤੇ ਕੁਝ ਸਮੇਂ ਲਈ ਉੱਥੇ ਰਹਿੰਦੀ ਹੈ ਤਾਂ ਇਹ ਚਮੜੀ 'ਚ ਸੁਰਾਖ਼ ਕਰ ਦਿੰਦੀ ਹੈ।"

"ਫਿਰ ਮੈਂ ਉਨ੍ਹਾਂ ਨੂੰ ਇੱਕ-ਇੱਕ ਕਰਕੇ ਹਟਾ ਦਿੱਤਾ। ਮੈਂ ਤੈਰ ਰਿਹਾ ਸੀ, ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹਿਲਾ ਰਿਹਾ ਸੀ। ਪਰ ਹੁਣ ਮੇਰਾ ਸਰੀਰ ਥੱਕ ਗਿਆ ਸੀ। ਕਈ ਵਾਰ ਮੈਂ ਡੁੱਬਣਾ ਸ਼ੁਰੂ ਕਰ ਦਿੰਦਾ ਸੀ ਅਤੇ ਤੈਰ ਕੇ ਸਤ੍ਹਾ 'ਤੇ ਵਾਪਸ ਆਉਂਦਾ ਸੀ।"

"ਅਗਲੀ ਸਵੇਰ (21 ਸਤੰਬਰ) ਜਦੋਂ ਮੈਂ ਸੂਰਜ ਦੇਖਿਆ, ਤਾਂ ਮੈਨੂੰ ਉਮੀਦ ਜਾਗੀ। ਮੈਂ ਸੋਚਿਆ ਕਿ ਮੈਂ ਕਿਸੇ ਤਰ੍ਹਾਂ ਤੈਰ ਕੇ ਕਿਨਾਰੇ ਤੱਕ ਪਹੁੰਚ ਸਕਦਾ ਹਾਂ।"

ਫਿਰ ਸ਼ਿਵਮੁਰੂਗਨ ਨੇ ਤੈਰਨਾ ਸ਼ੁਰੂ ਕਰ ਦਿੱਤਾ। ਪਰ ਸਮੁੰਦਰ ਦੀਆਂ ਲਹਿਰਾਂ ਉਨ੍ਹਾਂ ਨੂੰ ਪਰੇਸ਼ਾਨ ਕਰ ਰਹੀਆਂ ਸਨ। ਭਾਵੇਂ ਉਹ ਕਿਸੇ ਵੀ ਦਿਸ਼ਾ ਵਿੱਚ ਤੈਰਨਾ ਸ਼ੁਰੂ ਕਰਦੇ, ਲਹਿਰਾਂ ਅਤੇ ਹਵਾ ਉਨ੍ਹਾਂ ਨੂੰ ਦੂਜੀ ਦਿਸ਼ਾ ਵਿੱਚ ਧੱਕਦੀਆਂ ਰਹੀਆਂ।

ਉੱਥੇ ਸਹਾਰੇ ਲਈ ਫੜਨ ਵਾਸਤੇ ਲੱਕੜ ਦੀ ਸੋਟੀ ਵੀ ਨਹੀਂ ਸੀ। ਲਹਿਰਾਂ ਦਾ ਜ਼ੋਰ ਉਨ੍ਹਾਂ ਨੂੰ ਦੂਰ ਧੱਕ ਰਿਹਾ ਸੀ। ਇਸ ਲਈ ਸ਼ਿਵਮੁਰੂਗਨ ਨੇ ਅੱਗੇ ਤੈਰਨ ਦੀ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ।

'ਮੇਰੀ ਹਿੰਮਤ ਟੁੱਟ ਰਹੀ ਸੀ'

ਸ਼ਿਵਮੁਰੂਗਨ ਨੇ ਕਿਹਾ, "ਮੈਂ ਤੈਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਮੈਂ ਜਿੰਨਾ ਵੀ ਤੈਰਦਾ ਸੀ ਮੈਨੂੰ ਲੱਗਦਾ ਸੀ, ਜਿਵੇਂ ਮੈਂ ਇੱਕ ਜਗ੍ਹਾ 'ਤੇ ਫਸਿਆ ਹੋਇਆ ਹਾਂ। ਠੰਢ ਕਾਰਨ ਮੇਰੀਆਂ ਲੱਤਾਂ ਸੁੰਨ ਹੋ ਗਈਆਂ ਸਨ।"

"ਸੂਰਜ ਡੁੱਬ ਗਿਆ ਅਤੇ ਹਨੇਰਾ ਹੋਣ ਲੱਗਿਆ। ਫਿਰ ਮੇਰੇ ਸਰੀਰ ਦੀ ਸਾਰੀ ਤਾਕਤ ਅਤੇ ਮੇਰੀ ਹਿੰਮਤ ਖ਼ਤਮ ਹੋ ਗਈ।"

"ਮੈਨੂੰ ਅਹਿਸਾਸ ਹੋਇਆ ਕਿ ਉਹ ਕਿਉਂ ਕਹਿੰਦੇ ਹਨ ਕਿ ਦੱਖਣੀ ਸਮੁੰਦਰਾਂ ਵਿੱਚ ਗੁਆਚਿਆ ਕੋਈ ਵੀ ਵਿਅਕਤੀ ਨਹੀਂ ਬਚਦਾ। ਮੈਂ ਹੁਣ ਦਰਦ ਸਹਿਣ ਨਹੀਂ ਕਰ ਸਕਦਾ ਸੀ। ਇਸ ਕਾਰਨ ਮੈਂ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਗਿਆ। ਉਦੋਂ ਤੱਕ ਪਿੰਡ ਦੇ ਲੋਕ ਵੀ ਸੋਚ ਰਹੇ ਸਨ ਕਿ ਮੈਂ ਨਹੀਂ ਬਚਾਂਗਾ।"

ਉਹ ਕਹਿੰਦੇ ਹਨ, "ਡੁੱਬਦੇ ਸਮੇਂ ਮੈਂ ਸਾਹ ਨਹੀਂ ਲੈ ਸਕਦਾ ਸੀ। ਪਰ ਮੈਂ ਉੱਪਰ ਆਉਂਦਾ ਰਿਹਾ। ਮੈਂ ਸਮੁੰਦਰ ਦਾ ਬਹੁਤ ਸਾਰਾ ਪਾਣੀ ਪੀ ਲਿਆ ਸੀ। ਹੁਣ ਮੈਨੂੰ ਲੱਗਣ ਲੱਗ ਪਿਆ ਸੀ ਕਿ ਮੈਂ ਜ਼ਰੂਰ ਡੁੱਬਣ ਵਾਲਾ ਹਾਂ। ਪਰ ਉਸੇ ਸਮੇਂ, ਮੈਨੂੰ ਦੂਰੋਂ ਇੱਕ ਰੋਸ਼ਨੀ ਦਿਖਾਈ ਦਿੱਤੀ।"

ਲੇਖਕ ਪੌਲੀਨ ਨੇ ਕਿਹਾ ਕਿ ਇਹ ਇੱਕ ਚਮਤਕਾਰ ਸੀ ਕਿ ਸ਼ਿਵਮੁਰੂਗਨ ਬਚ ਗਿਆ ਸੀ। ਦੱਖਣੀ ਸਾਗਰ ਦੂਜੇ ਸਮੁੰਦਰਾਂ ਨਾਲੋਂ ਵਧੇਰੇ ਖ਼ਤਰਨਾਕ ਹੈ।

ਸ਼ਿਵਮੁਰੁਗਨ ਆਪਣੇ ਪੁੱਤਰ ਸ਼ਿਵਰਾਦੇਸ਼ ਨਾਲ
ਤਸਵੀਰ ਕੈਪਸ਼ਨ, ਸ਼ਿਵਮੁਰੁਗਨ ਆਪਣੇ ਪੁੱਤਰ ਸ਼ਿਵਰਾਦੇਸ਼ ਨਾਲ

ਤਾਮਿਲਨਾਡੂ ਦਾ ਦੱਖਣ ਸਾਗਰ ਰਾਮਨਾਥਪੁਰਮ ਵਿੱਚ ਚੇਤੂਕਰਾਈ ਅਤੇ ਕੀਜਾਕਰਾਈ ਤੋਂ ਕੁਮਾਰੀਕਰਾਈ ਤੱਕ ਫ਼ੈਲਿਆ ਹੋਇਆ ਹੈ।

ਜਦੋਂ ਸ਼ਿਵਮੁਰੂਗਨ ਨੇ ਰੌਸ਼ਨੀ ਦੇਖੀ, ਤਾਂ ਉਨ੍ਹਾਂ ਨੇ ਸੋਚਿਆ ਕਿ ਇਹ 'ਕਿਸ਼ਤੀ ਦੀ ਹੈੱਡਲਾਈਟ' ਹੈ।

"ਜਦੋਂ ਮੈਂ ਉਹ ਰੋਸ਼ਨੀ ਦੇਖੀ, ਤਾਂ ਮੈਂ ਆਪਣੇ ਸਰੀਰ ਦੀ ਸਾਰੀ ਤਾਕਤ ਇਕੱਠੀ ਕੀਤੀ ਅਤੇ ਆਪਣੇ ਹੱਥ ਹਵਾ ਵਿੱਚ ਹਿਲਾਏ। ਉਨ੍ਹਾਂ ਨੇ ਮੈਨੂੰ ਦੇਖਿਆ ਅਤੇ ਕਿਸ਼ਤੀ ਨੂੰ ਮੇਰੇ ਵੱਲ ਮੋੜ ਲਿਆ। ਮੈਂ ਵੀ ਕਿਸ਼ਤੀ ਵੱਲ ਤੈਰਨ ਲੱਗਿਆ।"

ਸ਼ਿਵਮੁਰੂਗਨ ਨੇ ਦੱਸਿਆ, "ਤਕਰੀਬਨ 30 ਮਿੰਟਾਂ ਤੱਕ, ਮੈਨੂੰ ਸਮਝ ਨਹੀਂ ਆਇਆ ਕਿ ਮੈਨੂੰ ਸਮੁੰਦਰ ਤੋਂ ਕਿਸਨੇ ਬਚਾਇਆ ਸੀ ਜਾਂ ਉਹ ਕੀ ਕਹਿ ਰਹੇ ਸਨ।"

"ਮੈਂ ਚਾਹ ਅਤੇ ਬਿਸਕੁਟ ਖਾਣ ਤੋਂ ਬਾਅਦ ਹੀ ਆਪਣੀਆਂ ਅੱਖਾਂ ਖੋਲ੍ਹ ਸਕਿਆ। ਇਹ ਕੂਟੰਕੁਜੀ ਪਿੰਡ ਦੇ ਅਰੂਲੱਪਨ ਦੀ ਕਿਸ਼ਤੀ ਸੀ। ਉਸ ਦੀ ਟੀਮ ਨੇ ਮੱਛੀਆਂ ਫੜਨ ਲਈ ਸਮੁੰਦਰ ਵਿੱਚ ਜਾਲ ਪਾਏ ਸਨ। ਉਹ ਉਨ੍ਹਾਂ ਨੂੰ ਇਕੱਠਾ ਕਰਨ ਲਈ ਆਏ ਸਨ।"

ਇਹ ਵੀ ਪੜ੍ਹੋ-

ਕਿਨਾਰੇ ਪਹੁੰਚਣ 'ਤੇ ਸ਼ਿਵਮੁਰੂਗਨ ਦਾ ਡਾਕਟਰੀ ਇਲਾਜ ਹੋਇਆ। ਸ਼ਿਵਮੁਰੂਗਨ ਵਿਆਏ ਹੋਏ ਹਨ ਅਤੇ ਉਨ੍ਹਾਂ ਦਾ ਇੱਕ 5 ਸਾਲ ਦਾ ਪੁੱਤ ਹੈ।

ਸ਼ਿਵਮੁਰੂਗਨ ਨੇ ਦੱਸਿਆ, "ਮੈਂ ਪਿਛਲੇ ਮਹੀਨੇ ਤੋਂ ਸਮੁੰਦਰ ਵਿੱਚ ਪੈਰ ਨਹੀਂ ਰੱਖਿਆ। ਮੇਰੇ ਪੁੱਤ ਅਤੇ ਮੇਰੇ ਪਰਿਵਾਰ ਨੇ ਹੁਣ ਮੈਨੂੰ ਸਮੁੰਦਰ ਵਿੱਚ ਜਾਣ ਤੋਂ ਮਨ੍ਹਾ ਕਰ ਦਿੱਤਾ ਹੈ। ਮੈਂ ਅਜੇ ਵੀ ਸਕੂਨ ਨਾਲ ਨਹੀਂ ਸੌਂ ਸਕਦਾ। ਇਸ ਘਟਨਾ ਤੋਂ ਬਾਅਦ, ਮੇਰਾ ਭਰਾ ਕੰਮ ਲਈ ਵਿਦੇਸ਼ ਚਲਾ ਗਿਆ ਹੈ।"

ਉਨ੍ਹਾਂ ਨੇ ਆਪਣੇ ਮਨ ਦੀ ਹਾਲਤ ਦੱਸੀ, "ਮੈਂ ਕਦੇ-ਕਦੇ ਸਮੁੰਦਰ 'ਤੇ ਖੜ੍ਹਾ ਹੋ ਕੇ ਸਮੁੰਦਰ ਵੱਲ ਦੇਖਦਾ ਹਾਂ। ਮੈਨੂੰ ਅਜੇ ਵੀ ਉਸ ਰਾਤ ਦਾ ਮੰਜ਼ਰ ਯਾਦ ਆਉਂਦਾ ਹੈ। ਮੇਰੇ ਸਰੀਰ 'ਤੇ ਜੈਲੀਫਿਸ਼ ਸੀ, ਸਮੁੰਦਰੀ ਸਲੱਗ ਮੇਰੇ ਸਿਰ ਦੁਆਲੇ ਰੇਂਗ ਰਹੇ ਸਨ। ਮੈਨੂੰ ਇਹ ਸਭ ਯਾਦ ਹੈ। ਜਦੋਂ ਤੱਕ ਮੈਂ ਉਸ ਘਟਨਾ, ਉਸ ਦ੍ਰਿਸ਼ ਨੂੰ ਨਹੀਂ ਭੁੱਲਦਾ, ਮੈਂ ਸਮੁੰਦਰ ਵਿੱਚ ਪੈਰ ਨਹੀਂ ਰੱਖ ਸਕਦਾ।"

ਜੇ ਤੁਸੀਂ ਸਮੁੰਦਰ ਵਿੱਚ ਡਿੱਗ ਪਓ...

ਸਮੁੰਦਰ
ਤਸਵੀਰ ਕੈਪਸ਼ਨ, ਮਾਹਰਾਂ ਮੁਤਾਬਕ ਜੇ ਕੋਈ ਸਮੁੰਦਰ ਜਾਂ ਡੂੰਘੇ ਪਾਣੀ ਵਿੱਚ ਡਿੱਗ ਜਾਵੇ ਤਾਂ ਉਸ ਨੂੰ ਲਗਾਤਾਰ ਤੈਰਦੇ ਰਹਿਣਾ ਚਾਹੀਦਾ ਹੈ

ਸ਼ਿਵਮੁਰੂਗਨ ਵਰਗੀ ਸਥਿਤੀ ਕਿਸੇ ਨਾਲ ਵੀ ਕਿਸੇ ਵੀ ਸਮੇਂ ਵਾਪਰ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਵਿਅਕਤੀ ਨੂੰ ਸਬਰ ਨਾਲ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ।

ਬ੍ਰਿਟੇਨ ਦੇ ਰਾਇਲ ਨੈਸ਼ਨਲ ਲਾਈਫਬੋਟ ਇੰਸਟੀਚਿਊਸ਼ਨ ਨੇ ਸਲਾਹ ਜਾਰੀ ਕੀਤੀ ਹੈ ਕਿ ਜੇਕਰ ਤੁਸੀਂ ਪਾਣੀ ਵਿੱਚ ਡਿੱਗ ਜਾਂਦੇ ਹੋ ਜਾਂ ਡੁੱਬਣ ਦੇ ਖ਼ਤਰੇ ਵਿੱਚ ਹੋ ਤਾਂ ਕੀ ਕਰਨਾ ਹੈ।

"ਕਿਸੇ ਵੀ ਪਾਣੀ ਵਿੱਚ ਤੈਰਦੇ ਰਹਿਣਾ ਅਹਿਮ ਹੈ। ਪਾਣੀ ਵਿੱਚ ਹੁੰਦੇ ਹੋਏ ਹੌਲੀ-ਹੌਲੀ ਸਾਹ ਲਓ। ਜੇ ਜ਼ਰੂਰੀ ਹੋਵੇ, ਤਾਂ ਤੁਸੀਂ ਤੈਰਦੇ ਰਹਿਣ ਲਈ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਹੌਲੀ-ਹੌਲੀ ਹਿਲਾ ਸਕਦੇ ਹੋ। ਪਾਣੀ ਵਿੱਚ ਸਥਿਰ ਤੈਰਨ ਲਈ ਆਪਣੀਆਂ ਬਾਹਾਂ ਅਤੇ ਲੱਤਾਂ ਨੂੰ ਫ਼ੈਲਾਓ।"

"ਭਾਵੇਂ ਤੁਹਾਡਾ ਸਾਰਾ ਸਰੀਰ ਪਾਣੀ 'ਤੇ ਤੈਰ ਰਿਹਾ ਹੋਵੇ, ਫਿਰ ਵੀ ਤੁਹਾਨੂੰ ਆਪਣਾ ਸਿਰ ਪਿੱਛੇ ਵੱਲ ਝੁਕਾ ਕੇ ਰੱਖਣਾ ਚਾਹੀਦਾ ਹੈ ਅਤੇ ਆਪਣਾ ਚਿਹਰਾ ਅਸਮਾਨ ਵੱਲ ਰੱਖਣਾ ਚਾਹੀਦਾ ਹੈ, ਪਾਣੀ 'ਤੇ ਰਹਿਣਾ ਚਾਹੀਦਾ ਹੈ।"

(ਜੇਕਰ ਤੁਹਾਡੇ ਮਨ ਵਿੱਚ ਖ਼ੁਦਕੁਸ਼ੀ ਦੇ ਵਿਚਾਰ ਆ ਰਹੇ ਹਨ, ਤਾਂ ਮਦਦ ਲਈ ਭਾਰਤ ਸਰਕਾਰ ਦੇ ਜੀਵਨ ਸਾਥੀ ਹੈਲਪਲਾਈਨ ਨੰਬਰ 18002333330 'ਤੇ ਕਾਲ ਕਰੋ।)

ਸਮਾਜਿਕ ਨਿਆਂ ਅਤੇ ਸਸ਼ਕਤੀਕਰਨ ਮੰਤਰਾਲਾ ਇੱਕ ਹੈਲਪਲਾਈਨ ਨੰਬਰ 18005990019 13 ਭਾਸ਼ਾਵਾਂ ਵਿੱਚ ਵੀ ਚਲਾ ਰਿਹਾ ਹੈ।

(08026995000 ਨੈਸ਼ਨਲ ਇੰਸਟੀਚਿਊਟ ਆਫ਼ ਮੈਂਟਲ ਹੈਲਥ ਐਂਡ ਨਿਊਰੋ ਸਾਇੰਸਿਜ਼ ਦਾ ਹੈਲਪਲਾਈਨ ਨੰਬਰ ਹੈ)

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)