ਕੇਟੀ ਪੇਰੀ ਅਤੇ ਜਸਟਿਨ ਟਰੂਡੋ: ਇੱਕ ਪੌਪ ਸਟਾਰ ਤੇ ਇੱਕ ਸਾਬਕਾ ਪ੍ਰਧਾਨ ਮੰਤਰੀ ਦੀ ਜੋੜੀ ਕਿਉਂ ਕਾਮਯਾਬ ਹੋ ਸਕਦੀ ਹੈ?

ਪੇਰੀ ਅਤੇ ਟਰੂਡੋ

ਤਸਵੀਰ ਸਰੋਤ, Getty Images / PA

ਤਸਵੀਰ ਕੈਪਸ਼ਨ, ਪਿਛਲੇ ਇੱਕ ਸਾਲ ਦੌਰਾਨ ਪੇਰੀ ਅਤੇ ਟਰੂਡੋ ਦੇ ਜਨਤਕ ਮਾਣ-ਸਨਮਾਨ ਨੂੰ ਬਹੁਤ ਠੇਸ ਪਹੁੰਚੀ ਹੈ
    • ਲੇਖਕ, ਨਦੀਨ ਯੂਸਫ਼
    • ਰੋਲ, ਸੀਨੀਅਰ ਕੈਨੇਡਾ ਰਿਪੋਰਟਰ
    • ਲੇਖਕ, ਨਾਰਡੀਨ ਸਾਦ
    • ਰੋਲ, ਲੌਸ ਏਂਜਲਸ ਰਿਪੋਰਟਰ

ਇਹ ਅਜਿਹੀ ਜੋੜੀ ਹੈ ਜਿਸਦੀ ਬਹੁਤ ਥੋੜ੍ਹੇ ਜਣਿਆਂ ਨੇ ਉਮੀਦ ਕੀਤੀ ਸੀ। ਇੱਕ ਕੈਨੇਡਾ ਦਾ ਸਾਬਕਾ ਪ੍ਰਧਾਨ ਮੰਤਰੀ ਅਤੇ ਦੂਜੇ ਪਾਸੇ ਮਸ਼ਹੂਰ ਅਮਰੀਕੀ ਪੌਪ ਗਾਇਕਾ। ਕੇਟੀ ਨੇ ਦੁਨੀਆਂ ਦੇਖੀ ਹੈ ਅਤੇ ਪੁਲਾੜ ਦੇ ਸਿਖਰ ਤੱਕ ਜਾ ਆਏ ਹਨ।

ਆਖਰਕਾਰ ਦੋਵਾਂ ਨੇ ਆਪਣਾ ਰਿਸ਼ਤਾ ਜਨਤਕ ਕਰ ਦਿੱਤਾ ਹੈ। ਜੋੜੀ ਪਿਛਲੇ ਹਫ਼ਤੇ ਪੈਰਿਸ ਵਿੱਚ ਹੱਥ ਵਿੱਚ ਹੱਥ ਪਾ ਕੇ ਘੁੰਮਦੀ ਦੇਖੀ ਗਈ ਸੀ। ਉਹ ਸ਼ਹਿਰ ਦੇ ਮਸ਼ਹੂਰ ਕੈਬਰਿਟ ਵਿੱਚ ਕੇਟੀ ਦਾ 41ਵਾਂ ਜਨਮ ਦਿਨ ਮਨਾ ਕੇ ਬਾਹਰ ਆ ਰਹੇ ਸਨ।

ਭਾਵੇਂ ਦੋਵਾਂ ਦੀ ਜੋੜੀ ਕਈਆਂ ਨੂੰ ਅਜੀਬ ਲੱਗ ਸਕਦੀ ਹੈ, ਪਰ ਟਰੂਡੋ ਅਤੇ ਪੇਰੀ ਪਿਛਲੇ ਦਹਾਕੇ ਦੌਰਾਨ ਅਕਸਰ ਚਰਚਾ ਵਿੱਚ ਰਹੇ ਹਨ। ਦੋਵਾਂ ਵਿੱਚ ਬਹੁਤ ਸਾਰੀਆਂ ਸਾਂਝਾਂ ਹਨ, ਜਿੰਨਾ ਸ਼ਾਇਦ ਕੋਈ ਸੋਚ ਵੀ ਨਾ ਸਕੇ। ਉਨ੍ਹਾਂ ਦਾ ਰੁਮਾਨੀ ਰਿਸ਼ਤਾ ਕੈਨੇਡੀਅਨ ਸਿਆਸੀ ਇਤਿਹਾਸ ਵਿੱਚ ਕੋਈ ਨਵੀਂ ਗੱਲ ਵੀ ਨਹੀਂ ਹੈ।

ਪਿਛਲੇ ਇੱਕ ਸਾਲ ਦੌਰਾਨ ਦੋਵਾਂ ਦੇ ਜਨਤਕ ਮਾਣ-ਸਨਮਾਨ ਨੂੰ ਬਹੁਤ ਠੇਸ ਪਹੁੰਚੀ ਹੈ। ਉਸ ਤੋਂ ਬਾਅਦ ਇਹ ਖ਼ਬਰ ਉਨ੍ਹਾਂ ਬਾਰੇ ਚਰਚਾ ਨੂੰ ਇੱਕ ਨਵੀਂ ਦਿਸ਼ਾ ਵੀ ਦੇਵੇਗੀ।

ਜੋਸੇ ਰੌਡਰਿਗਜ਼ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਲੌਂਗ ਬੀਚ ਵਿੱਚ ਕਮਿਊਨੀਕੇਸ਼ਨ ਸਟੱਡੀਜ਼ ਦੇ ਪ੍ਰੋਫੈਸਰ ਹਨ। ਉਹ ਦੱਸਦੇ ਹਨ ਕਿ, "ਇਹ ਰਿਸ਼ਤਾ ਉਨ੍ਹਾਂ ਦੋਵਾਂ ਲਈ ਇੱਕ ਬਹੁਤ ਹੀ ਦਿਲਚਸਪ ਅਤੇ ਨਵੀਂ ਰੀਬ੍ਰਾਂਡਿੰਗ ਕਰ ਦੇਵੇਗਾ।"

ਜੋਸੇ ਰੌਡਰਿਗਜ਼

ਇੱਕ ਸਿਆਸਤਦਾਨ ਨਾਲ ਰਿਸ਼ਤਾ ਪੇਰੀ ਲਈ ਨਾਗਰਿਕ ਅਤੇ ਦਾਨੀ ਕਾਰਜਾਂ ਵਿੱਚ ਸੁਖਾਲੇ ਦੇ ਇੱਕ ਭਰੋਸੇਯੋਗ ਪੁਲ ਦਾ ਨਿਰਮਾਣ ਕਰੇਗਾ। ਪ੍ਰੋਫੈਸਰ ਮੁਤਾਬਕ ਇਹ ਰਿਸ਼ਤਾ ਪੇਰੀ ਦੇ ਸਰੋਤਿਆਂ ਦੇ ਵਰਗ ਨੂੰ ਸਿਆਸੀ ਤੌਰ 'ਤੇ ਸਰਗਰਮ ਜਨਤਾ ਤੱਕ ਲਿਜਾਵੇਗਾ ਅਤੇ ਸੰਗੀਤ ਉਦਯੋਗ ਤੋਂ ਬਾਹਰ ਦੀਆਂ ਵਿਸ਼ਵਵਿਆਪੀ ਸੰਸਥਾਵਾਂ ਤੱਕ ਵੀ ਲੈ ਕੇ ਜਾਵੇਗਾ।

ਪ੍ਰੋਫੈਸਰ ਮੁਤਾਬਕ, ਟਰੂਡੋ (53) ਲਈ ਇੱਕ ਮਸ਼ਹੂਰ ਗਾਇਕਾ ਦਾ ਸਾਥ ਇੱਕ ਨਵੀਂ ਅਕਸਕਾਰੀ ਕਰਨ ਵਿੱਚ ਮਦਦ ਕਰੇਗਾ। ਕਿਉਂਕਿ ਪੇਰੀ ਸਿਆਸਤ ਵਰਗੀ ਸਖ਼ਤ ਦੁਨੀਆਂ ਦੇ ਮੁਕਾਬਲੇ "ਇੱਕ ਵਧੇਰੇ ਨਰਮ ਖੇਤਰ" ਵਿੱਚੋਂ ਹਨ।

ਇਸ ਰਿਸ਼ਤੇ ਦੀ ਨੀਂਹ ਵਿੱਚ ਇੱਕ ਬੇਹੱਦ ਸਰਲ ਮਨੁੱਖੀ ਰਿਸ਼ਤਾ ਹੈ, ਜਿਸ ਵੱਲ ਵਿਸ਼ਲੇਸ਼ਕਾਂ ਦਾ ਵੀ ਧਿਆਨ ਗਿਆ ਹੈ।

ਦੋਵੇਂ ਹਾਲ ਹੀ ਵਿੱਚ ਆਪਣੇ ਪੁਰਾਣੇ ਵਿਆਹਾਂ ਵਿੱਚੋਂ ਨਿਕਲੇ ਹਨ। ਟਰੂਡੋ ਅਤੇ ਉਨ੍ਹਾਂ ਦੀ ਪਤਨੀ 18 ਸਾਲ ਦੇ ਵਿਆਹੁਤਾ ਜੀਵਨ ਤੋਂ ਬਾਅਦ 2023 ਵਿੱਚ ਵੱਖ-ਵੱਖ ਹੋਏ ਹਨ। ਆਪਣੀਆਂ ਵਿਆਹੁਤਾ ਜ਼ਿੰਦਗੀਆਂ ਵਿੱਚੋਂ ਨਿਕਲਣ ਤੋਂ ਬਾਅਦ ਇਹ ਦੋਵਾਂ ਦਾ ਪਹਿਲਾ ਹਾਈ-ਪ੍ਰੋਫਾਈਲ ਰਿਸ਼ਤਾ ਹੈ।

ਗੱਲਬਾਤ ਦੀ ਦਿਸ਼ਾ ਬਦਲਨਾ

ਦੋਵਾਂ ਵਿੱਚ ਰੁਮਾਨੀ ਰਿਸ਼ਤੇ ਦੀਆਂ ਅਫਵਾਹਾਂ ਤਾਂ ਪਿਛਲੀ ਜੁਲਾਈ ਤੋਂ ਹੀ ਜ਼ੋਰ ਫੜ ਰਹੀਆਂ ਸਨ। ਜਦੋਂ ਦੋਵਾਂ ਨੂੰ ਕੇਂਦਰੀ ਮਾਂਟਰੀਅਲ ਦੇ ਇੱਕ ਆਲੀਸ਼ਾਨ ਰੈਸਟੋਰੈਂਟ, ਲੇ ਵਾਇਲਨ, ਵਿੱਚ ਇਕੱਠੇ ਡਿਨਰ ਕਰਦੇ ਦੇਖਿਆ ਗਿਆ।

ਦੋ ਦਿਨਾਂ ਬਾਅਦ ਹੀ ਟਰੂਡੇ ਨੂੰ ਸ਼ਹਿਰ ਵਿੱਚ ਪੇਰੀ ਦੇ ਇੱਕ ਸ਼ੋਅ ਵਿੱਚ ਸ਼ਿਰਕਤ ਕਰਦੇ ਅਤੇ ਮਸ਼ਹੂਰ ਗੀਤ ਫਾਇਰ ਵਰਕ ਐਂਡ ਟੀਨ-ਏਜ ਡਰੀਮ ਵੀ ਗਾਉਂਦੇ ਦੇਖਿਆ ਗਿਆ।

ਫਿਰ ਅਕਤੂਬਰ ਮੱਧ ਵਿੱਚ ਦੋਵਾਂ ਦੀਆਂ ਪੇਰੀ ਦੀ ਯਾਟ (ਕਿਸ਼ਤੀ) ਵਿੱਚ, ਸੈਂਟਾ ਬਾਰਹਬਰਾ ਦੇ ਤਟ ਤੋਂ ਦੂਰ ਚੁੰਮਣ-ਲੀਨ ਹੁੰਦਿਆਂ ਦੀਆਂ ਤਸਵੀਰਾਂ ਵੀ ਵਾਇਰਲ ਹੋਈਆਂ ਸਨ।

ਟਰੂਡੋ ਜਾਂ ਪੇਰੀ ਕਿਸੇ ਨੇ ਵੀ ਆਪਣੇ ਰਿਸ਼ਤੇ ਬਾਰੇ ਕਦੇ ਖੁੱਲ੍ਹ ਕੇ ਗੱਲ ਨਹੀਂ ਕੀਤੀ। ਦੋਵਾਂ ਦੇ ਨੁਮਾਇੰਦਿਆਂ ਨੇ ਟਿੱਪਣੀ ਲਈ ਬੀਬੀਸੀ ਦੀਆਂ ਬੇਨਤੀਆਂ ਦਾ ਕੋਈ ਜਵਾਬ ਨਹੀਂ ਦਿੱਤਾ। ਲੇਕਿਨ ਸਪਤਾਹ-ਅੰਤ ਦੀਆਂ ਤਸਵੀਰਾਂ ਲੀਕ ਹੋਣ ਤੋਂ ਪਹਿਲਾਂ ਪਿਛਲੇ ਮਹੀਨੇ ਗਾਇਕਾ ਨੇ ਲੰਡਨ ਵਿੱਚ ਇਸ ਰਿਸ਼ਤੇ ਬਾਰੇ ਲਬ ਖੋਲ੍ਹੇ।

ਤਸਵੀਰਾਂ ਸਾਹਮਣੇ ਆਉਣ ਤੋਂ ਕੁਝ ਘੰਟਿਆਂ ਬਾਅਦ ਹੀ ਸਰੋਤਿਆਂ ਵਿੱਚੋਂ ਕਿਸੇ ਨੇ ਉਨ੍ਹਾਂ ਨੂੰ ਵਿਆਹ ਲਈ ਪੁੱਛਿਆ।

ਜਵਾਬ ਵਿੱਚ ਪੇਰੀ ਨੇ ਕਿਹਾ, "ਪਤਾ ਹੈ, ਤੁਹਾਨੂੰ ਮੈਨੂੰ 48 ਘੰਟੇ ਪਹਿਲਾਂ ਪੁੱਛਣਾ ਚਾਹੀਦਾ ਸੀ।"

ਹਾਲਾਂਕਿ ਬਹੁਤ ਸਾਰੇ ਲੋਕਾਂ ਨੂੰ ਇਸਦਾ ਅੰਦਾਜ਼ਾ ਨਹੀਂ ਸੀ ਪਰ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਾਲ ਦੋਵਾਂ ਨੂੰ ਆਪਣੇ ਜਨਤਕ ਅਕਸ ਠੀਕ ਕਰਨ ਵਿੱਚ ਮਦਦ ਮਿਲੇਗੀ।

ਜਸਟਿਨ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟਰੂਡੋ 10 ਸਾਲ ਕੈਨੇਡਾ ਦੇ ਪ੍ਰਧਾਨ ਮੰਤਰੀ ਰਹੇ ਅਤੇ ਆਪਣੀ ਪ੍ਰਸਿੱਧੀ ਵਿੱਚ ਕਮੀ ਆਉਣ ਤੋਂ ਬਾਅਦ ਉਨ੍ਹਾਂ ਨੇ ਜਨਵਰੀ ਵਿੱਚ ਹੀ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ

ਦਸ ਸਾਲ ਪਹਿਲਾਂ ਉਨ੍ਹਾਂ ਨੇ ਕੈਨੇਡਾ ਵਾਸੀਆਂ ਨੂੰ ਚੰਗੇ ਦਿਨਾਂ ਦਾ ਵਾਅਦਾ ਕੀਤਾ ਅਤੇ ਇੱਕ ਸ਼ਾਨਦਾਰ ਬਹੁਮਤ ਹਾਸਲ ਕੀਤਾ। ਉਨ੍ਹਾਂ ਨੇ ਦੇਸ-ਵਿਦੇਸ਼ ਵਿੱਚ ਆਪਣੀ ਜਵਾਨੀ ਦੇ ਸੁਹਜ ਲਈ ਨਾਮਣਾ ਖੱਟਿਆ। ਲੇਕਿਨ ਘੁਟਾਲਿਆਂ ਨੂੰ ਉਨ੍ਹਾਂ ਦੀ ਤਸਵੀਰ ਨੂੰ ਦਾਗ਼ਦਾਰ ਕਰਨ ਵਿੱਚ ਜ਼ਿਆਦਾ ਸਮਾਂ ਨਹੀਂ ਲੱਗਿਆ।

ਇੱਕ ਤੋਂ ਬਾਅਦ ਇੱਕ ਉਨ੍ਹਾਂ ਦੀਆਂ ਮਹਿੰਗੀਆਂ ਛੁੱਟੀਆਂ ਨੇ ਟਰੂਡੋ ਨੂੰ ਆਲੋਚਨਾ ਦੇ ਪਾਤਰ ਬਣਾਇਆ। ਇਸ ਲੜੀ ਵਿੱਚ ਬਹਾਮਾਸ ਵਿੱਚ ਆਗਾ ਖਾਨ ਦੇ ਨਿੱਜੀ ਟਾਪੂ ਦੀ ਇੱਕ ਯਾਤਰਾ ਵੀ ਸ਼ਾਮਲ ਸੀ। ਜੋ ਬਾਅਦ ਵਿੱਚ ਫੈਡਰਲ ਹਿੱਤਾਂ ਨਾਲ ਟਕਰਾਅ ਦੇ ਕਾਨੂੰਨਾਂ ਦੀ ਉਲੰਘਣਾ ਵਜੋਂ ਸਾਬਤ ਹੋਈ।

ਫਿਰ 2019 ਵਿੱਚ ਉਨ੍ਹਾਂ ਦੀਆਂ ਕਾਲੇ ਮੂੰਹ ਵਾਲੀਆਂ ਤਸਵੀਰਾਂ ਜਨਤਾ ਦੇ ਸਾਹਮਣੇ ਆਈਆਂ, ਜਿਸ ਕਾਰਨ ਟਰੂਡੋ ਨੂੰ ਜਨਤਕ ਰੂਪ ਵਿੱਚ ਮਾਫੀ ਮੰਗਣੀ ਪਈ।

ਆਪਣੇ ਕਾਰਜਕਾਲ ਦੇ ਅੰਤ ਤੱਕ, ਕੈਨੇਡੀਅਨ ਲੋਕ ਉਨ੍ਹਾਂ ਦੀ ਅਗਵਾਈ ਤੋਂ ਤੰਗ ਆ ਚੁੱਕੇ ਸਨ ਅਤੇ ਗੱਦੀਓਂ ਲਾਹੁਣ ਲਈ ਤਿਆਰ ਸਨ।

ਕਈ ਸਾਲ ਚੜ੍ਹਾਈ ਵਿੱਚ ਰਹਿਣ ਤੋਂ ਬਾਅਦ ਪੇਰੀ ਨੂੰ ਵੀ ਅਸੁਖਾਵੀਆਂ ਸੁਰਖੀਆਂ ਦਾ ਸਾਹਮਣਾ ਕਰਨਾ ਪਿਆ ਹੈ। ਸਾਲ 2010 ਦੇ ਦਹਾਕੇ ਦੌਰਾਨ ਗਾਇਕਾ ਦਾ ਪੇਸ਼ੇਵਰ ਜੀਵਨ ਬੁਲੰਦੀਆਂ ਉੱਤੇ ਸੀ। ਉਨ੍ਹਾਂ ਦੇ ਗੀਤ ਲਗਾਤਾਰ ਹਿੱਟ ਹੋ ਰਹੇ ਸਨ ਅਤੇ ਉਨ੍ਹਾਂ ਦੀ ਬੋਲਡ, ਰੰਗੀਨ ਸ਼ੈਲੀ ਨੇ ਪੌਪ ਕਲਚਰ ਨੂੰ ਪਰਿਭਾਸ਼ਿਤ ਕਰਨ ਵਿੱਚ ਮਦਦ ਕੀਤੀ।

ਕੇਟੀ ਪੇਰੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2018 ਵਿੱਚ ਬਿਲਬੋਰਡ ਰਸਾਲੇ ਨੇ ਪੇਰੀ ਨੂੰ ਇੱਕੀਵੀਂ ਸਦੀ ਦੇ ਸਭ ਤੋਂ ਮਹਾਨ ਪੌਪ ਗਾਇਕਾਂ ਵਿੱਚੋਂ ਇੱਕ ਦੱਸਿਆ

ਸਾਲ 2018 ਵਿੱਚ ਬਿਲਬੋਰਡ ਰਸਾਲੇ ਨੇ ਪੇਰੀ ਨੂੰ ਇੱਕੀਵੀਂ ਸਦੀ ਦੇ ਸਭ ਤੋਂ ਮਹਾਨ ਪੌਪ ਗਾਇਕਾਂ ਵਿੱਚੋਂ ਇੱਕ ਦੱਸਿਆ।

ਲੇਕਿਨ ਘਪਲਿਆਂ ਨੇ ਉਨ੍ਹਾਂ ਦੀ ਪੈੜ ਨੱਪ ਹੀ ਲਈ। ਉਨ੍ਹਾਂ ਦੀ ਐਲਬਮ, 143 ਨੂੰ ਆਲੋਚਕਾਂ ਨੇ ਉਨ੍ਹਾਂ ਦੀ ਹੁਣ ਤੱਕ ਦੀ ਸਭ ਤੋਂ ਬੁਰੀ ਪੇਸ਼ਕਾਰੀ ਦੱਸਿਆ। 'ਦਿ ਗਾਰਡੀਅਨ' ਨੇ ਇਸਨੂੰ "ਕੁੱਲ ਤਬਾਹੀ ਤੋਂ ਘੱਟ", ਜਦੋਂ ਕਿ 'ਦਿ ਟੈਲੀਗ੍ਰਾਫ' ਨੇ ਇਸਨੂੰ "ਤਬਾਹਕੁਨ" ਦੱਸਿਆ।

ਫਿਰ ਇਸ ਸਾਲ ਦੇ ਸ਼ੁਰੂ ਵਿੱਚ, ਕੇਟੀ ਨੇ ਅਮਰੀਕੀ ਅਰਬਪਤੀ ਜੈੱਫ ਬੇਜ਼ੋਸ ਦੀ ਪਤਨੀ ਲੌਰੇਨ ਸਾਂਚੇਜ਼ ਅਤੇ ਸੀਬੀਐਸ ਐਂਕਰ ਗੇਲ ਕਿੰਗ ਦੇ ਨਾਲ ਬਲੂ ਓਰਿਜਨ ਕੰਪਨੀ ਵੱਲੋਂ ਪੁਲਾੜ ਦੀ ਯਾਤਰਾ ਕੀਤੀ। ਇਸ ਯਾਤਰਾ ਵਿੱਚ ਸਿਰਫ਼ ਔਰਤਾਂ ਹੀ ਸਨ।

ਬਲੂ ਓਰਿਜਨ ਇੱਕ ਅਮਰੀਕੀ ਐਰੋਸਪੇਸ ਨਿਰਮਾਤਾ ਅਤੇ ਪੁਲਾੜ ਉਡਾਣ ਸੇਵਾਵਾਂ ਦੀ ਕੰਪਨੀ ਹੈ ਜਿਸਦੀ ਸਥਾਪਨਾ ਸਾਲ 2000 ਵਿੱਚ ਐਮਾਜ਼ਾਨ ਦੇ ਸੰਸਥਾਪਕ ਜੈੱਫ ਬੇਜ਼ੋਸ ਦੁਆਰਾ ਕੀਤੀ ਗਈ ਸੀ। ਇਸ ਫੇਰੀ ਕਾਰਨ ਵੀ ਪੇਰੀ ਦਾ ਮਜ਼ਾਕ ਉਡਾਇਆ ਗਿਆ।

ਪੇਰੀ ਨੇ ਅਪ੍ਰੈਲ ਵਿੱਚ ਇਸ ਆਲੋਚਨਾ ਨੂੰ ਸਵੀਕਾਰ ਕੀਤਾ ਅਤੇ ਕਿਹਾ, ਮੈਂ ਮੁਕੰਮਲ ਨਹੀਂ ਹਾਂ ਲੇਕਿਨ "ਇੰਟਰਨੈਟ ਬੇਲਗਾਮ ਅਤੇ ਬੀਮਾਰ ਲੋਕਾਂ ਲਈ ਇੱਕ ਕੂੜੇਦਾਨ ਵਾਂਗ ਹੈ।"

ਜਸਟਿਨ ਟਰੂਡੋ ਅਤੇ ਸੋਫੀ ਜੌਰਜ ਟਰੂਡੋ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਸਟਿਨ ਟਰੂਡੋ ਅਤੇ ਸੋਫੀ ਜੌਰਜ ਟਰੂਡੋ ਨੇ ਸਾਲ 2023 ਵਿੱਚ ਆਪਣਾ 18 ਸਾਲ ਪੁਰਾਣਾ ਵਿਆਹੁਤਾ ਸੰਬੰਧ ਤੋੜਨ ਦਾ ਐਲਾਨ ਕੀਤਾ

ਫਿਰ ਪੇਰੀ ਅਤੇ ਬਲੂਮ ਦੇ ਵੱਖ ਹੋਣ ਦੀ ਖ਼ਬਰ ਆਈ। ਪੇਰੀ ਦਾ ਹਾਸ ਕਲਾਕਾਰ ਰਸਲ ਬਰੈਂਡ ਨਾਲ 2011 ਵਿੱਚ ਵਿਆਹ ਟੁੱਟਣ ਤੋਂ ਬਾਅਦ ਦੋਵੇਂ ਇਕੱਠੇ ਸਨ।

ਔਰਲੈਂਡੋ ਬਲੂਮ ਅਤੇ ਪੇਰੀ ਦਾ ਰਿਸ਼ਤਾ ਸਾਲ 2011 ਵਿੱਚ ਹਾਸ ਕਲਾਕਾਰ ਰਸਲ ਬਰੈਂਡ ਨਾਲ ਉਨ੍ਹਾਂ ਦਾ ਵਿਆਹ ਟੁੱਟਣ ਤੋਂ ਬਾਅਦ ਚੱਲ ਰਿਹਾ ਸੀ।

ਲਾਸ ਏਂਜਲਸ ਟਾਈਮਜ਼ ਦੇ ਪੌਪ ਸੰਗੀਤ ਆਲੋਚਕ ਮਿਕੇਲ ਵੁੱਡ ਮੁਤਾਬਕ, "ਜਦੋਂ ਤੁਸੀਂ ਕਿਸੇ ਮੰਦਭਾਗੀ ਕਹਾਣੀ ਦੇ ਪਾਤਰ ਹੋ, ਤਾਂ ਸਭ ਤੋਂ ਵਧੀਆ ਕੰਮ ਜੋ ਤੁਸੀਂ ਕਰ ਸਕਦੇ ਹੋ ਉਹ ਹੈ ਇੱਕ ਵੱਖਰੀ ਕਹਾਣੀ ਵਿੱਚ ਅੱਗੇ ਵਧ ਜਾਓ।"

ਟਰੂਡੋ ਨਾਲ ਰਿਸ਼ਤਾ ਜੁੜਨ ਤੋਂ ਬਾਅਦ ਉਨ੍ਹਾਂ ਬਾਰੇ ਗੱਲਬਾਤ ਦਾ ਵਿਸ਼ਾ ਇੱਕ ਫਲਾਪ ਐਲਬਮ ਅਤੇ ਅਤੇ ਇੱਕ ਥੋੜ੍ਹੇ ਲਾਲਚੀ ਅਤੇ ਗੁਮਰਾਹਕੁਨ ਜਾਪਣ ਵਾਲੇ ਟੂਰ ਤੋਂ ਹਟਾ ਕੇ ਕੁਝ ਹੋਰ ਬਾਰੇ ਗੱਲ ਕਰਨ ਲਾ ਦੇਵੇਗਾ।"

"ਇਸ ਰਿਸ਼ਤੇ ਨੂੰ ਜਨਤਾ ਸਾਹਮਣੇ ਹੌਲੀ ਅਤੇ ਸੋਚੀ-ਸਮਝੇ ਢੰਗ ਨਾਲ ਲਿਆਉਣ ਦੀ ਵਿਧੀ ਨੇ ਵੀ ਦੇਖਣ ਵਾਲਿਆਂ ਨੂੰ ਇਸ ਰੋਮਾਂਸ ਨੂੰ ਸਵੀਕਾਰ ਕਰਨ ਲਈ ਤਿਆਰ ਕਰ ਦਿੱਤਾ।"

ਪ੍ਰੋਫੈਸਰ ਰੌਡਰਿਗਜ਼ ਧਿਆਨ ਦਿਵਾਉਂਦੇ ਹਨ ਕਿ ਪੈਰਿਸ ਵਿੱਚ ਉਨ੍ਹਾਂ ਦਾ ਇਕੱਠੇ ਨਜ਼ਰ ਆਉਣਾ ਉਨ੍ਹਾਂ ਦੀ ਆਪਣੇ ਪਿਆਰ ਦੀ "ਇੱਕ ਘੱਟ ਬੋਲ ਕੇ ਪਰ ਉੱਚਾ ਸੰਕੇਤ ਦੇਣ ਵਾਲੀ ਪੁਸ਼ਟੀ" ਸੀ, ਜਿਸ ਨਾਲ ਤਸਵੀਰਾਂ ਆਪਣਾ ਕੰਮ ਕਰ ਸਕੀਆਂ।

ਦੋਵਾਂ ਨੇ ਹੀ ਪਹਿਲਾਂ ਜਨਤਕ ਜਾਂਚ-ਪੜਤਾਲ ਨੂੰ ਝੱਲਿਆ ਹੈ, ਇਸ ਲਈ ਧਿਆਨ ਨਾਲ ਤਿਆਰ ਕੀਤੀ ਗਈ ਰਿਸ਼ਤੇ ਦੀ ਇਹ ਕਹਾਣੀ ਲੋਕਾਂ ਦਾ ਧਿਆਨ ਜੀਵਨਸ਼ਕਤੀ, ਆਸ਼ਾਵਾਦ ਅਤੇ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀ ਪ੍ਰਸੰਗਿਕਤਾ ਦੇ ਆਲੇ-ਦੁਆਲੇ ਦੁਬਾਰਾ ਕੇਂਦਰਿਤ ਕਰ ਸਕਦੀ ਹੈ।

ਸਵਰਗਾਂ ਵਿੱਚ ਬਣੀ ਜੋੜੀ?

ਲਾਸ ਏਂਜਲਸ ਤੋਂ ਸੰਗੀਤਕਾਰ ਗੈਰਿਕ ਕੈਨੇਡੀ ਦੱਸਦੇ ਹਨ ਕਿ, (ਉਹ ਦੋਵੇਂ) ਆਪੋ-ਆਪਣੇ ਖੇਤਰਾਂ ਵਿੱਚ "ਸਥਾਪਤੀ-ਵਿਰੋਧੀ" ਅਤੇ ਬਾਗ਼ੀ ਹਨ।

ਪੇਰੀ ਖ਼ੁਦ ਵੀ ਐਕਟਵਿਜ਼ਮ ਅਤੇ ਸਿਆਸਤ ਤੋਂ ਅਨਜਾਣ ਨਹੀਂ ਹਨ। ਉਨ੍ਹਾਂ ਨੇ ਸਾਲ 2016 ਵਿੱਚ ਅਮਰੀਕੀ ਡੇਮੋਕ੍ਰੇਟ ਉਮੀਦਵਾਰ ਹਿਲੇਰੀ ਕਲਿੰਟਨ ਦੀਆਂ ਚੋਣ ਮੁਹਿੰਮਾਂ ਦੌਰਾਨ ਸ਼ੋਅ ਕੀਤੇ ਸਨ ਅਤੇ ਸਾਲ 2024 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਖੁੱਲ੍ਹ ਕੇ ਕਮਲਾ ਹੈਰਿਸ ਦਾ ਸਮਰਥਨ ਕੀਤਾ।

ਉਹ ਐਲਜੀਬੀਟੀਕਿਊ ਹੱਕਾਂ ਦੇ ਵਕਾਲਤੀ ਹਨ, ਉਨ੍ਹਾਂ ਨੇ ਬਹੁਤ ਸਾਰੀਆਂ ਨਾਰੀਵਾਦੀ ਸੰਸਥਾਵਾਂ ਦਾ ਵੀ ਸਮਰਥਨ ਕੀਤਾ ਹੈ। ਇਹ ਉਹ ਮੁੱਦੇ ਹਨ ਜਿਨ੍ਹਾਂ ਦੀ ਟਰੂਡੋ ਵੀ ਖੁੱਲ੍ਹ ਕੇ ਹਮਾਇਤ ਕਰਦੇ ਹਨ। ਉਹ ਆਪਣੀ ਵਜਾਰਤ ਵਿੱਚ ਲਿੰਗਕ ਬਰਾਬਰੀ ਦੀ ਨੀਤੀ ਲਾਗੂ ਕਰਨ ਲਈ ਜਾਣੇ ਗਏ ਸਨ।

ਦੋਵੇਂ ਜਣੇ ਆਪਣੇ ਬੱਚਿਆਂ ਦੇ ਵੀ ਸਮਰਪਿਤ ਮਾਪੇ ਰਹੇ ਹਨ। ਪੇਰੀ ਦੀ ਚਾਰ ਸਾਲਾ ਬੇਟੀ ਡੇਜ਼ੀ, ਅਕਸਰ ਉਨ੍ਹਾਂ ਦੇ ਇੰਸਟਾਗ੍ਰਾਮ ਉੱਤੇ ਦੇਖੀ ਜਾਂਦੀ ਹੈ। ਟਰੂਡੋ ਦੀ ਇੰਸਟਾਗ੍ਰਾਮ ਨੂੰ ਦੇਖਕੇ ਵੀ ਕਿਹਾ ਜਾ ਸਕਦਾ ਹੈ ਕਿ ਉਹ ਆਪਣੇ ਤਿੰਨਾਂ ਬੱਚਿਆਂ ਨੂੰ ਵੱਖੋ-ਵੱਖ ਛੁੱਟੀਆਂ ਉੱਤੇ ਲੈਕੇ ਜਾਂਦੇ ਹਨ।

ਕੇਟੀ ਪੇਰੀ ਨਾਲ ਅਦਾਕਾਰ ਔਰਲੈਂਡੋ ਬਲੂਮ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੇਟੀ ਪੇਰੀ ਨੇ ਹਾਲ ਹੀ ਵਿੱਚ ਅਦਾਕਾਰ ਔਰਲੈਂਡੋ ਬਲੂਮ ਨਾਲ ਆਪਣਾ ਨੌਂ ਸਾਲ ਪੁਰਾਣਾ ਰਿਸ਼ਤਾ ਖ਼ਤਮ ਕੀਤਾ ਹੈ। ਇਸ ਰਿਸ਼ਤੇ ਤੋਂ ਉਨ੍ਹਾਂ ਦੀ ਇੱਕ ਬੇਟੀ ਵੀ ਹੈ

ਪੇਰੀ ਨੂੰ ਡੇਟ ਕਰਕੇ ਟਰੂਡੋ ਸਿਆਸਤ ਤੋਂ ਬਾਅਦ ਆਪਣੇ ਪੂਰਬ ਅਧਿਕਾਰੀਆਂ ਨਾਲੋਂ ਇੱਕ ਨਵੇਂ ਰਾਹ ਵੱਲ ਵਧ ਰਹੇ ਹਨ। ਉਨ੍ਹਾਂ ਤੋਂ ਪੂਰਬਲੇ ਸਿਆਸਤਦਾਨ ਅਕਸਰ ਵੱਡੀਆਂ ਕੰਸਲਟਿੰਗ ਜਾਂ ਕਨੂੰਨੀ ਫਰਮਾਂ ਨਾਲ ਜੁੜ ਜਾਂਦੇ ਸਨ।

ਓਟਾਵਾ ਯੂਨੀਵਰਸਿਟੀ ਵਿੱਚ ਮਾਰਕਿਟਿੰਗ ਪ੍ਰੋਫੈਸਰ ਮਾਈਕਲ ਮੁਲਵੇ ਕਹਿੰਦੇ ਹਨ ਹਾਲਾਂਕਿ ਉਹ ਜੋ ਕੁਝ ਕਰ ਰਹੇ ਹਨ, ਉਹ ਇੱਕ ਵਿਲੱਖਣ ਪ੍ਰਧਾਨ ਮੰਤਰੀ ਦੇ ਉਨ੍ਹਾਂ ਦੇ ਬਰੈਂਡ ਨੂੰ ਰਾਸ ਆਉਂਦਾ ਹੈ।

ਇੱਕ ਹੋਰ ਸਾਬਕਾ ਪ੍ਰਧਾਨ ਮੰਤਰੀ ਦੇ ਪੁੱਤਰ ਪਿਆਰੇ ਇਲੀਅਟ ਟਰੂਡੋ ਦੇ ਪੁੱਤਰ ਵਜੋਂ, ਉਹ ਹਮੇਸ਼ਾ ਤੋਂ ਹੀ ਜਨਤਕ ਧਿਆਨ ਵਿੱਚ ਰਹੇ ਹਨ। ਬਚਪਨ ਦੀ ਇੱਕ ਤਸਵੀਰ ਵਿੱਚ ਉਨ੍ਹਾਂ ਨੂੰ ਅਮਰੀਕਾ ਦੀ ਪ੍ਰਥਮ ਮਹਿਲਾ ਪੈਟ ਨਿਕਸ ਨੇ ਗੋਦੀ ਚੁੱਕਿਆ ਹੋਇਆ ਹੈ।

ਆਪਣੀ ਪਤਨੀ ਨਾਲ ਤੋੜ-ਵਿਛੋੜੇ ਤੋਂ ਬਾਅਦ, ਟਰੂਡੋ ਆਪਣੇ-ਆਪ ਨੂੰ ਆਪਣੇ ਪਿਤਾ ਨਾਲ ਤੁਲਨਾਏ ਜਾਣ ਤੋਂ ਬਚਾ ਨਾ ਸਕੇ। ਉਨ੍ਹਾਂ ਦੇ ਪਿਤਾ ਨੂੰ ਵੀ ਪ੍ਰਧਾਨ ਮੰਤਰੀ ਰਹਿੰਦਿਆਂ ਹੀ ਪਹਿਲੀ ਪਤਨੀ ਅਤੇ ਆਪਣੇ ਬੱਚਿਆਂ ਦੀ ਮਾਂ ਮਾਰਗਰੇਟ ਤੋਂ ਵੱਖ ਕਰ ਦਿੱਤਾ ਗਿਆ ਸੀ।

ਜੋਨਾਥਨ ਮਲੋਏ

ਸੀਨੀਅਰ ਟਰੂਡੋ ਦੇ ਵੀ ਆਪਣੇ ਰੁਮਾਂਸ ਦੇ ਮਸ਼ਹੂਰ ਕਿੱਸੇ ਰਹੇ ਹਨ। ਖਾਸ ਕਰਕੇ ਅਮਰੀਕੀ ਗਾਇਕਾ ਬਾਰਬਰਾ ਸਟ੍ਰੀਸੈਂਡ ਅਤੇ 'ਸੈਕਸ ਐਂਡ ਦਿ ਸਿਟੀ' ਨਾਲ ਪ੍ਰਸਿੱਧ ਕੈਨੇਡੀਅਨ ਅਭਿਨੇਤਰੀ ਕਿਮ ਕੈਟਰਲ ਨਾਲ।

ਓਟਾਵਾ ਵਿੱਚ ਕਾਰਲਟਨ ਯੂਨੀਵਰਸਿਟੀ ਦੇ ਰਾਜਨੀਤੀ ਵਿਗਿਆਨ ਦੇ ਪ੍ਰੋਫੈਸਰ ਜੋਨਾਥਨ ਮਲੋਏ ਕਹਿੰਦੇ ਹਨ, "ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅਸੀਂ ਇਤਿਹਾਸ ਨੂੰ ਆਪਣੇ ਆਪ ਨੂੰ ਦੁਹਰਾਉਂਦੇ ਦੇਖ ਰਹੇ ਹਾਂ।"

ਲੇਕਿਨ ਪ੍ਰੋਫੈਸਰ ਇਹ ਵੀ ਦੱਸਦੇ ਹਨ ਕਿ ਹੋਰ ਲੋਕ ਵੀ ਹਨ ਜੋ ਇੱਕ ਨਵੇਂ ਸਿੰਗਲ ਡੈਡ ਹੋਣ ਦੇ ਟਰੂਡੋ ਦੇ ਮਨੁੱਖੀ ਅਨੁਭਵ ਨਾਲ ਆਪਣੇ-ਆਪ ਨੂੰ ਜੋੜ ਕੇ ਦੇਖਦੇ ਹਨ।

ਸਿਆਸਤ ਤੋਂ ਅਲੱਗ ਹੋਣ ਤੋਂ ਕੁਝ ਦੇਰ ਬਾਅਦ ਹੀ, ਟਰੂਡੋ ਨੇ ਆਪਣੀ ਇੱਕ ਤਸਵੀਰ ਪੋਸਟ ਕੀਤੀ ਜਿਸ ਵਿੱਚ ਉਹ ਕਰਿਆਨੇ ਦਾ ਸਮਾਨ ਖਰੀਦ ਰਹੇ ਸਨ। ਟਿੱਪਣੀਕਾਰਾਂ ਨੇ ਇਸਨੂੰ ਉਨ੍ਹਾਂ ਦੇ "ਤਲਾਕਸ਼ੁਦਾ ਪਿਤਾ ਦੇ ਦੌਰ" ਦੀ ਸ਼ੁਰੂਆਤ ਦਾ ਸੰਕੇਤ ਮੰਨਿਆ।"

ਪ੍ਰੋਫੈਸਰ ਮੁਲਵੇ ਕਹਿੰਦੇ ਹਨ, "ਸ਼ਾਇਦ ਕੁਝ ਲੋਕ ਹਨ ਜੋ ਉਮੀਦ ਕਰਦੇ ਹਨ ਕਿ ਉਹ ਸਭ ਕੁਝ ਸੰਭਾਲ ਲੈਣ, ਤਲਾਕ ਤੋਂ ਬਾਅਦ ਦੇ ਸਦਮੇ ਤੋਂ ਰਾਹਤ ਪ੍ਰਾਪਤ ਕਰਨ ਅਤੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਣ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)