'ਮੈਂ ਦੁਨੀਆਂ ਦਾ ਸਭ ਤੋਂ ਖੁਸ਼ਕਿਸਮਤ ਆਦਮੀ ਹਾਂ, ਪਰ ਮੈਂ ਬਹੁਤ ਪੀੜਾ ਝੱਲ ਰਿਹਾ ਹਾਂ', ਏਅਰ ਇੰਡੀਆ ਹਾਦਸੇ ਵਿੱਚ ਬਚੇ ਇਕਲੌਤੇ ਵਿਅਕਤੀ ਦਾ ਦਰਦ

ਵਿਸ਼ਵ ਕੁਮਾਰ ਰਮੇਸ਼
ਤਸਵੀਰ ਕੈਪਸ਼ਨ, ਹਾਦਸੇ ਵਿੱਚ ਭਰਾ ਦੀ ਹੋਈ ਮੌਤ ਬਾਰੇ ਗੱਲ ਕਰਦੇ ਹੋਏ ਵਿਸ਼ਵ ਕੁਮਾਰ ਰਮੇਸ਼ ਭਾਵੂਕ ਹੋ ਗਏ
    • ਲੇਖਕ, ਨਵਤੇਜ ਜੌਹਲ
    • ਰੋਲ, ਮਿਡਲੈਂਡਜ਼ ਤੋਂ ਪੱਤਰਕਾਰ
    • ਲੇਖਕ, ਕੇਟੀ ਥੌਂਪਸਨ ਅਤੇ ਸੋਫੀ ਵੁੱਡਕੌਕ
    • ਰੋਲ, ਬੀਬੀਸੀ ਨਿਊਜ਼

ਏਅਰ ਇੰਡੀਆ ਜਹਾਜ਼ ਹਾਦਸੇ 'ਚ ਜ਼ਿੰਦਾ ਬਚੇ ਇੱਕਲੇ ਵਿਅਕਤੀ ਦਾ ਕਹਿਣਾ ਹੈ ਕਿ ਉਹ ਆਪਣੇ ਆਪ ਨੂੰ "ਸਭ ਤੋਂ ਜ਼ਿਆਦਾ ਖੁਸ਼ਕਿਸਮਤ ਆਦਮੀ" ਮਹਿਸੂਸ ਕਰਦੇ ਹਨ ਪਰ ਉਹ ਸਰੀਰਕ ਤੇ ਮਾਨਸਿਕ ਤੌਰ 'ਤੇ ਪੀੜਾ ਵੀ ਝੱਲ ਰਹੇ ਹਨ। ਇਸ ਹਾਦਸੇ 'ਚ ਜਹਾਜ਼ 'ਤੇ ਸਵਾਰ 241 ਲੋਕਾਂ ਦੀ ਮੌਤ ਹੋ ਗਈ ਸੀ।

ਵਿਸ਼ਵਾਸ ਕੁਮਾਰ ਰਮੇਸ਼ ਉਹ ਵਿਅਕਤੀ ਹਨ ਜੋ ਅਹਿਮਦਾਬਾਦ 'ਚ ਲੰਡਨ ਜਾਣ ਵਾਲੇ ਇਸ ਜਹਾਜ਼ ਦੇ ਮਲਬੇ ਵਿਚੋਂ ਜ਼ਿੰਦਾ ਬਚ ਨਿਕਲੇ ਸਨ। ਇਹ ਉਹ ਚਮਤਕਾਰ ਸੀ ਜਿਸ ਨੇ ਪੂਰੀ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਬਚ ਜਾਣਾ ਇੱਕ "ਚਮਤਕਾਰ" ਹੈ, ਪਰ ਉਹ ਸਭ ਕੁਝ ਗੁਆ ਬੈਠੇ ਹਨ ਕਿਉਂਕਿ ਉਨ੍ਹਾਂ ਦਾ ਛੋਟਾ ਭਰਾ ਅਜੈ, ਜੋ ਕੁਝ ਸੀਟਾਂ ਪਿੱਛੇ ਬੈਠਿਆ ਸੀ, ਜੂਨ ਮਹੀਨੇ 'ਚ ਵਾਪਰੇ ਇਸ ਹਾਦਸੇ ਵਿੱਚ ਮਾਰਿਆ ਗਿਆ ਸੀ।

ਲੇਸਟਰ (ਯੂ.ਕੇ.) ਵਾਪਸ ਆਉਣ ਤੋਂ ਬਾਅਦ, ਰਮੇਸ਼ ਪੋਸਟ-ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (ਪੀਟੀਐੱਸਡੀ) ਨਾਲ ਜੂਝ ਰਹੇ ਹਨ। ਉਨ੍ਹਾਂ ਦੇ ਦੋਸਤਾਂ ਦਾ ਕਹਿਣਾ ਹੈ ਕਿ ਉਹ ਆਪਣੀ ਪਤਨੀ ਅਤੇ ਚਾਰ ਸਾਲ ਦੇ ਪੁੱਤਰ ਨਾਲ ਵੀ ਗੱਲ ਨਹੀਂ ਕਰ ਪਾਉਂਦੇ।

ਜਦੋਂ ਜਹਾਜ਼ ਨੇ ਪੱਛਮੀ ਭਾਰਤ ਤੋਂ ਉਡਾਣ ਭਰੀ, ਉਸ ਤੋਂ ਕੁਝ ਹੀ ਮਿੰਟਾਂ ਬਾਅਦ ਇਹ ਬੋਇੰਗ 787 ਜਹਾਜ਼ ਅੱਗ ਦੀ ਲਪੇਟ 'ਚ ਆ ਗਿਆ ਸੀ।

ਉਸ ਵੇਲੇ ਸਾਹਮਣੇ ਆਏ ਦਹਿਲਾ ਦੇਣ ਵਾਲੇ ਵੀਡੀਓ ਵਿਚ ਰਮੇਸ਼ ਨੂੰ ਹਲਕੀਆਂ ਚੋਟਾਂ ਦੇ ਨਾਲ ਮਲਬੇ ਤੋਂ ਬਾਹਰ ਆਉਂਦੇ ਹੋਇਆ ਦੇਖਿਆ ਗਿਆ ਸੀ, ਜਦੋਂ ਪਿੱਛੇ ਜਹਾਜ਼ 'ਚੋਂ ਧੂੰਆਂ ਉੱਠ ਰਿਹਾ ਸੀ।

ਏਅਰ ਇੰਡੀਆ ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਹਾਦਸੇ 'ਚ ਜਹਾਜ਼ 'ਤੇ ਸਵਾਰ 241 ਲੋਕਾਂ ਦੀ ਮੌਤ ਹੋ ਗਈ ਸੀ

ਬੀਬੀਸੀ ਨਿਊਜ਼ ਨਾਲ ਗੱਲਬਾਤ ਦੌਰਾਨ ਭਾਵੁਕ ਹੋਏ ਰਮੇਸ਼, ਜਿਨ੍ਹਾਂ ਦੀ ਪਹਿਲੀ ਭਾਸ਼ਾ ਗੁਜਰਾਤੀ ਹੈ, ਨੇ ਕਿਹਾ, " ਮੈਂ ਇਕੱਲਾ ਬਚਿਆ ਹਾਂ। ਅਜੇ ਵੀ ਵਿਸ਼ਵਾਸ ਨਹੀਂ ਆਉਂਦਾ। ਇਹ ਚਮਤਕਾਰ ਹੈ।"

ਉਨ੍ਹਾਂ ਨੇ ਅੱਗੇ ਕਿਹਾ "ਮੈਂ ਆਪਣਾ ਭਰਾ ਵੀ ਗੁਆ ਦਿੱਤਾ। ਮੇਰਾ ਭਰਾ ਮੇਰੀ ਰੀੜ੍ਹ ਦੀ ਹੱਡੀ ਵਰਗਾ ਸੀ। ਪਿਛਲੇ ਕੁਝ ਸਾਲਾਂ ਤੋਂ ਉਹ ਹਮੇਸ਼ਾ ਮੇਰਾ ਸਹਾਰਾ ਸੀ।"

ਉਨ੍ਹਾਂ ਨੇ ਦੱਸਿਆ ਕਿ ਇਸ ਹਾਦਸੇ ਨੇ ਉਨ੍ਹਾਂ ਦੀ ਪਰਿਵਾਰਕ ਜ਼ਿੰਦਗੀ ਨੂੰ ਕਿਵੇਂ ਝੰਝੋੜ ਕੇ ਰੱਖ ਦਿੱਤਾ ਹੈ।

ਰਮੇਸ਼ ਨੇ ਦੱਸਿਆ, "ਹੁਣ ਮੈਂ ਇਕੱਲਾ ਹਾਂ। ਮੈਂ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਰਹਿੰਦਾ ਹਾਂ, ਆਪਣੀ ਪਤਨੀ ਜਾਂ ਪੁੱਤਰ ਨਾਲ ਗੱਲ ਨਹੀਂ ਕਰਦਾ। ਮੈਨੂੰ ਸਿਰਫ਼ ਘਰ ਵਿੱਚ ਇਕੱਲੇ ਰਹਿਣਾ ਪਸੰਦ ਹੈ।"

ਭਾਰਤ ਵਿੱਚ ਹਾਦਸੇ ਤੋਂ ਬਾਅਦ ਹਸਪਤਾਲ ਦੇ ਬਿਸਤਰੇ 'ਤੇ ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਨੇ ਸੇਫਟੀ ਬੈਲਟ ਖੋਲ੍ਹ ਕੇ, ਰੇਂਗ-ਰੇਂਗ ਕੇ, ਮਲਬੇ ਤੋਂ ਬਾਹਰ ਆਉਣ ਵਿਚ ਸਫ਼ਲਤਾ ਹਾਸਲ ਕੀਤੀ ਸੀ। ਇਲਾਜ ਦੌਰਾਨ ਉਨ੍ਹਾਂ ਦੀ ਮੁਲਾਕਾਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਹੋਈ ਸੀ।

ਇਸ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ 'ਚ 169 ਭਾਰਤੀ ਨਾਗਰਿਕ ਸਨ, 52 ਬ੍ਰਿਟਿਸ਼ ਸਨ। ਇਸ ਤੋਂ ਇਲਾਵਾ 19 ਲੋਕ ਜ਼ਮੀਨ 'ਤੇ ਮਾਰੇ ਗਏ।

ਏਅਰ ਇੰਡੀਆ ਜਹਾਜ਼ ਹਾਦਸਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਜਹਾਜ਼ ਹਾਦਸੇ ਵਿੱਚ ਮਰਨ ਵਾਲਿਆਂ 'ਚ 169 ਭਾਰਤੀ ਨਾਗਰਿਕ ਸਨ, 52 ਬ੍ਰਿਟਿਸ਼ ਸਨ

ਭਾਰਤ ਦੇ ਏਅਰਕ੍ਰਾਫ਼ਟ ਐਕਸੀਡੈਂਟ ਇਨਵੈਸਟੀਗੇਸ਼ਨ ਬਿਊਰੋ ਦੁਆਰਾ ਜੁਲਾਈ 'ਚ ਜਾਰੀ ਕੀਤੀ ਸ਼ੁਰੂਆਤੀ ਰਿਪੋਰਟ ਮੁਤਾਬਕ, ਉਡਾਣ ਭਰਨ ਤੋਂ ਕੁਝ ਸਕਿੰਟਾਂ ਬਾਅਦ ਇੰਜਨਾਂ ਨੂੰ ਇੰਧਨ ਦੀ ਸਪਲਾਈ ਰੁਕ ਗਈ ਸੀ।

ਇਸ ਹਾਦਸੇ ਦੀ ਜਾਂਚ ਜਾਰੀ ਹੈ, ਜਦਕਿ ਏਅਰਲਾਈਨ ਨੇ ਕਿਹਾ ਹੈ ਕਿ ਰਮੇਸ਼ ਅਤੇ ਹੋਰ ਸਭ ਪ੍ਰਭਾਵਿਤ ਪਰਿਵਾਰਾਂ ਦੀ ਦੇਖਭਾਲ ਕਰਨਾ, ਉਨ੍ਹਾਂ ਲਈ "ਸਭ ਤੋਂ ਪਹਿਲਯੋਗ " ਹੈ।

ਇਹ ਪਹਿਲੀ ਵਾਰ ਹੈ ਕਿ 39 ਸਾਲਾ ਰਮੇਸ਼ ਨੇ ਯੂਕੇ ਵਾਪਸ ਆਉਣ ਤੋਂ ਬਾਅਦ ਮੀਡੀਆ ਨਾਲ ਗੱਲ ਕੀਤੀ ਹੈ। ਕਈ ਖ਼ਬਰ ਸੰਸਥਾਵਾਂ ਨੂੰ ਇੰਟਰਵਿਊ ਲਈ ਸੱਦਾ ਦਿੱਤਾ ਗਿਆ ਸੀ, ਨਾਲ ਹੀ ਇੱਕ ਡਾਕਿਊਮੈਂਟਰੀ ਟੀਮ ਵੀ ਉਸੇ ਕਮਰੇ ਵਿੱਚ ਸ਼ੂਟ ਕਰ ਰਹੀ ਸੀ।

ਇੰਟਰਵਿਊ ਤੋਂ ਪਹਿਲਾਂ ਬੀਬੀਸੀ ਨੇ ਉਨ੍ਹਾਂ ਦੇ ਸਲਾਹਕਾਰਾਂ ਨਾਲ ਉਨ੍ਹਾਂ ਦੀ ਮਾਨਸਿਕ ਤੇ ਨਿੱਜੀ ਸੁਰੱਖਿਆ ਬਾਰੇ ਵਿਸਥਾਰ ਨਾਲ ਚਰਚਾ ਕੀਤੀ।

ਜਦੋਂ ਉਸ ਤੋਂ ਹਾਦਸੇ ਵਾਲੇ ਦਿਨ ਦੀਆਂ ਯਾਦਾਂ ਬਾਰੇ ਪੁੱਛਿਆ ਗਿਆ, ਤਾਂ ਉਨ੍ਹਾਂ ਨੇ ਕਿਹਾ: "ਮੈਂ ਇਸ ਬਾਰੇ ਹੁਣ ਕੁਝ ਨਹੀਂ ਕਹਿ ਸਕਦਾ।"

ਵਿਸ਼ਵਾਸ ਕੁਮਾਰ ਰਮੇਸ਼

ਸਥਾਨਕ ਕੌਮੀ ਨੇਤਾ ਸੰਜੀਵ ਪਟੇਲ ਅਤੇ ਬੁਲਾਰੇ ਰੈੱਡ ਸੀਗਰ ਦੇ ਨਾਲ ਬੈਠੇ ਰਮੇਸ਼ ਨੇ ਕਿਹਾ ਕਿ ਉਨ੍ਹਾਂ ਲਈ ਉਸ ਦਿਨ ਦੀਆਂ ਘਟਨਾਵਾਂ ਨੂੰ ਯਾਦ ਕਰਨਾ ਬਹੁਤ ਦੁਖਦਾਈ ਹੈ।

ਇੰਟਰਵਿਊ ਦੌਰਾਨ ਉਹ ਕਈ ਵਾਰ ਰੋ ਵੀ ਪਏ।

ਰਮੇਸ਼ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੇ ਪਰਿਵਾਰ ਲਈ ਇਹ ਸਮਾਂ ਕਿਵੇਂ ਦੁੱਖ ਭਰਿਆ ਹੈ।

ਉਨ੍ਹਾਂ ਨੇ ਕਿਹਾ, "ਮੇਰੇ ਲਈ, ਇਸ ਹਾਦਸੇ ਤੋਂ ਬਾਅਦ... ਸਭ ਕੁਝ ਬਹੁਤ ਔਖਾ ਹੋ ਗਿਆ ਹੈ। ਸਰੀਰਕ ਤੌਰ 'ਤੇ, ਮਾਨਸਿਕ ਤੌਰ 'ਤੇ — ਮੇਰਾ ਪਰਿਵਾਰ ਵੀ — ਮੇਰੀ ਮਾਂ ਪਿਛਲੇ ਚਾਰ ਮਹੀਨਿਆਂ ਤੋਂ ਹਰ ਰੋਜ਼ ਦਰਵਾਜ਼ੇ ਬਾਹਰ ਬੈਠੀ ਰਹਿੰਦੀ ਹੈ, ਕਿਸੇ ਨਾਲ ਗੱਲ ਨਹੀਂ ਕਰਦੀ।"

ਰਮੇਸ਼ ਨੇ ਦੱਸਿਆ, "ਮੈਂ ਵੀ ਕਿਸੇ ਨਾਲ ਗੱਲ ਨਹੀਂ ਕਰਦਾ। ਮੈਨੂੰ ਕਿਸੇ ਨਾਲ ਗੱਲ ਕਰਨਾ ਪਸੰਦ ਨਹੀਂ। ਮੈਂ ਬਹੁਤ ਨਹੀਂ ਬੋਲ ਸਕਦਾ। ਮੈਂ ਰਾਤ ਭਰ ਸੋਚਦਾ ਰਹਿੰਦਾ ਹਾਂ, ਮਾਨਸਿਕ ਤੌਰ 'ਤੇ ਤੜਫ਼ਦਾ ਹਾਂ। ਹਰ ਦਿਨ ਸਾਡੇ ਸਾਰੇ ਪਰਿਵਾਰ ਲਈ ਦਰਦਨਾਕ ਹੈ।"

"ਮੈਂ ਪੀੜਾ 'ਚ ਹਾਂ"

ਏਅਰ ਇੰਡੀਆ ਜਹਾਜ਼ ਹਾਦਸਾ

ਰਮੇਸ਼ ਨੇ ਆਪਣੀਆਂ ਸਰੀਰਕ ਚੋਟਾਂ ਬਾਰੇ ਵੀ ਦੱਸਿਆ। ਹਾਦਸੇ ਦੌਰਾਨ ਉਹ ਆਪਣੀ ਸੀਟ 11ਏ ਵਿਚੋਂ ਨਿਕਲ ਕੇ ਜਹਾਜ਼ ਦੇ ਸਰੀਰ 'ਚ ਬਣੀ ਦਰਾਰ ਰਾਹੀਂ ਬਾਹਰ ਆ ਗਏ ਸਨ।

ਰਮੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੈਰ, ਮੋਢੇ, ਗੋਡੇ ਅਤੇ ਪਿੱਠ ਵਿੱਚ ਦਰਦ ਰਹਿੰਦਾ ਹੈ ਅਤੇ ਉਹ ਹਾਦਸੇ ਤੋਂ ਬਾਅਦ ਨਾ ਕੰਮ ਕਰ ਸਕਦਾ ਹੈ ਤੇ ਨਾ ਹੀ ਗੱਡੀ ਚਲਾ ਸਕਦਾ ਹੈ।

ਉਨ੍ਹਾਂ ਨੇ ਕਿਹਾ, "ਜਦੋਂ ਮੈਂ ਤੁਰਦਾ ਹਾਂ, ਠੀਕ ਤਰ੍ਹਾਂ ਨਹੀਂ ਤੁਰ ਸਕਦਾ, ਹੌਲੀ-ਹੌਲੀ ਤੁਰਦਾ ਹਾਂ, ਮੇਰੀ ਪਤਨੀ ਮੇਰੀ ਮਦਦ ਕਰਦੀ ਹੈ।"

ਭਾਰਤ ਵਿੱਚ ਹਸਪਤਾਲ ਵਿੱਚ ਇਲਾਜ ਦੌਰਾਨ ਰਮੇਸ਼ ਨੂੰ ਪੋਸਟ-ਟ੍ਰਾਮੈਟਿਕ ਸਟ੍ਰੈੱਸ ਡਿਸਆਰਡਰ (ਪੀਟੀਐੱਸਡੀ) ਦੀ ਪਛਾਣ ਹੋਈ ਸੀ, ਪਰ ਉਨ੍ਹਾਂ ਦੇ ਸਲਾਹਕਾਰਾਂ ਮੁਤਾਬਕ, ਘਰ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਹੁਣ ਤੱਕ ਕੋਈ ਚਿਕਿਤਸਕ ਇਲਾਜ ਨਹੀਂ ਕਰਵਾਇਆ।

ਉਨ੍ਹਾਂ ਦੇ ਸਲਾਹਕਾਰਾਂ ਨੇ ਰਮੇਸ਼ ਨੂੰ "ਖੋਇਆ ਹੋਇਆ ਤੇ ਟੁੱਟਿਆ ਹੋਇਆ ਵਿਅਕਤੀ" ਵਜੋਂ ਦੱਸਿਆ ਹੈ, ਜਿਸਦੇ ਸਾਹਮਣੇ ਲੰਬੀ ਸੁਧਾਰ ਯਾਤਰਾ ਪਈ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਹਾਦਸੇ ਤੋਂ ਬਾਅਦ ਏਅਰ ਇੰਡੀਆ ਵੱਲੋਂ ਉਨ੍ਹਾਂ ਨਾਲ ਠੀਕ ਤਰੀਕੇ ਨਾਲ ਵਤੀਰਾ ਨਹੀਂ ਕੀਤਾ ਗਿਆ ਅਤੇ ਉਹ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਤੁਰੰਤ ਮੀਟਿੰਗ ਦੀ ਮੰਗ ਕਰ ਰਹੇ ਹਨ।

ਸੰਜੀਵ ਪਟੇਲ ਨੇ ਕਿਹਾ, "ਉਹ ਮਾਨਸਿਕ, ਸਰੀਰਕ ਤੇ ਆਰਥਿਕ ਤੌਰ 'ਤੇ ਸੰਕਟ ਵਿਚ ਹਨ। ਇਸ ਹਾਦਸੇ ਨੇ ਉਨ੍ਹਾਂ ਦਾ ਪਰਿਵਾਰ ਤਬਾਹ ਕਰ ਦਿੱਤਾ ਹੈ।"

ਉਨ੍ਹਾਂ ਨੇ ਅੱਗੇ ਕਿਹਾ, "ਜੋ ਵੀ ਸਭ ਤੋਂ ਉੱਚੇ ਪੱਧਰ 'ਤੇ ਇਸ ਲਈ ਜ਼ਿੰਮੇਵਾਰ ਹਨ, ਉਹਨਾਂ ਨੂੰ ਆ ਕੇ ਇਸ ਦੁਖਦਾਈ ਘਟਨਾ ਦੇ ਪੀੜਤਾਂ ਨਾਲ ਮਿਲਣਾ ਚਾਹੀਦਾ ਹੈ — ਉਨ੍ਹਾਂ ਦੀਆਂ ਜ਼ਰੂਰਤਾਂ ਨੂੰ ਸਮਝਣਾ ਤੇ ਉਨ੍ਹਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ।"

ਗਲਤੀਆਂ ਨੂੰ ਸੁਧਾਰੋ

ਸੰਜੀਵ ਪਟੇਲ
ਤਸਵੀਰ ਕੈਪਸ਼ਨ, ਸੰਜੀਵ ਪਟੇਲ ਨੇ ਕਿਹਾ ਕਿ ਉਹ ਰਮੇਸ਼ ਦੇ ਪਰਿਵਾਰ ਦਾ ਸਮਰਥਨ, ਸਲਾਹ ਅਤੇ ਸੁਰੱਖਿਆ ਕਰ ਰਹੇ ਸਨ

ਏਅਰ ਇੰਡੀਆ ਵੱਲੋਂ ਰਮੇਸ਼ ਨੂੰ*£21,500 (ਲਗਭਗ 22 ਲੱਖ ਰੁਪਏ) ਦੀ ਅਸਥਾਈ ਮੁਆਵਜ਼ਾ ਰਕਮ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਨੂੰ ਉਨ੍ਹਾਂ ਨੇ ਸਵੀਕਾਰ ਕੀਤਾ, ਪਰ ਉਨ੍ਹਾਂ ਦੇ ਸਲਾਹਕਾਰਾਂ ਦਾ ਕਹਿਣਾ ਹੈ ਕਿ ਇਹ ਰਕਮ ਉਸ ਦੀਆਂ ਤੁਰੰਤ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਕਾਫ਼ੀ ਨਹੀਂ ਹੈ।

ਉਨ੍ਹਾਂ ਦੇ ਸਲਾਹਕਾਰਾਂ ਨੇ ਦੱਸਿਆ ਕਿ ਹਾਦਸੇ ਤੋਂ ਪਹਿਲਾਂ ਰਮੇਸ਼ ਆਪਣੇ ਭਰਾ ਨਾਲ ਮਿਲ ਕੇ ਭਾਰਤ ਦੇ ਡਿਊ ਵਿੱਚ ਇੱਕ ਮੱਛੀ ਫ਼ੜਣ ਦੇ ਕਾਰੋਬਾਰ ਚਲਾ ਰਿਹਾ ਸੀ, ਪਰ ਭਰਾ ਦੀ ਮੌਤ ਤੋਂ ਬਾਅਦ ਉਹ ਧੰਦਾ ਵੀ ਢਹਿ ਗਿਆ ਹੈ।

ਪਰਿਵਾਰ ਦੇ ਬੁਲਾਰੇ ਰੈੱਡ ਸੀਗਰ ਨੇ ਕਿਹਾ ਕਿ ਉਹਨਾਂ ਨੇ ਏਅਰ ਇੰਡੀਆ ਨਾਲ ਤਿੰਨ ਵਾਰ ਮੀਟਿੰਗ ਲਈ ਬੇਨਤੀ ਕੀਤੀ, ਪਰ ਤਿੰਨੋ ਵਾਰ ਉਹਨਾਂ ਦੀ ਬੇਨਤੀ ਜਾਂ ਤਾਂ ਅਣਸੁਣੀ ਕਰ ਦਿੱਤੀ ਗਈ ਜਾਂ ਠੁਕਰਾ ਦਿੱਤੀ ਗਈ।

ਉਨ੍ਹਾਂ ਨੇ ਕਿਹਾ ਕਿ ਮੀਡੀਆ ਇੰਟਰਵਿਊਜ਼ ਕਰਨਾ ਟੀਮ ਦਾ ਚੌਥੀ ਵਾਰ ਉਹੀ ਅਪੀਲ ਦੁਹਰਾਉਣ ਦਾ ਇਕ ਤਰੀਕਾ ਹੈ।

ਸੀਗਰ ਨੇ ਅੱਗੇ ਕਿਹਾ, "ਇਹ ਬਹੁਤ ਹੀ ਦੁਖਦਾਈ ਹੈ ਕਿ ਅੱਜ ਸਾਨੂੰ ਇੱਥੇ ਬੈਠ ਕੇ ਵਿਸ਼ਵਾਸਕੁਮਾਰ ਨੂੰ ਦੁਬਾਰਾ ਇਸ ਪੀੜਾ ਵਿਚੋਂ ਲੰਘਾਣਾ ਪੈ ਰਿਹਾ ਹੈ।"

"ਅਸਲ ਵਿੱਚ ਇੱਥੇ ਅੱਜ ਬੈਠੇ ਹੋਣੇ ਚਾਹੀਦੇ ਸੀ ਏਅਰ ਇੰਡੀਆ ਦੇ ਉੱਚ ਅਧਿਕਾਰੀ — ਉਹ ਲੋਕ ਜੋ ਇਸ ਗਲਤੀ ਨੂੰ ਠੀਕ ਕਰਨ ਲਈ ਜ਼ਿੰਮੇਵਾਰ ਹਨ।"

"ਕਿਰਪਾ ਕਰਕੇ ਆਓ, ਸਾਡੇ ਨਾਲ ਬੈਠੋ, ਤਾਂ ਜੋ ਅਸੀਂ ਇਕੱਠੇ ਮਿਲ ਕੇ ਇਸ ਪੀੜਾ ਨੂੰ ਕੁਝ ਹੱਦ ਤੱਕ ਘਟਾਉਣ ਦੀ ਕੋਸ਼ਿਸ਼ ਕਰ ਸਕੀਏ।"

ਟਾਟਾ ਗਰੁੱਪ/ ਏਅਰ ਇੰਡੀਆ

ਟਾਟਾ ਗਰੁੱਪ ਦੇ ਮਾਲਕਾਨੇ ਹੇਠ ਆਉਣ ਵਾਲੀ ਏਅਰ ਇੰਡੀਆ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੇਰੇਂਟ ਕੰਪਨੀ ਦੇ ਸੀਨੀਅਰ ਨੇਤਾ ਪ੍ਰਭਾਵਿਤ ਪਰਿਵਾਰਾਂ ਨਾਲ ਮਿਲ ਕੇ ਉਨ੍ਹਾਂ ਪ੍ਰਤੀ ਆਪਣੀ ਡੂੰਘੀ ਸੰਵੇਦਨਾ ਜ਼ਾਹਰ ਕਰ ਰਹੇ ਹਨ।

ਬਿਆਨ 'ਚ ਕਿਹਾ ਗਿਆ, "ਰਮੇਸ਼ ਦੇ ਪ੍ਰਤੀਨਿਧੀਆਂ ਨੂੰ ਇਸ ਤਰ੍ਹਾਂ ਦੀ ਮੀਟਿੰਗ ਦੀ ਵਿਵਸਥਾ ਕਰਨ ਲਈ ਪੇਸ਼ਕਸ਼ ਕੀਤੀ ਗਈ ਹੈ। ਅਸੀਂ ਸੰਪਰਕ ਬਣਾਈ ਰੱਖ ਰਹੇ ਹਾਂ ਅਤੇ ਉਮੀਦ ਕਰਦੇ ਹਾਂ ਕਿ ਸਾਨੂੰ ਸਕਾਰਾਤਮਕ ਜਵਾਬ ਮਿਲੇਗਾ।"

ਏਅਰ ਇੰਡੀਆ ਨੇ ਬੀਬੀਸੀ ਨੂੰ ਦੱਸਿਆ ਕਿ ਇਹ ਪੇਸ਼ਕਸ਼ ਰਮੇਸ਼ ਨੂੰ ਮੀਡੀਆ ਇੰਟਰਵਿਊਜ਼ ਤੋਂ ਪਹਿਲਾਂ ਹੀ ਕੀਤੀ ਗਈ ਸੀ।

ਇਹ ਵੀ ਪੜ੍ਹੋ:

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)