ਜੇਲ੍ਹ ਦੇ ਅੰਦਰ ਪਿਆਰ: "ਮੈਂ ਉਸ ਆਦਮੀ ਨਾਲ ਵਿਆਹ ਕਰਵਾਇਆ ਤੇ ਬੱਚਾ ਪੈਦਾ ਕੀਤਾ ਜੋ ਮੇਰੇ ਪੁੱਤਰ ਨਾਲ ਹੀ ਕੈਦ ਸੀ"

ਤਸਵੀਰ ਸਰੋਤ, Andrea Casamento
- ਲੇਖਕ, ਪਾਊਲਾ ਬਿਸਤਾਨੀਨੋ
- ਰੋਲ, ਬੁਇਨਸ ਆਇਰਸ (ਅਰਜਨਟੀਨਾ)
ਬੁਇਨਸ ਆਇਰਸ, ਅਰਜਨਟੀਨਾ ਦੇ ਰਹਿਣ ਵਾਲੇ ਅੰਦਰੇਅ ਕਾਸਾਮੈਂਤੋ ਮੱਧ ਵਰਗ ਦੇ ਵਿਧਵਾ ਮਹਿਲਾ ਹਨ ਤੇ ਜਦੋਂ ਉਹ 40 ਸਾਲ ਦੇ ਸਨ ਤਾਂ ਉਨ੍ਹਾਂ ਦੀ ਸ਼ਾਂਤ ਜ਼ਿੰਦਗੀ ਅਚਾਨਕ ਪਲਟ ਗਈ।
ਮਾਰਚ 2004 ਵਿੱਚ, ਜਦੋਂ ਉਹ ਆਪਣੇ ਦੋਸਤਾਂ ਨਾਲ ਸ਼ਹਿਰ ਦੇ ਬਾਹਰ ਛੁੱਟੀ ਵਾਲੇ ਦਿਨ ਬਿਤਾ ਰਹੇ ਸਨ, ਉਨ੍ਹਾਂ ਨੂੰ ਇੱਕ ਫ਼ੋਨ ਆਇਆ ਜਿਸ 'ਚ ਕਿਹਾ ਗਿਆ ਕਿ ਉਨ੍ਹਾਂ ਦੇ ਤਿੰਨ ਬੱਚਿਆਂ ਵਿੱਚੋਂ ਵੱਡਾ ਪੁੱਤਰ, ਜੋ ਸਿਰਫ਼ 18 ਸਾਲ ਦਾ ਸੀ, ਚੋਰੀ ਦੇ ਇਲਜ਼ਾਮ ਹੇਠ ਗ੍ਰਿਫ਼ਤਾਰ ਹੋ ਗਿਆ ਹੈ।
ਅੰਦਰੇਅ ਨੇ ਦੱਸਿਆ, "ਮੈਂ ਉਸ ਵੇਲੇ ਸਵਿੰਮਿੰਗ ਪੂਲ ਅੰਦਰ ਸੀ ਤੇ ਸਵੀਮਸੂਟ ਵਿੱਚ ਹੀ ਪੁਲਿਸ ਸਟੇਸ਼ਨ ਪਹੁੰਚ ਗਈ। ਮੈਨੂੰ ਯਕੀਨ ਸੀ ਕਿ ਉਹ ਝੂਠ ਬੋਲ ਰਹੇ ਹਨ, ਮੈਨੂੰ ਲੱਗਿਆ ਜੁਆਨ ਦਾ ਕੋਈ ਐਕਸੀਡੈਂਟ ਹੋਇਆ ਹੋਵੇਗਾ।"
ਅੰਦਰੇਅ ਨੇ ਇਹ ਹੱਸਦਿਆਂ ਹੋਏ ਕਿਹਾ, "ਮੇਰੇ ਮਨ ਵਿੱਚ ਇਹੀ ਚੱਲ ਰਿਹਾ ਸੀ ਕਿ ਇਹ ਤਾਂ ਹੋ ਹੀ ਨਹੀਂ ਸਕਦਾ ਕਿ ਉਹ ਜੇਲ੍ਹ ਵਿੱਚ ਹੈ, ਇਹ ਸਭ ਕੁਝ ਫ਼ਿਲਮ ਵਰਗਾ ਲੱਗ ਰਿਹਾ ਸੀ।"
ਪਿੱਛੇ ਕੰਧ 'ਤੇ ਉਨ੍ਹਾਂ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਦ ਵੂਮਨ ਇਨ ਲਾਈਨ' ਦਾ ਪੋਸਟਰ ਲੱਗਿਆ ਹੋਇਆ ਸੀ, ਜੋ ਹਾਲ ਹੀ ਵਿੱਚ ਅਰਜਨਟੀਨਾ ਤੇ ਉਰੂਗਵੇ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ ਅਤੇ 31 ਅਕਤੂਬਰ ਤੋਂ ਨੈਟਫ਼ਲਿਕਸ 'ਤੇ ਵੀ ਆ ਰਹੀ ਹੈ।

ਤਸਵੀਰ ਸਰੋਤ, Juan Pablo Pichetto
ਸ਼ਨੀਵਾਰ ਦੀ ਰਾਤ ਜੁਆਨ ਜਦੋਂ ਆਪਣੀ ਪ੍ਰੇਮੀਕਾ ਨਾਲ ਬਾਰ ਵਿੱਚ ਸੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ 'ਤੇ ਇਲਜ਼ਾਮ ਲਾਇਆ ਗਿਆ ਕਿ ਉਸਨੇ ਚਾਕੂ ਦੀ ਨੋਕ 'ਤੇ ਚਾਰ ਐਮਪਾਨਾਦਾਸ (empanadas) ਚੋਰੀ ਕੀਤੀਆਂ ਹਨ, ਜੋ ਲਾਤੀਨੀ ਅਮਰੀਕਾ ਦੀ ਮਸ਼ਹੂਰ ਪੇਸਟਰੀ ਹੈ।
ਕੁਝ ਦਿਨ ਪਹਿਲਾਂ ਹੀ ਸ਼ਹਿਰ ਵਿੱਚ ਇੱਕ ਵੱਡਾ ਪ੍ਰਦਰਸ਼ਨ ਹੋਇਆ ਸੀ, ਕਿਉਂਕਿ ਇੱਕ ਨੌਜਵਾਨ ਨੂੰ ਅਗਵਾ ਕਰਕੇ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਅੰਦਰੇਅ ਵੀ ਉੱਥੇ ਹੱਥ ਵਿੱਚ ਮੋਮਬੱਤੀ ਫੜ ਕੇ ਅਪਰਾਧੀਆਂ ਲਈ ਸਖ਼ਤ ਤੇ ਲੰਬੀਆਂ ਸਜ਼ਾਵਾਂ ਦੀ ਮੰਗ ਕਰ ਰਹੇ ਸਨ।
ਅੰਦਰੇਅ ਨੇ ਉਸ ਘਟਨਾ ਬਾਰੇ ਬੋਲਦਿਆਂ ਕਿਹਾ ਕਿ "ਮੈਨੂੰ ਡਰ ਸੀ ਕਿ ਅਜਿਹਾ ਕੁਝ ਮੇਰੇ ਬੱਚਿਆਂ ਨਾਲ ਵੀ ਹੋ ਸਕਦਾ ਹੈ। ਕਈ ਵਾਰ ਜੋ ਤੁਸੀਂ ਮੰਗਦੇ ਹੋ, ਉਸ ਤੋਂ ਵੀ ਸਾਵਧਾਨ ਰਹਿਣਾ ਚਾਹੀਦਾ ਹੈ।"
ਜੁਆਨ ਦੀ ਗ੍ਰਿਫ਼ਤਾਰੀ ਤੋਂ ਅਗਲੇ ਸੋਮਵਾਰ, ਅੰਦਰੇਅ ਸਵੇਰੇ ਹੀ ਅਦਾਲਤ ਪਹੁੰਚ ਗਏ "ਜੱਜ ਨੂੰ ਸਮਝਾਉਣ ਲਈ ਕਿ ਇਹ ਸਭ ਇੱਕ ਗਲਤਫ਼ਹਮੀ ਹੈ''।
ਪਰ ਜੱਜ ਨੇ ਉਨ੍ਹਾਂ ਦੀ ਗੱਲ ਸੁਣਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ: "ਮੈਨੂੰ ਆਪਣੀ ਅਦਾਲਤ ਦੇ ਬਾਹਰ ਕੋਈ ਪ੍ਰਦਰਸ਼ਨ ਨਹੀਂ ਚਾਹੀਦਾ, ਇਸ ਲਈ ਤੁਹਾਡਾ ਪੁੱਤਰ ਜਦ ਤੱਕ ਮਾਮਲਾ ਨਿਪਟਦਾ ਨਹੀਂ, ਜੇਲ੍ਹ 'ਚ ਹੀ ਰਹੇਗਾ।"
ਇਸ ਤਰ੍ਹਾਂ ਸ਼ੁਰੂ ਹੋਇਆ ਉਹ ਸਫ਼ਰ ਜੋ ਅੱਠ ਮਹੀਨੇ ਚੱਲਿਆ।

ਤਸਵੀਰ ਸਰੋਤ, ACiFaD
ਅੰਦਰੇਅ ਨੇ ਕਿਹਾ, "ਮੇਰੀ ਜ਼ਿੰਦਗੀ ਇੱਕ ਡਰਾਉਣੇ ਸੁਪਨੇ 'ਚ ਬਦਲ ਗਈ ਸੀ। ਕੁਝ ਦਿਨਾਂ ਬਾਅਦ, ਬਿਨਾ ਕਿਸੇ ਮੁਕੱਦਮੇ ਦੇ, ਜੁਆਨ ਨੂੰ ਸਭ ਤੋਂ ਸਖ਼ਤ ਸੁਰੱਖਿਆ ਵਾਲੀ ਜੇਲ੍ਹ ਏਜ਼ੇਇਜ਼ਾ ਭੇਜ ਦਿੱਤਾ ਗਿਆ ਜੋ ਸਾਡੇ ਘਰ ਤੋਂ ਇੱਕ ਘੰਟੇ ਤੋਂ ਵੀ ਵੱਧ ਦੂਰ ਸੀ ਅਤੇ ਮੈਂ ਸਭ ਕੁਝ ਛੱਡ ਕੇ ਭੱਜ ਗਈ।"
(ਸਾਲਾਂ ਬਾਅਦ, ਅੰਦਰੇਅ ਨੇ ਉਹਨਾਂ ਔਰਤਾਂ ਨਾਲ ਮਿਲ ਕੇ ਇੱਕ ਗਰੁੱਪ ਬਣਾਇਆ ਜੋ ਉਸਦੀ ਤਰ੍ਹਾਂ ਆਪਣਿਆ ਨੂੰ ਮਿਲਣ ਲਈ ਜੇਲ੍ਹਾਂ ਦੇ ਬਾਹਰ ਕਤਾਰਾਂ ਵਿੱਚ ਖੜੀਆਂ ਰਹਿੰਦੀਆਂ ਸਨ।}
ਉਸ ਵੇਲੇ ਅੰਦਰੇਅ ਨੂੰ ਸਿਸਟਮ ਬਾਰੇ ਕੁਝ ਵੀ ਪਤਾ ਨਹੀਂ ਸੀ ਤੇ ਉਸੇ ਦਿਨ ਉਹ ਆਪਣੇ ਪੁੱਤਰ ਨੂੰ ਮਿਲਣ ਜੇਲ੍ਹ ਪਹੁੰਚ ਗਈ ਜਦੋਂ ਉਸਦਾ ਤਬਾਦਲਾ ਕੀਤਾ ਜਾ ਰਿਹਾ ਸੀ। ਜੁਆਨ ਨੂੰ ਇਕਾਂਤ ਕੈਦ ਵਿੱਚ ਰੱਖਿਆ ਗਿਆ ਸੀ ਤੇ ਅੰਦਰੇਅ ਉਸਨੂੰ ਮਿਲ ਨਹੀਂ ਸਕੀ।
ਇਹੀ ਸੀ ਉਸਦਾ ਪਹਿਲਾ ਤਜਰਬਾ ਲਾਈਨ 'ਚ ਖੜ੍ਹੇ ਹੋਣ ਦਾ ਜਿਸ 'ਤੇ ਫ਼ਿਲਮ ਦਾ ਨਾਮ ਰੱਖਿਆ ਗਿਆ ਹੈ, ਲਗਭਗ ਸਾਰੀਆਂ ਔਰਤਾਂ, ਕੁਝ ਬੱਚਿਆਂ ਦੇ ਨਾਲ, ਬੈਗ ਚੁੱਕੇ ਗੇਟਾਂ ਦੇ ਬਾਹਰ ਖੜੀਆਂ ਉਡੀਕ ਰਹੀਆਂ ਸਨ।
ਅੰਦਰੇਅ ਨੇ ਕਿਹਾ, "ਉਹ ਉੱਥੇ ਹੀ ਸਨ, ਪਰ ਮੈਂ ਉਹਨਾਂ ਨੂੰ ਦੇਖਿਆ ਹੀ ਨਹੀਂ। ਮੈਨੂੰ ਲੱਗਦਾ ਸੀ ਮੇਰੀ ਸਥਿਤੀ ਵੱਖਰੀ ਹੈ। ਮੈਨੂੰ ਪਤਾ ਹੀ ਨਹੀਂ ਸੀ ਕਿ ਜੇਲ੍ਹ ਹੁੰਦੀ ਕੀ ਹੈ। ਇਹ ਮੇਰੀ ਦੁਨੀਆ ਦਾ ਹਿੱਸਾ ਨਹੀਂ ਸੀ। ਮੈਨੂੰ ਅਜੇ ਤੱਕ ਅਹਿਸਾਸ ਨਹੀਂ ਹੋਇਆ ਸੀ ਕਿ ਮੈਂ ਖੁਦ ਵੀ ਉਸ ਲਾਈਨ ਵਿੱਚ ਖੜ੍ਹੀਆਂ ਹੋਰ ਔਰਤਾਂ ਵਿੱਚੋਂ ਇੱਕ ਬਣ ਗਈ ਹਾਂ।"
ਅਗਲੇ ਅੱਠ ਮਹੀਨਿਆਂ ਤੱਕ, ਅੰਦਰੇਅ ਹਫ਼ਤੇ ਵਿੱਚ ਚਾਰ ਵਾਰ ਏਜ਼ੇਇਜ਼ਾ ਜੇਲ੍ਹ ਜਾਂਦੀ ਰਹੀ। ਉਨ੍ਹਾਂ ਵਿੱਚੋਂ ਦੋ ਦਿਨ ਮੁਲਾਕਾਤ ਲਈ ਨਿਰਧਾਰਤ ਹੁੰਦੇ ਸਨ। ਬਾਕੀ ਦੋ ਦਿਨ ਉਹ ਸਿਰਫ਼ ਜੇਲ੍ਹ ਦੇ ਗੇਟਾਂ ਬਾਹਰ ਇਸ ਡਰ ਨਾਲ ਖੜੀ ਰਹਿੰਦੀ ਸੀ ਕਿ "ਕਿਤੇ ਉਸਨੂੰ ਮਰੇ ਹੋਏ ਨੂੰ ਬਾਹਰ ਨੇ ਲੈ ਲਿਆਉਣ।"
ਅੰਦਰੇਅ ਨੇ ਕਿਹਾ ਕਿ "ਜੇ ਮੇਰਾ ਪੁੱਤਰ ਉੱਥੋਂ ਮਰਿਆ ਹੋਇਆ ਬਾਹਰ ਆਉਂਦਾ ਤਾਂ ਪਹਿਲੀ ਮੈਂ ਹੀ ਹੋਵਾਂ ਜੋ ਉਸਨੂੰ ਆਪਣੀ ਗੋਦ ਵਿੱਚ ਲਵਾਂ, ਕਿਉਂਕਿ ਮੈਂ ਹੀ ਉਸਨੂੰ ਇਸ ਦੁਨੀਆ ਵਿੱਚ ਲਿਆਂਦਾ ਸੀ।"
"ਉਹ ਅੱਠ ਮਹੀਨੇ ਮੈਂ ਹਰ ਇੱਕ ਦਿਨ ਡਰ ਵਿੱਚ ਕੱਢਿਆ ਕਿ ਉਸਨੂੰ ਅੰਦਰ ਮਾਰ ਨਾਂ ਦੇਣ… ਤੇ ਕਿਸੇ ਦਿਨ ਉਸਦਾ ਕਾਲ ਹੀ ਨਾ ਆਵੇ।"
"ਮੈਂ ਜੇਲ੍ਹ ਵਿੱਚ ਬੰਦ ਕਿਸੇ ਆਦਮੀ ਨੂੰ ਨਹੀਂ ਚੁਣਿਆ — ਮੈਂ ਅਲੇਜੋ ਨੂੰ ਚੁਣਿਆ"

ਤਸਵੀਰ ਸਰੋਤ, Andrea Casamento
ਉਹ ਪਹਿਲਾ ਦਿਨ ਜਦੋਂ ਜੁਆਨ ਦਾ ਕਾਲ ਨਹੀਂ ਆਇਆ ਤਾਂ ਅੰਦਰੇਅ ਤੁਰੰਤ ਜੇਲ੍ਹ ਪਹੁੰਚ ਗਈ ਪਰ ਉਸਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਮਿਲੀ। ਬਾਅਦ ਵਿੱਚ ਉਸ ਨੂੰ ਇੱਕ ਆਦਮੀ ਦਾ ਫ਼ੋਨ ਆਇਆ ਜਿਸ ਨੇ ਆਪਣਾ ਨਾਮ ਅਲੇਜੋ ਦੱਸਿਆ। ਉਸ ਨੇ ਕਿਹਾ ਕਿ ਜੁਆਨ ਠੀਕ ਹੈ, ਪਰ ਜੇਲ੍ਹ ਵਿੱਚ ਝਗੜਾ ਹੋ ਗਿਆ ਸੀ ਤੇ ਉਸ ਨੂੰ ਮੁੜ ਇਕਾਂਤ ਕੈਦ ਵਿੱਚ ਰੱਖਿਆ ਗਿਆ ਹੈ।
ਅਲੇਜੋ ਨੇ ਵਾਅਦਾ ਕੀਤਾ ਕਿ ਉਹ ਮੁੜ ਕਾਲ ਕਰੇਗਾ, ਅਤੇ ਉਸਨੇ ਕੀਤਾ ਵੀ। ਉਸ ਦਿਨ ਤੋਂ ਬਾਅਦ, ਅੰਦਰੇਅ ਨੂੰ ਜੁਆਨ ਤੋਂ ਇਲਾਵਾ ਅਲੇਜੋ ਦੀਆਂ ਕਾਲਾਂ ਵੀ ਆਉਣ ਲੱਗੀਆਂ।
ਅੰਦਰੇਅ ਨੇ ਦੱਸਿਆ "ਅਸੀਂ ਗੱਲ ਕਰਨੀ ਸ਼ੁਰੂ ਕੀਤੀ ਤੇ ਫਿਰ ਕਦੇ ਰੁਕੇ ਹੀ ਨਹੀਂ, ਮੈਂ ਇਕੱਲੀ ਰਹਿ ਗਈ ਸੀ। ਕੋਈ ਮੈਨੂੰ ਸਮਝਦਾ ਨਹੀਂ ਸੀ, ਨਾ ਮੇਰਾ ਪਰਿਵਾਰ, ਨਾ ਮੇਰੇ ਦੋਸਤ, ਕੋਈ ਨਹੀਂ।"
"ਅਲੇਜੋ ਮੇਰੇ ਲਈ ਇੱਕ ਕਿਸਮ ਦਾ ਸਹਾਰਾ ਬਣ ਗਿਆ, ਉਹੀ ਸੀ ਜਿਹੜਾ ਮੇਰੇ ਚਿਹਰੇ 'ਤੇ ਮੁਸਕਾਨ ਲਿਆਉਂਦਾ ਸੀ ਤੇ ਉਸ ਨਰਕ ਵਰਗੀ ਜ਼ਿੰਦਗੀ 'ਚ ਹੌਂਸਲਾ ਦਿੰਦਾ ਸੀ।"

ਤਸਵੀਰ ਸਰੋਤ, Andrea Casamento
ਅੰਦਰੇਅ ਨੇ ਕਿਹਾ, "ਮੈਨੂੰ ਆਪਣੇ ਪੁੱਤਰ ਨੂੰ ਜੇਲ੍ਹ ਤੋਂ ਬਾਹਰ ਕੱਢਣ ਤੋਂ ਇਲਾਵਾ ਹੋਰ ਕੁਝ ਨਹੀਂ ਸੁੱਝਦਾ ਸੀ। ਮੈਨੂੰ ਲੱਗਦਾ ਸੀ ਜਿਵੇਂ ਮੇਰਾ ਪੁੱਤਰ ਮੇਰੇ ਗਰਭ ਵਿੱਚੋਂ ਹੀ ਖੋਹ ਲਿਆ ਗਿਆ ਹੋਵੇ। ਉਸ ਦੇ ਮੋਹ ਨੇ ਮੈਨੂੰ ਹਰ ਰੁਕਾਵਟ ਪਾਰ ਕਰਨ ਦੀ ਤਾਕਤ ਦਿੱਤੀ ਅਤੇ ਅਲੇਹੋ, ਜੋ ਅੰਦਰ ਜੁਆਨ ਦੀ ਦੇਖਭਾਲ ਕਰਦੇ ਸਨ, ਉਹ ਮੈਨੂੰ ਕਹਿੰਦੇ ਸੀ ਚੁੱਪ ਨਾ ਰਹੋ, ਲੜੋ, ਭੱਜ-ਦੌੜ ਕਰੋ ਤੇ ਗੱਲ ਨੂੰ ਤੇਜ਼ੀ ਨਾਲ ਅੱਗੇ ਵਧਾਓ।"
ਅੰਦਰੇਅ ਨੇ ਫਿਰ ਆਪਣੀ ਮਾਂ ਦੇ ਘਰ ਦੋ ਛੋਟੇ ਬੱਚਿਆਂ ਦੇ ਨਾਲ ਸ਼ਿਫ਼ਟ ਕਰ ਲਿਆ ਅਤੇ ਆਪਣਾ ਘਰ ਵੇਚ ਕੇ ਇੱਕ ਵਕੀਲ ਕੀਤਾ। ਵਕੀਲ ਨੇ ਅਦਾਲਤ ਵਿੱਚ ਸਾਬਤ ਕਰ ਦਿੱਤਾ ਕਿ ਜੁਆਨ ਦਾ ਉਸ ਚੋਰੀ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਜਿਸਦਾ ਦੋਸ਼ ਉਸ 'ਤੇ ਲਾਇਆ ਗਿਆ ਸੀ।
ਲੰਮੇ ਅੱਠ ਮਹੀਨਿਆਂ ਬਾਅਦ ਜੁਆਨ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਅੰਦਰੇਅ ਅਗਲੇ 15 ਸਾਲਾਂ ਤੱਕ ਹਰ ਹਫ਼ਤੇ ਜੇਲ੍ਹ ਜਾਂਦੀ ਰਹੀ।
ਉਨ੍ਹਾਂ ਨੇ ਅੱਗੇ ਦੱਸਿਆ ਕਿ "ਮੇਰੇ ਪੁੱਤਰ ਦੀ ਕੈਦ ਨੇ ਮੈਨੂੰ ਹਮੇਸ਼ਾਂ ਲਈ ਬਦਲ ਦਿੱਤਾ। ਇਹ ਅਜਿਹਾ ਸੀ ਜਿਵੇਂ ਮੈਂ ਅਚਾਨਕ ਜਾਗ ਪਈ ਹੋਵਾਂ, ਜਿਵੇਂ ਕਿਸੇ ਨੇ ਮੇਰੀ ਅੱਖਾਂ ਅੱਗਿਓਂ ਕੋਈ ਪਰਦਾ ਹਟਾ ਦਿੱਤਾ ਹੋਵੇ। ਪਰ ਅਲੇਜੋ ਨਾਲ ਮੇਰੀ ਕਹਾਣੀ ਵੱਖਰੀ ਸੀ। ਇਹ ਕੁਝ ਅਜਿਹਾ ਸੀ ਜੋ ਮੈਂ ਖੁਦ ਚੁਣਿਆ ਸੀ।"
"ਪਰ ਮੈਂ ਕਿਸੇ ਜੇਲ੍ਹ ਵਿੱਚ ਬੰਦ ਆਦਮੀ ਨੂੰ ਨਹੀਂ ਚੁਣਿਆ ਸੀ। ਮੈਂ ਅਲੇਜੋ ਨੂੰ ਚੁਣਿਆ ਸੀ ਤੇ ਅਲੇਜੋ ਜੇਲ੍ਹ ਵਿੱਚ ਸੀ।"
ਅਲੇਜੋ 'ਤੇ ਕਈ ਚੋਰੀਆਂ ਦੇ ਦੋਸ਼ ਸਾਬਤ ਹੋਏ ਸਨ। ਜਦੋਂ ਉਸਦੀ ਅੰਦਰੇਅ ਨਾਲ ਮੁਲਾਕਾਤ ਹੋਈ, ਉਸਦੀ ਸਜ਼ਾ ਦੇ ਲਗਭਗ 15 ਸਾਲ ਹਾਲੇ ਬਾਕੀ ਸਨ।
ਉਨ੍ਹਾਂ ਨੇ ਅੱਗੇ ਕਿਹਾ, "ਉਸ ਵੇਲੇ ਮੈਨੂੰ ਪਤਾ ਸੀ ਕਿ ਇਹ ਸਭ ਕੀ ਹੈ, ਪਰ ਮੈਨੂੰ ਪਰਵਾਹ ਨਹੀਂ ਸੀ, ਕਿਉਂਕਿ ਮੈਂ ੳਨ੍ਹਾਂ ਨੂੰ ਦੇਖਿਆ ਤੇ ਮੈਨੂੰ ਲੱਗਿਆ ਕਿ ਮੈਂ ੳਨ੍ਹਾਂ ਦੇ ਕੋਲ ਹੀ ਰਹਿਣਾ ਚਾਹੁੰਦੀ ਹਾਂ।"
"ਮੇਰੇ ਲਈ ਲੋਕਾਂ ਦੀਆਂ ਗੱਲਾਂ ਦੀ ਕੋਈ ਅਹਿਮੀਅਤ ਨਹੀਂ ਸੀ। ਮੈਂ ਜੇਲ੍ਹ ਦਾ ਦਰਦ ਆਪਣੇ ਪੁੱਤਰ ਨਾਲ ਸਹਾਰਿਆ ਸੀ, ਪਰ ਅਲੇਜੋ ਨਾਲ ਨਹੀਂ। ਮੈਂ ਜਦੋਂ ਜੇਲ੍ਹ 'ਚ ੳਨ੍ਹਾਂ ਨੂੰ ਮਿਲਣ ਜਾਂਦੀ ਸੀ, ੳਨ੍ਹਾਂ ਦੇ ਸਾਹਮਣੇ ਬੈਠ ਕੇ ਗੱਲਾਂ ਕਰਦੀ ਸੀ, ਤੇ ਲੱਗਦਾ ਸੀ ਜਿਵੇਂ ਅਸੀਂ ਕਿਸੇ ਬਾਰ 'ਚ ਬੈਠੇ ਹੋਈਏ।"
"ੳਨ੍ਹਾਂ ਨੂੰ ਦੇਖ ਲੈਣਾ ਹੀ ਮੇਰੇ ਲਈ ਕਾਫ਼ੀ ਸੀ। ਓਥੇ ਸਿਰਫ਼ ਮੈਂ ਸੀ ਤੇ ਉਹ ਸਨ। ਮੈਂ ਕਿਉਂ ਉਸ ਖੁਸ਼ੀ ਤੋਂ ਵਾਂਝੀ ਰਹਿੰਦੀ? ਜੋ ਕੁਝ ਮੈਂ ਭੁਗਤਿਆ ਸੀ, ਉਸ ਤੋਂ ਬਾਅਦ ਮੈਂ ਆਪਣੇ ਜਜ਼ਬਾਤਾਂ ਤੋਂ ਪਿੱਛੇ ਨਹੀਂ ਹਟ ਸਕਦੀ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਜ਼ਿੰਦਗੀ ਕਿਸੇ ਵੀ ਪਲ, ਪਲਕ ਝਪਕਣ 'ਤੇ ਸਭ ਕੁਝ ਖੋਹ ਸਕਦੀ ਹੈ ਤੇ ਹੋਰ ਲੋਕ ਕੀ ਸੋਚਦੇ ਹਨ, ਇਸ ਦੀ ਮੈਨੂੰ ਕੋਈ ਪਰਵਾਹ ਨਹੀਂ ਸੀ।"

ਤਸਵੀਰ ਸਰੋਤ, Andrea Casamento
ਕੁਝ ਸਮੇਂ ਬਾਅਦ, ਅੰਦਰੇਅ ਨੇ ਹਿੰਮਤ ਕਰਕੇ ਇੱਕ ਵੱਡਾ ਫੈਸਲਾ ਲਿਆ। ਉਸਨੇ ਕਿਹਾ "ਜੇਲ੍ਹ ਵਿੱਚ ਮਿਲਣਾ ਬਹੁਤ ਔਖਾਂ ਹੁੰਦਾ ਹੈ, ਇਸ ਲਈ ਮੈਂ ਹੱਸਦੇ ਹੋਏ ਅਲੇਜੋ ਨੂੰ ਕਿਹਾ ਚੱਲ ਵਿਆਹ ਕਰਵਾ ਲੈਂਦੇ ਹਾਂ, ਤਾਂ ਜੋ ਮਿਲਣਾ ਆਸਾਨ ਹੋ ਜਾਵੇ।"
ਪਰ ਅੰਦਰੇਅ ਨੇ ਸੋਚਿਆ ਵੀ ਨਹੀਂ ਸੀ ਕਿ ਅਲੇਜੋ ਇੰਨੀ ਜਲਦੀ ਗੰਭੀਰ ਹੋ ਜਾਵੇਗਾ। ਉਨ੍ਹਾਂ ਨੇ ਤੁਰੰਤ ਜੱਜ ਨਾਲ ਮੀਟਿੰਗ ਤੈਅ ਕਰ ਲਈ, ਜੋ ਜੇਲ੍ਹ ਵਿੱਚ ਆ ਕੇ ਉਨ੍ਹਾਂ ਦਾ ਵਿਆਹ ਕਰਵਾਉਣ ਵਾਲਾ ਸੀ।
ਅੰਦਰੇਅ ਨੇ ਅੱਗੇ ਦੱਸਿਆ, "ਅਸੀਂ ਵਿਆਹ ਕਰਵਾ ਲਿਆ ਤੇ ਫਿਰ ਮੈਂ ਬਾਹਰ ਆ ਗਈ, ਇਕੱਲੀ। ਮੈਂ ਖੁਸ਼ ਸੀ ਤੇ ਮੇਰੇ ਲਈ ਇਹੀ ਕਾਫ਼ੀ ਸੀ। ਪਰ ਜੇਲ੍ਹ ਦੇ ਬਾਹਰ ਮਿਲਣ ਵਾਲੀਆਂ ਔਰਤਾਂ ਦੀ ਕਤਾਰ ਵਿੱਚੋਂ ਇੱਕ ਔਰਤ ਮੇਰੇ ਇੰਤਜ਼ਾਰ ਵਿੱਚ ਖੜੀ ਸੀ।"
ਉਸਨੇ ਮੈਨੂੰ ਕਿਹਾ, 'ਤੁਸੀਂ ਵਿਆਹ ਕਰਕੇ ਇਸ ਤਰ੍ਹਾਂ ਘਰ ਕਿਵੇਂ ਜਾ ਸਕਦੇ ਹੋ?' ਤੇ ਫਿਰ ਉਨ੍ਹਾਂ ਨੇ ਸਾਡੇ ਵਿਆਹ ਦੀ ਖੁਸ਼ੀ ਮਨਾਉਣ ਲਈ ਮੈਨੂੰ ਬੀਅਰ ਪੀਣ ਲਈ ਬੁਲਾਇਆ।"
ਅਲੇਜੋ ਦੁਬਾਰਾ ਆਪਣੀ ਧੀ ਨਾਲ ਜੁੜਨ ਲੱਗਾ ਸੀ। ਇਸ ਵਿੱਚ ਅੰਦਰੇਅ ਦਾ ਵੱਡਾ ਹੱਥ ਸੀ ਜੋ ਉਸ ਨੂੰ ਉਸ ਦੇ ਪਿਤਾ ਨਾ ਮਿਲਣ ਲੈ ਜਾਂਦੇ ਸਨ। ਹੁਣ ਅਲੇਜੋ ਇੱਕ ਹੋਰ ਬੱਚਾ ਚਾਹੁੰਦਾ ਸੀ।
ਅੰਦਰੇਅ ਨੂੰ ਚਿੰਤਾ ਸੀ ਕਿ ਮਾਂ ਬਣਨ ਲਈ ਉਨ੍ਹਾਂ ਦੀ ਉਮਰ ਬਹੁਤ ਜ਼ਿਆਦਾ ਹੋ ਗਈ ਹੈ - ਪਰ ਉਹ ਕਹਿੰਦੇ ਹਨ: "ਜੁਆਨ ਦੇ ਕੇਸ ਤੋਂ ਬਾਅਦ, ਮੇਰੇ ਅੰਦਰ ਕਿਸੇ ਚੀਜ਼ ਨੇ ਮੈਨੂੰ ਮਹਿਸੂਸ ਕਰਵਾਇਆ ਕਿ ਮੈਨੂੰ ਦੁਬਾਰਾ ਮਾਂ ਬਣਨਾ ਚਾਹੀਦਾ ਹੈ। ਪਰ ਮੈਨੂੰ ਇਹ ਵੀ ਬਹੁਤ ਚੁਣੌਤੀਪੂਰਨ ਲੱਗਿਆ ਕਿ ਉਹ ਜ਼ਿੰਦਗੀ ਜੇਲ੍ਹ 'ਚੋਂ ਜੀਵਨ ਪਨਪੇਗਾ। ਇਹ ਕੈਦ ਦੀਆਂ ਸੀਮਾਵਾਂ ਅਤੇ ਜੇਲ੍ਹ ਦੇ ਹਨੇਰੇ ਨੂੰ ਚੁਣੌਤੀ ਦੇਣ ਵਰਗਾ ਸੀ। ਅਤੇ ਫਿਰ ਸਾਡੇ ਪੁੱਤਰ, ਜੋਆਕੁਇਨ ਦੇ ਰੂਪ 'ਚ ਜ਼ਿੰਦਗੀ ਹੋਂਦ 'ਚ ਆਈ।"
ਜੂਨ 2005 ਵਿੱਚ, ਜਿਸ ਦਿਨ ਜਣੇਪੇ ਦੀ ਪੀੜਾ ਸ਼ੁਰੂ ਹੋਈ, ਅੰਦਰੇਅ ਜੇਲ੍ਹ ਵਿੱਚ ਹੀ ਸਨ।
ਉਹ ਕਹਿੰਦੇ ਹਨ, "ਕਤਾਰ ਵਿੱਚ ਖੜ੍ਹੀਆਂ ਕੁੜੀਆਂ ਮੇਰੇ ਨਾਲ ਸਨ ਅਤੇ ਉਨ੍ਹਾਂ ਨੇ ਦਾਈ ਨੂੰ ਇੰਨਾ ਭੰਬਲ-ਭੂਸੇ 'ਚ ਪਾ ਦਿੱਤਾ ਕਿ ਉਸਨੇ ਉਨ੍ਹਾਂ ਨੂੰ ਅਲੇਜੋ ਨੂੰ ਫ਼ੋਨ ਕਰਨ ਦਿੱਤਾ ਤਾਂ ਜੋ ਉਹ ਜੇਲ੍ਹ ਵਿੱਚੋਂ ਬੱਚੇ ਦੇ ਜਨਮ ਦੀਆਂ ਆਵਾਜ਼ਾਂ ਸੁਣ ਸਕੇ।"
"ਉਸ ਨੇ ਅਤੇ ਪੂਰੇ ਵਾਰਡ ਨੇ ਇਹ ਸੁਣਿਆ। ਅਗਲੇ ਦਿਨ, ਉਨ੍ਹਾਂ ਨੇ ਬੱਚੇ ਨੂੰ ਮਿਲਣ ਲਈ ਉਸ ਨੂੰ ਹਸਪਤਾਲ ਆਉਣ ਦਿੱਤਾ।"

ਤਸਵੀਰ ਸਰੋਤ, Andrea Casamento
ਛੇ ਸਾਲ ਪਹਿਲਾਂ, ਅਲੇਜੋ ਨੂੰ ਵੀ ਆਖਰਕਾਰ ਰਿਹਾਅ ਕਰ ਦਿੱਤਾ ਗਿਆ।
ਅੰਦਰੇਅ ਕਹਿੰਦੇ ਹਨ, "ਮੇਰੇ ਲਈ ਇੱਕ ਵੱਡਾ ਸਵਾਲ ਇਹ ਸੀ - ਕਿ ਅਸੀਂ ਬਾਹਰ ਕਿਵੇਂ ਰਹਾਂਗੇ?"
"ਮੈਂ ਬਹੁਤ ਡਰੀ ਹੋਈ ਸੀ - ਕਿਉਂਕਿ ਜੇਲ੍ਹ ਵਿੱਚ ਮੈਂ ਹੀ ਉਸ ਦੀ ਪੂਰੀ ਜ਼ਿੰਦਗੀ ਸੀ, ਪਰ ਬਾਹਰ? ਸਾਨੂੰ ਸਿੱਖਣਾ ਪਿਆ ਅਤੇ ਇੱਕ-ਦੂਜੇ ਨਾਲ ਤਾਲਮੇਲ ਬਿਠਾਉਣਾ ਪਿਆ। ਸਾਨੂੰ ਉਸ ਡਰ ਨੂੰ ਵੀ ਦੂਰ ਕਰਨਾ ਪਿਆ ਜੋ ਉਸ ਨੂੰ ਉਸਨੂੰ ਬਾਹਰ ਹੋਣ ਤੋਂ ਲੱਗ ਰਿਹਾ ਸੀ।''
"ਅੱਜ ਸਾਡਾ ਇੱਕ ਸੁੰਦਰ ਪਰਿਵਾਰ ਹੈ ਅਤੇ ਉਹ ਸਾਰੀਆਂ ਸਮੱਸਿਆਵਾਂ ਵੀ ਹਨ ਜਿਨ੍ਹਾਂ ਦਾ ਹਰ ਪਰਿਵਾਰ ਸਾਹਮਣਾ ਕਰਦਾ ਹੈ। ਕਈ ਵਾਰ ਅਸੀਂ ਬਿਹਤਰ ਹੁੰਦੇ ਹਾਂ, ਕਈ ਵਾਰ ਬਦਤਰ - ਪਰ ਅਸੀਂ ਸਾਰੇ ਜਾਣਦੇ ਹਾਂ ਕਿ ਅਸੀਂ ਇੱਕ-ਦੂਜੇ ਲਈ ਮੌਜੂਦ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












