ਨੂੰਹ 'ਚ ਹਿੰਸਾ ਮਗਰੋਂ ਗੁਰੂਗ੍ਰਾਮ ਤੋਂ ਪਰਵਾਸੀ ਮਜ਼ਦੂਰਾਂ ਦਾ 'ਉਜਾੜਾ'- 'ਸਾਨੂੰ 4 ਵਜੇ ਤੱਕ ਸ਼ਹਿਰ ਛੱਡਣ ਲਈ ਕਿਹਾ'- ਗਰਾਊਂਡ ਰਿਪੋਰਟ

ਨੂੰਹ ਹਿੰਸਾ

ਤਸਵੀਰ ਸਰੋਤ, Getty Images

    • ਲੇਖਕ, ਸੇਰਾਜ ਅਲੀ
    • ਰੋਲ, ਬੀਬੀਸੀ ਪੱਤਰਕਾਰ

"ਉਨ੍ਹਾਂ ਨੇ ਸਾਨੂੰ ਪੁੱਛਿਆ ਕਿ ਅਸੀਂ ਹਿੰਦੂ ਹਾਂ ਜਾਂ ਮੁਸਲਮਾਨ? ਜਦੋਂ ਅਸੀਂ ਕਿਹਾ ਕਿ ਅਸੀਂ ਮੁਸਲਮਾਨ ਹਾਂ, ਤਾਂ ਉਹ ਗੁੱਸੇ ਵਿੱਚ ਆ ਗਏ ਅਤੇ ਸਾਨੂੰ ਸ਼ਹਿਰ ਛੱਡਣ ਦੀ ਧਮਕੀ ਦਿੱਤੀ। ਉਨ੍ਹਾਂ ਨੇ ਸਾਨੂੰ ਕਿਹਾ ਕਿ ਸ਼ਾਮ 4 ਵਜੇ ਤੱਕ ਸ਼ਹਿਰ ਛੱਡ ਦੇਵੋ।"

ਇਹ ਕਹਿਣਾ ਹੈ ਹਰਿਆਣਾ ਦੇ ਉਦਯੋਗਿਕ ਸ਼ਹਿਰ ਗੁਰੂਗ੍ਰਾਮ ਦੇ ਸੈਕਟਰ 70 ਏ ਦੀ ਰਹਿਣ ਵਾਲੀ ਅਕਲੀਮਾ ਦਾ।

ਅਕਲੀਮਾ ਪਰਵਾਸੀ ਮਜ਼ਦੂਰਾਂ ਦੇ ਬਹੁਤ ਸਾਰੇ ਪਰਿਵਾਰਾਂ ਵਿੱਚੋਂ ਇੱਕ ਹਨ ਜੋ ਇਲਜ਼ਾਮ ਲਗਾਉਂਦੇ ਹਨ ਕਿ ਉਨ੍ਹਾਂ ਨੂੰ ਖੇਤਰ ਵਿੱਚ ਸਰਗਰਮ ਕੱਟੜਪੰਥੀ ਦੱਖਣ-ਪੱਖੀ ਸਮੂਹ ਉਨ੍ਹਾਂ ਨੂੰ ਸ਼ਹਿਰ ਛੱਡਣ ਦੀਆਂ ਧਮਕੀਆਂ ਦੇ ਰਹੇ ਹਨ, ਇਸ ਲਈ ਉਹ ਇੱਥੋਂ ਜਾਣ ਨੂੰ ਮਜਬੂਰ ਹਨ।

ਉਨ੍ਹਾਂ ਅਨੁਸਾਰ, ਧਮਕਾਉਣ ਦੀਆਂ ਇਹ ਘਟਨਾਵਾਂ ਗੁਰੂਗ੍ਰਾਮ ਤੋਂ 50 ਕਿਲੋਮੀਟਰ ਦੂਰ ਨੂਹ ਜ਼ਿਲ੍ਹੇ ਵਿੱਚ ਸੋਮਵਾਰ ਨੂੰ ਹਿੰਸਾ ਭੜਕਣ ਤੋਂ ਬਾਅਦ ਸ਼ੁਰੂ ਹੋਈਆਂ। ਦੂਜੇ ਦਿਨ ਤੱਕ ਇਹ ਹਿੰਸਾ ਗੁਰੂਗ੍ਰਾਮ ਤੱਕ ਫੈਲ ਗਈ ਸੀ।

ਨੂਹ ਹਿੰਸਾ

ਮੰਗਲਵਾਰ ਨੂੰ ਸ਼ਹਿਰ ਦੇ ਸੈਕਟਰ 57 ਵਿੱਚ ਇੱਕ ਮਸਜਿਦ ਨੂੰ ਅੱਗ ਲਗਾ ਦਿੱਤੀ ਗਈ ਸੀ ਅਤੇ ਭੀੜ ਦੇ ਹਮਲੇ ਵਿੱਚ ਮਸਜਿਦ ਦੇ ਨਾਇਬ ਇਮਾਮ ਦੀ ਮੌਤ ਹੋ ਗਈ ਸੀ।

ਲੋਕਾਂ ਦਾ ਇਲਜ਼ਾਮ ਹੈ ਕਿ ਮੰਗਲਵਾਰ ਨੂੰ ਹੀ ਕਰੀਬ 20-25 ਲੋਕ ਸੈਕਟਰ 70 ਦੇ ਪਾਲਦਾ ਪਿੰਡ ਨੇੜੇ ਝੁੱਗੀਆਂ 'ਚ ਆ ਗਏ ਅਤੇ ਉਨ੍ਹਾਂ ਨੂੰ ਇਲਾਕਾ ਖਾਲੀ ਕਰਨ ਦੀ ਚੇਤਾਵਨੀ ਦਿੱਤੀ।

ਹਾਲਾਂਕਿ ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਇਲਾਕੇ ਵਿੱਚ ਗਸ਼ਤ ਵਧਾ ਦਿੱਤੀ ਗਈ ਹੈ।

ਪੁਲਿਸ ਅਧਿਕਾਰੀਆਂ ਨੇ ਪਲਾਇਨ ਦੀਆਂ ਖ਼ਬਰਾਂ ਤੋਂ ਇਨਕਾਰ ਕਰਦਿਆਂ ਕਿਹਾ, "ਕਿਸੇ ਨੇ ਵੀ ਜਗ੍ਹਾ ਨਹੀਂ ਚੜਦੀ ਹੈ ਅਤੇ ਲੋਕ ਆਪਣੇ ਸਥਾਨਾਂ 'ਤੇ ਹੀ ਰਹਿ ਰਹੇ ਹਨ।"

ਨੂਹ ਤੋਂ ਸ਼ੁਰੂ ਹੋਈ ਇਸ ਫਿਰਕੂ ਹਿੰਸਾ 'ਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ, ਜਿਨ੍ਹਾਂ 'ਚ ਦੋ ਹੋਮਗਾਰਡ ਜਵਾਨ ਵੀ ਸ਼ਾਮਲ ਹਨ।

'ਇੱਥੇ ਰਹਿਣਾ ਸੁਰੱਖਿਅਤ ਨਹੀਂ'

ਨੂਹ ਹਿੰਸਾ

ਜਦੋਂ ਬੀਬੀਸੀ ਨੇ ਵੀਰਵਾਰ ਨੂੰ ਗੁਰੂਗ੍ਰਾਮ ਦੇ ਉਨ੍ਹਾਂ ਇਲਾਕਿਆਂ ਦਾ ਦੌਰਾ ਕੀਤਾ ਜਿੱਥੇ ਪਰਵਾਸੀ ਮਜ਼ਦੂਰ ਰਹਿੰਦੇ ਹਨ, ਤਾਂ ਅਜਿਹੇ ਲੋਕ ਮਿਲੇ ਜੋ ਆਪਣੇ ਘਰ ਛੱਡਣ ਦੀ ਤਿਆਰੀ ਕਰ ਰਹੇ ਸਨ।

ਸਾਨੂੰ ਪੰਜ ਮੈਂਬਰਾਂ ਦਾ ਇੱਕ ਪਰਵਾਸੀ ਮੁਸਲਿਮ ਪਰਿਵਾਰ ਮਿਲਿਆ ਜੋ ਟੈਕਸੀ ਵਿੱਚ ਆਪਣਾ ਘਰੇਲੂ ਸਮਾਨ ਰੱਖ ਰਿਹਾ ਸੀ ਅਤੇ ਜਾਣ ਦੀ ਤਿਆਰੀ ਕਰ ਰਿਹਾ ਸੀ।

ਪਰਿਵਾਰ ਦੀ ਇਕ ਮਹਿਲਾ ਮੈਂਬਰ ਨੇ ਨਾਂ ਨਾ ਦੱਸਣ ਦੀ ਸ਼ਰਤ 'ਤੇ ਕਿਹਾ, "ਅਸੀਂ ਇਸ ਲਈ ਜਾ ਰਹੇ ਹਾਂ ਕਿਉਂਕਿ ਅਸੀਂ ਇਸ ਸਮੇਂ ਇੱਥੇ ਅਸੁਰੱਖਿਅਤ ਹਾਂ। ਸਾਨੂੰ ਨਹੀਂ ਪਤਾ ਕਿ ਕੀ ਹੋਵੇਗਾ ਅਤੇ ਅਸੀਂ ਕਿਸੇ ਵੀ ਸਥਿਤੀ ਵਿੱਚ ਹਮਲੇ ਦਾ ਸ਼ਿਕਾਰ ਨਹੀਂ ਹੋਣਾ ਚਾਹੁੰਦੇ।''

ਪਰਿਵਾਰ ਦੇ ਇੱਕ ਹੋਰ ਮੈਂਬਰ ਨੇ ਦੱਸਿਆ ਕਿ ਉਹ ਪੱਛਮੀ ਬੰਗਾਲ ਦੇ ਮਾਲਦਾ ਸਥਿਤ ਆਪਣੇ ਘਰ ਵਾਪਸ ਜਾਣ ਲਈ ਰੇਲਗੱਡੀ ਲੈਣਗੇ।

ਇਸ ਝੁੱਗੀ ਦੇ ਲਗਭਗ ਸਾਰੇ ਵਸਨੀਕ ਪੱਛਮੀ ਬੰਗਾਲ ਦੇ ਪਿੰਡਾਂ ਦੇ ਹਨ। ਝੁੱਗੀ-ਝੌਂਪੜੀ ਵਿੱਚ ਇਹ ਪਰਿਵਾਰ ਲੱਕੜ ਦੇ ਤਖ਼ਤੇ ਅਤੇ ਐਸਬੈਸਟਸ ਚਾਦਰਾਂ ਨਾਲ ਬਣੇ ਘਰਾਂ ਵਿੱਚ ਰਹਿੰਦੇ ਹਨ।

ਇਸ ਛੋਟੀ ਜਿਹੀ ਬਸਤੀ ਦੇ ਵਿਚਕਾਰ ਇੱਕ ਖੁੱਲ੍ਹਾ ਮੈਦਾਨ ਹੈ ਜਿੱਥੇ ਲੋਕ ਆਪਣੇ ਰਿਕਸ਼ੇ ਅਤੇ ਹੋਰ ਵਾਹਨ ਖੜ੍ਹੇ ਕਰਦੇ ਹਨ।

ਲਾਈਨ

'ਇਲਾਕਾ ਖਾਲੀ ਕਰਨ ਦੀ ਧਮਕੀ'

ਨੂਹ ਹਿੰਸਾ

ਇੱਥੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਪਰਵਾਸ ਸ਼ੁਰੂ ਹੋਣ ਤੋਂ ਪਹਿਲਾਂ ਇੱਥੇ 600 ਦੇ ਕਰੀਬ ਪਰਵਾਸੀ ਮਜ਼ਦੂਰਾਂ ਦੇ ਪਰਿਵਾਰ ਰਹਿੰਦੇ ਸਨ, ਜਿਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਸ਼ਾਮਲ ਸਨ।

ਜਿਹੜੇ ਪਰਿਵਾਰ ਇੱਥੋਂ ਚਲੇ ਗਏ ਹਨ, ਉਨ੍ਹਾਂ ਦੇ ਆਰਜ਼ੀ ਮਕਾਨਾਂ ਨੂੰ ਜਿੰਦੇ ਲੱਗੇ ਹੋਏ ਹਨ ਅਤੇ ਉਹ ਆਪਣੇ ਰਿਕਸ਼ੇ ਅਤੇ ਹੋਰ ਵਾਹਨ ਖੁੱਲ੍ਹੇ ਵਿੱਚ ਹੀ ਛੱਡ ਗਏ ਹਨ।

ਕਈ ਲੋਕਾਂ ਨੇ ਦੱਸਿਆ ਕਿ ਇਲਾਕੇ 'ਚ ਡਰ ਦਾ ਮਾਹੌਲ ਹੈ ਅਤੇ ਜ਼ਿਆਦਾਤਰ ਲੋਕ ਕੰਮ 'ਤੇ ਜਾਣ ਤੋਂ ਅਸਮਰਥ ਹਨ।

ਇੱਕ ਨੇੜਲੇ ਅਪਾਰਟਮੈਂਟ ਵਿੱਚ ਘਰੇਲੂ ਸਹਿਯੋਗੀ ਵਜੋਂ ਕੰਮ ਕਰਨ ਵਾਲੇ 29 ਸਾਲਾ ਮਸੀਰੁਲ ਦੱਸਦੇ ਹਨ, "ਬੀਤੀ ਰਾਤ ਕਈ ਬਾਈਕ ਸਵਾਰ ਹੱਥਾਂ ਵਿੱਚ ਲਾਠੀਆਂ ਅਤੇ ਹਥਿਆਰਾਂ ਲੈ ਕੇ ਇੱਥੇ ਆਏ। ਉਹ ਰੌਲਾ ਪਾ ਰਹੇ ਸਨ ਕਿ ਸਾਨੂੰ ਇਲਾਕਾ ਖਾਲੀ ਕਰ ਦੇਣਾ ਚਾਹੀਦਾ ਹੈ। ਮੇਰਾ ਕੰਪ ਪੂਰੀ ਤਰ੍ਹਾਂ ਨਾਲ ਠੱਪ ਹੋ ਗਿਆ ਹੈ ਅਤੇ ਮੈਂ ਵੀ ਜਾਣਾ ਚਾਹੁੰਦਾ ਹਾਂ।

ਮਸੀਰੁਲ ਦੀ ਮਾਂ ਪਰਵੀਨਾ ਨੇ ਦੱਸਿਆ ਕਿ ਪਰਿਵਾਰ ਨੇ ਫਿਲਹਾਲ ਗੁਰੂਗ੍ਰਾਮ ਤੋਂ ਦੂਰ ਜਾਣ ਦਾ ਫੈਸਲਾ ਕੀਤਾ ਹੈ, "ਮੈਂ ਆਪਣੇ ਪੁੱਤ ਨੂੰ ਇਸ ਵਿੱਚ ਨਹੀਂ ਫਸਾ ਕਰ ਸਕਦੀ, ਇਸ ਲਈ ਅਸੀਂ ਇੱਥੋਂ ਦੂਰ ਕਿਸੇ ਰਿਸ਼ਤੇਦਾਰ ਦੇ ਘਰ ਚਲੇ ਜਾਵਾਂਗੇ।"

'ਡਰ ਕਾਰਨ ਕੰਮ 'ਤੇ ਨਹੀਂ ਜਾ ਰਹੇ'

ਨੂਹ ਹਿੰਸਾ

ਤਸਵੀਰ ਸਰੋਤ, ANI

ਪਰ ਦਿਹਾੜੀਦਾਰ ਜਾਂ ਮਾਮੂਲੀ ਮਜ਼ਦੂਰੀ ਕਰਨ ਵਾਲਿਆਂ ਵਿੱਚੋਂ ਬਹੁਤ ਘੱਟ ਲੋਕ ਹਨ ਜੋ ਆਪਣੇ ਪਿੰਡ ਦੇ ਲੰਬੇ ਸਫ਼ਰ ਲਈ ਪੈਸਾ ਇਕੱਠਾ ਕਰ ਸਕਣ। ਬਹੁਤ ਸਾਰੇ ਲੋਕ ਹਨ, ਜੋ ਅਜਿਹਾ ਨਹੀਂ ਕਰ ਸਕਦੇ।

ਕੂੜਾ ਬੀਨਣ ਵਾਲੇ ਤੁਫਿਜ਼ੁਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਰਿਵਾਰ ਕੋਲ ਘਰ ਜਾਣ ਜੋਗੇ ਪੈਸੇ ਨਹੀਂ ਹਨ।

ਉਨ੍ਹਾਂ ਕਿਹਾ, "ਸੋਮਵਾਰ ਨੂੰ ਜਦੋਂ ਤੋਂ ਹਿੰਸਾ ਸ਼ੁਰੂ ਹੋਈ ਹੈ, ਅਸੀਂ ਹਮਲੇ ਦੇ ਡਰੋਂ ਕੰਮ 'ਤੇ ਵੀ ਨਹੀਂ ਜਾ ਪਰ ਰਹੇ। ਸਾਡੇ ਕੋਲ ਖਾਣ ਲਈ ਵੀ ਪੈਸੇ ਨਹੀਂ ਹਨ, ਘਰ ਵਾਪਸ ਜਾਣਾ ਤਾਂ ਭੁੱਲ ਹੀ ਜਾਓ।''

ਇਸੇ ਤਰ੍ਹਾਂ 23 ਸਾਲਾ ਕੈਬ ਡਰਾਈਵਰ ਰਕੀਬੁਲ ਦਾ ਕਹਿਣਾ ਹੈ ਕਿ ਵੀਰਵਾਰ ਨੂੰ ਜਦੋਂ ਉਹ ਕੰਮ 'ਤੇ ਜਾ ਰਹੇ ਸਨ ਤਾਂ ਕੁਝ ਲੋਕਾਂ ਨੇ ਪਛਾਣ ਦੇ ਆਧਾਰ 'ਤੇ ਉਨ੍ਹਾਂ ਦੀ ਕੁੱਟਮਾਰ ਕੀਤੀ।

ਰਕੀਬੁਲ ਕਹਿੰਦੇ ਹਨ, "ਉਨ੍ਹਾਂ ਨੇ ਮੈਨੂੰ ਮੇਰੀ ਪਛਾਣ ਪੁੱਛੀ। ਜਦੋਂ ਮੈਂ ਉਨ੍ਹਾਂ ਨੂੰ ਆਪਣਾ ਨਾਮ ਦੱਸਿਆ ਤਾਂ ਉਨ੍ਹਾਂ ਨੇ ਮੈਨੂੰ ਥੱਪੜ ਅਤੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਮੇਰੇ ਕੋਲ ਮੁੜ ਘਰ ਭੱਜਣ ਤੋਂ ਇਲਾਵਾ ਕੋਈ ਚਾਰਾ ਨਹੀਂ ਬਚਿਆ ਹੈ।"

ਅਜਿਹਾ ਨਹੀਂ ਹੈ ਕਿ ਪ੍ਰਸ਼ਾਸਨ ਇਨ੍ਹਾਂ ਹਮਲਿਆਂ ਤੋਂ ਅਣਜਾਣ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਵਿਅਕਤੀ ਦੀ ਕੁੱਟਮਾਰ ਕਰਨ ਦੇ ਇਲਜ਼ਾਮ 'ਚ ਚਾਰ-ਪੰਜ ਲੋਕਾਂ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਹੈ। ਉਨ੍ਹਾਂ 'ਤੇ ਉਸ ਸਮੇਂ ਹਮਲਾ ਕੀਤਾ ਗਿਆ ਜਦੋਂ ਉਹ ਕੰਮ ਤੋਂ ਬਾਅਦ ਨਜ਼ਦੀਕੀ ਇਕ ਸੁਸਾਇਟੀ 'ਚ ਵਾਪਸ ਆ ਰਹੇ ਸਨ।

ਐਫਆਈਆਰ ਸੈਕਟਰ 70ਏ ਤੋਂ ਅੱਠ ਕਿਲੋਮੀਟਰ ਦੂਰ ਬਾਦਸ਼ਾਹਪੁਰ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਸੀ। ਇੱਥੇ ਵੀ ਇੱਕ ਵੱਡੀ ਝੁੱਗੀ ਬਸਤੀ ਹੈ।

ਲਾਈਨ

ਨੂੰਹ ਹਿੰਸਾ ਬਾਰੇ ਮੁੱਖ ਗੱਲਾਂ

  • ਲੰਘੇ ਸੋਮਵਾਰ ਹਰਿਆਣਾ ਦੇ ਮੇਵਾਤ ਦੇ ਨੂੰਹ ਜ਼ਿਲ੍ਹੇ 'ਚ ਹਿੰਸਾ ਭੜਕ ਗਈ
  • ਇਹ ਹਿੰਸਾ ਇੱਕ ਧਾਰਮਿਕ ਯਾਤਰਾ ਦੌਰਾਨ ਭੜਕੀ
  • ਇਹ ਯਾਤਰਾ ਹਿੰਦੂ ਵਿਸ਼ਵ ਪ੍ਰੀਸ਼ਦ ਤੇ ਬਜਰੰਗ ਦਲ ਨੇ ਕੱਢੀ ਸੀ
  • ਇਸ ਦੌਰਾਨ ਕਾਫੀ ਪੱਥਰਬਾਜ਼ੀ ਹੋਈ ਅਤੇ ਕਈ ਵਾਹਨ ਵੀ ਫੂਕੇ ਗਏ
  • ਪੁਲਿਸ ਮੁਤਾਬਕ, ਹਿੰਸਾ ਵਿੱਚ ਘੱਟੋ-ਘੱਟ 60 ਲੋਕ ਜ਼ਖ਼ਮੀ ਹੋਏ ਹਨ
  • ਨੂਹ ਤੋਂ ਸ਼ੁਰੂ ਹੋਈ ਇਸ ਫਿਰਕੂ ਹਿੰਸਾ 'ਚ 6 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ
  • ਇਸ ਦੌਰਾਨ ਗੁਰੂਗ੍ਰਾਮ ਵਿੱਚ ਵੀ ਇੱਕ ਮਸਜਿਦ ਨੂੰ ਸਾੜਿਆ ਗਿਆ
  • ਇਸ ਘਟਨਾ ਵਿੱਚ ਮਸਜਿਦ ਦੇ ਇਮਾਮ ਦਾ ਵੀ ਕਤਲ ਕਰ ਦਿੱਤਾ ਗਿਆ
  • ਫਿਲਹਾਲ ਨੂੰਹ ਵਿੱਚ ਸੁਰੱਖਿਆ ਬਲ ਮੌਜੂਦ ਹਨ ਅਤੇ ਇੰਟਰਨੈਟ ਬੰਦ ਹੈ
  • ਇਸ ਪੂਰੇ ਮਾਮਲੇ 'ਚ ਮੋਨੂੰ ਮਾਨੇਸਰ ਦਾ ਵੀ ਨਾਮ ਆ ਰਿਹਾ ਹੈ
  • ਕਿਹਾ ਜਾ ਰਿਹਾ ਹੈ ਕਿ ਉਸ ਦੇ ਯਾਤਰਾ 'ਚ ਸ਼ਾਮਲ ਹੋਣ ਨੂੰ ਲੈ ਕੇ ਬਵਾਲ ਹੋਇਆ
  • ਪੁਲਿਸ ਮੁਤਾਬਕ, 5 ਅਗਸਤ ਤੱਕ ਇਸ ਮਾਮਲੇ ਵਿੱਚ 104 ਐਫਆਈਆਰ ਦਰਜ ਹੋਈਆਂ ਹਨ
  • ਜਦਕਿ 216 ਲੋਕ ਹਿਰਾਸਤ 'ਚ ਅਤੇ 83 ਹੋਰ ਸੁਰੱਖਿਆ ਨਜ਼ਰੀਏ ਤੋਂ ਹਿਰਾਸਤ 'ਚ ਹਨ
ਲਾਈਨ

'ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ'

ਨੂਹ ਹਿੰਸਾ

ਬਾਦਸ਼ਾਹਪੁਰ ਝੁੱਗੀ ਵਿੱਚ ਰਹਿਣ ਵਾਲੇ ਹਿੰਦੂ ਅਤੇ ਮੁਸਲਿਮ ਦੋਵੇਂ ਪਰਿਵਾਰਾਂ ਦਾ ਕਹਿਣਾ ਹੈ ਕਿ ਉਹ ਆਪਸੀ ਸਾਂਝ ਨਾਲ ਰਹਿੰਦੇ ਹਨ। ਦੋਵਾਂ ਨੂੰ ਹੀ ਹੁਣ ਇਨ੍ਹਾਂ ਹਮਲਿਆਂ ਦਾ ਡਰ ਸਤਾ ਰਿਹਾ ਹੈ।

ਇੱਥੇ ਰਹਿਣ ਵਾਲੇ ਰਣਜੀਤ ਪੇਸ਼ੇ ਤੋਂ ਪੇਂਟਰ ਹਨ। ਉਹ ਕਹਿੰਦੇ ਹਨ, "ਜੇਕਰ ਮਾਮਲਾ ਵਧਿਆ ਤਾਂ ਅਸੀਂ ਵੀ ਘਰ ਜਾਣ ਬਾਰੇ ਸੋਚਾਂਗੇ। ਮੈਂ ਸੜਕਾਂ 'ਤੇ ਜਾਣ ਤੋਂ ਵੀ ਡਰਦਾ ਹਾਂ ਕਿਉਂਕਿ ਉਹ ਕਹਿੰਦੇ ਹਨ ਕਿ ਕੁਝ ਲੋਕਾਂ ਨੂੰ ਇਹ ਇਲਾਕਾ ਛੱਡ ਦੇਣਾ ਚਾਹੀਦਾ ਹੈ।"

ਇੱਥੇ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਦੇ ਕੁਝ ਲੋਕ ਅਜਿਹੇ ਵੀ ਮਿਲੇ ਜਿਨ੍ਹਾਂ ਨੂੰ ਉਨ੍ਹਾਂ ਦੇ ਮਾਲਕ ਨੇ ਸੁਰੱਖਿਆ ਦਾ ਭਰੋਸਾ ਦਿੱਤਾ ਹੈ।

ਰਾਜ ਮਿਸਤਰੀ ਰਹਿਮਾਨ ਦਾ ਕਹਿਣਾ ਹੈ ਕਿ ਇਲਾਕੇ 'ਚ ਬਜਰੰਗ ਦਲ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਮੌਜੂਦਗੀ ਦੇ ਮੱਦੇਨਜ਼ਰ ਉਨ੍ਹਾਂ ਦੀ ਕੰਪਨੀ ਦੇ ਮਾਲਕ ਨੇ ਪੁਲਿਸ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਹੈ।

ਬੀਬੀਸੀ ਨੇ ਮਾਲਕ ਨਾਲ ਸੰਪਰਕ ਕੀਤਾ, ਪਰ ਉਨ੍ਹਾਂ ਨੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।

ਬਸਤੀ ਦੇ ਇੱਕ ਹਿੰਦੂ ਨਿਵਾਸੀ ਤਪਸ ਕਹਿੰਦੇ ਹਨ, "ਅਸੀਂ ਚਾਹੁੰਦੇ ਹਾਂ ਕਿ ਇਸ ਸਥਿਤੀ ਦਾ ਹੱਲ ਹੋ ਜਾਵੇ ਤਾਂ ਜੋ ਅਸੀਂ ਕੰਮ 'ਤੇ ਵਾਪਸ ਜਾ ਸਕੀਏ। ਅਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਚੀਜ਼ਾਂ ਪਟੜੀ 'ਤੇ ਵਾਪਸ ਆ ਜਾਣ।"

ਨੂਹ ਹਿੰਸਾ
ਤਸਵੀਰ ਕੈਪਸ਼ਨ, ਜਿਸ ਮਸਜਿਦ 'ਤੇ ਹਮਲਾ ਹੋਇਆ ਉਸ ਦੀ ਤਸਵੀਰ

ਗੁਰੂਗ੍ਰਾਮ ਨਾ ਸਿਰਫ਼ ਦਿੱਲੀ ਐਨਸੀਆਰ ਦਾ, ਸਗੋਂ ਦੇਸ਼ ਦਾ ਇੱਕ ਪ੍ਰਮੁੱਖ ਉਦਯੋਗਿਕ ਸ਼ਹਿਰ ਹੈ। ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਅਤੇ ਦੋ ਪਹੀਆ ਵਾਹਨ ਨਿਰਮਾਤਾ ਹੌਂਡਾ, ਹੀਰੋ, ਸੁਜ਼ੂਕੀ ਬਾਈਕ ਆਦਿ ਦੇ ਇੱਥੇ ਵੱਡੇ ਪਲਾਂਟ ਹਨ।

ਗੁਰੂਗ੍ਰਾਮ ਵਿੱਚ ਭਾਰਤ ਅਤੇ ਵਿਦੇਸ਼ਾਂ ਦੀਆਂ ਕਈ ਨਾਮੀ ਕੰਪਨੀਆਂ ਦੇ ਹੈੱਡਕੁਆਰਟਰ ਵੀ ਹਨ। ਇੱਥੇ ਪਰਵਾਸੀ ਮਜ਼ਦੂਰਾਂ ਦੀ ਵੀ ਵੱਡੀ ਆਬਾਦੀ ਹੈ, ਜੋ ਰੋਜ਼ੀ-ਰੋਟੀ ਲਈ ਦੇਸ਼ ਦੇ ਹਰ ਕੋਨੇ ਤੋਂ ਇੱਥੇ ਰਹਿੰਦੇ ਹਨ।

ਲਾਕਡਾਊਨ ਦੌਰਾਨ ਵੱਡਾ ਨੁਕਸਾਨ ਝੱਲ ਚੁੱਕੇ ਇਲਾਕੇ ਦੇ ਪਰਵਾਸੀ ਮਜ਼ਦੂਰ ਇਸ ਫਿਰਕੂ ਹਿੰਸਾ ਕਾਰਨ ਇਕ ਵਾਰ ਫਿਰ ਬੇਘਰ ਹੋਣ ਦੇ ਡਰ 'ਚ ਹਨ।

ਗੁਰੂਗ੍ਰਾਮ ਤੱਕ ਕਿਵੇਂ ਫੈਲੀ ਹਿੰਸਾ?

ਨੂਹ ਹਿੰਸਾ

ਨੂੰਹ ਜ਼ਿਲ੍ਹੇ ਵਿੱਚ ਝੜੱਪ ਉਦੋਂ ਸ਼ੁਰੂ ਹੋਈ ਜਦੋਂ ਇੱਕ ਅਫਵਾਹ ਫੈਲ ਗਈ ਕਿ 31 ਜੁਲਾਈ ਨੂੰ ਇੱਕ ਹਿੰਦੂ ਧਾਰਮਿਕ ਜਲੂਸ ਵਿੱਚ ਫਰਾਰ ਮੋਨੂੰ ਮੰਜ਼ਰ ਵੀ ਸ਼ਾਮਲ ਹੋਣ ਵਾਲਾ ਹੈ।

ਮੋਨੂੰ ਮਾਨੇਸਰ ਭਿਵਾਨੀ 'ਚ ਦੋ ਮੁਸਲਿਮ ਨੌਜਵਾਨਾਂ ਜੁਨੈਦ ਅਤੇ ਨਾਸਿਰ ਦੀ ਹੱਤਿਆ ਦਾ ਮੁੱਖ ਮੁਲਜ਼ਮ ਹੈ। ਇਹ ਕਤਲ ਇਸ ਸਾਲ ਫਰਵਰੀ ਮਹੀਨੇ ਵਿੱਚ ਹੋਏ ਸਨ। ਮੋਨੂੰ ਮਾਨੇਸਰ ਬਜਰੰਗ ਦਲ ਨਾਲ ਜੁੜਿਆ ਹੋਇਆ ਹੈ।

ਮੋਨੂੰ ਮਾਨੇਸਰ ਦੇ ਜਲੂਸ ਵਿੱਚ ਸ਼ਾਮਲ ਹੋਣ ਦੀ ਅਫਵਾਹ ਤੋਂ ਬਾਅਦ ਸਥਿਤੀ ਵਿਗੜ ਗਈ ਅਤੇ ਪੱਥਰਬਾਜ਼ੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਕਈ ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ।

ਸੋਮਵਾਰ ਸ਼ਾਮ ਨੂੰ ਗੁਰੂਗ੍ਰਾਮ ਦੇ ਸੋਹਨਾ ਇਲਾਕੇ ਵਿੱਚ ਵੀ ਹਿੰਸਾ ਹੋਈ ਅਤੇ ਇੱਥੇ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਤ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ।

ਸੋਮਵਾਰ ਨੂੰ ਗੁਰੂਗ੍ਰਾਮ ਦੀ ਜਿਸ ਮਸਜਿਦ 'ਤੇ ਹਮਲਾ ਹੋਇਆ, ਉਸ ਦੇ ਨਾਇਬ ਇਮਾਮ ਮੁਹੰਮਦ ਸਾਦ ਦਾ ਕਤਲ ਕਰ ਦਿੱਤਾ ਗਿਆ।

ਨੂੰਹ 'ਚ ਸ਼ੁਰੂ ਹੋਈ ਫਿਰਕੂ ਹਿੰਸਾ ਦੇ ਸ਼ਿਕਾਰ ਦੋਵੇਂ ਭਾਈਚਾਰਿਆਂ ਦੇ ਲੋਕ ਹੋਏ ਹਨ।

ਨੂੰਹ ਵਿੱਚ ਬਜਰੰਗ ਦਲ ਨਾਲ ਜੁੜੇ ਇੱਕ ਨੌਜਵਾਨ ਦੀ ਵੀ ਮੌਤ ਹੋ ਗਈ। ਅਭਿਸ਼ੇਕ ਨਾਮ ਦਾ ਇਹ ਨੌਜਵਾਨ ਮੂਲ ਰੂਪ ਤੋਂ ਪਾਣੀਪਤ ਦਾ ਰਹਿਣ ਵਾਲਾ ਸੀ ਅਤੇ ਆਪਣੇ ਚਚੇਰੇ ਭਰਾ ਨਾਲ ਜਲੂਸ ਵਿੱਚ ਸ਼ਾਮਲ ਹੋਇਆ ਸੀ।

ਲਾਈਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)