ਨੂੰਹ ਹਿੰਸਾ ਉੱਤੇ ਕੀ ਕਹਿ ਰਿਹਾ ਹੈ ਕੌਮਾਂਤਰੀ ਮੀਡੀਆ

ਤਸਵੀਰ ਸਰੋਤ, Getty Images
ਸੋਮਵਾਰ 31 ਜੁਲਾਈ ਨੂੰ ਭਾਰਤ ਦੀ ਰਾਜਧਾਨੀ ਦੇ ਨਾਲ ਲਗਦੇ ਅਤੇ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿੱਚ ਹਿੰਸਾਂ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ।
ਹਿੰਸਾਂ ਦਾ ਕੇਂਦਰ ਰਹੇ ਨੂੰਹ ਅਤੇ ਗੁਰੂਗ੍ਰਾਮ ਵਿੱਚ ਹੁਣ ਹਾਲਾਤ ਆਮ ਹਨ ਪਰ ਇੱਥੋਂ ਦੀ ਪੂਰੀ ਘਟਨਾ ਹਾਲੇ ਵੀ ਚਰਚਾ ਵਿੱਚ ਹੈ।
ਫ਼ਿਰਕੂ ਹਿੰਸਾ ਦੀ ਇਹ ਲਹਿਰ ਹਿੰਦੂ ਸੰਗਠਨਾਂ ਵੱਲੋਂ ਕੱਢੀ ਗਈ ਧਾਰਮਿਕ ਯਾਤਰਾ ਦੌਰਾਨ ਸ਼ੁਰੂ ਹੋਈ ਸੀ।
ਰੈਲੀ ਦੁਪਹਿਰ ਲਗਭਗ ਦੋ ਵਜੇ ਨਿਕਲੀ ਸੀ। ਰੈਲੀ ਤੋਂ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਬਜਰੰਗ ਦਲ ਨਾਲ ਜੁੜੇ ਕੁਝ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਕਥਿਤ ਤੌਰ ਉੱਤੇ ਭੜਕਾਊ ਗੱਲਾਂ ਕਹਿੰਦਿਆਂ ਦਾ ਵੀਡੀਓ ਸਾਂਝੇ ਕੀਤੇ।
ਇਸ ਧਾਰਮਿਕ ਯਾਤਰਾ ਵਿੱਚ ਨਾਸਿਰ ਤੇ ਜੁਨੈਦ ਦੇ ਕਤਲ ਦੇ ਮੁੱਖ ਮੁਲਜ਼ਮ ਮੋਨੂ ਮਾਨੇਸਰ ਦੇ ਸ਼ਾਮਲ ਹੋਣ ਦੀ ਵੀ ਖ਼ਬਰ ਸੀ।
ਕੌਮਾਂਤਰੀ ਮੀਡੀਆ ਨੂੰਹ ਹਿੰਸਾ ਬਾਰੇ ਕੀ ਕਹਿੰਦਾ

ਤਸਵੀਰ ਸਰੋਤ, ANI
ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਨੇ ਲੰਘੇ ਦਿਨੀਆਂ ਭਾਰਤ ਵਿੱਚ ਇੱਕ ਤੋਂ ਬਾਅਦ ਇੱਕ ਹੋਈਆਂ ਫ਼ਿਰਕੂ ਹਿੰਸਾ ਉੱਤੇ ਇੱਕ ਅਗਸਤ ਨੂੰ ਇੱਕ ਲੇਖ ਛਾਪਿਆ।
ਲੇਖ ਦਾ ਸਿਰਲੇਖ ਹੈ ‘‘ਹਿੰਦੂ ਰਾਸ਼ਟਰਵਾਦੀ ਨੇਤਾਵਾਂ ਵੱਲੋਂ ਸ਼ਾਸਤ ਭਾਰਤ ਵਿੱਚ ਤੇਜ਼ੀ ਨਾਲ ਵਧਦੀ ਫ਼ਿਰਕੂ ਹਿੰਸਾ।’’
ਲੇਖ ਵਿੱਚ ਮਣੀਪੁਰ ਤੋਂ ਲੈ ਕੇ ਹਰਿਆਣੇ ਦੇ ਨੂੰਹ ਅਤੇ ਗੁਰੂਗ੍ਰਾਮ ਦੀ ਹਿੰਸਾ ਦਾ ਵੀ ਜ਼ਿਕਰ ਹੈ।
ਨਾਲ ਹੀ ਅਖ਼ਬਾਰ ਲਿਖਦਾ ਹੈ ਕਿ ‘‘ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਾਲੇ ਭਾਰਤ ਤੋਂ ਹਿੰਸਾਂ ਦੀਆਂ ਅਜਿਹੀਆਂ ਤਸਵੀਰਾਂ ਸਾਹਮਣੇ ਆਉਣਾ ਸ਼ਾਇਦ ਕੋਈ ਅਸਧਾਰਨ ਗੱਲ ਨਹੀਂ ਹੈ, ਪਰ ਇਹ ਖ਼ਬਰਾਂ ਅਜਿਹੇ ਸਮੇਂ ਵਿੱਚ ਆ ਰਹੀਆਂ ਹਨ ਜਦੋਂ ਸਤੰਬਰ ਵਿੱਚ ਉੱਥੇ ਜੀ-20 ਸਿਖ਼ਰ ਸੰਮੇਲਨ ਦੀ ਬੈਠਕ ਹੋਣੀ ਹੈ ਅਤੇ ਭਾਰਤ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ।’’
ਅਖ਼ਬਾਰ ਨੇ ਅੱਗੇ ਲਿਖਿਆ ਹੈ, ‘‘ਇਸ ਵਿਚਾਲੇ ਪ੍ਰਧਾਨ ਮੰਤਰੀ ਮੋਦੀ ਦੁਨੀਆਂ ਭਰ ਵਿੱਚ ‘ਅਰਥਵਿਵਸਥਾ-ਕੇਂਦਰਿਤ ਭਾਰਤ ਦੀ ਵਿਕਾਸ ਗਾਥਾ’ ਦਾ ਪ੍ਰਚਾਰ ਕਰ ਰਹੇ ਹਨ ਅਤੇ ਉਨ੍ਹਾਂ ਨੂੰ ਪੈਰਿਸ ਤੇ ਵਾਸ਼ਿੰਗਟਨ ਵਿੱਚ ਉਨ੍ਹਾਂ ਦੀ ਅਗਵਾਈ ਲਈ ਪ੍ਰਸ਼ੰਸਾ ਵੀ ਮਿਲੀ ਹੈ।’’
‘‘ਭਾਰਤ ਵਿੱਚ ਜ਼ਿਆਦਾਤਰ ਹਿੱਸਿਆਂ ਵਿੱਚ ਮਸ਼ਹੂਰ ਪ੍ਰਧਾਨ ਮੰਤਰੀ ਮੋਦੀ ਜਨਤੱਕ ਜੀਵਨ ਵਿੱਚ ਕਦਮ ਰੱਖਣ ਤੋਂ ਬਾਅਦ ਹੀ ਦੇਸ਼ ਦੇ ਹਿੰਦੂ-ਰਾਸ਼ਟਰਵਾਦੀ ਅੰਦੋਲਨ ਨਾਲ ਜੁੜੇ ਹੋਏ ਹਨ।’’
ਅਖ਼ਬਾਰ ਨੇ ਜੈਪੁਰ ਤੋਂ ਮੁੰਬਈ ਜਾ ਰਹੀ ਰੇਲਗੱਡੀ ਵਿੱਚ ਗੋਲੀਬਾਰੀ ਦੇ ਮਾਮਲੇ ਨੂੰ ਵੀ ਚੁੱਕਿਆ ਹੈ।
ਅਖ਼ਬਰਾ ਲਿਖਦਾ ਹੈ ਕਿ ‘‘ਜਿੱਥੇ ਪ੍ਰਧਾਨ ਮੰਤਰੀ ਮੋਦੀ ਦੇ ਨਾਮ ਉੱਤੇ ਆਰਪੀਐਫ਼ ਜਵਾਨ ਨੇ ਮੁਸਲਮਾਨ ਮੁਸਾਫ਼ਰਾਂ ਦਾ ਕਤਲ ਕੀਤਾ, ਉਸੇ ਸੂਬੇ ਵਿੱਚ ਮੌਜੂਦ ਹੁੰਦੇ ਹੋਏ ਵੀ ਪ੍ਰਧਾਨ ਮੰਤਰੀ ਮੋਦੀ ਨੇ ਇਸ ਮਾਮਲੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ।’’

ਇਹ ਵੀ ਪੜ੍ਹੋ:

‘ਸੰਘ ਦੀ ਰਣਨੀਤੀ’

ਤਸਵੀਰ ਸਰੋਤ, FB/RSS
ਪਾਕਿਸਤਾਨ ਤੋਂ ਛਪਣ ਵਾਲੇ ਅੰਗਰੇਜ਼ੀ ਅਖ਼ਬਾਰ ਡਾਨ ਨੇ ਹਰਿਆਣਾ ਦੀ ਨੂੰਹ ਹਿੰਸਾਂ ਉੱਤੇ ਇੱਕ ਸੰਪਾਦਕੀ ਛਾਪੀ ਹੈ।
ਆਪਣੇ ਸੰਪਾਦਕੀ ਵਿੱਚ ਅਖ਼ਬਾਰ ਲਿਖਦਾ ਹੈ ਕਿ ‘‘ਭਾਰਤ ਅਗਲੇ ਸਾਲ ਹੋਣ ਜਾ ਰਹੀਆਂ ਆਮ ਚੋਣਾਂ ਦੀ ਤਿਆਰੀ ਕਰ ਰਿਹਾ ਹੈ। ਅਜਿਹੇ ਵਿੱਚ ਕੋਈ ਵੀ ਉਮੀਦ ਕਰ ਸਕਦਾ ਹੈ ਕਿ ਚੋਣਾਂ ਵਿੱਚ ਭਾਜਪਾ ਨੂੰ ਵਧਾਵਾ ਦੇਣ ਲਈ ਸੰਘ ਪਰਿਵਾਰ ਸ਼ੱਕੀ ਤਰੀਕਿਆਂ ਦੀ ਵਰਤੋਂ ਕਰੇਗਾ।’’
‘‘ਭਾਜਪਾ ਸ਼ਾਸਤ ਹਰਿਆਣਾ ਵਿੱਚ ਹਾਲ ’ਚ ਹੋਈ ਹਿੰਸਕ ਝੜਪਾਂ ਇਸ ਨੂੰ ਅਜ਼ਮਾਏ ਜਾ ਚੁੱਕੇ ਤੌਰ-ਤਰੀਕਿਆਂ ਦਾ ਹਿੱਸਾ ਹੈ।’’
ਅੱਗੇ ਨੂੰਹ ਅਤੇ ਗੁਰੂਗ੍ਰਾਮ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਅਖ਼ਬਾਰ ਨੇ ਲਿਖਿਆ ਹੈ ‘‘ਭਾਰਤ ਦੀਆਂ ਵਿਰੋਧੀ ਧਿਰਾਂ ਦੇ ਆਗੂਆਂ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਹੈ ਕਿ ਜਿਵੇਂ-ਜਿਵੇਂ ਚੋਣਾਂ ਨੇੜੇ ਆਉਣਗੀਆਂ, ਭਾਜਪਾ ਵੋਟ ਹਾਸਲ ਕਰਨ ਲਈ ਫ਼ਿਰਕੂ ਹਿੰਸਾ, ਨਫ਼ਰਤੀ ਭਾਸ਼ਣ ਅਤੇ ਘੱਟ ਗਿਣਤੀਆਂ ਨੂੰ ਲਾਲਚ ਦੇਵੇਗੀ।’’
‘‘ਨਿਸ਼ਚਤ ਤੌਰ ਉੱਤੇ ਪਿਛਲੇ ਕੁਝ ਮਹੀਨਿਆਂ ਵਿੱਚ ਪੱਛਮੀ ਬੰਗਾਲ, ਮਹਾਰਾਸ਼ਟਰ, ਕਰਨਾਟਕ ਅਤੇ ਗੁਜਰਾਤ ਤੋਂ ਆਈਆਂ ਫ਼ਿਰਕੂ ਹਿੰਸਾ ਦੀਆਂ ਖ਼ਬਰਾਂ ਇਹ ਸਾਬਤ ਕਰਦੀਆਂ ਹਨ ਕਿ ਇਹ ਖ਼ਦਸ਼ੇ ਨਿਰਾਧਾਰ ਨਹੀਂ ਹਨ।’’
ਨਫ਼ਰਤ ਅਤੇ ਹਾਸ਼ੀਏ ਦੀ ਸਿਆਸਤ

ਤਸਵੀਰ ਸਰੋਤ, Getty Images
‘ਡਾਨ’ ਨੇ ਮਣੀਪੁਰ ਹਿੰਸਾ ਦਾ ਜ਼ਿਕਰ ਕਰਦੇ ਹੋਏ ਲਿਖਿਆ, ‘‘ਭਾਜਪਾ ਸ਼ਾਸਤ ਸੂਬੇ ਮਣੀਪੁਰ ਦੀ ਫ਼ਿਰਕੂ ਹਾਲਤ ਵਿਸ਼ੇਸ਼ ਤੌਰ ਉੱਤੇ ਚਿੰਤਾਜਨਕ ਹੈ।’’
‘‘ਭਾਰਤ ਦੀ ਕੇਂਦਰ ਸਰਕਾਰ ਨੂੰ ਇਨ੍ਹਾਂ ਪਰੇਸ਼ਾਨ ਕਰਨ ਵਾਲੇ ਵਰਤਾਰਿਆਂ ਉੱਤੇ ਠੱਲ੍ਹ ਪਾਉਣ ਅਤੇ ਸੰਘ ਪਰਿਵਾਰ
ਉੱਤੇ ਲਗਾਮ ਲਗਾਉਣ ਦੀ ਲੋੜ ਹੈ ਕਿਉਂਕਿ ਦੇਸ਼ ਦੇ ਘੱਟ ਗਿਣਤੀ ਲੋਕਾਂ ਉੱਤੇ ਬਰਹਿਮਮੀ ਤੋਂ ਬਾਅਦ ਜਿੱਤੀਆਂ ਗਈਆਂ ਚੋਣਾਂ ਦੀ ਵੈਧਦਾ ਬਹੁਤ ਘੱਟ ਹੋਵੇਗੀ।’’
‘‘ਇਸ ਤੋਂ ਇਲਾਵਾ ਵਿਰੋਧੀ ਧਿਰ, ਖ਼ਾਸ ਤੌਰ ਉਤੇ ਨਵਾਂ ਬਣਿਆ ‘ਇੰਡੀਆ’ ਗਠਜੋੜ ਨੂੰ ਦੇਸ਼ ਦੇ ਘੱਟ ਗਿਣਤੀ ਲੋਕਾਂ ਨੂੰ ਭਰੋਸਾ ਦਵਾਉਣ ਦੀ ਲੋੜ ਹੈ ਕਿ ਉਹ ਉਨ੍ਹਾਂ ਦੇ ਨਾਲ ਖੜ੍ਹਾ ਹੈ ਅਤੇ ਨਫ਼ਰਤ ਤੇ ਹਾਸ਼ੀਏ ਦੀ ਸਿਆਸਤ ਨੂੰ ਰੱਦ ਕਰਦਾ ਹੈ।’’

ਖ਼ਬਰ ਏਜੰਸੀ ਰਾਇਟਰਜ਼ ਅਤੇ ਅਸੋਸੀਏਟਿਡ ਪ੍ਰੈੱਸ (ਏਪੀ) ਨੇ ਹਰਿਆਣ ਦੇ ਨੂੰਹ ਤੋਂ ਉੱਥੋਂ ਦੇ ਜ਼ਮੀਨੀ ਹਾਲਾਤ ਦੀਆਂ ਰਿਪੋਰਟਾਂ ਛਾਪੀਆਂ ਹਨ।
ਰਾਇਟਰਜ਼ ਲਿਖਦਾ ਹੈ ਕਿ ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਨੂੰ ਲੈ ਕੇ ਹੁਣ ਭਾਰਤ ਦੇ 20 ਕਰੋੜ ਮੁਸਲਮਾਨਾਂ ਵਿੱਚੋਂ ਕਈ ਲੋਕਾਂ ਨੇ ਸਮਾਜ ’ਚ ਆਪਣੀ ਥਾਂ ਬਾਰੇ ਪੁੱਛਣਾ ਸ਼ੁਰੂ ਕਰ ਦਿੱਤਾ। ਗਊ ਮਾਸ ਲੈ ਕੇ ਜਾਣ ਦੇ ਸ਼ੱਕ ਵਿੱਚ ਕੁੱਟ-ਕੁੱਟ ਕੇ ਮਾਰ ਦੇਣ ਦੀਆਂ ਘਟਨਾਵਾਂ ਨੇ ਮੁਸਲਮਾਨਾਂ ਦੇ ਅੰਦਰ ਡਰ ਵਧਾ ਦਿੱਤਾ ਹੈ।’’
‘‘ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਅਗਲੇ ਮਹੀਨੇ ਹੋਣ ਵਾਲੇ ਜੀ-20 ਸ਼ਿਖ਼ਰ ਸੰਮੇਲਨ ਤੋਂ ਠੀਕ ਇੱਕ ਮਹੀਨਾ ਪਹਿਲਾਂ ਦਿੱਲੀ ਦੇ ਬਾਹਰੀ ਇਲਾਕਿਆਂ ਵਿੱਚ ਅਸ਼ਾਂਤੀ ਫ਼ੈਲੀ ਹੈ।’’
ਏਜੰਸੀ ਮੁਤਾਬਕ, ‘‘ਭਾਰਤ ਵਿੱਚ ਫ਼ਿਰਕੂ ਹਿੰਸਾ ਕੋਈ ਨਵੀਂ ਗੱਲ ਨਹੀਂ ਹੈ, 1947 ਵਿੱਚ ਭਾਰਤ ਦੀ ਵੰਢ ਤੋਂ ਬਾਅਦ ਤੋਂ ਸਮੇਂ-ਸਮੇਂ ਉੱਤੇ ਝੜਪਾਂ ਹੁੰਦੀਆਂ ਰਹੀਆਂ ਹਨ, ਪਰ ਕਈਆਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਿੰਦੂ ਰਾਸ਼ਟਰਵਾਦੀ ਸਰਕਾਰ ਤਹਿਤ ਧਾਰਮਿਕ ਧਰੂਵੀਕਰਨ ਵੱਧ ਗਿਆ ਹੈ, ਜਿਸ ਨਾਲ ਘੱਟ ਗਿਣਤੀ ਲੋਕਾਂ ਖ਼ਿਲਾਫ਼ ਹਿੰਸਾ ਦੇ ਮਾਮਲਿਆਂ ਵਿੱਚ ਵਾਧਾ ਹੋਇਆ ਹੈ।’’
ਹਰਿਆਣਾ ਹਿੰਸਾ

ਤਸਵੀਰ ਸਰੋਤ, Getty Images
ਤੁਰਕੀ ਦੇ ਸਰਕਾਰੀ ਮੀਡੀਆ ਟੀਆਰਟੀ ਵਰਲਡ ਨੇ ਦੋ ਅਗਸਤ ਨੂੰ ਹਰਿਆਣਾ ਹਿੰਸਾ ਉੱਤੇ ਇੱਕ ਤਫ਼ਸੀਲ ਗਰਾਊਂਡ ਰਿਪੋਰਟ ਛਾਪੀ।
ਆਪਣੀ ਰਿਪੋਰਟ ਵਿੱਚ ਨੂੰਹ ਨਾਲ ਤਾਲੁਕ ਰੱਖਣ ਵਾਲੇ ਇੱਕ ਸੀਨੀਅਰ ਵਕੀਲ ਅਤੇ ਕਾਰਕੁੰਨ ਰਮਜ਼ਾਨ ਚੌਧਰੀ ਦੇ ਹਵਾਲੇ ਨਾਲ ਵੈੱਬਸਾਈਟ ਉੱਤੇ ਲਿਖਿਆ ਹੈ, ‘‘ਨੂੰਹ ਅਤੇ ਉਸ ਦੇ ਆਲੇ-ਦੁਆਲੇ ਦੇ ਪਿੰਡ ਦੇ ਘੱਟੋ-ਘੱਟ 2000 ਮੁਸਲਮਾਨਾਂ ਨੇ ਘਰ ਖਾਲ੍ਹੀ ਕਰ ਦਿੱਤੇ ਹਨ। ਇੰਹ ਅੰਕੜੇ ਹੋਰ ਜ਼ਿਆਦਾ ਹੋ ਸਕਦੇ ਹਨ ਅਤੇ ਤਕਰੀਬਨ ਸਾਰੇ ਪਿੰਡ ਖਾਲ੍ਹੀ ਹੋ ਗਏ ਹਨ।’’
ਟੀਆਰਟੀ ਵਰਲਡ ਨਾਲ ਗੱਲ ਕਰਦੇ ਹੋਏ ਨੂੰਹ, ਗੁਰੂਗ੍ਰਾਮ ਅਤੇ ਪਲਵਲ ਦੇ ਕਈ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਪੁਲਿਸ ਮੁਸਲਮਾਨ ਮਰਦਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਮਨਮਾਨੇ ਢੰਗ ਨਾਲ ਗ੍ਰਿਫ਼ਤਾਰ ਕਰ ਰਹੀ ਹੈ।
ਸਥਾਨਕ ਮੀਡੀਆ ਰਿਪੋਰਟ ਦੇ ਹਵਾਲੇ ਨਾਲ ਟੀਆਰਟੀ ਵਰਲਡ ਨੇ ਲਿਖਿਆ ਹੈ ਕਿ ਨੂੰਹ ਵਿੱਚ ਪੁਲਿਸ ਨੇ ਘੱਟੋ-ਘੱਟ 116 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ।
‘‘ਨੂੰਹ ਦੇ ਸਥਾਨਕ ਹਿੰਦੂ ਅਤੇ ਮੁਸਲਮਾਨ ਲੋਕਾਂ ਦਾ ਕਹਿਣਾ ਹੈ ਕਿ ਵੀਐੱਚਪੀ ਅਤੇ ਬਜਰੰਗ ਦਲ ਵਰਕਰਾਂ ਦੀ ਅਗਵਾਈ ਵਿੱਚ ਜਲੂਸ ਤੋਂ ਪਹਿਲਾਂ ਮੁਸਲਮਾਨਾਂ ਨੂੰ ਟਾਰਗੇਟ ਕਰਨ ਵਾਲੇ ਭੜਕਾਊ ਵੀਡੀਓ ਅਤੇ ਮੀਡੀਆ ਸਮੱਗਰੀ ਵਟਸਐਪ, ਟਵਿੱਟਰ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪ੍ਰਸਾਰਿਤ ਕੀਤੀ ਗਈ ਸੀ।’’
‘‘ਸਥਾਨਕ ਲੋਕ ਦੱਸਦੇ ਹਨ ਕਿ ਜਲੂਸ ਦੌਰਾਨ ਵੀ ਮੁਸਲਮਾਨਾਂ ਵਿਰੁੱਧ ਭੜਕਾਊ ਨਾਅਰੇ ਲਗਾਏ ਜਾ ਰਹੇ ਸਨ।’’
ਕਤਰ ਦੀ ਨਿਊਜ਼ ਵੈੱਬਸਾਈਟ ‘ਅਲ ਜਜ਼ੀਰਾ’ ਵਿੱਚ ਗੁਰੂਗ੍ਰਾਮ ’ਚ ਮਸਜਿਦ ਸਾੜੇ ਜਾਣ, ਨੂੰਹ ਹਿੰਸਾ ਅਤੇ ਲੰਘੇ ਦਿਨੀਂ ਦੇਸ਼ ਵਿੱਚ ਭੜਕੀ ਫ਼ਿਰਕੂ ਘਟਨਾਵਾਂ ਉੱਤੇ ਇੱਕ ਲੇਖ ਛਪਿਆ ਹੈ।
ਲੇਖ ਦਾ ਸਿਰਲੇਖ ਹੈ ‘‘ਕੀ ਭਾਰਤ ਦੀਆਂ ਆਉਣ ਵਾਲੀਆਂ ਪੀੜੀਆਂ ਇਸ ਮੁਸਲਮਾਨ-ਵਿਰੋਧੀ ਨਫ਼ਰਤ ਨਾਲ ਜੁੜੀ ਆਪਣੀਆਂ ਕਮਜ਼ੋਰੀਆਂ ਨੂੰ ਮਾਫ਼ ਕਰ ਸਕੇਗੀ?’’
ਲੇਖਿਕਾ ਅਤੇ ਦਿੱਲੀ ਵਿੱਚ ਕਾਨੂੰਨ ਦੀ ਪ੍ਰੋਫ਼ੈਸਰ ਸਮੀਨਾ ਦਲਵਈ ਲਿਖਦੇ ਹਨ, ‘’90 ਸਾਲ ਪਹਿਲਾਂ, 10 ਮਈ 1933 ਨੂੰ ਨਾਜ਼ੀ ਵਿਦਿਆਰਥੀ ਸੰਘ ਦੇ 5000 ਵਿਦਿਆਰਥੀ ਅਤੇ ਉਨ੍ਹਾਂ ਦੇ ਪ੍ਰੋਫ਼ੈਸਰ ਬਲਦੀਆਂ ਮਸ਼ਾਲਾਂ ਦੇ ਨਾਲ ਬਰਲਿਨ ਦੇ ਬੇਬੇਲਪਲਾਤਜ਼ ਵਿੱਚ ਇਕੱਠੇ ਹੋਏ ਸਨ। ਉਨ੍ਹਾਂ ਨੇ ਮੁੱਖ ਤੌਰ ਉੱਤੇ ਯਹੂਦੀ ਲੇਖਕਾਂ ਅਤੇ ਕਾਰਲ ਮਾਰਕਸ, ਰੋਜਾ ਲਕਜ਼ਮਬਰਗ ਵਰਗੇ ਕਮਿਊਨਿਸਟ ਵਿਚਾਰਕਾਂ ਵੱਲੋਂ ਲਿਖੀਆਂ ਗਈਆਂ ਲਗਭਗ 20,000 ਕਿਤਾਬਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ। ਇਸ ਦ੍ਰਿਸ਼ ਨੂੰ 40 ਹਜ਼ਾਰ ਲੋਕਾਂ ਨੇ ਦੇਖਿਆ ਸੀ।’’
ਸਮੀਨਾ ਦਲਵਈ ਨੇ ਅੱਗੇ ਲਿਖਿਆ, ‘‘ਇਸ ਸਾਲ ਅਪ੍ਰੈਲ ਵਿੱਚ ਬਿਹਾਰ ਦੇ ਬਿਹਾਰਸ਼ਰੀਫ਼ ਸ਼ਹਿਰ ਦੀ ਇੱਕ ਘਟਨਾ ਨੇ ਮੈਨੂੰ 90 ਸਾਲ ਪੁਰਾਣੀ ਇਸ ਘਟਨਾ ਦੀ ਯਾਦ ਦਵਾ ਦਿੱਤੀ। ਬਿਹਾਰਸ਼ਰੀਫ਼ ਵਿੱਚ 4500 ਇਸਲਾਮੀ ਗ੍ਰੰਥਾਂ, ਕਿਤਾਬਾਂ ਵਾਲੀ ਇੱਕ ਮਦਰੱਸੇ ਦੀ ਲਾਇਬ੍ਰੇਰੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਸੀ।’’
ਲੇਖ ਵਿੱਚ ਅੱਗੇ ਜਰਮਨੀ, ਹੋਲੋਕਾਸਟ, ਯਹੂਦੀਆਂ ਖ਼ਿਲਾਫ਼ ਹਿੰਸਾਂ ਦੀ ਤੁਲਨਾ ਭਾਰਤ ਅਤੇ ਇੱਥੋਂ ਦੇ ਮੌਜੂਦਾ ਹਾਲਾਤ ਨਾਲ ਕੀਤੀ ਗਈ ਹੈ।
ਉਹ ਲਿਖਦੇ ਹਨ, ‘‘ਹਰਿਆਣਾ ਦੀ ਫ਼ਿਰਕੂ ਹਿੰਸਾ ਅਤੇ ਲਿੰਚਿੰਗ ਦੀਆਂ ਘਟਨਾਵਾਂ ਭਾਰਤੀ ਮੁਸਲਮਾਨਾਂ ਨੂੰ ਹੋਰ ਜ਼ਿਆਦਾ ਬਸਤੀਆਂ ਵਿੱਚ ਰਹਿਣ ਨੂੰ ਮਜਬੂਰ ਕਰੇਗੀ। ਆਮ ਮੁਸਲਮਾਨ – ਨੌਜਵਾਨ, ਬੱਚੇ, ਔਰਤਾਂ, ਮਰਦ ਅਤੇ ਪੇਸ਼ੇਵਰਾਂ ਦੀਆਂ ਆਵਾਜ਼ਾਂ ਗੁਆਚ ਗਈਆਂ ਹਨ।’’
ਨੂੰਹ ਹਿੰਸਾ ਕਿਵੇਂ ਸ਼ੁਰੂ ਹੋਈ?

ਤਸਵੀਰ ਸਰੋਤ, Getty Images
ਨੂੰਹ ਵਿੱਚ ਜਿੱਥੇ ਫਿਰਕੂ ਹਿੰਸਾ ਭੜਕੀ ਉਹ ਹਰਿਆਣਾ ਦਾ ਇੱਕ ਜ਼ਿਲ੍ਹਾ ਹੈ। ਇਹ ਰਾਜਸਥਾਨ ਨਾਲ ਲੱਗਦਾ ਹੈ, ਪਰ ਮੇਵਾਤ ਨਾਂ ਦੇ ਇੱਕ ਵੱਡੇ ਇਲਾਕੇ ਦਾ ਹਿੱਸਾ ਹੈ।
ਮੇਵਾਤ ਵਿੱਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਸ਼ਾਮਲ ਹਨ। ਇਹ ਮੁਸਲਮਾਨ ਬਹੁਗਿਣਤੀ ਵਾਲੇ ਖੇਤਰ ਹਨ।
ਇਹ ਇਲਾਕਾ ਆਰਥਿਕ ਅਤੇ ਸਮਾਜਿਕ ਤੌਰ 'ਤੇ ਭਾਵੇਂ ਪਛੜਿਆ ਹੋਇਆ ਹੈ ਪਰ ਫਿਰਕੂ ਹਿੰਸਾ ਜਾਂ ਦੰਗਿਆਂ ਵਰਗੀਆਂ ਖ਼ਬਰਾਂ ਇੱਥੋਂ ਕਦੇ ਨਹੀਂ ਆਈਆਂ ਪਰ ਸੋਮਵਾਰ ਨੂੰ ਜੋ ਹੋਇਆ ਉਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਬ੍ਰਜਮੰਡਲ (ਮੇਵਾਤ) ਵਿੱਚ ਆਰਐੱਸਐੱਸ ਨਾਲ ਜੁੜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਯੂਥ ਵਿੰਗ ਬਜਰੰਗ ਦਲ ਦੀ ਅਗਵਾਈ ਹੇਠ 31 ਜੁਲਾਈ ਨੂੰ ਜਲਾਭਿਸ਼ੇਕ ਯਾਤਰਾ ਰੱਖੀ ਸੀ।
ਇਸ ਯਾਤਰਾ ਨੇ ਨਲਹੜ ਦੇ ਸ਼ਿਵ ਮੰਦਿਰ ਤੋਂ 35 ਕਿਲੋਮੀਟਰ ਦੂਰ ਫ਼ਿਰੋਜ਼ਪੁਰ ਝਿਰਕਾ ਦੇ ਝੀਰ ਮੰਦਿਰ ਪਹੁੰਚਣਾ ਸੀ ਅਤੇ ਉਥੋਂ ਫਿਰ ਕਰੀਬ 30 ਕਿਲੋਮੀਟਰ ਦੂਰ ਪੁਨਹਾਣਾ ਦੇ ਕ੍ਰਿਸ਼ਨ ਮੰਦਿਰ ਪਹੁੰਚਣਾ ਸੀ।
ਵੀਐੱਚਪੀ ਤੇ ਬਜਰੰਗ ਦਲ ਨੇ ਇਸ ਯਾਤਰਾ ਵਿੱਚ ਹਿੱਸਾ ਲੈਣ ਲਈ ਹਰਿਆਣਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਆਪਣੇ ਵਰਕਰਾਂ ਅਤੇ ਸ਼ਰਧਾਲੂਆਂ ਨੂੰ ਬੁਲਾਇਆ ਸੀ।
ਬਜਰੰਗ ਦਲ ਦੇ ਵਰਕਰ ਮਹੇਸ਼ ਕੁਮਾਰ ਪਾਣੀਪਤ ਦੇ ਨਿਵਾਸੀ ਹਨ। ਉਹਨਾਂ ਨੇ ਯਾਤਰਾ ਵਿੱਚ ਹਿੱਸਾ ਲਿਆ ਸੀ।
ਮਹੇਸ਼ ਨੇ ਕਿਹਾ, "ਅਸੀਂ ਪੰਜਾਹ ਲੋਕਾਂ ਦੇ ਨਾਲ ਇੱਕ ਬੱਸ ਵਿੱਚ ਲਗਭਗ 6 ਵਜੇ ਪਾਣੀਪਤ ਤੋਂ ਰਵਾਨਾ ਹੋਏ। ਅਸੀਂ ਗਿਆਰਾਂ ਕੁ ਵਜੇ ਨਲਹੜ ਦੇ ਸ਼ਿਵ ਮੰਦਰ ਪਹੁੰਚੇ। ਇੱਥੇ ਹਜ਼ਾਰਾਂ ਲੋਕ ਆਏ ਹੋਏ ਸਨ। 12 ਵਜੇ ਤੱਕ ਭੰਡਾਰਾ ਅਤੇ ਜਲਾਭਿਸ਼ੇਕ ਦਾ ਪ੍ਰੋਗਰਾਮ ਚੱਲਿਆ।”
'ਅੱਗੇ ਵਧੇ ਤਾਂ ਪੱਥਰਬਾਜ਼ੀ ਸ਼ੁਰੂ ਹੋ ਗਈ'

ਤਸਵੀਰ ਸਰੋਤ, ANI
ਦੁਪਹਿਰ ਸਮੇਂ ਮੰਦਰ ਦੇ ਅੰਦਰ ਅਤੇ ਬਾਹਰ ਭਾਰੀ ਭੀੜ ਸੀ। ਪੰਜਾਹ ਤੋਂ ਵੱਧ ਬੱਸਾਂ ਅਤੇ ਕਾਰਾਂ ਸੜਕਾਂ 'ਤੇ ਖੜ੍ਹੀਆਂ ਸਨ। ਲੋਕਾਂ ਦੇ ਆਉਣ ਜਾਣ ਦਾ ਸਿਲਸਿਲਾ ਹਾਲੇ ਵੀ ਜਾਰੀ ਸੀ।
ਮਹੇਸ਼ ਅਨੁਸਾਰ ਕਰੀਬ 12.30 ਵਜੇ ਬ੍ਰਜ ਮੰਡਲ ਯਾਤਰਾ ਫਿਰੋਜ਼ਪੁਰ ਝਿਰਕਾ ਦੇ ਝੀਰ ਮੰਦਰ ਲਈ ਰਵਾਨਾ ਹੋਈ।
ਲੋਕ ਬੱਸਾਂ ਅਤੇ ਕਾਰਾਂ ਵਿੱਚ ਬੈਠ ਕੇ ਜਾਣ ਲੱਗੇ। ਯਾਤਰਾ ਵਿੱਚ ਸੈਂਕੜੇ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਪਰ ਜਿਵੇਂ ਹੀ ਯਾਤਰਾ ਕਰੀਬ ਦੋ ਕਿਲੋਮੀਟਰ ਅੱਗੇ ਵਧੀ ਤਾਂ ਮੁੱਖ ਮਾਰਗ ’ਤੇ ਪੱਥਰਬਾਜ਼ੀ ਸ਼ੁਰੂ ਹੋ ਗਈ।
ਨੂੰਹ ਦੇ ਇੱਕ ਸਥਾਨਕ ਨਿਵਾਸੀ ਮੁਸਤਫਾ ਖ਼ਾਨ ਦਾ ਕਹਿਣਾ ਹੈ, "ਯਾਤਰਾ ਵਿੱਚ ਸ਼ਾਮਲ ਲੋਕ ਜਦੋਂ ਮੁੱਖ ਸੜਕ 'ਤੇ ਪਹੁੰਚੇ ਤਾਂ ਉਹਨਾਂ ਮੋਨੂੰ ਮਾਨੇਸਰ ਜ਼ਿੰਦਾਬਾਦ ਦੇ ਨਾਅਰੇ ਲਗਾਏ, ਜਿਸ ਤੋਂ ਬਾਅਦ ਹਿੰਸਾ ਭੜਕ ਗਈ।"
ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਦੇ ਕਈ ਦੂਜੇ ਵੀਡੀਓ ਵਿੱਚ ਵੀ ਕੁਝ ਲੋਕ ‘ਮੋਨੂੰ ਮਾਨੇਸਰ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।
ਨੂੰਹ ਦੇ ਹੀ ਸਥਾਨਕ ਨਿਵਾਸੀ ਵਸੀਮ ਖ਼ਾਨ ਕਹਿੰਦੇ ਹਨ ਕਿ ਲੋਕਾਂ ਵਿੱਚ ਮੋਨੂੰ ਮਾਨੇਸਰ ਨੂੰ ਲੈ ਕੇ ਗੁੱਸਾ ਸੀ ਅਤੇ ਯਾਤਰਾ ਵਿੱਚ ਸ਼ਾਮਿਲ ਲੋਕ ਧਾਰਮਿਕ ਨਾਅਰੇ ਲਗਾ ਰਹੇ ਸਨ, ਜਿਸ ਨੇ ਮਾਹੌਲ ਖ਼ਰਾਬ ਕੀਤਾ।
ਹਿੰਸਾ ਦੇ ਇਲਜ਼ਾਮਾਂ ਉੱਤੇ ਮੋਨੂੰ ਮਾਨੇਸਰ ਨੇ ਇੱਕ ਵੀਡੀਓ ਜਾਰੀ ਕਰਕੇ ਸਫ਼ਾਈ ਦਿੱਤੀ ਹੈ।
ਉਨ੍ਹਾਂ ਨੇ ਕਿਹਾ, “ਮੇਵਾਤ ਦੇ ਛੋਟੇ ਯੂ-ਟਿਊਬ ਵਾਲਿਆਂ ਨੇ ਮਾਹੌਲ ਖਰਾਬ ਕੀਤਾ ਹੈ। ਪੁਲਿਸ ਨੇ ਪਹਿਲਾਂ ਹੀ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੋਨੂੰ ਮਾਨੇਸਰ ਨਹੀਂ ਆਵੇਗਾ। ਉਸ ਦੇ ਬਾਅਦ ਵੀ ਲੋਕ ਯੂ-ਟਿਊਬਰਾਂ ਨੇ ਮਾਹੌਲ ਖਰਾਬ ਕੀਤਾ ਹੈ।”
ਮੋਨੂੰ ਮਾਨੇਸਰ ਨੇ ਕਿਹਾ ਕਿ ਹਿੰਸਾ ਦੇ ਤਿੰਨ ਦਿਨ ਪਹਿਲਾਂ ਜੋ ਵੀਡੀਓ ਉਨ੍ਹਾਂ ਨੇ ਜਾਰੀ ਕੀਤੀ ਸੀ, ਉਸ ਵਿੱਚ ‘ਇੱਕ ਸ਼ਬਦ ਵੀ ਗਲਤ ਨਹੀਂ ਬੋਲਿਆ ਸੀ’ ਅਤੇ ਉਨ੍ਹਾਂ ਨੇ ਕੇਵਲ ਲੋਕਾਂ ਨੇ ਵੱਧ-ਚੜ੍ਹ ਕੇ ਯਾਤਰਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ ਜੋ ਉਹ ਹਰ ਸਾਲ ਕਰਦੇ ਹਨ।
ਪੱਥਰਾਅ ਜਿੱਥੇ ਸ਼ੁਰੂ ਹੋਇਆ ਉੱਥੇ ਦੁਕਾਨ ਚਲਾਉਂਦੇ ਇੱਕ ਦੁਕਾਨਦਾਰ ਸੰਜੇ ਕੁਮਾਰ ਨੇ ਕਿਹਾ, “ਬਜਰੰਗ ਦਲ ਦੇ ਲੋਕ ਦੁਪਹਿਰ 1.30 ਵਜੇ ਦੇ ਕਰੀਬ ਇੱਥੇ ਦਿਖਾਈ ਦੇਣ ਲੱਗੇ। ਅਚਾਨਕ ਪਥਰਾਅ ਸ਼ੁਰੂ ਹੋ ਗਿਆ ਅਤੇ ਕੁਝ ਲੋਕ ਤਲਵਾਰਾਂ ਲੈ ਕੇ ਮੇਰੀ ਦੁਕਾਨ ਅੰਦਰ ਦਾਖਲ ਹੋ ਗਏ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਲੜਕੇ ਮੁਸ਼ਕਿਲ ਨਾਲ ਬਚੇ ਅਤੇ ਭੀੜ ਨੇ ਦੁਕਾਨ ਦੇ ਬਾਹਰ ਖੜ੍ਹੀ ਇੱਕ ਕਾਰ ਨੂੰ ਅੱਗ ਲਾ ਦਿੱਤੀ।”
ਦੁਪਹਿਰ ਦੋ ਵਜੇ ਨੂੰਹ ਦੀਆਂ ਸੜਕਾਂ 'ਤੇ ਅੱਗ ਲੱਗਣੀ ਸ਼ੁਰੂ ਹੋ ਗਈ। ਯਾਤਰਾ ਤੋਂ ਅੱਗੇ ਨਿਕਲਣ ਵਾਲੇ ਮੁੱਖ ਮਾਰਗ ’ਤੇ ਜਾਮ ਲੱਗ ਗਏ ਅਤੇ ਸੈਂਕੜੇ ਲੋਕ ਵਾਪਸ ਮੰਦਰ ਵੱਲ ਮੁੜ ਗਏ।













