ਨੂੰਹ ਹਿੰਸਾ: ਮੇਵ ਮੁਸਲਮਾਨਾਂ ਦੇ ਤੌਰ 'ਤੇ ਜਾਣੇ ਜਾਂਦੇ ਉਹ ਮੁਸਲਮਾਨ ਜਿਨ੍ਹਾਂ ਨੂੰ ਗਾਂਧੀ ਨੇ ਪਾਕਿਸਤਾਨ ਜਾਣ ਤੋਂ ਰੋਕਿਆ ਸੀ

ਤਸਵੀਰ ਸਰੋਤ, Getty Images
- ਲੇਖਕ, ਅਨੰਤ ਪ੍ਰਕਾਸ਼
- ਰੋਲ, ਬੀਬੀਸੀ ਪੱਤਰਕਾਰ
ਹਰਿਆਣਾ ਦੇ ਨੂੰਹ ਜ਼ਿਲ੍ਹੇ ਵਿੱਚ ਲੰਘੀ 31 ਜੁਲਾਈ ਨੂੰ ਭੜਕੀ ਹਿੰਸਾ ਵਿੱਚ ਹੁਣ ਤੱਕ ਘੱਟੋ-ਘੱਟ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਨੂੰਹ ਤੋਂ ਲੈ ਕੇ ਗੁਰੂਗ੍ਰਾਮ ਤੱਕ ਹਿੰਸਾ ਪ੍ਰਭਾਵਿਤ ਇਲਾਕਿਆਂ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੀ ਤਾਇਨਾਤੀ ਕੀਤੀ ਗਈ ਹੈ।
ਹਰਿਆਣਾ ਪੁਲਿਸ ਨੇ ਨੂੰਹ ਵਿੱਚ ਹੋਈ ਹਿੰਸਾ ਦੇ ਮਾਮਲੇ ਵਿੱਚ 45 ਐੱਫ਼ਆਈਆਰ ਦਰਜ ਕਰਕੇ ਹੁਣ ਤੱਕ 139 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਲਈ ਤਿੰਨ ਜਾਂਚ ਕਮੇਟੀਆਂ ਬਣਾਈਆਂ ਗਈਆਂ ਹਨ।
ਪਰ ਇਹ ਹਿੰਸਾ ਨੂੰਹ ਵਿੱਚ ਕਿਉਂ ਹੋਈ....ਇਸ ਸਵਾਲ ਦਾ ਜਵਾਬ ਇਸ ਇਲਾਕੇ ਦੇ ਇਤਿਹਾਸ, ਭੂਗੋਲ ਅਤੇ ਸਮਾਜਿਕ ਤਾਣੇ-ਬਾਣੇ ਵਿੱਚ ਲੁਕਿਆ ਹੈ।
ਨੂੰਹ ਕਿੱਥੇ ਹੈ, ਜਿੱਥੇ ਹਿੰਸਾ ਹੋਈ

ਤਸਵੀਰ ਸਰੋਤ, ANI
ਚਮਚਮਾਉਂਦੀਆਂ ਬਹੁਮੰਜ਼ਲਾ ਇਮਾਰਤਾਂ ਵਾਲੇ ਗੁਰੂਗ੍ਰਾਮ ਤੋਂ ਮਹਿਜ਼ 50 ਕਿਲੋਮੀਟਰ ਦੂਰ ਨੂੰਹ ਜ਼ਿਲ੍ਹੇ ਵਿੱਚ ਮੁਸਲਮਾਨਾਂ ਦੀ ਆਬਾਦੀ 79 ਫ਼ੀਸਦੀ ਤੋਂ ਵੱਧ ਹੈ।
ਸਾਲ 2016 ਵਿੱਚ ਨਾਮ ਬਦਲਣ ਤੋਂ ਪਹਿਲਾਂ ਤੱਕ ਨੂੰਹ ਨੂੰ ਮੇਵਾਤ ਦੇ ਨਾਮ ਨਾਲ ਜਾਣਿਆ ਜਾਂਦਾ ਸੀ।
ਪਰ ਮੇਵਾਤ ਸਿਰਫ਼ ਇੱਕ ਜ਼ਿਲ੍ਹਾ ਹੀ ਨਹੀਂ ਸਗੋਂ ਇੱਕ ਸੱਭਿਆਚਾਰਕ ਅਤੇ ਭੂਗੋਲਿਕ ਖ਼ੇਤਰ ਹੈ, ਜੋ ਹਰਿਆਣਾ ਤੋਂ ਲੈ ਕੇ ਰਾਜਸਥਾਨ ਦੇ ਭਰਤਪੁਰ ਅਤੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੱਕ ਫ਼ੈਲਿਆ ਹੈ।
ਇੱਥੇ ਰਹਿਣ ਵਾਲੇ ਮੁਸਲਮਾਨਾਂ ਨੂੰ ਮੇਵ ਮੁਸਲਮਾਨਾਂ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਇਸੇ ਕਾਰਨ ਇਸ ਖ਼ੇਤਰ ਨੂੰ ਮੇਵਾਤ ਕਿਹਾ ਜਾਂਦਾ ਹੈ।
ਇਸ ਖ਼ੇਤਰ ਦਾ ਜ਼ਿਆਦਾਤਰ ਇਲਾਕਾ ਪਿਛੜੇਪਨ ਦਾ ਸ਼ਿਕਾਰ ਹੈ। ਪੀਣ ਦੇ ਪਾਣੀ ਤੋਂ ਲੈ ਕੇ ਸਿੱਖਿਆ ਅਤੇ ਸਿਹਤ ਤੱਕ ਹਰ ਮਾਪਦੰਡਾਂ ਉੱਤੇ ਇਹ ਇਲਾਕਾ ਭਾਰਤ ਦੇ ਹੋਰ ਜ਼ਿਲ੍ਹਿਆਂ ਤੋਂ ਪਿੱਛੇ ਹੈ।
ਹਰਿਆਣਾ ਦੇ ਨੂੰਹ (ਮੇਵਾਤ) ਜ਼ਿਲ੍ਹੇ ਦੀ ਸਮਾਜਿਕ ਅਤੇ ਆਰਥਿਕ ਬਦਹਾਲੀ ਦਾ ਹਾਲ ਇਹ ਹੈ ਕਿ ਸਾਲ 2018 ਵਿੱਚ ਆਈ ਨੀਤੀ ਆਯੋਗ ਦੀ ਰਿਪੋਰਟ ਵਿੱਚ ਇਸ ਨੂੰ ਦੇਸ਼ ਦਾ ਸਭ ਤੋਂ ਪਿਛੜਾ ਜ਼ਿਲ੍ਹਾ ਦੱਸਿਆ ਗਿਆ ਸੀ।
ਹਰਿਆਣਾ ਨੂੰ ਦੱਖਣ ਵਿੱਚ ਰਾਜਸਥਾਨ ਅਤੇ ਪੂਰਬ ਵਿੱਚ ਉੱਤਰ ਪ੍ਰਦੇਸ਼ ਨਾਲ ਜੋੜਣ ਵਾਲੇ ਇਸ਼ ਜ਼ਿਲ੍ਹੇ ਦੀ ਪ੍ਰਤੀ ਵਿਅਕਤੀ ਸਲਾਨਾ ਆਮਦਨ ਗੁਰੂਗ੍ਰਾਮ ਦੇ ਮੁਕਾਬਲੇ 10 ਫ਼ੀਸਦੀ ਵੀ ਨਹੀਂ ਹੈ।
ਸਾਲ 2014 ਵਿੱਚ ਆਈ ਹਰਿਆਣਾ ਸਰਕਾਰ ਦੀ ਰਿਪੋਰਟ ਮੁਤਾਬਕ, ਗੁਰੂਗ੍ਰਾਮ ਦੀ ਪ੍ਰਤੀ ਵਿਅਕਤੀ ਸਲਾਨਾ ਆਮਦਨ ਜਿੱਥੇ 3,16,512 ਰੁਪਏ ਸੀ, ਉੱਥੇ ਹੀ ਨੂੰਹ ਦੀ ਪ੍ਰਤੀ ਵਿਅਕਤੀ ਸਲਾਨਾ ਆਮਦਨ 27,791 ਰੁਪਏ ਸੀ। ਇਸ ਤੋਂ ਬਾਅਦ ਦੇ ਅੰਕੜੇ ਉਪਲਬਧ ਨਹੀਂ ਹਨ।
ਪਿਛਲੇ ਕੁਝ ਸਾਲਾਂ ਵਿੱਚ ਨੂੰਹ ਸਾਇਬਰ ਅਪਰਾਧ ਦੇ ਇੱਕ ਨਵੇਂ ਠਿਕਾਣੇ ਦੇ ਤੌਰ ’ਤੇ ਉੱਭਰ ਕੇ ਸਾਹਮਣੇ ਆਇਆ ਹੈ।
ਕੌਮੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਦੇ ਅੰਕੜਿਆਂ ਮੁਤਾਬਕ, ਸਾਲ 2021 ਵਿੱਚ ਇੱਥੇ 52,974 ਕੇਸ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿੱਚ 12 ਫ਼ੀਸਦੀ ਕੇਸ ਸਿਰਫ਼ ਨੂੰਹ ਨਾਲ ਜੁੜੇ ਹਨ।
ਜ਼ਿਲ੍ਹਾ ਪ੍ਰਸ਼ਾਸਨ ਨੇ ਹਾਲ ਹੀ ਵਿੱਚ ਦੱਸਿਆ ਹੈ ਕਿ ਉਨ੍ਹਾਂ ਨੇ 28,000 ਕੇਸ ਹੱਲ ਕੀਤੇ ਹਨ ਜਿਨ੍ਹਾਂ ਵਿੱਚ 100 ਕਰੋੜ ਰੁਪਏ ਦੀ ਸਾਇਬਰ ਧੋਖਾਧੜੀ ਕੀਤੀ ਗਈ ਸੀ।
ਪਰ ਮੇਵਾਤ ਸਿਰਫ਼ ਇੱਕ ਜ਼ਿਲ੍ਹਾ ਨਹੀਂ ਸਗੋਂ ਇੱਕ ਭੂਗੋਲਿਕ ਅਤੇ ਸੱਭਿਆਚਾਰਕ ਖ਼ੇਤਰ ਹੈ ਜੋ ਹਰਿਆਣਾ ਤੋਂ ਲੈ ਕੇ ਰਾਜਸਥਾਨ ਦੇ ਭਰਤਪੁਰ ਅਤੇ ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਤੱਕ ਫ਼ੈਲਿਆ ਹੈ।
ਇਹੀ ਗੱਲ ਇਸ ਖ਼ੇਤਰ ਨੂੰ ਲੰਘੇ ਸੋਮਵਾਰ ਹੋਈ ਹਿੰਸਾ ਨਾਲ ਜੋੜਦੀ ਹੈ।

ਤਸਵੀਰ ਸਰੋਤ, Getty Images
ਮੇਵਾਤ ਖ਼ੇਤਰ ਜਿੱਥੋਂ ਲੰਘਦੀ ਹੈ ਬ੍ਰਿਜ ਮੰਡਲ ਯਾਤਰਾ

ਤਸਵੀਰ ਸਰੋਤ, Getty Images
ਲੰਘੇ ਐਤਵਾਰ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਵਿੱਚ ਕੱਢੀ ਗਈ ਬ੍ਰਿਜ ਮੰਡਲ ਜਲਾਭਿਸ਼ੇਕ ਯਾਤਰਾ ਗੁਰੂਗ੍ਰਾਮ ਤੋਂ ਹੋ ਕੇ ਮੇਵਾਤ ਵਿੱਚ ਪੂਰੀ ਹੋਣੀ ਸੀ।
ਇਸ ਯਾਤਰਾ ਵਿੱਚ ਸ਼ਾਮਲ ਲੋਕ ਗੁਰੂਗ੍ਰਾਮ ਤੋਂ ਮੇਵਾਤ ਖ਼ੇਤਰ ਵਿੱਚ ਸਥਿਤ ਨਲਹਰੇਸ਼ਵਰ ਮੰਦਰ ਪਹੁੰਚਦੇ ਹਨ।
ਇਸ ਤੋਂ ਬਾਅਦ ਯਾਤਰਾ ਇਸ ਮੰਦਰ ਤੋਂ 45 ਕਿਲੋਮੀਟਰ ਦੂਰ ਸਥਿਤ ਸ਼੍ਰਿੰਗਾਰ ਪਿੰਡ ਪਹੁੰਚਦੀ ਹੈ, ਜਿੱਥੋਂ ਯਾਤਰਾ ’ਚ ਸ਼ਾਮਲ ਲੋਕ ਸ਼੍ਰੰਗੇਸ਼ਵਰ ਮਹਾਦੇਵ ਮੰਦਰ ਪਹੁੰਚ ਕੇ ਜਲਾਭਿਸ਼ੇਕ ਦੀ ਪ੍ਰਕਿਰਿਆ ਪੂਰੀ ਕਰਦੇ ਹਨ।
ਪਰ ਨਲਹਰੇਸ਼ਵਰ ਮੰਦਰ ਕੋਲ ਹੋਈ ਹਿੰਸਾ ਤੋਂ ਬਾਅਦ ਇਹ ਯਾਤਰਾ ਅੱਗੇ ਨਹੀਂ ਵੱਧ ਸਕੀ।
ਲਗਭਗ ਤਿੰਨ ਸਾਲ ਪਹਿਲਾਂ ਵਿਸ਼ਵ ਹਿੰਦੂ ਪ੍ਰੀਸ਼ਦ ਦੀ ਅਗਵਾਈ ਵਿੱਚ ਸ਼ੁਰੂ ਹੋਈ ਯਾਤਰਾ ਦਾ ਮਕਸਦ ਕਥਿਤ ਰੂਪ ’ਚ ਇਸ ਖ਼ੇਤਰ ਵਿੱਚ ਮੌਜੂਦ ਉਨ੍ਹਾਂ ਹਿੰਦੂ ਮੰਦਰਾਂ ਅਤੇ ਪਵਿੱਤਰ ਅਸਥਾਨਾਂ ਨੂੰ ਲੋਕਾਂ ਸਾਹਮਣੇ ਲਿਆਉਣਾ ਹੈ, ਜਿਨ੍ਹਾਂ ਦਾ ਤਾਲੁਕ ਮਹਾਭਾਰਤ ਨਾਲ ਦੱਸਿਆ ਜਾਂਦਾ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਦਾ ਦਾਅਵਾ ਹੈ ਕਿ ‘‘20ਵੀਂ ਸਦੀ ਦੀ ਸ਼ੁਰੂਆਤ ਵਿੱਚ ਮੇਵਾਤ ’ਚ ਹਿੰਦੂ ਸਮਾਜ ਬਹੁਗਿਣਤੀ ਸੀ ਪਰ ਹੁਣ ਧਰਮ ਪਰਿਵਰਤਨ ਦੇ ਕਾਰਨ ਮੁਸਲਿਮ ਬਹੁਗਿਣਤੀ ਵਾਲਾ ਬਣ ਗਿਆ ਹੈ ਅਤੇ ਇੱਥੇ ਹਿੰਦੂਆਂ ਦਾ ਜਿਉਣਾ ਔਖਾ ਹੋ ਗਿਆ ਹੈ।’’
ਵਿਸ਼ਵ ਹਿੰਦੂ ਪ੍ਰੀਸ਼ਦ ਲੰਘੇ ਕੁਝ ਸਾਲਾਂ ਤੋਂ ਲਗਾਤਾਰ ਇਸ ਖ਼ੇਤਰ ਵਿੱਚ ਆਪਣੀ ਪਹੁੰਚ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਹਿੰਸਾ ਵਿੱਚ ਸ਼ਾਮਲ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਦੂਜੇ ਪਾਸੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਧਾਰਮਿਕ ਯਾਤਰਾ ਕੱਢਣ ਵਾਲਿਆਂ ਨੇ ਪਹਿਲਾਂ ਦੱਸਿਆ ਨਹੀਂ ਸੀ ਕਿ ਕਿੰਨੀ ਗਿਣਤੀ ਵਿੱਚ ਲੋਕ ਇਸ ’ਚ ਸ਼ਾਮਲ ਹੋਣਗੇ।
ਚੌਟਾਲਾ ਨੇ ਕਿਹਾ ਸੀ ਕਿ ਸਹੀ ਢੰਗ ਨਾਲ ਜਾਣਕਾਰੀ ਨਾ ਮਿਲਣ ਕਾਰਨ ਵੀ ਹਾਲਾਤ ਬੇਕਾਬੂ ਹੋਏ।
ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਭਾਜਪਾ ਦੀ ਸਿਆਸਤ ਉੱਤੇ ਨਜ਼ਰ ਰੱਖਣ ਵਾਲੇ ਸੀਨੀਅਰ ਪੱਤਰਕਾਰ ਰਾਧਿਕਾ ਰਾਮਾਸ਼ੇਸ਼ਨ ਇਨ੍ਹਾਂ ਕੋਸ਼ਿਸ਼ਾਂ ਨੂੰ ਧਰੂਵੀਕਰਨ ਦੀ ਸਿਆਸਤ ਨਾਲ ਜੋੜ ਕੇ ਦੇਖਦੇ ਹਨ।
ਉਹ ਕਹਿੰਦੇ ਹਨ, ‘‘ਹਰਿਆਣਾ ਵਿੱਚ ਭਾਜਪਾ ਦਾ ਹਾਲ ਫ਼ਿਲਹਾਲ ਚੰਗਾ ਨਹੀਂ ਹੈ। ਅਜਿਹੇ ਵਿੱਚ ਉਹ ਚਾਹਣਗੇ ਕਿ ਕਿਸੇ ਤਰ੍ਹਾਂ ਹਿੰਦੂ ਅਤੇ ਮੁਸਲਮਾਨ ਵਿਚਾਲੇ ਧਰੂਵੀਕਰਨ ਹੋਵੇ।
ਕਿਸਾਨ ਅੰਦੋਲਨ ਤੋਂ ਬਾਅਦ ਹਰਿਆਣਾ ਦੀ ਸਿਆਸਤ ਵਿੱਚ ਜਾਤ ਦੇ ਆਧਾਰ ਉੱਤੇ ਵੰਡੀ ਹੋਈ ਹੈ ਅਤੇ ਭਾਜਪਾ ਨੂੰ ਜਦੋਂ-ਜਦੋਂ ਮਹਿਸੂਸ ਹੁੰਦਾ ਹੈ ਕਿ ਸਿਆਸਤ ਵਿੱਚ ਧਰਮ ਦੀ ਥਾਂ ਜਾਤ ਦੇ ਆਧਾਰ ਉੱਤੇ ਧਰੂਵੀਕਰਨ ਹੋ ਰਿਹਾ ਹੈ ਤਾਂ ਉਹ ਉਸੇ ਧਰਮ ਦੇ ਆਧਾਰ ਉੱਤੇ ਲਿਆਉਣ ਦੀ ਕੋਸ਼ਿਸ਼ ਕਰਦੀ ਹੈ।’’
ਪਰ ਸਵਾਲ ਉੱਠਦਾ ਹੈ ਕਿ ਜਦੋਂ ਮੇਵਾਤ ਵਿੱਚ ਮੁਸਲਮਾਨਾਂ ਦੀ ਆਬਾਦੀ 80 ਫੀਸਦੀ ਹੈ ਤਾਂ ਭਾਜਪਾ ਲਈ ਇੱਥੇ ਕਿੰਨੀਆਂ ਸੰਭਾਵਨਾਵਾਂ ਹਨ।
ਇਸ ਸਵਾਲ ਦਾ ਜਵਾਬ ਦਿੰਦੇ ਹੋਏ ਰਾਧਿਕਾ ਕਹਿੰਦੇ ਹਨ, ‘‘ਮੇਵਾਤ ਵਿੱਚ ਮੁਸਲਮਾਨਾਂ ਦੀ ਆਬਾਦੀ 80 ਫੀਸਦ ਹੈ, ਪਰ ਜੇ ਤੁਸੀਂ ਯੂਪੀ ਦੇ ਰਾਮਪੁਰ ਦਾ ਉਦਾਹਰਣ ਦੋਖੋਗੇ ਤਾਂ ਉੱਥੇ ਵੀ ਮੁਸਲਮਾਨ ਵੱਡੀ ਗਿਣਤੀ ਵਿੱਚ ਹਨ ਅਤੇ ਭਾਜਪਾ ਨੇ ਉੱਥੇ ਵੀ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਦਮ ਉੱਤੇ ਥਾਂ ਬਣਾਈ ਹੈ।’’
‘‘ਭਾਜਪਾ ਨੂੰਹ ਵਿੱਚ ਹੋਈ ਹਿੰਸਾ ਦੇ ਦਮ ਉੱਤੇ ਬਾਕੀ ਹਰਿਆਣਾ ਵਿੱਚ ਹਿੰਦੂਆਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰੇਗੀ। ਇਹ ਨੈਰੇਟਿਵ ਆਉਣ ਵਾਲੀਆਂ ਆਮ ਚੋਣਾਂ ਤੱਕ ਚਲਾਇਆ ਜਾਵੇਗਾ।''
''ਪਰ ਹਰਿਆਣਾ ਵਿੱਚ ਇਹ ਨੈਰੇਟਿਵ ਕਿੰਨਾ ਕੰਮ ਕਰੇਗਾ, ਇਹ ਦੇਖਣ ਵਾਲੀ ਗੱਲ ਹੋਵੇਗੀ। ਕਿਉਂਕਿ ਇੱਕ ਵਾਰ ਸਿਆਸਤ ਜਾਤ ਉੱਤੇ ਸ਼ੁਰੂ ਹੋ ਜਾਂਦੀ ਹੈ ਤਾਂ ਉਸ ਦਾ ਧਰਮ ਦੇ ਆਧਾਰ ਉੱਤੇ ਵੰਡਣਾ ਥੋੜ੍ਹਾ ਔਖਾ ਹੁੰਦਾ ਹੈ।’’

ਇਹ ਵੀ ਪੜ੍ਹੋ:

ਮੇਵਾਤ ਦਾ ਗਾਂਧੀ ਕਨੈਕਸ਼ਨ

ਤਸਵੀਰ ਸਰੋਤ, Getty Images
ਮੇਵਾਤ ਵਿੱਚ ਰਹਿਣ ਵਾਲੇ ਮੁਸਲਮਾਨਾਂ ਨੂੰ ਮੇਵ ਮੁਸਲਮਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਨੂੰ ਮੋਹਨਦਾਸ ਕਰਮਚੰਦ ਗਾਂਧੀ ਨੇ ਕਦੇ ‘ਭਾਰਤ ਦੀ ਰੀੜ ਦੀ ਹੱਡੀ’ ਤੱਕ ਦੱਸਿਆ ਸੀ।
ਮੇਵਾਤ ਦੇ ਇਸ ਇਤਿਹਾਸ ਅਤੇ ਸਮਾਜ ਪਿਛੋਕੜ ਨੂੰ ਸਮਝਣ ਵਾਲੇ ਲੇਖਕ ਵਿਵੇਕ ਸ਼ੁਕਲ ਮੰਨਦੇ ਹਨ ਕਿ ਮੇਵਾਤ ਦੇ ਮੁਸਲਮਾਨ ਆਪਣੇ ਆਪ ਵਿੱਚ ਖ਼ਾਸ ਹਨ।
ਉਹ ਕਹਿੰਦੇ ਹਨ, ‘‘ਇੱਥੇ ਰਹਿਣ ਵਾਲੇ ਮੁਸਲਮਾਨ ਹੁਣ ਤੋਂ ਕੋਈ 100 ਸਾਲ ਪਹਿਲਾਂ ਧਰਮ ਪਰਿਵਰਤਨ ਦੀ ਪ੍ਰਕਿਰਿਆ ਤੋਂ ਲੰਘੇ ਸਨ, ਜਿਸ ਕਾਰਨ ਇੱਥੋਂ ਦਾ ਮੁਸਲਮਾਨ ਭਾਈਚਾਰਾ ਬਾਕੀ ਭਾਰਤ ਵਿੱਚ ਰਹਿਣ ਵਾਲੇ ਮੁਸਲਿਮ ਭਾਈਚਾਰੇ ਤੋਂ ਵੱਖਰਾ ਹੈ।''
''ਇਹ ਭਾਈਚਾਰਾ ਅੱਜ ਵੀ ਹਿੰਦੂ ਧਰਮ ਨਾਲ ਜੁੜੀਆਂ ਮਾਨਤਾਵਾਂ ਨੂੰ ਮੰਨਦਾ ਹੈ ਅਤੇ ਉਨ੍ਹਾਂ ਦਾ ਪਾਲਣ ਕਰਦਾ ਹੈ।’’
‘‘ਇਨ੍ਹਾਂ ਵਿੱਚ ਗੋਤ ਵਰਗੀ ਚੀਜ਼ ਅਹਿਮ ਹੈ। ਮੈਂ ਕਈ ਮੁਸਲਮਾਨਾਂ ਨੂੰ ਮਿਲਿਆ ਹਾਂ, ਜਿਨ੍ਹਾਂ ਨੂੰ ਅੱਜ ਵੀ ਧਰਮ ਪਰਿਵਰਤਨ ਤੋਂ ਪਹਿਲਾਂ ਦੀ ਆਪਣੀ ਹਿੰਦੂ ਜਾਤ ਚੇਤੇ ਹੈ। ਇਹੀ ਨਹੀਂ, ਇਹ ਮੁਸਲਮਾਨ ਆਪਣੇ ਆਪ ਨੂੰ ਅਹੀਰ ਅਤੇ ਹਿੰਦੂ ਭਗਵਾਨ ਕ੍ਰਿਸ਼ਨ ਦੇ ਵੰਸ਼ ਮੰਨਦੇ ਹਨ। ਇਹ ਖ਼ੇਤਰ ਵੀ ਬ੍ਰਿਜ ਖ਼ੇਤਰ ਹੀ ਕਿਹਾ ਜਾਂਦਾ ਹੈ।’’
ਇਸ ਦੇ ਨਾਲ ਹੀ ਮੇਵਾਤ ਦਾ ਭਾਰਤ ਦੀ ਆਜ਼ਾਦੀ, ਵੰਡ ਅਤੇ ਮਹਾਤਮਾ ਗਾਂਧੀ ਦੇ ਨਾਲ ਵੀ ਡੂੰਘਾ ਨਾਤਾ ਹੈ।
ਜਦੋਂ ਗਾਂਧੀ ਨੇ ਪਾਕਿਸਤਾਨ ਜਾਣ ਤੋਂ ਰੋਕਿਆ

ਤਸਵੀਰ ਸਰੋਤ, Getty Images
ਭਾਰਤ ਦੀ ਆਜ਼ਾਦੀ ਦੇ ਨਾਲ ਹੀ ਜਦੋਂ ਮੁਲਕ ਦੋ ਟੋਟਿਆਂ ਵਿੱਚ ਵੰਡਿਆ ਗਿਆ ਤਾਂ ਕਈ ਥਾਂ ਦੰਗੇ ਭੜਕ ਗਏ।
ਮੇਵਾਤ ਵਿੱਚ ਰਹਿਣ ਵਾਲੇ ਮੇਵ ਮੁਸਲਮਾਨ ਵੀ ਰਾਜਸਥਾਨ ਦੇ ਭਰਤਪੁਰ ਵਿੱਚ ਇਨ੍ਹਾਂ ਦੰਗਿਆਂ ਦੇ ਸ਼ਿਕਾਰ ਹੋਏ।
ਵਿਵੇਕ ਸ਼ੁਕਲ ਦੱਸਦੇ ਹਨ, ‘‘ਰਾਜਸਥਾਨ ਦੇ ਭਰਤਪੁਰ ਵਿੱਚ ਹੋਏ ਵੱਡੇ ਕਤਲੇਆਮ ਵਿੱਚ ਕਿਸੇ ਤਰ੍ਹਾਂ ਖ਼ੁਦ ਨੂੰ ਬਚਾਉਂਦੇ ਹੋਏ ਮੇਵਾਤੀਆਂ ਦੇ ਨੁਮਾਇੰਦੇ ਗਾਂਧੀ ਦੇ ਕੋਲ ਪਹੁੰਚੇ।''
''ਉਨ੍ਹਾਂ ਦਿਨਾਂ ਵਿੱਚ ਇੱਕ ਨਾਅਰਾ ਚੱਲਦਾ ਸੀ – ਕਤਲੇਆਮ ਜਾਂ ਪਾਕਿਸਤਾਨ। ਮੇਵਾਤੀ ਮੁਸਲਮਾਨ ਇਸ ਤੋਂ ਬਚਣ ਲਈ ਪਾਕਿਸਤਾਨ ਜਾਣ ਲਈ ਤਿਆਰ ਨਹੀਂ ਹੋਏ, ਸਗੋਂ ਕਈ ਮੁਸਲਮਾਨ ਸਰਹੱਦ ਤੱਕ ਪਹੁੰਚ ਵੀ ਗਏ।’’
ਇਸ ਵੇਲੇ ਦਿੱਲੀ ਦੇ ਸ਼ਾਹਦਰਾ, ਦਰਿਆਗੰਜ, ਬੇਗਮਪੁਰ, ਕਰੋਲ ਬਾਗ ਅਤੇ ਪਹਾੜਗੰਜ ਆਦਿ ਵਿੱਚ ਵੀ ਦੰਗੇ ਭੜਕੇ ਸਨ। ਪਰ ਮਹਾਤਮਾ ਗਾਂਧੀ ਦਿੱਲੀ ਦੇ ਬਿੜਲਾ ਹਾਊਸ ਵਿੱਚ ਹੀ ਮੌਜੂਦ ਸਨ ਅਤੇ ਦੰਗਿਆਂ ਨੂੰ ਰੋਕਣ ਦੀ ਕੋਸ਼ਿਸ਼ ਵਿੱਚ ਲੱਗੇ ਸਨ।
ਵਿਵੇਕ ਸ਼ੁਕਲ ਦੱਸਦੇ ਹਨ, ‘’20 ਸਤੰਬਰ, 1947 ਨੂੰ ਇੱਕ ਪ੍ਰਾਰਥਨਾ ਸਭਾ ਦੌਰਾਨ ਮੇਵ ਨੇਤਾ ਚੌਧਰੀ ਯਾਸੀਨ ਖ਼ਾਨ ਨੇ ਗਾਂਧੀ ਜੀ ਨੂੰ ਦੱਸਿਆ ਕਿ ਮੇਵਾਤ ਦੇ ਹਜ਼ਾਰਾਂ ਮੁਸਲਮਾਨ ਪਾਕਿਸਤਾਨ ਜਾਣ ਨੂੰ ਤਿਆਰ ਹਨ।''
''ਇਹ ਸੁਣਦੇ ਹੀ ਗਾਂਧੀ ਜੀ ਹੈਰਾਨ ਹੋ ਗਏ ਤੇ ਉਨ੍ਹਾਂ ਖ਼ੁਦ ਮੇਵਾਤ ਜਾਣ ਦਾ ਫ਼ੈਸਲਾ ਕੀਤਾ ਤਾਂ ਜੋ ਪਾਕਿਸਤਾਨ ਜਾਣ ਨੂੰ ਤਿਆਰ ਮੁਸਲਮਾਨਾਂ ਨੂੰ ਸਰਹੱਦ ਪਾਰ ਜਾਣ ਤੋਂ ਰੋਕਿਆ ਜਾ ਸਕੇ।’’
ਯਾਸੀਨ ਖ਼ਾਨ ਨਾਲ ਇਸ ਮੁਲਾਕਾਤ ਦੇ ਕੁਝ ਹਫ਼ਤਿਆਂ ਬਾਅਦ ਗਾਂਧੀ ਜੀ ਮੇਵਾਤ ਦੇ ਘਾਸੇੜਾ ਪਿੰਡ ਪਹੁੰਚੇ।
ਵਿਵੇਕ ਸ਼ੁਕਲ ਗਾਂਧੀ ਦੀ ਮੇਵਾਤ ਯਾਤਰਾ ਨੂੰ ਬਿਆਨ ਕਰਦੇ ਹੋਏ ਕਹਿੰਦੇ ਹਨ, ‘‘ਗਾਂਧੀ ਜੀ ਨੂੰ ਬਿੜਲਾ ਹਾਊਸ ਤੋਂ ਮੇਵਾਤ ਪਹੁੰਚਣ ਵਿੱਚ ਕਰੀਬ ਦੋ-ਤਿੰਨ ਘੰਟੇ ਲੱਗੇ ਹੋਣਗੇ।''
ਉਦੋਂ ਧੌਲਾ ਕੂਆਂ ਦੇ ਅੱਗੇ ਸਹੀ ਢੰਗ ਦੀਆਂ ਸੜਕਾਂ ਨਾ ਦੇ ਬਰਾਬਰ ਹੁੰਦੀਆਂ ਸਨ। ਘਾਸੇੜਾ ਵਿੱਚ ਰਾਜਸਥਾਨ ਦੇ ਅਲਵਰ ਅਤੇ ਭਰਤਪੁਰ ਦੇ ਸੈਂਕੜੇ ਮੁਸਲਮਾਨ ਕੈਂਪਾਂ ਵਿੱਚ ਰਹਿ ਰਹੇ ਸੀ।’’
‘‘ਇਹ ਸਾਰੇ ਪਾਕਿਸਤਾਨ ਜਾ ਰਹੇ ਸਨ। ਗਾਂਧੀ ਜੀ ਨੇ ਘਾਸੇੜਾ ਪਹੁੰਚਦੇ ਹੀ ਮੇਵ ਮੁਸਲਮਾਨਾਂ ਨੂੰ ਲਗਭਗ ਹੁਕਮ ਦੇਣ ਵਾਲੇ ਲਹਿਜ਼ੇ ਵਿੱਚ ਕਿਹਾ ਕਿ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਕੋਈ ਲੋੜ ਨਹੀਂ ਹੈ। ਭਾਰਤ ਉਨ੍ਹਾਂ ਦਾ ਤੇ ਉਹ ਭਾਰਤ ਦੇ ਹਨ। ਇਹ ਸੁਣਦੇ ਹੀ ਉੱਥੇ ਮੌਜੂਦ ਮੁਸਲਮਾਨਾਂ ਨੇ ਇਸਲਾਮਿਕ ਪਾਕਿਸਤਾਨ ਜਾਣ ਦਾ ਇਰਾਦਾ ਤਿਆਗ ਦਿੱਤਾ।’’
ਹਰਿਆਣਾ ਦੇ ਮੇਵਾਤ ਦਾ ਘਾਸੇੜਾ ਪਿੰਡ ਆਪਣੇ ਆਪ ਵਿੱਚ ਇੱਕ ਮਿਸਾਲ ਬਣ ਕੇ ਖੜ੍ਹਾ ਹੈ।
ਬੀਬੀਸੀ ਪੱਤਰਕਾਰ ਸਲਮਾਨ ਰਾਵੀ ਨੂੰ 2014 ਵਿੱਚ ਘਾਸੇੜਾ ਪਿੰਡ ਦੇ ਸਭ ਤੋਂ ਬਜ਼ੁਰਗ ਸ਼ਖ਼ਸ ਸਰਦਾਰ ਖ਼ਾਨ ਨੇ ਦੱਸਿਆ ਸੀ ਕਿ ਉਹ ਉਸ ਰੋਜ਼ ਰੈਲੀ ਵਿੱਚ ਮੌਜੂਦ ਸਨ ਜਦੋਂ ਮਹਾਤਮਾ ਗਾਂਧੀ ਮੁਸਲਮਾਨਾਂ ਨਾਲ ਮੁਖ਼ਾਤਬ ਹੋ ਰਹੇ ਸਨ।
ਖ਼ਾਨ ਨੇ ਕਿਹਾ ਸੀ, ‘‘ਮੈਂ ਉਸ ਵੇਲੇ 10 ਸਾਲ ਦਾ ਸੀ ਅਤੇ ਮੈਨੂੰ ਉਨ੍ਹਾਂ ਦੀ ਇੱਕ-ਇੱਕ ਗੱਲ ਯਾਦ ਹੈ। ਉਨ੍ਹਾਂ ਦੇ ਕਹਿਣ ਤੋਂ ਬਾਅਦ ਅਸੀਂ ਸਾਰੇ ਇੱਥੇ ਰੁੱਕ ਗਏ।’’
ਖ਼ਾਨ ਨੇ ਕਿਹਾ ਸੀ, ‘‘ਵੈਸੇ ਵੀ ਮੇਵਾਤ ਦੇ ਮੁਸਲਮਾਨ ਵੰਡ ਦੇ ਖ਼ਿਲਾਫ਼ ਸਨ। ਪਰ ਦੰਗੇ ਹੋ ਰਹੇ ਸਨ, ਮਾਹੌਲ ਖ਼ਰਾਬ ਸੀ। ਚਾਰੇ ਪਾਸੇ ਡਰ ਅਤੇ ਦਹਿਸ਼ਤ ਦਾ ਮਾਹੌਲ ਸੀ। ਪਰ ਸਾਡੇ ਪਿਓ-ਦਾਦਿਆਂ ਨੇ ਇੱਥੇ ਰਹਿਣ ਦਾ ਮਨ ਬਣਾ ਲਿਆ। ਅੱਜ ਸਾਨੂੰ ਖ਼ੁਸ਼ੀ ਹੈ ਕਿ ਅਸੀਂ ਅਜਿਹਾ ਕੀਤਾ।’’













