ਹਿੰਸਾ ਦੀ ਜੜ੍ਹ ਨਫਰਤ ਕਿਵੇਂ ਦੂਜਿਆਂ ਨੂੰ ਤਬਾਹ ਕਰਨ ਦੀ ਹਸਰਤ ਪੈਦਾ ਕਰ ਰਹੀ- ਬਲਾਗ

ਗੁਰੂਗ੍ਰਾਮ ਹਿੰਸਾ

ਤਸਵੀਰ ਸਰੋਤ, Getty Images

    • ਲੇਖਕ, ਨਾਸੀਰੂਦੀਨ
    • ਰੋਲ, ਬੀਬੀਸੀ ਲਈ

ਇਸ ਸਮੇਂ ਅਸੀਂ ਹਿੰਸਾ ਨਾਲ ਘਿਰੇ ਹੋਏ ਹਾਂ। ਭਾਰਤ ਦੇ ਉੱਤਰ-ਪੂਰਬੀ ਸੂਬੇ ਮਣੀਪੁਰ ਵਿੱਚ ਲੰਬੇ ਸਮੇਂ ਤੋਂ ਹਿੰਸਾ ਹੋ ਰਹੀ ਹੈ।

ਇਸ ਹਿੰਸਾ ਦੇ ਨਾਲ-ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਜੋ ਕੁਝ ਵਾਪਰ ਰਿਹਾ ਹੈ, ਉਹ ਵੀ ਘੱਟ ਚਿੰਤਾਜਨਕ ਨਹੀਂ ਹੈ। ਆਓ ਪਿਛਲੇ ਕੁਝ ਦਿਨਾਂ ਦੀਆਂ ਕੁਝ ਘਟਨਾਵਾਂ 'ਤੇ ਇੱਕ ਝਾਤ ਮਾਰੀਏ।

ਦ੍ਰਿਸ਼-1: ਇੱਕ ਵਿਅਕਤੀ ਰੇਲਗੱਡੀ ਦੀ ਉੱਪਰਲੀ ਸੀਟ 'ਤੇ ਨਮਾਜ਼ ਅਦਾ ਕਰ ਰਿਹਾ ਹੈ। ਹੇਠਲੀ ਸੀਟ 'ਤੇ ਕੁਝ ਨੌਜਵਾਨ ਬੈਠੇ ਹਨ। ਉਹ ਉੱਚੀ-ਉੱਚੀ ਭਜਨ ਗਾ ਰਹੇ ਹਨ। ਪ੍ਰਤੀਕਰਮ ਜਾਣਨ ਦੀ ਬੇਚੈਨੀ ਵਿੱਚ ਉਹ ਵੀ ਵਿੱਚ-ਵਿੱਚ ਉੱਪਰ ਵੱਲ ਵੀ ਝਾਕਦੇ ਹਨ।

ਕਿਸੇ ਨੂੰ ਭਜਨ ਯਾਦ ਨਹੀਂ, ਉਹ ਮੋਬਾਈਲ ਦਾ ਸਹਾਰਾ ਲੈ ਰਹੇ ਹਨ, ਬੇਤਰਤੀਬੇ ਢੰਗ ਨਾਲ ਤਾੜੀਆਂ ਵਜਾ ਰਹੇ ਹਨ। ਉਹ ਸਾਰੇ ਫੈਲ ਕੇ ਬੈਠੇ ਹੋਏ ਹਨ। ਉਨ੍ਹਾਂ ਦੇ ਸਾਹਮਣੇ ਇੱਕ ਬਜ਼ੁਰਗ ਮਹਿਲਾ ਰੇਲਗੱਡੀ ਦੇ ਫਰਸ਼ 'ਤੇ ਬੈਠੀ ਹੈ।

ਦ੍ਰਿਸ਼-2: ਇੱਕ ਵਿਅਕਤੀ ਖੂਨ ਨਾਲ ਲਿਬੜਿਆ ਪਿਆ ਹੈ। ਉਸ ਕੋਲ ਇੱਕ ਸਿਪਾਹੀ ਖੜ੍ਹਾ ਹੈ। ਉਹ ਦੱਸ ਰਿਹਾ ਹੈ ਕਿ ਇਹ ਲੋਕ ਕੌਣ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਕਿਸ ਨੂੰ ਵੋਟ ਦੇਣੀ ਚਾਹੀਦੀ ਹੈ। ਸਿਪਾਹੀ ਦੇ ਠੀਕ ਪਿੱਛੇ ਤੇ ਸਾਹਮਣੇ ਲੋਕ ਬੈਠੇ ਹਨ।

ਇਸ ਸਿਪਾਹੀ 'ਤੇ ਰੇਲਗੱਡੀ ਦੀਆਂ ਤਿੰਨ ਵੱਖ-ਵੱਖ ਬੋਗੀਆਂ 'ਚ ਚਾਰ ਲੋਕਾਂ ਦੇ ਕਤਲ ਦਾ ਇਲਜ਼ਾਮ ਹੈ। ਮ੍ਰਿਤਕਾਂ ਵਿੱਚੋਂ ਇੱਕ ਉਸ ਦਾ ਹੀ ਸੀਨੀਅਰ ਅਧਿਕਾਰੀ ਹੈ। ਤਿੰਨੋਂ ਇੱਕੋ ਧਰਮ ਦੇ ਪੈਰੋਕਾਰ ਹਨ।

ਜਿਵੇਂ ਕਿ ਹੁਣ ਤੱਕ ਸਾਹਮਣੇ ਆਈਆਂ ਖਬਰਾਂ ਦੱਸ ਰਹੀਆਂ ਹਨ, ਉਹ ਉਨ੍ਹਾਂ ਦੇ ਪਹਿਰਾਵੇ ਤੋਂ ਉਨ੍ਹਾਂ ਦੀ ਪਛਾਣ ਕਰਦਾ ਹੈ। ਫਿਰ ਮਾਰਦਾ ਹੈ।

ਮੁਹੰਮਦ ਸ਼ਾਦ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੁਰੂਗ੍ਰਾਮ ਦੀ ਮਸਜਿਦ ਦੇ ਨਾਇਬ ਇਮਾਮ ਮੁਹੰਮਦ ਸ਼ਾਦ

ਦ੍ਰਿਸ਼-3: ਇੱਕ ਹੋਰ ਵੀਡੀਓ ਹੈ। ਉਸ ਵੀਡੀਓ ਵਿਚਲੇ ਵਿਅਕਤੀ 'ਤੇ ਇੱਕ ਹੀ ਧਰਮ ਦੇ ਦੋ ਲੋਕਾਂ ਨੂੰ ਸਾੜ ਕੇ ਮਾਰਨ ਦਾ ਇਲਜ਼ਾਮ ਹੈ। ਉਹ ‘ਗਉ-ਰੱਖਿਅਕ’, ‘ਧਰਮ-ਰੱਖਿਅਕ’ ਦੇ ਤੌਰ 'ਤੇ ਮਸ਼ਹੂਰ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਦੋ ਸੂਬਿਆਂ ਦੀ ਪੁਲਿਸ ਦੀ ਪਕੜ ਤੋਂ ਦੂਰ ਹੈ।

ਉਹ ਇੱਕ ਜਲੂਸ ਵਿੱਚ ਸ਼ਾਮਲ ਹੋਣ ਦੀ ਗੱਲ ਕਰ ਰਿਹਾ ਹੈ। ਜਿੱਥੋਂ ਜਲੂਸ ਕੱਢਿਆ ਜਾਣਾ ਹੈ, ਉਸ ਇਲਾਕੇ 'ਚ ਭਾਰੀ ਤਣਾਅ ਹੈ।

ਜਲੂਸ ਨਿਕਲਦਾ ਹੈ। ਹਿੰਸਾ ਹੁੰਦੀ ਹੈ। ਇਸ ਤੋਂ ਬਾਅਦ ਵੀਡੀਓਜ਼ ਅਤੇ ਅਫਵਾਹਾਂ ਦਾ ਦੌਰ ਸ਼ੁਰੂ ਹੋ ਜਾਂਦਾ ਹੈ। ਹਿੰਸਾ ਦੀ ਅੱਗ ਦਿੱਲੀ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ਵਿੱਚ ਫੈਲ ਜਾਂਦੀ ਹੈ। ਬਹੁਤ ਸਾਰੇ ਲੋਕ ਹਿੰਸਾ ਦੀ ਮਾਰ ਝੱਲਦੇ ਹਨ।

ਅਭਿਸ਼ੇਕ
ਤਸਵੀਰ ਕੈਪਸ਼ਨ, ਫਿਰਕੂ ਹਿੰਸਾ ਵਿੱਚ ਮਾਰੇ ਗਏ ਅਭਿਸ਼ੇਕ ਦੀ ਤਸਵੀਰ

ਕੀ ਇਹ 'ਨਿੱਕੀਆਂ-ਮੋਟੀਆਂ' ਘਟਨਾਵਾਂ ਹਨ?

ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਦਿਨ ਸਾਡੇ ਸਾਹਮਣੇ ਆ ਰਹੀਆਂ ਹਨ। ਸਾਨੂੰ ਲੱਗਦਾ ਹੈ ਕਿ ਇਹ 'ਨਿੱਕੀਆਂ-ਮੋਟੀਆਂ' ਘਟਨਾਵਾਂ ਹਨ। 'ਕੁਝ ਕੁ' ਲੋਕ ਸ਼ਾਮਲ ਹਨ। ਇਨ੍ਹਾਂ ਦੀ ਕੋਈ ਠੋਸ ਹੋਂਦ ਨਹੀਂ ਹੈ। ਜਾਂ ਇਹ ਹੱਲਾ ਮਚਾਉਣ ਵਾਲੀਆਂ ਘਟਨਾਵਾਂ ਨਹੀਂ ਹਨ।

ਉਪਰੋਕਤ ਤਿੰਨੋਂ ਘਟਨਾਵਾਂ ਵੀ ਵੱਖ-ਵੱਖ ਖੇਤਰਾਂ ਦੀਆਂ ਹਨ। ਇਸ ਲਈ ਸ਼ਾਇਦ ਇਹ ਜਾਪਦਾ ਹੈ ਕਿ ਇਹ ਵੱਖ-ਵੱਖ ਹੋ ਰਹੀਆਂ ਹਨ। ਸੱਚ ਇਸ ਤਰ੍ਹਾਂ ਨਹੀਂ ਹੈ।

ਇਨ੍ਹਾਂ ਤਿੰਨਾਂ ਵਿੱਚ ਇੱਕ ਗੱਲ ਹੈ। ਤਿੰਨਾਂ ਦੀ ਜੜ੍ਹ 'ਚ ਨਫ਼ਰਤ ਹੈ। ਇੱਕ ਧਰਮ ਅਤੇ ਉਸ ਦੇ ਪੈਰੋਕਾਰਾਂ ਪ੍ਰਤੀ ਨਫ਼ਰਤ ਹੈ। ਇੱਕ-ਦੂਜੇ ਨੂੰ ਬਰਦਾਸ਼ਤ ਨਾ ਕਰਨ ਦੀ ਇੱਛਾ ਹੈ। ਸਗੋਂ ਦੂਜੇ ਨੂੰ ਤਬਾਹ ਕਰਨ ਜਾਂ ਦੂਜੇ ਦਰਜੇ ਦਾ ਬਣਾਉਣ ਦੀ ਹਸਰਤ ਹੈ।

ਨੂਹ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਰਿਆਣਾ ਦੇ ਨੂਹ ਵਿੱਚ ਪੁਲਿਸ ਦਾ ਫਲੈਗ ਮਾਰਚ

ਇਹ ਹਿੰਸਾ ਇੰਨੀ ਬੇਖ਼ੌਫ਼ ਕਿਵੇਂ ਹੋ ਗਈ?

ਇਸ ਸਭ ਵਿੱਚ ਜ਼ਾਹਰ ਤੌਰ 'ਤੇ ਜਾਂ ਕੁਝ ਲੁਕਵੇਂ ਰੂਪ ਵਿੱਚ ਹਿੰਸਾ ਸ਼ਾਮਲ ਹੈ। ਇਹ ਕੋਈ ਆਮ ਹਿੰਸਾ ਨਹੀਂ ਹੈ। ਇਹ ਨਫ਼ਰਤ ਤੋਂ ਪੈਦਾ ਹੋਈ ਹਿੰਸਾ ਹੈ। ਨਫ਼ਰਤ ਦਾ ਆਧਾਰ ਸਿਰਫ਼ ਇੱਕ ਧਰਮ ਤੋਂ ਹੋਣਾ ਹੈ। ਇਹ ਜ਼ਹਿਰੀਲੀ ਮਰਦਾਨਗੀ ਨਾਲ ਭਰੀ ਬੇਖ਼ੌਫ਼ ਹਿੰਸਾ ਹੈ।

ਸਵਾਲ ਇਹ ਹੈ ਕਿ ਇਹ ਨਫ਼ਰਤ ਇਸ ਹੱਦ ਤੱਕ ਕਿਵੇਂ ਪਹੁੰਚ ਗਈ ਕਿ ਇਸ ਨੇ ਖੁੱਲ੍ਹੇਆਮ ਹਿੰਸਾ ਦਾ ਰੂਪ ਲੈ ਲਿਆ ਹੈ? ਇਸ ਹਿੰਸਾ ਬਾਰੇ ਗੱਲ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ। ਕੋਈ ਡਰ ਨਹੀਂ।

ਦੇਸ਼ ਅਤੇ ਸਮਾਜ ਨੂੰ ਇਸ ਹਾਲਤ ਵਿੱਚ ਪਹੁੰਚਾਉਣ ਵਿੱਚ ਸਭ ਤੋਂ ਵੱਡੀ ਭੂਮਿਕਾ ਤਾਕਤ 'ਚ ਬੈਠੇ ਲੋਕਾਂ ਦੀ ਹੈ। ਇਨ੍ਹਾਂ ਵਿੱਚ ਆਗੂ ਅਤੇ ਮੀਡੀਆ ਦਾ ਵੱਡਾ ਹਿੱਸਾ ਸ਼ਾਮਲ ਹੈ। ਜੇ ਇਹ ਗੱਲ ਥੋੜ੍ਹੀ ਅਜੀਬ ਲੱਗ ਰਹੀ ਹੋਵੇ, ਤਾਂ ਅਸੀਂ ਕੁਝ ਸਵਾਲਾਂ 'ਤੇ ਵਿਚਾਰ ਕਰ ਸਕਦੇ ਹਾਂ।

ਜਿਹੜੇ ਲੋਕ ਨਫ਼ਰਤ ਬੀਜ ਰਹੇ ਹਨ, ਉਹ ਇੰਨੇ ਨਿਡਰ ਕਿਵੇਂ ਹੋ ਗਏ ਕਿ ਕਤਲ ਦਾ ਮੁਲਜ਼ਮ ਵੀਡੀਓ ਬਣਾ ਕੇ ਲੋਕਾਂ ਨੂੰ ਖੁੱਲ੍ਹੇਆਮ ਸੱਦਾ ਦਿੰਦਾ ਹੈ? ਕਿਵੇਂ ਇੱਕ ਸਿਪਾਹੀ ਕਤਲ ਕਰਨ ਤੋਂ ਬਾਅਦ ਉਨ੍ਹਾਂ ਲੋਕਾਂ ਦੇ ਨਾਮ ਲੈਂਦਾ ਹੈ ਜੋ ਸੱਤਾ ਵਿੱਚ ਹਨ?

ਕਿਵੇਂ ਇੱਕ ਵਿਅਕਤੀ ਹੱਥ ਵਿੱਚ ਗੰਡਾਸਾ ਲੈ ਕੇ ਇਹ ਕਹਿਣ ਦੀ ਹਿੰਮਤ ਕਰ ਪਾ ਰਿਹਾ ਹੈ ਕਿ ਬਦਲਾ ਲਿਆ ਜਾਵੇਗਾ? ਕਿਵੇਂ ਨੌਜਵਾਨਾਂ ਦਾ ਇੱਕ ਸਮੂਹ ਇਬਾਦਤ ਵਿੱਚ ਵਿਘਨ ਪਾ ਰਿਹਾ ਹੈ? ਜਾਂ ਕਿਵੇਂ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਵੱਖ-ਵੱਖ ਲੋਕ ਮਾਰਨ ਅਤੇ ਬਦਲਾ ਲੈਣ ਦੀ ਗੱਲ ਕਰ ਰਹੇ ਹਨ?

ਇਸ ਲਈ ਇਹ ਕਹਿਣਾ ਜ਼ਿਆਦਾ ਸਟੀਕ ਹੋਵੇਗਾ ਕਿ ਇਸ ਨਫ਼ਰਤ ਦਾ ਸਰੋਤ ਹੇਠਾਂ ਨਹੀਂ, ਉੱਪਰ ਹੈ। ਉਸ ਨੇ ਸਾਡੀ ਸਾਰੀ ਸੋਚ ਨੂੰ ਦੋ ਖਾਨਿਆਂ ਵਿੱਚ ਵੰਡ ਦਿੱਤਾ ਹੈ।

ਟੀਵੀ 'ਤੇ ਹੋਣ ਵਾਲੀਆਂ ਬਹਿਸਾਂ ਦਾ ਜ਼ੋਰ ਇਹ ਹੈ ਕਿ ਹੁਣ ਕੁਝ ਲੋਕਾਂ ਦਾ 'ਆਖਰੀ ਉਪਾਅ' ਕੀਤਾ ਜਾਣਾ ਚਾਹੀਦਾ ਹੈ। ਇਹ 'ਆਖਰੀ ਉਪਾਅ' ਦਾ ਵਿਚਾਰ, ਨਫ਼ਰਤ ਦਾ ਫੈਲਾਅ ਨਹੀਂ ਹੈ? ਹਿੰਸਾ ਲਈ ਉਕਸਾਉਣਾ ਨਹੀਂ ਹੈ? ਨਫ਼ਰਤ ਅਤੇ ਹਿੰਸਾ ਨੂੰ ਜਾਇਜ਼ ਠਹਿਰਾਉਣਾ ਨਹੀਂ ਹੈ? ਪਰ ਅਜਿਹਾ ਖੁੱਲ੍ਹੇਆਮ ਹੋ ਰਿਹਾ ਹੈ।

ਚੇਤਨ ਸਿੰਘ ਚੌਧਰੀ

ਤਸਵੀਰ ਸਰੋਤ, DHARMENDRA SINGH/BBC

ਤਸਵੀਰ ਕੈਪਸ਼ਨ, ਚੇਤਨ ਸਿੰਘ ਚੌਧਰੀ

ਕੀ ਉਹ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਹੈ?

ਵੀਡੀਓ ਸਾਹਮਣੇ ਆਉਂਦੇ ਹੀ ਟਰੇਨ 'ਚ ਕਤਲ ਦੇ ਮੁਲਜ਼ਮ ਕਾਂਸਟੇਬਲ ਬਾਰੇ ਕਿਹਾ ਗਿਆ ਕਿ ਉਹ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ।

ਅਜਿਹਾ ਕਹਿਣ ਵਾਲਿਆਂ ਦਾ ਮਨੋਰਥ ਸਾਫ਼ ਹੈ, ਉਹ ਉਸ ਦੇ ਅਪਰਾਧ ਨੂੰ ਨਫ਼ਰਤੀ ਅਪਰਾਧ ਜਾਂ ਜਾਣਬੁਝ ਕੇ ਕੀਤਾ ਗਿਆ ਅਪਰਾਧ ਮੰਨਣ ਲਈ ਤਿਆਰ ਨਹੀਂ ਹਨ।

ਉਹ ਬਿਨਾਂ ਸ਼ੱਕ ਉਸ ਦੇ ਹੱਕ ਵਿੱਚ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਕੀ ਉਹ ਸੱਚਮੁੱਚ ਸਿਹਤਮੰਦ ਨਹੀਂ ਹੈ?

ਹਾਂ, ਉਹ ਅਸਲ ਵਿੱਚ ਸਿਹਤਮੰਦ ਨਹੀਂ ਹੈ। ਮਾਨਸਿਕ ਅਤੇ ਦਿਲੀ ਤੌਰ 'ਤੇ ਉਹ ਆਮ ਮਨੁੱਖ ਵਾਂਗ ਨਹੀਂ ਬਚਿਆ। ਉਹ ਨਫ਼ਰਤ ਨਾਲ ਭਰੇ ਇੱਕ ਹਿੰਸਕ ਆਦਮੀ ਵਿੱਚ ਬਦਲ ਗਿਆ ਹੈ।

ਹਿੰਸਕ ਮਰਦਾਨਗੀ ਉਸ ਦੇ ਗਲ਼ੇ ਦਾ ਹਾਰ ਬਣ ਗਈ ਹੈ। ਜਿੱਥੇ ਉਸ ਨੂੰ ਕੁਝ ਭਾਈਚਾਰੇ ਦੇ ਲੋਕ ਦੁਸ਼ਮਣ ਦਿਖਾਈ ਦੇ ਰਹੇ ਹਨ।

ਉਸ ਦੀ ਜ਼ਿੰਮੇਵਾਰੀ ਹਰ ਕਿਸੇ ਦੀ ਰੱਖਿਆ ਕਰਨ ਦੀ ਹੈ। ਪਰ ਉਸ ਨੂੰ ਲੱਗਦਾ ਹੈ ਕਿ ਕੁਝ ਲੋਕਾਂ ਨੂੰ ਮਾਰ ਕੇ ਹੀ ਬਾਕੀਆਂ ਦੀ ਰੱਖਿਆ ਕੀਤੀ ਜਾ ਸਕਦੀ ਹੈ। ਉਹ ਅਜਿਹਾ ਕਰ ਦਿੰਦਾ ਹੈ। ਬੇਝਿਜਕ।

ਉਹ ਵਾਕਈ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਹੈ। ਇਸੇ ਲਈ ਤਾਂ ਉਹ ਇੱਕ ਡੱਬੇ ਤੋਂ ਦੂਜੇ ਡੱਬੇ ਅਤੇ ਦੂਜੇ ਤੋਂ ਤੀਜੇ ਡੱਬੇ ਵਿੱਚ ਇੱਕੋ ਧਰਮ ਦੇ ਲੋਕਾਂ ਦੀ ਪਛਾਣ ਕਰ ਲੈਂਦਾ ਹੈ। ਉਨ੍ਹਾਂ 'ਤੇ ਗੋਲ਼ੀਆਂ ਚਲਾਉਂਦਾ ਹੈ, ਉਨ੍ਹਾਂ ਦੇ ਕਤਲ ਕਰ ਦਿੰਦਾ ਹੈ।

ਮਾਨਸਿਕ ਤੌਰ 'ਤੇ ਤੰਦਰੁਸਤ ਵਿਅਕਤੀ ਕਿਸੇ ਦੀ ਜਾਨ ਨਹੀਂ ਲੈ ਸਕਦਾ। ਉਹ ਧਰਮ ਜਾਂ ਜਾਤੀ ਜਾਂ ਖੇਤਰ ਦੇਖ ਕੇ ਨਫ਼ਰਤ ਨਹੀਂ ਕਰ ਸਕਦਾ।

ਪਰ ਅਜਿਹਾ ਬਿਮਾਰ ਉਹ ਇਕੱਲਾ ਸਿਪਾਹੀ ਨਹੀਂ ਹੈ। ਇੱਥੇ ਹੀ ਗਲਤੀ ਦੀ ਗੁੰਜਾਇਸ਼ ਹੈ।

ਜਿਨ੍ਹਾਂ ਨੌਜਵਾਨਾਂ 'ਤੇ ਦੇਸ਼ ਦਾ ਭਵਿੱਖ ਟਿਕਿਆ ਹੋਇਆ ਹੈ, ਉਹ ਵੀ ਮਾਨਸਿਕ ਤੌਰ 'ਤੇ ਤੰਦਰੁਸਤ ਨਹੀਂ ਬਚੇ। ਉਹ ਲੋਕ ਜਿਹੜੇ ਸਿਪਾਹੀ ਨੂੰ ਗੋਲ਼ੀ ਮਾਰਦੇ ਦੇਖਦੇ ਰਹੇ। ਉਸ ਦਾ ਭਾਸ਼ਣ ਸੁਣਦੇ ਰਹੇ। ਆਪਣੇ ਕੰਮ ਵਿੱਚ ਲੱਗੇ ਰਹੇ। ਉਹ ਵੀ ਮਾਨਸਿਕ ਤੌਰ 'ਤੇ ਸਿਹਤਮੰਦ ਕਿਵੇਂ ਕਹੇ ਜਾ ਸਕਦੇ ਹਨ?

ਟੀਵੀ ਦੀਆਂ ਬਹਿਸਾਂ ਤਾਂ ਹਨ ਹੀ, ਵਟਸਐਪ, ਫੇਸਬੁੱਕ ਵਰਗੇ 'ਸਮਾਜਿਕ ਮੰਚ' ਨੇ ਸਮਾਜ ਦੇ ਵੱਡੇ ਤਬਕੇ ਨੂੰ ਅਜਿਹਾ ਹੀ ਸਮਾਜਿਕ ਤੌਰ 'ਤੇ ਬਿਮਾਰ ਬਣਾ ਦਿੱਤਾ ਹੈ। ਉਹ ਅਜਿਹੇ ਹੀ ਹੁੰਦੇ ਜਾ ਰਹੇ ਹਨ। ਨਫ਼ਰਤ ਦੇ ਵਾਹਕ। ਨਫ਼ਰਤ ਦੇ ਤਮਾਸ਼ਬੀਨ। ਨਫ਼ਰਤ ਦੀਆਂ ਘਟਨਾਵਾਂ ਵਿੱਚ ਉਨ੍ਹਾਂ ਦੀ ਰਜ਼ਾਮੰਦੀ ਸ਼ਾਮਿਲ ਹੈ।

ਕਿਉਂਕਿ ਉਹ ਸਿੱਧੇ ਤੌਰ 'ਤੇ ਕਿਸੇ 'ਤੇ ਹਮਲਾਵਰ ਨਹੀਂ ਪਾਉਂਦੇ ਤਾਂ ਉਹ ਆਪਣੀ ਚੁੱਪੀ ਨਾਲ ਅਜਿਹੇ ਲੋਕਾਂ ਅਤੇ ਉਨ੍ਹਾਂ ਦੇ ਵਿਚਾਰਾਂ ਨਾਲ ਇੱਕਜੁਟਤਾ ਦਿਖਾਉਂਦੇ ਹਨ।

ਨਹੀਂ ਤਾਂ ਰੇਲ ਦੇ ਇੱਕ ਡੱਬੇ ਤੋਂ ਦੂਜੇ ਡੱਬੇ ਤੇ ਫਿਰ ਤੀਜੇ ਡੱਬੇ ਤੱਕ ਜਾਣ ਦੀ ਹਿੰਮਤ ਉਹ ਸਿਪਾਹੀ ਨਾ ਸਹੇਜ ਪਾਉਂਦਾ। ਜਾਂ ਕੋਈ ਉਨ੍ਹਾਂ ਨੌਜਵਾਨਾਂ ਨੂੰ ਕਹਿ ਹੀ ਦਿੰਦਾ ਕਿ ਦੋ-ਤਿੰਨ ਮਿੰਟ ਰੁਕ ਜਾਓ, ਫਿਰ ਪੂਰੇ ਰਸਤੇ ਭਜਨ ਗਾਓ।

ਹਰਿਆਣਾ

ਤਸਵੀਰ ਸਰੋਤ, Getty Images

ਸਭ ਤੋਂ ਖ਼ਤਰਨਾਕ ਹੈ, ਵਜੂਦ 'ਤੇ ਖ਼ਤਰਾ ਮਹਿਸੂਸ ਕਰਨਾ

ਇੱਕ ਗੱਲ ਸਭ ਤੋਂ ਖਤਰਨਾਕ ਹੋ ਰਹੀ ਹੈ। ਸਮਾਜ ਦੇ ਇੱਕ ਤਬਕੇ ਨੂੰ ਲੱਗਣ ਲੱਗਾ ਹੈ ਕਿ ਦੂਸਰੇ ਦਾ ਵਜੂਦ ਉਨ੍ਹਾਂ ਦੀ ਹੋਂਦ ਲਈ ਖ਼ਤਰਾ ਹੈ। ਜੇਕਰ ਇੱਕ ਰਹੇਗਾ ਤਾਂ ਦੂਸਰਾ ਨਹੀਂ ਬਚੇਗਾ।

ਦਿਲਚਸਪ ਹੈ ਕਿ ਜਿਨ੍ਹਾਂ ਨੂੰ ਆਪਣੇ ਵਜੂਦ 'ਤੇ ਖ਼ਤਰਾ ਲੱਗ ਰਿਹਾ ਹੈ, ਉਹ ਸੰਖਿਆ 'ਚ ਬਹੁਤ ਜ਼ਿਆਦਾ ਹਨ।

ਪਰ ਨਫ਼ਤਰ ਨੇ ਉਨ੍ਹਾਂ ਨੂੰ ਇਹ ਮੰਨਣ 'ਤੇ ਬੇਵੱਸ ਕਰ ਦਿੱਤਾ ਹੈ ਕਿ ਉਨ੍ਹਾਂ ਦਾ ਸਭ ਕੁਝ ਖ਼ਤਰੇ ’ਚ ਹੈ, ਉਹ ਖ਼ਤਰੇ 'ਚ ਹਨ। ਉਨ੍ਹਾਂ ਦਾ ਧਰਮ ਖ਼ਤਰੇ 'ਚ ਹੈ। ਉਨ੍ਹਾਂ ਦਾ ਕਾਰੋਬਾਰ ਖ਼ਤਰੇ 'ਚ ਹੈ। ਉਨ੍ਹਾਂ ਦੇ ਘਰ ਦੀਆਂ ਔਰਤਾਂ ਖ਼ਤਰੇ 'ਚ ਹਨ।

ਅਜਿਹਾ ਨਹੀਂ ਹੈ ਕਿ ਇਹ ਸਭ ਇੱਕਤਰਫ਼ਾ ਹੀ ਹੋ ਰਿਹਾ ਹੈ। ਦੂਜੇ ਪਾਸੇ ਵੀ ਅਜਿਹੀ ਪ੍ਰਕਿਰਿਆ ਹੈ। ਪਰ ਕੀ ਦੋਵੇਂ ਪ੍ਰਕਿਰਿਆਵਾਂ ਅਤੇ ਦੋਵਾਂ ਦਾ ਵਜ਼ਨ ਤੱਕੜੀ ਦੇ ਪੱਲੇ 'ਤੇ ਇੱਕੋ-ਜਿਹਾ ਹੈ? ਇਸ ਦਾ ਜਵਾਬ ਸਾਨੂੰ ਆਪ ਇਮਾਨਦਾਰੀ ਨਾਲ ਦੇਣਾ ਪਵੇਗਾ।

ਨਫ਼ਰਤ

ਤਸਵੀਰ ਸਰੋਤ, Getty Images

ਨਫ਼ਰਤ ਕੀ ਕਰਦੀ ਹੈ?

ਨਫ਼ਰਤ ਸਾਨੂੰ ਉਨ੍ਹਾਂ ਗੱਲਾਂ 'ਤੇ ਵਿਸ਼ਵਾਸ ਕਰਨਾ ਸਿਖਾ ਦਿੰਦੀ ਹੈ, ਜੋ ਸੱਚ ਨਹੀਂ ਹਨ। ਜਾਂ ਜੋ ਅੱਧੀਆਂ ਸੱਚ ਹਨ। ਨਫ਼ਰਤ ਸਾਨੂੰ ਦੋਸਤ ਨਹੀਂ, ਦੁਸ਼ਮਣਾਂ ਦੀ ਭਾਲ ਕਰਨ ਲਈ ਮਜਬੂਰ ਕਰਦੀ ਹੈ।

ਨਫ਼ਰਤ ਸਾਨੂੰ ਲੋਕਾਂ ਨੂੰ ਆਪਣਾ ਬਣਾਉਣਾ ਨਹੀਂ, ਸਗੋਂ ਪਰਾਇਆ ਬਣਾਉਣਾ ਸਿਖਾਉਂਦੀ ਹੈ। ਨਫ਼ਰਤ ਸਾਨੂੰ ਇਕਜੁੱਟ ਨਹੀਂ ਕਰਦੀ, ਇਹ ਸਾਨੂੰ ਵੰਡਦੀ ਹੈ, ਤੋੜਦੀ ਹੈ।

ਇਹ ਸਾਨੂੰ ਸੱਭਿਅਕ ਨਹੀਂ, ਵਹਿਸ਼ੀ ਬਣਾਉਂਦੀ ਹੈ। ਨਫ਼ਰਤ ਸਾਡੀ ਤਰਕਸ਼ੀਲਤਾ ਨੂੰ ਖੋਹ ਲੈਂਦੀ ਹੈ। ਇਹ ਸਾਡੀ ਸੋਚਣ ਅਤੇ ਸਮਝਣ ਦੀ ਸ਼ਕਤੀ ਖੋਹ ਲੈਂਦੀ ਹੈ।

ਸਾਨੂੰ ਪਤਾ ਵੀ ਨਹੀਂ ਚੱਲਦਾ ਅਤੇ ਅਸੀਂ ਇਨਸਾਨ ਤੋਂ ਨਫ਼ਰਤ ਕਰਨ ਵਾਲੀ ਕਠਪੁਤਲੀ ਬਣ ਜਾਂਦੇ ਹਾਂ। ਇਸ ਕਠਪੁਤਲੀ ਦੀ ਡੋਰ ਕਿਤੇ ਹੋਰ ਹੁੰਦੀ ਹੈ ਅਤੇ ਇਹ ਕਠਪੁਤਲੀ ਕਿਸੇ ਹੋਰ ਦੇ ਇਸ਼ਾਰੇ 'ਤੇ ਨੱਚਦੀ ਹੈ।

ਇੰਨਾ ਹੀ ਨਹੀਂ, ਨਫ਼ਰਤ ਸਾਨੂੰ ਇਨਸਾਨੀ ਗੁਣਾਂ ਜਿਵੇਂ- ਪਿਆਰ, ਸਦਭਾਵਨਾ, ਭਾਈਚਾਰੇ ਅਤੇ ਅਹਿੰਸਾ ਤੋਂ ਬਹੁਤ ਦੂਰ ਕਰ ਦਿੰਦੀ ਹੈ।

ਤਾਂ ਕੀ ਨਫ਼ਰਤ ਸਿਰਫ਼ ਨੁਕਸਾਨ ਕਰਦੀ ਹੈ? ਨਹੀਂ, ਜ਼ਾਹਿਰ ਹੈ ਕਿ ਨਫ਼ਰਤ ਕੁਝ ਲੋਕਾਂ ਅਤੇ ਸਮੂਹਾਂ ਲਈ ਫ਼ਾਇਦੇਮੰਦ ਹੈ, ਤਾਂ ਹੀ ਉਹ ਛਾਤੀ ਚੌੜੀ ਕਰਕੇ ਜ਼ਹਿਰੀਲੀ ਮਰਦਾਨਗੀ ਨਾਲ ਬੇਖ਼ੌਫ਼ ਇੱਧਰ-ਉੱਧਰ ਨਜ਼ਰ ਆਉਂਦੀ ਹੈ।

ਫ਼ਾਇਦਾ ਭਾਵੇਂ ਕਿੰਨਾ ਵੀ ਹੋਵੇ, ਨੁਕਸਾਨ ਉਸ ਤੋਂ ਕਿਤੇ ਵੱਡਾ ਹੁੰਦਾ ਹੈ। ਜਿਸ ਤਰ੍ਹਾਂ ਦਾ ਜ਼ਖ਼ਮ ਉਹ ਦੇ ਰਿਹਾ ਹੈ ਜਾਂ ਦੇਣ ਜਾ ਰਿਹਾ ਹੈ... ਉਸ ਦਾ ਦਰਦ ਦਹਾਕਿਆਂ ਤੱਕ ਸਾਨੂੰ ਝੱਲਣਾ ਪਵੇਗਾ।

ਇਹ ਨਿਸ਼ਚਿਤ ਹੈ ਕਿ ਜੇਕਰ ਅਜਿਹਾ ਹੀ ਚੱਲਦਾ ਰਿਹਾ ਤਾਂ ਇਹ ਨਫ਼ਰਤ ਸਾਨੂੰ ਕਿਤੇ ਦਾ ਵੀ ਨਹੀਂ ਛੱਡੇਗੀ।

ਪਹਿਲਾਂ ਕੁਝ ਖਾਸ ਕਿਸਮ ਦੇ ਲੋਕ ਮਾਰੇ ਜਾਣਗੇ। ਫਿਰ ਉਹ ਸਾਰਿਆਂ ਨੂੰ ਮਾਰ ਦੇਵੇਗੀ। ਇਸ ਲਈ ਇਹ ਫੈਸਲਾ ਅਸੀਂ ਸਾਰਿਆਂ ਨੇ ਕਰਨਾ ਕਿ ਅਸੀਂ ਸਹਿ-ਅਸਤਿਤਵ ਜਾਂ ਸਾਂਝਾ ਜੀਵਨ ਚਾਹੁੰਦੇ ਹਾਂ ਜਾਂ ਖ਼ਤਮ ਹੋ ਜਾਣਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)