ਨੂੰਹ ਵਿੱਚ ਹਿੰਸਾ ਦੀ ਅੱਗ ਆਖ਼ਰ ਕਿਵੇਂ ਭੜਕੀ – ਗਰਾਊਂਡ ਰਿਪੋਰਟ

- ਲੇਖਕ, ਅਭਿਨਵ ਗੋਇਲ
- ਰੋਲ, ਬੀਬੀਸੀ ਪੱਤਰਕਾਰ
ਆਮ ਦਿਨਾਂ ਵਿੱਚ ਹਰਿਆਣਾ ਦੇ ਨੂੰਹ ਜ਼ਿਲ੍ਹੇ ਦੀਆਂ ਚਹਿਲ ਪਹਿਲ ਵਾਲੀਆਂ ਸੜਕਾਂ ’ਤੇ ਚੁੱਪ ਪਸਰੀ ਹੋਈ ਹੈ। ਪਰ ਗਸ਼ਤ ਕਰਦੇ ਨੀਮ ਫੌਜੀ ਦਸਤਿਆਂ ਦੀਆਂ ਆਵਾਜ਼ਾਂ ਜ਼ਰੂਰ ਸੁਣੀਆਂ ਜਾ ਸਕਦੀਆਂ ਹਨ।
ਪ੍ਰਸ਼ਾਸਨ ਨੇ ਭਾਵੇਂ ਸੜੇ ਹੋਏ ਵਾਹਨਾਂ ਨੂੰ ਸੜਕਾਂ ਤੋਂ ਹਟਾ ਦਿੱਤਾ ਹੋਵੇ, ਪਰ ਉਹਨਾਂ ਦੇ ਕਾਲੇ ਨਿਸ਼ਾਨ ਪੂਰੇ ਸ਼ਹਿਰ ਵਿੱਚ ਫੈਲੇ ਹੋਏ ਹਨ। ਇਹ ਸੋਮਵਾਰ ਨੂੰ ਭੜਕੀ ਫਿਰਕੂ ਹਿੰਸਾ ਦੀ ਗਵਾਹੀ ਦਿੰਦੇ ਹਨ।
ਪਿਛਲੇ ਤਿੰਨ ਦਿਨਾਂ ਤੋਂ ਕਰਫਿਊ ਕਾਰਨ ਲੋਕ ਘਰਾਂ ਵਿੱਚ ਕੈਦ ਹਨ ਅਤੇ ਦੁਕਾਨਾਂ ਦੇ ਬਾਹਰ ਜਿੰਦੇ ਲੱਗੇ ਹੋਏ ਹਨ। ਕਰਫਿਊ ਵਿੱਚ ਪਹਿਲੀ ਵਾਰ ਢਿੱਲ ਦੁਪਹਿਰ ਨੂੰ ਦਿੱਤੀ ਗਈ।
ਨੂੰਹ 'ਚ ਫਿਰਕੂ ਹਿੰਸਾ ਖਤਮ ਹੋ ਗਈ ਪਰ ਆਲੇ-ਦੁਆਲੇ ਦੇ ਸ਼ਹਿਰਾਂ ਤੋਂ ਅਗਜ਼ਨੀ ਦੀਆਂ ਖ਼ਬਰਾਂ ਲਗਾਤਾਰ ਆ ਰਹੀਆਂ ਹਨ, ਜਿਸ ਕਾਰਨ ਸ਼ਹਿਰ 'ਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ।
31 ਜੁਲਾਈ ਨੂੰ ਸਾਰਾ ਦਿਨ ਨੂੰਹ ਬਲਦਾ ਰਿਹਾ। ਭੀੜ ਵਿੱਚ ਕੁਝ ਲੋਕ ਤਲਵਾਰਾਂ, ਡੰਡੇ, ਅਤੇ ਬੰਦੂਕਾਂ ਲਹਿਰਾਉਂਦੇ ਨਜ਼ਰ ਆਏ।
ਹਜ਼ਾਰਾਂ ਲੋਕ ਸ਼ਹਿਰ ਵਿੱਚ ਆਪਣੀ ਜਾਨ ਬਚਾਉਣ ਲਈ ਭੱਜ-ਦੌੜ ਕਰਦੇ ਦੇਖੇ ਗਏ। ਇੱਥੋਂ ਦੇ ਲੋਕਾਂ ਨੇ ਅਜਿਹਾ ਕੁਝ ਪਹਿਲਾਂ ਕਦੇ ਨਹੀਂ ਦੇਖਿਆ ਸੀ।
ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਏਥੇ ਭੜਕੀ ਫਿਰਕੂ ਹਿੰਸਾ ਨੇ ਭਾਈਚਾਰਕ ਸਾਂਝ 'ਤੇ ਅਜਿਹੇ ਕਾਲੇ ਧੱਬੇ ਲਗਾ ਦਿੱਤੇ ਹਨ, ਜਿਨ੍ਹਾਂ ਨੂੰ ਭੁਲਾਉਣਾ ਅਤੇ ਮਿਟਾਉਣਾ ਆਸਾਨ ਨਹੀਂ ਹੈ।
ਸਵਾਲ ਇਹ ਹੈ ਕਿ ਕੀ ਸ਼ਹਿਰ 'ਚ ਇੰਨੇ ਵੱਡੇ ਪੱਧਰ 'ਤੇ ਇਹ ਹਿੰਸਾ ਅਚਾਨਕ ਭੜਕ ਗਈ?
ਕੀ ਇਹ ਇੱਕ ਸੋਚੀ ਸਮਝੀ ਯੋਜਨਾ ਨਾਲ ਹੋਇਆ? ਇਹ ਕਦੋਂ ਅਤੇ ਕਿਵੇਂ ਸ਼ੁਰੂ ਹੋਇਆ?
ਕੀ ਪ੍ਰਸ਼ਾਸਨ ਨੂੰ ਇਸ ਦੀ ਜਾਣਕਾਰੀ ਸੀ? ਕੀ ਜਾਨ-ਮਾਲ ਦੇ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ?

ਫਿਰਕੂ ਹਿੰਸਾ ਕਿਵੇਂ ਸ਼ੁਰੂ ਹੋਈ?
ਨੂੰਹ ਵਿੱਚ ਜਿੱਥੇ ਫਿਰਕੂ ਹਿੰਸਾ ਭੜਕੀ ਉਹ ਹਰਿਆਣਾ ਦਾ ਇੱਕ ਜ਼ਿਲ੍ਹਾ ਹੈ। ਇਹ ਰਾਜਸਥਾਨ ਨਾਲ ਲੱਗਦਾ ਹੈ, ਪਰ ਮੇਵਾਤ ਨਾਂ ਦੇ ਇੱਕ ਵੱਡੇ ਇਲਾਕੇ ਦਾ ਹਿੱਸਾ ਹੈ।
ਮੇਵਾਤ ਵਿੱਚ ਹਰਿਆਣਾ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸੇ ਸ਼ਾਮਲ ਹਨ। ਇਹ ਮੁਸਲਮਾਨ ਬਹੁਗਿਣਤੀ ਵਾਲੇ ਖੇਤਰ ਹਨ।
ਇਹ ਇਲਾਕਾ ਆਰਥਿਕ ਅਤੇ ਸਮਾਜਿਕ ਤੌਰ 'ਤੇ ਭਾਵੇਂ ਪਛੜਿਆ ਹੋਇਆ ਹੈ ਪਰ ਫਿਰਕੂ ਹਿੰਸਾ ਜਾਂ ਦੰਗਿਆਂ ਵਰਗੀਆਂ ਖ਼ਬਰਾਂ ਇੱਥੋਂ ਕਦੇ ਨਹੀਂ ਆਈਆਂ ਪਰ ਸੋਮਵਾਰ ਨੂੰ ਜੋ ਹੋਇਆ ਉਸ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਬ੍ਰਜਮੰਡਲ (ਮੇਵਾਤ) ਵਿੱਚ ਆਰਐੱਸਐੱਸ ਨਾਲ ਜੁੜੇ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਯੂਥ ਵਿੰਗ ਬਜਰੰਗ ਦਲ ਦੀ ਅਗਵਾਈ ਹੇਠ 31 ਜੁਲਾਈ ਨੂੰ ਜਲਾਭਿਸ਼ੇਕ ਯਾਤਰਾ ਰੱਖੀ ਸੀ।
ਇਸ ਯਾਤਰਾ ਨੇ ਨਲਹੜ ਦੇ ਸ਼ਿਵ ਮੰਦਿਰ ਤੋਂ 35 ਕਿਲੋਮੀਟਰ ਦੂਰ ਫ਼ਿਰੋਜ਼ਪੁਰ ਝਿਰਕਾ ਦੇ ਝੀਰ ਮੰਦਿਰ ਪਹੁੰਚਣਾ ਸੀ ਅਤੇ ਉਥੋਂ ਫਿਰ ਕਰੀਬ 30 ਕਿਲੋਮੀਟਰ ਦੂਰ ਪੁਨਹਾਣਾ ਦੇ ਕ੍ਰਿਸ਼ਨ ਮੰਦਿਰ ਪਹੁੰਚਣਾ ਸੀ।
ਵੀਐੱਚਪੀ ਤੇ ਬਜਰੰਗ ਦਲ ਨੇ ਇਸ ਯਾਤਰਾ ਵਿੱਚ ਹਿੱਸਾ ਲੈਣ ਲਈ ਹਰਿਆਣਾ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੋਂ ਆਪਣੇ ਵਰਕਰਾਂ ਅਤੇ ਸ਼ਰਧਾਲੂਆਂ ਨੂੰ ਬੁਲਾਇਆ ਸੀ।
ਬਜਰੰਗ ਦਲ ਦੇ ਵਰਕਰ ਮਹੇਸ਼ ਕੁਮਾਰ ਪਾਣੀਪਤ ਦੇ ਨਿਵਾਸੀ ਹਨ। ਉਹਨਾਂ ਨੇ ਯਾਤਰਾ ਵਿੱਚ ਹਿੱਸਾ ਲਿਆ ਸੀ।
ਮਹੇਸ਼ ਨੇ ਕਿਹਾ, "ਅਸੀਂ ਪੰਜਾਹ ਲੋਕਾਂ ਦੇ ਨਾਲ ਇੱਕ ਬੱਸ ਵਿੱਚ ਲਗਭਗ 6 ਵਜੇ ਪਾਣੀਪਤ ਤੋਂ ਰਵਾਨਾ ਹੋਏ। ਅਸੀਂ ਗਿਆਰਾਂ ਕੁ ਵਜੇ ਨਲਹੜ ਦੇ ਸ਼ਿਵ ਮੰਦਰ ਪਹੁੰਚੇ। ਇੱਥੇ ਹਜ਼ਾਰਾਂ ਲੋਕ ਆਏ ਹੋਏ ਸਨ। 12 ਵਜੇ ਤੱਕ ਭੰਡਾਰਾ ਅਤੇ ਜਲਾਭਿਸ਼ੇਕ ਦਾ ਪ੍ਰੋਗਰਾਮ ਚੱਲਿਆ।”

'ਅੱਗੇ ਵਧੇ ਤਾਂ ਪੱਥਰਬਾਜ਼ੀ ਸ਼ੁਰੂ ਹੋ ਗਈ'
ਦੁਪਹਿਰ ਸਮੇਂ ਮੰਦਰ ਦੇ ਅੰਦਰ ਅਤੇ ਬਾਹਰ ਭਾਰੀ ਭੀੜ ਸੀ। ਪੰਜਾਹ ਤੋਂ ਵੱਧ ਬੱਸਾਂ ਅਤੇ ਕਾਰਾਂ ਸੜਕਾਂ 'ਤੇ ਖੜ੍ਹੀਆਂ ਸਨ। ਲੋਕਾਂ ਦੇ ਆਉਣ ਜਾਣ ਦਾ ਸਿਲਸਿਲਾ ਹਾਲੇ ਵੀ ਜਾਰੀ ਸੀ।
ਮਹੇਸ਼ ਅਨੁਸਾਰ ਕਰੀਬ 12.30 ਵਜੇ ਬ੍ਰਜ ਮੰਡਲ ਯਾਤਰਾ ਫਿਰੋਜ਼ਪੁਰ ਝਿਰਕਾ ਦੇ ਝੀਰ ਮੰਦਰ ਲਈ ਰਵਾਨਾ ਹੋਈ।
ਲੋਕ ਬੱਸਾਂ ਅਤੇ ਕਾਰਾਂ ਵਿੱਚ ਬੈਠ ਕੇ ਜਾਣ ਲੱਗੇ। ਯਾਤਰਾ ਵਿੱਚ ਸੈਂਕੜੇ ਔਰਤਾਂ ਅਤੇ ਬੱਚੇ ਵੀ ਸ਼ਾਮਲ ਸਨ ਪਰ ਜਿਵੇਂ ਹੀ ਯਾਤਰਾ ਕਰੀਬ ਦੋ ਕਿਲੋਮੀਟਰ ਅੱਗੇ ਵਧੀ ਤਾਂ ਮੁੱਖ ਮਾਰਗ ’ਤੇ ਪੱਥਰਬਾਜ਼ੀ ਸ਼ੁਰੂ ਹੋ ਗਈ।
ਨੂੰਹ ਦੇ ਇੱਕ ਸਥਾਨਕ ਨਿਵਾਸੀ ਮੁਸਤਫਾ ਖ਼ਾਨ ਦਾ ਕਹਿਣਾ ਹੈ, "ਯਾਤਰਾ ਵਿੱਚ ਸ਼ਾਮਲ ਲੋਕ ਜਦੋਂ ਮੁੱਖ ਸੜਕ 'ਤੇ ਪਹੁੰਚੇ ਤਾਂ ਉਹਨਾਂ ਮੋਨੂੰ ਮਾਨੇਸਰ ਜ਼ਿੰਦਾਬਾਦ ਦੇ ਨਾਅਰੇ ਲਗਾਏ, ਜਿਸ ਤੋਂ ਬਾਅਦ ਹਿੰਸਾ ਭੜਕ ਗਈ।"
ਸੋਸ਼ਲ ਮੀਡੀਆ ਉੱਤੇ ਵਾਇਰਲ ਵੀਡੀਓ ਦੇ ਕਈ ਦੂਜੇ ਵੀਡੀਓ ਵਿੱਚ ਵੀ ਕੁਝ ਲੋਕ ‘ਮੋਨੂੰ ਮਾਨੇਸਰ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਨ।
ਨੂੰਹ ਦੇ ਹੀ ਸਥਾਨਕ ਨਿਵਾਸੀ ਵਸੀਮ ਖ਼ਾਨ ਕਹਿੰਦੇ ਹਨ ਕਿ ਲੋਕਾਂ ਵਿੱਚ ਮੋਨੂੰ ਮਾਨੇਸਰ ਨੂੰ ਲੈ ਕੇ ਗੁੱਸਾ ਸੀ ਅਤੇ ਯਾਤਰਾ ਵਿੱਚ ਸ਼ਾਮਿਲ ਲੋਕ ਧਾਰਮਿਕ ਨਾਅਰੇ ਲਗਾ ਰਹੇ ਸਨ, ਜਿਸ ਨੇ ਮਾਹੌਲ ਖ਼ਰਾਬ ਕੀਤਾ।
ਹਿੰਸਾ ਦੇ ਇਲਜ਼ਾਮਾਂ ਉੱਤੇ ਮੋਨੂੰ ਮਾਨੇਸਰ ਨੇ ਇੱਕ ਵੀਡੀਓ ਜਾਰੀ ਕਰਕੇ ਸਫ਼ਾਈ ਦਿੱਤੀ ਹੈ।
ਉਨ੍ਹਾਂ ਨੇ ਕਿਹਾ, “ਮੇਵਾਤ ਦੇ ਛੋਟੇ ਯੂ-ਟਿਊਬ ਵਾਲਿਆਂ ਨੇ ਮਾਹੌਲ ਖਰਾਬ ਕੀਤਾ ਹੈ। ਪੁਲਿਸ ਨੇ ਪਹਿਲਾਂ ਹੀ ਪੱਤਰਕਾਰਾਂ ਨੂੰ ਕਿਹਾ ਸੀ ਕਿ ਮੋਨੂੰ ਮਾਨੇਸਰ ਨਹੀਂ ਆਵੇਗਾ। ਉਸ ਦੇ ਬਾਅਦ ਵੀ ਲੋਕ ਯੂ-ਟਿਊਬਰਾਂ ਨੇ ਮਾਹੌਲ ਖਰਾਬ ਕੀਤਾ ਹੈ।”
ਮੋਨੂੰ ਮਾਨੇਸਰ ਨੇ ਕਿਹਾ ਕਿ ਹਿੰਸਾ ਦੇ ਤਿੰਨ ਦਿਨ ਪਹਿਲਾਂ ਜੋ ਵੀਡੀਓ ਉਨ੍ਹਾਂ ਨੇ ਜਾਰੀ ਕੀਤੀ ਸੀ, ਉਸ ਵਿੱਚ ‘ਇੱਕ ਸ਼ਬਦ ਵੀ ਗਲਤ ਨਹੀਂ ਬੋਲਿਆ ਸੀ’ ਅਤੇ ਉਨ੍ਹਾਂ ਨੇ ਕੇਵਲ ਲੋਕਾਂ ਨੇ ਵੱਧ-ਚੜ੍ਹ ਕੇ ਯਾਤਰਾ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ ਸੀ ਜੋ ਉਹ ਹਰ ਸਾਲ ਕਰਦੇ ਹਨ।
ਪੱਥਰਾਅ ਜਿੱਥੇ ਸ਼ੁਰੂ ਹੋਇਆ ਉੱਥੇ ਦੁਕਾਨ ਚਲਾਉਂਦੇ ਇੱਕ ਦੁਕਾਨਦਾਰ ਸੰਜੇ ਕੁਮਾਰ ਨੇ ਕਿਹਾ, “ਬਜਰੰਗ ਦਲ ਦੇ ਲੋਕ ਦੁਪਹਿਰ 1.30 ਵਜੇ ਦੇ ਕਰੀਬ ਇੱਥੇ ਦਿਖਾਈ ਦੇਣ ਲੱਗੇ। ਅਚਾਨਕ ਪਥਰਾਅ ਸ਼ੁਰੂ ਹੋ ਗਿਆ ਅਤੇ ਕੁਝ ਲੋਕ ਤਲਵਾਰਾਂ ਲੈ ਕੇ ਮੇਰੀ ਦੁਕਾਨ ਅੰਦਰ ਦਾਖਲ ਹੋ ਗਏ ਅਤੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਮੇਰੇ ਲੜਕੇ ਮੁਸ਼ਕਿਲ ਨਾਲ ਬਚੇ ਅਤੇ ਭੀੜ ਨੇ ਦੁਕਾਨ ਦੇ ਬਾਹਰ ਖੜ੍ਹੀ ਇੱਕ ਕਾਰ ਨੂੰ ਅੱਗ ਲਾ ਦਿੱਤੀ।”
ਦੁਪਹਿਰ ਦੋ ਵਜੇ ਨੂੰਹ ਦੀਆਂ ਸੜਕਾਂ 'ਤੇ ਅੱਗ ਲੱਗਣੀ ਸ਼ੁਰੂ ਹੋ ਗਈ। ਯਾਤਰਾ ਤੋਂ ਅੱਗੇ ਨਿਕਲਣ ਵਾਲੇ ਮੁੱਖ ਮਾਰਗ ’ਤੇ ਜਾਮ ਲੱਗ ਗਏ ਅਤੇ ਸੈਂਕੜੇ ਲੋਕ ਵਾਪਸ ਮੰਦਰ ਵੱਲ ਮੁੜ ਗਏ।

ਗੋਲੀਬਾਰੀ ਵਿੱਚ ਮੌਤ ਦਾ ਇਲਜ਼ਾਮ
ਯਾਤਰਾ 'ਚ ਸ਼ਾਮਲ ਅਨੂਪ ਨੇ ਕਿਹਾ, ''ਜਿਵੇਂ ਹੀ ਸਾਨੂੰ ਪਤਾ ਲੱਗਾ ਕਿ ਅੱਗੇ ਮਾਹੌਲ ਖਰਾਬ ਹੈ, ਅਸੀਂ ਬੱਸ ਨੂੰ ਮੰਦਰ ਵੱਲ ਮੋੜ ਦਿੱਤਾ। ਸਾਡੇ ਅੱਗੇ-ਅੱਗੇ ਗੱਡੀਆਂ ਸਾੜੀਆਂ ਜਾ ਰਹੀਆਂ ਸਨ, ਗੋਲੀਆਂ ਚਲਾਈਆਂ ਜਾ ਰਹੀਆਂ ਸਨ, ਅਸੀਂ ਕਿਸੇ ਤਰ੍ਹਾਂ ਜਾਨ ਬਚਾ ਕੇ ਮੰਦਰ ਦੇ ਨੇੜੇ ਪਹੁੰਚ ਗਏ।”
ਚਸ਼ਮਦੀਦਾਂ ਮੁਤਾਬਕ ਬਾਅਦ ਦੁਪਹਿਰ ਸ਼ੁਰੂ ਹੋਈ ਹਿੰਸਾ ਸ਼ਾਮ ਕਰੀਬ 5 ਵਜੇ ਫਿਰ ਭੜਕ ਗਈ ਅਤੇ ਇਸ ਵਾਰ ਭੀੜ ਨੇ ਸ਼ਿਵ ਮੰਦਰ ਨੂੰ ਘੇਰ ਲਿਆ।
ਨਲਹੜ ਸ਼ਿਵ ਮੰਦਰ ਦੇ ਪੁਜਾਰੀ ਨੇ ਬੀਬੀਸੀ ਨੂੰ ਦੱਸਿਆ, "ਸ਼ਾਮ ਨੂੰ ਮਾਹੌਲ ਖ਼ਰਾਬ ਹੋ ਗਿਆ। ਬਾਹਰ ਗੋਲੀਬਾਰੀ ਹੋ ਰਹੀ ਸੀ ਅਤੇ ਲੋਕ ਮੰਦਰ ਵਿੱਚ ਸ਼ਰਨ ਲੈ ਰਹੇ ਸਨ। ਉਸ ਸਮੇਂ ਦੋ ਤੋਂ ਢਾਈ ਹਜ਼ਾਰ ਲੋਕ ਮੰਦਰ ਦੇ ਅੰਦਰ ਸਨ।”
ਪਾਣੀਪਤ ਦੇ ਰਹਿਣ ਵਾਲੇ ਮਹੇਸ਼ ਦਾ ਦਾਅਵਾ ਹੈ ਕਿ ਉਹ ਉਦੋਂ ਆਪਣੇ ਚਾਚੇ ਦੇ ਬੇਟੇ ਅਭਿਸ਼ੇਕ ਦੇ ਨਾਲ ਮੰਦਰ ਦੇ ਬਾਹਰ ਸੀ ਅਤੇ ਗੋਲੀਬਾਰੀ 'ਚ ਉਸ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦੀ ਪੁਸ਼ਟੀ ਹੋਵੇਗੀ।
ਮੰਦਰ ਦੇ ਆਲੇ-ਦੁਆਲੇ ਕਈ ਮੁਸਲਿਮ ਪਿੰਡ ਹਨ, ਜਿੱਥੇ ਹਿੰਸਾ ਤੋਂ ਬਾਅਦ ਸਨਾਟਾ ਫੈਲ ਗਿਆ ਹੈ। ਪੁਲਿਸ ਦੀ ਕਾਰਵਾਈ ਦੇ ਡਰ ਕਾਰਨ ਕਈ ਮੁਸਲਿਮ ਇਲਾਕੇ ਖਾਲੀ ਹੋ ਗਏ ਹਨ।
ਗੋਲੀਬਾਰੀ ਦੇ ਸਵਾਲ 'ਤੇ ਇੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ, ''ਬਾਹਰੋਂ ਆਏ ਕੁਝ ਸ਼ਰਾਰਤੀ ਅਨਸਰ ਸਥਾਨਕ ਲੋਕਾਂ ਦੀ ਭੀੜ 'ਚ ਦਾਖਲ ਹੋ ਗਏ। ਇੱਥੋਂ ਦੇ ਲੋਕਾਂ ਨੇ ਕਿਸੇ 'ਤੇ ਗੋਲੀ ਨਹੀਂ ਚਲਾਈ।''
ਨੂੰਹ ਤੋਂ ਸ਼ੁਰੂ ਹੋਈ ਹਿੰਸਾ ਦੇਰ ਸ਼ਾਮ ਹਰਿਆਣਾ ਦੇ ਸੋਹਨਾ ਅਤੇ ਗੁਰੂਗ੍ਰਾਮ ਤੱਕ ਪਹੁੰਚ ਗਈ, ਜਿੱਥੇ ਭੀੜ ਨੇ ਭੰਨਤੋੜ, ਤੇ ਅਗਜ਼ਨੀ ਕੀਤੀ ਅਤੇ ਮਸਜਿਦ ਦੇ 22 ਸਾਲਾਂ ਇਮਾਮ ਮੁਹੰਮਦ ਸ਼ਾਦ ਦੀ ਹੱਤਿਆ ਕਰ ਦਿੱਤੀ।

ਮੁੱਖ ਮੰਤਰੀ ਮਨੋਹਰ ਲਾਲ ਨੇ ਕੀ ਕਿਹਾ
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਸ ਫਿਰਕੂ ਹਿੰਸਾ ਨੂੰ ‘ਸੋਚੀ-ਸਮਝੀ ਸਾਜ਼ਿਸ਼’ ਕਰਾਰ ਦਿੱਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, "ਜਿਵੇਂ ਹੀ ਸਾਨੂੰ ਇਸ ਘਟਨਾ ਬਾਰੇ ਪਤਾ ਲੱਗਾ, ਅਸੀਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੌਕੇ 'ਤੇ ਭੇਜਿਆ, ਜਿਸ ਵਿੱਚ ਡੀਜੀਪੀ, ਏਡੀਜੀ, ਡੀਜੀਪੀ ਲਾਅ ਐਂਡ ਆਰਡਰ ਅਤੇ ਨੇੜਲੇ ਜ਼ਿਲ੍ਹਿਆਂ ਦੀ ਪੁਲਿਸ ਸ਼ਾਮਲ ਸੀ।"
ਉਨ੍ਹਾਂ ਕਿਹਾ, ''ਕੁਝ ਲੋਕਾਂ ਨੇ ਸਾਜ਼ਿਸ਼ ਰਚੀ ਅਤੇ ਯਾਤਰਾ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ, ਨਾ ਸਿਰਫ ਯਾਤਰਾ ਬਲਕਿ ਪੁਲਿਸ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਜਿਸ ਤੋਂ ਬਾਅਦ ਯਾਤਰਾ 'ਚ ਵੀ ਵਿਘਨ ਪਿਆ ਅਤੇ ਕਈ ਥਾਵਾਂ 'ਤੇ ਅਗਜ਼ਨੀ ਦੀਆਂ ਘਟਨਾਵਾਂ ਵੀ ਵਾਪਰੀਆਂ। ਯਕੀਨੀ ਤੌਰ 'ਤੇ ਕਿਸੇ ਵੱਡੀ ਸਾਜ਼ਿਸ਼ ਦਾ ਹਿੱਸਾ ਜਾਪਦਾ ਹੈ।"
ਹਰਿਆਣਾ ਸਰਕਾਰ ਮੁਤਾਬਕ ਸ਼ਾਂਤੀ ਬਣਾਈ ਰੱਖਣ ਲਈ ਨੀਮ ਫੌਜੀ ਬਲਾਂ ਦੀਆਂ 14 ਕੰਪਨੀਆਂ ਨੂੰਹ, 3 ਪਲਵਲ, 2 ਗੁਰੂਗ੍ਰਾਮ ਅਤੇ ਇੱਕ ਕੰਪਨੀ ਫਰੀਦਾਬਾਦ ਵਿਚ ਤੈਨਾਤ ਕੀਤੀਆਂ ਗਈਆਂ ਹਨ।
ਸੀਐਮ ਮੁਤਾਬਕ ਹਿੰਸਾ ਵਿੱਚ ਹੁਣ ਤੱਕ ਛੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਵਿੱਚ ਦੋ ਪੁਲਿਸ ਮੁਲਾਜ਼ਮ ਵੀ ਸ਼ਾਮਲ ਹਨ। ਇਸ ਦੇ ਨਾਲ ਹੀ 116 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 90 ਲੋਕਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਇਸ ਹਿੰਸਾ ਲਈ ਪੁਲਿਸ-ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ।
ਉਨ੍ਹਾਂ ਕਿਹਾ, ''ਬ੍ਰਿਜ ਮੰਡਲ ਯਾਤਰਾ ਹਰ ਸਾਲ ਹੁੰਦੀ ਹੈ। ਵੀਹ ਹਜ਼ਾਰ ਲੋਕ ਹਿੱਸਾ ਲੈਂਦੇ ਹਨ, ਇਹ ਸਭ ਨੂੰ ਪਤਾ ਸੀ। ਪੁਲਿਸ ਨੇ ਇਸ ਦੀ ਤਿਆਰੀ ਨਹੀਂ ਕੀਤੀ ਪਰ ਮੁਸਲਮਾਨਾਂ ਨੇ ਕੀਤੀ। ਕਈ ਦਿਨਾਂ ਤੋਂ ਪੱਥਰ ਇਕੱਠੇ ਕੀਤੇ ਜਾ ਰਹੇ ਸਨ। ਯੋਜਨਾ ਬਣਾਈ ਜਾ ਰਹੀ ਸੀ। ਯਾਤਰਾ ਅਜੇ ਇਕ ਕਿਲੋਮੀਟਰ ਹੀ ਵਧੀ ਸੀ ਕਿ ਹਮਲਾ ਹੋ ਗਿਆ। ਇਹ ਖੂਫੀਆ ਵਿਭਾਗ ਦੀ ਵੱਡੀ ਗਲਤੀ ਹੈ।
ਹਿੰਸਾ ਦੇ ਪਿੱਛੇ ਕੀ ਕਾਰਨ ਸਨ?
ਇਹ ਫਿਰਕੂ ਹਿੰਸਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਨੂੰਹ ਦੇ ਲੋਕਾਂ ਵਿਚ ਕਾਫੀ ਗੁੱਸਾ ਸੀ।
ਇਸ ਦਾ ਹੋਰ ਕਾਰਨਾਂ ਵਿੱਚੋਂ ਇੱਕ ਕਾਰਨ ਬਜਰੰਗ ਦਲ ਦੇ ਹਰਿਆਣਾ ਗਊ ਰੱਖਿਅਕ ਪ੍ਰਾਂਤ ਦੇ ਮੁਖੀ ਮੋਨੂੰ ਮਾਨੇਸਰ, ਬਿੱਟੂ ਬਜਰੰਗੀ ਅਤੇ ਫਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਮੋਮਨ ਖ਼ਾਨ ਦੀਆਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਹਨ।
ਇਨ੍ਹਾਂ ਵੀਡੀਓਜ਼ ਵਿੱਚ ਮੋਨੂੰ ਮਾਨੇਸਰ ਕਹਿ ਰਹੇ ਹਨ, “ਸਾਰੇ ਭਰਾਵਾਂ ਨੂੰ ਬੜੀ ਖੁਸ਼ੀ ਨਾਲ ਦੱਸਿਆ ਜਾ ਰਿਹਾ ਹੈ ਕਿ 31 ਜੁਲਾਈ ਦਿਨ ਸੋਮਵਾਰ ਨੂੰ ਮੇਵਾਤ ਬ੍ਰਜ ਮੰਡਲ ਯਾਤਰਾ ਹੈ, ਸਾਰੇ ਵੀਰ ਵੱਧ-ਚੜ੍ਹ ਕੇ ਹਿੱਸਾ ਲੈਣ ਅਤੇ ਮੇਵਾਤ ਦੇ ਸਾਰੇ ਮੰਦਰਾਂ ਵਿੱਚ ਵੱਡੀ ਗਿਣਤੀ ਵਿੱਚ ਪਹੁੰਚਣ। ਅਸੀਂ ਖੁਦ ਯਾਤਰਾ ਵਿੱਚ ਸ਼ਾਮਲ ਹੋਵਾਂਗੇ। ਸਾਡੀ ਪੂਰੀ ਟੀਮ ਯਾਤਰਾ ਵਿੱਚ ਸ਼ਾਮਲ ਹੋਵੇਗੀ।”
ਅਜਿਹਾ ਹੀ ਇੱਕ ਵੀਡੀਓ ਬਿੱਟੂ ਬਜਰੰਗੀ ਨੇ ਬਣਾਈ ਜੋ ਆਪਣੇ ਆਪ ਨੂੰ ਗਊ ਰੱਖਿਅਕ ਦੱਸਦੇ ਹੋਏ ਕਹਿੰਦੇ ਹਨ, “ਮੈਂ ਪੂਰੀ ਲੋਕੇਸ਼ਨ ਦੱਸ ਦੇਵਾਂ ਕਿ ਮੈਂ ਕਿੱਥੇ ਆ ਰਿਹਾ ਹਾਂ। ਨਹੀਂ ਤਾਂ ਇਹ ਕਿਹਾ ਜਾਵੇਗਾ ਕਿ ਸਾਨੂੰ ਸੂਚਿਤ ਨਹੀਂ ਕੀਤਾ, ਕਿ ਅਸੀਂ ਸਹੁਰੇ ਘਰ ਆਏ ਅਤੇ ਮਿਲੇ ਨਹੀਂ। ਇਸ ਲਈ ਅਸੀਂ ਪੂਰੀ ਲੋਕੇਸ਼ਨ ਦੇਵਾਂਗੇ। ਹੁਣ ਅਸੀਂ ਪਾਲੀ ਵਿੱਚ ਹਾਂ ਅਤੇ ਟੌਹਰ ਨਾਲ ਨਿਕਲਾਂਗੇ। ਫੁੱਲਾਂ ਦੀ ਮਾਲਾ ਤਿਆਰ ਰੱਖੋ। ਕੋਈ ਸਮੱਸਿਆ ਨਹੀਂ ਹੈ।”
ਇਸ ਦੇ ਨਾਲ ਹੀ ਵੀਡੀਓ 'ਚ ਪਿੱਛੇ ਤੋਂ ਆਵਾਜ਼ ਸੁਣਾਈ ਦਿੰਦੀ ਹੈ ਕਿ ‘ਤੁਹਾਡੇ ਜੀਜਾ ਆ ਰਹੇ ਹਨ’ ਜਿਸ ਉੱਤੇ ਬਿੱਟੂ ਬਜਰੰਗੀ ਸਹਿਮਤੀ ਜਤਾਉਂਦੇ ਨਜ਼ਰ ਆਉਂਦੇ ਹਨ।
ਦੂਜੇ ਪਾਸੇ ਇਕ ਵੀਡੀਓ 'ਚ ਫਿਰੋਜ਼ਪੁਰ ਝਿਰਕਾ ਤੋਂ ਕਾਂਗਰਸੀ ਵਿਧਾਇਕ ਮੋਮਨ ਖ਼ਾਨ ਵਿਧਾਨ ਸਭਾ 'ਚ ਮੋਨੂੰ ਮਾਨੇਸਰ ਨੂੰ ਧਮਕੀ ਦਿੱਤੀ ਸੀ।
ਹਿੰਸਾ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਆਪਣੇ ਬਿਆਨ ਉੱਤੇ ਸਫ਼ਾਈ ਦਿੱਤੀ, ਮੈਂ ਇਹ ਗੱਲ (ਪਿਆਜ਼ ਵਾਂਗ ਤੋੜ ਦੇਣਗੇ) ਜਨਤਕ ਤੌਰ ਉੱਤੇ ਨਹੀਂ ਕੀਤੀ ਸੀ। ਮੈਂ ਇਹ ਗੱਲ ਸਰਕਾਰ ਨੂੰ ਕੀਤੀ ਸੀ ਕਿ ਸਰਕਾਰ ਇਸ ਉੱਤੇ (ਮੋਨੂੰ ਮਾਨੇਸਰ) ਲਗਾਮ ਲਾਏ ਤਾਂ ਜੋ ਭਾਈਚਾਰਾ ਨਾ ਵਿਗੜੇ।”

ਹਿੰਸਾ ਤੋਂ ਪਹਿਲਾਂ ਦਾ ਡਰ
ਹਿੰਸਾ ਤੋਂ ਪਹਿਲਾਂ ਇਨ੍ਹਾਂ ਵੀਡੀਓਜ਼ ਦੀ ਪੂਰੇ ਨੂੰਹ 'ਚ ਚਰਚਾ ਹੋ ਰਹੀ ਸੀ।
ਸਥਾਨਕ ਨਿਵਾਸੀਆਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, ''ਮੋਨੂੰ ਮਾਨੇਸਰ ਨੂੰ ਲੈ ਕੇ ਇੱਥੋਂ ਦੇ ਲੋਕਾਂ 'ਚ ਗੁੱਸਾ ਹੈ। ਉਸ ਨੇ ਤਿੰਨ ਦਿਨ ਪਹਿਲਾਂ ਵੀਡੀਓ ਪਾ ਕੇ ਕਿਹਾ ਸੀ ਕਿ ਮੈਂ ਯਾਤਰਾ 'ਤੇ ਆ ਰਿਹਾ ਹਾਂ। ਉਨ੍ਹਾਂ ਨੇ ਮਾਹੌਲ ਖ਼ਰਾਬ ਕਰਨ ਦਾ ਕੰਮ ਕੀਤਾ।"
ਨੂੰਹ ਵਿੱਚ ਰਹਿਣ ਵਾਲੇ ਸਥਾਨਕ ਲੋਕ ਇਸ ਤਣਾਅ ਨੂੰ ਮਹਿਸੂਸ ਕਰ ਰਹੇ ਸਨ।
ਸਥਾਨਕ ਨਿਵਾਸੀ ਮੁਸਤਫਾ ਖਾਨ ਦਾ ਕਹਿਣਾ ਹੈ, "ਹਿੰਸਾ ਤੋਂ ਪਹਿਲਾਂ ਵੀ ਲੋਕਾਂ ਨੇ ਪ੍ਰਸ਼ਾਸਨ ਨੂੰ ਕਿਹਾ ਸੀ ਕਿ ਅਜਿਹੀਆਂ ਵੀਡੀਓ ਬਣਾ ਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੁਲਿਸ ਨੂੰ ਜਿੰਨੀ ਮੁਸਤੈਦੀ ਦਿਖਾਉਣੀ ਚਾਹੀਦੀ ਸੀ, ਉਹ ਨਜ਼ਰ ਨਹੀਂ ਆਈ।"
ਬੀਬੀਸੀ ਨਾਲ ਗੱਲ ਕਰਦੇ ਹੋਏ ਨੂੰਹ ਪੁਲਿਸ ਸਟੇਸ਼ਨ ਦੇ ਇੱਕ ਪੁਲਿਸ ਅਧਿਕਾਰੀ ਨੇ ਕਿਹਾ, “ਅਸੀਂ ਦੋਹਾਂ ਧਿਰਾਂ ਨੂੰ ਬਿਠਾ ਕੇ ਗੱਲਬਾਤ ਕੀਤੀ ਤਾਂ ਜੋ ਯਾਤਰਾ ਵਾਲੇ ਦਿਨ ਕੋਈ ਗੜਬੜ ਨਾ ਹੋਵੇ। ਪ੍ਰੈਸ ਵਿੱਚ ਲਿਖਾਇਆ ਗਿਆ ਕਿ ਮੋਨੂੰ ਮਾਨੇਸਰ ਯਾਤਰਾ ਵਿੱਚ ਹਿੱਸਾ ਨਹੀਂ ਲੈ ਰਹੇ ਹਨ।”
ਉਨ੍ਹਾਂ ਦੱਸਿਆ ਕਿ ਹਿੰਸਾ ਵਾਲੇ ਦਿਨ ਹਜ਼ਾਰਾਂ ਦੀ ਭੀੜ ਦੇ ਸਾਹਮਣੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਬਹੁਤ ਘੱਟ ਸੀ। ਇਸ ਘਟਨਾ 'ਚ ਕਈ ਪੁਲਿਸ ਵਾਲੇ ਵੀ ਜ਼ਖਮੀ ਹੋਏ ਹਨ।''
ਮੋਨੂੰ ਮਾਨੇਸਰ 'ਤੇ ਹਿੰਸਾ ਭੜਕਾਉਣ ਦਾ ਇਲਜ਼ਾਮ ਹੈ। ਬੀਬੀਸੀ ਨੇ ਉਨ੍ਹਾਂ ਦਾ ਪੱਖ ਲੈਣ ਲਈ ਕਈ ਵਾਰ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਹੁਣ ਤੱਕ ਸਾਡੇ ਨਾਲ ਗੱਲ ਨਹੀਂ ਕੀਤੀ।

ਮੇਵਾਤ ਕਿਉਂ ਸੜ ਰਿਹਾ ਹੈ?
ਮੇਵਾਤ ਦੇ ਲੋਕ ਮੋਨੂੰ ਮਾਨੇਸਰ ਅਤੇ ਬਜਰੰਗ ਦਲ ਦੇ ਲੋਕਾਂ ਤੋਂ ਨਾਰਾਜ਼ ਹਨ ਅਤੇ ਇਸ ਦਾ ਕਾਰਨ ਪਿਛਲੇ ਕਈ ਸਾਲਾਂ ਤੋਂ ਇਲਾਕੇ 'ਚ ਕਥਿਤ ਗਊ ਰੱਖਿਅਕਾਂ ਦੀ ਵਧਦੀ ਗਿਣਤੀ ਅਤੇ ਉਨ੍ਹਾਂ ਨਾਲ ਜੁੜੀਆਂ ਘਟਨਾਵਾਂ ਹਨ।
ਰਾਜਸਥਾਨ ਦੇ ਭਰਤਪੁਰ ਦੇ ਰਹਿਣ ਵਾਲੇ ਨਾਸਿਰ ਅਤੇ ਜੁਨੈਦ ਨੂੰ ਫਰਵਰੀ ਦੇ ਮਹੀਨੇ ਕੁਝ ਕਥਿਤ ਗਊ ਰੱਖਿਅਕਾਂ ਨੇ ਸਾੜ ਦਿੱਤਾ ਸੀ।
ਪੀੜਤ ਪਰਿਵਾਰ ਨੇ ਇਸ ਪਿੱਛੇ ਮੋਨੂੰ ਮਾਨੇਸਰ ਦਾ ਹੱਥ ਦੱਸਿਆ ਹੈ। ਇਸ ਮਾਮਲੇ 'ਚ ਰਾਜਸਥਾਨ ਪੁਲਿਸ ਪਿਛਲੇ ਕਈ ਮਹੀਨਿਆਂ ਤੋਂ ਮੋਨੂੰ ਮਾਨੇਸਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਸ 'ਚ ਸਫਲਤਾ ਨਹੀਂ ਮਿਲੀ ਜਦਕਿ ਮੋਨੂੰ ਖੁੱਲ੍ਹੇਆਮ ਮੀਡੀਆ ਨੂੰ ਇੰਟਰਵਿਊ ਦੇ ਰਿਹਾ ਹੈ।
ਇਸ ਘਟਨਾ ਤੋਂ ਕੁਝ ਦਿਨ ਪਹਿਲਾਂ ਜਨਵਰੀ ਮਹੀਨੇ ਵਿੱਚ ਨੂੰਹ ਵਾਸੀ 21 ਸਾਲਾਂ ਵਾਰਿਸ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ ਸੀ। ਇੱਥੇ ਵੀ ਪੀੜਤ ਪਰਿਵਾਰ ਨੇ ਮੋਨੂੰ ਮਾਨੇਸਰ 'ਤੇ ਕਤਲ ਦਾ ਇਲਜ਼ਾਮ ਲਗਾਇਆ ਸੀ। ਉਸ ਸਮੇਂ ਮੋਨੂੰ ਮਾਨੇਸਰ ਦੇ ਮੌਕੇ 'ਤੇ ਮੌਜੂਦ ਹੋਣ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।
ਉਸ ਸਮੇਂ ਬੀਬੀਸੀ ਨਾਲ ਗੱਲ ਕਰਦੇ ਹੋਏ ਮੋਨੂੰ ਨੇ ਕਿਹਾ ਸੀ ਕਿ ਵਾਰਿਸ ਗਾਵਾਂ ਦੀ ਤਸਕਰੀ ਕਰ ਰਿਹਾ ਸੀ ਅਤੇ ਉਹਨਾਂ ਦੇ ਵਰਕਰ ਉਸ ਦਾ ਪਿੱਛਾ ਕਰ ਰਹੇ ਸਨ, ਉਸ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਅਤੇ ਮੈਂ ਮੌਕੇ 'ਤੇ ਦੇਰ ਨਾਲ ਪਹੁੰਚਿਆ। ਮੈਂ ਵਾਰਿਸ ਨੂੰ ਚਾਹ ਪਿਲਾਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ।
ਇਹ ਦੋ ਘਟਨਾਵਾਂ ਮੇਵਾਤ ਦੇ ਲੋਕਾਂ ਦੀ ਜ਼ੁਬਾਨ 'ਤੇ ਹਨ, ਉਨ੍ਹਾਂ ਨੂੰ ਯਾਦ ਕੀਤਾ ਗਿਆ ਹੈ।
ਪਿਛਲੇ ਕੁਝ ਸਾਲਾਂ ਤੋਂ ਮੋਨੂ ਮਾਨੇਸਰ ਸਮੇਤ ਗਊ ਰੱਖਿਅਕਾਂ 'ਤੇ ਕੁੱਟਮਾਰ, ਹਿੰਸਾ ਦੇ ਲਗਾਤਾਰ ਲਗਾਤਾਰ ਲੱਗਦੇ ਹਨ।
ਬਜਰੰਗ ਦਲ ਨਾਲ ਜੁੜੇ ਗਊ ਰੱਖਿਅਕਾਂ ਨੇ ਹਰਿਆਣਾ ਦੇ ਜ਼ਿਲ੍ਹਿਆਂ ਵਿਚ ਆਪਣੀਆਂ ਟੀਮਾਂ ਬਣਾਈਆਂ ਹਨ, ਜੋ ਰਾਤ ਦੇ ਹਨੇਰੇ ਵਿਚ ਸੂਚਨਾ ਮਿਲਣ ਤੋਂ ਬਾਅਦ ਗਊ ਤਸਕਰਾਂ ਨੂੰ ਫੜਦੀਆਂ ਹਨ।
ਮੇਵਾਤ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਗਊ ਰੱਖਿਅਕਾਂ ਦਾ ਨਿਸ਼ਾਨਾ ਹਮੇਸ਼ਾ ਮੁਸਲਮਾਨ ਲੋਕ ਹੀ ਹੁੰਦੇ ਹਨ, ਜਿਸ ਕਾਰਨ ਇਲਾਕੇ 'ਚ ਕਾਫੀ ਸਮੇਂ ਤੋਂ ਡਰ ਦਾ ਮਾਹੌਲ ਬਣਿਆ ਹੋਇਆ ਹੈ।
ਸੀਨੀਅਰ ਪੱਤਰਕਾਰ ਹੇਮੰਤ ਅੱਤਰੀ ਦਾ ਕਹਿਣਾ ਹੈ, “ਹਰਿਆਣਾ ਸਰਕਾਰ ਨੇ 2015 ਵਿੱਚ ਗਊ ਰੱਖਿਆ ਬਿੱਲ ਲਿਆਂਦਾ ਸੀ। ਇਹ ਬਹੁਤ ਸਖ਼ਤ ਕਾਨੂੰਨ ਹੈ, ਜਿਸ ਵਿੱਚ ਦਸ ਸਾਲ ਤੱਕ ਦੀ ਸਜ਼ਾ ਦਾ ਪ੍ਰਬੰਧ ਹੈ। ਕਿਸੇ ਵੀ ਕਾਨੂੰਨ ਨੂੰ ਲਾਗੂ ਕਰਨਾ ਸਰਕਾਰ ਅਤੇ ਪੁਲਿਸ ਦੀ ਜ਼ਿੰਮੇਵਾਰੀ ਹੁੰਦੀ ਹੈ ਪਰ ਸਰਕਾਰ ਇਸ ਵਿੱਚ ਗਊ ਰੱਖਿਅਕਾਂ ਦਾ ਸਹਾਰਾ ਲੈ ਰਹੀ ਹੈ। ਹਰਿਆਣਾ ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਗਊ ਟਾਸਕ ਫੋਰਸ ਬਣਾਈ ਹੈ, ਜਿਸ ਵਿੱਚ ਸਰਕਾਰੀ ਅਧਿਕਾਰੀਆਂ ਦੇ ਨਾਲ-ਨਾਲ ਅਜਿਹੇ ਗਊ ਰੱਖਿਅਕ ਵੀ ਮੈਂਬਰ ਹਨ।”
ਉਨ੍ਹਾਂ ਦਾ ਕਹਿਣਾ ਹੈ ਕਿ ਕਥਿਤ ਗਊ ਰੱਖਿਅਕਾਂ ਦੀ ਹਿੰਸਾ ਹੀ ਨਹੀਂ, ਸਗੋਂ ਗੁਰੂਗ੍ਰਾਮ 'ਚ ਖੁੱਲ੍ਹੇ 'ਚ ਨਮਾਜ਼ ਅਦਾ ਕਰਨ 'ਤੇ ਜੋ ਮਾਹੌਲ ਖਰਾਬ ਕੀਤਾ ਗਿਆ ਸੀ, ਉਹ ਸਭ ਇਸ ਲੜੀ ਦਾ ਹਿੱਸਾ ਹਨ ਕਿ ਕਿਵੇਂ ਮੇਵਾਤ ਦੇ ਮਾਹੌਲ ਨੂੰ ਖਰਾਬ ਕਰਨਾ ਹੈ।

ਰਵਾਇਤੀ ਯਾਤਰਾ 'ਚ ਵੀਐਚਪੀ
ਸਥਾਨਕ ਵਾਸੀ ਦੱਸਦੇ ਹਨ ਕਿ ਇਸ ਇਲਾਕੇ ਵਿੱਚ ਤਿੰਨ ਵੱਡੇ ਹਿੰਦੂ ਮੰਦਰ ਹਨ। ਪਿਛਲੇ ਕਈ ਸਾਲਾਂ ਤੋਂ, ਸਥਾਨਕ ਹਿੰਦੂ ਪਰਿਵਾਰ ਇਨ੍ਹਾਂ ਤਿੰਨਾਂ ਮੰਦਰਾਂ ਦੀ ਯਾਤਰਾ ਕਰਦੇ ਹਨ।
ਪਰ ਪਿਛਲੇ ਤਿੰਨ ਸਾਲਾਂ ਵਿੱਚ ਇਸ ਯਾਤਰਾ ਦਾ ਰੂਪ ਬਦਲ ਗਿਆ ਹੈ।
ਸੀਨੀਅਰ ਪੱਤਰਕਾਰ ਹੇਮੰਤ ਅਤਰੀ ਦਾ ਕਹਿਣਾ ਹੈ, “ਇਹ ਯਾਤਰਾ ਸਥਾਨਕ ਹਿੰਦੂ ਪਰਿਵਾਰਾਂ ਨਾਲ ਜੁੜੀ ਹੋਈ ਹੈ ਅਤੇ ਇਹ ਉਨ੍ਹਾਂ ਦੀ ਮਾਨਤਾ ਹੈ, ਪਰ ਪਿਛਲੇ ਦੋ-ਤਿੰਨ ਸਾਲਾਂ ਤੋਂ ਵੀਐਚਪੀ ਅਤੇ ਬਜਰੰਗ ਦਲ ਨੇ ਇਸ ਯਾਤਰਾ ਵਿੱਚ ਬਾਹਰੋਂ ਲੋਕਾਂ ਨੂੰ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ, ਤਾਂ ਜੋ ਇੱਥੋਂ ਦੇ ਮੁਸਲਮਾਨਾਂ ਨੂੰ ਉਪਰ ਦਬਾਅ ਪਾਇਆ ਜਾ ਸਕੇ”
ਇਸ ਦੇ ਜਵਾਬ 'ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਅੰਤਰਰਾਸ਼ਟਰੀ ਸੰਯੁਕਤ ਜਨਰਲ ਸਕੱਤਰ ਡਾਕਟਰ ਸੁਰਿੰਦਰ ਜੈਨ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, ''ਇਸ ਤਰ੍ਹਾਂ ਦੀਆਂ ਗੱਲਾਂ ਨੇ ਮੇਓ ਮੁਸਲਮਾਨਾਂ ਦੇ ਤਰੀਕਿਆਂ 'ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ।”
“ਪਹਿਲਾਂ ਲੋਕ ਆਉਂਦੇ ਸਨ ਪਰ ਅਸੀਂ ਇਸ ਯਾਤਰਾ ਦਾ ਸਹੀ ਤਰੀਕੇ ਨਾਲ ਆਯੋਜਨ ਕੀਤਾ। “ਜੇ ਕੋਈ ਕਹਿੰਦਾ ਹੈ ਕਿ ਮੇਵਾਤ ਦੇ ਹਿੰਦੂ ਹੀ ਜਾ ਸਕਦੇ ਹਨ, ਤਾਂ ਮੈਂ ਸਮਝਦਾ ਹਾਂ ਕਿ ਇਹ ਤੀਰਥਾਂ ਦੀ ਮਹੱਤਤਾ ਦਾ ਅਪਮਾਨ ਕਰ ਰਿਹਾ ਹੈ।”
ਸੁਰੇਂਦਰ ਜੈਨ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਯਾਤਰਾ ਵਾਲੇ ਦਿਨ ਮੰਦਰ 'ਚ ਭੜਕਾਊ ਭਾਸ਼ਣ ਦਿੱਤਾ ਸੀ। ਸੀਨੀਅਰ ਪੱਤਰਕਾਰ ਹੇਮੰਤ ਅਤਰੀ ਦਾ ਕਹਿਣਾ ਹੈ, "ਯਾਤਰਾ ਤੋਂ ਪਹਿਲਾਂ ਮੰਦਰ ਪਰਿਸਰ ਵਿੱਚ ਭੜਕਾਊ ਭਾਸ਼ਣ ਦਿੱਤੇ ਗਏ। ਕੀ ਯਾਤਰਾ ਵਿੱਚ ਸ਼ਾਮਲ ਲੋਕ ਕੋਈ ਜੰਗ ਲੜਨ ਆਏ ਸਨ, ਹੱਥਾਂ ਵਿੱਚ ਹਥਿਆਰ ਲੈ ਕੇ ਕੀ ਕਰ ਰਹੇ ਹਨ?"
ਇਸ ਦੇ ਜਵਾਬ 'ਚ ਸੁਰਿੰਦਰ ਜੈਨ ਕਹਿੰਦੇ ਹਨ, "ਮੈਂ ਕੋਈ ਭੜਕਾਊ ਭਾਸ਼ਣ ਨਹੀਂ ਦਿੱਤਾ, ਮੈਂ ਸਿਰਫ ਇਹ ਕਿਹਾ ਕਿ ਅਸੀਂ ਆਪਣੀਆਂ ਧੀਆਂ ਨੂੰ ਚੁੱਕਣ ਨਹੀਂ ਦੇਵਾਂਗੇ, ਅਸੀਂ ਗਾਂ ਦੀ ਰੱਖਿਆ ਕਰਾਂਗੇ।"
ਸਵਾਲ ਇਹ ਹੈ ਕਿ ਕੀ ਮੇਵਾਤ ਦਾ ਮਾਹੌਲ ਜਾਣ ਬੁੱਝ ਕੇ ਖਰਾਬ ਕੀਤਾ ਜਾ ਰਿਹਾ ਹੈ?
ਜੇਕਰ ਅਜਿਹਾ ਹੈ ਤਾਂ ਇਸ ਨੂੰ ਰੋਕਣ ਲਈ ਸਰਕਾਰ ਕੀ ਕਰ ਰਹੀ ਹੈ? ਕੀ ਇਸ ਨੂੰ ਰੋਕਣ ਲਈ ਸਰਕਾਰ ਵੱਲੋਂ ਗੰਭੀਰ ਯਤਨ ਕੀਤੇ ਜਾ ਰਹੇ ਹਨ?












