'ਸਾਰਾ ਦਿਨ ਖੂਹ ਪੱਟਣ ਲਾਈ ਰੱਖਦੇ ਤੇ ਕੰਮ ਮੁੱਕਦੇ ਹੀ ਕੇ ਸੰਗਲਾਂ ਨਾਲ ਬੰਨ੍ਹ ਦਿੰਦੇ', ਗੁਲ਼ਾਮ ਬਣਾਏ 11 ਮਜ਼ਦੂਰਾਂ ਦੀ ਹੌਲਨਾਕ ਕਹਾਣੀ

ਉਸਮਾਨਾਬਾਦ ਮਜ਼ਦੂਰ
    • ਲੇਖਕ, ਪ੍ਰਵੀਨ ਠਾਕਰੇ ਤੇ ਜ਼ੋਇਆ ਮਤੀਨ
    • ਰੋਲ, ਬੀਬੀਸੀ ਪੱਤਰਕਾਰ

ਜੂਨ ਦੀ ਇੱਕ ਸ਼ਖਤ ਗਰਮੀ ਵਾਲੀ ਰਾਤ ਨੂੰ, ਭਗਵਾਨ ਗੁਕਸੇ ਇੱਕ ਝਟਕੇ ਨਾਲ ਜਾਗਿਆ। ਉਸ ਨੇ ਆਪਣੀ ਜ਼ਿੰਦਗੀ ਬਚਾਉਣ ਲਈ ਭੱਜਣ ਦਾ ਫੈਸਲਾ ਕੀਤਾ।

ਪਿਛਲੇ ਮਹੀਨੇ ਤੋਂ ਗੁਕਸੇ ਨੂੰ ਛੇ ਹੋਰ ਮਜ਼ਦੂਰਾਂ ਦੇ ਨਾਲ ਪੱਛਮੀ ਰਾਜ ਮਹਾਰਾਸ਼ਟਰ ਵਿੱਚ ਇੱਕ ਝੌਂਪੜੀ ਅੰਦਰ ਬੰਦੀ ਬਣਾ ਕੇ ਰੱਖਿਆ ਗਿਆ ਸੀ।

ਮਜ਼ਦੂਰਾਂ ਨੂੰ ਓਸਮਾਨਾਬਾਦ ਜ਼ਿਲ੍ਹੇ ਵਿੱਚ ਕੁਝ ਠੇਕੇਦਾਰਾਂ ਨੇ ਖੂਹ ਪੁੱਟਣ ਲਈ ਰੱਖਿਆ ਗਿਆ ਸੀ, ਪਰ ਬਾਅਦ ਵਿੱਚ ਉਨ੍ਹਾਂ ਨੂੰ ਬੰਧੂਆ ਮਜ਼ਦੂਰੀ ਲਈ ਮਜਬੂਰ ਕੀਤਾ ਗਿਆ। ਹਾਲਾਂਕਿ, ਇਹ ਭਾਰਤ ਵਿੱਚ ਗੈਰ-ਕਾਨੂੰਨੀ ਹੈ।

ਗੁਕਸੇ ਨੇ ਗੈਰ-ਮਨੁੱਖੀ ਹਾਲਾਤਾਂ ਬਾਰੇ ਦੱਸਿਆ ਜਿਸ ਵਿੱਚ ਉਹਨਾਂ ਨਾਲ ਕੁੱਟਮਾਰ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾਂ ਉਹਨਾਂ ਨੂੰ ਨਸ਼ੀਲੇ ਪਦਾਰਥ ਅਤੇ ਥੋੜ੍ਹੇ ਜਿਹੇ ਭੋਜਨ ਜਾਂ ਪਾਣੀ ਨਾਲ ਲੰਬੇ ਸਮੇਂ ਤੱਕ ਹੱਥੀਂ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ।

ਰਾਤ ਨੂੰ, ਮਜ਼ਦੂਰਾਂ ਨੂੰ ਟਰੈਕਟਰਾਂ ਨਾਲ ਜੰਜ਼ੀਰਾਂ ਪਾ ਕੇ ਬੰਨ੍ਹ ਦਿੱਤਾ ਜਾਂਦਾ ਤਾਂ ਜੋ ਉਹ ਭੱਜ ਨਾ ਸਕਣ।

ਗੁਕਸੇ ਦੱਸਦੇ ਹਨ ਕਿ ਜਦੋਂ ਉਹ ਸੌਂ ਨਾ ਪਾਉਂਦੇ ਸਨ, ਦਰਦ, ਭੁੱਖ ਅਤੇ ਥਕਾਵਟ ਨਾਲ ਬੇਚੈਨ ਹੁੰਦੇ ਸਨ, ਤਾਂ ਉਨ੍ਹਾਂ ਨੂੰ ਡੰਡਿਆਂ ਨਾਲ ਕੁੱਟਿਆਂ ਜਾਂਦਾ ਅਤੇ ਉਹ ਜ਼ਬਰਦਸਤੀ ਉਨ੍ਹਾਂ ਨੂੰ ਸ਼ਰਾਬ ਨਾਲ ਸ਼ਾਂਤ ਕਰਦੇ।

ਉਸ ਨੇ ਕਿਹਾ, "ਮੈਂ ਜਾਣਦਾ ਸੀ ਕਿ ਇੱਥੇ ਮੌਤ ਅਟੱਲ ਹੈ। ਪਰ ਮੈਂ ਇਸ ਤੋਂ ਪਹਿਲਾਂ ਘੱਟੋ-ਘੱਟ ਇੱਕ ਵਾਰ ਭੱਜਣ ਦੀ ਕੋਸ਼ਿਸ਼ ਕਰਨਾ ਚਾਹੁੰਦਾ ਸੀ।"

ਮਜ਼ਦੂਰ
ਤਸਵੀਰ ਕੈਪਸ਼ਨ, ਮਜ਼ਦੂਰਾਂ ਨੂੰ ਕਥਿਤ ਤੌਰ 'ਤੇ ਗੈਰ-ਮਨੁੱਖੀ ਹਾਲਾਤਾਂ ਵਿੱਚ ਰੱਖਿਆ ਜਾਂਦਾ ਸੀ।

ਬੇੜੀਆਂ ਤੋਂ ਆਜ਼ਾਦੀ

ਜ਼ਿਆਦਾਤਰ ਦਿਨਾਂ ਵਿੱਚ ਗੁਕਸੇ ਅਤੇ ਹੋਰ ਬੰਦੀ ਕੁੱਟਮਾਰ, ਕੰਮ ਅਤੇ ਭੋਜਨ ਬਿਨਾਂ ਇੰਨੇ ਥੱਕ ਜਾਂਦੇ ਸਨ ਕਿ ਉਨ੍ਹਾਂ ਕੋਲ ਭੱਜਣ ਦੀ ਯੋਜਨਾ ਬਣਾਉਣ ਲਾਇਕ ਊਰਜਾ ਨਹੀਂ ਬਚਦੀ ਸੀ।

ਗੁਕਸੇ ਨੂੰ ਭਾਵੇਂ ਅਸਲ ਤਾਰੀਖ ਯਾਦ ਨਹੀਂ ਹੈ ਪਰ ਸ਼ਾਇਦ 15 ਜਾਂ 16 ਜੂਨ ਨੂੰ ਉਸਨੇ ਕਿਸਮਤ ਅਜ਼ਮਾਉਣ ਦਾ ਫੈਸਲਾ ਕੀਤਾ।

ਹਨੇਰੇ ਵਿੱਚ ਝੁਕਦਾ ਹੋਇਆ, ਉਹ ਆਪਣੇ ਪੈਰਾਂ ਵਿੱਚ ਜ਼ੰਜੀਰੀ ਦੇ ਛੋਟੇ ਜਿਹੇ ਤਾਲੇ ਤੱਕ ਪਹੁੰਚਿਆ, ਇੱਕ ਉਂਗਲ ਅੰਦਰ ਖਿਸਕ ਗਈ ਅਤੇ ਘੰਟਿਆਂ ਤੱਕ ਇਸ ਨੂੰ ਮਰੋੜਦਾ ਰਿਹਾ ਜਦੋਂ ਤੱਕ ਉਹ ਆਜ਼ਾਦ ਨਹੀਂ ਹੋ ਗਿਆ।

ਜਦੋਂ ਉਹ ਬਾਹਰ ਨਿਕਲਿਆ ਤਾਂ ਉਸਨੇ ਇੱਕ ਵੱਡਾ ਗੰਨੇ ਦਾ ਖੇਤ ਦੇਖਿਆ ਅਤੇ ਉਸ ਵੱਲ ਭੱਜਣ ਦਾ ਫੈਸਲਾ ਕੀਤਾ।

ਉਸ ਨੇ ਕਿਹਾ, "ਮੈਨੂੰ ਨਹੀਂ ਪਤਾ ਸੀ ਕਿ ਮੈਂ ਕਿੱਥੇ ਹਾਂ। ਮੈਨੂੰ ਸਿਰਫ਼ ਇਹ ਪਤਾ ਸੀ ਕਿ ਮੈਂ ਘਰ ਵਾਪਸ ਜਾਣਾ ਹੈ। ਮੈਂ ਖੇਤ ਦੇ ਕੋਲ ਰੇਲਵੇ ਟਰੈਕ ਦਾ ਪਿੱਛਾ ਕੀਤਾ ਅਤੇ ਦੌੜਦਾ ਰਿਹਾ।"

ਗੁਕਸੇ ਆਪਣੇ ਪਿੰਡ ਪਹੁੰਚਣ ਵਿੱਚ ਕਾਮਯਾਬ ਹੋ ਗਿਆ।

ਉਸ ਨੇ ਪੁਲਿਸ ਨੂੰ ਤਸ਼ੱਦਦ ਬਾਰੇ ਸੂਚਿਤ ਕੀਤਾ, ਜਿਸ ਤੋਂ ਬਾਅਦ ਅਧਿਕਾਰੀਆਂ ਨੇ 11 ਹੋਰ ਮਜ਼ਦੂਰਾਂ ਨੂੰ ਉਸੇ ਠੇਕੇਦਾਰ ਵੱਲੋਂ ਚਲਾਏ ਜਾਂਦੇ ਦੋ ਵੱਖ-ਵੱਖ ਖੂਹਾਂ ਤੋਂ ਛੁਡਵਾਇਆ।

ਮਜ਼ਦੂਰ
ਤਸਵੀਰ ਕੈਪਸ਼ਨ, ਮਜ਼ਦੂਰਾਂ ਤੋਂ ਖੂਹ ਪੁੱਟਣ ਦਾ ਕੰਮ ਕਰਵਾਇਆ ਜਾਂਦਾ ਸੀ ਤੇ ਉਹਨਾਂ ਨੂੰ 12-14 ਘੰਟੇ ਕੰਮ ਕਰਨਾ ਪੈਂਦਾ ਸੀ

ਪੁਲਿਸ ਅਧਿਕਾਰੀ ਜਦੋਂ ਹੈਰਾਨ ਰਹਿ ਗਏ

ਮਾਮਲੇ ਦੀ ਜਾਂਚ ਕਰ ਰਹੇ ਸਥਾਨਕ ਪੁਲਿਸ ਅਧਿਕਾਰੀ ਜਗਦੀਸ਼ ਰਾਉਤ ਨੇ ਬੀਬੀਸੀ ਨੂੰ ਦੱਸਿਆ, "ਪਹਿਲਾਂ ਤਾਂ ਸਾਨੂੰ ਇਸ ਮਜ਼ਦੂਰ 'ਤੇ ਯਕੀਨ ਨਹੀਂ ਹੋਇਆ, ਪਰ ਜਦੋਂ ਅਸੀਂ ਉੱਥੇ ਪਹੁੰਚੇ ਤਾਂ ਲੋਕਾਂ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਏ।"

ਪੁਲਿਸ ਦਾ ਕਹਿਣਾ ਹੈ ਕਿ ਇਨ੍ਹਾਂ ਵਿਅਕਤੀਆਂ ਨੂੰ ਖੂਹ ਪੁੱਟਣ ਲਈ ਦਿਨ ਵਿੱਚ 12 ਤੋਂ 14 ਘੰਟੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਜੰਜ਼ੀਰਾਂ ਨਾਲ ਬੰਨ੍ਹਿਆ ਜਾਂਦਾ ਸੀ ਅਤੇ ਵਾਰ-ਵਾਰ ਸਰੀਰਕ ਅਤੇ ਮਾਨਸਿਕ ਤਸੀਹੇ ਦਿੱਤੇ ਜਾਂਦੇ ਸਨ।

ਰਾਉਤ ਨੇ ਕਿਹਾ, "ਉਨ੍ਹਾਂ ਕੋਲ ਟਾਇਲਟ ਦੀ ਕੋਈ ਸਹੂਲਤ ਨਹੀਂ ਸੀ। ਉਨ੍ਹਾਂ ਨੂੰ ਆਪਣੇ ਖੂਹ ਅੰਦਰ ਜਾਣਾ ਪੈਂਦਾ ਜਿੱਥੇ ਉਹ ਖੁਦਾਈ ਕਰ ਰਹੇ ਸਨ। ਫਿਰ ਕੰਮ ਖਤਮ ਕਰਨ ਤੋਂ ਬਾਅਦ ਉਹ ਕੂੜੇ ਨੂੰ ਸਾਫ਼ ਕਰਦੇ ਸਨ।"

ਪੁਲਿਸ ਮੁਤਾਬਕ ਉਨ੍ਹਾਂ ਵਿਚੋਂ ਬਹੁਤਿਆਂ ਦੀਆਂ ਅੱਖਾਂ ਅਤੇ ਪੈਰਾਂ 'ਤੇ ਛਾਲੇ ਅਤੇ ਡੂੰਘੇ ਜ਼ਖ਼ਮ ਸਨ। ਇਹਨਾਂ ਵਿਚੋਂ ਕੁਝ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਮਾਮਲੇ ਵਿੱਚ ਦੋ ਔਰਤਾਂ ਅਤੇ ਇੱਕ ਨਾਬਾਲਗ ਸਮੇਤ ਸੱਤ ਲੋਕਾਂ ਉੱਤੇ ਮਨੁੱਖੀ ਤਸਕਰੀ, ਅਗਵਾ ਕਰਨ, ਦੁਰਵਿਵਹਾਰ ਅਤੇ ਗਲਤ ਤਰੀਕੇ ਨਾਲ ਕੈਦ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਹੋਇਆ। ਇਹ ਕੇਸ ਪੂਰਾ ਹਫ਼ਤਾ ਭਾਰਤ ਵਿੱਚ ਸੁਰਖੀਆਂ ਬਣਿਆ ਹੋਇਆ ਸੀ।

ਇਨ੍ਹਾਂ ਵਿੱਚੋਂ ਚਾਰ ਪੁਲਿਸ ਹਿਰਾਸਤ ਵਿੱਚ ਹਨ, ਨਾਬਾਲਗ ਬਾਲ ਹਿਰਾਸਤ ਕੇਂਦਰ ’ਚ ਹੈ ਅਤੇ ਦੋ ਮੁਲਜ਼ਮ ਫਰਾਰ ਹਨ।

ਬੰਧੂਆ ਮਜ਼ਦੂਰੀ

'ਗ਼ੁਲਾਮ' ਬਣਾ ਕੇ ਰੱਖੇ ਮਜ਼ਦੂਰਾਂ ਨਾਲ ਕੀ ਹੋਇਆ:

  • ਮਹਾਰਾਸ਼ਟਰ ਵਿੱਚ ਇੱਕ ਝੌਂਪੜੀ ਅੰਦਰ 12 ਮਜ਼ਦੂਰਾਂ ਨੂੰ ਬੰਦੀ ਬਣਾ ਕੇ ਰੱਖਿਆ ਗਿਆ
  • ਇਨ੍ਹਾਂ ਨੂੰ ਟਰੈਕਟਰਾਂ ਨਾਲ ਜ਼ੰਜੀਰਾਂ ਪਾ ਕੇ ਬੰਨ੍ਹ ਦਿੱਤਾ ਜਾਂਦਾ ਤਾਂ ਜੋ ਉਹ ਭੱਜ ਨਾ ਸਕਣ
  • ਪੁਲਿਸ ਮੁਤਾਬਕ ਇਨ੍ਹਾਂ ਤੋਂ ਖੂਹ ਪੁੱਟਣ ਲਈ ਦਿਨ ਵਿੱਚ 12 ਤੋਂ 14 ਘੰਟੇ ਕੰਮ ਲਿਆ ਜਾਂਦਾ ਸੀ
  • ਐੱਨਐੱਚਆਰਸੀ ਨੇ ਮਜ਼ਦੂਰਾਂ ਦੇ ਮਾਮਲੇ ਨੂੰ ਲੈ ਕੇ ਰਾਜ ਸਰਕਾਰ ਦੀ ਖਿਚਾਈ ਕੀਤੀ ਹੈ
ਬੰਧੂਆ ਮਜ਼ਦੂਰੀ

ਪੁਲਿਸ ਦਾ ਕਹਿਣਾ ਹੈ ਕਿ ਸਾਰੇ ਪੀੜਤ ਗਰੀਬ ਅਤੇ ਬੇਜ਼ਮੀਨੇ ਦਿਹਾੜੀਦਾਰ ਮਜ਼ਦੂਰ ਸਨ ਜੋ ਨੌਕਰੀ ਦੀ ਭਾਲ ਵਿੱਚ ਉਸਮਾਨਾਬਾਦ ਨੇੜੇ ਅਹਿਮਦਨਗਰ ਸ਼ਹਿਰ ਵਿੱਚ ਆਏ ਸਨ। ਇੱਥੇ, ਉਹਨਾਂ ਨਾਲ ਇੱਕ ਏਜੰਟ ਨੇ ਸੰਪਰਕ ਕੀਤਾ, ਜਿਸ ਨੇ ਇਹਨਾਂ ਨੂੰ ਉਸਮਾਨਾਬਾਦ ਦੇ ਕੁਝ ਠੇਕੇਦਾਰਾਂ ਨੂੰ 2,000 ਤੋਂ 5,000 ਰੁਪਏ ਵਿੱਚ ਵੇਚ ਦਿੱਤਾ।

ਏਜੰਟ ਨੇ ਮਜ਼ਦੂਰਾਂ ਨਾਲ ਵਾਅਦਾ ਕੀਤਾ ਕਿ ਉਨ੍ਹਾਂ ਨੂੰ ਖੂਹ ਪੁੱਟਣ ਲਈ ਤਿੰਨ ਵਕਤ ਦੀ ਰੋਟੀ ਦੇ ਨਾਲ 500 ਰੁਪਏ ਮਿਲਣਗੇ। ਜਦੋਂ ਉਹ ਸਹਿਮਤ ਹੋ ਗਏ, ਤਾਂ ਉਨ੍ਹਾਂ ਨੂੰ ਇੱਕ ਥਾਂ 'ਤੇ ਬੁਲਾਇਆ ਗਿਆ, ਟੁਕ-ਟੂਕ ਅੰਦਰ ਬੰਨ੍ਹ ਦਿੱਤਾ ਅਤੇ ਉਨ੍ਹਾਂ ਨੂੰ ਲਿਜਾਣ ਤੋਂ ਪਹਿਲਾਂ ਸ਼ਰਾਬ ਦਾ ਨਸ਼ਾ ਕਰਵਾਇਆ ਗਿਆ।

ਖੂਹ 'ਤੇ ਠੇਕੇਦਾਰਾਂ ਨੇ ਉਨ੍ਹਾਂ ਦੇ ਫੋਨ ਜ਼ਬਤ ਕਰ ਲਏ ਅਤੇ ਉਨ੍ਹਾਂ ਦੇ ਸਰਕਾਰੀ ਦਸਤਾਵੇਜ਼ ਵੀ ਖੋਹ ਲਏ।

ਰਾਉਤ ਨੇ ਕਿਹਾ, "ਦੋ ਤਿੰਨ ਮਹੀਨਿਆਂ ਤੱਕ ਭਿਆਨਕ ਹਾਲਾਤਾਂ ਵਿੱਚ ਰੱਖਣ ਤੋਂ ਬਾਅਦ, ਮੁਲਜ਼ਮ ਉਨ੍ਹਾਂ ਵਿਅਕਤੀਆਂ ਨੂੰ ਬਿਨਾਂ ਪੈਸੇ ਦਿੱਤੇ ਭਜਾ ਦਿੰਦੇ ਸਨ।"

ਰਾਉਤ ਕਹਿੰਦੇ ਹਨ ਕਿ ਉਹ ਇਸ ਦੀ ਜਾਂਚ ਕਰ ਰਹੇ ਹਨ ਕਿ ਕਿਤੇ ਜ਼ਿਲ੍ਹੇ ਵਿੱਚ ਹਾਲੇ ਵੀ ਕੋਈ ਹੋਰ ਟਿਕਾਣੇ ਤਾਂ ਨਹੀਂ ਚੱਲ ਰਹੇ ਹਨ।

‘ਹਾਲੇ ਤੱਕ ਸਦਮੇ ’ਚੋਂ ਬਾਹਰ ਨਹੀਂ ਆਏ’

ਤਿੰਨ ਮਜ਼ਦੂਰਾਂ ਦੇ ਪਰਿਵਾਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਨੇ ਲਾਪਤਾ ਵਿਅਕਤੀਆਂ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਪਰ ਪੁਲਿਸ ਨੇ ਜਾਂਚ ਕਰਨ ਤੋਂ ਇਨਕਾਰ ਕਰ ਦਿੱਤਾ ਸੀ।

ਪੁਲਿਸ ਅਧਿਕਾਰੀਆਂ ਨੇ ਇਲਜ਼ਾਮਾਂ 'ਤੇ ਟਿੱਪਣੀ ਲਈ ਬੀਬੀਸੀ ਦੇ ਸਵਾਲ ਦਾ ਜਵਾਬ ਨਹੀਂ ਦਿੱਤਾ, ਪਰ ਇੱਕ ਅਧਿਕਾਰੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨੂੰ ਦੱਸਿਆ ਕਿ ਪੁਲਿਸ ਇਸ ਮਾਮਲੇ ਵਿੱਚ ਸਮੇਂ ਸਿਰ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ।

ਹਫ਼ਤਿਆਂ ਬਾਅਦ ਵੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ‘ਹਾਲੇ ਤੱਕ ਸਦਮੇ ’ਚੋਂ ਬਾਹਰ ਨਹੀਂ ਆਏ’।

ਉਨ੍ਹਾਂ ਵਿੱਚੋਂ ਬਹੁਤ ਸਾਰੇ ਆਪਣੀ ਜ਼ਿੰਦਗੀ ਨੂੰ ਦੁਬਾਰਾ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਕਹਿੰਦੇ ਹਨ ਕਿ ਜਦੋਂ ਉਹ ਤਸ਼ੱਦਦ ਬਾਰੇ ਸੋਚਦੇ ਹਨ ਤਾਂ ਉਹ ਨਿਰਾਸ਼ਾ ਵਿੱਚ ਫਸ ਜਾਂਦੇ ਹਨ।

ਮਜ਼ਦੂਰ
ਤਸਵੀਰ ਕੈਪਸ਼ਨ, ਜੂਨ ਮਹੀਨੇ 12 ਮਜ਼ਦੂਰਾਂ ਨੂੰ ਰਿਹਾਅ ਕਰਵਾਇਆ ਗਿਆ ਸੀ

ਇੱਕ ਮਜ਼ਦੂਰ ਭਰਤ ਰਾਠੌਰ ਨੇ ਕਿਹਾ, "ਸਾਡੇ ਨਾਲ ਗੁਲਾਮਾਂ ਵਰਗਾ ਸਲੂਕ ਕੀਤਾ ਗਿਆ।

ਜਦੋਂ ਉਸ ਨੇ ਆਪਣੇ ਜ਼ਖਮ ਦਿਖਾਏ ਤਾਂ ਉਸ ਦੀ ਇੱਕ ਅੱਖ ਸੁੱਜੀ ਹੋਈ ਸੀ ਅਤੇ ਉਸਦੇ ਪੈਰਾਂ ਵਿੱਚ ਛਾਲੇ ਸਨ।

ਉਸ ਨੇ ਕਿਹਾ, "ਠੇਕੇਦਾਰ ਲਗਭਗ ਹਰ ਰੋਜ਼ ਸਾਨੂੰ ਕੁੱਟਦੇ ਸਨ। ਸਾਨੂੰ ਨਮਕ ਅਤੇ ਬੈਂਗਣ ਦੇ ਕੁਝ ਟੁਕੜਿਆਂ ਨਾਲ ਬਾਸੀ ਰੋਟੀ ਖੁਆਉਂਦੇ ਸਨ। ਕਈ ਵਾਰ ਨੇੜਲੇ ਖੇਤਾਂ ਦੇ ਕਿਸਾਨ ਆ ਕੇ ਸਾਡੀ ਤਰਸਯੋਗ ਹਾਲਤ ਦੇਖਦੇ ਸਨ ਪਰ ਕਿਸੇ ਨੇ ਸਾਡੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।"

ਰਾਠੌਰ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਅਹਿਮਦਨਗਰ ਆਇਆ ਸੀ ਕਿਉਂਕਿ ਉਸ ਨੇ ਆਪਣੀ ਬੀਮਾਰ ਮਾਂ ਦੀ ਦੇਖਭਾਲ ਕਰਨੀ ਸੀ।

ਉਰ ਕਹਿੰਦਾ ਹੈ, "ਰੱਬ ਹੀ ਜਾਣਦਾ ਹੈ ਕਿ ਮੈਂ ਕਿਵੇਂ ਬਚਿਆਂ ਅਤੇ ਕਿਹੜੀਆਂ ਚੀਜ਼ਾਂ ਦਾ ਸਾਹਮਣਾ ਕੀਤਾ।"

ਮਾਰੂਤੀ ਜਾਟਾਲਕਰ ਦੀ ਕਹਾਣੀ ਵੀ ਵੱਖਰੀ ਨਹੀਂ ਹੈ। ਉਹ ਆਪਣੀ ਆਰਥਿਕ ਸਥਿਤੀ ਕਾਰਨ ਨਾਂਦੇੜ ਜ਼ਿਲ੍ਹੇ ਤੋਂ ਘਰ ਛੱਡਣ ਲਈ ਮਜਬੂਰ ਸੀ।

ਮਾਰੂਤੀ ਜਾਟਾਲਕਰ
ਤਸਵੀਰ ਕੈਪਸ਼ਨ, ਮਾਰੂਤੀ ਜਾਟਾਲਕਰ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਖੂਹ 'ਤੇ ਬਿਤਾਏ ਸਮੇਂ ਬਾਰੇ ਸੋਚਦਾ ਹੈ ਤਾਂ ਉਹ ਡਰ ਜਾਂਦਾ ਹੈ।

ਕਿੱਤੇ ਵੱਜੋਂ ਕਿਸਾਨ ਜਾਟਾਲਕਰ ਦੀ ਵੱਡੀ ਧੀ ਦਾ ਮਈ ਵਿੱਚ ਵਿਆਹ ਹੋਣਾ ਸੀ। ਗਰਮੀਆਂ ਵਿੱਚ ਉਸਦੇ ਪਿੰਡ ਵਿੱਚ ਕੋਈ ਕੰਮ ਨਹੀਂ ਸੀ ਤਾਂ ਉਹ ਕੰਮ ਦੀ ਭਾਲ ਵਿੱਚ ਅਹਿਮਦਨਗਰ ਗਿਆ ਸੀ।

ਉਸ ਦੀ ਯੋਜਨਾ ਸੀ ਕਿ ਜੇਕਰ ਉਹ ਖੂਹ 'ਤੇ 15-20 ਦਿਨ ਕੰਮ ਕਰ ਲਵੇਗਾ ਤਾਂ ਉਸ ਕੋਲ ਵਿਆਹ ਦਾ ਪ੍ਰਬੰਧ ਕਰਨ ਲਈ ਕਾਫੀ ਪੈਸਾ ਹੋਵੇਗਾ। ਪਰ ਉਹ ਕੁਝ ਵੀ ਨਹੀਂ ਕਰ ਸਕਿਆ । ਜਦੋਂ ਉਹ ਘਰ ਵਾਪਸ ਆਇਆ ਤਾਂ ਉਸਦੀ ਧੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ।

ਉਸ ਨੇ ਕਿਹਾ, “ਮੈਂ ਉਸ ਦਿਨ ਬਹੁਤ ਰੋਇਆ।”

ਜਾਟਾਲਕਰ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਖੂਹ 'ਤੇ ਬਿਤਾਏ ਸਮੇਂ ਬਾਰੇ ਸੋਚਦਾ ਹੈ ਤਾਂ ਉਹ ਡਰ ਜਾਂਦਾ ਹੈ।

ਉਹ ਕਹਿੰਦਾ ਹੈ, "ਉਹ ਸਾਨੂੰ ਸਵੇਰੇ-ਸਵੇਰੇ ਖੂਹ ਅੰਦਰ ਭੇਜ ਦਿੰਦੇ ਸਨ। ਸਾਨੂੰ ਦੇਰ ਰਾਤ ਬਾਹਰ ਆਉਣ ਦਿੰਦੇ ਸਨ। ਅਸੀਂ ਉੱਥੇ ਹੀ ਮਲ-ਮੂਤਰ ਕਰਦੇ ਸੀ। ਜੇਕਰ ਅਸੀਂ ਖਾਣਾ ਮੰਗਦੇ ਸੀ, ਤਾਂ ਉਹ ਸਾਨੂੰ ਕੁੱਟਦੇ ਸਨ ਅਤੇ ਕਹਿੰਦੇ ਕਿ ਸਾਨੂੰ ਸਿਰਫ਼ ਇੱਕ ਵਾਰ ਖਾਣਾ ਮਿਲੇਗਾ।"

ਪਿਛਲੇ ਹਫ਼ਤੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐੱਨਐੱਚਆਰਸੀ) ਨੇ ਰਾਜ ਸਰਕਾਰ ਦੀ ਖਿਚਾਈ ਕੀਤੀ ਅਤੇ ਅਧਿਕਾਰੀਆਂ ਨੂੰ ਦੇਸ਼ ਦੇ ਕਿਰਤ ਕਾਨੂੰਨਾਂ ਦੇ ਤਹਿਤ ਮਜ਼ਦੂਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਨਿਰਦੇਸ਼ ਦਿੱਤੇ।

ਰਾਠੌਰ ਕਹਿੰਦਾ ਹੈ, " ਹੁਣ ਅਸੀਂ ਆਪਣੇ ਪਿੰਡਾਂ ਵਿੱਚ ਹੀ ਕੰਮ ਲੱਭਾਂਗੇ ਅਤੇ ਜੋ ਵੀ ਅਸੀਂ ਕਰ ਸਕਦੇ ਹਾਂ ਕਰ ਲਵਾਂਗੇ। ਸ਼ਾਇਦ ਜ਼ਿੰਦਗੀ ਲੀਹ ’ਤੇ ਆ ਜਾਵੇਗੀ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)