ਭਾਰਤੀ ਜਨਤਾ ਪਾਰਟੀ ਦੇ ਜਨਮ ਅਤੇ 'ਗਾਂਧੀਵਾਦੀ ਸਮਾਜਵਾਦ ਨੂੰ ਅਪਣਾਉਣ' ਦੀ ਕਹਾਣੀ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫ਼ਜ਼ਲ
- ਰੋਲ, ਬੀਬੀਸੀ ਸਿਹਯੋਗੀ
ਜਦੋਂ 1980 ਵਿੱਚ ਇੰਦਰਾ ਗਾਂਧੀ ਸੱਤਾ ਵਿੱਚ ਵਾਪਸ ਆਈ ਤਾਂ ਜਨਤਾ ਸਰਕਾਰ ਵਿੱਚ ਉਪ ਪ੍ਰਧਾਨ ਮੰਤਰੀ ਰਹੇ ਜਗਜੀਵਨ ਰਾਮ ਨੇ 28 ਫਰਵਰੀ ਨੂੰ ਐਲਾਨ ਕੀਤਾ ਕਿ ਉਹ ਦੋਹਰੀ ਮੈਂਬਰਸ਼ਿਪ ਦਾ ਮੁੱਦਾ ਨਹੀਂ ਛੱਡਣਗੇ ਅਤੇ ਇਸ ਬਾਰੇ ਅੰਤਿਮ ਫ਼ੈਸਲਾ ਲੈ ਕੇ ਹੀ ਰਹਿਣਗੇ।
ਦੋਹਰੀ ਮੈਂਬਰਸ਼ਿਪ, ਯਾਨੀ ਜਨਤਾ ਪਾਰਟੀ ਅਤੇ ਆਰਐੱਸਐੱਸ ਦੋਵਾਂ ਦੀ ਇੱਕੋ ਸਮੇਂ ਮੈਂਬਰਸ਼ਿਪ ਹੋਣ ਉੱਤੇ ਕਈ ਵੱਡੇ ਆਗੂਆਂ ਨੂੰ ਸਖ਼ਤ ਇਤਰਾਜ਼ ਸੀ।
4 ਅਪ੍ਰੈਲ ਨੂੰ ਜਨਤਾ ਪਾਰਟੀ ਦੀ ਕਾਰਜਕਾਰਨੀ ਨੇ ਫ਼ੈਸਲਾ ਲਿਆ ਕਿ ਜੇਕਰ ਜਨਸੰਘ ਵਾਲਿਆਂ ਨੇ ਆਰਐੱਸਐੱਸ ਦਾ ਸਾਥ ਨਾ ਛੱਡਿਆ ਤਾਂ ਉਨ੍ਹਾਂ ਨੂੰ ਜਨਤਾ ਪਾਰਟੀ 'ਚੋਂ ਬਾਹਰ ਕੱਢ ਦਿੱਤਾ ਜਾਵੇਗਾ, ਪਰ ਜਨਸੰਘ ਦੇ ਮੈਂਬਰਾਂ ਨੂੰ ਇਸ ਗੱਲ ਦਾ ਪਹਿਲਾਂ ਹੀ ਅੰਦਾਜਾ ਲੱਗ ਰਿਹਾ ਸੀ।
ਕਿੰਸ਼ੁਕ ਨਾਗ ਆਪਣੀ ਕਿਤਾਬ 'ਦਿ ਸੈਫ਼ਰਨ ਟਾਈਡ, ਦਿ ਰਾਈਜ਼ ਆਫ਼ ਦਿ ਬੀਜੇਪੀ' ਵਿੱਚ ਲਿਖਦੇ ਹਨ, "5 ਅਤੇ 6 ਅਪ੍ਰੈਲ, 1980 ਨੂੰ ਜਨਤਾ ਪਾਰਟੀ ਦੇ ਜਨ ਸੰਘ ਮੈਂਬਰਾਂ ਨੇ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਸਟੇਡੀਅਮ ਵਿੱਚ ਇੱਕ ਮੀਟਿੰਗ ਕੀਤੀ, ਜਿਸ ਵਿੱਚ ਤਕਰਬੀਨ ਤਿੰਨ ਹਜ਼ਾਰ ਮੈਂਬਰਾਂ ਨੇ ਹਿੱਸਾ ਲਿਆ ਅਤੇ ਇੱਥੇ ਹੀ ਭਾਰਤੀ ਜਨਤਾ ਪਾਰਟੀ ਦੀ ਸਥਾਪਨਾ ਦਾ ਐਲਾਨ ਕੀਤਾ ਗਿਆ।"

ਅਟਲ ਬਿਹਾਰੀ ਵਾਜਪਾਈ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਜਦੋਂਕਿ ਲਾਲ ਕ੍ਰਿਸ਼ਨ ਅਡਵਾਨੀ ਨੂੰ ਸੂਰਜ ਭਾਨ ਅਤੇ ਸਿਕੰਦਰ ਬਖ਼ਤ ਦੇ ਨਾਲ ਪਾਰਟੀ ਦਾ ਜਨਰਲ ਸਕੱਤਰ ਬਣਾਇਆ ਗਿਆ।
1980 ਦੀਆਂ ਚੋਣਾਂ ਵਿੱਚ, ਜਨਤਾ ਪਾਰਟੀ ਸਿਰਫ਼ 31 ਸੀਟਾਂ ਹੀ ਜਿੱਤ ਸਕੀ, ਜਿਸ ਵਿੱਚੋਂ ਜਨ ਸੰਘ ਦੇ 16 ਮੈਂਬਰ ਸਨ, ਯਾਨੀ ਤਕਰੀਬਨ ਅੱਧੇ ਮੈਂਬਰ।
ਇਨ੍ਹਾਂ ਸਾਰੇ ਲੋਕਾਂ ਦੇ ਨਾਲ ਰਾਜ ਸਭਾ ਦੇ 14 ਮੈਂਬਰਾਂ, ਪੰਜ ਸਾਬਕਾ ਕੈਬਨਿਟ ਮੰਤਰੀਆਂ, ਅੱਠ ਸਾਬਕਾ ਰਾਜ ਮੰਤਰੀਆਂ ਅਤੇ ਛੇ ਸਾਬਕਾ ਮੁੱਖ ਮੰਤਰੀਆਂ ਨੇ ਨਵੀਂ ਪਾਰਟੀ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ।
ਇਨ੍ਹਾਂ ਸਾਰਿਆਂ ਨੇ ਦਾਅਵਾ ਕੀਤਾ ਕਿ ਉਹ ਅਸਲੀ ਜਨਤਾ ਪਾਰਟੀ ਹੈ।
ਚੋਣ ਕਮਿਸ਼ਨ ਨੇ ਦਿੱਤਾ ਕਮਲ ਦਾ ਚੋਣ ਨਿਸ਼ਾਨ

ਤਸਵੀਰ ਸਰੋਤ, Getty Images
ਜਦੋਂ ਜਨਤਾ ਪਾਰਟੀ ਦੇ ਪ੍ਰਧਾਨ ਚੰਦਰਸ਼ੇਖਰ ਨੇ ਜਨ ਸੰਘ ਨਾਲ ਜੁੜੇ ਆਗੂਆਂ ਦੇ ਇਸ ਦਾਅਵੇ ਨੂੰ ਚੁਣੌਤੀ ਦਿੱਤੀ ਕਿ ਉਹ ਅਸਲੀ ਜਨਤਾ ਪਾਰਟੀ ਹਨ, ਤਾਂ ਚੋਣ ਕਮਿਸ਼ਨ ਨੇ ਸ਼ੁਰੂ ਵਿੱਚ ਉਨ੍ਹਾਂ ਦੇ ਵਿਰੋਧ ਨੂੰ ਸਵੀਕਾਰ ਨਾ ਕੀਤਾ।
ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਨੂੰ ਸਿੱਧੇ ਤੌਰ 'ਤੇ ਰਾਸ਼ਟਰੀ ਪਾਰਟੀ ਦਾ ਦਰਜਾ ਦੇ ਦਿੱਤਾ ਅਤੇ ਜਨਤਾ ਪਾਰਟੀ ਦੇ ਚੋਣ ਨਿਸ਼ਾਨ 'ਹਲਧਰ ਕਿਸਾਨ' ਨੂੰ ਕੁਝ ਸਮੇਂ ਲਈ ਫਰੀਜ਼ ਕਰ ਦਿੱਤਾ।
ਚੋਣ ਕਮਿਸ਼ਨ ਨੇ ਭਾਰਤੀ ਜਨਤਾ ਪਾਰਟੀ ਨੂੰ ਕਮਲ ਚੋਣ ਨਿਸ਼ਾਨ ਦਿੱਤਾ।
ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਚੱਕਰ ਅਤੇ ਹਾਥੀ ਚੋਣ ਨਿਸ਼ਾਨ ਦੇਣ ਦੀ ਬੇਨਤੀ ਕੀਤੀ ਸੀ, ਜਿਸ ਨੂੰ ਚੋਣ ਕਮਿਸ਼ਨ ਨੇ ਸਵੀਕਾਰ ਨਹੀਂ ਕੀਤਾ ਸੀ।
ਚੰਦਰਸ਼ੇਖਰ ਨੇ ਚੋਣ ਕਮਿਸ਼ਨ ਨੂੰ ਚੋਣ ਨਿਸ਼ਾਨ ਫਰੀਜ਼ ਕਰਨ ਦੇ ਫ਼ੈਸਲੇ ਦੀ ਸਮੀਖਿਆ ਕਰਨ ਦੀ ਬੇਨਤੀ ਕੀਤੀ।
ਛੇ ਮਹੀਨਿਆਂ ਬਾਅਦ, ਚੋਣ ਕਮਿਸ਼ਨ ਚੰਦਰਸ਼ੇਖਰ ਦੀ ਬੇਨਤੀ 'ਤੇ ਸਹਿਮਤ ਹੋ ਗਿਆ ਅਤੇ ਹਲਧਰ ਕਿਸਾਨ ਚੋਣ ਨਿਸ਼ਾਨ ਨੂੰ ਦੁਬਾਰਾ ਰੱਦ ਕਰ ਦਿੱਤਾ, ਪਰ ਰਾਸ਼ਟਰੀ ਪਾਰਟੀ ਵਜੋਂ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਬਰਕਰਾਰ ਰਹੀ।
ਬਾਹਰੀ ਆਗੂਆਂ ਨੂੰ ਤਰਜੀਹ

ਤਸਵੀਰ ਸਰੋਤ, Getty Images
ਸ਼ੁਰੂ ਵਿੱਚ ਭਾਰਤੀ ਜਨਤਾ ਪਾਰਟੀ ਵਿੱਚ ਗ਼ੈਰ-ਆਰਐੱਸਐੱਸ ਆਗੂਆਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ ਸੀ।
ਨਲਿਨ ਮਹਿਤਾ ਆਪਣੀ ਕਿਤਾਬ 'ਦਿ ਨਿਊ ਬੀਜੇਪੀ' ਵਿੱਚ ਲਿਖਦੇ ਹਨ, "ਭਾਜਪਾ ਨੇ ਨਾ ਸਿਰਫ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ, ਮਸ਼ਹੂਰ ਵਕੀਲ ਰਾਮ ਜੇਠਮਲਾਨੀ, ਸੁਪਰੀਮ ਕੋਰਟ ਦੇ ਸਾਬਕਾ ਜੱਜ ਕੇਐੱਸ ਹੇਗੜੇ ਅਤੇ ਸਾਬਕਾ ਕਾਂਗਰਸੀ ਆਗੂ ਸਿਕੰਦਰ ਬਖ਼ਤ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕੀਤਾ, ਸਗੋਂ ਉਨ੍ਹਾਂ ਨੂੰ ਮੰਚ 'ਤੇ ਵੀ ਜਗ੍ਹਾ ਦਿੱਤੀ।"
"ਦਿਲਚਸਪ ਗੱਲ ਇਹ ਸੀ ਕਿ ਪਾਰਟੀ ਦਾ ਸੰਵਿਧਾਨ ਬਣਾਉਣ ਵਾਲੀ ਤਿੰਨ ਮੈਂਬਰੀ ਕਮੇਟੀ ਦੇ ਦੋ ਮੈਂਬਰ ਵੀ ਸੰਘ ਤੋਂ ਬਾਹਰ ਦੇ ਸਨ।"
ਰਾਮ ਜੇਠਮਲਾਨੀ ਵੰਡ ਤੋਂ ਬਾਅਦ ਸਿੰਧ ਤੋਂ ਸ਼ਰਨਾਰਥੀ ਵਜੋਂ ਆਏ ਸਨ ਜਦੋਂ ਕਿ ਸਿਕੰਦਰ ਬਖ਼ਤ ਦਿੱਲੀ ਦੇ ਰਹਿਣ ਵਾਲੇ ਮੁਸਲਮਾਨ ਸਨ।
ਇਹ ਸਿਕੰਦਰ ਬਖ਼ਤ ਹੀ ਸੀ ਜਿਸ ਨੇ ਪਾਰਟੀ ਪ੍ਰਧਾਨ ਵਜੋਂ ਵਾਜਪਾਈ ਦੇ ਨਾਂ ਦੀ ਤਜਵੀਜ਼ ਰੱਖੀ ਸੀ, ਜਿਸ ਦਾ ਰਾਜਸਥਾਨ ਭਾਜਪਾ ਆਗੂ ਭੈਰੋਂ ਸਿੰਘ ਸ਼ੇਖਾਵਤ ਨੇ ਸਮਰਥਨ ਕੀਤਾ ਸੀ।
'ਗਾਂਧੀਵਾਦੀ ਸਮਾਜਵਾਦ' ਅਪਣਾਇਆ

ਤਸਵੀਰ ਸਰੋਤ, Getty Images
ਭਾਜਪਾ ਦੇ ਜਨਮ ਤੋਂ ਪਹਿਲਾਂ ਇਸ ਗੱਲ 'ਤੇ ਬਹਿਸ ਚੱਲ ਰਹੀ ਸੀ ਕਿ ਨਵੀਂ ਪਾਰਟੀ ਦਾ ਨਾਂ ਕੀ ਰੱਖਿਆ ਜਾਣਾ ਚਾਹੀਦਾ ਹੈ।
ਵਾਜਪਾਈ ਨਵੀਂ ਵਿਚਾਰਧਾਰਾ ਦੇ ਨਾਲ-ਨਾਲ ਪਾਰਟੀ ਦਾ ਨਵਾਂ ਨਾਂ ਵੀ ਚਾਹੁੰਦੇ ਸਨ।
ਭਾਜਪਾ ਦੇ ਅਧਿਕਾਰਤ ਦਸਤਾਵੇਜ਼ਾਂ ਮੁਤਾਬਕ ਜਦੋਂ ਪਾਰਟੀ ਦੇ ਪਹਿਲੇ ਸੈਸ਼ਨ ਵਿੱਚ ਆਏ ਲੋਕਾਂ ਤੋਂ ਪਾਰਟੀ ਦਾ ਨਾਂ ਪੁੱਛਿਆ ਗਿਆ ਤਾਂ ਤਿੰਨ ਹਜ਼ਾਰ ਮੈਂਬਰਾਂ ਵਿੱਚੋਂ ਸਿਰਫ਼ 6 ਨੇ ਹੀ ਪੁਰਾਣਾ ਨਾਂ ਜਨ ਸੰਘ ਜਾਰੀ ਰੱਖਣ ਦਾ ਸਮਰਥਨ ਕੀਤਾ।
ਆਖਰਕਾਰ ਨਾਂ ਭਾਰਤੀ ਜਨਤਾ ਪਾਰਟੀ ਰੱਖਣ 'ਤੇ ਸਹਿਮਤੀ ਬਣੀ। ਵਿਚਾਰਧਾਰਕ ਤੌਰ 'ਤੇ ਪਾਰਟੀ ਨੇ 'ਗਾਂਧੀਵਾਦੀ ਸਮਾਜਵਾਦ' ਅਪਣਾਇਆ ਪਰ ਸ਼ੁਰੂ ਵਿਚ ਪਾਰਟੀ ਦੇ ਕਈ ਖੇਮਿਆਂ ਵਿੱਚ ਇਸ ਨੂੰ ਸਮਰਥਨ ਨਹੀਂ ਮਿਲਿਆ।
ਕਿੰਸ਼ੁਕ ਨਾਗ ਲਿਖਦੇ ਹਨ, "ਵਿਜੇਰਾਜੇ ਸਿੰਧੀਆ ਦੀ ਅਗਵਾਈ ਹੇਠ ਭਾਜਪਾ ਦੇ ਬਹੁਤ ਸਾਰੇ ਆਗੂ 'ਸਮਾਜਵਾਦ' ਸ਼ਬਦ ਦੀ ਵਰਤੋਂ ਕਰਨ ਬਾਰੇ ਸੰਦੇਹਵਾਦੀ ਸਨ ਕਿਉਂਕਿ ਇਸ ਨੇ ਕਮਿਊਨਿਸਟਾਂ ਨਾਲ ਵਿਚਾਰਧਾਰਕ ਗਠਜੋੜ ਦਾ ਪ੍ਰਭਾਵ ਦਿੱਤਾ, ਜਿਸ ਤੋਂ ਆਰਐੱਸਐੱਸ ਹਰ ਕਾਰਨਾਂ ਕਰਕੇ 'ਤੇ ਦੂਰ ਰਹਿਣਾ ਚਾਹੁੰਦਾ ਸੀ।

ਕੁਝ ਹੋਰ ਆਗੂਆਂ ਦਾ ਵਿਚਾਰ ਸੀ, "ਗਾਂਧੀਵਾਦੀ ਸਮਾਜਵਾਦ' ਅਪਣਾਉਣ ਨਾਲ ਪਾਰਟੀ 'ਤੇ ਕਾਂਗਰਸ ਦੀ ਵਿਚਾਰਧਾਰਾ ਦੀ ਨਕਲ ਕਰਨ ਅਤੇ ਅਪਣਾਉਣ ਦਾ ਇਲਜ਼ਾਮ ਲਗਾਇਆ ਜਾਵੇਗਾ।"
ਇਹ ਵੀ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਆਰਐੱਸਐੱਸ ਮੁਖੀ ਬਾਲਾ ਸਾਹਿਬ ਦੇਵਰਸ ਵੀ 'ਗਾਂਧੀਵਾਦੀ ਸਮਾਜਵਾਦ' ਅਪਣਾਉਣ ਦੇ ਹੱਕ ਵਿੱਚ ਨਹੀਂ ਸਨ ਪਰ ਬਾਅਦ ਵਿੱਚ ਉਹ ਇਸ ਲਈ ਸਹਿਮਤ ਹੋ ਗਏ ਸਨ।
ਕਿੰਸ਼ੂਕ ਨਾਗ ਲਿਖਦੇ ਹਨ, "ਆਰਐੱਸਐੱਸ ਦੇ ਲੋਕ ਗ਼ੈਰ-ਹਿੰਦੂਆਂ ਨੂੰ ਜਿਨ੍ਹਾਂ ਵਿੱਚ ਮੁਸਲਮਾਨ ਵੀ ਸ਼ਾਮਲ ਸਨ, ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਖੁਸ਼ ਨਹੀਂ ਸਨ।"
"ਪਰ ਇਸ ਦੇ ਬਾਵਜੂਦ ਪਾਰਟੀ ਵਿੱਚ ਇਸ ਗੱਲ ਦਾ ਜ਼ੋਰ ਸੀ ਕਿ ਜਨ ਸੰਘ ਦੀ ਪੁਰਾਣੀ ਵਿਚਾਰਧਾਰਾ ਨੂੰ ਭੁਲਾ ਕੇ ਨਵੀਂ ਸ਼ੁਰੂਆਤ ਕੀਤੀ ਜਾਵੇ।"
"ਸ਼ਾਇਦ ਇਸੇ ਲਈ ਪਾਰਟੀ ਮੰਚ 'ਤੇ ਸ਼ਿਆਮਾ ਪ੍ਰਸਾਦ ਮੁਖਰਜੀ ਅਤੇ ਦੀਨਦਿਆਲ ਉਪਾਧਿਆਏ ਦੀਆਂ ਤਸਵੀਰਾਂ ਦੇ ਨਾਲ ਜੈਪ੍ਰਕਾਸ਼ ਨਾਰਾਇਣ ਦੀਆਂ ਤਸਵੀਰਾਂ ਵੀ ਦਿਖਾਈਆਂ ਗਈਆਂ ਸਨ।"
ਬੰਬਈ ਵਿੱਚ ਪਾਰਟੀ ਦੀ ਕਨਵੈਨਸ਼ਨ ਬੁਲਾਈ ਗਈ

ਤਸਵੀਰ ਸਰੋਤ, Getty Images
ਦਸੰਬਰ 1980 ਦੇ ਆਖ਼ਰੀ ਹਫ਼ਤੇ ਬੰਬਈ ਵਿਚ ਪਾਰਟੀ ਦਾ ਪੂਰਨ ਇਜਲਾਸ ਬੁਲਾਇਆ ਗਿਆ, ਜਿਸ ਵਿਚ ਹਜ਼ਾਰਾਂ ਪਾਰਟੀ ਮੈਂਬਰਾਂ ਨੇ ਸ਼ਿਰਕਤ ਕੀਤੀ।
ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਆਤਮਕਥਾ 'ਮਾਈ ਕੰਟਰੀ, ਮਾਈ ਲਾਈਫ' ਵਿੱਚ ਦਾਅਵਾ ਕੀਤਾ ਹੈ ਕਿ ਉਦੋਂ ਤੱਕ ਦੇਸ਼ ਭਰ ਵਿੱਚ 25 ਲੱਖ ਲੋਕ ਭਾਰਤੀ ਜਨਤਾ ਪਾਰਟੀ ਦੇ ਮੈਂਬਰ ਬਣ ਚੁੱਕੇ ਸਨ।
ਜਨ ਸੰਘ ਦੇ ਸਿਖਰ 'ਤੇ ਵੀ ਪਾਰਟੀ ਮੈਂਬਰਾਂ ਦੀ ਗਿਣਤੀ 16 ਲੱਖ ਤੋਂ ਵੱਧ ਨਹੀਂ ਸੀ।
ਸੁਮਿਤ ਮਿੱਤਰਾ ਨੇ 31 ਜਨਵਰੀ 1981 ਨੂੰ ਇੰਡੀਆ ਟੂਡੇ ਵਿੱਚ ਛਪੀ ਆਪਣੀ ਰਿਪੋਰਟ 'ਬੀਜੇਪੀ ਕਨਵੈਨਸ਼ਨ, ਓਲਡ ਵਾਈਨ ਇਨ ਨਿਊ ਬਾਟਲ' ਵਿੱਚ ਲਿਖਿਆ ਸੀ, "ਭਾਜਪਾ ਦੇ ਕੁੱਲ 54632 ਪ੍ਰਤੀਨਿਧੀਆਂ ਵਿੱਚੋਂ 73 ਫ਼ੀਸਦੀ ਪੰਜ ਸੂਬਿਆਂ ਮਹਾਰਾਸ਼ਟਰ, ਮੱਧ ਪ੍ਰਦੇਸ਼, ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਬਿਹਾਰ ਤੋਂ ਆਏ ਸਨ।"
"ਬੰਬਈ ਦੇ ਬਾਂਦਰਾ ਰਿਕਲੇਮੇਸ਼ਨ ਖੇਤਰ ਵਿੱਚ ਇੱਕ ਅਸਥਾਈ ਬੰਦੋਬਸਤ ਕੀਤਾ ਗਿਆ ਸੀ।"

ਕਾਨਫਰੰਸ 28 ਦਸੰਬਰ ਨੂੰ ਸ਼ੁਰੂ ਹੋਈ ਸੀ ਅਤੇ 40 ਹਜ਼ਾਰ ਲੋਕਾਂ ਲਈ ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ।
ਦੁਪਹਿਰ ਤੱਕ 44 ਹਜ਼ਾਰ ਡੈਲੀਗੇਟ ਮੀਟਿੰਗ ਵਾਲੀ ਥਾਂ 'ਤੇ ਪਹੁੰਚ ਚੁੱਕੇ ਸਨ। ਸ਼ਾਮ ਤੱਕ ਹੋਰ ਨੁਮਾਇੰਦਿਆਂ ਦੇ ਪਹੁੰਚਣ ਦੀ ਉਮੀਦ ਸੀ।
ਪਾਰਟੀ ਦੇ ਜਨਰਲ ਸਕੱਤਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਬੇਨਤੀ ਕਰਨੀ ਪਈ ਕਿ ਜੇ ਹੋ ਸਕੇ ਤਾਂ ਪਾਰਟੀ ਮੈਂਬਰ ਮੀਟਿੰਗ ਵਾਲੀ ਥਾਂ ਤੋਂ ਬਾਹਰ ਖਾਣਾ ਖਾਣ।
ਵਾਜਪਾਈ ਨੂੰ ਰਸਮੀ ਤੌਰ 'ਤੇ ਸ਼ਿਵਾਜੀ ਪਾਰਕ ਲਿਜਾਇਆ ਗਿਆ

ਤਸਵੀਰ ਸਰੋਤ, Getty Images
ਮੀਟਿੰਗ ਵਾਲੀ ਹਰ ਜਗ੍ਹਾ ਪਾਰਟੀ ਦੇ ਨਵੇਂ ਝੰਡੇ ਲਗਾਏ ਗਏ। ਇਸ ਦਾ ਇੱਕ ਤਿਹਾਈ ਹਿੱਸਾ ਹਰਾ ਅਤੇ ਦੋ ਤਿਹਾਈ ਭਗਵਾ ਸੀ।
28 ਦਸੰਬਰ 1980 ਦੀ ਸ਼ਾਮ ਨੂੰ 28 ਏਕੜ ਵਿੱਚ ਫ਼ੈਲੇ ਸ਼ਿਵਾਜੀ ਪਾਰਕ ਵਿੱਚ ਪਾਰਟੀ ਦਾ ਇੱਕ ਖੁੱਲ੍ਹਾ ਇਜਲਾਸ ਹੋਇਆ, ਜਿਸ ਵਿੱਚ ਆਮ ਲੋਕਾਂ ਨੂੰ ਵੀ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।
ਵਿਨੈ ਸੀਤਾਪਤੀ ਆਪਣੀ ਕਿਤਾਬ 'ਜੁਗਲਬੰਦੀ, ਦਿ ਬੀਜੇਪੀ ਬਿਫੋਰ ਮੋਦੀ' ਵਿੱਚ ਲਿਖਦੇ ਹਨ, "ਪਾਰਟੀ ਦੇ ਨਵੇਂ ਪ੍ਰਧਾਨ ਅਟਲ ਬਿਹਾਰੀ ਵਾਜਪਾਈ ਨੇ ਮੀਟਿੰਗ ਵਾਲੀ ਥਾਂ ਤੋਂ ਸ਼ਿਵਾਜੀ ਪਾਰਕ ਤੱਕ ਦੀ ਚਾਰ ਕਿਲੋਮੀਟਰ ਦੀ ਦੂਰੀ ਇੱਕ ਖੁੱਲ੍ਹੀ ਜੀਪ ਵਿੱਚ ਤੈਅ ਕੀਤੀ ਸੀ।"
"ਸਥਾਨਕ ਲੋਕਾਂ ਅਤੇ ਹਿੰਦੂ ਰਾਸ਼ਟਰਵਾਦ ਦੀ ਭਾਵਨਾ ਨੂੰ ਦਰਸਾਉਣ ਲਈ, ਇੱਕ ਮਰਾਠੀ ਸੈਨਿਕ ਦੇ ਰੂਪ ਵਿੱਚ ਇੱਕ ਆਦਮੀ ਘੋੜੇ 'ਤੇ ਸਵਾਰ ਹੋ ਕੇ ਅਗਵਾਈ ਵਿੱਚ ਚੱਲ ਰਿਹਾ ਸੀ।"
"ਉਸ ਦੇ ਪਿੱਛੇ ਟਰੱਕਾਂ ਦਾ ਕਾਫਲਾ ਸੀ, ਟਰੱਕਾਂ 'ਤੇ ਦੀਨਦਿਆਲ ਉਪਾਧਿਆਏ ਅਤੇ ਜੈ ਪ੍ਰਕਾਸ਼ ਨਰਾਇਣ ਦੀਆਂ ਤਸਵੀਰਾਂ ਸਨ।"
ਆਰਐੱਸਐੱਸ ਮੁਖੀ ਬਾਲਾ ਸਾਹਿਬ ਦੇਵਰਸ ਦੇ ਭਰਾ ਭਾਓਰਾਵ ਦੇਵਰਸ ਵੀ ਉਥੇ ਮੌਜੂਦ ਸਨ।
ਉਥੇ ਮੌਜੂਦ ਆਰਐੱਸਐੱਸ ਆਗੂ ਸ਼ੇਸ਼ਾਦਰੀ ਚਾਰੀ ਨੇ ਮੰਨਿਆ ਕਿ ਜੈਪ੍ਰਕਾਸ਼ ਨਰਾਇਣ ਦੇ 'ਗਾਂਧੀਵਾਦੀ ਸਮਾਜਵਾਦ' ਨੂੰ ਹਜ਼ਮ ਕਰਨਾ ਉਨ੍ਹਾਂ ਲਈ ਥੋੜ੍ਹਾ ਔਖਾ ਸੀ।
ਪ੍ਰਵੀਨ ਤੋਗੜੀਆ ਨੇ ਇੱਕ ਇੰਟਰਵਿਊ ਵਿੱਚ ਇਹ ਵੀ ਕਿਹਾ ਸੀ, "ਜਿਆਦਾਤਰ ਭਾਜਪਾ ਮੈਂਬਰ ਗਾਂਧੀਵਾਦੀ ਸਮਾਜਵਾਦ ਅਤੇ ਪਾਰਟੀ ਦੇ ਝੰਡੇ ਨੂੰ ਬਦਲਣ ਨਾਲ ਸਹਿਮਤ ਨਹੀਂ ਸਨ। ਮੈਂ ਇਹ ਜਾਣਦਾ ਸੀ ਕਿਉਂਕਿ ਮੈਂ ਉਸ ਸਮੇਂ ਸੰਘ ਦਾ ਇੱਕ ਵਲੰਟੀਅਰ ਹੁੰਦਾ ਸੀ।"
"ਇਹ ਅਸਹਿਮਤੀ ਵਿਆਪਕ ਸੀ ਪਰ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। "
ਵਿਜੇਰਾਜੇ ਸਿੰਧੀਆ ਦਾ ਸਖ਼ਤ ਵਿਰੋਧ

ਤਸਵੀਰ ਸਰੋਤ, Getty Images
ਪਾਰਟੀ ਦੇ ਸੀਨੀਅਰ ਆਗੂ ਵਿਜੇਰਾਜੇ ਸਿੰਧੀਆ ਨੇ ਪਾਰਟੀ ਦੀ ਨਵੀਂ ਵਿਚਾਰਧਾਰਾ ਪ੍ਰਤੀ ਆਪਣਾ ਵਿਰੋਧ ਛੁਪਾਇਆ ਨਹੀਂ ਸੀ।
ਉਨ੍ਹਾਂ ਦੇ ਵਿਚਾਰ ਵਿਚ ਇੰਦਰਾ ਗਾਂਧੀ ਦੇ ਸਮਾਜਵਾਦ ਨੇ ਰਿਆਸਤਾਂ ਦੀ ਸੱਤਾ ਖੋਹ ਲਈ ਸੀ।
ਉਨ੍ਹਾਂ ਨੇ ਆਪਣਾ ਪੰਜ ਪੰਨਿਆਂ ਦਾ ਵਿਰੋਧ ਖਰੜਾ ਵੰਡਦਿਆਂ ਕਿਹਾ ਕਿ 'ਗਾਂਧੀਵਾਦੀ ਸਮਾਜਵਾਦ' ਦਾ ਨਾਅਰਾ ਆਮ ਭਾਜਪਾ ਵਰਕਰਾਂ ਵਿੱਚ ਭਰਮ ਪੈਦਾ ਕਰੇਗਾ ਕਿਉਂਕਿ ਇਹ ਨਾਅਰਾ ਸਿਰਫ਼ ਅਗਾਂਹਵਧੂ ਵਿਖਾਈ ਦੇਣ ਲਈ ਲਿਆਂਦਾ ਗਿਆ ਸੀ। ਇਸ ਨਾਲ ਭਾਜਪਾ ਕਾਂਗਰਸ ਦੀ ਫ਼ੋਟੋ ਕਾਪੀ ਬਣ ਜਾਵੇਗੀ ਅਤੇ ਇਸ ਦੀ ਮੌਲਿਕਤਾ ਤਬਾਹ ਹੋ ਜਾਵੇਗੀ।
ਉਨ੍ਹਾਂ ਨੇ ਬਾਅਦ ਵਿੱਚ ਆਪਣੀ ਕਿਤਾਬ 'ਰਾਇਲ ਟੂ ਪਬਲਿਕ ਲਾਈਫ਼' ਵਿੱਚ ਲਿਖਿਆ, "ਮੈਂ ਇਸ ਤਬਦੀਲੀ ਦਾ ਵਿਰੋਧ ਦਰਜ ਕਰਵਾਇਆ ਸੀ ਪਰ ਇਸ ਦੇ ਬਾਵਜੂਦ ਇਸ ਨੂੰ ਬੰਬਈ ਕਾਨਫ਼ਰੰਸ ਵਿੱਚ ਪਾਰਟੀ ਦੇ ਮਾਰਗਦਰਸ਼ਕ ਸਿਧਾਂਤ ਵਜੋਂ ਸਵੀਕਾਰ ਕੀਤਾ ਗਿਆ ਸੀ।"
"ਪਾਰਟੀ ਦੇ ਕਈ ਆਗੂਆਂ ਦਾ ਮੰਨਣਾ ਸੀ ਕਿ ਹੁਣ ਜਦੋਂ ਅਸੀਂ ਜਨਤਾ ਪਾਰਟੀ ਤੋਂ ਬਾਹਰ ਆ ਗਏ ਹਾਂ, ਤਾਂ 'ਗਾਂਧੀਵਾਦੀ ਸਮਾਜਵਾਦ' ਦਾ ਸਹਾਰਾ ਲੈਣ ਦੀ ਕੋਈ ਲੋੜ ਨਹੀਂ ਹੈ।"

ਤਸਵੀਰ ਸਰੋਤ, Getty Images
ਕ੍ਰਿਸਟੋਫਰ ਜੈਫ਼ਰੇਲੇਟ ਆਪਣੀ ਕਿਤਾਬ 'ਦਿ ਹਿੰਦੂ ਨੈਸ਼ਨਲਿਸਟ ਮੂਵਮੈਂਟ ਐਂਡ ਇੰਡੀਅਨ ਪੋਲੀਟਿਕਸ' ਵਿੱਚ ਲਿਖਦੇ ਹਨ, "ਆਖ਼ਰਕਾਰ ਇੱਕ ਵਿਚਕਾਰਲਾ ਰਸਤਾ ਲੱਭਿਆ ਗਿਆ ਅਤੇ ਰਾਜਮਾਤਾ ਨੂੰ ਜਨਤਕ ਤੌਰ 'ਤੇ ਆਪਣਾ ਵਿਰੋਧ ਪੱਤਰ ਵਾਪਸ ਲੈਣ ਲਈ ਮਨਾ ਲਿਆ ਗਿਆ।"
"ਉਨ੍ਹਾਂ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਐਲਾਨ ਕੀਤਾ ਕਿ ਪਾਰਟੀ ਦੇ ਸੀਨੀਅਰ ਆਗੂਆਂ ਨੇ ਉਨ੍ਹਾਂ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਭਾਜਪਾ ਦਾ ਸਮਾਜਵਾਦ ਮਾਰਕਸ ਦੇ ਸਮਾਜਵਾਦ ਦੇ ਬਿਲਕੁਲ ਉਲਟ ਹੈ।"
ਇਹ ਕਿਹਾ ਗਿਆ ਸੀ ਕਿ ਭਾਜਪਾ ਦਾ ਸਮਾਜਵਾਦ ਦੀਨਦਿਆਲ ਉਪਾਧਿਆਏ ਦੇ 'ਲੋਕ ਭਲਾਈ' ਅਤੇ 'ਏਕੀਕ੍ਰਿਤ ਮਾਨਵਵਾਦ' ਦਾ ਹਵਾਲਾ ਦਿੰਦਾ ਹੈ।
ਵਾਜਪਾਈ ਨੇ ਇਸ ਸਾਰੀ ਬਹਿਸ ਵਿੱਚ ਦਖ਼ਲ ਦਿੰਦਿਆਂ ਕਿਹਾ ਕਿ ਪਾਰਟੀ 'ਗਾਂਧੀਵਾਦੀ ਸਮਾਜਵਾਦ' ਦੀ ਆਪਣੀ ਵਿਚਾਰਧਾਰਾ ਤੋਂ ਪਿੱਛੇ ਨਹੀਂ ਹਟੇਗੀ।
'ਸਕਾਰਾਤਮਕ ਧਰਮ ਨਿਰਪੱਖਤਾ' ਦੀ ਵਕਾਲਤ

ਤਸਵੀਰ ਸਰੋਤ, Getty Images
30 ਦਸੰਬਰ ਦੀ ਰਾਤ ਨੂੰ ਆਪਣੇ ਭਾਸ਼ਣ ਵਿੱਚ, ਵਾਜਪਾਈ ਨੇ ਐਲਾਨ ਕੀਤਾ ਕਿ ਭਾਜਪਾ ਨੇ ਬਾਬਾ ਸਾਹਿਬ ਅੰਬੇਡਕਰ ਦੇ ਬਰਾਬਰੀ ਦੇ ਸਿਧਾਂਤ ਨੂੰ ਅਪਣਾ ਲਿਆ ਹੈ।
ਉਨ੍ਹਾਂ ਨੇ ਆਪਣੀ ਪਾਰਟੀ ਦੇ 'ਸਕਾਰਾਤਮਕ ਧਰਮ ਨਿਰਪੱਖਤਾ' ਦੇ ਸੰਕਲਪ ਨੂੰ ਵੀ ਸਪੱਸ਼ਟ ਕੀਤਾ।
ਇਹ 17ਵੀਂ ਸਦੀ ਵਿੱਚ ਮਰਾਠਾ ਰਾਜਾ ਸ਼ਿਵਾਜੀ ਵੱਲੋਂ ਘੱਟ ਗਿਣਤੀਆਂ ਪ੍ਰਤੀ ਅਪਣਾਈ ਗਈ ਨੀਤੀ ਦੇ ਅਧਾਰ 'ਤੇ ਸੀ।
ਵਾਜਪਾਈ ਨੇ ਕਿਹਾ ਕਿ ਆਗਰਾ ਵਿੱਚ ਛਤਰਪਤੀ ਸ਼ਿਵਾਜੀ ਦੀ ਹਿਰਾਸਤ ਦੌਰਾਨ ਉਨ੍ਹਾਂ ਦਾ ਨੌਕਰ ਮੁਸਲਮਾਨ ਸੀ।
ਵਾਜਪਾਈ ਨੇ ਕਿਹਾ ਕਿ 1661 ਵਿੱਚ ਸ਼ਿਵਾਜੀ ਨੇ ਆਪਣੀ ਕੋਂਕਣ ਮੁਹਿੰਮ ਕੇਲਸ਼ੀ ਦੇ ਮੁਸਲਮਾਨ ਸੰਤ ਯਾਕੁਤਬਾਬਾ ਦੇ ਆਸ਼ੀਰਵਾਦ ਨਾਲ ਸ਼ੁਰੂ ਕੀਤੀ ਸੀ।
ਅਟਲ ਬਿਹਾਰੀ ਵਾਜਪਾਈ ਨੇ ਕਿਹਾ ਸੀ, "ਜਨਤਾ ਪਾਰਟੀ ਭਾਵੇਂ ਟੁੱਟ ਗਈ ਹੋਵੇ ਪਰ ਅਸੀਂ ਜੈਪ੍ਰਕਾਸ਼ ਨਰਾਇਣ ਦੇ ਸੁਪਨਿਆਂ ਨੂੰ ਕਦੇ ਟੁੱਟਣ ਨਹੀਂ ਦੇਵਾਂਗੇ।"
ਉਨ੍ਹਾਂ ਅਖ਼ਬਾਰਾਂ ਵਿੱਚ ਛਪੀਆਂ ਖ਼ਬਰਾਂ ਦਾ ਖੰਡਨ ਕੀਤਾ ਕਿ 'ਗਾਂਧੀਵਾਦੀ ਸਮਾਜਵਾਦ' ਨੂੰ ਲੈ ਕੇ ਪਾਰਟੀ ਵਿੱਚ ਕੋਈ ਮਤਭੇਦ ਹੈ। ਇਸ ਸ਼ਬਦ ਦਾ ਮੂਲ ਅਰਥ ਪੂੰਜੀਵਾਦ ਅਤੇ ਕਮਿਊਨਿਜ਼ਮ ਨੂੰ ਰੱਦ ਕਰਨਾ ਹੈ।
ਵਾਜਪਾਈ ਦੇ ਭਾਸ਼ਣ ਦੇ ਆਖਰੀ ਸ਼ਬਦ ਸਨ, "ਪੱਛਮੀ ਘਾਟ 'ਤੇ ਸਮੁੰਦਰ ਦੇ ਕੰਢੇ 'ਤੇ ਖੜ੍ਹੇ ਹੋ ਕੇ, ਮੈਂ ਭਵਿੱਖ ਬਾਰੇ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਹਨੇਰਾ ਖ਼ਤਮ ਹੋਵੇਗਾ, ਸੂਰਜ ਚੜ੍ਹੇਗਾ ਅਤੇ ਕਮਲ ਖਿੜੇਗਾ।"
ਕਾਨਫਰੰਸ ਤੋਂ ਪਰਤਣ ਤੋਂ ਬਾਅਦ, ਆਨਲੂਕਰ ਮੈਗਜ਼ੀਨ ਦੇ ਸੰਪਾਦਕ ਜਨਾਰਦਨ ਠਾਕੁਰ ਨੇ ਲਿਖਿਆ, "ਮੈਂ ਭਾਜਪਾ ਦੀ ਬੰਬਈ ਕਾਨਫ਼ਰੰਸ ਤੋਂ ਇਸ ਉਮੀਦ ਨਾਲ ਵਾਪਸ ਆਇਆ ਹਾਂ ਕਿ ਇੱਕ ਦਿਨ ਅਟਲ ਬਿਹਾਰੀ ਵਾਜਪਾਈ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ।"
"ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਪ੍ਰਧਾਨ ਮੰਤਰੀ ਬਣ ਸਕਦੇ ਹਨ। ਮੈਂ ਕਹਿ ਰਿਹਾ ਹਾਂ ਕਿ ਉਹ ਪ੍ਰਧਾਨ ਮੰਤਰੀ ਜ਼ਰੂਰ ਬਣਨਗੇ।"
"ਮੇਰੀ ਭਵਿੱਖਬਾਣੀ ਕਿਸੇ ਜੋਤਸ਼ ਵਿਦਿਆ 'ਤੇ ਆਧਾਰਿਤ ਨਹੀਂ ਹੈ ਕਿਉਂਕਿ ਮੈਂ ਕੋਈ ਜੋਤਸ਼ੀ ਨਹੀਂ ਹਾਂ। ਮੈਂ ਇਹ ਮੁਲਾਂਕਣ ਉਨ੍ਹਾਂ ਅਤੇ ਉਨ੍ਹਾਂ ਦੀ ਪਾਰਟੀ ਨੂੰ ਬਹੁਤ ਧਿਆਨ ਨਾਲ ਦੇਖਣ ਤੋਂ ਬਾਅਦ ਕੀਤਾ ਹੈ।"
"ਵਾਜਪਾਈ ਪਾਰਟੀ ਦੇ ਭਵਿੱਖ ਆਗੂ ਹਨ।''
ਮੁਹੰਮਦ ਕਰੀਮ ਚਾਗਲਾ ਦਾ ਭਾਜਪਾ ਨੂੰ ਸਮਰਥਨ

ਤਸਵੀਰ ਸਰੋਤ, Getty Images
ਇਸ ਭਾਸ਼ਣ ਦੌਰਾਨ ਮੁੱਖ ਮਹਿਮਾਨ ਮੁਹੰਮਦ ਕਰੀਮ ਚਾਗਲਾ ਸਨ, ਜੋ ਨਹਿਰੂ ਅਤੇ ਇੰਦਰਾ ਦੀ ਕੈਬਨਿਟ ਵਿੱਚ ਮੰਤਰੀ ਰਹਿ ਚੁੱਕੇ ਸਨ।
ਵੰਡ ਤੋਂ ਪਹਿਲਾਂ ਚਾਗਲਾ ਨੇ ਮੁਹੰਮਦ ਅਲੀ ਜਿਨਾਹ ਦੇ ਸਹਾਇਕ ਦੀ ਭੂਮਿਕਾ ਵੀ ਨਿਭਾਈ ਸੀ।
ਆਪਣੀ ਸਵੈ-ਜੀਵਨੀ 'ਰੋਜ਼ੇਜ਼ ਇਨ ਦਸੰਬਰ' ਵਿੱਚ ਉਨਾਂ ਨੇ ਲਿਖਿਆ, "ਉਸ ਸਮੇਂ, ਜਿਨਾਹ ਸਿਆਸਤ ਅਤੇ ਕਾਨੂੰਨ ਦੋਵਾਂ ਖੇਤਰਾਂ ਵਿੱਚ ਮੇਰੇ ਆਦਰਸ਼ ਹੁੰਦੇ ਸਨ।"
"ਜਦੋਂ ਤੱਕ ਉਹ ਰਾਸ਼ਟਰਵਾਦੀ ਰਹੇ, ਮੈਂ ਉਨ੍ਹਾਂ ਦੇ ਨਾਲ ਰਿਹਾ, ਪਰ ਜਿਵੇਂ-ਜਿਵੇਂ ਉਹ ਫਿਰਕਾਪ੍ਰਸਤ ਬਣ ਗਏ ਅਤੇ ਦੋ- ਦੇਸ਼ਾਂ ਦੇ ਸਿਧਾਂਤ ਦੀ ਵਕਾਲਤ ਕਰਨ ਲੱਗੇ, ਮੇਰੇ ਅਤੇ ਉਨ੍ਹਾਂ ਦੇ ਰਾਹ ਵੱਖੋ-ਵੱਖਰੇ ਹੋਣੇ ਸ਼ੁਰੂ ਹੋ ਗਏ।"
ਚਾਗਲਾ ਨੇ ਜਿਨਾਹ ਨੂੰ ਕਿਹਾ, ਪਾਕਿਸਤਾਨ ਮੁੱਖ ਤੌਰ 'ਤੇ ਮੁਸਲਿਮ ਬਹੁਗਿਣਤੀ ਵਾਲੇ ਦੇਸ਼ ਦੇ ਹਿੱਤ ਵਿੱਚ ਹੋਵੇਗਾ, ਪਰ ਉਨ੍ਹਾਂ ਮੁਸਲਮਾਨਾਂ ਦਾ ਕੀ ਹੋਵੇਗਾ ਜੋ ਘੱਟ ਗਿਣਤੀ ਬਣ ਕੇ ਰਹਿ ਰਹੇ ਹਨ?
ਜਿਨਾਹ ਦਾ ਜਵਾਬ ਸੀ, 'ਮੈਨੂੰ ਉਨ੍ਹਾਂ ਦੀ ਹਾਲਤ ਵਿੱਚ ਕੋਈ ਦਿਲਚਸਪੀ ਨਹੀਂ।' (ਰੋਜ਼ੇਡ਼ ਇਨ ਦਸੰਬਰ ਸਫ਼ਾ ਨੰਬਰ 78-80 ਵਿੱਚ ਦਰਜ ਮੁਤਾਬਕ)।
ਮੈਗਜ਼ੀਨ 'ਦਿ ਭਵਨਸ ਜਰਨਲ' ਦੇ ਸਤੰਬਰ 1979 ਦੇ ਅੰਕ ਵਿੱਚ, ਚਾਗਲਾ ਨੇ ਲਿਖਿਆ ਸੀ, "ਮੈਂ ਇੱਕ ਹਿੰਦੂ ਹਾਂ ਕਿਉਂਕਿ ਮੈਂ ਆਪਣੀ ਵਿਰਾਸਤ ਆਪਣੇ ਆਰੀਅਨ ਪੁਰਖਿਆਂ ਨਾਲ ਜੋੜ ਕੇ ਦੇਖਦਾ ਹਾਂ।"
"ਅਸਲ ਹਿੰਦੂਤਵ ਨੂੰ ਧਰਮ ਵਜੋਂ ਦੇਖਣਾ ਗਲਤ ਹੈ। ਇਹ ਇੱਕ ਫ਼ਲਸਫ਼ਾ ਹੈ ਅਤੇ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਹੈ।"
ਨੁਸਲੀ ਵਾਡਿਆ ਨੇ ਕਾਨਫ਼ਰੰਸ ਦਾ ਖਰਚਾ ਚੁੱਕਿਆ

ਤਸਵੀਰ ਸਰੋਤ, Getty Images
ਅਟਲ ਬਿਹਾਰੀ ਵਾਜਪਾਈ ਨੇ ਚਾਗਲਾ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਧਰਮ ਨਿਰਪੱਖਤਾ ਦੇ ਪ੍ਰਤੀਕ ਹਨ। ਜਿਨਾਹ ਨਾਲ ਕੰਮ ਕਰਦੇ ਹੋਏ ਵੀ ਉਨ੍ਹਾਂ ਨੇ ਦੋ- ਦੇਸ਼ਾਂ ਦੇ ਸਿਧਾਂਤ ਦਾ ਵਿਰੋਧ ਕੀਤਾ ਸੀ।
ਚਾਗਲਾ ਨੇ ਇਸ ਦਾ ਜਵਾਬ ਦਿੰਦਿਆਂ ਕਿਹਾ ਕਿ ਵਾਜਪਾਈ ਭਵਿੱਖ ਦੇ ਪ੍ਰਧਾਨ ਮੰਤਰੀ ਹਨ।
ਉਨ੍ਹਾਂ ਨੇ ਉਥੇ ਮੌਜੂਦ ਨੁਮਾਇੰਦਿਆਂ ਨੂੰ ਕਿਹਾ, "ਲੋਕਾਂ ਨੂੰ ਦੱਸੋ ਕਿ ਤੁਸੀਂ ਨਾ ਤਾਂ ਫਿਰਕੂ ਪਾਰਟੀ ਹੋ ਅਤੇ ਨਾ ਹੀ ਜਨ ਸੰਘ ਦਾ ਨਵਾਂ ਰੂਪ। ਤੁਸੀਂ ਇੱਕ ਰਾਸ਼ਟਰੀ ਪਾਰਟੀ ਹੋ ਜੋ ਅਗਲੀਆਂ ਚੋਣਾਂ ਵਿੱਚ ਜਾਂ ਇਸ ਤੋਂ ਪਹਿਲਾਂ ਇੰਦਰਾ ਗਾਂਧੀ ਦੀ ਥਾਂ ਲੈ ਸਕਦੀ ਹੈ।"
ਇਸ ਪੂਰੇ ਸਮਾਗਮ 'ਤੇ 20 ਲੱਖ ਰੁਪਏ ਖ਼ਰਚ ਕੀਤੇ ਗਏ, ਜੋ ਉਸ ਸਮੇਂ ਬਹੁਤ ਵੱਡੀ ਰਕਮ ਸੀ।
ਵਿਨੈ ਸੀਤਾਪਤੀ ਲਿਖਦੇ ਹਨ, "ਉਸ ਕਾਨਫ਼ਰੰਸ ਵਿੱਚ ਹਿੱਸਾ ਲੈਣ ਵਾਲੇ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਇਸ ਲਈ ਜ਼ਿਆਦਾਤਰ ਪੈਸਾ ਮਸ਼ਹੂਰ ਉਦਯੋਗਪਤੀ ਨੁਸਲੀ ਵਾਡਿਆ ਨੇ ਦਿੱਤਾ ਸੀ।"
"1970 ਦੇ ਅੰਤ ਤੱਕ ਜਿਨਾਹ ਦਾ ਪੋਤਾ ਨੁਸਲੀ ਵਾਡਿਆ ਭਾਜਪਾ ਨੂੰ ਪੈਸਾ ਦੇਣ ਵਾਲਾ ਸਭ ਤੋਂ ਵੱਡਾ ਉਦਯੋਗਪਤੀ ਬਣ ਗਿਆ ਸੀ।"
1996 ਵਿੱਚ, ਪਾਰਟੀ ਦੀ ਪਹਿਲੀ ਮੀਟਿੰਗ ਤੋਂ 16 ਸਾਲ ਬਾਅਦ, ਭਾਜਪਾ ਨੂੰ ਪਹਿਲੀ ਵਾਰ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਸੱਦਾ ਮਿਲਿਆ। ਪਰ ਪਾਰਟੀ ਸੰਸਦ ਵਿੱਚ ਆਪਣਾ ਬਹੁਮਤ ਸਾਬਤ ਨਹੀਂ ਕਰ ਸਕੀ ਅਤੇ ਅਟਲ ਬਿਹਾਰੀ ਵਾਜਪਾਈ ਨੂੰ 13 ਦਿਨਾਂ ਦੇ ਅੰਦਰ ਅਸਤੀਫਾ ਦੇਣਾ ਪਿਆ।
ਪਰ ਪਾਰਟੀ ਨੇ ਇਸ ਤੋਂ ਅਗਲੀਆਂ ਦੋ ਚੋਣਾਂ ਜਿੱਤੀਆਂ ਅਤੇ 1998 ਵਿੱਚ ਅਟਲ ਬਿਹਾਰੀ ਵਾਜਪਾਈ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਨੇ ਸਹੁੰ ਚੁੱਕੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












