ਸੁਨੀਤਾ ਵਿਲੀਅਮਜ਼ ਨੇ ਪੁਲਾੜ ਵਿੱਚ ਕਿਹੜਾ ਪੌਦਾ ਉਗਾਇਆ ਸੀ, ਇਹ ਧਰਤੀ ਨਾਲੋਂ ਪੁਲਾੜ ਵਿੱਚ ਤੇਜ਼ੀ ਨਾਲ ਕਿਉਂ ਵਧਦਾ ਹੈ

ਤਸਵੀਰ ਸਰੋਤ, Getty Images
- ਲੇਖਕ, ਅੰਮ੍ਰਿਤਾ ਪ੍ਰਸਾਦ
- ਰੋਲ, ਬੀਬੀਸੀ ਪੱਤਰਕਾਰ
ਭਾਰਤੀ ਮੂਲ ਦੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼, ਜੋ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਏ ਸੀ, 286 ਦਿਨਾਂ ਬਾਅਦ 19 ਮਾਰਚ ਨੂੰ ਧਰਤੀ 'ਤੇ ਵਾਪਸ ਪਰਤੇ ਸਨ।
ਪੁਲਾੜ ਸਟੇਸ਼ਨ 'ਤੇ ਆਪਣੇ 286 ਦਿਨਾਂ ਦੌਰਾਨ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੇ 900 ਘੰਟੇ ਪੁਲਾੜ ਖੋਜ ਕੀਤੀ ਅਤੇ 150 ਵਿਗਿਆਨਕ ਪ੍ਰਯੋਗ ਕੀਤੇ ਸਨ।
ਪੁਲਾੜ ਸਟੇਸ਼ਨ 'ਤੇ ਸਮਾਂ ਗੁਜ਼ਾਰਦਿਆਂਂ, ਉਨ੍ਹਾਂ ਨੇ ਪੁਲਾੜ ਵਿੱਚ ਪੌਦਿਆਂ 'ਤੇ ਖੋਜ ਕੀਤੀ। 'ਪਲਾਂਟ ਹੈਬੀਟੇਟ-07' ਪ੍ਰੋਜੈਕਟ ਦੇ ਤਹਿਤ, ਉਨ੍ਹਾਂ ਨੇ ਜ਼ੀਰੋ-ਗਰੈਵਿਟੀ ਵਾਤਾਵਰਣ ਵਿੱਚ 'ਰੋਮੇਨ ਲੈੱਟਸ' ਨਾਮਕ ਇੱਕ ਪੌਦਾ ਉਗਾਇਆ ਸੀ।
ਪੁਲਾੜ ਵਿੱਚ ਪੌਦੇ ਉਗਾਉਣ ਲਈ ਅਧਿਐਨ ਕਿਉਂ ਕੀਤੇ ਜਾ ਰਹੇ ਹਨ, ਅਤੇ ਕੀ ਪੌਦੇ ਪੁਲਾੜ ਵਿੱਚ ਉੱਗ ਸਕਦੇ ਹਨ?

ਪੁਲਾੜ ਵਿੱਚ ਪੌਦੇ ਉਗਾਉਣ ਦਾ ਅਧਿਐਨ ਕਿਉਂ?

ਤਸਵੀਰ ਸਰੋਤ, NASA
'ਸਪੇਸ ਐਗਰੀਕਲਚਰ' ਪੁਲਾੜ ਵਿੱਚ ਕੀਤੇ ਜਾ ਰਹੇ ਵੱਖ-ਵੱਖ ਖੋਜ ਪ੍ਰੋਜੈਕਟਾਂ ਵਿੱਚੋਂ ਇੱਕ ਹੈ। ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਇਸ 'ਤੇ ਕਈ ਅਧਿਐਨ ਕੀਤੇ ਜਾ ਰਹੇ ਹਨ।
ਪੁਲਾੜ ਯਾਤਰੀਆਂ ਲਈ ਪਹਿਲਾਂ ਤੋਂ ਪ੍ਰੋਸੈਸ ਕੀਤਾ ਭੋਜਨ ਕਾਫ਼ੀ ਮਾਤਰਾ ਵਿੱਚ ਭੇਜਿਆ ਜਾਂਦਾ ਹੈ।
ਧਰਤੀ ਤੋਂ ਕੋਹਾ ਦੂਰ ਹੋਰ ਗ੍ਰਹਿਆਂ ਅਤੇ ਅਕਾਸ਼ ਗੰਗਾ ਦੇ ਅਧਿਐਨ ਕਰਨ ਵਿੱਚ ਹਫ਼ਤੇ, ਮਹੀਨੇ ਅਤੇ ਸਾਲਾਂ ਵੀ ਲੱਗ ਸਕਦੇ ਹਨ। ਅਜਿਹੇ ਹਾਲਾਤ ਵਿੱਚ ਪੁਲਾੜ ਵਿੱਚ ਖੇਤੀ ਕਰਨਾ ਲਾਭਦਾਇਕ ਸਾਬਤ ਹੋ ਸਕਦਾ ਹੈ।
ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਅਨੁਸਾਰ ਪੁਲਾੜ ਵਿੱਚ ਪੌਦੇ ਉਗਾਉਣਾ ਲੰਬੇ ਸਮੇਂ ਦੇ ਪੁਲਾੜ ਮਿਸ਼ਨਾਂ ਅਤੇ ਦੂਜੇ ਗ੍ਰਹਿਆਂ 'ਤੇ ਮਨੁੱਖੀ ਬਸਤੀਆਂ ਲਈ ਟਿਕਾਊ ਭੋਜਨ ਸਰੋਤ ਹੋ ਸਕਦਾ ਹੈ।
ਆਕਸੀਜਨ ਅਤੇ ਪਾਣੀ ਨੂੰ ਰੀਸਾਈਕਲ ਕਰਨ ਲਈ ਵੀ ਪੁਲਾੜ ਸਟੇਸ਼ਨਾਂ 'ਤੇ ਪੌਦੇ ਉਗਾਏ ਜਾਂਦੇ ਹਨ।
ਪੌਦੇ ਕਿਵੇਂ ਉਗਾਏ ਜਾਂਦੇ ਹਨ?

ਤਸਵੀਰ ਸਰੋਤ, NASA/BBC
ਪੌਦਿਆਂ ਨੂੰ ਵਧਣ-ਫੁੱਲਣ ਲਈ ਸੂਰਜੀ ਰੌਸ਼ਨੀ, ਪਾਣੀ, ਆਕਸੀਜਨ ਅਤੇ ਮਿੱਟੀ ਦੀ ਲੋੜ ਹੁੰਦੀ ਹੈ। ਪਰ ਗਰੈਵਟੀ ਇਸ ਤੋਂ ਵੀ ਵਧੇਰੇ ਅਹਿਮ ਹੈ। ਗਰੈਵਟੀ ਕਾਰਨ ਹੀ ਜੜ੍ਹਾਂ ਹੇਠਾਂ ਵੱਲ ਵਧਦੀਆਂ ਹਨ।
ਇਹ ਪੌਦਿਆਂ ਨੂੰ ਮਿੱਟੀ ਵਿੱਚ ਮਜ਼ਬੂਤੀ ਨਾਲ ਖੜ੍ਹੇ ਹੋਣ ਵਿੱਚ ਮਦਦ ਕਰਦਾ ਹੈ। ਜ਼ਮੀਨ ਦੇ ਹੇਠਾਂ ਤੋਂ ਸੋਖਿਆ ਗਿਆ ਪਾਣੀ ਅਤੇ ਹੋਰ ਪੌਸ਼ਟਿਕ ਤੱਤ ਪੌਦੇ ਦੇ ਦੂਜੇ ਹਿੱਸਿਆਂ ਤੱਕ ਪਹੁੰਚਣ ਵਿੱਚ ਸਹਾਈ ਹੁੰਦਾ ਹੈ।
ਪੁਲਾੜ ਦੇ ਜ਼ੀਰੋ ਗਰੈਵਟੀ ਵਾਤਾਵਰਣ ਵਿੱਚ ਪੌਦੇ ਕਿਵੇਂ ਉਗਾਏ ਜਾਂਦੇ ਹਨ?
ਨਾਸਾ ਦੀਆਂ ਕੋਸ਼ਿਸ਼ਾਂ
ਅਮਰੀਕੀ ਪੁਲਾੜ ਖੋਜ ਏਜੰਸੀ ਨਾਸਾ, ਪੁਲਾੜ ਵਿੱਚ ਪੌਦੇ ਉਗਾਉਣ ਦੀਆਂ ਯੋਜਨਾਵਾਂ ਵਿੱਚ ਸਭ ਤੋਂ ਅੱਗੇ ਹੈ।
ਨਾਸਾ ਨੇ ਪੁਲਾੜ ਸਟੇਸ਼ਨ 'ਤੇ ਕਈ ਵਿਸ਼ੇਸ਼ ਅਧਿਐਨ ਕੀਤੇ ਹਨ ਅਤੇ ਨਾਸਾ ਵੱਲੋਂ ਪੁਲਾੜ ਵਿੱਚ ਕਈ ਕਿਸਮਾਂ ਦੇ ਪੌਦੇ ਸਫਲਤਾਪੂਰਵਕ ਉਗਾਏ ਜਾ ਚੁੱਕੇ ਹਨ।
ਪਹਿਲੇ ਪੜਾਅ ਵਿੱਚ, ਨਾਸਾ ਨੇ 2015 ਵਿੱਚ ਜਾਂਚ ਸ਼ੁਰੂ ਕੀਤੀ ਸੀ ਕਿ ਪੁਲਾੜ ਵਿੱਚ ਕਿਸ ਕਿਸਮ ਦੇ ਪੌਦੇ ਉਗਾਏ ਜਾ ਸਕਦੇ ਹਨ।
ਨਾਸਾ ਨੇ ਅਮਰੀਕਾ ਦੇ ਫੇਅਰਚਾਈਲਡ ਬੋਟੈਨੀਕਲ ਗਾਰਡਨ ਦੇ ਸਹਿਯੋਗ ਨਾਲ 'ਗ੍ਰੋਇੰਗ ਬਿਓਂਡ ਅਰਥ' ਪ੍ਰੋਜੈਕਟ ਸ਼ੁਰੂ ਕੀਤਾ ਸੀ।
ਇਸ ਪ੍ਰੋਜੈਕਟ ਦੇ ਤਹਿਤ, ਸਪੇਸ ਸਟੇਸ਼ਨ ਵਰਗੇ ਵਾਤਾਵਰਣ ਵਿੱਚ ਵੱਖ-ਵੱਖ ਪੌਦਿਆਂ ਦੇ ਬੀਜ ਉਗਾਉਣ ਦੇ ਯਤਨ ਕੀਤੇ ਗਏ ਸਨ।
ਨਾਸਾ ਨੇ ਜ਼ੀਰੋ-ਗਰੈਵਿਟੀ ਵਾਤਾਵਰਣ ਵਿੱਚ ਬਾਗ਼ ਬਣਾਉਣ ਲਈ ਕਈ ਪ੍ਰਯੋਗ ਕੀਤੇ ਗਏ ਸਨ।
ਸਬਜ਼ੀਆਂ ਦੇ ਉਤਪਾਦਨ ਲਈ ਵੈਜੀ ਨਾਂ ਦਾ ਇੱਕ ਵਿਸ਼ੇਸ਼ ਚੈਂਬਰ ਬਣਾਇਆ ਗਿਆ ਸੀ, ਜੋ ਕਿ ਪੁਲਾੜ ਵਿੱਚ ਪੌਦਿਆਂ ਨੂੰ ਉਗਾਉਣ ਲਈ ਸਮਾਨ ਵਾਤਾਵਰਣ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ ਸੀ।

ਤਸਵੀਰ ਸਰੋਤ, NASA
ਧਰਤੀ ਉੱਤੇ ਇੱਕ ਬਾਗ਼ ਵਾਂਗ, ਪੁਲਾੜ ਵਿੱਚ ਪੌਦੇ ਇੱਕ ਛੋਟੇ ਜਿਹੇ ਬੀਜ ਤੋਂ ਉਗਾਏ ਜਾਂਦੇ ਹਨ। ਇਸ ਪ੍ਰਣਾਲੀ ਵਿੱਚ, ਪੌਦਿਆਂ ਦੇ ਵਾਧੇ ਲਈ ਜ਼ਰੂਰੀ ਮਿੱਟੀ ਅਤੇ ਪੌਸ਼ਟਿਕ ਤੱਤ ਪਹਿਲਾਂ ਹੀ ਮੌਜੂਦ ਹੁੰਦੇ ਹਨ।
ਇਸ ਵਿੱਚ ਸਿਰਫ਼ ਪਾਣੀ ਹੀ ਪਾਉਣਾ ਹੈ। ਇਸ ਵਿਧੀ ਦੀ ਵਰਤੋਂ ਕਰਕੇ ਨਾਸਾ ਨੇ ਪੁਲਾੜ ਵਿੱਚ ਬਹੁਤ ਸਾਰੇ ਪੌਦੇ ਉਗਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਪਾਲਕ ਅਤੇ ਟਮਾਟਰ ਸ਼ਾਮਲ ਹਨ।
ਵੈਜੀ ਪ੍ਰੋਜੈਕਟ ਨਾਲ ਸਬੰਧਤ ਐਕਸ-ਰੂਟਸ ਪ੍ਰੋਜੈਕਟ ਵਿੱਚ ਤਹਿਤ ਪੌਦਿਆਂ ਨੂੰ ਮਿੱਟੀ ਅਤੇ ਹੋਰ ਜ਼ਰੂਰੀ ਕਾਰਕਾਂ ਤੋਂ ਬਿਨਾਂ ਹਾਈਡ੍ਰੋਪੋਨਿਕਸ ਜਾਂ ਏਰੋਪੋਨਿਕਸ ਤਰੀਕਿਆਂ ਦੀ ਮਦਦ ਨਾਲ ਉਗਾਇਆ ਜਾਂਦਾ ਹੈ।
ਹਾਈਡ੍ਰੋਪੋਨਿਕਸ ਵਿੱਚ, ਪੌਦੇ ਮਿੱਟੀ ਤੋਂ ਬਿਨਾਂ ਹੀ ਉਗਾਏ ਜਾਂਦੇ ਹਨ, ਸਿਰਫ਼ ਪਾਣੀ ਅਤੇ ਪੌਸ਼ਟਿਕ ਤੱਤਾਂ ਦੇ ਘੋਲ ਵਿੱਚ।
ਐਰੋਪੋਨਿਕਸ ਵਿੱਚ, ਪੌਦਿਆਂ ਦੀਆਂ ਜੜ੍ਹਾਂ ਨੂੰ ਹਵਾ ਵਿੱਚ ਲਟਕਾਇਆ ਜਾਂਦਾ ਹੈ ਅਤੇ ਉਨ੍ਹਾਂ 'ਤੇ ਪਾਣੀ ਅਤੇ ਪੌਸ਼ਟਿਕ ਤੱਤ ਛਿੜਕਿਆ ਜਾਂਦਾ ਹੈ।
ਨਾਸਾ ਐਡਵਾਂਸਡ ਪਲਾਂਟ ਹੈਬੀਟੇਟ ਨਾਂ ਦੇ ਇੱਕ ਹੋਰ ਪ੍ਰੋਜੈਕਟ ਰਾਹੀਂ ਸਪੇਸ ਸਟੇਸ਼ਨ 'ਤੇ ਵੀ ਪੌਦੇ ਉਗਾ ਰਿਹਾ ਹੈ।
ਇਸ ਪ੍ਰਣਾਲੀ ਵਿੱਚ ਪੌਦਿਆਂ ਦੇ ਵਾਧੇ ਲਈ ਜ਼ਰੂਰੀ ਸਾਰੇ ਵਾਤਾਵਰਣ ਕਾਰਕ ਸੈਂਸਰਾਂ ਦੁਆਰਾ ਨਿਯੰਤਰਿਤ ਕੀਤੇ ਜਾਂਦੇ ਹਨ।
ਇਹ ਪ੍ਰਣਾਲੀ ਪੌਦਿਆਂ ਦੇ ਵਾਧੇ ਲਈ ਅਨੁਕੂਲ ਵਾਤਾਵਰਣ ਤਿਆਰ ਕਰਦੀ ਹੈ, ਜਿਵੇਂ ਕਿ ਤਾਪਮਾਨ, ਨਮੀ, ਰੌਸ਼ਨੀ, ਕਾਰਬਨ ਡਾਈਆਕਸਾਈਡ ਅਤੇ ਹੋਰ ਵਾਤਾਵਰਣ ਦੇ ਕਾਰਕ।
ਐੱਲਈਡੀ ਲਾਈਟਿੰਗ ਅਤੇ ਸਿੰਚਾਈ ਪ੍ਰਣਾਲੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਲੈਸ, ਇਸ ਪ੍ਰਣਾਲੀ ਨੂੰ ਘੱਟੋ-ਘੱਟ ਰੱਖ-ਰਖਾਅ ਦੀ ਲੋੜ ਹੁੰਦੀ ਹੈ।
ਪੁਲਾੜ ਯਾਤਰੀਆਂ ਨੂੰ ਇਸ 'ਤੇ ਜ਼ਿਆਦਾ ਮਿਹਨਤ ਅਤੇ ਸਮਾਂ ਨਹੀਂ ਲਗਾਉਣਾ ਪੈਂਦਾ। ਨਾਸਾ ਨੇ ਇਸ ਪ੍ਰਣਾਲੀ ਰਾਹੀਂ ਮਿਰਚਾਂ, ਮੂਲੀ ਅਤੇ ਕੁਝ ਫੁੱਲ ਵੀ ਉਗਾਏ ਹਨ।
ਭਾਰਤ ਦੀ ਭੂਮਿਕਾ

ਤਸਵੀਰ ਸਰੋਤ, isro
ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਇਸ ਸਾਲ ਦੇ ਸ਼ੁਰੂ ਵਿੱਚ ਪੁਲਾੜ ਵਿੱਚ ਪੌਦਿਆਂ ਦੀ ਕਾਸ਼ਤ 'ਤੇ ਖੋਜ ਕਰਨ ਲਈ ਪੀਐਸਐੱਲਵੀ-ਸੀ60 ਪੋਇਮ-4 ਰਾਕੇਟ ਰਾਹੀਂ ਔਰਬਿਟਲ ਪਲਾਂਟ ਸਟੱਡੀਜ਼ ਲਈ ਕੰਪੈਕਟ ਰਿਸਰਚ ਮੋਡੀਊਲ ਲਾਂਚ ਕੀਤਾ ਹੈ।
ਇਸ ਪ੍ਰਯੋਗ ਲਈ, ਬੀਜਾਂ ਨੂੰ ਪੁੰਗਰਨ ਲਈ ਅਨੁਕੂਲ ਵਾਤਾਵਰਣ ਵਿੱਚ ਰੱਖਿਆ ਗਿਆ ਸੀ। ਚੌਥੇ ਦਿਨ, ਇਹ ਬੀਜ ਉਗਦੇ ਦੇਖੇ ਗਏ। ਪੰਜਵੇਂ ਦਿਨ, ਪੁੰਗਰੇ ਹੋਏ ਬੀਜਾਂ 'ਤੇ ਦੋ ਪੱਤੇ ਦਿਖਾਈ ਦਿੱਤੇ। ਇਸਨੂੰ ਇਸਰੋ ਦੇ ਮਿਸ਼ਨ ਦੀ ਸਫਲਤਾ ਮੰਨਿਆ ਜਾ ਸਕਦਾ ਹੈ।
ਇਸਰੋ ਦੇ ਸਤੀਸ਼ ਧਵਨ ਸਪੇਸ ਸੈਂਟਰ ਦੇ ਸਾਬਕਾ ਡਾਇਰੈਕਟਰ, ਪਾਂਡਿਅਨ ਦਾ ਕਹਿਣਾ ਹੈ ਕਿ ਯੂਰਪੀਅਨ ਸਪੇਸ ਏਜੰਸੀ (ਏਸਾ) ਅਤੇ ਹੋਰ ਦੇਸ਼ਾਂ ਦੇ ਪੁਲਾੜ ਖੋਜ ਸੰਗਠਨ ਵੀ ਪੁਲਾੜ ਵਿੱਚ ਪੌਦੇ ਉਗਾਉਣ ਲਈ ਤਕਨਾਲੋਜੀ ਨੂੰ ਬਿਹਤਰ ਬਣਾਉਣ ਅਤੇ ਨਵੀਆਂ ਫਸਲਾਂ ਦੀਆਂ ਕਿਸਮਾਂ ਵਿਕਸਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਪੌਦੇ ਪੁਲਾੜ ਵਿੱਚ ਤੇਜ਼ੀ ਨਾਲ ਕਿਉਂ ਵਧਦੇ ਹਨ?

ਤਸਵੀਰ ਸਰੋਤ, NASA
ਪੁਲਾੜ ਵਿੱਚ ਫਸਲਾਂ ਉਗਾਉਣ ਦੇ ਕਈ ਕਾਰਨ ਹਨ।
ਪਾਂਡਿਅਨ ਕਹਿੰਦੇ ਹਨ, "ਇਹ ਪੁਲਾੜ ਯਾਤਰੀਆਂ ਨੂੰ ਲੋੜੀਂਦਾ ਤਾਜ਼ਾ ਪੌਸ਼ਟਿਕ ਭੋਜਨ ਪ੍ਰਦਾਨ ਕਰੇਗਾ। ਇਹ ਪੌਦੇ ਪੁਲਾੜ ਯਾਤਰੀਆਂ ਨੂੰ ਸਾਹ ਲੈਣ ਲਈ ਆਕਸੀਜਨ ਪੈਦਾ ਕਰਨ ਵਿੱਚ ਮਦਦ ਕਰਨਗੇ। ਭਾਵੇਂ ਇਹ ਘੱਟ ਮਾਤਰਾ ਵਿੱਚ ਕਿਉਂ ਨਾ ਹੋਵੇ, ਇਹ ਕੁਦਰਤੀ ਹਨ ਅਤੇ ਉਨ੍ਹਾਂ ਦੀ ਸਿਹਤ ਦੇ ਲਈ ਲਾਭ ਅਤੇ ਪੋਸ਼ਣ ਪ੍ਰਦਾਨ ਕਰਦੇ ਹਨ।"
ਉਹ ਕਹਿੰਦੇ ਹਨ ਕਿ ਪੁਲਾੜ ਵਿੱਚ ਪੌਦੇ ਤੇਜ਼ੀ ਨਾਲ ਉਗਾਏ ਜਾ ਸਕਦੇ ਹਨ।
ਉਨ੍ਹਾਂ ਕਿਹਾ, "ਜਦੋਂ ਧਰਤੀ 'ਤੇ ਖੇਤੀ ਕੀਤੀ ਜਾਂਦੀ ਹੈ, ਤਾਂ ਪੌਦਿਆਂ 'ਤੇ ਲਗਾਈ ਗਈ ਖਾਦ ਮੀਂਹ ਵਰਗੇ ਕਾਰਕਾਂ ਦੁਆਰਾ ਧੋਤੀ ਜਾ ਸਕਦੀ ਹੈ ਜਾਂ ਪੌਦਿਆਂ ਨੂੰ ਇਸਨੂੰ ਸੋਖਣ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ। ਪਰ ਇਨ੍ਹਾਂ ਪ੍ਰੋਜੈਕਟਾਂ ਨਾਲ, ਜ਼ਰੂਰੀ ਪੌਸ਼ਟਿਕ ਤੱਤ ਸਿੱਧੇ ਪੌਦਿਆਂ ਤੱਕ ਪਹੁੰਚਾਏ ਜਾਂਦੇ ਹਨ ਅਤੇ ਪੌਦੇ ਉਨ੍ਹਾਂ ਨੂੰ ਤੇਜ਼ੀ ਨਾਲ ਸੋਖਣ ਅਤੇ ਆਮ ਨਾਲੋਂ ਤੇਜ਼ੀ ਨਾਲ ਵਧਣ ਦੇ ਯੋਗ ਹੁੰਦੇ ਹਨ।"
ਉਨ੍ਹਾਂ ਇਹ ਵੀ ਕਿਹਾ ਕਿ ਇਹ ਪ੍ਰੋਜੈਕਟ ਧਰਤੀ 'ਤੇ ਖੇਤੀ ਦੇ ਤਰੀਕਿਆਂ ਨੂੰ ਬਿਹਤਰ ਬਣਾ ਸਕਦੇ ਹਨ।
ਪੁਲਾੜ ਵਿੱਚ ਪੌਦੇ ਉਗਾਉਣ ਵਿੱਚ ਮਦਦ ਕਰਨ ਵਾਲੇ ਨਵੇਂ ਤਰੀਕੇ ਧਰਤੀ ਉੱਤੇ ਵੀ ਲਾਗੂ ਕੀਤੇ ਜਾ ਸਕਦੇ ਹਨ। ਪਾਂਡਿਅਨ ਨੇ ਇਹ ਵੀ ਕਿਹਾ ਕਿ 'ਇਸ ਨਾਲ ਖੇਤੀਬਾੜੀ ਵਿੱਚ ਸੁਧਾਰ ਹੋਵੇਗਾ ਅਤੇ ਉਤਪਾਦਨ ਵਧੇਗਾ।'
ਸਪਿਨ-ਆਫ ਇੱਕ ਤਕਨਾਲੋਜੀ ਹੈ ਜੋ ਕਿਸੇ ਖਾਸ ਉਦੇਸ਼ ਲਈ ਵਿਕਸਤ ਕੀਤੀ ਜਾਂਦੀ ਹੈ ਅਤੇ ਫਿਰ ਦੂਜੇ ਖੇਤਰਾਂ ਵਿੱਚ ਵਰਤੀ ਜਾਂਦੀ ਹੈ।
ਉਦਾਹਰਨ ਲਈ, ਪੁਲਾੜ ਯਾਤਰੀਆਂ ਦੀਆਂ ਸੀਟਾਂ ਲਈ ਨਾਸਾ ਦੁਆਰਾ ਵਿਕਸਤ "ਮੈਮੋਰੀ ਫੋਮ" ਤਕਨਾਲੋਜੀ ਅੱਜ ਗੱਦੇ ਅਤੇ ਸਿਰਹਾਣੇ ਦੇ ਉਤਪਾਦਨ ਵਿੱਚ ਵਰਤੀ ਜਾਂਦੀ ਹੈ।
ਪਾਂਡਿਅਨ ਕਹਿੰਦੇ ਹਨ, "ਪੁਲਾੜ ਯਾਤਰੀਆਂ ਲਈ ਜੋ ਹਮੇਸ਼ਾ ਮਸ਼ੀਨਾਂ ਦੇ ਆਲੇ-ਦੁਆਲੇ ਰਹਿੰਦੇ ਹਨ, ਇਨ੍ਹਾਂ ਪੌਦਿਆਂ ਦੀ ਦੇਖਭਾਲ ਕਰਨ ਨਾਲ ਉਨ੍ਹਾਂ ਨੂੰ ਖੋਜ ਕਰਨ ਤੋਂ ਇਲਾਵਾ ਆਪਣੇ ਮਨ ਨੂੰ ਸ਼ਾਂਤ ਕਰਨ ਵਿੱਚ ਮਦਦ ਮਿਲੇਗੀ। ਇਸ ਨਾਲ ਪੁਲਾੜ ਯਾਤਰੀਆਂ 'ਤੇ ਕੰਮ ਦਾ ਬੋਝ ਅਤੇ ਇਕੱਲਤਾ ਦੀ ਭਾਵਨਾ ਘੱਟੇਗੀ ਅਤੇ ਉਹ ਵਧੇਰੇ ਖੁਸ਼ ਰਹਿਣਗੇ।"
ਉਨ੍ਹਾਂ ਕਿਹਾ ਕਿ ਇਸ ਨਾਲ ਪੁਲਾੜ ਯਾਤਰੀਆਂ ਨੂੰ ਮਾਨਸਿਕ ਤੌਰ 'ਤੇ ਵੀ ਫਾਇਦਾ ਹੋਵੇਗਾ।
ਇਸ ਵੇਲੇ, ਜਾਂਚ ਲਈ ਸਪੇਸ ਵਿੱਚ ਛੋਟੇ ਪੈਮਾਨੇ 'ਤੇ ਪੌਦੇ ਉਗਾਏ ਜਾ ਰਹੇ ਹਨ।
ਪਾਂਡਿਅਨ ਨੇ ਕਿਹਾ, "ਇਹ ਪ੍ਰੋਜੈਕਟ ਅਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਏ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਅਸੀਂ ਪੁਲਾੜ ਵਿੱਚ ਜਾਂਦੇ ਸਮੇਂ ਵੱਡੀ ਮਾਤਰਾ ਵਿੱਚ ਭੋਜਨ ਲੈ ਕੇ ਜਾਣ ਦੀ ਜ਼ਰੂਰਤ ਨੂੰ ਘਟਾ ਸਕਦੇ ਹਾਂ। ਅਸੀਂ ਪੁਲਾੜ ਅਤੇ ਹੋਰ ਗ੍ਰਹਿਆਂ 'ਤੇ ਮਨੁੱਖਾਂ ਦਾ ਰਹਿਣ ਲਈ ਤਕਨਾਲੋਜੀ ਦੀ ਨਿਰੀਖਣ ਕਰ ਸਕਦੇ ਹਾਂ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












