ਕੀ ਰਸੋਈ ਵਿੱਚ ਸਪੰਜ ਨਾਲ ਭਾਂਡੇ ਮਾਂਜਣਾ ਖ਼ਤਰਨਾਕ ਹੈ? ਆਖਿਰ ਫਿਰ ਕਿਸ ਚੀਜ਼ ਨਾਲ ਭਾਂਡੇ ਮਾਂਜੇ ਜਾਣ?

ਤਸਵੀਰ ਸਰੋਤ, Getty Images
- ਲੇਖਕ, ਜੈਸਮੀਨ ਫੌਕਸ ਸਕੇਲੀ
ਅਸੀਂ ਜਿਨ੍ਹਾਂ ਭਾਂਡਿਆਂ ਵਿੱਚ ਭੋਜਨ ਖਾਂਦੇ ਹਾਂ, ਉਨ੍ਹਾਂ ਭਾਂਡਿਆਂ ਨੂੰ ਮਾਂਜਣ ਲਈ ਸਪੰਜ ਦੀ ਵਰਤੋਂ ਕਰਦੇ ਹਾਂ। ਪਰ ਕੀ ਰਸੋਈ ਦੇ ਸਪੰਜ ਬੈਕਟੀਰੀਆ ਵਿੱਚ ਬੈਕਟੀਰੀਆ ਪੈਦਾ ਹੋ ਸਕਦੇ ਹਨ?
ਤਾਂ ਕੀ ਭਾਂਡੇ ਮਾਂਜਣ ਲਈ ਸਪੰਜ ਦੀ ਬਜਾਏ ਬੁਰਸ਼ ਦੀ ਵਰਤੋਂ ਕਰਨੀ ਚਾਹੀਦੀ ਹੈ?
ਬੈਕਟੀਰੀਆ ਦੀਆਂ ਬਹੁਤ ਸਾਰੀਆਂ ਕਿਸਮਾਂ ਇਹ ਜਾਣਦੀਆਂ ਹਨ ਕਿ ਉਨ੍ਹਾਂ ਨੇ ਕਿਵੇਂ ਵਧਣਾ-ਫੁੱਲਣਾ ਹੈ। ਇਨ੍ਹਾਂ ਵਿੱਚੋਂ ਕੁਝ ਬੈਕਟੀਰੀਆ ਧਰਤੀ ਦੀ ਤਹਿ ਦੇ ਹੇਠਾਂ ਉਬਲਦੇ ਹਾਈਡ੍ਰੋਥਰਮਲ ਵੈਂਟਾਂ ਵਿੱਚ ਵਧਦੇ-ਫੁੱਲਦੇ ਹਨ, ਜਦਕਿ ਦੂਸਰੇ ਬੈਕਟਰੀਆ ਠੰਡੀਆਂ ਥਾਵਾਂ 'ਤੇ ਵਧਣ-ਫੁੱਲਣ ਦੇ ਤਰੀਕੇ ਲੱਭਦੇ ਹਨ।
ਪਰ ਜੇਕਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਉਹ ਕਿੱਥੇ ਰਹਿਣਾ ਚਾਹੁੰਦੇ ਹਨ ਤਾਂ ਰਸੋਈ ਦਾ ਸਪੰਜ ਉਨ੍ਹਾਂ ਲਈ ਸਭ ਤੋਂ ਪਸੰਦੀਦਾ ਥਾਂ ਹੋਵੇਗੀ।

ਸਪੰਜ ਨੂੰ ਅਕਸਰ ਹੀ ਸਾਡੇ ਘਰਾਂ ਵਿੱਚ ਪਲੇਟਾਂ ਅਤੇ ਕੱਚ ਦੇ ਭਾਂਡਿਆਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਹੈ। ਸਪੰਜ ਬੈਕਟੀਰੀਆ ਲਈ ਇੱਕ ਪਨਾਹਗਾਹ ਵਜੋਂ ਕੰਮ ਕਰਦੇ ਹਨ। ਇਸ ਵਿੱਚ ਬੈਕਟੀਰੀਆ ਲਈ ਪੌਸ਼ਟਿਕ ਭੋਜਨ ਦੇ ਟੁਕੜੇ ਬਚ ਜਾਂਦੇ ਹਨ।
ਜਰਮਨੀ ਦੀ ਫਰਟਵਾਂਗੇਨ ਯੂਨੀਵਰਸਿਟੀ ਦੇ ਇੱਕ ਸੂਖਮ ਜੀਵ ਵਿਗਿਆਨੀ ਮਾਰਕਸ ਐਗਰਟਸ ਨੇ ਰਸੋਈ ਦੇ ਸਪੰਜਾਂ ਵਿੱਚ ਬੈਕਟੀਰੀਆ ਬਾਰੇ ਨਵਾਂ ਡੇਟਾ ਪ੍ਰਕਾਸ਼ਿਤ ਕੀਤਾ। ਜਿਸ ਵਿੱਚ ਉਨ੍ਹਾਂ ਨੇ ਸਪੰਜਾਂ ਵਿੱਚ ਬੈਕਟੀਰੀਆ ਦੀਆਂ 362 ਕਿਸਮਾਂ ਦੀ ਖੋਜ ਕੀਤੀ।
ਕੁਝ ਥਾਵਾਂ 'ਤੇ ਬੈਕਟੀਰੀਆ ਦੀ ਘਣਤਾ 54 ਬਿਲੀਅਨ ਪ੍ਰਤੀ ਵਰਗ ਸੈਂਟੀਮੀਟਰ ਤੱਕ ਪਹੁੰਚ ਗਈ।
ਐਗਰਟਸ ਦਾ ਕਹਿਣਾ ਹੈ ਕਿ "ਇਹ ਬਹੁਤ ਵੱਡੀ ਗਿਣਤੀ ਹੈ, ਇਹ ਓਨੀ ਹੀ ਮਾਤਰਾ ਵਿੱਚ ਬੈਕਟੀਰੀਆ ਹੈ ਜਿੰਨਾ ਮਨੁੱਖੀ ਮਲ ਵਿੱਚ ਪਾਇਆ ਜਾਂਦਾ ਹੈ।"
ਸਪੰਜ ਬਾਰੀਕ ਛੇਕਾਂ ਨਾਲ ਭਰੇ ਹੁੰਦੇ ਹਨ, ਜਿਨ੍ਹਾਂ ਵਿੱਚੋਂ ਹਰ ਇੱਕ ਬੈਕਟੀਰੀਆ ਲਈ ਇੱਕ ਰਿਹਾਇਸ਼ ਦਾ ਕੰਮ ਕਰਦਾ ਹੈ।

ਤਸਵੀਰ ਸਰੋਤ, Getty Images
ਡਿਊਕ ਯੂਨੀਵਰਸਿਟੀ ਦੇ ਸਿੰਥੈਟਿਕ ਜੀਵ ਵਿਗਿਆਨੀ ਲਿੰਗਚੋਂਗ ਯੂ ਅਤੇ ਉਨ੍ਹਾਂ ਦੀ ਟੀਮ ਨੇ ਸਾਲ 2022 ਵਿੱਚ ਸਪੰਜਾਂ ਦੇ ਗੁੰਝਲਦਾਰ ਵਾਤਾਵਰਣ ਦਾ ਮਾਡਲ ਬਣਾਉਣ ਲਈ ਕੰਪਿਊਟਰ ਦੀ ਵਰਤੋਂ ਕੀਤੀ।
ਉਨ੍ਹਾਂ ਨੇ ਪਾਇਆ ਕਿ ਸਪੰਜ ਜਿਨ੍ਹਾਂ ਵਿੱਚ ਛੇਕ ਅਤੇ ਪਾਕੇਟਸ ਹੁੰਦੀਆਂ ਹਨ, ਸੂਖਮ ਜੀਵਾਂ ਦੇ ਵਾਧੇ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਦੀ ਟੀਮ ਨੇ ਸਪੰਜ ਵਿੱਚ ਬੈਕਟੀਰੀਆ ਦੇ ਵੱਖ-ਵੱਖ ਕਿਸਮਾਂ ਦੀ ਵਰਤੋਂ ਕਰਕੇ ਇਹਨਾਂ ਨਤੀਜਿਆਂ ਨੂੰ ਦੁਹਰਾਇਆ।
ਐਗਰਟਸ ਦੇ ਅਨੁਸਾਰ, "ਬੈਕਟੀਰੀਆ ਦੇ ਵਾਧੇ ਲਈ ਰਸੋਈ ਦੇ ਸਪੰਜ ਦੇ ਛੇਕਾਂ ਦਾ ਆਕਾਰ ਵੀ ਮਾਅਨੇ ਰੱਖਦਾ ਹੈ।"
"ਕੁਝ ਬੈਕਟੀਰੀਆ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਵਧਦੇ ਹਨ, ਜਦਕਿ ਦੂਜਿਆਂ ਨੂੰ ਵਧਣ ਲਈ ਇੱਕ ਮਾਹੌਲ ਦੀ ਲੋੜ ਹੁੰਦੀ ਹੈ। ਪਰ ਸਪੰਜਾਂ ਦੇ ਅੰਦਰ ਅਜਿਹੀਆਂ ਬਣਤਰਾਂ ਹੁੰਦੀਆਂ ਹਨ ਜੋ ਸਾਰੇ ਬੈਕਟੀਰੀਆ ਲਈ ਉਚਿਤ ਹੁੰਦੀਆਂ ਹਨ।"
ਜ਼ਾਹਰ ਹੈ ਕਿ ਸਪੰਜ ਬੈਕਟੀਰੀਆ ਲਈ ਇੱਕ ਬਿਹਤਰ ਘਰ ਪ੍ਰਦਾਨ ਕਰਦੇ ਹਨ।

ਤਸਵੀਰ ਸਰੋਤ, Getty Images
ਹਾਲਾਂਕਿ, ਇਹ ਜ਼ਰੂਰੀ ਨਹੀਂ ਹੈ ਕਿ ਇਨ੍ਹਾਂ ਭਾਂਡਿਆਂ ਨਾਲ ਸਾਡੀ ਸਿਹਤ ਨੂੰ ਕੋਈ ਖ਼ਤਰਾ ਹੋਵੇ। ਬੈਕਟੀਰੀਆ ਹਰ ਜਗ੍ਹਾ ਹੁੰਦੇ ਹਨ, ਭਾਵੇਂ ਉਹ ਸਾਡੀ ਚਮੜੀ ਹੋਵੇ ਜਾਂ ਸਾਡੇ ਆਲੇ ਦੁਆਲੇ ਦੀ ਮਿੱਟੀ। ਇਹ ਸਾਰੇ ਹਾਨੀਕਾਰਕ ਨਹੀਂ ਹੁੰਦੇ। ਕੁਝ ਤਾਂ ਸਾਡੇ ਲਈ ਕਾਫੀ ਮਹੱਤਵਪੂਰਨ ਭੂਮਿਕਾਵਾਂ ਨਿਭਾਉਂਦੇ ਹਨ।''
ਹੁਣ, ਸਵਾਲ ਇਹ ਹੈ ਕਿ ਕੀ ਸਾਨੂੰ ਸਪੰਜਾਂ ਵਿੱਚ ਮੌਜੂਦ ਬੈਕਟੀਰੀਆ ਬਾਰੇ ਚਿੰਤਾ ਕਰਨ ਦੀ ਲੋੜ ਹੈ ਜਾਂ ਨਹੀਂ?
ਐਗਰਟਸ ਨੇ ਆਪਣੇ 2017 ਦੇ ਅਧਿਐਨ ਵਿੱਚ ਬੈਕਟੀਰੀਆ ਦੀਆਂ ਆਮ ਪ੍ਰਜਾਤੀਆਂ ਦੇ ਡੀਐਨਏ ਦਾ ਕ੍ਰਮ ਬਣਾਇਆ। ਹਾਲਾਂਕਿ, ਬੈਕਟੀਰੀਆ ਦੀ ਹਰ ਪ੍ਰਜਾਤੀ ਦਾ ਪਤਾ ਲਗਾਉਣਾ ਸੰਭਵ ਨਹੀਂ ਹੈ। ਇਸ ਅਧਿਐਨ ਵਿੱਚ, ਬੈਕਟੀਰੀਆ ਦੀਆਂ 10 ਵਿੱਚੋਂ ਪੰਜ ਕਿਸਮਾਂ ਅਜਿਹੀਆਂ ਮਿਲੀਆਂ ਜੋ ਮਨੁੱਖਾਂ ਵਿੱਚ ਲਾਗ ਫੈਲਾ ਸਕਦੀਆਂ ਹਨ।
ਕਿਹੜੇ ਬੈਕਟੀਰੀਆ ਨੁਕਸਾਨਦੇਹ
ਕੁਝ ਤਰੀਕੇ, ਜਿਵੇਂ ਕਿ ਗਰਮ ਪਾਣੀ ਦੀ ਵਰਤੋਂ ਕਰਨ ਨਾਲ ਕੁਝ ਬੈਕਟੀਰੀਆ ਮਰ ਸਕਦੇ ਹਨ, ਪਰ ਕੁਝ ਬੈਕਟੀਰੀਆ ਇਸ ਤੋਂ ਵੀ ਬਚ ਸਕਦੇ ਹਨ ਅਤੇ ਇਸ ਤੋਂ ਬਚੇ ਰਹਿਣ ਵਾਲੀਆਂ ਕਿਸਮਾਂ ਬਣਾ ਸਕਦੇ ਹਨ।
ਐਗਰਟਸ ਮੁਤਾਬਕ, "ਸਾਡਾ ਮੰਨਣਾ ਹੈ ਕਿ ਸਫਾਈ ਲਈ ਵੱਖਰੀ-ਵੱਖਰੀ ਚੋਣ ਪ੍ਰਕਿਰਿਆ ਹੋ ਸਕਦੀ ਹੈ, ਜਿੱਥੇ ਕੁਝ ਬਚੇ ਹੋਏ ਬੈਕਟੀਰੀਆ ਵੱਡੀ ਗਿਣਤੀ ਵਿੱਚ ਵਧ ਸਕਦੇ ਹਨ। ਬੈਕਟੀਰੀਆ ਦੀ ਪਛਾਣ ਨਾਲ ਸਫਾਈ ਕਰਨ ਦੇ ਤਰੀਕੇ ਦੀ ਚੋਣ ਕੀਤੀ ਜਾ ਸਕਦੀ ਹੈ।''
ਇਹ ਜਾਣਨਾ ਵੀ ਜ਼ਰੂਰੀ ਹੈ ਕਿ ਐਗਰਟਸ ਦੀ ਰਿਪੋਰਟ ਵਿੱਚ ਜੋ ਬੈਕਟੀਰੀਆ ਪਾਏ ਗਏ ਸਨ, ਉਹ ਫ਼ੂਡ ਪਵਾਈਜ਼ਨਿੰਗ ਜਾਂ ਕਿਸੇ ਗੰਭੀਰ ਬਿਮਾਰੀ ਦਾ ਕਾਰਨ ਨਹੀਂ ਬਣਦੇ।

ਤਸਵੀਰ ਸਰੋਤ, Getty Images
ਭੋਜਨ ਤੋਂ ਹੋਣ ਵਾਲੀਆਂ 90 ਪ੍ਰਤੀਸ਼ਤ ਬਿਮਾਰੀਆਂ ਲਈ ਪੰਜ ਕੀਟਾਣੂ ਜ਼ਿੰਮੇਵਾਰ ਹਨ, ਜਿਨ੍ਹਾਂ ਵਿੱਚੋਂ ਤਿੰਨ ਬੈਕਟੀਰੀਆ ਹਨ: ਕੈਂਪੀਲੋਬੈਕਟਰ, ਸਾਲਮੋਨੇਲਾ, ਅਤੇ ਈ ਕੋਲੀ। ਇਹ ਤਿੰਨ ਬੈਕਟੀਰੀਆ ਸਪੰਜ 'ਚ ਮਿਲਣਾ ਔਖਾ ਹੈ।
ਐਗਰਟਸ ਕਹਿੰਦੇ ਹਨ, "ਸਾਨੂੰ ਅਜਿਹੇ ਬੈਕਟੀਰੀਆ ਮਿਲੇ ਹਨ ਜੋ ਕਮਜ਼ੋਰ ਇਮਿਊਨ ਸਿਸਟਮ ਵਾਲੇ ਲੋਕਾਂ ਲਈ ਨੁਕਸਾਨਦੇਹ ਹੋ ਸਕਦੇ ਹਨ, ਜਿਵੇਂ ਕਿ ਬਜ਼ੁਰਗਾਂ ਜਾਂ ਬੱਚਿਆਂ ਲਈ। ਸਪੰਜ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਤੰਦਰੁਸਤ ਲੋਕਾਂ ਲਈ ਨੁਕਸਾਨਦੇਹ ਨਹੀਂ ਹਨ।"
ਏ ਐਂਡ ਐਮ ਯੂਨੀਵਰਸਿਟੀ ਵਿੱਚ ਭੋਜਨ ਸੁਰੱਖਿਆ ਦੇ ਪ੍ਰੋਫੈਸਰ ਜੈਨੀਫ਼ਰ ਕੁਨਲਾਨ ਅਤੇ ਉਨ੍ਹਾਂ ਦੇ ਸਾਥੀਆਂ ਨੇ ਫਿਲਾਡੇਲਫੀਆ ਦੇ 100 ਘਰਾਂ ਤੋਂ ਸਪੰਜ ਇਕੱਠੇ ਕੀਤੇ। ਉਨ੍ਹਾਂ ਵਿੱਚੋਂ ਸਿਰਫ਼ ਇੱਕ ਜਾਂ ਦੋ ਪ੍ਰਤੀਸ਼ਤ ਵਿੱਚ ਅਜਿਹੇ ਬੈਕਟੀਰੀਆ ਪਾਏ ਗਏ ਜੋ ਮਨੁੱਖਾਂ ਵਿੱਚ ਫ਼ੂਡ ਪਵਾਈਜ਼ਨਿੰਗ ਦਾ ਕਾਰਨ ਬਣ ਸਕਦੇ ਹਨ। ਹਾਲਾਂਕਿ, ਉਨ੍ਹਾਂ ਵਿੱਚ ਵੀ ਬੈਕਟੀਰੀਆ ਦੀ ਮਾਤਰਾ ਬਹੁਤ ਘੱਟ ਸੀ।
ਨਾਰਵੇ ਦੇ ਫੂਡ ਰਿਸਰਚ ਇੰਸਟੀਚਿਊਟ ਨੋਫੀਮਾ ਵਿਖੇ ਵਿਗਿਆਨੀ ਸੋਲਵੇਗ ਲੈਂਗਸਰੂਡ ਦੁਆਰਾ 2022 ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਵੀ ਇਸਦਾ ਸਮਰਥਨ ਕਰਦਾ ਹੈ। ਉਨ੍ਹਾਂ ਦੇ ਅਧਿਐਨ ਵਿੱਚ ਸਪੰਜ ਵਿੱਚ ਅਜਿਹੇ ਬੈਕਟੀਰੀਆ ਵੀ ਮਿਲੇ ਜੋ ਨੁਕਸਾਨਦੇਹ ਨਹੀਂ ਹਨ।
ਤਾਂ ਕੀ ਬੁਰਸ਼ ਸਪੰਜ ਨਾਲੋਂ ਵਧੀਆ ਹੈ?

ਤਸਵੀਰ ਸਰੋਤ, Getty Images
ਹਾਲਾਂਕਿ, ਬੁਰਸ਼ ਵਿੱਚ ਸਪੰਜ ਦੇ ਮੁਕਾਬਲੇ ਬਹੁਤ ਘੱਟ ਬੈਕਟੀਰੀਆ ਹੁੰਦੇ ਹਨ।
ਪਰ ਕੁਨਲਾਨ ਕਹਿੰਦੇ ਹਨ ਕਿ "ਸਪੰਜਾਂ ਵਿੱਚ ਮੌਜੂਦ ਜ਼ਿਆਦਾਤਰ ਬੈਕਟੀਰੀਆ ਨੁਕਸਾਨਦੇਹ ਨਹੀਂ ਹੁੰਦੇ। ਉਹ ਸਿਰਫ਼ ਅਜਿਹੀ ਬਦਬੂ ਪੈਦਾ ਕਰਦੇ ਹਨ ਜੋ ਤੁਹਾਨੂੰ ਸਮੇਂ ਦੇ ਨਾਲ ਪਸੰਦ ਨਹੀਂ ਆਵੇਗੀ।"
"ਇਹ ਖਦਸ਼ਾ ਹੈ ਕਿ ਜੇਕਰ ਤੁਸੀਂ ਭਾਂਡਿਆਂ ਨਾਲ ਚਿਪਕਿਆ ਕੱਚਾ ਮਾਸ ਸਾਫ਼ ਕਰਨ ਲਈ ਸਪੰਜ ਦੀ ਵਰਤੋਂ ਕਰਦੇ ਹੋ, ਤਾਂ ਫਿਰ ਨੁਕਸਾਨਦੇਹ ਬੈਕਟੀਰੀਆ ਸਪੰਜ ਵਿੱਚ ਰਹਿ ਸਕਦੇ ਹਨ।"
ਸਪੰਜ ਵਿੱਚ ਅਜਿਹੇ ਬੈਕਟੀਰੀਆ ਹੁੰਦੇ ਹਨ ਜਿਨ੍ਹਾਂ ਦੇ ਵਧਣ ਨਾਲ ਤੁਹਾਨੂੰ ਨੁਕਸਾਨ ਨਹੀਂ ਪਹੁੰਚਦਾ। ਪਰ ਜੇਕਰ ਸਾਲਮੋਨੇਲਾ ਬੈਕਟੀਰੀਆ ਤੁਹਾਡੇ ਸਪੰਜ ਤੱਕ ਪਹੁੰਚ ਗਿਆ, ਤਾਂ ਨੁਕਸਾਨਦੇਹ ਬੈਕਟੀਰੀਆ ਨੂੰ ਵਧਣ ਲਈ ਚੰਗੀ ਜਗ੍ਹਾ ਮਿਲੇਗੀ।
ਇਸ ਦੇ ਸਬੂਤ ਵੀ ਹਨ। ਲੈਂਗਸਰੂਡ ਦੇ ਅਧਿਐਨ ਵਿੱਚ ਪਾਇਆ ਗਿਆ ਕਿ ਜਦੋਂ ਸਾਲਮੋਨੇਲਾ ਬੈਕਟੀਰੀਆ ਸਪੰਜ ਤੱਕ ਪਹੁੰਚੇ ਤਾਂ ਉਨ੍ਹਾਂ ਵਿੱਚ ਵਾਧਾ ਹੋਇਆ, ਜਦਕਿ ਬੁਰਸ਼ ਨਾਲ ਸਾਫ਼ ਕਰਨ 'ਤੇ ਇਹ ਬੈਕਟੀਰੀਆ ਖਤਮ ਹੋ ਗਏ।
ਅਜਿਹਾ ਇਸ ਲਈ ਹੈ ਕਿਉਂਕਿ ਬੁਰਸ਼ ਵਿੱਚ ਨਮੀ ਨਹੀਂ ਹੁੰਦੀ ਅਤੇ ਇਹ ਸਾਲਮੋਨੇਲਾ ਨੂੰ ਖਤਮ ਕਰਨ ਵਿੱਚ ਪ੍ਰਭਾਵਸ਼ਾਲੀ ਸਾਬਤ ਹੁੰਦਾ ਹੈ। ਪਰ ਸਪੰਜ ਨਾਲ ਅਜਿਹਾ ਨਹੀਂ ਹੁੰਦਾ।
ਇਹ ਨੁਕਸਾਨਦੇਹ ਬੈਕਟੀਰੀਆ ਸਪੰਜ ਤੋਂ ਤੁਹਾਡੇ ਭਾਂਡਿਆਂ ਤੱਕ ਪਹੁੰਚ ਸਕਦੇ ਹਨ।

ਤਸਵੀਰ ਸਰੋਤ, Getty Images
ਤਾਂ ਕੀ ਸਾਨੂੰ ਸਪੰਜ ਬਦਲਦੇ ਰਹਿਣਾ ਚਾਹੀਦਾ ਹੈ? ਇਸ ਦੇ ਜਵਾਬ ਵਿੱਚ, ਕੁਨਲਾਨ ਨੇ ਕਿਹਾ ਕਿ ਤੁਹਾਨੂੰ ਹਫ਼ਤੇ ਵਿੱਚ ਇੱਕ ਵਾਰ ਆਪਣਾ ਸਪੰਜ ਬਦਲ ਲੈਣਾ ਚਾਹੀਦਾ ਹੈ ਅਤੇ ਇਸਨੂੰ ਆਦਤ ਬਣਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ, "ਇਨ੍ਹਾਂ ਨੂੰ ਸਾਫ਼ ਕਰਨ ਦੇ ਦੋ ਆਸਾਨ ਤਰੀਕੇ ਹਨ, ਸ਼ਾਮ ਨੂੰ ਵਰਤੋਂ ਕਰਨ ਤੋਂ ਬਾਅਦ ਇਨ੍ਹਾਂ ਨੂੰ ਡਿਸ਼ਵਾਸ਼ਰ ਵਿੱਚ ਪਾ ਸਕਦੇ ਹੋ, ਜਾਂ ਤੁਸੀਂ ਇਨ੍ਹਾਂ ਨੂੰ ਕੁਝ ਮਿੰਟਾਂ ਲਈ ਮਾਈਕ੍ਰੋਵੇਵ ਵਿੱਚ ਰੱਖ ਸਕਦੇ ਹੋ, ਜਿਸ ਨਾਲ ਇਨ੍ਹਾਂ ਦੀ ਸਾਰੀ ਨਮੀ ਦੂਰ ਹੋ ਜਾਵੇਗੀ ਅਤੇ ਜ਼ਿਆਦਾਤਰ ਨੁਕਸਾਨਦੇਹ ਬੈਕਟੀਰੀਆ ਖਤਮ ਹੋ ਜਾਣਗੇ।"
ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਸਪੰਜ ਨੂੰ ਡਿਸ਼ਵਾਸ਼ਰ ਜਾਂ ਮਾਈਕ੍ਰੋਵੇਵ ਵਿੱਚ ਰੱਖਣ ਨਾਲ ਬੈਕਟੀਰੀਆ ਦੀ ਗਿਣਤੀ ਘਟ ਜਾਂਦੀ ਹੈ।
ਪਰ ਐਗਰਟਸ ਦਾ ਅਧਿਐਨ ਅਜਿਹਾ ਨਹੀਂ ਕਹਿੰਦਾ। ਉਨ੍ਹਾਂ ਦਾ ਮੰਨਣਾ ਹੈ ਕਿ ਕੁਝ ਸਮੇਂ ਬਾਅਦ ਬੈਕਟੀਰੀਆ ਅਜਿਹੇ ਸਟ੍ਰੇਨ ਵਿਕਸਤ ਕਰਨਗੇ ਜੋ ਇਸ ਤੋਂ ਬਚ ਵੀ ਸਕਦੇ ਹਨ।
ਗਰਮ ਪਾਣੀ ਵਿੱਚ ਸਪੰਜ ਨੂੰ ਡੁਬੋ ਕੇ ਰੱਖਣ ਨਾਲ ਜ਼ਿਆਦਾਤਰ ਨੁਕਸਾਨਦੇਹ ਬੈਕਟੀਰੀਆ ਮਰ ਜਾਂਦੇ ਹਨ ਜਦਕਿ ਕੁਝ ਬਚ ਜਾਂਦੇ ਹਨ। ਪਰ ਇਸ ਦਾ ਉਦਾਹਰਣ ਮਿਲਿਆ ਹੈ ਕਿ ਇਸ ਵਿਧੀ ਦੀ ਵਰਤੋਂ ਕਰਕੇ ਹਾਨੀਕਾਰਕ ਸਾਲਮੋਨੇਲਾ ਬੈਕਟੀਰੀਆ ਖ਼ਤਮ ਹੋ ਜਾਂਦਾ ਹੈ।
ਇੱਕ ਹੋਰ ਤਰੀਕਾ ਇਹ ਹੋ ਸਕਦਾ ਹੈ ਕਿ ਤੁਸੀਂ ਸਪੰਜ ਨੂੰ ਸਿੰਕ ਦੇ ਅੰਦਰ ਨਾ ਰੱਖੋ। ਇਸਨੂੰ ਸਿੰਕ ਤੋਂ ਬਾਹਰ ਰੱਖਣ ਨਾਲ ਸਪੰਜ ਦੀ ਨਮੀ ਖ਼ਤਮ ਹੋ ਜਾਵੇਗੀ ਅਤੇ ਬੈਕਟੀਰੀਆ ਨੂੰ ਵਧਣ ਲਈ ਵਾਤਾਵਰਣ ਨਹੀਂ ਮਿਲੇਗਾ।
ਪਰ ਕੁਝ ਦਾ ਮੰਨਣਾ ਹੈ ਕਿ ਭਾਂਡੇ ਸਾਫ਼ ਕਰਨ ਲਈ ਕਿਸੇ ਹੋਰ ਚੀਜ਼ ਦੀ ਵਰਤੋਂ ਕਰ ਲਈ ਜਾਵੇ।
ਐਗਰਟਸ ਕਹਿੰਦੇ ਹਨ, "ਮੈਂ ਕਦੇ ਵੀ ਰਸੋਈ ਸਪੰਜ ਨਹੀਂ ਵਰਤਾਂਗਾ। ਇਸਦੀ ਵਰਤੋਂ ਕਰਨ ਦਾ ਕੋਈ ਮਤਲਬ ਨਹੀਂ ਬਣਦਾ। ਅਜਿਹੀ ਚੀਜ਼ ਰਸੋਈ ਵਿੱਚ ਹੋਣੀ ਹੀ ਨਹੀਂ ਚਾਹੀਦੀ। ਬੁਰਸ਼ ਬਿਹਤਰ ਹੈ ਕਿਉਂਕਿ ਇਸ ਵਿੱਚ ਘੱਟ ਬੈਕਟੀਰੀਆ ਹੁੰਦੇ ਹਨ ਅਤੇ ਇਸਨੂੰ ਸਾਫ਼ ਕਰਨਾ ਬਹੁਤ ਆਸਾਨ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












