ਰਮਜ਼ਾਨ: ਰੋਜ਼ਿਆਂ ਦੌਰਾਨ ਕੀ ਖਾਣਾ ਚਾਹੀਦਾ ਹੈ ਅਤੇ ਕੀ ਖਾਣ ਤੋਂ ਬਚਣਾ ਚਾਹੀਦਾ ਹੈ

ਤਸਵੀਰ ਸਰੋਤ, Getty Images
ਰਮਜ਼ਾਨ ਦਾ ਮਹੀਨਾ ਸ਼ੁਰੂ ਹੋ ਰਿਹਾ ਹੈ ਜੋ ਕਿ ਇਸਲਾਮੀ ਕੈਲੰਡਰ ਦੇ ਸਭ ਤੋਂ ਪਵਿੱਤਰ ਮਹੀਨਿਆਂ ਵਿੱਚੋਂ ਇੱਕ ਹੈ। ਇਸ ਮਹੀਨੇ ਦੌਰਾਨ ਦੁਨੀਆਂ ਭਰ ਦੇ ਲੱਖਾਂ ਮੁਸਲਮਾਨ ਰੋਜ਼ੇ ਰੱਖਣਗੇ।
ਇਹ ਉਸ ਸਮੇਂ ਨਾਲ ਸਬੰਧਿਤ ਹੈ ਜਦੋਂ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ, ਪੈਗੰਬਰ ਮੁਹੰਮਦ ਉੱਤੇ ਪ੍ਰਗਟ ਹੋਈ ਸੀ।
ਇਸ ਪੂਰੇ ਮਹੀਨੇ ਦੌਰਾਨ ਰੋਜ਼ੇ (ਇੱਕ ਪ੍ਰਕਾਰ ਦਾ ਵਰਤ) ਰੱਖੇ ਜਾਂਦੇ ਹਨ ਅਤੇ ਇਹ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਹੈ - ਲਾਜ਼ਮੀ ਫਰਜ਼, ਜਿਨ੍ਹਾਂ ਨੂੰ ਸਾਰੇ ਮੁਸਲਮਾਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।
ਰਮਜ਼ਾਨ ਦੌਰਾਨ, ਰੋਜ਼ੇ ਰੱਖਣ ਵਾਲੇ ਮੁਸਲਮਾਨ ਪਹੁ ਫੁੱਟਣ ਤੋਂ ਪਹਿਲਾਂ ਸਵੇਰ ਦਾ ਭੋਜਨ ਕਰਦੇ ਹਨ, ਜਿਸਨੂੰ ਸੁਹੂਰ ਜਾਂ ਸਹਰੀ ਕਿਹਾ ਜਾਂਦਾ ਹੈ।
ਉਸ ਮਗਰੋਂ, ਸੂਰਜ ਡੁੱਬਣ ਤੱਕ ਉਹ ਕੁਝ ਵੀ ਖਾਂਦੇ ਜਾਂ ਪੀਂਦੇ ਨਹੀਂ ਹਨ, ਇੱਥੋਂ ਤੱਕ ਪਾਣੀ ਵੀ ਨਹੀਂ ਪੀਂਦੇ। ਫਿਰ ਸ਼ਾਮ ਵੇਲੇ ਸੂਰਜ ਢਲਣ ਮਗਰੋਂ ਖਾਣਾ ਖਾਇਆ ਜਾਂਦਾ ਹੈ - ਜਿਸਨੂੰ ਇਫ਼ਤਾਰ ਜਾਂ ਫਿਤੂਰ ਕਿਹਾ ਜਾਂਦਾ ਹੈ।

ਇਸ ਦੌਰਾਨ ਸਿਰਫ਼ ਚੰਗੀ ਸਿਹਤ ਵਾਲੇ ਲੋਕਾਂ ਤੋਂ ਹੀ ਰੋਜ਼ਾ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ।
ਬਿਮਾਰ ਲੋਕਾਂ, ਨਿੱਕੇ ਬੱਚਿਆਂ, ਗਰਭਵਤੀ ਮਹਿਲਾਵਾਂ, ਦੁੱਧ ਚੁੰਘਾਉਣ ਵਾਲੀਆਂ ਮਾਵਾਂ ਜਾਂ ਮਾਹਵਾਰੀ ਵਾਲੀਆਂ ਔਰਤਾਂ ਅਤੇ ਯਾਤਰੀਆਂ ਨੂੰ ਇਸ ਤੋਂ ਛੋਟ ਦਿੱਤੀ ਜਾਂਦੀ ਹੈ।
ਕੁਝ ਲੋਕਾਂ ਨੂੰ ਰੋਜ਼ਾ ਜਾਂ ਵਰਤ ਰੱਖਣਾ ਆਸਾਨ ਲੱਗ ਸਕਦਾ ਹੈ ਪਰ ਦੂਜਿਆਂ ਲਈ ਮੁਸ਼ਕਿਲ ਕੰਮ ਹੋ ਸਕਦਾ ਹੈ।
ਹੋ ਸਕਦਾ ਹੈ ਭੁੱਖ ਦੇ ਕਾਰਨ ਉਹ ਆਪਣੇ ਕੰਮ ਅਤੇ ਹੋਰ ਰੋਜ਼ਾਨਾ ਦੀਆਂ ਗਤੀਵਿਧੀਆਂ ਚੰਗੀ ਤਰ੍ਹਾਂ ਨਾਲ ਨਾ ਕਰ ਸਕਦੇ ਹੋਣ।
ਤਾਂ ਅਜਿਹਾ ਕੀ ਖਾਇਆ ਜਾਵੇ, ਜਿਸ ਨਾਲ ਮਹੀਨੇ ਭਰ ਇਹ ਰੋਜ਼ੇ ਰਖਣੇ ਸੌਖੇ ਹੋ ਜਾਣ ਅਤੇ ਭੁੱਖ-ਪਿਆਸ ਵੀ ਜ਼ਿਆਦਾ ਨਾ ਸਤਾਵੇ?
ਸਹਿਰੀ ਵਿੱਚ ਕੀ ਖਾਇਆ ਜਾਵੇ?

ਤਸਵੀਰ ਸਰੋਤ, Getty Images
ਸੁਹੂਰ ਦਾ ਅਰਥ ਹੈ ਰੋਜ਼ੇ ਵਾਲੇ ਦਿਨ ਦੀ ਤਿਆਰੀ। ਇਸ ਲਈ ਇਹ ਜ਼ਰੂਰੀ ਹੈ ਕਿ ਅਜਿਹਾ ਭੋਜਨ ਖਾਧਾ ਜਾਵੇ, ਜਿਸ ਨਾਲ ਦਿਨ ਦੇ ਅੰਤ ਤੱਕ ਭੁੱਖ ਜ਼ਿਆਦਾ ਨਾ ਲੱਗੇ।
ਪੋਸ਼ਣ ਮਾਹਿਰ ਇਸਮੇਤ ਤਾਮੇਰ ਕਹਿੰਦੇ ਹਨ, "ਰਮਜ਼ਾਨ ਦੌਰਾਨ, ਸਾਰਾ ਦਿਨ ਤੁਹਾਡੇ ਸਰੀਰ ਵਿੱਚ ਲੋੜੀਂਦੀ ਊਰਜਾ ਅਤੇ ਪੌਸ਼ਟਿਕ ਤੱਤਾਂ ਦੀ ਮਾਤਰਾ ਬਣੀ ਰਹੇ, ਇਸ ਦੇ ਤੁਹਾਨੂੰ ਪ੍ਰੋਟੀਨ, ਕਾਰਬੋਹਾਈਡਰੇਟ, ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਨਾਲ ਹੀ ਤੁਹਾਨੂੰ ਕਾਫ਼ੀ ਪਾਣੀ ਵੀ ਪੀਣਾ ਚਾਹੀਦਾ ਹੈ।"
ਉਹ ਸਲਾਹ ਦਿੰਦੇ ਹਨ ਕਿ ਇਸ ਵੇਲੇ ਤੁਹਾਡਾ ਨਾਸ਼ਤਾ ਹਲਕਾ, ਸਿਹਤਮੰਦ ਅਤੇ ਪੋਸ਼ਣ ਨਾਲ ਭਰਪੂਰ ਹੋਣਾ ਚਾਹੀਦਾ ਹੈ।
''ਸੂਰਜ ਚੜ੍ਹਨ ਤੋਂ ਪਹਿਲਾਂ, ਤੁਸੀਂ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਅਤੇ ਤਾਜ਼ੀਆਂ ਸਬਜ਼ੀਆਂ ਜਿਵੇਂ ਕਿ ਪਨੀਰ, ਆਂਡੇ, ਟਮਾਟਰ ਅਤੇ ਖੀਰੇ ਖਾ ਸਕਦੇ ਹੋ।''
''ਇਸ ਤੋਂ ਇਲਾਵਾ ਤੁਸੀਂ ਸੂਪ, ਜੈਤੂਨ ਦੇ ਤੇਲ ਵਿੱਚ ਪਕਾਈਆਂ ਗਈਆਂ ਸਬਜ਼ੀਆਂ ਅਤੇ ਫਲ ਵੀ ਖਾ ਸਕਦੇ ਹੋ।''

ਤਸਵੀਰ ਸਰੋਤ, Getty Images
ਇਸੇ ਸਿਲਸਿਲੇ ਵਿੱਚ ਪੋਸ਼ਣ ਮਾਹਿਰ ਬ੍ਰਿਜੇਟ ਬੇਲਮ ਕਹਿੰਦੇ ਹਨ ਕਿ ਸੁਹੂਰ ਵਿੱਚ ਕਾਰਬੋਹਾਈਡਰੇਟ ਖਾਣਾ ਚੰਗਾ ਰਹਿੰਦਾ ਹੈ, ਖਾਸ ਕਰਕੇ ਪੂਰੇ ਓਟਸ, ਅਨਾਜ ਬਣੀਆਂ ਚੀਜ਼ਾਂ ਚੰਗੀਆਂ ਰਹਿੰਦੀਆਂ ਹਨ ਕਿਉਂਕਿ ਉਹ ਹੌਲੀ-ਹੌਲੀ ਊਰਜਾ ਦਿੰਦੇ ਹਨ, ਜਿਸ ਨਾਲ ਦਿਨ ਭਰ ਊਰਜਾ ਮਿਲਦੀ ਰਹਿੰਦੀ ਹੈ।
ਕੁਝ ਅਧਿਐਨ ਦਰਸਾਉਂਦੇ ਹਨ ਕਿ ਬੀਨਜ਼, ਮਟਰ ਅਤੇ ਛੋਲਿਆਂ ਵਰਗੇ ਸਰੋਤਾਂ ਤੋਂ ਪ੍ਰਾਪਤ ਫਾਈਬਰ ਤੁਹਾਡੇ ਰੱਜੇ ਹੋਣ ਦੀ ਭਾਵਨਾ ਨੂੰ 30 ਫੀਸਦੀ ਤੱਕ ਵੱਧ ਵਧਾ ਸਕਦੇ ਹਨ।
ਬੇਲਮ ਕਹਿੰਦੇ ਹਨ, ''ਤੁਹਾਨੂੰ ਤਰਲ ਪਦਾਰਥ ਵੀ ਪੀਣੇ ਚਾਹੀਦੇ ਹਨ ਤਾਂ ਜੋ ਸਾਰਾ ਦਿਨ ਸਰੀਰ 'ਚ ਪਾਣੀ ਦੀ ਕਮੀ ਨਾ ਰਹੇ।'' ਇਸ ਦੇ ਨਾਲ ਹੀ ਉਹ ਕੁਝ ਵੀ ਨਮਕੀਨ ਖਾਣ ਤੋਂ ਸਾਵਧਾਨ ਕਰਦੇ ਹਨ।
ਉਹ ਕਹਿੰਦੇ ਹਨ, "ਨਮਕੀਨ ਭੋਜਨ ਖਾਣ ਨਾਲ ਵਾਰ-ਵਾਰ ਪਿਆਸ ਲੱਗਦੀ ਹੈ ਅਤੇ ਅਜਿਹੇ ਵਿੱਚ ਕੋਈ ਨਹੀਂ ਚਾਹੁੰਦਾ ਕਿ ਪਿਆਸ ਲੱਗੇ। ਕਿਉਂਕਿ ਬਿਨਾਂ ਪਾਣੀ ਪੀਤਿਆਂ ਇੱਕ ਲੰਮਾ ਦਿਨ ਲੰਘਾਉਣਾ ਬਹੁਤ ਔਖਾ ਹੁੰਦਾ ਹੈ।''
ਸੁਹੂਰ ਵਿੱਚ ਕੈਫੀਨ ਦੇ ਸੇਵਨ ਤੋਂ ਪਰਹੇਜ਼ ਕਰਨਾ ਵੀ ਮਹੱਤਵਪੂਰਨ ਹੈ ਤਾਂ ਜੋ ਜ਼ਿਆਦਾ ਪਿਆਸ ਨਾ ਲੱਗੇ। ਰੋਜ਼ੇ ਦੌਰਾਨ ਹਾਈਡਰੇਟਿਡ ਰਹਿਣ ਲਈ ਇਫ਼ਤਾਰ ਅਤੇ ਸੁਹੂਰ ਦੇ ਵਿਚਕਾਰ ਲਗਭਗ ਦੋ ਤੋਂ ਤਿੰਨ ਲੀਟਰ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ।
ਇਫ਼ਤਾਰ ਵਿੱਚ ਕੀ ਖਾਣਾ ਚਾਹੀਦਾ ਹੈ?
ਜਦੋਂ ਪਹਿਲੀ ਵਾਰ ਰੋਜ਼ਾ ਖੋਲਦੇ ਹੋ ਤਾਂ ਆਮ ਤੌਰ 'ਤੇ ਬਹੁਤ ਸਾਰੇ ਤਰਲ ਪਦਾਰਥ ਅਤੇ ਕੁਝ ਕੁਦਰਤੀ ਸ਼ੱਕਰ ਵਾਲੇ ਭੋਜਨ ਖਾਣ ਦੀ ਸਿਫਾਰਸ਼ ਕੀਤੀ ਜਾਂਦੀ ਹੈ - ਜਿਵੇਂ ਕਿ ਖਜੂਰ, ਜੋ ਪੈਗੰਬਰ ਮੁਹੰਮਦ ਦੇ ਸਮੇਂ ਤੋਂ ਰੋਜ਼ਾ ਖੋਲ੍ਹਣ ਲਈ ਵਰਤਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਪੋਸ਼ਣ ਵਿਗਿਆਨੀ ਬ੍ਰਿਜੇਟ ਬੇਨੇਲਮ ਕਹਿੰਦੇ ਹਨ ਕਿ "ਖਜੂਰਾਂ ਅਤੇ ਪਾਣੀ, ਇਹ ਤੁਹਾਡੇ ਲਈ ਰੋਜ਼ਾ ਖੋਲ੍ਹਣ ਦਾ ਇੱਕ ਵਧੀਆ ਤਰੀਕਾ ਹੈ ਤਾਂ ਜੋ ਭੋਜਨ ਸ਼ੁਰੂ ਕੀਤਾ ਜਾ ਸਕੇ। ਇਹ ਤੁਹਾਨੂੰ ਊਰਜਾ ਅਤੇ ਰੀਹਾਈਡਰੇਸ਼ਨ ਦਿੰਦੇ ਹਨ।"
"ਸੂਪ ਪੀਣਾ ਵੀ ਇੱਕ ਵਧੀਆ ਤਰੀਕਾ ਹੈ, ਕਿਉਂਕਿ ਇਸ ਵਿੱਚ ਬੀਨਜ਼, ਦਾਲਾਂ ਅਤੇ ਸਬਜ਼ੀਆਂ ਵਰਗੀਆਂ ਚੀਜ਼ਾਂ ਹੁੰਦੀਆਂ ਹਨ ਜੋ ਤੁਹਾਨੂੰ ਬਿਨਾਂ ਜ਼ਿਆਦਾ ਫੈਟ ਦੇ ਪੌਸ਼ਟਿਕ ਤੱਤ ਅਤੇ ਫਾਈਬਰ ਦਿੰਦੀਆਂ ਹਨ।''
ਉਹ ਕਹਿੰਦੇ ਹਨ, "ਦਿਨ ਭਰ ਵਿੱਚ ਲੰਮੇ ਸਮੇਂ ਤੱਕ ਭੁੱਖਾ ਰਹਿਣ ਤੋਂ ਬਾਅਦ ਤੁਸੀਂ ਕਿਸੇ ਭਾਰੀ ਚੀਜ਼ ਨਾਲ ਸ਼ੁਰੂਆਤ ਨਹੀਂ ਕਰਨਾ ਚਾਹੁੰਦੇ ਕਿਉਂਕਿ ਸ਼ਾਇਦ ਇਹ ਤੁਹਾਨੂੰ ਥੱਕਿਆ, ਸੁਸਤ ਅਤੇ ਬਿਮਾਰ ਮਹਿਸੂਸ ਕਰਵਾਏਗਾ।"
ਵੱਖ-ਵੱਖ ਸਭਿਆਚਾਰਾਂ ਅਤੇ ਪਰੰਪਰਾਵਾਂ ਵਿੱਚ ਰੋਜ਼ਾ ਖੋਲ੍ਹਣ ਤੋਂ ਬਾਅਦ, ਇਫ਼ਤਾਰ ਦਾ ਭੋਜਨ ਵੱਖ-ਵੱਖ ਤਰ੍ਹਾਂ ਦਾ ਹੁੰਦਾ ਹੈ, ਪਰ ਉਸ ਵਿੱਚ ਆਮ ਤੌਰ 'ਤੇ ਖਾਣੇ ਦੇ ਕਈ ਪ੍ਰਕਾਰ ਹੁੰਦੇ ਹਨ।
ਤੁਹਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਤੁਸੀਂ ਇਫਤਾਰ ਵਿੱਚ ਜੋ ਭੋਜਨ ਖਾਂਦੇ ਹੋ ਉਹ ਸਟਾਰਚ ਵਾਲੇ ਭੋਜਨ ਦਾ ਸੰਤੁਲਨ ਹੋਵੇ - ਜਿਸ ਵਿੱਚ ਵੱਖਰੇ-ਵੱਖਰੇ ਅਨਾਜ, ਫਾਈਬਰ ਨਾਲ ਭਰਪੂਰ ਸਬਜ਼ੀਆਂ ਅਤੇ ਫਲ, ਡੇਅਰੀ ਅਤੇ ਪ੍ਰੋਟੀਨ ਨਾਲ ਭਰਪੂਰ ਭੋਜਨ ਜਿਵੇਂ ਕਿ ਮਾਸ, ਮੱਛੀ, ਆਂਡੇ ਅਤੇ ਬੀਨਜ਼ ਸ਼ਾਮਲ ਹੋਣ।
ਬਹੁਤੀਆਂ ਮਿਠਾਈਆਂ ਜਾਂ ਮਿੱਠੇ ਵਾਲੇ ਖਾਣੇ ਨਾ ਖਾਣ ਦੀ ਵੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਇਸ ਨਾਲ ਤੁਹਾਡਾ ਭਾਰ ਵਧ ਸਕਦਾ ਹੈ।
ਕੁਝ ਪੋਸ਼ਣ ਵਿਗਿਆਨੀ ਇਹ ਸਲਾਹ ਵੀ ਦਿੰਦੇ ਹਨ ਕਿ ਇਫ਼ਤਾਰ ਦੇ ਖਾਣੇ ਵਿੱਚ ਇੱਕੋ ਵਾਰ ਬਹੁਤ ਸਾਰਾ ਖਾਣ ਦੀ ਬਜਾਏ, ਇਸ ਨੂੰ ਦੋ ਹਿੱਸਿਆਂ ਵਿੱਚ ਵੰਡ ਲਿਆ ਜਾਵੇ। ਅਜਿਹਾ ਕਰਨ ਨਾਲ ਖੂਨ ਵਿੱਚ ਗਲੂਕੋਜ਼ ਦੇ ਵੱਡੇ ਵਾਧੇ ਨੂੰ ਕੰਟਰੋਲ ਕਰਨ ਵਿੱਚ ਮਦਦ ਮਿਲਦੀ ਹੈ ਅਤੇ ਨਾਲ ਹੀ ਬਦਹਜ਼ਮੀ ਦਾ ਜੋਖ਼ਮ ਵੀ ਘਟ ਜਾਂਦਾ ਹੈ।
ਕੀ ਰੋਜ਼ਾ ਰੱਖਣਾ ਤੁਹਾਡੀ ਸਿਹਤ ਲਈ ਚੰਗਾ ਹੈ?

ਤਸਵੀਰ ਸਰੋਤ, Getty Images
ਆਮ ਤੌਰ 'ਤੇ ਇਹ ਸਾਬਤ ਹੋਇਆ ਹੈ ਕਿ ਰੋਜ਼ਾ ਰੱਖਣ ਦੇ ਸਿਹਤ ਨੂੰ ਕਈ ਲਾਭ ਹੁੰਦੇ ਹਨ, ਇੰਟਰਮਿਟੇਂਟ ਫਾਸਟਿੰਗ (ਰੁਕ-ਰੁਕ ਕੇ ਵਰਤ ਰੱਖਣਾ) ਭਾਰ ਘਟਾਉਣ ਦਾ ਇੱਕ ਪ੍ਰਸਿੱਧ ਤਰੀਕਾ ਵੀ ਬਣ ਗਿਆ ਹੈ।
ਇਸ ਗੱਲ 'ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਕਿ ਕੀ ਖਾਣਾ ਹੈ, ਰੁਕ-ਰੁਕ ਕੇ ਵਰਤ ਰੱਖਣਾ ਤੁਹਾਨੂੰ ਦੱਸਦਾ ਹੈ ਕਿ ਕਦੋਂ ਖਾਣਾ ਹੈ। ਇਸ ਵਿੱਚ ਹਰ ਰੋਜ਼ ਕੁਝ ਘੰਟਿਆਂ ਲਈ ਵਰਤ ਰੱਖਣਾ ਸ਼ਾਮਲ ਹੈ।
ਇਸ ਦੇ ਪਿੱਛੇ ਵਿਚਾਰ ਇਹ ਹੈ ਕਿ ਇੱਕ ਵਾਰ ਜਦੋਂ ਤੁਹਾਡਾ ਸਰੀਰ ਆਪਣੇ ਜਮ੍ਹਾਂ ਸ਼ੂਗਰ ਦੀ ਵਰਤੋਂ ਕਰ ਲੈਂਦਾ ਹੈ, ਤਾਂ ਇਹ ਚਰਬੀ ਨੂੰ ਜਲਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਭਾਰ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਪ੍ਰਕਿਰਿਆ ਨੂੰ ਮੈਟਾਬੋਲਿਕ ਸਵਿਚਿੰਗ ਕਿਹਾ ਜਾਂਦਾ ਹੈ।
ਅਧਿਐਨਾਂ ਵਿੱਚ ਸਾਹਮਣੇ ਆਇਆ ਹੈ ਕਿ ਇੰਟਰਮਿਟੇਂਟ ਫਾਸਟਿੰਗ ਨਾਲ ਹੋਣ ਵਾਲੇ ਸਿਹਤ ਲਾਭਾਂ ਵਿੱਚ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰੋਲ ਨੂੰ ਘੱਟ ਕਰਨਾ, ਸੋਜਸ਼ ਵਿੱਚ ਕਮੀ, ਇਨਸੁਲਿਨ ਪ੍ਰਤੀ ਬਿਹਤਰ ਪ੍ਰਤੀਕਿਰਿਆ ਅਤੇ ਟਾਈਪ 2 ਸ਼ੂਗਰ ਦੇ ਜੋਖਮ ਨੂੰ ਘਟਾਉਣਾ ਸ਼ਾਮਲ ਹੈ।

ਤਸਵੀਰ ਸਰੋਤ, Getty Images
ਰੋਜ਼ਾ ਰੱਖਣ ਦਾ ਸਮਾਂ ਅਤੇ ਇੰਟਰਮਿਟੇਂਟ ਫਾਸਟਿੰਗ ਦੀਆਂ ਲਗਭਗ ਸਾਰੀਆਂ ਵਿਸ਼ੇਸ਼ਤਾਵਾਂ ਸਾਂਝੀਆਂ ਹਨ।
ਦਿ ਅਮੈਰੀਕਨ ਜਰਨਲ ਆਫ਼ ਕਲੀਨਿਕਲ ਨਿਊਟ੍ਰੀਸ਼ਨ ਵਿੱਚ ਪ੍ਰਕਾਸ਼ਿਤ ਇੱਕ ਤਾਜ਼ਾ ਅਧਿਐਨ ਨੇ ਰੋਜ਼ੇ ਨੂੰ ਅਨੁਕੂਲ ਪਾਚਕ ਤਬਦੀਲੀਆਂ ਅਤੇ ਪੁਰਾਣੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਉਣ ਨਾਲ ਜੋੜਿਆ ਹੈ।
ਅਧਿਐਨ ਦੇ ਨਤੀਜਿਆਂ ਤੋਂ ਪਤਾ ਲੱਗਿਆ ਹੈ ਕਿ ਰੋਜ਼ਾ ਰੱਖਣ ਨਾਲ ਫੇਫੜਿਆਂ, ਕੋਲੋਰੈਕਟਲ ਅਤੇ ਛਾਤੀ ਦੇ ਕੈਂਸਰ ਦੇ ਜੋਖਮ ਕਾਫ਼ੀ ਹੱਦ ਤੱਕ ਘਟ ਹਨ।
ਪੋਸ਼ਣ ਮਾਹਿਰ ਬ੍ਰਿਜੇਟ ਬੇਨੇਲਮ ਕਹਿੰਦੇ ਹਨ ਕਿ ਆਮ ਤੌਰ 'ਤੇ ਲੋਕ ਰਮਜ਼ਾਨ ਦੌਰਾਨ ਲਗਭਗ ਇੱਕ ਕਿਲੋਗ੍ਰਾਮ ਭਾਰ ਘਟਾਉਂਦੇ ਹਨ, ਪਰ ਨਾਲ ਹੀ ਸਾਵਧਾਨੀ ਰੱਖਣ ਦੀ ਵੀ ਲੋੜ ਹੈ ਕਿਉਂਕਿ ਜੇਕਰ ਤੁਸੀਂ ਇਫਤਾਰ ਵਿੱਚ ਜ਼ਿਆਦਾ ਖਾਂਦੇ ਹੋ ਤਾਂ ਤੁਹਾਡਾ ਭਾਰ ਵਧ ਵੀ ਸਕਦਾ ਹੈ।
ਉਹ ਕਹਿੰਦੇ ਹਨ, "ਇਨਸਾਨ ਹੋਣ ਦੇ ਨਾਤੇ ਸਾਡੀ ਕੁਦਰਤੀ ਆਦਤ ਹੈ ਕਿ ਅਸੀਂ ਜ਼ਿਆਦਾ ਖਾ ਲੈਂਦੇ ਹਾਂ। ਸਾਨੂੰ ਜਿੰਨੇ ਜ਼ਿਆਦਾ ਤਰ੍ਹਾਂ ਦੇ ਭੋਜਨ ਪਰੋਸੇ ਜਾਣਗੇ, ਅਸੀਂ ਓਨਾ ਹੀ ਜ਼ਿਆਦਾ ਖਾਂਦੇ ਹਾਂ ਅਤੇ ਬੇਸ਼ੱਕ, ਪਲੇਟਾਂ ਨਾਲ ਭਰੀ ਇੱਕ ਵੱਡੀ ਇਫਤਾਰ ਵਾਲੀ ਮੇਜ਼ ਇਸਦੀ ਇੱਕ ਚੰਗੀ ਉਦਾਹਰਣ ਹੈ।''
"ਤੁਹਾਨੂੰ ਉਹ ਸਾਰਾ ਕੁਝ ਖਾਣ ਦੀ ਜ਼ਰੂਰਤ ਨਹੀਂ ਹੈ ਜੋ ਤੁਹਾਨੂੰ ਪੇਸ਼ ਕੀਤਾ ਜਾਂਦਾ ਹੈ। ਇਸ ਲਈ ਚੋਣ ਕਰਕੇ ਹੌਲੀ-ਹੌਲੀ ਖਾਓ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












