'ਸਾਰੇ 51 ਗੇਟ ਬੰਦ ਸਨ, ਉਨ੍ਹਾਂ ਨੇ ਉੱਚੀ-ਉੱਚੀ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ' - ਮਸਜਿਦ 'ਤੇ ਹਮਲੇ ਦਾ ਉਹ ਮੰਜ਼ਰ

ਤਸਵੀਰ ਸਰੋਤ, Getty Images
- ਲੇਖਕ, ਰੇਹਾਨ ਫਜ਼ਲ
- ਰੋਲ, ਬੀਬੀਸੀ ਸਹਿਯੋਗੀ
20 ਨਵੰਬਰ 1979 ਨੂੰ ਮੁਹੱਰਮ ਦਾ ਪਹਿਲਾ ਦਿਨ ਸੀ। ਮੱਕਾ ਦੀ ਸਭ ਤੋਂ ਵੱਡੀ ਮਸਜਿਦ ਵਿੱਚ ਸਥਾਨਕ ਲੋਕਾਂ ਦੇ ਨਾਲ-ਨਾਲ ਪਾਕਿਸਤਾਨੀ, ਇੰਡੋਨੇਸ਼ੀਆਈ, ਮੋਰੱਕੋ ਅਤੇ ਯਮਨੀ ਸ਼ਰਧਾਲੂ ਕਾਫ਼ੀ ਵੱਡੀ ਗਿਣਤੀ ਵਿੱਚ ਮੌਜੂਦ ਸਨ।
ਸ਼ਰਧਾਲੂਆਂ ਦੇ ਇਸ ਵੱਡੇ ਸਮੂਹ ਵਿੱਚ ਬਾਗ਼ੀ ਵੀ ਸਨ, ਜਿਨ੍ਹਾਂ ਨੇ ਆਪਣੇ ਸਿਰਾਂ 'ਤੇ ਲਾਲ ਚੈੱਕ ਕੱਪੜਾ ਬੰਨ੍ਹਿਆ ਹੋਇਆ ਸੀ।
ਉਨ੍ਹਾਂ ਵਿਚੋਂ ਕੁਝ ਕਈ ਦਿਨਾਂ ਤੋਂ ਮਸਜਿਦ ਦੇ ਅੰਦਰ ਰਹਿ ਕੇ ਇਸ ਦੇ ਗਲਿਆਰਿਆਂ ਅਤੇ ਰਸਤਿਆਂ ਦਾ ਮੁਆਇਨਾ ਕਰ ਰਹੇ ਸਨ।
ਕੁਝ ਲੋਕ ਉਸੇ ਦਿਨ ਆਪਣੀਆਂ ਪਤਨੀਆਂ ਅਤੇ ਬੱਚਿਆਂ ਨਾਲ ਕਾਰ ਰਾਹੀਂ ਮੱਕਾ ਪਹੁੰਚੇ ਸਨ ਤਾਂ ਜੋ ਸੁਰੱਖਿਆ ਬਲਾਂ ਨੂੰ ਉਨ੍ਹਾਂ 'ਤੇ ਸ਼ੱਕ ਨਾ ਹੋਵੇ। ਇਨ੍ਹਾਂ ਵਿੱਚੋਂ ਬਹੁਤੇ ਸਾਊਦੀ ਖ਼ਾਨਾਬਦੋਸ਼ ਸਨ।
ਫ਼ਜ਼ਰ ਦੀ ਨਮਾਜ਼ ਸ਼ੁਰੂ ਹੋ ਗਈ ਸੀ। ਮਾਈਕ੍ਰੋਫੋਨ 'ਤੇ ਇਮਾਮ ਦੀ ਆਵਾਜ਼ ਗੂੰਜ ਰਹੀ ਸੀ। ਸਮਾਂ ਸਵੇਰੇ 5:18 ਦਾ ਸੀ।
ਯਾਰੋਸਲੋਵ ਤ੍ਰੋਫਿਮੋਵ ਨੇ ਆਪਣੀ ਕਿਤਾਬ 'ਦਿ ਸੀਜ਼ ਆਫ ਮੱਕਾ: ਦਿ ਫੋਰਗੋਟਨ ਅਪਰਾਈਜ਼ਿੰਗ ਇਨ ਇਸਲਾਮਜ਼ ਹੋਲੀਅਸਟ ਸ਼ਰਾਈਨ' ਵਿੱਚ ਇਸ ਘਟਨਾ ਦਾ ਦਿਲਚਸਪ ਵਰਣਨ ਕੀਤਾ ਹੈ।
ਉਹ ਲਿਖਦੇ ਹਨ, “ਜਿਵੇਂ ਹੀ ਇਮਾਮ ਨੇ ਨਮਾਜ਼ ਤੋਂ ਬਾਅਦ ਕਲਮਾ ਪੜ੍ਹਨਾ ਸ਼ੁਰੂ ਕੀਤਾ, ਗੋਲੀਆਂ ਦੀ ਆਵਾਜ਼ ਸੁਣਾਈ ਦਿੱਤੀ। ਬੇਚੈਨ ਲੋਕਾਂ ਨੇ ਇੱਕ ਨੌਜਵਾਨ ਨੂੰ ਹੱਥ ਵਿੱਚ ਰਾਈਫਲ ਲੈ ਕੇ ਕਾਬਾ ਵੱਲ ਤੇਜ਼ੀ ਨਾਲ ਵਧਦੇ ਦੇਖਿਆ। ਫਿਰ ਦੂਜੀ ਗੋਲੀ ਦੀ ਆਵਾਜ਼ ਸੁਣਾਈ ਦਿੱਤੀ ਅਤੇ ਮਸਜਿਦ ਦੇ ਬਾਹਰ ਦਾਣੇ ਚੁਗਣ ਵਾਲੇ ਸੈਂਕੜੇ ਕਬੂਤਰ ਹਵਾ ਵਿੱਚ ਉੱਡਣ ਲੱਗੇ।”

ਹਮਲਾਵਰਾਂ ਦਾ ਨੇਤਾ ਜੋਹੇਮਾਨ ਅਲ ਉਤੇਬੀ
ਮਸਜਿਦ 'ਚ ਮੌਜੂਦ ਪੁਲਿਸ ਫੋਰਸ ਦੇ ਕੋਲ ਵਿਦੇਸ਼ਾਂ ਤੋਂ ਆਏੇ ਸ਼ਰਧਾਲੂਆਂ ਨੂੰ ਕਾਬੂ ਕਰਨ ਲਈ ਹਥਿਆਰਾਂ ਦੇ ਨਾਂ 'ਤੇ ਮਾਮੂਲੀ ਡਾਂਗਾਂ ਸਨ। ਜਿਵੇਂ ਹੀ ਗੇਟਾਂ 'ਤੇ ਤੈਨਾਤ ਦੋ ਸੰਤਰੀਆਂ ਨੂੰ ਗੋਲੀ ਲੱਗੀ, ਡਾਂਗਾਂ ਵਾਲੇ ਸਾਰੇ ਸਿਪਾਹੀ ਉਥੋਂ ਗਾਇਬ ਹੋ ਗਏ।
ਅਜੇ ਹੰਗਾਮਾ ਮੱਚਿਆ ਹੀ ਸੀ ਕਿ ਹਮਲਾਵਰਾਂ ਦਾ ਆਗੂ ਜੋਹੇਮਾਨ ਅਲ ਉਤੇਬੀ ਅੱਗੇ ਆਇਆ।
ਸਾਊਦੀ ਅਰਬ 'ਚ ਪਾਬੰਦੀਸ਼ੁਦਾ ਕਿਤਾਬ 'ਇਵੈਂਟਸ ਐਟ ਦਿ ਸ਼ਰਾਈਨ ਬਿਟਵੀਨ ਟਰੂਥ ਐਂਡ ਲਾਈਜ਼' 'ਚ ਲਿਖਿਆ ਹੈ, "43 ਸਾਲਾ ਵਿਅਕਤੀ ਜੋਹੇਮਾਨ ਦੀਆਂ ਕਾਲੀਆਂ ਅੱਖਾਂ ਸਨ। ਉਸ ਦੇ ਮੋਢਿਆਂ ਤੱਕ ਕਾਲੇ ਵਾਲ ਸਨ ਜੋ ਉਸ ਦੀ ਕਾਲੀ ਦਾੜ੍ਹੀ ਵਿੱਚ ਰਲ ਰਹੇ ਸਨ।"
"ਪਤਲਾ ਜਿਹਾ ਹੋਣ ਦੇ ਬਾਵਜੂਦ ਉਸ ਦੀ ਸ਼ਖ਼ਸੀਅਤ ਵਿਚੋਂ ਰੋਹਬ ਦਿਖਾਈ ਦਿੰਦਾ ਸੀ। ਉਸ ਨੇ ਚਿੱਟੇ ਰੰਗ ਦਾ ਰਵਾਇਤੀ ਸਾਊਦੀ ਪਹਿਰਾਵਾ ਪਾਇਆ ਹੋਇਆ ਸੀ ਜੋ ਉਸ ਦੇ ਲੱਤਾਂ ਦੀਆਂ ਪਿੰਨੀਆਂ ਤੱਕ ਆ ਰਿਹਾ ਸੀ।"
"ਉਸ ਨੇ ਸਿਰ 'ਤੇ ਕੁਝ ਵੀ ਨਹੀਂ ਪਹਿਨਿਆ ਸੀ ਪਰ ਉਸ ਨੇ ਵਾਲਾਂ ਨੂੰ ਕਾਬੂ ਤੋਂ ਬਾਹਰ ਹੋਣ ਤੋਂ ਬਚਾਉਣ ਲਈ ਸਿਰ ਉੱਤੇ ਹਰੇ ਰੰਗ ਦਾ ਬੈਂਡ ਬੰਨ੍ਹਿਆ ਹੋਇਆ ਸੀ। ਤਿੰਨ ਹਮਲਾਵਰ ਰਾਈਫਲ, ਪਿਸਤੌਲ ਅਤੇ ਖੰਜਰ ਲੈ ਕੇ ਉਸ ਦੇ ਨਾਲ ਤੁਰ ਰਹੇ ਸਨ। ਉਹ ਸਭ ਤੇਜ਼ੀ ਨਾਲ ਪਵਿੱਤਰ ਕਾਬੇ ਅਤੇ ਮਸਜਿਦ ਦੇ ਇਮਾਮ ਦੇ ਵੱਲ ਵੱਧਦੇ ਜਾ ਰਹੇ ਸਨ।"
ਸਾਰੇ ਦਰਵਾਜ਼ੇ ਬੰਦ

ਤਸਵੀਰ ਸਰੋਤ, Getty Images
ਜਦੋਂ ਇਮਾਮ ਦੀ ਨਜ਼ਰ ਜੋਹੇਮਾਨ 'ਤੇ ਪਈ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਉਹ ਅਤੇ ਉਸ ਦੇ ਸਾਥੀ ਕੁਝ ਦਿਨ ਪਹਿਲਾਂ ਇਸਲਾਮ 'ਤੇ ਦਿੱਤੇ ਗਏ ਉਨ੍ਹਾਂ ਦੇ ਭਾਸ਼ਣ ਦੌਰਾਨ ਮੌਜੂਦ ਸਨ।
ਯਾਰੋਸਲੋਵ ਤ੍ਰਫਿਮੋਵ ਲਿਖਦੇ ਹਨ, “ਕੁਝ ਸਕਿੰਟਾਂ ਬਾਅਦ ਹੀ ਜੋਹੇਮਾਨ ਨੇ ਇਮਾਮ ਨੂੰ ਧੱਕਾ ਦੇ ਕੇ ਮਾਈਕ ਖੋਹ ਲਿਆ। ਜਦੋਂ ਇਮਾਮ ਨੇ ਦੁਬਾਰਾ ਮਾਈਕ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਪੂਰੀ ਤਾਕਤ ਨਾਲ ਚੀਕਦਿਆਂ ਆਪਣਾ ਛੁਰਾ ਉਸ ਦੇ ਚਿਹਰੇ 'ਤੇ ਰੱਖ ਦਿੱਤਾ।"
"ਇਹ ਤਮਾਸ਼ਾ ਦੇਖ ਰਹੇ ਹਜ਼ਾਰਾਂ ਸ਼ਰਧਾਲੂ ਹੱਥਾਂ ਵਿੱਚ ਜੁੱਤੀਆਂ ਲੈ ਕੇ ਬਾਹਰਲੇ ਦਰਵਾਜ਼ਿਆਂ ਵੱਲ ਭੱਜੇ ਪਰ ਜਦੋਂ ਉਹ ਦਰਵਾਜ਼ਿਆਂ ਤੱਕ ਪਹੁੰਚੇ ਤਾਂ ਦੇਖਿਆ ਕਿ ਸਾਰੇ 51 ਗੇਟ ਬੰਦ ਸਨ। ਗੁੱਸੇ 'ਚ ਆ ਕੇ ਉਨ੍ਹਾਂ ਨੇ ਉੱਚੀ-ਉੱਚੀ 'ਅੱਲ੍ਹਾ ਹੂ ਅਕਬਰ' ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਹਮਲਾਵਰਾਂ ਨੇ ਵੀ ਉਸ ਆਵਾਜ਼ ਨਾਲ ਆਪਣੀ ਆਵਾਜ਼ ਰਲਾਈ ਤੇ ਕਾਬੇ ਦਾ ਪੂਰਾ ਕੰਪਲੈਕਸ ਇਸ ਆਵਾਜ਼ ਨਾਲ ਗੂੰਜ ਉੱਠਿਆ।"
ਹਮਲਾਵਰਾਂ ਨੇ ਮੀਨਾਰ 'ਤੇ ਪੋਜ਼ਿਸ਼ਨ ਬਣਾ ਲਈ

ਤਸਵੀਰ ਸਰੋਤ, Getty Images
ਜਿਵੇਂ ਕਿ ਇਹ ਆਵਾਜ਼ ਘੱਟ ਹੋਈ ਜੋਹੇਮਾਨ ਨੇ ਮਾਈਕ੍ਰੋਫੋਨ ਦੇ ਨਾਲ ਆਪਣੇ ਸਾਥੀਆਂ ਨੂੰ ਨਿਰਦੇਸ਼ ਦੇਣੇ ਸ਼ੁਰੂ ਕਰ ਦਿੱਤੇ। ਉਸ ਦੀ ਆਵਾਜ਼ ਸੁਣਦਿਆਂ ਹੀ ਉਸ ਦੇ ਸਾਥੀ ਪੂਰੇ ਕੰਪਲੈਕਸ ਵਿੱਚ ਫੈਲ ਗਏ ਅਤੇ ਉਨ੍ਹਾਂ ਨੇ ਮਸਜਿਦ ਦੀਆਂ ਸੱਤਾਂ ਮੀਨਾਰਾਂ 'ਤੇ ਮਸ਼ੀਨਗੰਨਾਂ ਫਿਟ ਕਰ ਲਈਆਂ।
ਫਸੇ ਹੋਏ ਸ਼ਰਧਾਲੂਆਂ ਨੂੰ ਹਮਲਾਵਰਾਂ ਦੀ ਮਦਦ ਕਰਨ ਲਈ ਮਜਬੂਰ ਕੀਤਾ ਗਿਆ। ਕੁਝ ਲੋਕਾਂ ਨੂੰ ਕਿਹਾ ਗਿਆ ਕਿ ਉਹ ਉੱਥੇ ਵਿਛਾਏ ਕਲੀਨਾਂ ਨੂੰ ਲਪੇਟ ਕੇ ਜੰਜ਼ੀਰਾਂ ਲੱਗੇ ਗੇਟਾਂ ਕੋਲ ਖੜ੍ਹੇ ਕਰ ਦੇਣ।
ਤਾਕਤਵਰ ਲੋਕਾਂ ਨੂੰ ਬੰਦੂਕ ਦੀ ਨੌਕ 'ਤੇ ਮੀਨਾਰਾਂ 'ਤੇ ਚੜ੍ਹ ਕੇ ਖਾਣਾ ਅਤੇ ਹਥਿਆਰ ਪਹੁੰਚਾਉਣ ਲਈ ਕਿਹਾ ਗਿਆ। ਬਹੁਤ ਘੱਟ ਸਮੇਂ ਵਿੱਚ ਇਸਲਾਮ ਦੇ ਪਵਿੱਤਰ ਅਸਥਾਨ ਤੇ ਕਬਜ਼ਾ ਕਰ ਲਿਆ ਗਿਆ ਸੀ।
ਇਨ੍ਹਾਂ ਮੀਨਾਰਾਂ ਦੀ ਉਚਾਈ 89 ਮੀਟਰ (292 ਫੁੱਟ) ਹੈ, ਜਿੱਥੋ ਸਾਰੇ ਮੱਕੇ 'ਤੇ ਨਜ਼ਰ ਰੱਖੀ ਜਾ ਸਕਦੀ ਸੀ।
ਜੋਹੇਮਾਨ ਨੇ ਹੁਕਮ ਦਿੱਤਾ, "ਜੇਕਰ ਤੁਸੀਂ ਕਿਸੇ ਸਰਕਾਰੀ ਸਿਪਾਹੀ ਨੂੰ ਆਪਣੇ ਖ਼ਿਲਾਫ਼ ਹੱਥ ਚੁੱਕ ਦੇ ਦੇਖੋ, ਉਸ 'ਤੇ ਕੋਈ ਤਰਸ ਨਾ ਦਿਖਾਓ ਅਤੇ ਉਸ ਨੂੰ ਗੋਲੀ ਮਾਰਨ ਤੋਂ ਸਕੋਚ ਨਾ ਕਰੋ।"
ਬੰਧਕਾਂ ਵਿਚੋਂ ਬਹੁਤ ਸਾਰੇ ਸ਼ਰਧਾਲੂ ਅਰਬੀ ਨਹੀਂ ਸਮਝਦੇ ਸਨ ਅਤੇ ਸਥਾਨਕ ਲੋਕਾਂ ਨੂੰ ਮਾਮਲੇ ਬਾਰੇ ਸਮਝਾਉਣ ਲਈ ਬੇਨਤੀ ਕਰ ਰਹੇ ਸਨ।
ਜਲਦੀ ਹੀ ਹਮਲਾਵਰਾਂ ਨੇ ਭਾਰਤੀ ਅਤੇ ਪਾਕਿਸਤਾਨੀ ਸ਼ਰਧਾਲੂਆਂ ਦੇ ਇੱਕ ਸਮੂਹ ਨੂੰ ਇੱਕ ਕਿਨਾਰੇ ਵਿੱਚ ਖੜ੍ਹਾ ਕਰ ਦਿੱਤਾ ਅਤੇ ਇੱਕ ਉਰਦੂ ਬੋਲਣ ਵਾਲਾ ਵਿਅਕਤੀ ਉੱਥੇ ਹੋ ਰਹੇ ਐਲਾਨ ਦਾ ਉਰਦੂ ਵਿੱਚ ਤਰਜਮਾ ਕਰਨ ਲੱਗਿਆ।
ਅਫਰੀਕੀ ਸ਼ਰਧਾਲੂਆਂ ਲਈ ਇੱਕ ਅੰਗਰੇਜ਼ੀ ਬੋਲਣ ਵਾਲੇ ਤਰਜਮੇਕਾਰ ਦਾ ਇੰਤਜ਼ਾਮ ਕੀਤਾ ਗਿਆ।
ਸਾਊਦੀ ਅਰਬ ਵਿੱਚ ਅਮਰੀਕਾ ਦੇ ਰਾਜਦੂਤ ਸੀ ਵੈਸਟ ਨੇ ਅਮਰੀਕੀ ਵਿਦੇਸ਼ ਮੰਤਰਾਲੇ ਨੂੰ ਤਾਰ ਭੇਜ ਕੇ, "ਹਮਲਾਵਰਾਂ ਨੇ ਮਸਜਿਦ ਦੀ ਜਨ ਸੰਬੋਧਨ ਵਿਵਸਥਾ ਦੇ ਰਾਹੀਂ ਐਲਾਨ ਕਰ ਦਿੱਤਾ ਹੈ ਕਿ ਮੱਕਾ, ਮਦੀਨਾ ਅਤੇ ਜੇਦਾ 'ਤੇ ਉਨ੍ਹਾਂ ਦਾ ਕਬਜ਼ਾ ਹੋ ਗਿਆ ਹੈ।"
ਕਿਆਮਤ ਦਾ ਦਿਨ ਨੇੜੇ ਆਉਣ ਦਾ ਐਲਾਨ

ਤਸਵੀਰ ਸਰੋਤ, Getty Images
ਅਗਲੇ ਇੱਕ ਘੰਟੇ ਵਿੱਚ ਹਮਲਾਵਰਾਂ ਨੇ ਮਸਜਿਦ ਦੇ ਲਾਊਡ ਸਪੀਕਰ ਰਾਹੀਂ ਪੂਰੀ ਦੁਨੀਆ ਦੇ ਇੱਕ ਅਰਬ ਮੁਸਲਮਾਨਾਂ ਤੱਕ ਇੱਕ ਪੁਰਾਣੀ ਭਵਿੱਖਬਾਣੀ ਪਹੁੰਚਾਈ ਜਿਸ ਵਿੱਚ ਕਿਹਾ ਗਿਆ ਸੀ ਕਿ ਕਿਆਮਤ ਦਾ ਸਮਾਂ ਆ ਗਿਆ ਹੈ ਅਤੇ ਮਹਿਦੀ ਆ ਚੁੱਕੇ ਹਨ।
ਜਦੋਂ ਗੋਲੀਆਂ ਦੇ ਵਿਚਕਾਰ ਇਹ ਐਲਾਨ ਖ਼ਤਮ ਹੋਇਆ ਤਾਂ ਪੂਰੇ ਮੱਧ ਮੱਕਾ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ। ਇਹ ਸੁਣ ਕੇ ਮਸਜਿਦ ਦੇ ਬਾਹਰ ਕੰਮ ਕਰਨ ਵਾਲੇ ਲੋਕ ਭੱਜ ਗਏ।
ਸਾਊਦੀ ਅਰਬ ਅਤੇ ਉਸ ਦੇ ਬਾਹਰ ਰਹਿ ਰਹੇ ਮੁਸਲਮਾਨ ਇਸ ਐਲਾਨ ਨੂੰ ਸੁਣ ਕੇ ਬਹੁਤ ਦੁਖੀ ਹੋਏ।
ਬਾਅਦ ਵਿੱਚ ਸਾਊਦੀ ਅਰਬ ਦੇ ਸ਼ਹਿਜ਼ਾਦੇ ਫਹਿਦ ਨੇ ਲੇਬਨਾਨ ਦੇ 'ਅਲ ਸਫ਼ੀਰ' ਅਖ਼ਬਾਰ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ, “ਜੋਹੇਮਾਨ ਅਤੇ ਉਸ ਦੇ ਸਾਥੀਆਂ ਨੇ ਬਾਹਰ ਖੜ੍ਹੇ ਸੰਤਰੀਆਂ ਨੂੰ 40 ਹਜ਼ਾਰ ਰਿਆਲ ਦੀ ਰਿਸ਼ਵਤ ਦਿੱਤੀ ਸੀ ਤਾਂ ਜੋ ਹਥਿਆਰਾਂ ਅਤੇ ਭੋਜਨ ਨਾਲ ਭਰੇ ਤਿੰਨ ਟੋਏਟਾ ਡੈਟਸਨ ਅਤੇ ਜੀਐੱਮਸੀ ਪਿਕਅੱਪ ਟਰੱਕ ਮਸਜਿਦ ਦੇ ਅੰਦਰ ਆ ਜਾਣ। ਇਨ੍ਹਾਂ ਪਿਕਅੱਪ ਟਰੱਕਾਂ ਨੂੰ ਮਸਜਿਦ ਦੇ ਬੇਸਮੈਂਟ ਵਿੱਚ ਖੜ੍ਹਾ ਕੀਤਾ ਗਿਆ ਸੀ।”
ਮਹਿਦੀ ਦਾ ਆਗਮਨ

ਤਸਵੀਰ ਸਰੋਤ, Getty Images
ਇੱਕ ਵਾਰ ਮਸਜਿਦ ਉੱਤੇ ਕਬਜ਼ਾ ਕਰਨ ਤੋਂ ਬਾਅਦ ਜੋਹੇਮਾਨ ਨੇ ਯਕੀਨੀ ਬਣਾਇਆ ਕਿ ਉਸ ਦੇ ਸਾਥੀਆਂ ਦਾ ਮਸਜਿਦ ਦੇ ਹਰ ਆਉਣ ਵਾਲੇ ਦਰਵਾਜ਼ੇ ਉੱਤੇ ਕਬਜ਼ਾ ਹੋਵੇ।
ਫਿਰ ਉੱਥੇ ਮੌਜੂਦ ਲੋਕਾਂ ਨੂੰ ਦੱਸਿਆ ਕਿ ਮਹਿਦੀ ਇੱਥੇ ਆ ਚੁੱਕੇ ਹਨ ਜਿਨ੍ਹਾਂ ਦਾ ਬਹੁਤ ਦਿਨਾਂ ਤੋਂ ਇੰਤਜ਼ਾਰ ਸੀ। ਉਸਨੇ ਕਿਹਾ ਕਿ ਉਸ ਦਾ ਨਾਮ ਮੁਹੰਮਦ ਅਬਦੁੱਲਾ ਅਲ ਕੁਰੈਸ਼ੀ ਹੈ।
ਦਰਅਸਲ ਅਜਿਹੀ ਮਾਨਤਾ ਹੈ ਕਿ ਕਿਆਮਤ ਤੋਂ ਪਹਿਲਾ ਬੇਇਨਸਾਫ਼ੀ ਨੂੰ ਖ਼ਤਮ ਕਰ ਕੇ 'ਸੱਚੇ ਧਰਮ' ਦੀ ਮੁੜ ਸਥਾਪਨਾ ਲਈ ਮਹਿਦੀ ਧਰਤੀ ਉੱਤੇ ਆਵੇਗਾ।
ਯਾਰੋਸਲੋਵ ਤ੍ਰੋਫਿਮੋਵ ਨੇ ਲਿਖਿਆ, “ਇੱਕ-ਇੱਕ ਕਰਕੇ ਜੋਹੇਮਾਨ ਕੇ ਸਾਰੇ ਹਮਲਾਵਰਾਂ ਨੇ ਮੁਹੰਮਦ ਅਬਦੁੱਲ੍ਹਾ ਦਾ ਹੱਥ ਦਾ ਚੁੰਮਿਆ ਅਤੇ ਉਸ ਪ੍ਰਤੀ ਵਫ਼ਾਦਾਰੀ ਦੀ ਸਹੁੰ ਖਾਧੀ।"
"ਇਸ ਤੋਂ ਬਾਅਦ ਉਹ ਰਾਇਫਲਾਂ ਨਾਲ ਭਰੇ ਕਰੇਟ ਕੰਪਲੈਕਸ ਵਿੱਚ ਲੈ ਆਏ ਅਤੇ ਆਪਣੇ ਸਾਥੀਆ ਵਿੱਚ ਵੰਡ ਦਿੱਤਾ, ਜਿਨ੍ਹਾਂ ਨੇ ਇਸ ਬਗ਼ਾਵਤ ਦਾ ਸਮਰਥਨ ਕਰਨ ਦਾ ਫ਼ੈਸਲਾ ਕੀਤਾ ਸੀ।
ਹਥਿਆਰਾਂ ਤੋਂ ਇਲਾਵਾ ਕੁਵੈਤ ਵਿੱਚ ਛਪਵਾਏ ਗਏ ਇਸ਼ਤੇਹਾਰ ਲੋਕਾਂ ਵਿੱਚ ਵੰਡੇ ਗਏ ਜਿਨ੍ਹਾਂ ਵਿੱਚ ਜੋਹੇਮਾਨ ਦੇ ਲੇਖ ਲਿਖੇ ਸਨ।
ਕੁਝ ਸ਼ਰਧਾਲੂਆਂ ਨੇ ਅਬਦੁੱਲ੍ਹਾ ਨੂੰ ਪੁੱਛਿਆ ਕਿ ਕੀ ਇਸ ਬਗ਼ਾਵਤ ਪਿੱਛੇ ਈਰਾਨ ਦਾ ਹੱਥ ਹੈ?
ਅਬਦੁੱਲ੍ਹਾ ਨੇ ਇੱਕ ਸ਼ਬਦਾਂ ਵਿੱਚ ਇਸ ਦਾ ਜਵਾਬ ਦਿੱਤਾ, 'ਨਹੀਂ।'

ਤਸਵੀਰ ਸਰੋਤ, Getty Images
ਪੁਲਿਸ 'ਤੇ ਗੋਲੀਆਂ
ਅੱਠ ਵਜੇ ਦੇ ਕਰੀਬ ਮੱਕਾ ਪੁਲਿਸ ਨੇ ਪਹਿਲੀ ਵਾਰ ਸੰਕਟ ਨਾਲ ਨਜਿੱਠਣ ਦਾ ਫ਼ੈਸਲਾ ਕੀਤਾ। ਸਥਿਤੀ ਦੀ ਜਾਂਚ ਲਈ ਇੱਕ ਪੁਲਿਸ ਜੀਪ ਭੇਜੀ ਗਈ ਸੀ।
ਜਿਉਂ ਹੀ ਜੀਪ ਗੇਟ ਦੇ ਨੇੜੇ ਪਹੁੰਚੀ ਤਾਂ ਉਸ 'ਤੇ ਗੋਲੀਬਾਰੀ ਸ਼ੁਰੂ ਹੋ ਗਈ। ਮੀਨਾਰ ਦੇ ਉਪਰੋਂ ਚਲਾਈ ਗੋਲੀ ਨਾਲ ਜੀਪ ਦੀ ਵਿੰਡਸ਼ੀਲਡ ਟੁੱਟ ਗਈ ਅਤੇ ਜੀਪ ਦਾ ਡਰਾਈਵਰ ਜ਼ਖਮੀ ਹੋ ਕੇ ਜੀਪ ਤੋਂ ਹੇਠਾਂ ਡਿੱਗ ਗਿਆ।
ਕੁਝ ਸਮੇਂ ਬਾਅਦ ਜੀਪਾਂ ਦਾ ਵੱਡਾ ਕਾਫ਼ਲਾ ਮਸਜਿਦ ਦੇ ਦੂਜੇ ਗੇਟ ਵੱਲ ਰਵਾਨਾ ਹੋਇਆ। ਹਮਲਾਵਰਾਂ ਨੇ ਮੀਨਾਰ ਤੋਂ ਇਸ ਕਾਫ਼ਲੇ 'ਤੇ ਗੋਲੀਬਾਰੀ ਵੀ ਕੀਤੀ।
ਇਸ ਹਮਲੇ 'ਚ 8 ਪੁਲਿਸ ਕਰਮਚਾਰੀ ਮੌਕੇ 'ਤੇ ਹੀ ਮਾਰੇ ਗਏ ਅਤੇ 36 ਹੋਰ ਜ਼ਖ਼ਮੀ ਹੋ ਗਏ।
ਪੁਲਿਸ ਵਾਲੇ ਆਪਣੀਆਂ ਗੱਡੀਆਂ ਛੱਡ ਕੇ ਮਸਜਿਦ ਦੀਆਂ ਬਾਹਰਲੀਆਂ ਕੰਧਾਂ 'ਤੇ ਤੈਨਾਤ ਹੋ ਗਏ। ਜਦੋਂ ਹਮਲਾਵਰ ਮਸਜਿਦ ਵਿੱਚ ਦਾਖ਼ਲ ਹੋ ਰਹੇ ਸਨ ਤਾਂ ਸਾਊਦੀ ਬਾਦਸ਼ਾਹ ਖ਼ਾਲਿਦ ਰਿਆਦ ਆਪਣੇ ਮਹਿਲ ਵਿੱਚ ਆਰਾਮ ਕਰ ਰਹੇ ਸਨ।
ਸ਼ਹਿਜ਼ਾਦੇ ਫਹਿਦ ਵੀ ਉਸ ਸਮੇਂ ਦੇਸ਼ ਵਿੱਚ ਨਹੀਂ ਸਨ ਅਤੇ ਟਿਊਨਿਸ ਵਿੱਚ ਮੀਲਾਂ ਦੂਰ ਇੱਕ ਹੋਟਲ ਵਿੱਚ ਸੁੱਤੇ ਹੋਏ ਸਨ।
ਸਾਊਦੀ ਅਰਬ ਦਾ ਬਾਹਰੀ ਦੁਨੀਆ ਨਾਲ ਸੰਪਰਕ ਟੁੱਟ ਗਿਆ।

ਤਸਵੀਰ ਸਰੋਤ, Getty Images
ਖ਼ਾਲਿਦ ਨੂੰ ਇਸ ਹਮਲੇ ਬਾਰੇ ਸੂਚਨਾ ਸਭ ਤੋਂ ਪਹਿਲਾਂ ਮੱਕਾ ਅਤੇ ਮਦੀਨਾ ਮਸਜਿਦ ਦੇ ਇੰਚਾਰਜ ਸ਼ੇਖ ਨਾਸਿਰ ਇਬਨ ਰਾਸ਼ੇਦ ਨੇ ਦਿੱਤੀ ਸੀ।
ਦੁਪਹਿਰ ਤੱਕ ਸਾਊਦੀ ਅਰਬ ਵਿੱਚ ਕੌਮਾਂਤਰੀ ਫੋਨ ਕਾਲਾਂ ਦਾ ਪ੍ਰਬੰਧ ਕਰਨ ਵਾਲੀ ਕੈਨੇਡੀਅਨ ਕੰਪਨੀ ਨੂੰ ਪੂਰੀ ਤਰ੍ਹਾਂ ਨਾਲ ਸੰਚਾਰ ਬਲੈਕਆਊਟ ਲਾਗੂ ਕਰਨ ਦਾ ਆਦੇਸ਼ ਦਿੱਤਾ ਗਿਆ ਸੀ।
ਨਤੀਜਾ ਇਹ ਹੋਇਆ ਕਿ ਨਾ ਤਾਂ ਕੋਈ ਸਾਊਦੀ ਅਰਬ ਨੂੰ ਕਾਲ ਕਰ ਸਕਦਾ ਸੀ ਅਤੇ ਨਾ ਹੀ ਤਾਰ ਭੇਜ ਸਕਦੇ ਸੀ।
ਦੇਸ਼ ਦੀਆਂ ਸਰਹੱਦਾਂ ਗ਼ੈਰ-ਸਾਊਦੀ ਲੋਕਾਂ ਲਈ ਬੰਦ ਕਰ ਦਿੱਤੀਆਂ ਗਈਆਂ ਸਨ ਅਤੇ ਸਾਊਦੀ ਅਰਬ ਦਾ ਬਾਹਰੀ ਦੁਨੀਆ ਨਾਲ ਸੰਪਰਕ ਲਗਭਗ ਕੱਟ ਦਿੱਤਾ ਗਿਆ ਸੀ।
ਇਸ ਘਟਨਾ ਦੀ ਕੋਈ ਖ਼ਬਰ ਸਾਊਦੀ ਅਰਬ ਦੇ ਰੇਡੀਓ ਅਤੇ ਟੀਵੀ 'ਤੇ ਪ੍ਰਸਾਰਿਤ ਨਹੀਂ ਹੋਈ।
ਇਸ ਦੌਰਾਨ ਸਾਊਦੀ ਫੌਜੀਆਂ ਅਤੇ ਹਮਲਾਵਰਾਂ ਵਿਚਾਲੇ ਰੁਕ-ਰੁਕ ਕੇ ਗੋਲੀਬਾਰੀ ਹੁੰਦੀ ਰਹੀ। ਜ਼ਿਆਦਾਤਰ ਹਮਲਾਵਰ ਮਸਜਿਦ ਦੇ ਜ਼ਮੀਂਦੋਜ ਹਿੱਸੇ ਵਿੱਚ ਚਲੇ ਗਏ। ਅਬਦੁੱਲ੍ਹਾ ਉਪਰ ਹੀ ਰਿਹਾ।
ਸਾਊਦੀ ਫੌਜੀ ਗ੍ਰੇਨੇਡ ਸੁੱਟ ਕੇ ਸਾਹਮਣੇ ਦੀਆਂ ਰੁਕਾਵਟਾਂ ਨੂੰ ਦੂਰ ਕਰ ਰਹੇ ਸਨ।
ਵਾਰੋਸਲੋਵ ਤ੍ਰੋਫਿਮੋਵ ਲਿਖਦੇ ਹਨ, “ਜਦੋਂ ਵੀ ਅਬਦੁੱਲਾ ਨੂੰ ਸੰਗਮਰਮਰ ਦੇ ਫਰਸ਼ 'ਤੇ ਗ੍ਰੇਨੇਡ ਡਿੱਗਣ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾਂ ਉਹ ਤੁਰੰਤ ਦੌਖ ਕੇ ਉਹੀ ਗ੍ਰੇਨੇਡ ਚੁੱਕ ਕੇ ਸੈਨਿਕਾਂ ਉੱਤੇ ਵਾਪਸ ਸੁੱਟ ਦਿੰਦਾ ਹੈ।"
"ਉਸ ਨੇ ਕਈ ਵਾਰ ਗ੍ਰੇਨੇਡ ਸੁੱਟਣ ਵਾਲਿਆਂ 'ਤੇ ਉਨ੍ਹਾਂ ਦੇ ਹੀ ਗ੍ਰੇਨੇਡਾਂ ਨਾਲ ਹਮਲਾ ਕੀਤਾ ਪਰ ਅਖ਼ੀਰ ਕਿਸਮਤ ਨੇ ਉਸ ਦਾ ਸਾਥ ਨਾ ਦਿੱਤਾ। ਜਦੋਂ ਉਹ ਦੁਬਾਰਾ ਗ੍ਰੇਨੇਡ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਧਮਾਕਾ ਹੋਇਆ ਅਤੇ ਅਬਦੁੱਲ੍ਹਾ ਦੇ ਚਿਥੜੇ ਉੱਡ ਗਏ। ਆਖ਼ਰੀ ਸਮੇਂ 'ਤੇ ਕੋਈ ਵੀ ਉਸ ਦੀ ਮਦਦ ਲਈ ਨਹੀਂ ਆਇਆ ਅਤੇ ਉਸ ਨੂੰ ਉਸੇ ਹਾਲਤ ਵਿੱਚ ਮਰਨ ਲਈ ਛੱਡ ਦਿੱਤਾ ਗਿਆ।"
ਫਰਾਂਸ ਨੇ ਆਪਣੇ ਕਮਾਂਡੋ ਭੇਜੇ

ਤਸਵੀਰ ਸਰੋਤ, Getty Images
ਸਾਊਦੀ ਅਰਬ ਦੀ ਬੇਨਤੀ 'ਤੇ ਫਰਾਂਸ ਦੇ ਜੀਆਈਜੀਐੱਨ ਕਮਾਂਡੋਆਂ ਨੂੰ ਸਾਊਦੀ ਸੈਨਿਕਾਂ ਦੀ ਮਦਦ ਲਈ ਭੇਜਿਆ ਗਿਆ ਸੀ। ਉਨ੍ਹਾਂ ਨੂੰ ਅੱਤਵਾਦੀਆਂ ਨਾਲ ਨਜਿੱਠਣ ਦਾ ਪਹਿਲਾਂ ਵੀ ਤਜਰਬਾ ਸੀ।
1976 ਵਿੱਚ, ਉਨ੍ਹਾਂ ਨੇ ਜਿਬੂਤੀ ਵਿੱਚ ਬੱਚਿਆਂ ਨਾਲ ਭਰੀ ਇੱਕ ਸਕੂਲ ਬੱਸ ਨੂੰ ਅੱਤਵਾਦੀਆਂ ਤੋਂ ਬਚਾਇਆ ਸੀ। ਉਨ੍ਹਾਂ ਨੇ ਪਹਿਲਾਂ ਉਨ੍ਹਾਂ ਨੂੰ ਨਸ਼ੀਲੇ ਪਦਾਰਥਾਂ ਨਾਲ ਭਰਿਆ ਖਾਣਾ ਦਿੱਤਾ ਅਤੇ ਫਿਰ ਉਨ੍ਹਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਆਪਰੇਸ਼ਨ 'ਚ ਸਾਰੇ ਬੱਚਿਆਂ ਦਾ ਬਚਾਅ ਹੋ ਗਿਆ।
ਸਾਊਦੀ ਦੀ ਬੇਨਤੀ ਤੋਂ ਬਾਅਦ ਫਰਾਂਸ ਦੇ ਰਾਸ਼ਟਰਪਤੀ ਵੈਲੇਰੀ ਗਿਸਕਾ ਦੇ ਐਸਤਾਂ ਨੇ ਜੀਆਈਜੀਐੱਨ ਦੇ ਮੁਖੀ ਕ੍ਰਿਸਚੀਅਨ ਪ੍ਰੋਤਿਆ ਨੂੰ ਸਾਊਦੀ ਅਰਬ ਦੀ ਹਰ ਸੰਭਵ ਮਦਦ ਪ੍ਰਦਾਨ ਕਰਨ ਦਾ ਆਦੇਸ਼ ਦਿੱਤਾ।
ਪ੍ਰੋਤਿਆ ਨੇ ਇਸ ਆਪਰੇਸ਼ਨ ਦੀ ਜ਼ਿੰਮੇਵਾਰੀ ਪੌਲ ਬਾਰਿਲ ਨੂੰ ਸੌਂਪੀ। ਇਸ ਦੇ ਲਈ ਉਨ੍ਹਾਂ ਨੇ ਅੱਥਰੂ ਗੈਸ ਦੀ ਬਜਾਏ ਸੀਬੀ ਕੈਮੀਕਲ ਦੀ ਵਰਤੋਂ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ ਸਿਖਲਾਈ ਦੇ ਦੌਰਾਨ ਇਸਦੀ ਵਰਤੋਂ ਆਪਣੇ ਆਪ 'ਤੇ ਕੀਤੀ ਸੀ ਅਤੇ ਇਸ ਪ੍ਰਕਿਰਿਆ ਵਿੱਚ ਅੰਨ੍ਹੇ ਹੁੰਦੇ-ਹੁੰਦੇ ਬਚੇ ਸੀ।

ਕਮਾਂਡੋ ਨੇ ਆਮ ਲੋਕਾਂ ਵਾਂਗ ਪਹਿਰਾਵਾ ਪਾਇਆ
ਬਾਰਿਲ ਦੀ ਟੀਮ ਮਿਸਟਿਅਰ-20 ਜਹਾਜ਼ 'ਤੇ ਸਵਾਰ ਹੋ ਕੇ ਸਾਈਪ੍ਰਸ ਦੇ ਰਸਤੇ ਰਿਆਦ ਪਹੁੰਚੀ।
ਸਾਊਦੀ ਇਸ ਆਪਰੇਸ਼ਨ ਲਈ ਫਰਾਂਸ ਤੋਂ ਵੱਡੀ ਟੀਮ ਭੇਜਣ ਦੀ ਉਮੀਦ ਕਰ ਰਹੇ ਸਨ ਪਰ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਬਾਰਿਲ ਦੀ ਟੀਮ ਵਿੱਚ ਸਿਰਫ਼ ਤਿੰਨ ਲੋਕ ਸਨ।
ਪੌਲ ਬੇਰਿਲ ਨੇ ਬਾਅਦ ਵਿੱਚ ਆਪਣੀ ਸਵੈ-ਜੀਵਨੀ 'ਵੇਰੀ ਸਪੈਸ਼ਲ ਮਿਸ਼ਨ' ਵਿੱਚ ਲਿਖਿਆ, "ਭੇਦ ਬਣਾਈ ਰੱਖਣ ਲਈ, ਮੈਨੂੰ ਅਤੇ ਮੇਰੇ ਸਾਥੀਆਂ ਨੂੰ ਆਪਣੇ ਪਾਸਪੋਰਟ ਫਰਾਂਸੀਸੀ ਦੂਤਾਵਾਸ ਨੂੰ ਸੌਂਪਣੇ ਪਏ ਸਨ।"
"ਮੈਂ ਆਮ ਲੋਕਾਂ ਵਾਂਗ ਬੈਲ ਬੌਟਮ ਅਤੇ ਕਾਉਬੁਆਏ ਬੈਲਟ ਬੰਨ੍ਹੀ ਹੋਈ ਸੀ। ਸਾਡੇ ਕੋਲ ਆਪਣੀ ਰੱਖਿਆ ਲਈ ਹਥਿਆਰ ਵੀ ਨਹੀਂ ਸਨ। ਸਾਡੇ ਕੋਲ ਸਾਊਦੀ ਟੈਲੀਫੋਨ 'ਤੇ ਨਿਰਭਰ ਰਹਿਣ ਤੋਂ ਇਲਾਵਾ ਆਪਣੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦਾ ਕੋਈ ਸਾਧਨ ਨਹੀਂ ਸੀ। ਬਾਹਰੀ ਦੁਨੀਆ ਲਈ ਅਸੀਂ ਤਿੰਨ ਵਪਾਰੀ ਸੀ, ਪਰ ਸਾਡੇ ਚੌੜੇ ਮੋਢੇ ਅਤੇ ਮਾਸਪੇਸ਼ੀਆਂ ਇੱਕ ਵੱਖਰੀ ਹੀ ਕਹਾਣੀ ਬਿਆਨ ਰਹੇ ਸਨ।"
ਅੱਧੀ ਰਾਤ ਦੇ ਕਰੀਬ ਫ੍ਰੈਂਚ ਕਮਾਂਡੋ ਟੀਮ ਤਾਇਫ਼ ਫੌਜੀ ਹਵਾਈ ਅੱਡੇ 'ਤੇ ਉਤਰੀ। ਉਸ ਨੂੰ ਤਾਇਫ਼ ਦੇ ਇੰਟਰਕੌਂਟੀਨੈਂਟਲ ਹੋਟਲ ਵਿੱਚ ਠਹਿਰਾਇਆ ਗਿਆ ਸੀ।
ਇੱਕ ਟਨ ਸੀਬੀ ਕੈਮੀਕਲ ਦੀ ਮੰਗ

ਤਸਵੀਰ ਸਰੋਤ, Getty Images
ਅਗਲੇ ਦਿਨ ਤੋਂ ਉਨ੍ਹਾਂ ਨੇ ਇਸ ਮਿਸ਼ਨ ਲਈ ਸਾਊਦੀ ਕਮਾਂਡੋਜ਼ ਨੂੰ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ। ਬਾਰਿਲ ਖ਼ੁਦ ਮੱਕਾ ਜਾ ਕੇ ਮਸਜਿਦ ਦੇ ਬਾਹਰ ਕਾਰਵਾਈ ਦੀ ਅਗਵਾਈ ਕਰਨ ਦੀ ਉਮੀਦ ਕਰ ਰਹੇ ਸੀ।
ਬਾਰਿਲ ਆਪਣੀ ਸਵੈ-ਜੀਵਨੀ ਵਿੱਚ ਲਿਖਦੇ ਹਨ, “ਇੱਕ ਸਾਊਦੀ ਅਫ਼ਸਰ ਨੇ ਮੈਨੂੰ ਕਿਹਾ ਸੀ ਕਿ ਜੇਕਰ ਤੁਸੀਂ ਮੱਕਾ ਜਾਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸਲਾਮ ਕਬੂਲ ਕਰਨਾ ਹੋਵੇਗਾ ਕਿਉਂਕਿ ਉੱਥੇ ਦੂਜੇ ਧਰਮਾਂ ਦੇ ਲੋਕਾਂ ਨੂੰ ਜਾਣ ਦੀ ਇਜਾਜ਼ਤ ਨਹੀਂ ਹੈ।"
"ਮੈਂ ਕੈਥੋਲਿਕ ਧਰਮ ਨੂੰ ਮੰਨਦਾ ਸੀ ਅਤੇ ਉਸ ਸਮੇਂ ਇਸਲਾਮ ਬਾਰੇ ਕੁਝ ਨਹੀਂ ਜਾਣਦਾ ਸੀ। ਪਰ ਮੈਂ ਜਵਾਬ ਦੇਣ ਵਿੱਚ ਦੇਰੀ ਨਾ ਕੀਤੀ ਕਿ ਜੇਕਰ ਕੰਮ ਪੂਰਾ ਕਰਨਾ ਹੈ ਤਾਂ ਧਰਮ ਬਦਲਣ ਵਿੱਚ ਕੋਈ ਇਤਰਾਜ਼ ਨਹੀਂ ਹੈ।"
ਹੋਟਲ ਪਹੁੰਚਣ ਤੋਂ ਬਾਅਦ ਬਾਰਿਲ ਨੇ ਆਪਣੇ ਮੁਖੀ ਨੂੰ ਉਨ੍ਹਾਂ ਚੀਜ਼ਾਂ ਦੀ ਸੂਚੀ ਭੇਜੀ ਜੋ ਉਹ ਚਾਹੁੰਦੇ ਸੀ। ਸੂਚੀ ਵਿੱਚ ਫਲੈਕ ਜੈਕਟਾਂ, ਗ੍ਰੇਨੇਡ, ਸਨਾਈਪਰ ਰਾਈਫਲਾਂ, ਫੀਲਡ ਰੇਡੀਓ, ਨਾਈਟ ਵਿਜ਼ਨ ਐਨਕਾਂ ਅਤੇ ਇੱਕ ਟਨ ਸੀਬੀ ਕੈਮੀਕਲ ਸ਼ਾਮਲ ਸਨ।
ਸੀਬੀ ਦੀ ਮਾਤਰਾ ਸੁਣ ਕੇ ਪ੍ਰੋਤਿਆ ਹੈਰਾਨ ਰਹਿ ਗਿਆ ਕਿਉਂਕਿ ਇੰਨੀ ਸੀਬੀ ਨਾਲ ਪੂਰੇ ਸ਼ਹਿਰ ਨੂੰ ਕਾਬੂ ਵਿੱਚ ਕੀਤਾ ਜਾ ਸਕਦਾ ਸੀ।
ਯਾਰੋਸਲੋਵ ਤ੍ਰੋਫਿਮੋਵ ਲਿਖਦੇ ਹਨ, "ਮਨਾਹੀ ਦੇ ਬਾਵਜੂਦ ਬਾਰਿਲ ਅਤੇ ਉਨ੍ਹਾਂ ਦੇ ਦੋ ਸਾਥੀ ਨਾ ਸਿਰਫ਼ ਮੱਕਾ ਗਏ, ਸਗੋਂ ਆਪਰੇਸ਼ਨ ਤੋਂ ਪਹਿਲਾਂ ਮਸਜਿਦ ਵਿੱਚ ਵੀ ਦਾਖ਼ਲ ਹੋਏ।"
"ਹਾਲਾਂਕਿ ਫਰਾਂਸ ਨੇ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਇਸ ਆਪਰੇਸ਼ਨ ਵਿੱਚ ਉਨ੍ਹਾਂ ਦੀ ਭੂਮਿਕਾ ਸਿਰਫ ਸਾਜ਼ੋ-ਸਾਮਾਨ ਮੁਹੱਈਆ ਕਰਵਾਉਣ ਅਤੇ ਤਾਇਫ਼ ਵਿੱਚ ਸਾਊਦੀ ਕਮਾਂਡੋਜ਼ ਨੂੰ ਸਿਖਲਾਈ ਦੇਣ ਦੀ ਸੀ। ਉਨ੍ਹਾਂ ਦੇ ਅਨੁਸਾਰ ਬਾਰਿਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਕਾਰਵਾਈ ਦੌਰਾਨ ਮੱਕਾ ਦੀ ਪਵਿੱਤਰ ਧਰਤੀ 'ਤੇ ਪੈਰ ਨਹੀਂ ਰੱਖਿਆ।"
ਬਾਰਿਲ ਦੀ ਯੋਜਨਾ ਤੇ ਅਮਲ ਕਰਦੇ ਹੋਏ ਪਾਕਿਸਤਾਨੀ ਅਤੇ ਤੁਰਕੀ ਮਜ਼ਦੂਰਾਂ ਨੇ ਮਸਜਿਦ ਦੀ ਸਤ੍ਹਾ ʼਤੇ ਛੇਕ ਕਰਨਾ ਸ਼ੁਰੂ ਕਰ ਦਿੱਤਾ।
ਫਰਾਂਸ ਦੁਆਰਾ ਪ੍ਰਦਾਨ ਕੀਤੇ ਫੇਸ ਮਾਸਕ ਅਤੇ ਰਸਾਇਣਕ ਸੂਟ ਪਹਿਨੇ ਸਾਊਦੀ ਸੈਨਿਕਾਂ ਨੇ ਸੀਬੀ ਦੇ ਕੈਨਿਸਟਰਾਂ ਨੂੰ ਫਾਇਰ ਕੀਤਾ ਕਿਉਂਕਿ ਰੇਡੀਓ ਸਿਸਟਮ ਠੀਕ ਤਰ੍ਹਾਂ ਨਾਲ ਕੰਮ ਨਹੀਂ ਕਰ ਰਿਹਾ ਸੀ।
ਇਸ ਲਈ ਸਿਪਾਹੀਆਂ ਨੂੰ ਪਹਿਲਾ ਧਮਾਕਾ ਹੁੰਦੇ ਹੀ ਸੀਬੀ ਲਾਂਚਰਾਂ ਦੇ ਟ੍ਰਿਗਰਾਂ ਨੂੰ ਦੱਬਣ ਦਾ ਹੁਕਮ ਦਿੱਤਾ ਗਿਆ। ਸੀਬੀ ਨੇ ਤੁਰੰਤ ਆਪਣਾ ਪ੍ਰਭਾਵ ਦਿਖਾਉਣਾ ਸ਼ੁਰੂ ਕਰ ਦਿੱਤਾ ਅਤੇ ਹਮਲਾਵਰ ਜ਼ਹਿਰੀਲੇ ਸੀਬੀ ਦੇ ਬੱਦਲਾਂ ਵਿੱਚ ਘਿਰ ਗਏ।
ਜਿਉਂ ਹੀ ਉਮੀਦ ਸੀ ਸੀਬੀ ਕੈਮਿਕਲ ਨੇ ਵਿਰੋਧੀਆਂ ਦੀਆਂ ਹਰਕਤਾਂ ਨੂੰ ਹੌਲੀ ਕਰ ਦਿੱਤਾ ਅਤੇ ਸਾਊਦੀ ਸੈਨਿਕ ਬੈਰੀਅਰਾਂ ਅਤੇ ਕੰਡਿਆਲੀ ਤਾਰਾਂ ਨੂੰ ਤੋੜ ਦੇ ਹੋਏ ਮਸਜਿਦ ਦੇ ਅੰਦਰ ਦਾਖ਼ਲ ਹੋ ਗਏ।
ਉਨ੍ਹਾਂ ਨੇ ਇੱਕ-ਇੱਕ ਕਰਕੇ ਕਮਰਿਆਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ। ਜਿਨ੍ਹਾਂ ਲੋਕਾਂ ਨੂੰ ਜਿਉਂਦਾ ਪਾਇਆ ਗਿਆ, ਉਨ੍ਹਾਂ ਨੂੰ ਪਿੱਛੇ ਚੱਲ ਰਹੀ 40 ਮੈਂਬਰਾਂ ਦੀ ਗ੍ਰਿਫ਼ਤਾਰੀ ਟੀਮ ਦੇ ਹਵਾਲੇ ਕਰ ਦਿੱਤਾ ਗਿਆ।
ਜੋਹੇਮਾਨ ਦੀ ਗ੍ਰਿਫ਼ਤਾਰੀ
4 ਦਸੰਬਰ ਨੂੰ ਗ੍ਰਹਿ ਮੰਤਰੀ ਸ਼ਹਿਜ਼ਾਦੇ ਨਾਇਫ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ, "ਅੱਲ੍ਹਾ ਦੀ ਕਿਰਪਾ ਨਾਲ ਮਸਜਿਦ ਨੂੰ ਅੱਜ ਸਵੇਰੇ 1:30 ਵਜੇ ਸਾਰੇ ਹਮਲਾਵਰਾਂ ਤੋਂ ਆਜ਼ਾਦ ਕਰ ਲਿਆ ਗਿਆ।"
ਸਾਊਦੀ ਫੌਜੀਆਂ ਨੇ ਵਿਸਫੋਟਕ ਲਗਾ ਕੇ ਕਮਰਿਆਂ ਦੇ ਦਰਵਾਜ਼ੇ ਤੋੜ ਦਿੱਤੇ। ਰਾਤ ਹੁੰਦੇ ਹੀ ਕੈਪਟਨ ਅਬੂ ਸੁਲਤਾਨ ਦੀ ਅਗਵਾਈ ਹੇਠ ਪੈਰਾਸ਼ੂਟ ਦਸਤਿਆਂ ਨੇ 'ਮੋਪਿੰਗ ਅੱਪ' ਆਪਰੇਸ਼ਨ ਸ਼ੁਰੂ ਕਰ ਦਿੱਤਾ।
ਕੈਪਟਨ ਅਬੂ ਸੁਲਤਾਨ ਨੇ ਬਾਅਦ ਵਿੱਚ ਇੱਕ ਇੰਟਰਵਿਊ ਵਿੱਚ ਦੱਸਿਆ, "ਅਸੀਂ ਉਗਰ ਅੱਖਾਂ ਵਾਲੇ ਇੱਕ ਆਦਮੀ ਨੂੰ ਦੇਖਿਆ ਜਿਸ ਦੇ ਵਾਲ ਅਤੇ ਦਾੜ੍ਹੀ ਉਲਝੇ ਹੋਏ ਸੀ। ਹਥਿਆਰਾਂ ਦੇ ਬਕਸੇ, ਬਰਤਨਾਂ ਵਿੱਚ ਖਜੂਰ ਅਤੇ ਕੁਝ ਇਸ਼ਤੇਹਾਰ ਉਸ ਦੇ ਨੇੜੇ ਪਏ ਸਨ।"
"ਉਸ ਵੱਲ ਬੰਦੂਕ ਕਰਦਿਆਂ ਮੈਂ ਉਸ ਨੂੰ ਪੁੱਛਿਆ, ʻਤੇਰਾ ਨਾਮ ਕੀ ਹੈ?ʼ ਉਸ ਨੇ ਹੌਲੀ ਆਵਾਜ਼ ਵਿੱਚ ਜਵਾਬ ਦਿੱਤਾ, 'ਜੋਹੇਮਾਨʼ।"
ਕੈਪਟਨ ਸੁਲਤਾਨ ਨੇ ਕਿਹਾ, "ਸਾਡੀ ਚਿੰਤਾ ਇਹ ਸੀ ਕਿ ਸਾਡੇ ਸਿਪਾਹੀ ਉਸ ਨੂੰ ਮਾਰ ਨਾ ਦੇਣ। ਮੈਂ ਉਸ ਨੂੰ ਦੋ ਅਫ਼ਸਰਾਂ ਨਾਲ ਘੇਰ ਲਿਆ ਅਤੇ ਉਸ ਨੂੰ ਉੱਪਰ ਲੈ ਆਇਆ ਅਤੇ ਉੱਥੇ ਖੜ੍ਹੀ ਐਂਬੂਲੈਂਸ ਵਿੱਚ ਬੈਠਾ ਦਿੱਤਾ। ਐਂਬੂਲੈਂਸ ਉਸ ਨੂੰ ਉਥੋਂ ਸਿੱਧਾ ਮੱਕਾ ਹੋਟਲ ਲੈ ਗਈ।
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਜੋਹੇਮਨ ਦਾ ਜਵਾਬ ਸੀ, 'ਅੱਲ੍ਹਾ ਦੀ ਇਹੀ ਮਰਜ਼ੀ ਸੀ।'
ਇੱਕ ਸਾਊਦੀ ਫ਼ੌਜੀ ਨੇ ਜੋਹੇਮਾਨ ਦੀ ਦਾੜ੍ਹੀ ਫੜ ਕੇ ਖਿੱਚੀ। ਇਹ ਦੇਖ ਕੇ ਉੱਥੇ ਮੌਜੂਦ ਇੱਕ ਸ਼ਹਿਜ਼ਾਦੇ ਨੇ ਸਿਪਾਹੀ ਨੂੰ ਅਜਿਹਾ ਨਾ ਕਰਨ ਲਈ ਕਿਹਾ।
63 ਲੋਕਾਂ ਨੂੰ ਮੌਤ ਦੀ ਸਜ਼ਾ
ਇਸ ਪੂਰੇ ਹਮਲੇ ਵਿੱਚ 75 ਹਮਲਾਵਰ ਮਾਰੇ ਗਏ ਸਨ ਅਤੇ 170 ਹਮਲਾਵਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
9 ਜਨਵਰੀ 1980 ਨੂੰ ਇਨ੍ਹਾਂ ਵਿੱਚੋਂ 63 ਨੂੰ ਸਾਊਦੀ ਕਾਨੂੰਨ ਮੁਤਾਬਕ ਮੌਤ ਦੀ ਸਜ਼ਾ ਸੁਣਾਈ ਗਈ ਸੀ। ਸਭ ਤੋਂ ਪਹਿਲਾ ਮੱਕਾ ਵਿੱਚ ਜੋਹੇਮਾਨ ਸਿਰ ਵੱਢਿਆ ਗਿਆ ਸੀ।
ਕੁਝ ਮਿੰਟਾਂ ਬਾਅਦ ਅਬਦੁੱਲ੍ਹਾ ਦੇ ਭਰਾ ਸਈਦ ਨੂੰ ਉਸੇ ਥਾਂ 'ਤੇ ਮੌਤ ਦੀ ਸਜ਼ਾ ਸੁਣਾਈ ਗਈ। ਮੌਤ ਦੀ ਸਜ਼ਾ ਸੁਣਾਏ ਗਏ ਲੋਕਾਂ ਵਿੱਚ 39 ਸਾਊਦੀ, 10 ਮਿਸਰੀ ਅਤੇ 6 ਯਮਨੀ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












