ਸਪੇਸ ਸਟੇਸ਼ਨ ਤੋਂ ਵਾਪਸ ਪਰਤੇ ਸੁਨੀਤਾ ਵਿਲੀਅਮਜ਼, ਪੁਲਾੜ ਵਿੱਚ ਰਹਿਣ ਨਾਲ ਸਰੀਰ ਅਤੇ ਦਿਮਾਗ ਉੱਤੇ ਕਿਹੋ ਜਿਹਾ ਅਸਰ ਹੁੰਦਾ ਹੈ

ਤਸਵੀਰ ਸਰੋਤ, Alamy
- ਲੇਖਕ, ਰਿਚਰਡ ਗ੍ਰੇ
- ਰੋਲ, ਬੀਬੀਸੀ ਨਿਊਜ਼
ਸਪੇਸ ਐਕਸ ਦੇ ਪੁਲਾੜ ਯਾਨ ਡ੍ਰੈਗਨ ਤੋਂ ਭਾਰਤੀ ਮੂਲ ਦੀ ਅਮਰੀਕੀ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁਚ ਵਿਲਮੋਰ ਵਾਪਸ ਧਰਤੀ ਉੱਤੇ ਪਰਤ ਆਏ ਹਨ।
18 ਮਾਰਚ ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐਸਐਸ) ਤੋਂ ਸਪੇਸ ਕ੍ਰਾਫ ਨੂੰ ਅਨਡੌਕ ਕੀਤਾ ਗਿਆ ਸੀ।
ਪੁਲਾੜ ਵਿੱਚ ਲਗਾਤਾਰ ਰਹਿਣ ਦਾ ਰਿਕਾਰਡ ਫਿਲਹਾਲ 437 ਦਿਨਾਂ ਦਾ ਹੈ, ਪਰ ਪੁਲਾੜ ਵਿੱਚ ਲੰਬੇ ਸਮੇਂ ਤੱਕ ਰਹਿਣ ਨਾਲ ਪੁਲਾੜ ਯਾਤਰੀ ਦੇ ਸਰੀਰ ਵਿੱਚ ਕੁਝ ਹੈਰਾਨੀਜਨਕ ਤਰੀਕਿਆਂ ਨਾਲ ਤਬਦੀਲੀ ਆ ਸਕਦੀ ਹੈ।
ਇਸ ਨਾਲ ਉਨ੍ਹਾਂ ਦੀਆਂ ਮਾਸਪੇਸ਼ੀਆਂ, ਦਿਮਾਗ਼ ਅਤੇ ਇੱਥੋਂ ਤੱਕ ਕਿ ਉਨ੍ਹਾਂ ਦੇ ਅੰਤੜੀਆਂ ਦੇ ਬੈਕਟੀਰੀਆ ਵੀ ਬਦਲ ਸਕਦੇ ਹਨ।
ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਦੀ ਕਦੇ ਵੀ ਉੱਥੇ ਨੌਂ ਮਹੀਨੇ ਤੱਕ ਰੁਕਣ ਦੀ ਯੋਜਨਾ ਨਹੀਂ ਸੀ।
ਬੋਇੰਗ ਸਟਾਰਲਾਈਨਰ ਪੁਲਾੜ ਯਾਨ 'ਤੇ ਸਵਾਰ ਹੋ ਕੇ ਕੌਮਾਂਤਰੀ ਪੁਲਾੜ ਸਟੇਸ਼ਨ ਦੀ ਉਨ੍ਹਾਂ ਦੀ ਜੂਨ 2024 ਦੀ ਯਾਤਰਾ ਸਿਰਫ਼ ਅੱਠ ਦਿਨਾਂ ਦੀ ਸੀ, ਪਰ ਪੁਲਾੜ ਯਾਨ ਵਿੱਚ ਤਕਨੀਕੀ ਖ਼ਰਾਬੀ ਦੇ ਕਾਰਨ ਉਸ ਨੂੰ ਉਨ੍ਹਾਂ ਤੋਂ ਬਿਨਾਂ ਹੀ ਧਰਤੀ 'ਤੇ ਵਾਪਸ ਆਉਣਾ ਪਿਆ, ਜਿਸ ਕਾਰਨ ਸੁਨੀਤਾ-ਵਿਲਮੋਰ ਦਾ ਪੁਲਾੜ ਵਿੱਚ ਠਹਿਰਾਅ ਉਮੀਦ ਨਾਲੋਂ ਵੱਧ ਲੰਬਾ ਹੋ ਗਿਆ।
ਬੇਸ਼ੱਕ, ਦੋਵੇਂ ਹੀ ਪੁਲਾੜ ਯਾਤਰੀ ਅਜਿਹੀਆਂ ਮੁਸ਼ਕਲਾਂ ਲਈ ਨਵੇਂ ਨਹੀਂ ਹਨ। ਉਹ ਦੋਵੇਂ ਤਜ਼ਰਬੇਕਾਰ ਪੁਲਾੜ ਯਾਤਰੀ ਹਨ।
ਪਰ ਪੁਲਾੜ ਦੇ ਅਜੀਬ, ਘੱਟ ਗੁਰੂਤਾ ਵਾਲੇ ਵਾਤਾਵਰਨ ਵਿੱਚ ਲੰਬੇ ਸਮੇਂ ਤੱਕ ਰਹਿਣ ਨਾਲ ਉਨ੍ਹਾਂ ਦੇ ਸਰੀਰ 'ਤੇ ਅਸਰ ਪੈਣ ਦੀ ਸੰਭਾਵਨਾ ਹੈ। ਇਹ ਸਮਝਣ ਲਈ ਕਿ ਅਜਿਹਾ ਕਿਵੇਂ ਹੋਇਆ, ਸਾਨੂੰ ਉਨ੍ਹਾਂ ਪੁਲਾੜ ਯਾਤਰੀਆਂ ਨੂੰ ਵਿਚਾਰਨ ਦੀ ਲੋੜ ਹੈ ਜੋ ਲੰਬੇ ਸਮੇਂ ਤੱਕ ਪੁਲਾੜ ਵਿੱਚ ਰਹੇ ਹਨ।
ਕਿਸੇ ਅਮਰੀਕੀ ਦੁਆਰਾ ਹੁਣ ਤੱਕ ਦੀ ਸਭ ਤੋਂ ਲੰਬੀ ਪੁਲਾੜ ਯਾਤਰਾ ਨਾਸਾ ਦੇ ਪੁਲਾੜ ਯਾਤਰੀ ਫ੍ਰੈਂਕ ਰੂਬੀਓ ਦੁਆਰਾ ਕੀਤੀ ਗਈ ਹੈ, ਜਦੋਂ ਉਨ੍ਹਾਂ ਨੇ ਆਈਐੱਸਐੱਸ ਨੂੰ ਬਣਾਉਣ ਵਾਲੇ ਅਮਰੀਕੀ-ਫੁੱਟਬਾਲ ਮੈਦਾਨ ਦੇ ਆਕਾਰ ਦੇ ਮਾਡਿਊਲਾਂ ਅਤੇ ਸੋਲਰ ਪੈਨਲਾਂ ਦੇ ਸੰਗ੍ਰਹਿ 'ਤੇ 371 ਦਿਨ ਬਿਤਾਏ ਸਨ।
ਪੁਲਾੜ ਵਿੱਚ ਉਨ੍ਹਾਂ ਦਾ ਸਮਾਂ ਲਗਾਤਾਰ 355 ਦਿਨਾਂ ਦੇ ਪਿਛਲੇ ਅਮਰੀਕੀ ਰਿਕਾਰਡ ਨੂੰ ਪਾਰ ਕਰ ਗਿਆ ਕਿਉਂਕਿ ਮਾਰਚ 2023 ਵਿੱਚ ਉਨ੍ਹਾਂ ਦੇ ਪੁਲਾੜ ਯਾਨ ਦੇ ਸਮੇਂ ਵਿੱਚ ਵਾਧਾ ਕਰ ਦਿੱਤਾ ਗਿਆ ਸੀ। ਇਸ ਦਾ ਕਾਰਨ ਇਹ ਸੀ ਕਿ ਜਿਸ ਵਿੱਚ ਉਹ ਅਤੇ ਉਨ੍ਹਾਂ ਦੇ ਚਾਲਕ ਦਲ ਦੇ ਸਾਥੀ ਧਰਤੀ 'ਤੇ ਵਾਪਸ ਆਉਣ ਵਾਲੇ ਸਨ, ਉਸ ਵਿੱਚ ਕੂਲੈਂਟ ਲੀਕ ਹੋ ਗਿਆ ਸੀ।
ਆਖ਼ਰਕਾਰ ਉਹ ਅਕਤੂਬਰ 2023 ਵਿੱਚ ਧਰਤੀ 'ਤੇ ਵਾਪਸ ਆਏ। ਪੁਲਾੜ ਵਿੱਚ ਬਿਤਾਏ ਵਾਧੂ ਮਹੀਨਿਆਂ ਵਿੱਚ ਰੂਬੀਓ ਨੇ ਧਰਤੀ ਦੇ ਆਲੇ ਦੁਆਲੇ ਕੁੱਲ 5,963 ਚੱਕਰ ਪੂਰੇ ਕੀਤੇ ਅਤੇ 157.4 ਮਿਲੀਅਨ ਮੀਲ (253.3 ਮਿਲੀਅਨ ਕਿਲੋਮੀਟਰ) ਦੀ ਯਾਤਰਾ ਕੀਤੀ।
ਫਿਰ ਵੀ, ਉਹ ਹੁਣ ਤੱਕ ਕਿਸੇ ਮਨੁੱਖ ਦੁਆਰਾ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਦੇ ਰਿਕਾਰਡ ਤੋਂ ਲਗਭਗ ਦੋ ਮਹੀਨੇ ਪਿੱਛੇ ਰਹਿ ਗਏ। ਰੂਸੀ ਪੁਲਾੜ ਯਾਤਰੀ ਵਾਲੇਰੀ ਪੋਲਯਾਕੋਵ ਨੇ 1990 ਦੇ ਦਹਾਕੇ ਦੇ ਮੱਧ ਵਿੱਚ ਮੀਰ ਸਪੇਸ ਸਟੇਸ਼ਨ 'ਤੇ 437 ਦਿਨ ਬਿਤਾਏ ਸਨ।

ਸਤੰਬਰ 2024 ਵਿੱਚ ਦੋ ਰੂਸੀ ਪੁਲਾੜ ਯਾਤਰੀਆਂ ਓਲੇਗ ਕੋਨੋਨੇਂਕੋ ਅਤੇ ਨਿਕੋਲਾਈ ਚਬ ਨੇ ਪੁਲਾੜ ਵਿੱਚ 374 ਦਿਨ ਬਿਤਾਉਣ ਤੋਂ ਬਾਅਦ ਆਈਐੱਸਐੱਸ 'ਤੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਦਾ ਰਿਕਾਰਡ ਤੋੜ ਦਿੱਤਾ।
ਇਹ ਜੋੜੀ ਅਮਰੀਕੀ ਪੁਲਾੜ ਯਾਤਰੀ ਟਰੇਸੀ ਡਾਇਸਨ ਜਿਨ੍ਹਾਂ ਨੇ ਉੱਥੇ ਛੇ ਮਹੀਨੇ ਬਿਤਾਏ ਸਨ, ਨਾਲ ਸੋਯੂਜ਼ ਐੱਮਐੱਸ-25 ਪੁਲਾੜ ਯਾਨ ਵਿੱਚ ਆਈਐੱਸਐੱਸ ਤੋਂ ਰਵਾਨਾ ਹੋਈ ਸੀ।
ਆਪਣੇ ਚਿਹਰੇ 'ਤੇ ਵੱਡੀ ਮੁਸਕਰਾਹਟ ਦੇ ਨਾਲ ਕੋਨੋਨੇਂਕੋ ਨੇ ਦੋ ਬਾਰ ਥਮਜ਼ ਅੱਪ ਕਰਕੇ ਉਸ ਸਮੇਂ ਖੁਸ਼ੀ ਸਾਂਝੀ ਕੀਤੀ ਜਦੋਂ ਉਨ੍ਹਾਂ ਨੂੰ ਰੀ-ਐਂਟਰੀ ਕੈਪਸੂਲ ਤੋਂ ਬਾਹਰ ਕੱਢਿਆ ਗਿਆ।
ਉਨ੍ਹਾਂ ਨੂੰ ਕਜ਼ਾਕਿਸਤਾਨ ਦੇ ਸਟੈੱਪ 'ਤੇ ਦੂਰ-ਦੁਰਾਡੇ ਦੇ ਕਸਬੇ ਦੁਝੇਜ਼ਕਾਜ਼ਗਨ ਦੇ ਨੇੜੇ ਧੂੜ ਦੇ ਬੱਦਲ ਵਿੱਚ ਧਰਤੀ 'ਤੇ ਵਾਪਸ ਲਿਆਂਦਾ ਗਿਆ ਸੀ। ਹੁਣ ਉਨ੍ਹਾਂ ਕੋਲ ਪੁਲਾੜ ਵਿੱਚ ਸਭ ਤੋਂ ਲੰਬੇ ਸਮੇਂ ਦਾ ਕੁੱਲ ਰਿਕਾਰਡ ਵੀ ਹੈ ਜੋ ਔਰਬਿਟ ਵਿੱਚ 1,111 ਦਿਨਾਂ ਦਾ ਹੈ।
ਕੋਨੋਨੇਂਕੋ ਅਤੇ ਚਬ ਨੇ ਆਈਐੱਸਐੱਸ ਲਈ ਆਪਣੇ ਨਵੇਂ ਮਿਸ਼ਨ ਵਿੱਚ ਧਰਤੀ ਦੇ ਆਪਣੇ 5,984 ਚੱਕਰਾਂ ਦੌਰਾਨ 158 ਮਿਲੀਅਨ ਮੀਲ ਤੋਂ ਵੱਧ ਦੀ ਯਾਤਰਾ ਕੀਤੀ।
ਪਰ ਪੁਲਾੜ ਸਟੇਸ਼ਨ ਦੇ ਘੱਟ ਗੁਰੂਤਾਕਰਸ਼ਣ ਵਾਲੇ ਵਾਤਾਵਰਨ ਵਿੱਚ ਇੰਨਾ ਸਮਾਂ ਬਿਤਾਉਣ ਨਾਲ ਉਨ੍ਹਾਂ ਦੇ ਸਰੀਰ 'ਤੇ ਬਹੁਤ ਬੁਰਾ ਪ੍ਰਭਾਵ ਪਿਆ। ਇਸ ਕਾਰਨ ਉਨ੍ਹਾਂ ਨੂੰ ਰਿਕਵਰੀ ਟੀਮਾਂ ਵੱਲੋਂ ਕੈਪਸੂਲ ਤੋਂ ਚੁੱਕ ਕੇ ਬਾਹਰ ਕੱਢਣਾ ਪਿਆ।
ਰੂਬੀਓ ਦੀ ਪੁਲਾੜ ਵਿੱਚ ਲੰਮੀ ਯਾਤਰਾ ਨੇ ਇਸ ਬਾਰੇ ਬੇਸ਼ਕੀਮਤੀ ਜਾਣਕਾਰੀ ਪ੍ਰਦਾਨ ਕੀਤੀ ਕਿ ਮਨੁੱਖ ਲੰਬੇ ਸਮੇਂ ਤੱਕ ਪੁਲਾੜ ਯਾਤਰਾ ਦਾ ਸਾਹਮਣਾ ਕਿਵੇਂ ਕਰ ਸਕਦਾ ਹੈ ਅਤੇ ਇਸ ਨਾਲ ਹੋਣ ਵਾਲੀਆਂ ਸਮੱਸਿਆਵਾਂ ਦਾ ਸਭ ਤੋਂ ਵਧੀਆ ਢੰਗ ਨਾਲ ਮੁਕਾਬਲਾ ਕਿਵੇਂ ਕਰ ਸਕਦਾ ਹੈ।
ਉਹ ਪਹਿਲੇ ਪੁਲਾੜ ਯਾਤਰੀ ਹਨ ਜਿਨ੍ਹਾਂ ਨੇ ਇੱਕ ਅਧਿਐਨ ਵਿੱਚ ਹਿੱਸਾ ਲਿਆ ਹੈ ਜਿਸ ਵਿੱਚ ਇਹ ਜਾਂਚ ਕੀਤੀ ਗਈ ਕਿ ਸੀਮਤ ਜਿਮ ਉਪਕਰਨਾਂ ਨਾਲ ਕਸਰਤ ਕਰਨ ਨਾਲ ਮਨੁੱਖੀ ਸਰੀਰ 'ਤੇ ਕੀ ਪ੍ਰਭਾਵ ਪੈ ਸਕਦਾ ਹੈ।
ਹਾਲਾਂਕਿ, ਇਸ ਦੇ ਨਤੀਜੇ ਅਜੇ ਪ੍ਰਕਾਸ਼ਿਤ ਨਹੀਂ ਹੋਏ ਹਨ, ਪਰ ਇਹ ਜਾਣਕਾਰੀ ਮਹੱਤਵਪੂਰਨ ਸਾਬਤ ਹੋਵੇਗੀ ਕਿਉਂਕਿ ਮਨੁੱਖ ਸੌਰ ਮੰਡਲ ਵਿੱਚ ਗਹਿਰਾਈ ਨਾਲ ਖੋਜ ਕਰਨ ਲਈ ਮਿਸ਼ਨਾਂ 'ਤੇ ਚਾਲਕ ਦਲ ਭੇਜਣ ਦੀ ਤਿਆਰੀ ਕਰ ਰਿਹਾ ਹੈ।
ਉਦਾਹਰਨ ਵਜੋਂ ਮੌਜੂਦਾ ਯੋਜਨਾਵਾਂ ਤਹਿਤ ਮੰਗਲ ਗ੍ਰਹਿ ਦੀ ਵਾਪਸੀ ਦੀ ਯਾਤਰਾ ਵਿੱਚ ਲਗਭਗ 1,100 ਦਿਨ (ਲਗਭਗ ਤਿੰਨ ਸਾਲ) ਲੱਗਣ ਦੀ ਉਮੀਦ ਹੈ। ਉਹ ਜਿਸ ਪੁਲਾੜ ਯਾਨ ਵਿੱਚ ਯਾਤਰਾ ਕਰਨਗੇ, ਉਹ ਆਈਐੱਸਐੱਸ ਨਾਲੋਂ ਬਹੁਤ ਛੋਟਾ ਹੋਵੇਗਾ, ਭਾਵ ਛੋਟੇ ਹਲਕੇ ਭਾਰ ਵਾਲੇ ਕਸਰਤ ਯੰਤਰਾਂ ਦੀ ਲੋੜ ਹੋਵੇਗੀ।
ਪਰ ਫਿੱਟ ਰਹਿਣ ਦੀਆਂ ਸਮੱਸਿਆਵਾਂ ਨੂੰ ਇੱਕ ਪਾਸੇ ਰੱਖਦੇ ਹੋਏ, ਪੁਲਾੜ ਯਾਤਰਾ ਮਨੁੱਖੀ ਸਰੀਰ 'ਤੇ ਕੀ ਅਸਰ ਪਾਉਂਦੀ ਹੈ?

ਤਸਵੀਰ ਸਰੋਤ, Nasa/Getty Images
ਮਾਸਪੇਸ਼ੀਆਂ ਅਤੇ ਹੱਡੀਆਂ
ਸਾਡੇ ਅੰਗਾਂ 'ਤੇ ਗੁਰੂਤਾ ਆਕਰਸ਼ਣ ਦੇ ਲਗਾਤਾਰ ਦਬਾਅ ਤੋਂ ਬਿਨਾਂ, ਮਾਸਪੇਸ਼ੀਆਂ ਅਤੇ ਹੱਡੀਆਂ ਦਾ ਪੁੰਜ ਪੁਲਾੜ ਵਿੱਚ ਤੇਜ਼ੀ ਨਾਲ ਘਟਣ ਲੱਗਦਾ ਹੈ।
ਸਭ ਤੋਂ ਵੱਧ ਪ੍ਰਭਾਵਿਤ ਉਹ ਮਾਸਪੇਸ਼ੀਆਂ ਹੁੰਦੀਆਂ ਹਨ ਜੋ ਸਾਡੀ ਪਿੱਠ, ਗਰਦਨ, ਪਿੰਡਲੀਆਂ ਅਤੇ ਕਵਾਡ੍ਰਿਸੈਪਸ ਵਿੱਚ ਸਾਡੇ ਆਸਣ ਨੂੰ ਬਣਾਈ ਰੱਖਣ ਵਿੱਚ ਮਦਦ ਕਰਦੀਆਂ ਹਨ। ਸੂਖ਼ਮ ਗੁਰੂਤਾ ਆਕਰਸ਼ਣ ਵਿੱਚ ਉਨ੍ਹਾਂ ਨੂੰ ਹੁਣ ਓਨੀ ਮਿਹਨਤ ਨਹੀਂ ਕਰਨੀ ਪੈਂਦੀ ਅਤੇ ਇਸ ਲਈ ਇਹ ਘਟਣ ਲੱਗਦੀਆਂ ਹਨ।
ਪੁਲਾੜ ਵਿੱਚ ਸਿਰਫ਼ ਦੋ ਹਫ਼ਤਿਆਂ ਬਾਅਦ ਮਾਸਪੇਸ਼ੀਆਂ ਦਾ ਪੁੰਜ 20 ਫੀਸਦ ਤੱਕ ਘਟ ਸਕਦਾ ਹੈ ਅਤੇ ਤਿੰਨ ਤੋਂ ਛੇ ਮਹੀਨਿਆਂ ਦੇ ਲੰਬੇ ਮਿਸ਼ਨ 'ਤੇ ਇਹ 30 ਫੀਸਦ ਤੱਕ ਘਟ ਸਕਦਾ ਹੈ।
ਇਸੇ ਤਰ੍ਹਾਂ, ਕਿਉਂਕਿ ਪੁਲਾੜ ਯਾਤਰੀ ਆਪਣੇ ਕੰਕਾਲ ਉੱਤੇ ਓਨਾ ਮਕੈਨੀਕਲ ਦਬਾਅ ਨਹੀਂ ਪਾ ਰਹੇ ਜਿੰਨਾ ਉਹ ਧਰਤੀ ਦੀ ਗੁਰੂਤਾ ਖਿੱਚ ਦੇ ਅਧੀਨ ਪਾਉਂਦੇ ਹਨ, ਇਸ ਲਈ ਉਨ੍ਹਾਂ ਦੀਆਂ ਹੱਡੀਆਂ ਵੀ ਖਣਿਜ ਰਹਿਤ ਹੋਣੀ ਲੱਗਦੀਆਂ ਹਨ ਅਤੇ ਆਪਣੀ ਤਾਕਤ ਗੁਆ ਦਿੰਦੀਆਂ ਹਨ।
ਪੁਲਾੜ ਯਾਤਰੀ ਹਰ ਮਹੀਨੇ ਪੁਲਾੜ ਵਿੱਚ ਆਪਣੀਆਂ ਹੱਡੀਆਂ ਦੇ ਪੁੰਜ ਦਾ 1-2% ਅਤੇ ਛੇ ਮਹੀਨਿਆਂ ਦੀ ਮਿਆਦ ਵਿੱਚ 10% ਤੱਕ ਗੁਆ ਸਕਦੇ ਹਨ (ਧਰਤੀ 'ਤੇ ਬਜ਼ੁਰਗ ਪੁਰਸ਼ ਅਤੇ ਔਰਤਾਂ ਹਰ ਸਾਲ 0.5%-1% ਦੀ ਦਰ ਨਾਲ ਹੱਡੀਆਂ ਦੇ ਪੁੰਜ ਨੂੰ ਗੁਆਉਂਦੇ ਹਨ)।
ਇਸ ਨਾਲ ਉਨ੍ਹਾਂ ਵਿੱਚ ਫ੍ਰੈਕਚਰ ਹੋਣ ਦਾ ਖ਼ਤਰਾ ਵਧ ਸਕਦਾ ਹੈ ਅਤੇ ਠੀਕ ਹੋਣ ਵਿੱਚ ਲੱਗਣ ਵਾਲਾ ਸਮਾਂ ਵੀ ਵਧ ਸਕਦਾ ਹੈ। ਧਰਤੀ 'ਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਦੇ ਹੱਡੀਆਂ ਦੇ ਪੁੰਜ ਨੂੰ ਆਮ ਵਾਂਗ ਹੋਣ ਵਿੱਚ ਚਾਰ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।
ਇਸ ਦਾ ਮੁਕਾਬਲਾ ਕਰਨ ਲਈ ਪੁਲਾੜ ਯਾਤਰੀ ਆਈਐੱਸਐੱਸ ਦੀ ਔਰਬਿਟ ਵਿੱਚ ਰਹਿੰਦੇ ਹੋਏ ਰੋਜ਼ਾਨਾ 2.5 ਘੰਟੇ ਕਸਰਤ ਅਤੇ ਤੀਬਰ ਟਰੇਨਿੰਗ ਲੈਂਦੇ ਹਨ।
ਇਸ ਵਿੱਚ ਉਹ ਆਈਐੱਸਐੱਸ ਦੇ 'ਜਿਮ' ਵਿੱਚ ਸਥਾਪਤ ਪ੍ਰਤੀਰੋਧਕ ਕਸਰਤ ਉਪਰਕਨ ਦੀ ਵਰਤੋਂ ਕਰਦੇ ਹੋਏ ਸਕੁਐਟਸ, ਡੈੱਡਲਿਫਟ, ਰੋਅ ਅਤੇ ਬੈਂਚ ਪ੍ਰੈੱਸ ਕਰਦੇ ਹਨ, ਇਸ ਦੇ ਨਾਲ ਹੀ ਟ੍ਰੈਡਮਿਲ ਕਸਰਤ ਸਾਈਕਲ 'ਤੇ ਨਿਯਮਤ ਰੂਪ ਨਾਲ ਅਭਿਆਸ ਕੀਤਾ ਜਾਂਦਾ ਹੈ।
ਉਹ ਆਪਣੀਆਂ ਹੱਡੀਆਂ ਨੂੰ ਜਿੰਨਾ ਸੰਭਵ ਹੋ ਸਕੇ ਸਿਹਤਮੰਦ ਰੱਖਣ ਵਿੱਚ ਮਦਦ ਕਰਨ ਲਈ ਸਪਲੀਮੈਂਟਸ ਵੀ ਲੈਂਦੇ ਹਨ।
ਹਾਲਾਂਕਿ, ਇੱਕ ਤਾਜ਼ਾ ਅਧਿਐਨ ਨੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਇਹ ਕਸਰਤ ਵਿਵਸਥਾ ਵੀ ਮਾਸਪੇਸ਼ੀਆਂ ਦੇ ਕਾਰਜ ਅਤੇ ਆਕਾਰ ਵਿੱਚ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਕਾਫ਼ੀ ਨਹੀਂ ਹੈ।
ਇਸ ਨੇ ਇਹ ਜਾਂਚ ਕਰਨ ਦੀ ਸਿਫਾਰਸ਼ ਕੀਤੀ ਕਿ ਕੀ ਪ੍ਰਤੀਰੋਧ ਕਸਰਤ ਅਤੇ ਉੱਚ ਤੀਬਰਤਾ ਵਾਲੀ ਅੰਤਰਾਲ ਸਿਖਲਾਈ ਵਿੱਚ ਜ਼ਿਆਦਾ ਭਾਰ, ਮਾਸਪੇਸ਼ੀਆਂ ਦੇ ਇਸ ਨੁਕਸਾਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
ਗੁਰੂਤਾ ਆਕਰਸ਼ਣ ਦੇ ਕਾਰਨ ਉਨ੍ਹਾਂ ਦੇ ਸਰੀਰ 'ਤੇ ਦਬਾਅ ਨਾ ਪੈਣ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਪੁਲਾੜ ਯਾਤਰੀਆਂ ਦੀ ਆਈਐੱਸਐੱਸ 'ਤੇ ਰਹਿਣ ਦੌਰਾਨ ਥੋੜ੍ਹੀ ਜਿਹੀ ਲੰਬਾਈ ਵਧ ਜਾਂਦੀ ਹੈ ਕਿਉਂਕਿ ਉਨ੍ਹਾਂ ਦੀ ਰੀੜ੍ਹ ਦੀ ਹੱਡੀ ਥੋੜ੍ਹੀ ਜਿਹੀ ਲੰਬੀ ਹੋ ਜਾਂਦੀ ਹੈ। ਇਸ ਨਾਲ ਪੁਲਾੜ ਵਿੱਚ ਪਿੱਠ ਦਰਦ ਅਤੇ ਧਰਤੀ 'ਤੇ ਵਾਪਸ ਆਉਣ 'ਤੇ ਸਲਿਪਡ ਡਿਸਕ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
ਧਰਤੀ 'ਤੇ ਆਪਣੀ ਵਾਪਸੀ ਤੋਂ ਪਹਿਲਾਂ ਆਈਐੱਸਐੱਸ 'ਤੇ ਇੱਕ ਬ੍ਰੀਫਿੰਗ ਦੌਰਾਨ ਰੂਬੀਓ ਨੇ ਖੁਦ ਕਿਹਾ ਕਿ ਉਨ੍ਹਾਂ ਦੀ ਰੀੜ ਦੀ ਹੱਡੀ ਵਧ ਰਹੀ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਗਰਦਨ ਦੀ ਆਮ ਸੱਟ ਤੋਂ ਬਚਣ ਵਿੱਚ ਮਦਦ ਮਿਲ ਸਕਦੀ ਹੈ।
ਗਰਦਨ ਦੀ ਇਹ ਆਮ ਸੱਟ ਪੁਲਾੜ ਯਾਤਰੀਆਂ ਨੂੰ ਉਦੋਂ ਲੱਗ ਸਕਦੀ ਹੈ, ਜਦੋਂ ਉਨ੍ਹਾਂ ਦਾ ਪੁਲਾੜ ਯਾਨ ਜ਼ਮੀਨ ਨਾਲ ਟਕਰਾਉਂਦਾ ਹੈ, ਤਾਂ ਇਸ ਦੌਰਾਨ ਜਦੋਂ ਉਹ ਆਪਣੀਆਂ ਸੀਟਾਂ ਤੋਂ ਉੱਠ ਕੇ ਇਹ ਦੇਖਣ ਦੀ ਕੋਸ਼ਿਸ਼ ਕਰਦੇ ਹਨ ਕਿ ਕੀ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮੇਰੀ ਰੀੜ ਦੀ ਹੱਡੀ ਇੰਨੀ ਵਧ ਗਈ ਹੈ ਕਿ ਮੈਂ ਆਪਣੀ ਸੀਟ ਲਾਈਨਰ ਵਿੱਚ ਫਸ ਗਿਆ ਹਾਂ, ਇਸ ਲਈ ਮੈਨੂੰ ਬਹੁਤਾ ਹਿੱਲਣਾ ਨਹੀਂ ਚਾਹੀਦਾ।"

ਭਾਰ ਘਟਣਾ
ਹਾਲਾਂਕਿ ਔਰਬਿਟ ਵਿੱਚ ਰਹਿੰਦੇ ਹੋਏ ਭਾਰ ਦਾ ਬਹੁਤ ਘੱਟ ਮਹੱਤਵ ਹੁੰਦਾ ਹੈ। ਮਾਈਕ੍ਰੋਗ੍ਰੈਵਿਟੀ ਵਾਤਾਵਰਨ ਦਾ ਅਰਥ ਹੈ ਕਿ ਹੇਠ ਬੰਨ੍ਹੀ ਹੋਈ ਕੋਈ ਵੀ ਚੀਜ਼ ਆਈਐੱਸਐੱਸ ਨਿਵਾਸ ਸਥਾਨ ਦੇ ਆਲੇ-ਦੁਆਲੇ ਸੁਤੰਤਰ ਤੌਰ 'ਤੇ ਤੈਰ ਸਕਦੀ ਹੈ, ਜਿਸ ਵਿੱਚ ਮਨੁੱਖੀ ਸਰੀਰ ਵੀ ਸ਼ਾਮਲ ਹੈ।
ਇਸ ਲਈ ਔਰਬਿਟ ਵਿੱਚ ਸਿਹਤਮੰਦ ਪੱਧਰ 'ਤੇ ਭਾਰ ਬਣਾਈ ਰੱਖਣਾ ਇੱਕ ਚੁਣੌਤੀ ਹੈ।
ਹਾਲਾਂਕਿ, ਨਾਸਾ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਪੁਲਾੜ ਯਾਤਰੀਆਂ ਨੂੰ ਵਿਭਿੰਨ ਪ੍ਰਕਾਰ ਦੇ ਪੌਸ਼ਟਿਕ ਭੋਜਨ ਮਿਲਣ, ਜਿਸ ਵਿੱਚ ਹਾਲ ਹੀ ਵਿੱਚ ਪੁਲਾੜ ਸਟੇਸ਼ਨ 'ਤੇ ਉਗਾਏ ਗਏ ਕੁਝ ਸਲਾਦ ਪੱਤੇ ਵੀ ਸ਼ਾਮਲ ਹਨ, ਇਹ ਫਿਰ ਵੀ ਪੁਲਾੜ ਯਾਤਰੀਆਂ ਦੇ ਸਰੀਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਨਾਸਾ ਨੇ ਪੁਲਾੜ ਯਾਤਰੀ ਸਕਾਟ ਕੈਲੀ, ਜਿਨ੍ਹਾਂ ਨੇ 340 ਦਿਨਾਂ ਤੱਕ ਆਈਐੱਸਐੱਸ 'ਤੇ ਰਹਿ ਕੇ ਲੰਬੇ ਸਮੇਂ ਦੀ ਪੁਲਾੜ ਯਾਤਰਾ ਦੇ ਪ੍ਰਭਾਵਾਂ ਦੇ ਸਭ ਤੋਂ ਵਿਆਪਕ ਅਧਿਐਨ ਵਿੱਚ ਹਿੱਸਾ ਲਿਆ ਸੀ, ਜਦੋਂਕਿ ਉਨ੍ਹਾਂ ਦਾ ਜੁੜਵਾਂ ਭਰਾ ਧਰਤੀ 'ਤੇ ਹੀ ਰਿਹਾ। ਕੈਲੀ ਨੇ ਪੁਲਾੜ ਵਿੱਚ ਰਹਿੰਦੇ ਹੋਏ ਆਪਣੇ ਸਰੀਰ ਦੇ ਭਾਰ ਦਾ 7% ਗੁਆ ਦਿੱਤਾ।

ਤਸਵੀਰ ਸਰੋਤ, Nasa/Getty Images
ਨਜ਼ਰ
ਧਰਤੀ ਉੱਤੇ, ਗੁਰੂਤਾ ਆਕਰਸ਼ਣ ਸਾਡੇ ਸਰੀਰ ਵਿੱਚ ਖੂਨ ਨੂੰ ਹੇਠਾਂ ਵੱਲ ਧੱਕਣ ਵਿੱਚ ਮਦਦ ਕਰਦਾ ਹੈ ਜਦੋਂ ਕਿ ਦਿਲ ਇਸ ਨੂੰ ਫਿਰ ਤੋਂ ਉੱਪਰ ਪੰਪ ਕਰਦਾ ਹੈ। ਹਾਲਾਂਕਿ, ਪੁਲਾੜ ਵਿੱਚ ਇਹ ਪ੍ਰਕਿਰਿਆ ਗੜਬੜਾ ਜਾਂਦੀ ਹੈ (ਹਾਲਾਂਕਿ ਸਰੀਰ ਕੁਝ ਹੱਦ ਤੱਕ ਅਨੁਕੂਲ ਹੋ ਜਾਂਦਾ ਹੈ) ਅਤੇ ਸਿਰ ਵਿੱਚ ਆਮ ਨਾਲੋਂ ਵੱਧ ਖੂਨ ਇਕੱਠਾ ਹੋ ਸਕਦਾ ਹੈ।
ਇਸ ਤਰਲ ਦਾ ਕੁਝ ਹਿੱਸਾ ਅੱਖ ਦੇ ਪਿਛਲੇ ਪਾਸੇ ਅਤੇ ਆਪਟਿਕ ਨਰਵ ਦੇ ਆਲੇ-ਦੁਆਲੇ ਇਕੱਠਾ ਹੋ ਸਕਦਾ ਹੈ, ਜਿਸ ਨਾਲ ਐਡੀਮਾ ਹੋ ਸਕਦਾ ਹੈ। ਇਸ ਨਾਲ ਨਜ਼ਰ ਵਿੱਚ ਬਦਲਾਅ ਹੋ ਸਕਦਾ ਹੈ ਜਿਵੇਂ ਕਿ ਨਜ਼ਰ ਦਾ ਕਮਜ਼ੋਰ ਹੋਣਾ ਅਤੇ ਅੱਖ ਵਿੱਚ ਸੰਰਚਨਾਤਮਕ ਬਦਲਾਅ।
ਇਹ ਬਦਲਾਅ ਪੁਲਾੜ ਵਿੱਚ ਸਿਰਫ਼ ਦੋ ਹਫ਼ਤੇ ਰਹਿਣ ਦੇ ਬਾਅਦ ਹੀ ਹੋਣ ਲੱਗਦੇ ਹਨ, ਪਰ ਜਿਵੇਂ-ਜਿਵੇਂ ਸਮਾਂ ਬੀਤਦਾ ਜਾਂਦਾ ਹੈ, ਜੋਖਮ ਵਧਦਾ ਜਾਂਦਾ ਹੈ। ਪੁਲਾੜ ਯਾਤਰੀਆਂ ਦੇ ਧਰਤੀ 'ਤੇ ਵਾਪਸ ਆਉਣ ਦੇ ਲਗਭਗ ਇੱਕ ਸਾਲ ਦੇ ਅੰਦਰ ਨਜ਼ਰ ਵਿੱਚ ਆਏ ਕੁਝ ਬਦਲਾਅ ਠੀਕ ਹੋ ਜਾਂਦੇ ਹਨ, ਪਰ ਕੁਝ ਸਥਾਈ ਵੀ ਹੋ ਸਕਦੇ ਹਨ।
ਆਕਾਸ਼ਗੰਗਾਂ ਦੀਆਂ ਬ੍ਰਹਿਮੰਡੀ ਕਿਰਨਾਂ ਅਤੇ ਊਰਜਾ ਭਰਪੂਰ ਸੂਰਜੀ ਕਣਾਂ ਦੇ ਸੰਪਰਕ ਵਿੱਚ ਆਉਣ ਨਾਲ ਅੱਖਾਂ ਦੀਆਂ ਹੋਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਧਰਤੀ ਦਾ ਵਾਯੂਮੰਡਲ ਸਾਨੂੰ ਇਨ੍ਹਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ, ਪਰ ਆਈਐੱਸਐੱਸ ਦੇ ਔਰਬਿਟ ਵਿੱਚ ਇੱਕ ਵਾਰ ਆਉਣ ਤੋਂ ਬਾਅਦ ਇਹ ਸੁਰੱਖਿਆ ਛੱਤਰੀ ਗਾਇਬ ਹੋ ਜਾਂਦੀ ਹੈ।
ਹਾਲਾਂਕਿ, ਪੁਲਾੜ ਯਾਨ ਵਿੱਚ ਵਾਧੂ ਰੇਡੀਏਸ਼ਨ ਨੂੰ ਰੋਕਣ ਵਿੱਚ ਸੁਰੱਖਿਆ ਢਾਲ ਲਗਾਈ ਜਾ ਸਕਦੀ ਹੈ, ਪਰ ਆਈਐੱਸਐੱਸ 'ਤੇ ਮੌਜੂਦ ਪੁਲਾੜ ਯਾਤਰੀਆਂ ਨੇ ਦੱਸਿਆ ਕਿ ਜਦੋਂ ਬ੍ਰਹਿਮੰਡੀ ਕਿਰਨਾਂ ਅਤੇ ਸੂਰਜੀ ਕਣ ਉਨ੍ਹਾਂ ਦੇ ਰੈਟੀਨਾ ਅਤੇ ਆਪਟੀਕਲ ਨਸਾਂ ਨਾਲ ਟਕਰਾਉਂਦੇ ਹਨ ਤਾਂ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਦਿਖਾਈ ਦਿੰਦੀ ਹੈ।

ਤਸਵੀਰ ਸਰੋਤ, NASA
ਨਸਾਂ ਦੀ ਉਥਲ-ਪੁਥਲ
ਹਾਲਾਂਕਿ, ਆਈਐੱਸਐੱਸ 'ਤੇ ਲੰਬੇ ਸਮੇਂ ਤੱਕ ਰਹਿਣ ਤੋਂ ਬਾਅਦ ਕੈਲੀ ਦੇ ਬੋਧਾਤਮਕ ਪ੍ਰਦਰਸ਼ਨ ਵਿੱਚ ਬਹੁਤ ਘੱਟ ਬਦਲਾਅ ਆਇਆ ਅਤੇ ਉਹ ਮੁਕਾਬਲਤਨ ਧਰਤੀ 'ਤੇ ਆਪਣੇ ਭਰਾ ਦੇ ਸਮਾਨ ਹੀ ਰਿਹਾ।
ਹਾਲਾਂਕਿ, ਖੋਜਕਰਤਾਵਾਂ ਨੇ ਦੇਖਿਆ ਕਿ ਕੈਲੀ ਦੀ ਬੋਧਾਤਮਕ ਕਾਰਗੁਜ਼ਾਰੀ ਦੀ ਗਤੀ ਅਤੇ ਸਟੀਕਤਾ ਵਿੱਚ ਧਰਤੀ 'ਤੇ ਵਾਪਸ ਆਉਣ ਤੋਂ ਬਾਅਦ ਲਗਭਗ ਛੇ ਮਹੀਨਿਆਂ ਤੱਕ ਕਮੀ ਆਈ। ਸੰਭਾਵਿਤ ਤੌਰ 'ਤੇ ਅਜਿਹਾ ਇਸ ਲਈ ਕਿਉਂਕਿ ਉਸ ਦਾ ਦਿਮਾਗ ਧਰਤੀ ਦੀ ਗੁਰੂਤਾ ਖਿੱਚ ਅਤੇ ਘਰ 'ਤੇ ਉਸ ਦੀ ਬਹੁਤ ਵੱਖਰੀ ਜੀਵਨ ਸ਼ੈਲੀ ਦੇ ਮੁੜ ਤੋਂ ਅਨੁਕੂਲ ਹੋ ਗਿਆ ਸੀ।
2014 ਵਿੱਚ ਆਈਐੱਸਐੱਸ 'ਤੇ 169 ਦਿਨ ਬਿਤਾਉਣ ਵਾਲੇ ਇੱਕ ਰੂਸੀ ਪੁਲਾੜ ਯਾਤਰੀ 'ਤੇ ਕੀਤੇ ਗਏ ਅਧਿਐਨ ਵਿੱਚ ਇਹ ਵੀ ਖੁਲਾਸਾ ਹੋਇਆ ਕਿ ਪੁਲਾੜ ਵਿੱਚ ਰਹਿਣ ਦੌਰਾਨ ਦਿਮਾਗ ਵਿੱਚ ਵੀ ਕੁਝ ਬਦਲਾਅ ਹੁੰਦੇ ਹਨ।
ਇਸ ਵਿੱਚ ਪਾਇਆ ਗਿਆ ਕਿ ਮੋਟਰ ਫੰਕਸ਼ਨ ਨਾਲ ਸਬੰਧਿਤ ਦਿਮਾਗ ਦੇ ਕੁਝ ਹਿੱਸਿਆਂ ਵਿੱਚ ਨਿਊਰਲ ਕਨੈਕਟੀਵਿਟੀ ਦੇ ਪੱਧਰਾਂ ਵਿੱਚ ਬਦਲਾਅ ਆਏ ਹਨ।
ਦੂਜੇ ਸ਼ਬਦਾਂ ਵਿੱਚ ਕਹੀਏ ਤਾਂ ਗਤੀ ਅਤੇ ਵੈਸਟੀਬਿਊਲਰ ਕਾਰਟੈਕਸ ਵਿੱਚ ਵੀ ਜੋ ਓਰੀਐਂਟੇਸ਼ਨ, ਸੰਤੁਲਨ ਤੇ ਸਾਡੀ ਆਪਣੀ ਗਤੀ ਦੀ ਧਾਰਨਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ।
ਪੁਲਾੜ ਵਿੱਚ ਭਾਰਹੀਣਤਾ ਦੀ ਅਜੀਬ ਪ੍ਰਕਿਰਤੀ ਨੂੰ ਦੇਖਦੇ ਹੋਏ ਇਹ ਸ਼ਾਇਦ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ; ਪੁਲਾੜ ਯਾਤਰੀਆਂ ਨੂੰ ਅਕਸਰ ਇਹ ਸਿੱਖਣਾ ਪੈਂਦਾ ਹੈ ਕਿ ਗੁਰੂਤਾ ਖਿੱਚ ਤੋਂ ਬਿਨਾਂ ਕੁਸ਼ਲਤਾ ਨਾਲ ਕਿਵੇਂ ਅੱਗੇ ਵਧਣਾ ਹੈ ਤਾਂ ਜੋ ਉਹ ਕਿਸੇ ਵੀ ਚੀਜ਼ ਨਾਲ ਜੁੜੇ ਰਹਿਣ ਅਤੇ ਇੱਕ ਅਜਿਹੀ ਦੁਨੀਆਂ ਦੇ ਅਨੁਕੂਲ ਹੋ ਸਕਣ ਜਿੱਥੇ ਉੱਪਰ ਜਾਂ ਹੇਠਾਂ ਕੁਝ ਵੀ ਨਹੀਂ ਹੈ।
ਹਾਲ ਹੀ ਵਿੱਚ ਕੀਤੇ ਗਏ ਇੱਕ ਹੋਰ ਅਧਿਐਨ ਨੇ ਦਿਮਾਗ ਦੀ ਬਣਤਰ ਵਿੱਚ ਹੋਰ ਤਬਦੀਲੀਆਂ ਬਾਰੇ ਚਿੰਤਾਵਾਂ ਜ਼ਾਹਰ ਕੀਤੀਆਂ ਹਨ ਜੋ ਲੰਬੇ ਸਮੇਂ ਦੇ ਪੁਲਾੜ ਮਿਸ਼ਨਾਂ ਦੌਰਾਨ ਹੋ ਸਕਦੀਆਂ ਹਨ।
ਦਿਮਾਗ ਵਿੱਚ ਸੱਜੇ ਪਾਸੇ ਵਾਲੇ ਅਤੇ ਤੀਜੇ ਵੈਂਟ੍ਰਿਕਲ ਵਜੋਂ (ਸੇਰੇਬ੍ਰੋਸਪਾਈਨਲ ਤਰਲ ਨੂੰ ਸਟੋਰ ਕਰਨ, ਦਿਮਾਗ ਨੂੰ ਪੌਸ਼ਟਿਕ ਤੱਤ ਪ੍ਰਦਾਨ ਕਰਨ ਅਤੇ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਜ਼ਿੰਮੇਵਾਰ) ਜਾਣੀਆਂ ਜਾਣ ਵਾਲੀਆਂ ਕੈਵਿਟੀਜ਼ ਸੁੱਜ ਸਕਦੀਆਂ ਹਨ ਅਤੇ ਇਨ੍ਹਾਂ ਨੂੰ ਆਮ ਆਕਾਰ ਵਿੱਚ ਵਾਪਸ ਆਉਣ ਲਈ ਤਿੰਨ ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ।

ਤਸਵੀਰ ਸਰੋਤ, NASA
ਮਿੱਤਰ ਬੈਕਟੀਰੀਆ
ਹਾਲ ਹੀ ਦੇ ਸਾਲਾਂ ਵਿੱਚ ਹੋਈ ਖੋਜ ਤੋਂ ਇਹ ਸਪੱਸ਼ਟ ਹੋਇਆ ਹੈ ਕਿ ਚੰਗੀ ਸਿਹਤ ਦੀ ਇੱਕ ਮਹੱਤਵਪੂਰਨ ਕੁੰਜੀ ਸਾਡੇ ਸਰੀਰ ਵਿੱਚ ਅਤੇ ਉਸ ਦੇ ਉੱਪਰ ਰਹਿਣ ਵਾਲੇ ਸੂਖਮ ਜੀਵਾਂ ਦੀ ਬਣਤਰ ਅਤੇ ਵਿਭਿੰਨਤਾ ਹੈ। ਇਹ ਮਾਈਕ੍ਰੋਬਾਇਓਟਾ ਸਾਡੇ ਭੋਜਨ ਨੂੰ ਹਜ਼ਮ ਕਰਨ ਦੇ ਤਰੀਕੇ ਨੂੰ ਪ੍ਰਭਾਵਿਤ ਕਰ ਸਕਦਾ ਹੈ, ਸਾਡੇ ਸਰੀਰ ਵਿੱਚ ਸੋਜਸ਼ ਦੇ ਪੱਧਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਅਤੇ ਸਾਡੇ ਦਿਮਾਗ ਦੇ ਕੰਮ ਕਰਨ ਦੇ ਤਰੀਕੇ ਨੂੰ ਵੀ ਬਦਲ ਸਕਦਾ ਹੈ।
ਕੈਲੀ ਦੀ ਆਈਐੱਸਐੱਸ ਦੀ ਯਾਤਰਾ ਤੋਂ ਬਾਅਦ ਉਨ੍ਹਾਂ ਦੀ ਜਾਂਚ ਕਰਨ ਵਾਲੇ ਖੋਜਕਰਤਾਵਾਂ ਨੇ ਪਾਇਆ ਕਿ ਪੁਲਾੜ ਵਿੱਚ ਜਾਣ ਤੋਂ ਪਹਿਲਾਂ ਦੇ ਮੁਕਾਬਲੇ ਉਨ੍ਹਾਂ ਦੀਆਂ ਅੰਤੜੀਆਂ ਵਿੱਚ ਰਹਿਣ ਵਾਲੇ ਬੈਕਟੀਰੀਆ ਅਤੇ ਫੁੰਗੀ ਵਿੱਚ ਬਹੁਤ ਜ਼ਿਆਦਾ ਤਬਦੀਲੀ ਆਈ ਸੀ।
ਇਹ ਸ਼ਾਇਦ ਪੂਰੀ ਤਰ੍ਹਾਂ ਹੈਰਾਨੀਜਨਕ ਵੀ ਨਹੀਂ ਹੈ, ਕਿਉਂਕਿ ਉਹ ਬਹੁਤ ਵੱਖਰੀ ਤਰ੍ਹਾਂ ਦਾ ਭੋਜਨ ਖਾ ਰਹੇ ਸਨ ਅਤੇ ਜਿਨ੍ਹਾਂ ਲੋਕਾਂ ਨਾਲ ਉਹ ਆਪਣਾ ਸਮਾਂ ਬਿਤਾਉਂਦੇ ਸਨ, ਉਨ੍ਹਾਂ ਵਿੱਚ ਵੀ ਬਹੁਤ ਤਬਦੀਲੀ ਆ ਗਈ ਸੀ। (ਅਸੀਂ ਜਿਨ੍ਹਾਂ ਲੋਕਾਂ ਨਾਲ ਰਹਿੰਦੇ ਹਾਂ, ਉਨ੍ਹਾਂ ਤੋਂ ਸਾਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਅੰਤੜੀਆਂ ਅਤੇ ਮੂੰਹ ਦੇ ਸੂਖਮ ਜੀਵ ਵੀ ਮਿਲਦੇ ਹਨ)।
ਪਰ ਰੇਡੀਏਸ਼ਨ ਦੇ ਸੰਪਰਕ ਵਿੱਚ ਆਉਣ ਅਤੇ ਰੀਸਾਈਕਲ ਕੀਤੇ ਪਾਣੀ ਦੀ ਵਰਤੋਂ ਦੇ ਨਾਲ-ਨਾਲ ਉਨ੍ਹਾਂ ਦੀਆਂ ਸਰੀਰਕ ਗਤੀਵਿਧੀ ਵਿੱਚ ਆਈਆਂ ਤਬਦੀਲੀਆਂ ਨੇ ਵੀ ਇਸ ਵਿੱਚ ਭੂਮਿਕਾ ਨਿਭਾਈ ਹੋਵੇਗੀ।
ਚਮੜੀ
ਭਾਵੇਂ ਹੁਣ ਤੱਕ ਨਾਸਾ ਦੇ ਪੰਜ ਪੁਲਾੜ ਯਾਤਰੀਆਂ ਨੇ 300 ਤੋਂ ਵੱਧ ਦਿਨ ਪੁਲਾੜ ਵਿੱਚ ਬਿਤਾਏ ਹਨ, ਪਰ ਸਾਨੂੰ ਕੈਲੀ ਦਾ ਦੁਬਾਰਾ ਧੰਨਵਾਦ ਕਰਨਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਦੱਸਿਆ ਕਿ ਪੁਲਾੜ ਵਿੱਚ ਰਹਿਣ ਦੌਰਾਨ ਉਨ੍ਹਾਂ ਦੀ ਚਮੜੀ ਦੀ ਸਥਿਤੀ ਕੀ ਸੀ।
ਪੁਲਾੜ ਸਟੇਸ਼ਨ ਤੋਂ ਵਾਪਸ ਆਉਣ ਤੋਂ ਬਾਅਦ ਲਗਭਗ ਛੇ ਦਿਨਾਂ ਤੱਕ ਉਨ੍ਹਾਂ ਦੀ ਚਮੜੀ 'ਤੇ ਸੰਵੇਦਨਸ਼ੀਲਤਾ ਅਤੇ ਧੱਫੜ ਦੇਖੇ ਗਏ ਸਨ। ਖੋਜਕਰਤਾਵਾਂ ਨੇ ਅੰਦਾਜ਼ਾ ਲਗਾਇਆ ਕਿ ਮਿਸ਼ਨ ਦੌਰਾਨ ਚਮੜੀ ਦੀ ਉਤੇਜਨਾ ਦੀ ਘਾਟ ਨੇ ਉਨ੍ਹਾਂ ਦੀ ਚਮੜੀ ਦੀ ਇਸ ਸ਼ਿਕਾਇਤ ਵਿੱਚ ਯੋਗਦਾਨ ਪਾਇਆ ਹੋਵੇਗਾ।

ਤਸਵੀਰ ਸਰੋਤ, Getty Images
ਜੀਨ
ਕੈਲੀ ਦੀ ਪੁਲਾੜ ਵਿੱਚ ਲੰਬੀ ਯਾਤਰਾ ਤੋਂ ਸਭ ਤੋਂ ਮਹੱਤਵਪੂਰਨ ਖੋਜਾਂ ਵਿੱਚੋਂ ਇੱਕ ਇਹ ਸੀ ਕਿ ਇਸ ਦਾ ਉਨ੍ਹਾਂ ਦੇ ਡੀਐੱਨਏ 'ਤੇ ਕੀ ਪ੍ਰਭਾਵ ਪਿਆ। ਡੀਐੱਨਏ ਦੇ ਹਰੇਕ ਸਟ੍ਰੈਂਡ ਦੇ ਅੰਤ ਵਿੱਚ ਟੈਲੋਮੇਰਸ ਵਜੋਂ ਜਾਣੀਆਂ ਜਾਂਦੀਆਂ ਸੰਰਚਨਾਵਾਂ ਹੁੰਦੀਆਂ ਹਨ, ਜੋ ਸਾਡੇ ਜੀਨ ਨੂੰ ਨੁਕਸਾਨ ਤੋਂ ਬਚਾਉਣ ਵਿੱਚ ਮਦਦ ਕਰਨ ਲਈ ਜਾਣੀਆਂ ਜਾਂਦੀਆਂ ਹਨ।
ਜਿਵੇਂ-ਜਿਵੇਂ ਸਾਡੀ ਉਮਰ ਵਧਦੀ ਹੈ, ਇਹ ਛੋਟੀਆਂ ਹੁੰਦੀਆਂ ਜਾਂਦੀਆਂ ਹਨ, ਪਰ ਕੈਲੀ ਅਤੇ ਹੋਰ ਪੁਲਾੜ ਯਾਤਰੀਆਂ 'ਤੇ ਕੀਤੀ ਗਈ ਖੋਜ ਤੋਂ ਇਹ ਖੁਲਾਸਾ ਹੋਇਆ ਕਿ ਪੁਲਾੜ ਯਾਤਰਾ ਇਨ੍ਹਾਂ ਟੈਲੋਮੇਰਸ ਦੀ ਲੰਬਾਈ ਨੂੰ ਬਦਲਦੀ ਹੈ।
ਕੋਲੋਰਾਡੋ ਸਟੇਟ ਯੂਨੀਵਰਸਿਟੀ ਵਿੱਚ ਵਾਤਾਵਰਨ ਅਤੇ ਰੇਡੀਓਲੌਜੀਕਲ ਸਿਹਤ ਦੀ ਪ੍ਰੋਫੈਸਰ ਸੁਜ਼ਨ ਬੇਲੀ ਜੋ ਕੈਲੀ ਅਤੇ ਉਨ੍ਹਾਂ ਦੇ ਭਰਾ ਦਾ ਅਧਿਐਨ ਕਰਨ ਵਾਲੀ ਟੀਮ ਦਾ ਹਿੱਸਾ ਸੀ, ਕਹਿੰਦੀ ਹੈ, "ਸਭ ਤੋਂ ਹੈਰਾਨੀਜਨਕ ਗੱਲ ਪੁਲਾੜ ਯਾਤਰਾ ਦੌਰਾਨ ਕਾਫ਼ੀ ਲੰਬੇ ਟੈਲੋਮੇਰਸ ਦੀ ਖੋਜ ਕਰਨਾ ਸੀ।"
ਉਨ੍ਹਾਂ ਨੇ 10 ਹੋਰ ਗੈਰ-ਸਬੰਧਿਤ ਪੁਲਾੜ ਯਾਤਰੀਆਂ ਨਾਲ ਅਲੱਗ-ਅਲੱਗ ਅਧਿਐਨ ਕੀਤੇ ਹਨ ਜਿਨ੍ਹਾਂ ਨੇ ਲਗਭਗ ਛੇ ਮਹੀਨਿਆਂ ਦੇ ਛੋਟੇ ਮਿਸ਼ਨਾਂ ਵਿੱਚ ਹਿੱਸਾ ਲਿਆ ਹੈ।
ਉਨ੍ਹਾਂ ਦਾ ਕਹਿਣਾ ਹੈ, "ਇਹ ਵੀ ਅਣਕਿਆਸਿਆ ਸੀ ਕਿ ਸਾਰੇ ਚਾਲਕ ਦਲ ਦੇ ਮੈਂਬਰਾਂ ਦੇ ਧਰਤੀ 'ਤੇ ਵਾਪਸ ਆਉਣ 'ਤੇ ਟੈਲੋਮੇਰਸ ਦੀ ਲੰਬਾਈ ਤੇਜ਼ੀ ਨਾਲ ਘਟ ਗਈ।
"ਟੈਲੇਮੋਰਸ ਲੰਬੇ ਸਮੇਂ 'ਤੇ ਸਿਹਤ ਅਤੇ ਉਮਰ ਵਧਣ ਦੀ ਪ੍ਰਕਿਰਿਆ ਲਈ ਖਾਸ ਤੌਰ 'ਤੇ ਪ੍ਰਸੰਗਿਕ ਹੁੰਦੇ ਹਨ। ਪੁਲਾੜ ਯਾਤਰਾ ਤੋਂ ਬਾਅਦ ਪੁਲਾੜ ਯਾਤਰੀਆਂ ਦੇ ਪਹਿਲਾਂ ਦੀ ਤੁਲਨਾ ਵਿੱਚ ਬਹੁਤ ਜ਼ਿਆਦਾ ਛੋਟੇ ਟੈਲੋਮੇਰਸ ਹੁੰਦੇ ਹਨ।"
ਉਹ ਕਹਿੰਦੀ ਹੈ ਕਿ ਅਜਿਹਾ ਕਿਉਂ ਹੁੰਦਾ ਹੈ, ਇਸ ਬਾਰੇ ਅਜੇ ਵੀ ਪਤਾ ਲਗਾਇਆ ਜਾ ਰਿਹਾ ਹੈ।
"ਸਾਡੇ ਕੋਲ ਕੁਝ ਸੁਰਾਗ ਹਨ, ਪਰ ਲੰਬੇ ਸਮੇਂ ਤੱਕ ਰਹਿਣ ਵਾਲੇ ਕਰੂ ਚਾਲਕ ਦਲ ਦੇ ਮੈਂਬਰ ਜਿਵੇਂ ਕਿ ਰੂਬੀਓ, ਜਿਨ੍ਹਾਂ ਨੇ ਪੁਲਾੜ ਵਿੱਚ ਇੱਕ ਸਾਲ ਬਿਤਾਇਆ - ਇਸ ਪ੍ਰਤੀਕਿਰਿਆ ਅਤੇ ਇਸ ਦੇ ਸੰਭਾਵੀ ਸਿਹਤ ਨਤੀਜਿਆਂ ਨੂੰ ਅਸਲ ਵਿੱਚ ਦਰਸਾਉਣ ਅਤੇ ਸਮਝਣ ਲਈ ਮਹੱਤਵਪੂਰਨ ਹੋਣਗੇ।"
ਇੱਕ ਸੰਭਾਵਿਤ ਕਾਰਨ ਪੁਲਾੜ ਵਿੱਚ ਰਹਿੰਦੇ ਹੋਏ ਰੇਡੀਏਸ਼ਨ ਦੇ ਗੁੰਝਲਦਾਰ ਮਿਸ਼ਰਣ ਦੇ ਸੰਪਰਕ ਵਿੱਚ ਆਉਣਾ ਹੋ ਸਕਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੁਲਾੜ ਵਿੱਚ ਲੰਬੇ ਸਮੇਂ ਤੱਕ ਰੇਡੀਏਸ਼ਨ ਦੇ ਸੰਪਰਕ ਵਿੱਚ ਰਹਿਣ ਵਾਲੇ ਪੁਲਾੜ ਯਾਤਰੀਆਂ ਵਿੱਚ ਡੀਐੱਨਏ ਦੇ ਨੁਕਸਾਨ ਦੇ ਲੱਛਣ ਦਿਖਾਈ ਦਿੰਦੇ ਹਨ।

ਤਸਵੀਰ ਸਰੋਤ, Getty Images
ਕੈਲੀ ਦੇ ਜੀਨ ਐਕਸਪ੍ਰੈਸ਼ਨ ਵਿੱਚ ਵੀ ਕੁਝ ਬਦਲਾਅ ਦੇਖੇ ਗਏ ਹਨ ਜੋ ਸ਼ਾਇਦ ਉਸ ਦੀ ਪੁਲਾੜ ਯਾਤਰਾ ਨਾਲ ਸਬੰਧਤ ਸਨ। ਜੀਨ ਐਕਸਪ੍ਰੈਸ਼ਨ ਉਹ ਵਿਧੀ ਹੁੰਦੀ ਹੈ ਜੋ ਸੈੱਲਾਂ ਵਿੱਚ ਪ੍ਰੋਟੀਨ ਪੈਦਾ ਕਰਨ ਲਈ ਡੀਐੱਨਏ ਨੂੰ ਪੜ੍ਹਦੀ ਹੈ।
ਇਨ੍ਹਾਂ ਵਿੱਚੋਂ ਕੁਝ ਡੀਐੱਨਏ ਦੇ ਨੁਕਸਾਨ, ਹੱਡੀਆਂ ਦੇ ਨਿਰਮਾਣ ਅਤੇ ਤਣਾਅ ਲਈ ਪ੍ਰਤੀਰੋਧਕ ਪ੍ਰਣਾਲੀ ਦੀ ਪ੍ਰਤੀਕਿਰਿਆ ਪ੍ਰਤੀ ਸਰੀਰ ਦੀ ਪ੍ਰਤੀਕਿਰਿਆ ਨਾਲ ਸਬੰਧਤ ਸਨ। ਹਾਲਾਂਕਿ, ਇਨ੍ਹਾਂ ਵਿੱਚੋਂ ਜ਼ਿਆਦਾਤਰ ਬਦਲਾਅ ਧਰਤੀ 'ਤੇ ਵਾਪਸ ਆਉਣ ਦੇ ਛੇ ਮਹੀਨਿਆਂ ਦੇ ਅੰਦਰ ਆਮ ਵਾਂਗ ਹੋ ਗਏ ਸਨ।
ਜੂਨ 2024 ਵਿੱਚ, ਇੱਕ ਨਵੇਂ ਅਧਿਐਨ ਨੇ ਪੁਰਸ਼ ਅਤੇ ਮਹਿਲਾ ਪੁਲਾੜ ਯਾਤਰੀਆਂ ਦੀ ਪ੍ਰਤੀਰੋਧਕ ਪ੍ਰਣਾਲੀ ਦੇ ਪੁਲਾੜ ਯਾਤਰਾ ਪ੍ਰਤੀ ਪ੍ਰਤੀਕਿਰਿਆ ਦੇ ਤਰੀਕੇ ਵਿੱਚ ਕੁਝ ਸੰਭਾਵੀ ਅੰਤਰਾਂ ਨੂੰ ਉਜਾਗਰ ਕੀਤਾ ਹੈ।
ਸਪੇਸਐਕਸ ਇੰਸਪੀਰੇਸ਼ਨ 4 ਮਿਸ਼ਨ ਦੇ ਚਾਲਕ ਦਲ ਜਿਨ੍ਹਾਂ ਨੇ 2021 ਦੀ ਸਰਦ ਰੁੱਤ ਵਿੱਚ ਪੁਲਾੜ ਵਿੱਚ ਸਿਰਫ਼ ਤਿੰਨ ਦਿਨ ਤੋਂ ਘੱਟ ਬਿਤਾਏ ਸਨ, ਉਨ੍ਹਾਂ ਤੋਂ ਪ੍ਰਾਪਤ ਨਮੂਨਿਆਂ 'ਤੇ ਜੀਨ ਐਕਸਪ੍ਰੈਸ਼ਨ ਡੇਟਾ ਦੀ ਵਰਤੋਂ ਕੀਤੀ ਗਈ। ਇਸ ਨੇ ਪ੍ਰਤੀਰੋਧਕ ਪ੍ਰਣਾਲੀ, ਉਮਰ ਵਧਣ ਅਤੇ ਮਾਸਪੇਸ਼ੀਆਂ ਦੇ ਵਾਧੇ ਨਾਲ ਸਬੰਧਤ 18 ਪ੍ਰੋਟੀਨਾਂ ਵਿੱਚ ਬਦਲਾਅ ਦੀ ਪਛਾਣ ਕੀਤੀ ਹੈ।
ਪਿਛਲੇ ਮਿਸ਼ਨਾਂ 'ਤੇ 64 ਹੋਰ ਪੁਲਾੜ ਯਾਤਰੀਆਂ ਦੀ ਜੀਨ ਗਤੀਵਿਧੀ ਦੀ ਤੁਲਨਾ ਕਰਦੇ ਹੋਏ, ਅਧਿਐਨ ਵਿੱਚ ਦੇਖਿਆ ਗਿਆ ਕਿ ਪੁਲਾੜ ਯਾਤਰਾ ਤੋਂ ਪਹਿਲਾਂ ਦੀ ਤੁਲਨਾ ਵਿੱਚ ਸੋਜ਼ ਵਿੱਚ ਭੂਮਿਕਾ ਨਿਭਾਉਣ ਵਾਲੇ ਤਿੰਨ ਪ੍ਰੋਟੀਨਾਂ ਦੇ ਐਕਸਪ੍ਰੈਸ਼ਨ ਵਿੱਚ ਵਾਧਾ ਹੋਇਆ ਹੈ। ਇਹ ਪੁਰਸ਼ ਪੁਲਾੜ ਯਾਤਰਾ ਪ੍ਰਤੀ ਵਧੇਰੇ ਸੰਵੇਦਨਸ਼ੀਲ ਸਨ, ਉਨ੍ਹਾਂ ਦੀ ਜੀਨ ਗਤੀਵਿਧੀ ਵਿੱਚ ਵਧੇਰੇ ਵਿਘਨ ਪੈਂਦਾ ਸੀ ਅਤੇ ਧਰਤੀ 'ਤੇ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੂੰ ਆਮ ਸਥਿਤੀ ਵਿੱਚ ਵਾਪਸ ਆਉਣ ਵਿੱਚ ਜ਼ਿਆਦਾ ਸਮਾਂ ਲੱਗਿਆ।
ਵਿਸ਼ੇਸ਼ ਤੌਰ 'ਤੇ ਖੋਜਕਰਤਾਵਾਂ ਨੇ ਪਾਇਆ ਕਿ ਦੋ ਪ੍ਰੋਟੀਨਾਂ ਇੰਟਰਲਿਊਕਿਨ-6 ਜੋ ਸਰੀਰ ਵਿੱਚ ਸੋਜਸ਼ ਦੇ ਪੱਧਰਾਂ ਨੂੰ ਨਿਯੰਤਰਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਇੰਟਰਲਿਊਕਿਨ-8 ਜੋ ਲਾਗ ਦੇ ਸਥਾਨਾਂ 'ਤੇ ਪ੍ਰਤੀਰੋਧਕ ਸੈੱਲਾਂ ਨੂੰ ਨਿਰਦੇਸ਼ਤ ਕਰਨ ਲਈ ਪੈਦਾ ਹੁੰਦਾ ਹੈ, ਦੀ ਜੀਨ ਗਤੀਵਿਧੀ ਔਰਤਾਂ ਦੇ ਮੁਕਾਬਲੇ ਮਰਦਾਂ ਵਿੱਚ ਵਧੇਰੇ ਪ੍ਰਭਾਵਿਤ ਹੋਈ।
ਫਾਈਬ੍ਰੀਨੋਜੇਨ ਨਾਮਕ ਇੱਕ ਹੋਰ ਪ੍ਰੋਟੀਨ ਜੋ ਖੂਨ ਦੇ ਜੰਮਣ ਵਿੱਚ ਸਹਾਇਕ ਹੁੰਦਾ ਹੈ, ਵੀ ਪੁਰਸ਼ ਪੁਲਾੜ ਯਾਤਰੀਆਂ ਵਿੱਚ ਵਧੇਰੇ ਪ੍ਰਭਾਵਿਤ ਹੋਇਆ।
ਪਰ ਖੋਜਕਰਤਾਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਜੇ ਵੀ ਇਹ ਪਤਾ ਲਗਾਉਣ ਦੀ ਜ਼ਰੂਰਤ ਹੈ ਕਿ ਔਰਤਾਂ ਪੁਲਾੜ ਯਾਤਰਾ ਦੇ ਇਨ੍ਹਾਂ ਵਿਸ਼ੇਸ਼ ਪ੍ਰਭਾਵਾਂ ਪ੍ਰਤੀ ਘੱਟ ਸੰਵੇਦਨਸ਼ੀਲ ਕਿਉਂ ਹੁੰਦੀਆਂ ਹਨ, ਪਰ ਇਹ ਤਣਾਅ ਪ੍ਰਤੀ ਉਨ੍ਹਾਂ ਦੀ ਪ੍ਰਤੀਕਿਰਿਆ ਨਾਲ ਸਬੰਧਤ ਹੋ ਸਕਦਾ ਹੈ।
ਤੁਸੀਂ ਹੇਠਾਂ ਦਿੱਤੀ ਵੀਡੀਓ ਵਿੱਚ ਨਾਸਾ ਦੀ ਪੁਲਾੜ ਯਾਤਰੀ ਪੈਗੀ ਵਿਟਸਨ ਨੂੰ ਇਹ ਦੱਸਦੇ ਹੋਏ ਸੁਣ ਸਕਦੇ ਹੋ ਕਿ ਪੁਲਾੜ ਵਿੱਚ ਬਿਤਾਏ ਗਏ ਸਮੇਂ ਨੇ ਉਨ੍ਹਾਂ ਦੇ ਸਰੀਰ ਨੂੰ ਕਿਸ ਤਰ੍ਹਾਂ ਬਦਲ ਦਿੱਤਾ ਹੈ। ਪੁਲਾੜ ਵਿੱਚ ਕੁੱਲ 675 ਦਿਨ ਬਿਤਾਉਣ ਦੇ ਨਾਲ ਉਨ੍ਹਾਂ ਨੇ ਕਿਸੇ ਵੀ ਹੋਰ ਅਮਰੀਕੀ ਦੀ ਤੁਲਨਾ ਵਿੱਚ ਪੁਲਾੜ ਵਿੱਚ ਸਭ ਤੋਂ ਵੱਧ ਸਮਾਂ ਬਿਤਾਇਆ ਹੈ।
ਹਾਲਾਂਕਿ ਮੌਜੂਦਾ ਸਮੇਂ ਵਿਸ਼ਵ ਰਿਕਾਰਡ ਰੂਸੀ ਪੁਲਾੜ ਯਾਤਰੀ ਓਲੇਗ ਕੋਨੋਨੇਂਕੋ ਦੇ ਨਾਮ ਹੈ, ਜਿਨ੍ਹਾਂ ਨੇ ਪੁਲਾੜ ਵਿੱਚ 878 ਦਿਨ ਬਿਤਾਏ ਹਨ।

ਤਸਵੀਰ ਸਰੋਤ, Getty Images
ਪ੍ਰਤੀਰੋਧਕ ਪ੍ਰਣਾਲੀ
ਕੈਲੀ ਨੂੰ ਪੁਲਾੜ ਯਾਤਰਾ ਤੋਂ ਪਹਿਲਾਂ, ਉਸ ਦੌਰਾਨ ਅਤੇ ਬਾਅਦ ਵਿੱਚ ਕਈ ਟੀਕੇ ਲਗਾਏ ਗਏ ਅਤੇ ਦੇਖਿਆ ਗਿਆ ਕਿ ਉਨ੍ਹਾਂ ਦੀ ਪ੍ਰਤੀਰੋਧਕ ਪ੍ਰਣਾਲੀ ਆਮ ਤੌਰ 'ਤੇ ਪ੍ਰਤੀਕਿਰਿਆ ਕਰਦੀ ਹੈ ਜਾਂ ਨਹੀਂ।
ਪਰ ਬੇਲੀ ਦੀ ਖੋਜ ਨੇ ਪਾਇਆ ਕਿ ਪੁਲਾੜ ਯਾਤਰੀਆਂ ਨੂੰ ਵ੍ਹਾਈਟ ਬਲੱਡ ਸੈੱਲਾਂ ਦੀ ਗਿਣਤੀ ਵਿੱਚ ਕੁਝ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਪੁਲਾੜ ਵਿੱਚ ਰਹਿਣ ਦੌਰਾਨ ਉਨ੍ਹਾਂ ਨੂੰ ਮਿਲਣ ਵਾਲੀ ਰੇਡੀਏਸ਼ਨ ਦੇ ਅਨੁਸਾਰ ਹੁੰਦਾ ਹੈ।
ਹਾਲਾਂਕਿ, ਅਜੇ ਵੀ ਕਈ ਸਵਾਲਾਂ ਦੇ ਜਵਾਬ ਜਾਣਨੇ ਬਾਕੀ ਹਨ ਕਿ ਇਸ ਦਾ ਮਨੁੱਖ 'ਤੇ ਕੀ ਪ੍ਰਭਾਵ ਪੈ ਸਕਦਾ ਹੈ। ਜਿਵੇਂ ਖੋਜਕਰਤਾ ਰੂਬੀਓ ਦੇ ਪੁਲਾੜ ਵਿੱਚ 371 ਦਿਨਾਂ ਦੇ ਬਾਅਦ ਉਨ੍ਹਾਂ ਦੇ ਮੈਡੀਕਲ ਟੈਸਟ, ਖੂਨ ਦੇ ਨਮੂਨਿਆਂ ਅਤੇ ਸਕੈਨ 'ਤੇ ਅਧਿਐਨ ਕਰਨਗੇ, ਤਾਂ ਉਨ੍ਹਾਂ ਨੂੰ ਬਿਨਾਂ ਸ਼ੱਕ ਉਮੀਦ ਹੋਵੇਗੀ ਕਿ ਉਹ ਇਸ ਸਬੰਧੀ ਹੋਰ ਜਾਣਕਾਰੀ ਪ੍ਰਾਪਤ ਕਰਨ ਵਿੱਚ ਸਫਲ ਹੋਣਗੇ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












