ਸੁਨੀਤਾ ਵਿਲੀਅਮਜ਼ ਦੀ ਵਾਪਸੀ ਲਈ ਰਾਕੇਟ ਰਵਾਨਾ, ਪੁਲਾੜ ਯਾਨ ਧਰਤੀ 'ਤੇ ਵਾਪਸ ਆਉਣ ਵੇਲੇ ਅੱਗ ਦੇ ਗੋਲ਼ੇ ਵਾਂਗ ਕਿਉਂ ਦਿਖਾਈ ਦਿੰਦੇ ਹਨ

ਤਸਵੀਰ ਸਰੋਤ, EPA
- ਲੇਖਕ, ਸਿਰਾਜ
- ਰੋਲ, ਬੀਬੀਸੀ ਤਮਿਲ
ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਨੂੰ ਪੁਲਾੜ ਤੋਂ ਵਾਪਸ ਲਿਆਉਣ ਲਈ ਇੱਕ ਨਵੇਂ ਦਲ ਦੇ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਇੱਕ ਰਾਕੇਟ ਲਾਂਚ ਕਰ ਦਿੱਤਾ ਗਿਆ ਹੈ।
ਦੋਵੇਂ ਪੁਲਾੜ ਯਾਤਰੀ ਸਿਰਫ਼ ਅੱਠ ਦਿਨਾਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਗਏ ਸਨ, ਪਰ ਉਨ੍ਹਾਂ ਦੇ ਪੁਲਾੜ ਯਾਨ ਵਿੱਚ ਕੋਈ ਤਕਨੀਕੀ ਸਮੱਸਿਆ ਆਉਣ ਕਾਰਨ ਉਨ੍ਹਾਂ ਨੂੰ ਪਿਛਲੇ ਨੌਂ ਮਹੀਨਿਆਂ ਤੋਂ ਪੁਲਾੜ ਵਿੱਚ ਹੀ ਰਹਿਣਾ ਪੈ ਰਿਹਾ ਹੈ।
ਹੁਣ, ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਨਵੇਂ ਦਲ ਦੇ ਪਹੁੰਚਣ ਤੋਂ ਦੋ ਦਿਨ ਬਾਅਦ, ਪੁਲਾੜ ਯਾਤਰੀ ਧਰਤੀ 'ਤੇ ਵਾਪਸੀ ਲਈ ਆਪਣੀ ਯਾਤਰਾ ਸ਼ੁਰੂ ਕਰਨਗੇ।
ਨਾਸਾ ਦੇ ਕਮਰਸ਼ੀਅਲ ਕਰੂ ਪ੍ਰੋਗਰਾਮ ਮੈਨੇਜਰ ਸਟੀਵ ਸਟਿਚ ਨੇ ਖੁਸ਼ੀ ਜਤਾਉਂਦਿਆਂ ਕਿਹਾ ਕਿ "ਬੁੱਚ ਅਤੇ ਸੰਨੀ (ਸੁਨੀਤਾ) ਨੇ ਸ਼ਾਨਦਾਰ ਕੰਮ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੇ ਵਾਪਸ ਆਉਣ ਦੀ ਉਮੀਦ ਕਰ ਰਹੇ ਹਾਂ।"

ਪੁਲਾੜ ਵਿੱਚ ਜਾਣ ਵਾਲੇ ਪਹਿਲੇ ਮਨੁੱਖ, ਚੰਦਰਮਾ 'ਤੇ ਪੈਰ ਰੱਖਣ ਵਾਲੇ ਪਹਿਲੇ ਵਿਅਕਤੀ, ਅਤੇ ਪੁਲਾੜ ਸਟੇਸ਼ਨ 'ਤੇ ਬਿਤਾਏ ਸਭ ਤੋਂ ਲੰਬੇ ਸਮੇਂ ਬਾਰੇ ਇਤਿਹਾਸ ਵਿੱਚ ਬਹੁਤ ਚਰਚਾ ਹੋਈ ਹੈ। ਹਾਲਾਂਕਿ, ਉਹ ਯੋਧੇ ਜਿਹੜੇ ਪੁਲਾੜ ਤੋਂ ਧਰਤੀ 'ਤੇ ਵਾਪਸ ਆਉਂਦੇ ਹਨ, ਉਨ੍ਹਾਂ ਬਾਰੇ ਇਤਿਹਾਸ 'ਚ ਜ਼ਿਆਦਾ ਗੱਲ ਨਹੀਂ ਕੀਤੀ ਗਈ।
ਪਰ 1 ਫਰਵਰੀ, 2003 ਨੂੰ ਇਹ ਤੱਥ ਓਦੋਂ ਪੂਰੀ ਤਰ੍ਹਾਂ ਬਦਲ ਗਿਆ ਜਦੋਂ ਭਾਰਤੀ ਮੂਲ ਦੇ ਕਲਪਨਾ ਚਾਵਲਾ ਸਮੇਤ ਸੱਤ ਨਾਸਾ ਪੁਲਾੜ ਯਾਤਰੀ ਸਪੇਸ ਸ਼ਟਲ ਕੋਲੰਬੀਆ ਰਾਹੀਂ ਧਰਤੀ 'ਤੇ ਵਾਪਸ ਆ ਰਹੇ ਸਨ।
ਉਹ ਸਾਰੇ 17 ਦਿਨਾਂ ਤੋਂ ਪੁਲਾੜ ਵਿੱਚ ਸਨ ਅਤੇ 1 ਫਰਵਰੀ ਨੂੰ ਉਨ੍ਹਾਂ ਦੀ ਵਾਪਸੀ ਹੋ ਰਹੀ ਸੀ।
ਸੰਯੁਕਤ ਰਾਜ ਅਮਰੀਕਾ ਦੇ ਕੈਨੇਡੀ ਸਪੇਸ ਸੈਂਟਰ 'ਤੇ ਉਤਰਨ ਤੋਂ ਕੁਝ ਮਿੰਟ ਪਹਿਲਾਂ ਹੀ ਉਨ੍ਹਾਂ ਦਾ ਵਾਪਸੀ ਵੱਲ ਸਪੇਸ ਸ਼ਟਲ ਫਟ ਗਿਆ ਅਤੇ ਉਸ ਵਿੱਚ ਸਵਾਰ ਸਾਰੇ ਲੋਕ ਮਾਰੇ ਗਏ।
ਇਸ ਹੈਰਾਨ ਕਰਨ ਵਾਲੀ ਘਟਨਾ ਤੋਂ ਬਾਅਦ, ਨਾਸਾ ਨੇ ਪੁਲਾੜ ਯਾਤਰੀਆਂ ਨੂੰ ਧਰਤੀ 'ਤੇ ਵਾਪਸ ਲਿਆਉਣ 'ਤੇ ਵਧੇਰੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ।
ਇਹ ਤੱਥ ਕਿ ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਸਟਾਰਲਾਈਨਰ ਪੁਲਾੜ ਯਾਨ ਦੀਆਂ ਤਕਨੀਕੀ ਸਮੱਸਿਆਵਾਂ ਕਾਰਨ 9 ਮਹੀਨਿਆਂ ਤੋਂ ਵੱਧ ਸਮੇਂ ਲਈ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰਹੇ, 2003 ਦੇ ਹਾਦਸੇ ਤੋਂ ਨਾਸਾ ਦੁਆਰਾ ਸਿੱਖੇ ਗਏ ਸਬਕਾਂ ਦਾ ਹੀ ਇੱਕ ਨਤੀਜਾ ਹੈ।

ਤਸਵੀਰ ਸਰੋਤ, NASA
ਪੁਲਾੜ ਯਾਨ ਧਰਤੀ 'ਤੇ ਕਿਵੇਂ ਵਾਪਸ ਆਉਂਦੇ ਹਨ?
ਨੀਲ ਆਰਮਸਟ੍ਰਾਂਗ... ਇਸ ਨਾਮ ਨਾਲ ਕਿਸੇ ਦੀ ਪਛਾਣ ਕਰਾਉਣ ਦੀ ਲੋੜ ਨਹੀਂ। ਨੀਲ ਅਤੇ ਐਲਡਰਿਨ 24 ਜੁਲਾਈ, 1969 ਨੂੰ ਨਾਸਾ ਦੇ ਅਪੋਲੋ 11 ਪੁਲਾੜ ਯਾਨ 'ਤੇ ਸਵਾਰ ਹੋ ਕੇ ਚੰਦਰਮਾ 'ਤੇ ਉਤਰਨ ਵਾਲੇ, ਆਪਣੇ ਖੋਜ ਮਿਸ਼ਨ ਪੂਰੇ ਕਰਨ ਵਾਲੇ ਅਤੇ ਧਰਤੀ 'ਤੇ ਵਾਪਸ ਆਉਣ ਵਾਲੇ ਪਹਿਲੇ ਵਿਅਕਤੀ ਸਨ।
ਜਿਵੇਂ ਹੀ ਉਹ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋਏ, ਉਨ੍ਹਾਂ ਨੇ 24,000 ਮੀਲ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਯਾਤਰਾ ਕੀਤੀ।
ਮਿੰਟਾਂ ਅੰਦਰ ਹੀ, ਅਪੋਲੋ 11 ਕੈਪਸੂਲ ਦੇ ਆਲੇ ਦੁਆਲੇ ਦੀ ਹਵਾ ਲਗਭਗ 3,000 ਡਿਗਰੀ ਫਾਰਨਹੀਟ (1,650 ਡਿਗਰੀ ਸੈਲਸੀਅਸ) ਦੇ ਤਾਪਮਾਨ 'ਤੇ ਪਹੁੰਚ ਗਈ। ਇਹ 1,650 ਡਿਗਰੀ ਸੈਲਸੀਅਸ ਉਬਲਦੇ ਲਾਵੇ ਦੇ ਤਾਪਮਾਨ ਨਾਲੋਂ ਗਰਮ ਹੁੰਦਾ ਹੈ।

ਤਸਵੀਰ ਸਰੋਤ, Getty Images
ਪਰ ਕੁਝ ਹੀ ਮਿੰਟਾਂ 'ਚ ਉਨ੍ਹਾਂ ਦਾ ਪੁਲਾੜ ਯਾਨ ਪ੍ਰਸ਼ਾਂਤ ਮਹਾਸਾਗਰ ਵਿੱਚ ਸੁਰੱਖਿਅਤ ਢੰਗ ਨਾਲ ਉਤਰਿਆ ਅਤੇ ਤੈਰਨ ਲੱਗਿਆ। ਬਚਾਅ ਜਹਾਜ਼ ਯੂਐਸਐਸ ਹੋਰਨੇਟ, ਜੋ ਕਿ ਪੁਲਾੜ ਯਾਨ ਤੋਂ 13 ਮੀਲ ਦੂਰ ਖੜ੍ਹਾ ਸੀ, ਨੇ ਨੀਲ ਆਰਮਸਟ੍ਰਾਂਗ ਸਮੇਤ ਤਿੰਨ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਬਚਾ ਲਿਆ ਸੀ।
ਇੰਨੀ ਤੇਜ਼ ਗਤੀ 'ਤੇ ਧਰਤੀ ਦੇ ਨੇੜੇ ਆ ਰਿਹਾ ਇੱਕ ਪੁਲਾੜ ਯਾਨ ਫਿਰ ਹੌਲੀ ਕਿਵੇਂ ਹੋ ਜਾਂਦਾ ਹੈ, ਬਹੁਤ ਜ਼ਿਆਦਾ ਤਾਪਮਾਨਾਂ ਦਾ ਸਾਹਮਣਾ ਕਿਵੇਂ ਕਰਦਾ ਹੈ ਅਤੇ ਸੁਰੱਖਿਅਤ ਢੰਗ ਨਾਲ ਕਿਵੇਂ ਉਤਰਦਾ ਹੈ?
ਇਹ ਸਾਰੀ ਪ੍ਰਕਿਰਿਆ ਨੂੰ ਵਾਯੂਮੰਡਲੀ 'ਚ ਮੁੜ-ਪ੍ਰਵੇਸ਼ ਕਿਹਾ ਜਾਂਦਾ ਹੈ ਅਤੇ ਪੁਲਾੜ ਯਾਤਰਾ ਦੇ ਸਭ ਤੋਂ ਖਤਰਨਾਕ ਪੜਾਵਾਂ ਵਿੱਚੋਂ ਇੱਕ ਹੈ।
ਨਾਸਾ ਅਨੁਸਾਰ, ਇਸ ਪ੍ਰਕਿਰਿਆ ਵਿੱਚ ਅਤਿ-ਆਧੁਨਿਕ ਹੀਟ ਸ਼ੀਲਡ, ਪੈਰਾਸ਼ੂਟ ਸਿਸਟਮ ਅਤੇ ਹੋਰ ਅਹਿਮ ਤਕਨੀਕਾਂ ਮੁੱਖ ਭੂਮਿਕਾ ਨਿਭਾਉਂਦੀਆਂ ਹਨ।
ਇੱਕ ਪੁਲਾੜ ਯਾਨ ਅੰਤਾਂ ਦੀ ਗਰਮੀ ਦਾ ਸਾਹਮਣਾ ਕਿਵੇਂ ਕਰਦਾ ਹੈ?

ਤਸਵੀਰ ਸਰੋਤ, Getty Images
ਜੇਕਰ ਤੁਸੀਂ ਧਰਤੀ 'ਤੇ ਪੁਲਾੜ ਯਾਨ ਦੇ ਵਾਪਸ ਆਉਣ ਦੇ ਵੀਡੀਓ ਦੇਖਦੇ ਹੋ, ਤਾਂ ਅਜਿਹਾ ਲੱਗਦਾ ਹੈ ਕਿ ਅੱਗ ਦਾ ਇੱਕ ਗੋਲ਼ਾ ਜ਼ਮੀਨ ਵੱਲ ਆ ਰਿਹਾ ਹੈ। ਅਜਿਹਾ ਵਾਯੂਮੰਡਲ ਵਿੱਚ ਗਰਮੀ ਦੇ ਕਾਰਨ ਹੁੰਦਾ ਹੈ। ਇਹ ਅਤਿ ਦੀ ਗਰਮੀ ਪਹਿਲੀ ਚੀਜ਼ ਹੈ ਜੋ ਧਰਤੀ 'ਤੇ ਵਾਪਸ ਆਉਣ ਵਾਲੇ ਪੁਲਾੜ ਯਾਨ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਸ ਭਿਆਨਕ ਗਰਮੀ ਤੋਂ ਪੁਲਾੜ ਯਾਨ ਨੂੰ ਬਚਾਉਣ ਲਈ ਵਿਸ਼ੇਸ਼ ਹੀਟ ਸ਼ੀਲਡ ਤਿਆਰ ਕੀਤੇ ਜਾ ਰਹੇ ਹਨ। ਨਾਸਾ ਆਪਣੇ ਪੁਲਾੜ ਯਾਨ ਦੀ ਰੱਖਿਆ ਲਈ ਖੋਜ ਸੰਗਠਨ ਏਐਮਈਐਸ 'ਤੇ ਨਿਰਭਰ ਕਰਦਾ ਹੈ।
ਕੰਪਨੀ ਨੇ ਕਈ ਤਰ੍ਹਾਂ ਦੀਆਂ ਹੀਟ ਸ਼ੀਲਡ ਸਮੱਗਰੀਆਂ ਅਤੇ ਡਿਜ਼ਾਈਨਾਂ ਦੀ ਖੋਜ ਕੀਤੀ ਹੈ, ਜਿਸ ਵਿੱਚ ਐਵਕੋਟ ਹੀਟ ਸ਼ੀਲਡ ਵੀ ਸ਼ਾਮਲ ਹੈ, ਜੋ ਅਸਲ ਵਿੱਚ ਨਾਸਾ ਦੇ ਅਪੋਲੋ ਪ੍ਰੋਗਰਾਮ (1961-1972) ਲਈ ਵਿਕਸਤ ਕੀਤੀ ਗਈ ਸੀ।
ਇੱਕ ਹੋਰ ਮਹੱਤਵਪੂਰਨ ਹੀਟ ਸ਼ੀਲਡ ਫੀਨੋਲਿਕ-ਇੰਪ੍ਰੇਗਨੇਟਿਡ ਕਾਰਬਨ ਐਬਲੇਟਰ ਜਾਂ ਪੀਆਈਸੀਏ ਹੈ। 1990 ਦੇ ਦਹਾਕੇ ਵਿੱਚ ਵਿਕਸਤ ਕੀਤੀ ਗਈ ਪੀਆਈਸੀਏ ਇੱਕ ਬੁਨਿਆਦੀ ਹੀਟ ਸ਼ੀਲਡ ਸਮੱਗਰੀ ਹੈ ਜੋ ਅੱਜ ਵੀ ਵਰਤੀ ਜਾਂਦੀ ਹੈ।
ਇਲੋਨ ਮਸਕ ਦੇ ਸਪੇਸਐਕਸ ਦੇ ਯੋਗਦਾਨ ਨਾਲ, ਇਸ ਪੀਆਈਸੀਏ ਹੀਟ ਸ਼ੀਲਡ ਨੂੰ ਹੋਰ ਬਿਹਤਰ ਬਣਾਇਆ ਗਿਆ ਹੈ ਅਤੇ ਪੀਆਈਸੀਏ-ਐਕਸ ਨਾਮਕ ਇੱਕ ਨਵੀਂ ਕਿਸਮ ਦੀ ਹੀਟ ਸ਼ੀਲਡ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।
ਹੁਣ ਅਜਿਹੀਆਂ ਹੀਟ ਸ਼ੀਲਡਾਂ ਸਬੰਧੀ ਵੀ ਖੋਜ ਕੀਤੀ ਜਾ ਰਹੀ ਹੈ ਜੋ ਨਵੇਂ ਗ੍ਰਹਿਆਂ ਜਾਂ ਸੂਰਜ ਦੇ ਨੇੜਲੀ ਗਰਮੀ ਨੂੰ ਝੱਲ ਸਕਣ।
ਇਹ ਹੀਟ ਸ਼ੀਲਡਾਂ ਨਕਲੀ ਤੌਰ 'ਤੇ ਤਿਆਰ ਕੀਤੀਆਂ ਜਾਂਦੀਆਂ ਹਨ, ਟੈਸਟ ਕੀਤੀਆਂ ਜਾਂਦੀਆਂ ਹਨ, ਅਤੇ ਫਿਰ ਪੁਲਾੜ ਯਾਨ 'ਤੇ ਲਗਾਈਆਂ ਜਾਂਦੀਆਂ ਹਨ। ਇਹ ਸ਼ੀਲਡਾਂ, ਧਰਤੀ 'ਤੇ ਵਾਪਸ ਆਉਣ ਵੇਲੇ ਇੱਕ ਪੁਲਾੜ ਯਾਨ ਨੂੰ ਪੇਸ਼ ਆਉਣ ਵਾਲੇ ਤਾਪਮਾਨ ਦੀ ਗਣਨਾ ਕਰਕੇ ਤਿਆਰ ਕੀਤੀਆਂ ਜਾਂਦੀਆਂ ਹਨ।
ਇੱਕ ਪੁਲਾੜ ਯਾਨ ਦੀ ਗਤੀ ਕਿਵੇਂ ਘਟਾਈ ਜਾਂਦੀ ਹੈ?

ਤਸਵੀਰ ਸਰੋਤ, Getty Images
ਅਤਿਅੰਤ ਗਰਮੀ ਤੋਂ ਬਚਣ ਤੋਂ ਬਾਅਦ ਵੀ, ਅਗਲੀ ਸਮੱਸਿਆ ਜਿਸ ਦਾ ਸਾਹਮਣਾ ਇੱਕ ਪੁਲਾੜ ਯਾਨ ਨੂੰ ਕਰਨਾ ਪੈਂਦਾ ਹੈ ਉਹ ਹੈ ਸੁਰੱਖਿਅਤ ਢੰਗ ਨਾਲ ਉਤਰਨ ਲਈ ਗਤੀ ਨੂੰ ਘਟਾਉਣਾ।
ਇੱਕ ਵਾਰ ਜਦੋਂ ਇੱਕ ਪੁਲਾੜ ਯਾਨ ਧਰਤੀ ਦੇ ਵਾਯੂਮੰਡਲ ਵਿੱਚ ਦਾਖਲ ਹੋ ਜਾਂਦਾ ਹੈ, ਤਾਂ ਇਸ ਦੀ ਗਤੀ ਹੌਲੀ-ਹੌਲੀ ਧੀਮੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਹਵਾ ਪ੍ਰਤੀਰੋਧ (ਉਹ ਸ਼ਕਤੀ ਜੋ ਹਵਾ ਵਿੱਚੋਂ ਯਾਤਰਾ ਕਰਨ ਵਾਲੀ ਕਿਸੇ ਵਸਤੂ ਦਾ ਵਿਰੋਧ ਕਰਦੀ ਹੈ) ਦੇ ਕਾਰਨ ਹੁੰਦਾ ਹੈ।
ਇਹ ਗਤੀ ਕਾਫ਼ੀ ਘੱਟ ਜਾਂਦੀ ਹੈ, ਖਾਸ ਕਰਕੇ ਜਦੋਂ ਇੱਕ ਪੁਲਾੜ ਯਾਨ ਧਰਤੀ ਤੋਂ 50 ਕਿਲੋਮੀਟਰ ਤੋਂ 10 ਕਿਲੋਮੀਟਰ ਤੱਕ ਯਾਤਰਾ ਕਰਦਾ ਹੈ। ਇਸ ਤਰ੍ਹਾਂ, ਇੱਕ ਪੁਲਾੜ ਯਾਨ ਕੁਝ ਹੀ ਮਿੰਟਾਂ ਵਿੱਚ 39,000 ਕਿਲੋਮੀਟਰ/ਘੰਟਾ ਤੋਂ 900 ਤੋਂ 800 ਕਿਲੋਮੀਟਰ/ਘੰਟਾ ਤੱਕ ਜਾ ਸਕਦਾ ਹੈ।
ਪਰ 800 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਵੀ ਲੈਂਡਿੰਗ ਲਈ ਢੁਕਵੀਂ ਨਹੀਂ ਹੁੰਦੀ। ਇਸ ਲਈ ਵੱਖ-ਵੱਖ ਪੜਾਵਾਂ ਵਿੱਚ ਪੈਰਾਸ਼ੂਟ ਵੀ ਤਾਇਨਾਤ ਕੀਤੇ ਜਾਂਦੇ ਹਨ ਤਾਂ ਜੋ ਪੁਲਾੜ ਯਾਨ ਨੂੰ ਲੈਂਡਿੰਗ ਸਾਈਟ ਦੇ ਨੇੜੇ ਆਉਂਦੇ ਹੀ ਹੌਲੀ ਕੀਤਾ ਜਾ ਸਕੇ।

ਤਸਵੀਰ ਸਰੋਤ, Getty Images
ਮਿਸਾਲ ਵਜੋਂ, ਜਦੋਂ ਰੂਸੀ ਪੁਲਾੜ ਯਾਨ ਸੋਯੂਜ਼ 10.5 ਤੋਂ 9.5 ਕਿਲੋਮੀਟਰ ਦੀ ਉਚਾਈ 'ਤੇ ਹੋਵੇਗਾ, ਤਾਂ ਪੈਰਾਸ਼ੂਟ ਦਾ ਪਹਿਲਾ ਸੈੱਟ ਤਾਇਨਾਤ ਕੀਤਾ ਜਾਵੇਗਾ। ਇਹ ਪੁਲਾੜ ਯਾਨ ਦੀ ਗਤੀ 828 ਕਿਲੋਮੀਟਰ ਪ੍ਰਤੀ ਘੰਟਾ ਤੋਂ ਘਟਾ ਕੇ 360 ਕਰ ਦੇਵੇਗਾ।
ਫਿਰ, 8 ਤੋਂ 7.5 ਕਿਲੋਮੀਟਰ ਦੀ ਉਚਾਈ 'ਤੇ, ਪੈਰਾਸ਼ੂਟ ਦਾ ਅਗਲਾ ਸੈੱਟ ਤਾਇਨਾਤ ਕੀਤਾ ਜਾਵੇਗਾ। ਇਸ ਤੋਂ ਬਾਅਦ, ਪੁਲਾੜ ਯਾਨ ਦੀ ਗਤੀ 25 ਕਿਲੋਮੀਟਰ ਪ੍ਰਤੀ ਘੰਟਾ ਦੇ ਪੱਧਰ 'ਤੇ ਪਹੁੰਚ ਜਾਵੇਗੀ।
ਅੰਤ ਵਿੱਚ, ਛੋਟੇ ਰਾਕੇਟ (ਜੋ ਪੁਲਾੜ ਯਾਨ ਨੂੰ ਉਲਟ ਦਿਸ਼ਾ ਵਿੱਚ ਧੱਕਦੇ ਹਨ ਅਤੇ ਇਸ ਦੀ ਗਤੀ ਨੂੰ ਹੌਲੀ ਕਰਦੇ ਹਨ) ਦੀ ਵਰਤੋਂ ਕਰਦੇ ਹੋਏ, ਪੁਲਾੜ ਯਾਨ ਨੂੰ ਹੌਲੀ ਕੀਤਾ ਜਾਵੇਗਾ (2 ਤੋਂ 1.5 ਮੀਟਰ ਪ੍ਰਤੀ ਘੰਟਾ ਦੀ ਬਹੁਤ ਘੱਟ ਗਤੀ ਤੱਕ) ਅਤੇ ਸੁਰੱਖਿਅਤ ਢੰਗ ਨਾਲ ਜ਼ਮੀਨ 'ਤੇ ਉਤਾਰਿਆ ਜਾਵੇਗਾ।

ਪੁਲਾੜ ਯਾਨ ਦੇ ਉਤਰਨ ਲਈ ਖੇਤਰ ਕਿਵੇਂ ਚੁਣਿਆ ਜਾਂਦਾ ਹੈ?
ਪੁਲਾੜ ਯਾਨ ਜਾਂ ਇਸਦੇ ਕੈਪਸੂਲ ਨੂੰ ਸਮੁੰਦਰ ਵਿੱਚ ਉਤਾਰਨਾ ਅਕਸਰ ਇੱਕ ਸੁਰੱਖਿਅਤ ਵਿਕਲਪ ਮੰਨਿਆ ਜਾਂਦਾ ਹੈ।
ਪਰ ਪੁਲਾੜ ਯਾਨ ਨੂੰ ਇੱਕ ਸਟੀਕ ਸਥਾਨ 'ਤੇ ਉਤਾਰਨ ਲਈ ਵਾਯੂਮੰਡਲ ਦੀਆਂ ਸਥਿਤੀਆਂ, ਸਮੁੰਦਰ ਦੀਆਂ ਧਾਰਾਵਾਂ ਅਤੇ ਪੁਲਾੜ ਯਾਨ ਦੇ ਗਤੀ ਵਿਗਿਆਨ ਬਾਰੇ ਪਹਿਲਾਂ ਤੋਂ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ, ਇਸ ਲਈ ਇਹ ਇੱਕ ਗੁੰਝਲਦਾਰ ਕੰਮ ਹੈ।
ਨਾਸਾ ਅਤੇ ਸਪੇਸਐਕਸ ਪੁਲਾੜ ਯਾਨ ਲਈ ਲੈਂਡਿੰਗ ਸਥਾਨਾਂ ਨੂੰ ਨਿਰਧਾਰਤ ਕਰਨ ਲਈ ਜੀਪੀਐਸ, ਇਨਰਸ਼ੀਅਲ ਨੈਵੀਗੇਸ਼ਨ ਸਿਸਟਮ (ਆਈਐਨਐਸ) ਅਤੇ ਭਵਿੱਖਬਾਣੀ ਮਾਡਲਾਂ ਵਰਗੀਆਂ ਅਤਿ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਦੇ ਹਨ। ਹਾਲਾਂਕਿ, ਇਸ ਨਾਲ ਅੰਤਮ ਪੜਾਵਾਂ ਵਿੱਚ ਕੁਝ ਤਬਦੀਲੀਆਂ ਫਿਰ ਵੀ ਸਾਂਭੀਆਂ ਜਾਂਦੀਆਂ ਹਨ।
ਮਿਸਾਲ ਵਜੋਂ, ਜਦੋਂ ਨੀਲ ਆਰਮਸਟ੍ਰਾਂਗ ਦੇ ਅਪੋਲੋ 11 ਪੁਲਾੜ ਯਾਨ ਨੂੰ ਪ੍ਰਸ਼ਾਂਤ ਮਹਾਸਾਗਰ ਵਿੱਚ ਉਤਾਰਨ ਦੀ ਯੋਜਨਾ ਬਣਾਈ ਗਈ ਸੀ, ਤਾਂ ਨਿਰਧਾਰਤ ਖੇਤਰ ਵਿੱਚ ਖਰਾਬ ਮੌਸਮ ਕਾਰਨ 400 ਕਿਲੋਮੀਟਰ ਦੂਰ ਇੱਕ ਹੋਰ ਖੇਤਰ ਚੁਣਿਆ ਗਿਆ ਸੀ।
2003 ਦੇ ਕੋਲੰਬੀਆ ਸਪੇਸ ਸ਼ਟਲ ਹਾਦਸੇ ਤੋਂ ਨਾਸਾ ਨੇ ਕੀ ਸਬਕ ਸਿੱਖਿਆ?

ਤਸਵੀਰ ਸਰੋਤ, Getty Images
28 ਜਨਵਰੀ, 1986 ਨਾ ਸਿਰਫ਼ ਨਾਸਾ ਦੇ ਇਤਿਹਾਸ ਵਿੱਚ, ਸਗੋਂ ਮਨੁੱਖੀ ਪੁਲਾੜ ਖੋਜ ਵਿੱਚ ਵੀ ਇੱਕ ਦੁਖਦਾਈ ਦਿਨ ਸੀ। ਇਸਦਾ ਕਾਰਨ ਇਹ ਸੀ ਕਿ ਚੈਲੇਂਜਰ ਸਪੇਸ ਸ਼ਟਲ, ਜੋ ਕਿ ਸੱਤ ਨਾਸਾ ਪੁਲਾੜ ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ, ਲਾਂਚਿੰਗ ਤੋਂ 73 ਸਕਿੰਟਾਂ ਬਾਅਦ ਹੀ 14,000 ਮੀਟਰ ਦੀ ਉਚਾਈ 'ਤੇ ਫਟ ਗਿਆ ਸੀ।
ਪੂਰੀ ਦੁਨੀਆਂ ਇਸ ਹਾਦਸੇ ਨੂੰ ਦੇਖ ਰਹੀ ਸੀ ਅਤੇ ਇਸ ਹਾਦਸੇ ਵਿੱਚ ਪੁਲਾੜ ਯਾਨ 'ਤੇ ਸਵਾਰ ਸਾਰੇ ਸੱਤ ਯਾਤਰੀ ਮਾਰੇ ਗਏ ਸਨ।
ਉਦੋਂ ਤੋਂ, ਇੱਕ ਪੁਲਾੜ ਯਾਨ ਨੂੰ ਪੁਲਾੜ ਵਿੱਚ ਸੁਰੱਖਿਅਤ ਢੰਗ ਨਾਲ ਲਾਂਚ ਕਰਨ ਅਤੇ ਇਸਨੂੰ ਧਰਤੀ 'ਤੇ ਸੁਰੱਖਿਅਤ ਢੰਗ ਨਾਲ ਉਤਾਰਨ ਲਈ ਤਕਨੀਕ ਬਾਰੇ ਕਈ ਸਾਲਾਂ ਤੱਕ ਖੋਜ ਅਤੇ ਵਿਕਾਸ ਹੋਇਆ। ਪਰ ਫਿਰ ਵੀ, 2003 ਵਿੱਚ ਕੋਲੰਬੀਆ ਹਾਦਸੇ ਵਿੱਚ ਕਲਪਨਾ ਚਾਵਲਾ ਸਮੇਤ ਸੱਤ ਪੁਲਾੜ ਯਾਤਰੀ ਮਾਰੇ ਗਏ ਸਨ। ਇਸ ਹਾਦਸੇ ਨੇ ਸੁਰੱਖਿਆ ਪਹਿਲੂਆਂ 'ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਸਨ।
ਦਰਅਸਲ, ਕੋਲੰਬੀਆ ਪੁਲਾੜ ਯਾਨ ਦੇ ਲਾਂਚ ਦੌਰਾਨ ਇੱਕ ਤਕਨੀਕੀ ਸਮੱਸਿਆ ਦਾ ਪਤਾ ਲੱਗਿਆ ਸੀ, ਪਰ ਇਸਦੀ ਮੁਰੰਮਤ ਨਹੀਂ ਕੀਤੀ ਗਈ ਸੀ ਅਤੇ ਇਹ ਧਰਤੀ ਦੇ ਵਾਯੂਮੰਡਲ ਵਿੱਚ ਦੁਬਾਰਾ ਦਾਖਲ ਹੋਣ 'ਤੇ ਕਰੈਸ਼ ਹੋ ਗਿਆ ਸੀ। ਇਹ ਹਾਦਸਾ ਨਾਸਾ ਦੇ ਸਭ ਤੋਂ ਪੁਰਾਣੇ ਪ੍ਰੋਗਰਾਮ, ਸਪੇਸ ਸ਼ਟਲ ਪ੍ਰੋਗਰਾਮ ਦੇ ਅੰਤ ਦਾ ਇੱਕ ਵੱਡਾ ਕਾਰਕ ਸੀ।
1981 ਤੋਂ ਚੱਲ ਰਹੇ ਇਸ ਪ੍ਰੋਜੈਕਟ ਵਿੱਚ ਸਪੇਸ ਸ਼ਟਲ ਨਾਮ ਦੇ ਮੁੜ ਵਰਤੋਂ ਯੋਗ ਪੁਲਾੜ ਯਾਨ ਨੂੰ ਧਰਤੀ 'ਤੇ ਵਾਪਸ ਆਉਣ 'ਤੇ ਪੈਰਾਸ਼ੂਟ ਦੁਆਰਾ ਹੌਲੀ ਕੀਤਾ ਜਾਂਦਾ ਹੈ ਅਤੇ ਫਿਰ ਇੱਕ ਹਵਾਈ ਜਹਾਜ਼ ਵਾਂਗ ਰਨਵੇਅ 'ਤੇ ਉਤਾਰਿਆ ਜਾਂਦਾ ਹੈ।

ਤਸਵੀਰ ਸਰੋਤ, Getty Images
ਸਪੇਸ ਸ਼ਟਲ ਪ੍ਰੋਗਰਾਮ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੀ ਸਿਰਜਣਾ ਵਿੱਚ ਇੱਕ ਵੱਡੀ ਭੂਮਿਕਾ ਨਿਭਾਈ। ਦੋ ਦੁਖਦਾਈ ਘਟਨਾਵਾਂ, 1986 ਦੀ ਦੁਰਘਟਨਾ ਅਤੇ 2003 ਦੀ ਦੁਰਘਟਨਾ ਨੂੰ ਛੱਡ ਕੇ, ਨਾਸਾ ਨੇ 133 ਪੁਲਾੜ ਮਿਸ਼ਨਾਂ ਨੂੰ ਸਫਲਤਾਪੂਰਵਕ ਛੱਡੇ ਹਨ। ਸਪੇਸ ਸ਼ਟਲ ਪ੍ਰੋਗਰਾਮ ਸਾਲ 2011 ਵਿੱਚ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਸੀ।
2003 ਦੀ ਕੋਲੰਬੀਆ ਦੁਰਘਟਨਾ ਦੇ ਨਤੀਜੇ ਵਜੋਂ ਸਪੇਸਐਕਸ ਵਰਗੀਆਂ ਨਿੱਜੀ ਕੰਪਨੀਆਂ ਨੇ ਪੁਲਾੜ ਯਾਤਰੀਆਂ ਨੂੰ ਸੁਰੱਖਿਅਤ ਢੰਗ ਨਾਲ ਲਿਜਾਣ ਅਤੇ ਉਨ੍ਹਾਂ ਨੂੰ ਧਰਤੀ 'ਤੇ ਵਾਪਸ ਲਿਆਉਣ ਲਈ ਨਾਸਾ ਨਾਲ ਮਿਲ ਕੇ ਕੰਮ ਕੀਤਾ ਹੈ।
ਹਾਦਸੇ ਤੋਂ ਬਾਅਦ, ਨਾਸਾ ਨੇ ਪੁਲਾੜ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਆਪਣੇ ਪੁਲਾੜ ਪ੍ਰੋਗਰਾਮਾਂ ਵਿੱਚ ਕਈ ਬਦਲਾਅ ਕੀਤੇ ਹਨ।
ਉਨ੍ਹਾਂ ਵਿੱਚੋਂ ਇੱਕ ਯੋਜਨਾ ਇਹ ਵੀ ਹੈ ਕਿ ਲਾਂਚ ਦੌਰਾਨ ਕਿਸੇ ਪੁਲਾੜ ਯਾਨ ਵਿੱਚ ਕੋਈ ਖਰਾਬੀ ਦਾ ਪਤਾ ਲੱਗਣ 'ਤੇ ਜਦੋਂ ਤੱਕ ਬਚਾਅ ਟੀਮ ਨਹੀਂ ਪਹੁੰਚ ਜਾਂਦੀ, ਉਦੋਂ ਤੱਕ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਰੱਖਿਆ ਜਾਵੇ।
ਇਸਦੇ ਨਤੀਜੇ ਵਜੋਂ, ਸੁਨੀਤਾ ਵਿਲੀਅਮਜ਼ ਅਤੇ ਬੁੱਚ ਵਿਲਮੋਰ ਹੁਣ 9 ਮਹੀਨਿਆਂ ਤੋਂ ਵੱਧ ਸਮੇਂ ਤੋਂ ਉੱਥੇ ਫਸੇ ਹੋਏ ਹਨ ਅਤੇ ਧਰਤੀ 'ਤੇ ਵਾਪਸ ਆਉਣ ਦੀ ਉਡੀਕ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












