'ਨਾ ਮੈਂ ਭਾਰਤੀ ਹਾਂ ਅਤੇ ਨਾ ਹੀ ਪਾਕਿਸਤਾਨੀ, ਮੇਰਾ ਰੁਜ਼ਗਾਰ ਵੀ ਖੁੱਸ ਗਿਆ', ਇਹ ਹਿੰਦੂ ਡਾਕਟਰ ਹੁਣ ਕਿਸੇ ਵੀ ਦੇਸ਼ ਦਾ ਨਾਗਰਿਕ ਕਿਉਂ ਨਹੀਂ ਰਿਹਾ

ਤਸਵੀਰ ਸਰੋਤ, PAVAN JAISWAL
- ਲੇਖਕ, ਲਕਸ਼ਮੀ ਪਟੇਲ
- ਰੋਲ, ਬੀਬੀਸੀ ਪੱਤਰਕਾਰ
"ਮੇਰਾ ਸਰਕਾਰ ਨੂੰ ਸਿਰਫ਼ ਇੱਕ ਸਵਾਲ ਹੈ, ਮੇਰੀ ਨਾਗਰਿਕਤਾ ਕੀ ਹੈ? ਕੁਝ ਲੋਕ ਮੈਨੂੰ ਪਾਕਿਸਤਾਨੀ ਕਹਿੰਦੇ ਹਨ, ਕੁਝ ਲੋਕ ਮੈਨੂੰ ਭਾਰਤੀ ਕਹਿੰਦੇ ਹਨ। ਪਰ ਕਾਗਜ਼ਾਂ 'ਤੇ ਨਾ ਤਾਂ ਮੈਂ ਭਾਰਤੀ ਹਾਂ ਅਤੇ ਨਾ ਹੀ ਪਾਕਿਸਤਾਨੀ।"
ਪਿਛਲੇ ਚਾਰ ਸਾਲਾਂ ਤੋਂ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਵੱਖ-ਵੱਖ ਸਰਕਾਰੀ ਦਫ਼ਤਰਾਂ ਦੇ ਗੇੜੇ ਲਗਾ ਰਹੇ ਡਾ. ਨਾਨਿਕਰਾਜ ਮੁਖੀ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਸਾਂਝੀਆਂ ਕੀਤੀਆਂ।
ਉਹ ਕਹਿੰਦੇ ਹਨ, "ਮੇਰਾ ਕਲੀਨਿਕ ਸੀਲ ਕਰ ਦਿੱਤਾ ਗਿਆ ਹੈ ਕਿਉਂਕਿ ਮੈਂ ਭਾਰਤੀ ਨਾਗਰਿਕ ਨਹੀਂ ਹਾਂ। ਇਸ ਕਾਰਨ ਮੇਰੀ ਨੌਕਰੀ (ਰੋਜ਼ੀ-ਰੋਟੀ) ਵੀ ਚਲੀ ਗਈ ਹੈ।"
ਉਨ੍ਹਾਂ ਦੇ ਅਨੁਸਾਰ, ਉਨ੍ਹਾਂ ਦੀਆਂ ਸਮੱਸਿਆ ਇਹ ਹਨ ਕਿ ਉਨ੍ਹਾਂ ਨੂੰ ਆਪਣੇ ਬੱਚਿਆਂ ਦੇ ਸਕੂਲ ਫਾਰਮਾਂ ਵਿੱਚ ਪਿਤਾ ਦੀ ਨਾਗਰਿਕਤਾ ਦੇ ਵੇਰਵੇ ਖਾਲ੍ਹੀ ਛੱਡਣੇ ਪੈਂਦੇ ਹਨ।

ਉਹ ਕਹਿੰਦੇ ਹਨ, "ਮੈਂ ਆਪਣੀ ਪਾਕਿਸਤਾਨੀ ਨਾਗਰਿਕਤਾ ਤਿਆਗ ਦਿੱਤੀ ਹੈ, ਇਸ ਲਈ ਮੈਂ ਅਜਿਹਾ ਨਹੀਂ ਲਿਖ ਸਕਦਾ ਅਤੇ ਮੇਰੇ ਕੋਲ ਭਾਰਤੀ ਨਾਗਰਿਕਤਾ ਨਹੀਂ ਹੈ, ਇਸ ਲਈ ਅਜਿਹਾ ਲਿਖਣਾ ਅਪਰਾਧ ਹੋਵੇਗਾ।"
ਡਾ. ਨਾਨਿਕਾਰਜ ਮੂਲ ਤੌਰ 'ਤੇ ਹੈਦਰਾਬਾਦ, ਪਾਕਿਸਤਾਨ ਦੇ ਰਹਿਣ ਵਾਲੇ ਸਨ। ਉਹ 2009 ਵਿੱਚ ਆਪਣੀ ਪਤਨੀ ਅਤੇ ਦੋ ਬੱਚਿਆਂ ਦੇ ਨਾਲ ਭਾਰਤ ਆਏ ਸਨ।
ਸਾਲ 2016 ਵਿੱਚ ਉਨ੍ਹਾਂ ਨੇ ਅਹਿਮਦਾਬਾਦ ਕਲੈਕਟ੍ਰੇਟ ਵਿੱਚ ਭਾਰਤੀ ਨਾਗਰਿਕਤਾ ਲਈ ਬੇਨਤੀ ਕੀਤੀ ਸੀ। ਅਹਿਮਦਾਬਾਦ ਕਲੈਕਟ੍ਰੇਟ ਤੋਂ ਹਾਸਲ ਮਨਜ਼ੂਰੀ ਪੱਤਰ ਦੇ ਆਧਾਰ ਅਤੇ ਉਨ੍ਹਾਂ ਨੇ ਸਾਲ 2021 ਵਿੱਚ ਆਪਣੀ ਪਾਕਿਸਤਾਨੀ ਨਾਗਿਰਕਤਾ ਤਿਆਗ ਦਿੱਤੀ ਸੀ।
ਹਾਲ ਹੀ ਵਿੱਚ ਰਾਜਕੋਟ ਵਿੱਚ ਨਾਗਰਿਕਤਾ ਸੋਧ ਕਾਨੂੰਨ (ਸੀਏਏ) ਦੇ ਤਹਿਤ ਪਾਕਿਸਤਾਨ ਤੋਂ ਭਾਰਤ ਆਏ 185 ਲੋਕਾਂ ਨੂੰ ਭਾਰਤੀ ਨਾਗਰਿਕ ਹੋਣ ਦਾ ਪ੍ਰਮਾਣ ਪੱਤਰ ਦਿੱਤਾ ਗਿਆ। ਪਰ ਅਹਿਮਦਾਬਾਦ ਦੇ ਰਹਿਣ ਵਾਲੇ ਨਾਨਿਕਰਾਜ ਅਜਿਹੇ ਹੀ ਇੱਕ ਵਿਅਕਤੀ ਹਨ ਜਿਨ੍ਹਾਂ ਨੂੰ ਚਾਰ ਸਾਲ ਤੋਂ ਭਾਰਤੀ ਨਾਗਰਿਕਤਾ ਨਹੀਂ ਮਿਲੀ।
ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਹਾਈ ਕੋਰਟ ਵਿੱਚ ਅਰਜ਼ੀ

ਤਸਵੀਰ ਸਰੋਤ, NANIKRAJ MUKHI
ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਨਹੀਂ ਮਿਲੀ, ਇਸ ਲਈ ਉਨ੍ਹਾਂ ਨੇ ਅਖ਼ੀਰ ਵਿੱਚ ਗੁਜਰਾਤ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ।
ਗੁਜਰਾਤ ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਨਾਨਿਕਰਾਜ ਮੁਖੀ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਨੇ 20 ਅਗਸਤ, 2016 ਨੂੰ ਭਾਰਤੀ ਨਾਗਰਿਕਤਾ ਹਾਸਲ ਕਰਨ ਲਈ ਅਹਿਮਦਾਬਾਦ ਕੁਲੈਕਟਰ ਦਫ਼ਤਰ ਵਿੱਚ ਅਰਜ਼ੀ ਦਿੱਤੀ ਸੀ।
11 ਜੁਲਾਈ, 2017 ਨੂੰ, ਨਾਨਿਕਰਾਜ ਨੂੰ ਕੁਲੈਕਟਰ ਦਫ਼ਤਰ ਤੋਂ ਉਨ੍ਹਾਂ ਦੀ ਅਰਜ਼ੀ ਸਵੀਕਾਰ ਕਰਨ ਦਾ ਇੱਕ ਮਨਜ਼ੂਰੀ ਪੱਤਰ ਮਿਲਿਆ।

ਤਸਵੀਰ ਸਰੋਤ, gujarathighcourt.nic.in
ਨਾਨਿਕਾਰਜ ਦਾ ਕਹਿਣਾ ਹੈ ਕਿ ਇਸ ਪੱਤਰ ਨੂੰ ਹਾਸਲ ਕਰਨ ਤੋਂ ਬਾਅਦ 30 ਮਾਰਚ 2021 ਨੂੰ ਨਾਨਿਕਰਾਜ ਨੇ ਆਪਣਾ ਪਾਕਿਸਤਾਨੀ ਪਾਸਪੋਰਟ ਦਿੱਲੀ ਸਥਿਤ ਪਾਕਿਸਤਾਨੀ ਦੂਤਾਵਾਸ ਵਿੱਚ ਜਮਾਂ ਕਰ ਦਿੱਤਾ ਅਤੇ 7600 ਰੁਪਏ ਦੀ ਤੈਅ ਫੀਸ ਵੀ ਦਿੱਤੀ।
"ਇਹ ਰਸੀਦ ਅਹਿਮਦਾਬਾਦ ਕਲੈਕਟ੍ਰੇਟ ਵਿੱਚ ਜਮਾਂ ਕੀਤੀ ਗਈ। ਇਸ ਦੇ ਨਾਲ ਹੀ ਅਹਿਮਦਾਬਾਦ ਕਲੈਕਟ੍ਰੇਟ ਵਿੱਚ ਚਲਾਨ ਭਰਿਆ ਗਿਆ ਅਤੇ ਉਸਨੂੰ ਭਰਨ ਲਈ ਫੀਸ ਵੀ ਅਦਾ ਕੀਤੀ।"
ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, 18 ਫਰਵਰੀ, 2025 ਨੂੰ ਨਾਨਿਰਾਜ ਨੇ ਜ਼ਿਲ੍ਹਾ ਮੈਜਿਸਟਰੇਟ ਤੋਂ ਮਿਲੇ ਪੱਤਰ ਵਿੱਚ ਲਿਖਿਆ ਸੀ ਕਿ 'ਜਾਂ ਤਾਂ ਕੇਂਦਰੀ ਆਈਬੀ ਰਿਪੋਰਟ ਗੁੰਮ ਹੋ ਗਈ ਹੈ ਜਾਂ ਇਸਨੂੰ ਅਪਲੋਡ ਨਹੀਂ ਕੀਤਾ ਗਿਆ ਹੈ।'
ਨਾਨਿਕਰਾਜ ਕਹਿੰਦੇ ਹਨ, "ਅਹਿਮਦਾਬਾਦ ਕਲੈਕਟ੍ਰੇਟ ਦੁਆਰਾ ਮੈਨੂੰ ਦਿੱਤਾ ਗਿਆ ਮਨਜ਼ੂਰੀ ਪੱਤਰ ਆਈਬੀ ਜਾਂਚ ਪੂਰੀ ਹੋਣ ਅਤੇ ਇੱਕ ਸਕਾਰਾਤਮਕ ਰਿਪੋਰਟ ਹਾਸਲ ਹੋਣ ਤੋਂ ਬਾਅਦ ਹੀ ਦਿੱਤਾ ਜਾਂਦਾ ਹੈ।"
ਹੁਣ ਨਾਨਿਕਰਾਜ ਚਿੰਤਤ ਹਨ ਕਿਉਂਕਿ ਆਈਬੀ ਜਾਂਚ ਰਿਪੋਰਟ ਗਾਇਬ ਜਾਂ ਗੁੰਮ ਹੋ ਗਈ ਹੈ।
ਉਨ੍ਹਾਂ ਦਾ ਇਲਜ਼ਾਮ ਹੈ, "ਕੁਝ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਮੈਨੂੰ ਚਾਰ ਸਾਲਾਂ ਤੋਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਕਲੈਟਰ ਦਫ਼ਤਰ ਵੱਲੋਂ ਮੈਨੂੰ 50 ਤੋਂ ਵੱਧ ਵਾਰ ਪਰੇਸ਼ਾਨ ਕੀਤਾ ਗਿਆ ਹੈ। ਆਖ਼ਰਕਾਰ ਮੈਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮੈਨੂੰ ਆਸ ਹੈ ਕਿ ਨਿਆਂ ਮਿਲੇਗਾ।"
'ਮੇਰਾ ਕਲੀਨਿਕ ਬੰਦ ਸੀ'

ਤਸਵੀਰ ਸਰੋਤ, PAVAN JAISWAL
ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਨਾਨਿਕਰਾਜ ਮੁਖੀ ਨੇ ਕਿਹਾ, "ਮੈਂ 1999 ਵਿੱਚ ਪਾਕਿਸਤਾਨ ਦੇ ਹੈਦਰਾਬਾਦ ਵਿੱਚ ਸਿੰਧ ਯੂਨੀਵਰਸਿਟੀ ਤੋਂ ਐੱਮਬੀਬੀਐਸ ਦੀ ਪੜ੍ਹਾਈ ਕੀਤੀ। ਇਸ ਤੋਂ ਬਾਅਦ ਮੈਂ ਇੱਕ ਸਾਲ ਦਾ ਸੋਨੋਗ੍ਰਾਫੀ ਡਿਪਲੋਮਾ ਕੋਰਸ ਕੀਤਾ। 2002 ਤੋਂ 2009 ਤੱਕ, ਮੈਂ ਹੈਦਰਾਬਾਦ, ਪਾਕਿਸਤਾਨ ਵਿੱਚ ਇੱਕ ਡਾਕਟਰ ਵਜੋਂ ਪ੍ਰੈਕਟਿਸ ਕੀਤੀ।"
ਉਹ ਅੱਗੇ ਕਹਿੰਦੇ ਹਨ, "ਜਦੋਂ ਮੈਂ 2009 ਵਿੱਚ ਆਪਣੇ ਪਰਿਵਾਰ ਨਾਲ ਪਾਕਿਸਤਾਨ ਤੋਂ ਭਾਰਤ ਆਇਆ ਸੀ, ਤਾਂ ਮੈਂ ਮੈਡੀਕਲ ਕੌਂਸਲ ਦੀ ਇਜਾਜ਼ਤ ਨਾਲ ਅਹਿਮਦਾਬਾਦ ਦੇ ਰਖਿਆਲ ਇਲਾਕੇ ਵਿੱਚ ਪ੍ਰੈਕਟਿਸ ਕਰਦਾ ਸੀ। ਪ੍ਰੈਕਟਿਸ ਕਰਨ ਦੀ ਇਜਾਜ਼ਤ ਮੈਡੀਕਲ ਕੌਂਸਲ ਦੁਆਰਾ ਦਿੱਤੀ ਜਾਂਦੀ ਹੈ। ਜਿਸ ਨੂੰ ਹਰ ਸਾਲ ਰੀਨਿਊ ਕਰਾਉਣਾ ਪੈਂਦਾ ਹੈ। ਜਿਸ ਨੂੰ ਮੈਂ ਰੀਨਿਊ ਕਰਵਾਉਂਦਾ ਵੀ ਸੀ।"
ਉੱਥੇ, ਨਾਨਿਕਰਾਜ ਲਈ ਇੱਕ ਹੋਰ ਸਮੱਸਿਆ ਖੜ੍ਹੀ ਹੋ ਗਈ। ਮੈਡੀਕਲ ਕੌਂਸਲ ਨੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਡਾਕਟਰਾਂ ਨੂੰ ਪ੍ਰੈਕਟਿਸ ਕਰਨ ਦੀ ਅਸਥਾਈ ਇਜਾਜ਼ਤ ਦੇਣਾ ਬੰਦ ਕਰ ਦਿੱਤਾ।
ਨਾਨਿਕਰਾਜ ਇਸ ਬਾਰੇ ਕਹਿੰਦੇ ਹਨ, "ਮੈਡੀਕਲ ਕੌਂਸਲ ਨੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੇ ਹਰੇਕ ਡਾਕਟਰ ਨੂੰ ਇੱਕ ਪੱਤਰ ਲਿਖਿਆ ਅਤੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਤੁਸੀਂ ਭਾਰਤ ਆ ਗਏ ਹੋ। ਹੁਣ ਤੁਹਾਨੂੰ ਪ੍ਰੈਕਟਿਸ ਕਰਨ ਲਈ ਜੋ ਅਸਥਾਈ ਇਜਾਜ਼ਤ ਮਿਲੀ ਸੀ, ਉਸ ਨੂੰ ਰੋਕਿਆ ਜਾ ਰਿਹਾ ਹੈ।"
"ਤੁਹਾਨੂੰ ਨੈਸ਼ਨਲ ਮੈਡੀਕਲ ਕੌਂਸਲ ਦੀ ਪ੍ਰੀਖਿਆ ਦੇਣੀ ਪਵੇਗੀ। ਇਸ ਤੋਂ ਬਾਅਦ, ਮੈਂ ਡੇਢ ਸਾਲ ਤਿਆਰੀ ਕੀਤੀ ਅਤੇ ਪ੍ਰੀਖਿਆ ਪਾਸ ਕੀਤੀ। ਮੈਨੂੰ ਨੈਸ਼ਨਲ ਮੈਡੀਕਲ ਕੌਂਸਲ ਤੋਂ ਸਰਟੀਫਿਕੇਟ ਵੀ ਦਿੱਤਾ ਗਿਆ ਹੈ।"
ਇਸ ਦੇ ਬਾਵਜੂਦ, ਅਕਤੂਬਰ 2024 ਵਿੱਚ ਅਹਿਮਦਾਬਾਦ ਨਗਰ ਨਿਗਮ ਨੇ ਨਾਨਿਕਰਾਜ ਦੇ ਕਲੀਨਿਕ ਨੂੰ ਸੀਲ ਕਰ ਦਿੱਤਾ।
ਉਹ ਕਹਿੰਦੇ ਹਨ, "ਜਦੋਂ ਮੇਰਾ ਕਲੀਨਿਕ ਬੰਦ ਹੋ ਗਿਆ, ਮੈਂ ਬੇਰੁਜ਼ਗਾਰ ਹੋ ਗਿਆ, ਮੇਰਾ ਰੁਜ਼ਗਾਰ ਖੁੱਸ ਗਿਆ। ਮੈਂ ਆਪਣੇ ਪਰਿਵਾਰ ਵਿੱਚ ਇਕਲੌਤਾ ਕਮਾਉਣ ਵਾਲਾ ਹਾਂ।"

ਤਸਵੀਰ ਸਰੋਤ, PAVAN JAISWAL
ਅਸੀਂ ਨਾਨਿਕਰਾਜ ਦੀ ਇਸ ਸਮੱਸਿਆ ਬਾਰੇ ਅਹਿਮਦਾਬਾਦ ਨਗਰ ਨਿਗਮ ਦੇ ਡਿਪਟੀ ਹੈਲਥ ਅਫਸਰ ਡਾ. ਅਸ਼ਵਿਨ ਖਰਾੜੀ ਨਾਲ ਗੱਲ ਕੀਤੀ।
ਉਨ੍ਹਾਂ ਕਿਹਾ, "ਉਨ੍ਹਾਂ ਦੇ ਕਲੀਨਿਕ ਨੂੰ ਮੇਰੇ ਡਿਊਟੀ 'ਤੇ ਆਉਣ ਤੋਂ ਪਹਿਲਾਂ ਹੀ ਸੀਲ ਕਰ ਦਿੱਤਾ ਗਿਆ ਸੀ। ਫਾਈਲ ਦੇ ਅਨੁਸਾਰ, ਉਨ੍ਹਾਂ ਦੇ ਕਲੀਨਿਕ ਨੂੰ ਸੀਲ ਕਰ ਦਿੱਤਾ ਗਿਆ ਸੀ ਕਿਉਂਕਿ ਉਨ੍ਹਾਂ ਕੋਲ ਗੁਜਰਾਤ ਮੈਡੀਕਲ ਕੌਂਸਲ ਤੋਂ ਹਾਸਲ ਰਜਿਸਟ੍ਰੇਸ਼ਨ ਸਰਟੀਫਿਕੇਟ ਨਹੀਂ ਸੀ।"
ਨਾਨਿਕਰਾਜ ਨੂੰ ਆਪਣਾ ਕਲੀਨਿਕ ਸ਼ੁਰੂ ਕਰਨ ਲਈ ਵੱਖ-ਵੱਖ ਦਫਤਰਾਂ ਦੇ ਧੱਕੇ ਖਾ ਰਹੇ ਹਨ, ਪਰ ਉਨ੍ਹਾਂ ਦੀ ਕੋਈ ਵੀ ਕੋਸ਼ਿਸ਼ ਸਫ਼ਲ ਨਹੀਂ ਹੋਈ।
ਨਾਨਿਕਰਾਜ ਕਹਿੰਦੇ ਹਨ, "ਜਦੋਂ ਮੈਂ ਅਹਿਮਦਾਬਾਦ ਨਗਰ ਨਿਗਮ ਦਫ਼ਤਰ ਜਾਂਦਾ ਹਾਂ, ਤਾਂ ਉਹ ਮੇਰੇ ਤੋਂ ਗੁਜਰਾਤ ਮੈਡੀਕਲ ਕੌਂਸਲ ਤੋਂ ਹਾਸਲ ਸਰਟੀਫਿਕੇਟ ਮੰਗਦੇ ਹਨ। ਜਦੋਂ ਮੈਂ ਸਰਟੀਫਿਕੇਟ ਲੈਣ ਲਈ ਮੈਡੀਕਲ ਕੌਂਸਲ ਜਾਂਦਾ ਹਾਂ, ਤਾਂ ਉਹ ਮੇਰੇ ਤੋਂ ਨਾਗਰਿਕਤਾ ਦਾ ਸਰਟੀਫਿਕੇਟ ਮੰਗਦੇ ਹਨ।"
"ਜਦੋਂ ਮੈਂ ਨਾਗਰਿਕਤਾ ਲੈਣ ਲਈ ਕੁਲੈਕਟਰ ਦਫ਼ਤਰ ਜਾਂਦਾ ਹਾਂ, ਤਾਂ ਉਹ ਕਹਿੰਦੇ ਹਨ ਕਿ ਤੁਹਾਡੀ ਅਰਜ਼ੀ ਦੀ ਆਈਬੀ ਰਿਪੋਰਟ ਗੁੰਮ ਹੋ ਗਈ ਹੈ ਜਾਂ ਅਪਲੋਡ ਨਹੀਂ ਕੀਤੀ ਗਈ ਹੈ।"
ਨਾਨਿਕਰਾਜ ਕਹਿੰਦੇ ਹਨ, "ਮੈਂ ਨੈਸ਼ਨਲ ਮੈਡੀਕਲ ਕੌਂਸਲ ਦੀ ਪ੍ਰੀਖਿਆ ਵੀ ਪਾਸ ਕੀਤੀ ਹੈ। ਮੈਂ ਇੱਕ ਯੋਗ ਡਾਕਟਰ ਹਾਂ। ਪਰ ਨਾਗਰਿਕਤਾ ਨਾ ਮਿਲਣ ਕਾਰਨ, ਮੈਂ ਕੁਝ ਸਮੇਂ ਤੋਂ ਬੇਰੁਜ਼ਗਾਰ ਹਾਂ। ਮੇਰੀ ਧੀ ਪੁਣੇ ਵਿੱਚ ਐੱਮਬੀਬੀਐੱਸ ਦੀ ਪੜ੍ਹਾਈ ਕਰ ਰਹੀ ਹੈ।"
"ਨਾਲ ਹੀ, ਇੱਕ ਪੁੱਤਰ ਰਾਜਸਥਾਨ ਦੇ ਕੋਟਾ ਵਿੱਚ ਐੱਮਬੀਬੀਐੱਸ ਪੜ੍ਹ ਰਿਹਾ ਹੈ। ਪਿਛਲੇ ਛੇ ਮਹੀਨਿਆਂ ਤੋਂ ਮੈਂ ਆਪਣੇ ਭਰਾਵਾਂ ਜਾਂ ਰਿਸ਼ਤੇਦਾਰਾਂ ਤੋਂ ਉਨ੍ਹਾਂ ਦੀਆਂ ਫੀਸਾਂ ਭਰਨ ਲਈ ਪੈਸੇ ਲੈ ਰਿਹਾ ਹਾਂ। ਪਰ ਮੈਂ ਕਿੰਨਾ ਕੁ ਚਿਰ ਕਿਸੇ ਤੋਂ ਪੈਸੇ ਲੈ ਸਕਦਾ ਹਾਂ?"
ਸਰਕਾਰੀ ਅਧਿਕਾਰੀ ਕੀ ਕਹਿੰਦੇ ਹਨ

ਤਸਵੀਰ ਸਰੋਤ, PAVAN JAISWAL
ਸਬ ਡਿਵੀਜ਼ਨ ਅਧਿਕਾਰੀ ਯਜੁਵੇਂਦਰ ਸਿੰਘ ਰਾਠੌਰ ਦੁਆਰਾ ਦਿੱਤੀ ਗਈ ਜਾਣਕਾਰੀ ਅਨੁਸਾਰ, ਨਾਗਰਿਕਤਾ ਐਕਟ ਵਿੱਚ ਕਈ ਸ਼੍ਰੇਣੀਆਂ ਹਨ।
ਯਜੁਵੇਂਦਰ ਸਿੰਘ ਦੇ ਅਨੁਸਾਰ, "ਸ਼੍ਰੇਣੀ 6.1 ਵਿੱਚ ਨਾਗਰਿਕਤਾ ਇੱਥੇ ਦੱਸੇ ਗਏ ਹਾਲਾਤਾਂ ਅਨੁਸਾਰ ਦਿੱਤੀ ਜਾਂਦੀ ਹੈ। ਇਸ ਸ਼੍ਰੇਣੀ ਵਿੱਚ ਅਰਜ਼ੀ ਦੇਣ ਵਾਲੇ ਵਿਅਕਤੀ ਨੂੰ ਭਾਰਤ ਵਿੱਚ ਛੇ ਸਾਲ ਰਹਿਣਾ ਚਾਹੀਦਾ ਹੈ। ਨਾਲ ਹੀ, ਉਸ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਲਗਾਤਾਰ ਇੱਕ ਸਾਲ ਭਾਰਤ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਸੀ।"
"ਇਸ ਸ਼੍ਰੇਣੀ ਦੇ ਤਹਿਤ ਨਾਗਰਿਕਤਾ ਲਈ ਬੇਨਤੀ ਆਨਲਾਈਨ ਕਰਨੀ ਹੋਵੇਗਾ।"
ਔਨਲਾਈਨ ਬੇਨਤੀ ਕਰਨ ਤੋਂ ਬਾਅਤ ਦਾ ਪ੍ਰਿੰਟ ਆਊਟ ਅਤੇ ਉਸ ਦੇ ਨਾਲ ਲੋੜੀਂਦੇ ਦਸਤਾਵੇਜ਼ਾਂ ਦੀ ਤਿੰਨ ਕਾਪੀਆਂ ਕਲੈਕਟਰ ਦਫ਼ਤਰ ਵਿੱਚ ਜਮਾਂ ਕਰਨੀਆਂ ਪੈਂਦੀਆਂ ਹਨ।
ਇਸ ਤੋਂ ਬਾਅਦ ਉਨ੍ਹਾਂ ਨੂੰ ਸਹੁੰ ਚੁਕਾਈ ਜਾਂਦੀ ਹੈ। ਇਸ ਵਿੱਚ, ਬਿਨੈਕਾਰ ਨੂੰ ਦੋ ਗਾਰੰਟਰ ਲਿਆਉਣੇ ਪੈਂਦੇ ਹਨ। ਇਹ ਗਾਰੰਟਰ ਭਾਰਤੀ ਨਾਗਰਿਕ ਹੋਣੇ ਚਾਹੀਦੇ ਹਨ।
ਇਹ ਅਰਜ਼ੀ ਹਾਸਲ ਕਰਨ ਤੋਂ ਬਾਅਦ, ਕੁਲੈਕਟਰ ਦਫ਼ਤਰ ਨੇ ਜਾਂਚ ਲਈ ਸ਼ਹਿਰ ਦੇ ਪੁਲਿਸ ਕਮਿਸ਼ਨਰ ਅਤੇ ਐੱਫਆਰਆਰਓ ਨੂੰ ਇੱਕ ਪੱਤਰ ਲਿਖਿਆ।
ਕੇਂਦਰੀ ਖ਼ੁਫ਼ੀਆ ਬਿਓਰੋ ਇਸ ਅਰਜ਼ੀ ਨੂੰ ਸਿਰਫ ਔਨਲਾਈਨ ਹੀ ਹਾਸਲ ਕਰ ਸਕਦਾ ਹੈ। ਇਸ ਲਈ ਬੇਨਤੀ ਹਾਸਲ ਹੋਣ ਤੋਂ ਬਾਅਦ ਕੇਂਦਰੀ ਖ਼ੁਫ਼ੀਆ ਬਿਓਰੋ ਇੱਕ ਰਿਪੋਰਟ ਤਿਆਰ ਕਰਦਾ ਹੈ ਅਤੇ ਉਸ ਔਨਲਾਈਨ ਅਪਲੋਡ ਕਰਦਾ ਹੈ।
ਯਜੁਵੇਂਦਰ ਸਿੰਘ ਰਾਠੌਰ ਦੇ ਅਨੁਸਾਰ, ਕੇਂਦਰੀ ਆਈਬੀ, ਸਿਟੀ ਪੁਲਿਸ ਅਤੇ ਐੱਫਆਰਆਰਓ ਦੀਆਂ ਰਿਪੋਰਟਾਂ ਸਕਾਰਾਤਮਕ ਹੋਣੀਆਂ ਚਾਹੀਦੀਆਂ ਹਨ।
ਦਿੱਲੀ ਦੂਤਾਵਾਸ ਵਿੱਚ ਪਿਛਲੇ ਦੇਸ਼ ਦੀ ਨਾਗਰਿਕਤਾ ਤਿਆਗਣ ਤੋਂ ਬਾਅਦ, ਰਸੀਦ ਕੁਲੈਕਟਰ ਦਫ਼ਤਰ ਵਿੱਚ ਜਮ੍ਹਾਂ ਕਰਾਉਣੀ ਪੈਂਦੀ ਹੈ। ਉਸ ਤੋਂ ਬਾਅਦ ਚਲਾਨ ਦਾ ਭੁਗਤਾਨ ਕਰਨਾ ਪੈਂਦਾ ਹੈ।
ਇਹ ਧਿਆਨ ਦੇਣ ਯੋਗ ਹੈ ਕਿ ਨਾਨਿਕਰਾਜ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਨੇ ਕੁਲੈਕਟਰ ਦਫ਼ਤਰ ਤੋਂ ਮਨਜ਼ੂਰੀ ਪੱਤਰ ਮਿਲਣ ਤੋਂ ਬਾਅਦ ਹੀ ਆਪਣੀ ਪਾਕਿਸਤਾਨੀ ਨਾਗਰਿਕਤਾ ਤਿਆਗ ਦਿੱਤੀ ਹੈ।
ਉਨ੍ਹਾਂ ਨੇ ਰਸੀਦ ਵੀ ਕੁਲੈਕਟਰ ਦਫ਼ਤਰ ਵਿੱਚ ਜਮ੍ਹਾਂ ਕਰਵਾਈ ਹੈ ਅਤੇ ਚਲਾਨ ਫੀਸ ਵੀ ਕੁਲੈਕਟਰ ਦਫ਼ਤਰ ਵਿੱਚ ਜਮ੍ਹਾਂ ਕਰਵਾ ਦਿੱਤੀ ਹੈ।

ਤਸਵੀਰ ਸਰੋਤ, NANKIRAJ MUKHI
ਨਾਨਿਕਰਾਜ ਨੂੰ ਨਾਗਰਿਕਤਾ ਕਿਉਂ ਨਹੀਂ ਮਿਲੀ, ਇਸ ਸਵਾਲ ਦਾ ਜਵਾਬ ਦਿੰਦੇ ਹੋਏ ਯਜੁਵੇਂਦਰ ਸਿੰਘ ਨੇ ਬੀਬੀਸੀ ਗੁਜਰਾਤੀ ਨਾਲ ਗੱਲ ਕਰਦੇ ਹੋਏ ਕਿਹਾ, "ਉਨ੍ਹਾਂ ਦੀ ਅਰਜ਼ੀ 'ਤੇ ਆਈਬੀ ਰਿਪੋਰਟ ਔਨਲਾਈਨ ਉਪਲਭਧ ਨਹੀਂ ਹੈ। ਇਸੇ ਲਈ ਉਨ੍ਹਾਂ ਨੂੰ ਨਾਗਰਿਕਤਾ ਨਹੀਂ ਦਿੱਤੀ ਜਾ ਰਹੀ।"
ਨਾਨਿਕਰਾਜ ਨੂੰ ਕੁਲੈਕਟਰ ਦਫ਼ਤਰ ਤੋਂ ਮਨਜ਼ੂਰੀ ਪੱਤਰ ਮਿਲਿਆ ਹੈ, ਜੋ ਕਿ ਆਈਬੀ ਰਿਪੋਰਟ ਤੋਂ ਬਾਅਦ ਹੀ ਮਿਲਦਾ ਹੈ।
ਇਸ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ, ਯਜੁਵੇਂਦਰ ਸਿੰਘ ਨੇ ਕਿਹਾ, "ਮੈਂ ਇੱਥੇ ਜੁਲਾਈ 2024 ਵਿੱਚ ਹੀ ਆਇਆ ਸੀ। ਇਸ ਲਈ ਮੈਨੂੰ ਉਨ੍ਹਾਂ ਦੀ ਅਗਲੀ ਪ੍ਰਕਿਰਿਆ ਬਾਰੇ ਕੁਝ ਨਹੀਂ ਪਤਾ।"
ਹਾਲਾਂਕਿ, ਯਜੁਵੇਂਦਰ ਸਿੰਘ ਨੇ ਇਹ ਵੀ ਮੰਨਿਆ ਕਿ ਨਾਨਿਕਰਾਜ ਨੂੰ ਕੁਲੈਕਟਰ ਦਫ਼ਤਰ ਤੋਂ ਮਨਜ਼ੂਰੀ ਪੱਤਰ ਮਿਲਿਆ ਸੀ।
ਹਾਈ ਕੋਰਟ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਨਾਨਿਕਰਾਜ ਨੇ 23 ਅਕਤੂਬਰ, 2021 ਨੂੰ ਦੂਜੀ ਵਾਰ ਨਾਗਰਿਕਤਾ ਲਈ ਅਰਜ਼ੀ ਦਿੱਤੀ ਸੀ।
ਹਾਲਾਂਕਿ ਨਾਨਿਕਰਾਜ ਮੁਤਾਬਕ ਉਨ੍ਹਾਂ ਨੇ ਸਾਰੀਆਂ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਸਨ, ਪਰ ਕੇਂਦਰੀ ਆਈਬੀ ਤੋਂ ਪ੍ਰਵਾਨਗੀ ਰਿਪੋਰਟ ਨਾ ਮਿਲਣ ਕਾਰਨ ਉਨ੍ਹਾਂ ਦੀ ਨਾਗਰਿਕਤਾ ਅਰਜ਼ੀ ਰੱਦ ਕਰ ਦਿੱਤੀ ਗਈ ਸੀ।
ਨਾਨਿਕਰਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਤਨੀ ਨੂੰ 2022 ਵਿੱਚ ਅਤੇ ਉਨ੍ਹਾਂ ਦੀ ਇੱਕ ਧੀ ਨੂੰ 2024 ਵਿੱਚ ਭਾਰਤੀ ਨਾਗਰਿਕਤਾ ਮਿਲ ਗਈ ਸੀ।
ਨਾਨਿਕਰਾਜ ਵੱਲੋਂ ਹਾਈ ਕੋਰਟ ਵਿੱਚ ਦਾਇਰ ਅਰਜ਼ੀ ਵਿੱਚ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਉਨ੍ਹਾਂ ਦੇ ਸੱਤ ਭੈਣ-ਭਰਾ ਹਨ। ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਭਰਾ ਮੰਗੂਮਲ, ਭੋਜਮਲ, ਵਾਸੁਮਲ ਅਤੇ ਉਨ੍ਹਾਂ ਦੀ ਭੈਣ ਵਿਜਯੰਤੀ ਨੂੰ ਭਾਰਤੀ ਨਾਗਰਿਕਤਾ ਮਿਲ ਗਈ ਹੈ।
ਉਨ੍ਹਾਂ ਦਾ ਇੱਕ ਹੋਰ ਭਰਾ ਸਾਲ 2019 ਵਿੱਚ ਭਾਰਤ ਆਇਆ ਸੀ। ਉਨ੍ਹਾਂ ਨੇ ਅਜੇ ਤੱਕ ਭਾਰਤੀ ਨਾਗਰਿਕਤਾ ਲਈ ਅਰਜ਼ੀ ਨਹੀਂ ਦਿੱਤੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












