11 ਸਾਲ ਤੋਂ ਲਾਪਤਾ ਪੁੱਤਰ ਦੇ ਕਤਲ ਮਾਮਲੇ ਵਿੱਚ ਮਾਂ ਤੇ ਉਸ ਦਾ ਕਥਿਤ ਪ੍ਰੇਮੀ ਗ੍ਰਿਫ਼ਤਾਰ ਹੋਇਆ, ਕਿਵੇਂ ਮਾਮਲੇ ਦਾ ਖੁਲਾਸਾ ਹੋਇਆ

ਰਣਜੀਤ ਕੌਰ

ਤਸਵੀਰ ਸਰੋਤ, Gurpreetchawla/BBC

    • ਲੇਖਕ, ਗੁਰਪ੍ਰੀਤ ਚਾਵਲਾ
    • ਰੋਲ, ਬੀਬੀਸੀ ਸਹਿਯੋਗੀ

ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਇੱਕ ਮਾਂ ਉੱਤੇ 11 ਸਾਲ ਪਹਿਲਾਂ ਆਪਣੇ ਕਥਿਤ ਪ੍ਰੇਮੀ ਨਾਲ ਮਿਲ ਕੇ 14 ਸਾਲਾ ਪੁੱਤ ਦਾ ਕਤਲ ਕਰਨ ਦਾ ਇਲਜ਼ਾਮ ਲੱਗਿਆ ਹੈ।

ਇਹ ਘਟਨਾ ਸਾਲ 2014 ਦੀ ਹੈ। ਹਾਲਾਂਕਿ, ਬਟਾਲਾ ਪੁਲਿਸ ਨੇ ਔਰਤ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਪੁਲਿਸ ਮੁਤਾਬਕ ਉਨ੍ਹਾਂ ਨੇ ਆਪਣਾ ਜੁਰਮ ਕਬੂਲਿਆ ਹੈ।

ਪੁਲਿਸ ਮੁਤਾਬਕ ਮ੍ਰਿਤਕ ਬੱਚੇ ਦੀ ਲਾਸ਼ ਮਜਿਸਟ੍ਰੇਟ ਦੀ ਨਿਗਰਾਨੀ ਵਿੱਚ ਘਰ ਦੇ ਵਿਹੜੇ ਵਿੱਚੋਂ ਹੀ ਬਰਾਮਦ ਕੀਤੀ ਗਈ ਹੈ।

ਬਟਾਲਾ ਦੇ ਥਾਣਾ ਹਰਗੋਬਿੰਦਪੁਰ ਵੱਲੋਂ ਪਿਛਲੇ ਕਰੀਬ 11 ਸਾਲਾਂ ਤੋਂ ਭਗੌੜੇ ਮੁਲਜ਼ਮ ਸਤਨਾਮ ਸਿੰਘ ਅਤੇ ਰਣਜੀਤ ਕੌਰ ਦੀ ਭਾਲ ਚੱਲ ਰਹੀ ਸੀ, ਜਿੱਥੇ ਬੱਚੇ ਦੇ ਤਾਏ ਹਰਜੀਤ ਸਿੰਘ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ।

ਡੀਐੱਸਪੀ ਹਰੀਸ਼ ਬਹਿਲ ਨੇ ਦੋਵਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ।

ਰਣਜੀਤ ਕੌਰ ਉੱਤੇ ਇਲਜ਼ਾਮ ਹੈ ਸੀ ਕਿ ਉਨ੍ਹਾਂ ਨੇ ਆਪਣੇ ਪੁੱਤਰ ਸੰਦੀਪ ਸਿੰਘ ਦਾ ਜਾਂ ਤਾਂ ਕਤਲ ਕਰ ਦਿੱਤਾ ਹੈ ਜਾਂ ਉਸ ਨੂੰ ਕਿਤੇ ਗਾਇਬ ਕਰ ਦਿੱਤਾ ਹੈ ਅਤੇ ਇਹ ਇਲਜ਼ਮਾ ਰਣਜੀਤ ਕੌਰ ਦੇ ਮ੍ਰਿਤਕ ਪਤੀ ਦੇ ਭਰਾ ਅਤੇ ਸੰਦੀਪ ਸਿੰਘ ਨੇ ਲਗਾਏ ਸਨ।

ਹਰਜੀਤ ਸਿੰਘ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, ਬੱਚੇ ਦੇ ਤਾਏ ਹਰਜੀਤ ਸਿੰਘ ਨੇ ਬੱਚੇ ਦੀ ਭਾਲ ਲਈ ਕੇਸ ਦਰਜ ਕਰਵਾਇਆ ਸੀ
ਇਹ ਵੀ ਪੜ੍ਹੋ-

ਕੀ ਸੀ ਮਾਮਲਾ

ਸੰਦੀਪ ਸਿੰਘ ਦੇ ਤਾਏ ਹਰਜੀਤ ਸਿੰਘ ਦਾ ਕਹਿਣਾ ਹੈ ਕਿ ਸੰਦੀਪ ਉਨ੍ਹਾਂ ਦੇ ਛੋਟੇ ਭਰਾ ਦਾ ਬੇਟਾ ਸੀ।

ਹਰਜੀਤ ਸਿੰਘ ਦੱਸਦੇ ਹਨ, "ਛੋਟੇ ਭਰਾ ਨੂੰ ਵੀ ਮੈਂ ਆਪ ਹੱਥੀਂ ਪਾਲਿਆ ਸੀ ਅਤੇ ਵਿਆਹਿਆ ਸੀ। ਫੌਜ ਵਿੱਚ ਭਰਤੀ ਵੀ ਕਰਵਾਇਆ ਸੀ। ਉਸ ਦੇ ਦੋ ਬੱਚੇ ਸਨ। ਭਰਾ ਨੌਕਰੀ ਛੱਡ ਕੇ ਆ ਗਿਆ ਸੀ ਅਤੇ ਫਿਰ ਬਿਮਾਰ ਹੋਇਆ ਤੇ ਮਰ ਗਿਆ।"

ਹਰਜੀਤ ਸਿੰਘ ਮੁਲਜ਼ਮਾਂ ਉੱਤੇ ਇਲਜ਼ਾਮ ਲਗਾਉਂਦਿਆਂ ਕਹਿੰਦੇ ਹਨ, "ਉਸ (ਭਰਾ) ਦੀ ਪਤਨੀ ਦਾ ਪਿੰਡ ਦੇ ਹੀ ਕਿਸੇ ਬੰਦੇ ਨਾਲ ਸਬੰਧ ਸੀ। ਉਹ ਮੁੰਡਾ (ਭਤੀਜਾ) ਰੋਕਦਾ ਸੀ। ਪਤਾ ਨਹੀਂ ਕਿ ਉਸ ਬੱਚੇ ਕੀ ਕਿਹਾ ਕਿ ਜਾਂ ਜ਼ਿਆਦਾ ਰੋਕਿਆ ਜੋ ਉਸ ਨੂੰ ਰਸਤੇ ਤੋਂ ਹਟਾ ਦਿੱਤਾ। ਉਸ ਤੋਂ ਬਾਅਦ ਤਾਂ ਸਾਨੂੰ ਪਤਾ ਹੀ ਲੱਗਾ।"

ਮ੍ਰਿਤਕ ਦੀ ਮਾਂ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, 11 ਸਾਲਾ ਬਾਅਦ ਬੱਚੇ ਦੀ ਮਾਂ ਅਤੇ ਉਸ ਦਾ ਪ੍ਰੇਮੀ ਗ੍ਰਿਫ਼ਤਾਰ ਹੋਏ

ਉਨ੍ਹਾਂ ਨੇ ਦੱਸਿਆ, "ਛੋਟਾ ਬੱਚਾ ਤਾਂ ਅਸੀਂ ਰੱਖ ਲਿਆ ਪਰ ਦੂਜੇ ਦੀ ਅਸੀਂ ਭਾਲ ਕਰਦੇ ਰਹੇ ਪਰ ਸਾਨੂੰ ਕਦੇ ਕਹੇ ਇੱਥੇ ਭੇਜਿਆ, ਕਦੇ ਕਹੇ ਉੱਥੇ ਭੇਜਿਆ। ਅਸੀਂ ਪੁਲਿਸ ਲੈ ਕੇ ਆਏ ਤੇ ਉਸ ਨੇ ਕਿਹਾ ਕਿ ਉਹ ਪਰਸੋਂ ਮੁੰਡਾ ਪੇਸ਼ ਕਰ ਦੇਵੇਗੀ। ਪਰ ਉਹ ਦੋਵੇਂ ਜਣੇ ਫਰਾਰ ਹੋ ਗਏ ਅਤੇ ਹੁਣ 11 ਸਾਲ ਬਾਅਦ ਮਿਲੇ ਹਨ।"

ਭਾਵੁਕ ਹੁੰਦਿਆਂ ਉਨ੍ਹਾਂ ਨੇ ਦੱਸਿਆ, "ਅਸੀਂ ਤਾਂ ਉਸੇ ਹੀ ਵਿਹੜੇ ਵਿੱਚ ਫਿਰਦੇ ਸੀ ਰੋਜ਼ ਪਰ ਸਾਨੂੰ ਕੀ ਪਤਾ ਸੀ ਸਾਡਾ ਪੁੱਤ ਇੱਥੇ ਦੱਬਿਆ ਸੀ। ਸਾਨੂੰ ਤਾਂ ਪਤਾ ਲੱਗਾ ਜਦੋਂ ਪੁਲਿਸ ਨੇ ਅੱਗੇ ਉਸ ਨੇ ਕਬੂਲ ਕਰ ਲਿਆ ਹੈ ਕਿ ਉਸ ਨੇ ਮੁੰਡਾ ਮਾਰ ਕੇ ਘਰੇ ਹੀ ਦੱਬ ਦਿੱਤਾ ਹੈ।"

ਹਰਜੀਤ ਸਿੰਘ ਕਹਿੰਦੇ ਹਨ ਕਿ ਭਤੀਜੇ ਦੇ ਇਨਸਾਫ਼ ਦੀ ਲੜਾਈ ਲੜਾਂਗੇ।

ਡੀਐੱਸਪੀ ਹਰੀਸ਼ ਬਹਿਲ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, ਡੀਐੱਸਪੀ ਨੇ ਹਰੀਸ਼ ਬਹਿਲ ਨੇ ਦੱਸਿਆ ਮੁਲਜ਼ਮਾਂ ਨੇ ਆਪਣਾ ਗੁਨਾਹ ਕਬੂਲ ਕੀਤਾ ਹੈ

ਪੁਲਿਸ ਨੇ ਕੀ ਦੱਸਿਆ

ਪੁਲਿਸ

ਤਸਵੀਰ ਸਰੋਤ, Gurpreetchawla/BBC

ਤਸਵੀਰ ਕੈਪਸ਼ਨ, ਬੱਚੇ ਦੀ ਲਾਸ਼ ਕੱਢਵਾਉਂਦੇ ਹੋਏ ਪੁਲਿਸ ਕਰਮੀ

ਡੀਐੱਸਪੀ ਨੇ ਹਰੀਸ਼ ਬਹਿਲ ਨੇ ਦੱਸਿਆ, "ਉਹ ਦੋਵੇਂ ਭਗੌੜੇ ਹੋ ਗਏ ਸਨ ਅਤੇ ਉਨ੍ਹਾਂ ਦੋਵਾਂ ਦੀ ਇਸ ਦੇ ਤਹਿਤ ਭਾਲ ਸ਼ੁਰੂ ਕੀਤੀ ਸੀ। ਇਹ 11 ਸਾਲ ਤੱਕ ਭਗੌੜੇ ਹੀ ਰਹੇ ਅਤੇ ਹੁਣ ਭਗੌੜੇ ਮੁਲਜ਼ਮਾਂ ਲਈ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਉਸੇ ਦੇ ਤਹਿਤ ਇਨ੍ਹਾਂ ਦੀ ਜਾਣਕਾਰੀ ਮਿਲੀ।"

"ਉਨ੍ਹਾਂ ਨੇ ਗ੍ਰਿਫ਼ਤਾਰੀ ਤੋਂ ਬਾਅਦ ਕਬੂਲ ਕੀਤਾ ਕਿ ਬੱਚਾ ਉਨ੍ਹਾਂ ਦੋਵਾਂ ਦੇ ਰਿਸ਼ਤੇ ਵਿੱਚ ਰੋੜਾ ਬਣਦਾ ਸੀ ਇਸ ਲਈ ਉਨ੍ਹਾਂ ਨੇ ਉਸ ਨੂੰ ਮਾਰ ਕੇ ਘਰ ਦੇ ਹੀ ਵਿਹੜੇ ਵਿੱਚ ਦੱਬ ਦਿੱਤਾ ਸੀ। ਇਸ ਤੋਂ ਬਾਅਦ ਮੁਲਜ਼ਮਾਂ ਦੇ ਨਿਸ਼ਾਨਦੇਹੀ ਹੇਠ ਅਸੀਂ ਕਾਨੂੰਨ ਦੇ ਮੁਤਾਬਕ ਜ਼ਮੀਨ ਪੁਟਵਾਈ ਅਤੇ ਬੱਚੇ ਦਾ ਕੰਕਾਲ ਹਾਸਲ ਕਰ ਲਿਆ ਹੈ। ਇਸ ਦੇ ਨਾਲ ਹੀ ਬੱਚੇ ਦੇ ਉਸ ਵੇਲੇ ਦੇ ਕੱਪੜੇ ਵੀ ਮਿਲ ਗਏ ਹਨ।"

ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)