ਇਥੇਨੌਲ ਪੈਟ੍ਰੋਲ ਕੀ ਹੈ, ਕੀ ਇਹ ਤੁਹਾਡੀਆਂ ਗੱਡੀਆਂ ਦੀ ਮਾਈਲੇਜ ਘਟਾ ਰਿਹਾ ਹੈ

ਪੈਟ੍ਰੋਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕ 20 ਫੀਸਦ ਇਥੇਨੌਲ ਨਾਲ ਮਿਲਾਏ ਗਏ ਪੈਟ੍ਰੋਲ ਦੀ ਗੁਣਵੱਤਾ 'ਤੇ ਸਵਾਲ ਉਠਾ ਰਹੇ ਹਨ ਪਰ ਸਰਕਾਰ ਨੇ ਕਿਹਾ ਹੈ ਕਿ ਇਸ ਦਾ ਵਾਹਨਾਂ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪਵੇਗਾ

ਭਾਰਤ ਸਰਕਾਰ ਨੇ ਕਿਹਾ ਹੈ ਕਿ ਉਸ ਨੇ ਪੈਟ੍ਰੋਲ ਵਿੱਚ 20 ਫੀਸਦ ਇਥੇਨੌਲ ਬਲੇਂਡਿੰਗ ਦਾ ਟੀਚਾ ਹਾਸਲ ਕਰ ਲਿਆ ਹੈ। ਇਸ ਨੂੰ ਮਿਸ਼ਨ ਈ20 ਨਾਮ ਦਿੱਤਾ ਗਿਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2023 ਵਿੱਚ 20 ਫੀਸਦ ਇਥੇਨੌਲ ਮਿਲੇ ਪੈਟ੍ਰੋਲ ਨੂੰ ਜਾਰੀ ਕਰ ਕੇ ਇਸ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ।

ਪੈਟ੍ਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਹੈ ਕਿ ਸਰਕਾਰ ਨੇ ਭਾਰਤ ਵਿੱਚ ਵੇਚੇ ਜਾ ਰਹੇ ਪੈਟ੍ਰੋਲ ਵਿੱਚ 20 ਫੀਸਦ ਇਥੇਨੌਲ ਮਿਲਾਉਣ ਦਾ ਟੀਚਾ ਹਾਸਲ ਕਰ ਲਿਆ ਹੈ।

ਹਾਲਾਂਕਿ, ਪੈਟ੍ਰੋਲ ਵਾਹਨ ਮਾਲਕਾਂ ਵਿੱਚ ਇਸ ਨੂੰ ਲੈ ਕੇ ਵੀ ਚਿੰਤਾ ਵੀ ਜ਼ਾਹਰ ਕੀਤੀ ਜਾ ਰਹੀ ਹੈ।

ਸੋਸ਼ਲ ਮੀਡੀਆ 'ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦਾ ਇੰਜਣ 'ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਅਤੇ ਵਾਹਨਾਂ ਵਿੱਚ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮਾਈਲੇਜ ਵੀ ਘੱਟ ਹੋ ਸਕਦੀ ਹੈ।

ਪਰ ਸਰਕਾਰ ਨੇ ਇਨ੍ਹਾਂ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਈ20 ਜਾਂ 20 ਫੀਸਦ ਇਥੇਨੌਲ ਰਲਿਆ ਪੈਟ੍ਰੋਲ ਨਾਲ ਵਾਹਨਾਂ ਦੇ ਇੰਜਣ ਖ਼ਰਾਬ ਹੋ ਸਕਦੇ ਹਨ।

ਟੀਚਾ ਸਮੇਂ ਤੋਂ ਪਹਿਲਾਂ ਕੀਤਾ ਹਾਸਲ

ਪੈਟ੍ਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ
ਤਸਵੀਰ ਕੈਪਸ਼ਨ, ਪੈਟ੍ਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਭਾਰਤ ਨੇ ਈ20 ਦਾ ਟੀਚਾ ਸਮੇਂ ਤੋਂ ਪਹਿਲਾਂ ਹੀ ਹਾਸਲ ਕਰ ਲਿਆ ਹੈ

ਭਾਰਤ ਸਰਕਾਰ ਨੇ ਸਾਲ 2014 ਵਿੱਚ ਪੈਟ੍ਰੋਲ ਵਿੱਚ ਇਥੇਨੌਲ ਮਿਲਾਉਣ ਦੀ ਸ਼ੁਰੂਆਤ ਕੀਤੀ ਸੀ, ਉਦੋਂ ਇਥੋਨੌਲ ਮਿਲਾਉਣ ਦੀ ਦਰ ਸਿਰਫ 1.5 ਫੀਸਦ ਸੀ।

ਜੂਨ 2022 ਵਿੱਚ ਪੈਟ੍ਰੋਲ ਵਿੱਚ 10 ਫੀਸਦ ਇਥੋਨੌਲ ਮਿਲਾਉਣ ਦਾ ਟੀਚਾ ਹਾਸਲ ਕਰ ਲਿਆ ਗਿਆ ਸੀ।

ਅਤੇ ਹੁਣ ਸਰਕਾਰ ਨੇ ਕਿਹਾ ਹੈ ਕਿ 2030 ਤੱਕ 20 ਫੀਸਦ ਇਥੇਨੌਲ ਮਿਲਾਉਣ ਦਾ ਜੋ ਟੀਚਾ ਤੈਅ ਕੀਤਾ ਗਿਆ ਸੀ, ਉਸੇ ਪੰਜ ਸਾਲ ਪਹਿਲਾ ਹੀ ਹਾਸਲ ਕਰ ਲਿਆ ਗਿਆ ਹੈ।

ਭਾਰਤ ਸਰਕਾਰ ਦਾ ਕਹਿਣਾ ਹੈ ਕਿ ਈ20 ਬਾਲਣ ਯੋਜਨਾ ਦੇ ਤਹਿਤ, ਇੱਕ ਲੀਟਰ ਫਿਊਲ ਵਿੱਚ 800 ਮਿਲੀਲੀਟਰ ਪੈਟ੍ਰੋਲ ਅਤੇ 200 ਮਿਲੀਲੀਟਰ ਇਥੇਨੌਲ ਮਿਲਾਇਆ ਜਾਂਦਾ ਹੈ। ਇਸ ਨਾਲ ਦੇਸ਼ ਦੀ ਕੱਚੇ ਤੇਲ 'ਤੇ ਨਿਰਭਰਤਾ ਘੱਟ ਜਾਵੇਗੀ। ਕਾਰਬਨ ਨਿਕਾਸ ਘੱਟੇਗਾ ਅਤੇ ਗੰਨਾ ਕਿਸਾਨਾਂ ਦੀ ਆਮਦਨ ਵਧੇਗੀ।

ਪਰ ਇਸ ਇਥੇਨੌਲ ਬਲੈਂਡ ਫਿਊਲ ਨੇ ਆਮ ਲੋਕਾਂ ਦੇ ਮਨਾਂ ਵਿੱਚ ਕੁਝ ਸਵਾਲ ਵੀ ਪੈਦਾ ਕਰ ਦਿੱਤੇ ਹਨ।

ਉਹ ਸਵਾਲ ਕਰ ਰਹੇ ਹਨ ਕਿ ਕੀ ਇਥੇਨੌਲ ਮਿਲਿਆ ਪੈਟ੍ਰੋਲ ਉਨ੍ਹਾਂ ਦੀ ਗੱਡੀ ਲਈ ਹੈ। ਕੀ ਇਸ ਨਾਲ ਉਨ੍ਹਾਂ ਦੇ ਵਾਹਨ ਦੀ ਮਾਈਲੇਜ ʼਤੇ ਅਸਰ ਪੈ ਰਿਹਾ ਹੈ? ਅਤੇ ਕਿਸੇ ਵਾਹਨ ਲਈ ਸਭ ਤੋਂ ਵਧੀਆ ਪੈਟ੍ਰੋਲ ਕਿਹੜਾ ਹੈ?

ਪੈਟ੍ਰੋਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕਾਂ ਨੂੰ ਸ਼ੱਕ ਹੈ ਕਿ ਈ20 ਪੈਟ੍ਰੋਲ ਉਨ੍ਹਾਂ ਦੇ ਵਾਹਨਾਂ ਦੀ ਸਿਹਤ ਲਈ ਚੰਗਾ ਨਹੀਂ ਹੈ

ਇਥੇਨੌਲ ਕੀ ਹੈ ਅਤੇ ਈ10 ਅਤੇ ਈ20 ਦਾ ਕੀ ਅਰਥ ਹੈ?

ਸਭ ਤੋਂ ਪਹਿਲਾਂ ਇਥੇਨੌਲ ਨੂੰ ਸਮਝੋ, ਇਹ ਇੱਕ ਕਿਸਮ ਦੀ ਅਲਕੋਹਲ ਹੈ, ਜੋ ਗੰਨੇ ਅਤੇ ਮੱਕੀ ਤੋਂ ਬਣਾਈ ਜਾਂਦੀ ਹੈ।

ਇਸਨੂੰ ਪੈਟ੍ਰੋਲ ਵਿੱਚ ਮਿਲਾਇਆ ਜਾਂਦਾ ਹੈ ਅਤੇ ਫਿਊਲ ਵਜੋਂ ਵਰਤਿਆ ਜਾਂਦਾ ਹੈ।

ਇਹ ਈਥੇਨੌਲ ਬਲੈਂਡ ਫਿਊਲ ਵੀ ਦੋ ਕਿਸਮਾਂ ਦੇ ਹੁੰਦੇ ਹਨ: ਈ10 ਅਤੇ ਈ20।

ਈ10 ਦਾ ਮਤਲਬ ਹੈ ਕਿ 90 ਫੀਸਦ ਪੈਟ੍ਰੋਲ ਅਤੇ 10 ਫੀਸਦ ਇਥੇਨੌਲ। ਉੱਥੇ ਹੀ ਈ20 ਦਾ ਮਤਲਬ ਹੈ 80 ਫੀਸਦ ਪੈਟ੍ਰੋਲ ਅਤੇ 20 ਫੀਸਦ ਇਥੇਨੌਲ।

ਇਹ ਵੀ ਪੜ੍ਹੋ-

ਕਿਉਂ ਉੱਠ ਰਹੇ ਹਨ ਸਵਾਲ, ਕੀ ਮਾਈਲੇਜ ʼਤੇ ਅਸਰ ਪਵੇਗਾ

ਭਾਰਤ ਸਰਕਾਰ ਨੇ 2023 ਵਿੱਚ ਬੀਐੱਸ6- II ਨਾਮ ਦੀ ਵਾਹਨ ਨਿਕਾਸੀ ਮਾਨਕ ਪ੍ਰਣਾਲੀ ਲਾਗੂ ਕੀਤੀ ਸੀ।

ਇਸ ਦੇ ਤਹਿਤ, ਵਾਹਨ ਨਿਰਮਾਤਾਵਾਂ ਲਈ ਇੰਜਣ ਅਤੇ ਇਸ ਦੇ ਪੁਰਜਿਆਂ ਨੂੰ ਈ20 ਫਿਊਲ ਦੇ ਅਨੁਕੂਲ ਬਣਾਉਣਾ ਲਾਜ਼ਮੀ ਕਰ ਦਿੱਤਾ ਗਿਆ ਸੀ।

ਪਰ ਪਿਛਲੇ ਸਾਲਾਂ ਵਿੱਚ ਬਣਾਈਆਂ ਗਈਆਂ ਜ਼ਿਆਦਾਤਰ ਗੱਡੀਆਂ ਜਾਂ ਤਾਂ ਬਿਨਾਂ ਇਥੇਨੌਲ ਤੋਂ ਪੈਟ੍ਰੋਲ ਲਈ ਜਾਂ ਈ10 ਪੈਟ੍ਰੋਲ ਲਈ ਤਿਆਰ ਕੀਤੀਆਂ ਗਈਆਂ ਹਨ।

ਅਜਿਹੀ ਸਥਿਤੀ ਵਿੱਚ, ਜਿਨ੍ਹਾਂ ਲੋਕਾਂ ਨੇ 2023 ਤੋਂ ਪਹਿਲਾਂ ਗੱਡੀ ਖਰੀਦੀ ਹੈ, ਉਨ੍ਹਾਂ ਦੇ ਮਨ ਵਿੱਚ ਵਧੇਰੇ ਸ਼ੰਕੇ ਹਨ।

ਪੁਡੂਚੇਰੀ ਯੂਨੀਵਰਸਿਟੀ ਤੋਂ ਪੀਐੱਚਡੀ ਕਰ ਚੁੱਕੇ ਅਤੇ ਦੋਪਹੀਆ ਵਾਹਨਾਂ ਦੇ ਮਾਹਰ ਡਾ. ਕੁਮਾਰਨ ਕਹਿੰਦੇ ਹਨ, "ਪੈਟ੍ਰੋਲ-ਅਧਾਰਤ ਇੰਜਣ ਸਿਸਟਮ ਅਤੇ ਇਸ ਦੇ ਪੁਰਜ਼ੇ ਉਸ ਫਿਊਲ ਨਾਲ ਸਹੀ ਢੰਗ ਨਾਲ ਕੰਮ ਨਹੀਂ ਕਰਦੇ ਜਿਸ ਵਿੱਚ ਵਧੇਰੇ ਇਥੇਨੌਲ ਮਿਲਿਆ ਹੁੰਦਾ ਹੈ।"

"ਇਸ ਲਈ, ਪੁਰਾਣੇ ਵਾਹਨਾਂ ਦੇ ਪੈਟ੍ਰੋਲ ਟੈਂਕ, ਗੈਸਕੇਟ ਅਤੇ ਫਿਊਲ ਪਾਈਪ ਵਰਗੀਆਂ ਚੀਜ਼ਾਂ ਨੂੰ ਇਥੇਨੌਲ-ਅਨੁਕੂਲ ਪੁਰਜ਼ਿਆਂ ਨਾਲ ਬਦਲਣਾ ਜ਼ਰੂਰੀ ਹੋਵੇਗਾ।"

ਪੈਟ੍ਰੋਲ

ਕੀ ਇਥੇਨੌਲ-ਅਧਾਰਤ ਫਿਊਲ ਪਾਉਣ ਨਾਲ ਗੱਡੀਆਂ ਦੀ ਮਾਈਲੇਜ ʼਤੇ ਵੀ ਅਸਰ ਪੈ ਸਕਦਾ ਹੈ?

ਇਸ 'ਤੇ ਐਨਰਜੀ ਮਾਹਰ ਨਰਿੰਦਰ ਤਨੇਜਾ ਕਹਿੰਦੇ ਹਨ, "ਇਥੇਨੌਲ ਵਿੱਚ ਪੈਟ੍ਰੋਲ ਨਾਲੋਂ ਘੱਟ ਊਰਜਾ ਹੁੰਦੀ ਹੈ, ਇਸ ਲਈ ਈ20 ਫਿਊਲ ਦੀ ਵਰਤੋਂ ਕਰਦੇ ਸਮੇਂ ਮਾਈਲੇਜ ਵਿੱਚ ਗਿਰਾਵਟ ਮਹਿਸੂਸ ਹੋ ਸਕਦੀ ਹੈ। ਹਾਲਾਂਕਿ, ਮਾਈਲੇਜ ਵਿੱਚ ਇਸ ਕਮੀ ਨੂੰ ਇੰਜਣ ਦੇ ਕੁਝ ਹਿੱਸਿਆਂ ਨੂੰ ਬਦਲ ਕੇ ਅਤੇ ਸਹੀ ਟਿਊਨਿੰਗ ਕਰਕੇ ਸੁਧਾਰਿਆ ਜਾ ਸਕਦਾ ਹੈ।"

ਨਰਿੰਦਰ ਤਨੇਜਾ ਇਹ ਵੀ ਕਹਿੰਦੇ ਹਨ ਕਿ ਈ20 ਫਿਊਲ ਇੱਕ ਬਾਇਓਫਿਊਲ ਹੈ, ਇਸ ਲਈ ਇਹ ਘੱਟ ਪ੍ਰਦੂਸ਼ਣ ਪੈਦਾ ਕਰਦਾ ਹੈ। ਇਸੇ ਕਰਕੇ ਜ਼ਿਆਦਾਤਰ ਦੇਸ਼ਾਂ ਵਿੱਚ ਇਸਦੀ ਵਰਤੋਂ ਕੀਤੀ ਜਾ ਰਹੀ ਹੈ।

ਉਹ ਕਹਿੰਦੇ ਹਨ ਕਿ ਭਾਰਤ ਵਿੱਚ ਇਥੇਨੌਲ ਨੂੰ ਸਿਰਫ਼ ਪੈਟ੍ਰੋਲ ਵਿੱਚ ਹੀ ਮਿਲਾਇਆ ਜਾ ਰਿਹਾ ਹੈ। ਵੱਡੀਆਂ ਐੱਸਯੂਵੀ ਵਰਗੇ ਜ਼ਿਆਦਾਤਰ ਵਾਹਨ ਡੀਜ਼ਲ 'ਤੇ ਚੱਲਦੀਆਂ ਹਨ।

ਇਸ ਵਿੱਚ ਕੁਝ ਵੀ ਨਹੀਂ ਮਿਲਾਇਆ ਜਾ ਰਿਹਾ ਹੈ। ਦੂਜੇ ਦੇਸ਼ਾਂ ਵਿੱਚ ਡੀਜ਼ਲ ਵਿੱਚ ਵੀ ਇਥੇਨੌਲ ਬਲੈਂਡਿੰਗ ਹੋ ਰਹੀ ਹੈ।

ਭਾਰਤ ਸਰਕਾਰ ਦਾ ਦਾਅਵਾ

ਇਥੇਨੌਲ ਬਲੈਂਡਿੰਗ ਪੈਟ੍ਰੋਲ

ਤਸਵੀਰ ਸਰੋਤ, X

ਤਸਵੀਰ ਕੈਪਸ਼ਨ, ਈ20 ਪੈਟ੍ਰੋਸ 'ਤੇ ਉਠਾਏ ਗਏ ਸਵਾਲਾਂ 'ਤੇ ਪੈਟਰੋਲੀਅਮ ਮੰਤਰਾਲੇ ਦਾ ਜਵਾਬ

ਜਿਸ ਵਿੱਚ ਉਨ੍ਹਾਂ ਨੇ ਦੱਸਿਆ ਹੈ ਕਿ ਈ20 ਫਿਊਲ ਦਾ ਵਾਹਨਾਂ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪੈ ਰਿਹਾ ਹੈ। ਮਾਈਲੇਜ ਵਿੱਚ ਫਰਕ ਪੈਣ ਵਾਲੀ ਗੱਲ ʼਤੇ ਮੰਤਰਾਲੇ ਨੇ ਲਿਖਿਆ ਹੈ ਕਿ ਨਿਯਮਤ ਪੈਟਰੋਲ ਦੇ ਮੁਕਾਬਲੇ ਇਥੇਨੌਲ ਦੀ ਐਨਰਜੀ ਡੈਂਸਿਟੀ ਘੱਟ ਹੋਣ ਕਾਰਨ, ਮਾਈਲੇਜ ਵਿੱਚ ਥੋੜ੍ਹੀ ਜਿਹੀ ਕਮੀ ਆਉਂਦੀ ਹੈ।

ਇਹ ਈ20 ਲਈ ਡਿਜ਼ਾਈਨ ਅਤੇ ਕੈਲੀਬ੍ਰੇਟ ਕੀਤੇ ਚਾਰ-ਪਹੀਆ ਵਾਹਨਾਂ ਵਿੱਚ ਮਾਈਲੇਜ ਨੂੰ ਇੱਕ ਤੋਂ ਦੋ ਫੀਸਦ ਘਟਾਉਂਦਾ ਹੈ।

ਬਾਕੀ ਗੱਡੀਆਂ ਲਈ ਇਹ ਕਰੀਬ ਤਿੰਨ ਤੋਂ ਛੇ ਫੀਸਦ ਹੈ। ਹਾਲਾਂਕਿ, ਏਫੀਸ਼ੀਐਂਸੀ ਦੇ ਮਾਮਲੇ ਵਿੱਚ ਇਸ ਮਾਮੂਲੀ ਗਿਰਾਵਟ ਨੂੰ ਬਿਹਤਰ ਇੰਜਣ ਟਿਊਨਿੰਗ ਅਤੇ ਈ20 ਕੰਪਲਾਇੰਟ ਐਲੀਮੈਂਟ ਰਾਹੀਂ ਘੱਟ ਕੀਤਾ ਜਾ ਸਕਦਾ ਹੈ।

ਮੰਤਰਾਲੇ ਨੇ ਇਹ ਵੀ ਦੱਸਿਆ ਹੈ ਕਿ ਇਥੇਨੌਲ ਬਲੈਂਡ ਪੈਟ੍ਰੋਲ ਕਾਰਬਨ ਨਿਕਾਸੀ ਨੂੰ ਘੱਟ ਕਰਦਾ ਹੈ।

ਸਭ ਤੋਂ ਵਧੀਆ ਪੈਟ੍ਰੋਲ ਕਿਹੜਾ ਹੈ?

ਪੈਟ੍ਰੋਲ ਬਲੈਂਡਿੰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਾਹਰਾਂ ਦੇ ਅਨੁਸਾਰ, ਪੈਟ੍ਰੋਲ ਜਿੰਨਾ ਸ਼ੁੱਧ ਹੋਵੇਗਾ, ਇਹ ਵਾਹਨ ਨੂੰ ਓਨੀ ਹੀ ਜ਼ਿਆਦਾ ਸ਼ਕਤੀ ਦੇਵੇਗਾ

ਫਿਰ ਸਵਾਲ ਇਹ ਹੈ ਕਿ ਸਾਡੀਆਂ ਗੱਡੀਆਂ ਲਈ ਸਭ ਤੋਂ ਵਧੀਆ ਪੈਟ੍ਰੋਲ ਕਿਹੜਾ ਹੋਵੇਗਾ?

ਇਸ ʼਤੇ ਨਰਿੰਦਰ ਤਨੇਜਾ ਦੱਸਦੇ ਹਨ ਕਿ ਆਮ ਤੌਰ ʼਤੇ ਪੈਟ੍ਰੋਲ ਜਿੰਨਾ ਪਿਓਰ ਯਾਨਿ ਸ਼ੁੱਧ ਹੋਵੇਗਾ, ਉਹ ਓਨਾਂ ਜ਼ਿਆਦਾ ਗੱਡੀ ਨੂੰ ਪਾਵਰ ਦੇਵੇਗਾ ਅਤੇ ਮਾਈਲਜ ਵੀ ਜ਼ਿਆਦਾ ਦੇਵੇਗਾ।

ਬਾਜ਼ਾਰ ਵਿੱਚ ਨਾਰਮਲ ਅਤੇ ਪ੍ਰੀਮੀਅਮ ਕੈਟੇਗਰੀ ਦੇ ਫਿਊਲ ਵੀ ਮਿਲਦੇ ਹਨ।

ਤਨੇਜਾ ਦੱਸਦੇ ਹਨ ਕਿ ਪ੍ਰੀਮੀਅਮ ਕੈਟੇਗਰੀ ਦੇ ਪੈਟ੍ਰੋਲ ਵਿੱਚ ਜ਼ਿਆਦਾ ਪਾਵਰ ਹੁੰਦੀ ਹੈ ਪਰ ਉਹ ਓਨਾਂ ਹੀ ਮਹਿੰਗਾ ਵੀ ਮਿਲਦਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)